ਕੈਨੇਡਾ ’ਚ ਹਰਦੀਪ ਨਿੱਝਰ ਦੇ ਕਤਲ ਤੋਂ ਲੈ ਕੇ ਅਮਰੀਕਾ ’ਚ ਬਿਸ਼ਨੋਈ ਤੇ ਹੋਰ ਗਰੁੱਪਾਂ ਖਿਲਾਫ਼ ਕਾਰਵਾਈ ਤੱਕ, ਕੀ - ਕੀ ਹੋਇਆ

ਤਸਵੀਰ ਸਰੋਤ, X/VIRSA SINGH VALTOHA
ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਬਿਸ਼ਨੋਈ ਗੈਂਗ ਸਮੇਤ ਭਾਰਤ ਅਧਾਰਿਤ ਤਿੰਨ ਸੰਗਠਿਤ ਅਪਰਾਧਿਕ ਗਿਰੋਹਾਂ ਨਾਲ ਕਥਿਤ ਸੰਬੰਧਾਂ ਦੇ ਇਲਜ਼ਾਮ ਵਿੱਚ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ ਹੈ।
ਬੀਬੀਸੀ ਪੱਤਰਕਾਰ ਜੈਸਿਕਾ ਮਰਫੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਸ਼ੱਕੀਆਂ 'ਤੇ 2023 ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੇ ਬਾਹਰ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਸਮੇਤ ਹੋਰ ਕਈ ਇਲਜ਼ਾਮ ਲਗਾਏ ਗਏ ਹਨ।
ਕਾਨੂੰਨੀ ਏਜੰਸੀਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਵਿੱਚੋਂ ਕੈਨੇਡਾ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਪ੍ਰਮੁੱਖ ਹੈ।
ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਘਟਨਾ ਵੇਲੇ ਵੀ ਕੌਮਾਂਤਰੀ ਸੁਰਖੀਆਂ ਬਣਿਆ ਸੀ ਅਤੇ ਇਸ ਘਟਨਾ ਨੇ ਭਾਰਤ-ਕੈਨੇਡਾ ਕੂਟਨੀਤਕ ਸਬੰਧਾਂ ਵਿੱਚ ਵੀ ਕਈ ਉਤਰਾਅ-ਚੜ੍ਹਾਅ ਲਿਆਂਦੇ।
ਜਾਣਦੇ ਹਾਂ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਹੁਣ ਤੱਕ ਕੀ ਕੁਝ ਹੋਇਆ?
ਕਦੋਂ ਤੇ ਕਿਵੇਂ ਹੋਇਆ ਸੀ ਹਰਦੀਪ ਸਿੰਘ ਨਿੱਝਰ ਦਾ ਕਤਲ ?
ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਘਟਨਾ 18 ਜੂਨ 2023 ਨੂੰ ਵਾਪਰੀ। ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਨਿੱਝਰ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ। ਜਿਵੇਂ ਹੀ ਉਹ ਆਪਣੇ ਡੌਜ ਰੈਮ ਟਰੱਕ ਵਿੱਚ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਦੇ ਰਸਤੇ 'ਤੇ ਪਹੁੰਚੇ, ਇੱਕ ਚਿੱਟੇ ਰੰਗ ਦੀ ਸਿਡਾਨ ਗੱਡੀ ਨੇ ਸਾਹਮਣਿਓਂ ਉਨ੍ਹਾਂ ਨੂੰ ਰੋਕ ਲਿਆ। ਨਿੱਝਰ ਨੂੰ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ ਸਨ।
ਉਸ ਵੇਲੇ ਜਾਣਕਾਰੀ ਮਿਲੀ ਸੀ ਕਿ ਇਸ ਵਿਓਂਤਬੱਧ ਹਮਲੇ ਵਿੱਚ ਛੇ ਲੋਕ ਅਤੇ ਦੋ ਵਾਹਨ ਸ਼ਾਮਲ ਸਨ।
ਕੈਨੇਡਾ ਦੇ ਭਾਰਤ 'ਤੇ ਇਲਜ਼ਾਮਾਂ ਬਾਅਦ ਪੈਦਾ ਹੋਇਆ ਸੀ ਕੂਟਨੀਤਕ ਤਣਾਅ

ਤਸਵੀਰ ਸਰੋਤ, Getty Images
ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਕਾਰ ਸਬੰਧਾਂ ਵਿੱਚ ਖਟਾਸ ਦੇਖਣ ਨੂੰ ਮਿਲੀ।
ਕਤਲ ਤੋਂ ਬਾਅਦ ਕੈਨੇਡਾ ਦੀ ਸੰਸਦ ਵਿੱਚ ਬੋਲਦਿਆਂ ਉੱਥੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਵਿੱਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਉਨ੍ਹਾਂ ਦੀ ਖੁਦਮੁਕਤਿਆਰੀ ਦਾ ਨਾ-ਸਹਿਣਯੋਗ ਉਲੰਘਣ ਹੈ।
ਫਿਰ ਸਤੰਬਰ 2023 ਵਿੱਚ ਕੈਨੇਡਾ ਦੀ ਟਰੇਡ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਭਾਰਤ, ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨਾਲ ਸਹਿਯੋਗ ਨਹੀ ਕਰਦਾ, ਉਹ ਭਾਰਤ ਨਾਲ ਕਾਰੋਬਾਰੀ ਗੱਲਬਾਤ ਅੱਗੇ ਨਹੀਂ ਵਧਾਉਣਗੇ। ਨਾਲ ਹੀ, ਵੱਡਾ ਕੂਟਨੀਤਕ ਫ਼ੈਸਲਾ ਲੈਂਦਿਆਂ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ ਸੀ।
ਉਸ ਮਹੀਨੇ ਜਸਟਿਨ ਟਰੂਡੋ ਭਾਰਤ ਵਿੱਚ ਜੀ 20 ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ 18 ਸਤੰਬਰ ਨੂੰ ਕੈਨੇਡਾ ਦੀ ਸੰਸਦ ਵਿੱਚ ਬੋਲਦਿਆਂ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਭੂਮਿਕਾ ਹੋਣ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਕੋਲ ਭਰੋਸੇਯੋਗ ਸਬੂਤ ਹਨ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਹਨ।
ਹਾਲਾਂਕਿ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ, ਪਰ ਟਰੂਡੋ ਦੇ ਇਸ ਬਿਆਨ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਤਣਾਅ ਪੈਦਾ ਹੋ ਗਿਆ ਸੀ।
ਦੋਹਾਂ ਦੇਸ਼ਾਂ ਦੀਆਂ ਇੱਕ ਦੂਜੇ ਖਿਲਾਫ ਕੂਟਨੀਤਕ ਕਾਰਵਾਈਆਂ

ਤਸਵੀਰ ਸਰੋਤ, Getty Images
21 ਸਤੰਬਰ 2023 ਨੂੰ ਭਾਰਤ ਨੇ ਆਪਣੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਖਤਰਾ ਦੱਸਦਿਆਂ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਜਦਕਿ ਕੈਨੇਡਾ ਦੀਆਂ ਵੀਜ਼ਾ ਸੇਵਾਵਾਂ ਭਾਰਤ ਵਿੱਚ ਖੁੱਲ੍ਹੀਆਂ ਸਨ। ਹਾਲਾਂਕਿ ਨਵੰਬਰ 2023 ਵਿੱਚ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਸਨ।
ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਕਾਂ ਦੀ ਡਿਪਲੋਮੈਟਿਕ ਇਮਿਉਨਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖਤਮ ਕਰਕੇ ਵਾਪਸ ਬੁਲਾਉਣ ਲਈ ਕਿਹਾ।
20 ਅਕਤੂਬਰ, 2023 ਨੂੰ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਜਾਰੀ ਕੀਤੀ।
ਅਕਤੂਬਰ 2024 ਵਿੱਚ ਜਦੋਂ ਕੈਨੇਡਾ ਨੇ ਨਿੱਝਰ ਕੇਸ ਦੀ ਜਾਂਚ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਅਤੇ ਕਈ ਹੋਰ ਡਿਪਲੋਮੈਟ ਨੂੰ ਜਾਂਚ ਦੇ ਘੇਰੇ ਵਿੱਚ ਆਏ ਸ਼ੱਕੀ ਵਿਅਕਤੀਆਂ ਵਜੋਂ ਨਾਮਜ਼ਦ ਕੀਤਾ ਅਤੇ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।
ਜਵਾਬੀ ਕਾਰਵਾਈ ਵਿੱਚ ਭਾਰਤ ਨੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਅਤੇ ਆਪਣੇ ਹਾਈ ਕਮਿਸ਼ਨਰ ਨੂੰ ਕੈਨੇਡਾ ਤੋਂ ਵਾਪਸ ਬੁਲਾ ਲਿਆ ਸੀ।
ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਸਬੰਧ ਸੁਧਾਰਨ ਦੀ ਕੋਸ਼ਿਸ਼ ਨੂੰ ਉਦੋਂ ਹੁਲਾਰਾ ਮਿਲਿਆ ਜਦੋਂ ਅਕਤੂਬਰ 2025 ਵਿੱਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਦਾ ਫ਼ਰਵਰੀ 2026 ਵਿੱਚ ਭਾਰਤ ਦੌਰ ਵੀ ਸਕਰਾਤਮਕ ਕਦਮ ਵਜੋਂ ਦੇਖਿਆ ਗਿਆ।
ਕਤਲ ਕੇਸ ਵਿੱਚ ਮੁਢਲੀਆਂ ਗ੍ਰਿਫਤਾਰੀਆਂ ਅਤੇ ਅਗਲੀ ਕਾਰਵਾਈ

ਤਸਵੀਰ ਸਰੋਤ, RCMP
ਮਈ 2024 ਵਿੱਚ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਹਿਲਾਂ ਤਿੰਨ ਮਈ ਨੂੰ ਤਿੰਨ ਨੌਜਵਾਨਾਂ ਕਰਨ ਬਰਾੜ(22), ਕਮਲਪ੍ਰੀਤ ਸਿੰਘ ਅਤੇ ਕਰਨ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਤਿੰਨੋਂ ਨੌਜਵਾਨ ਐਲਬਰਟਾ ਦੇ ਰਹਿਣ ਵਾਲੇ ਸਨ।
ਤਕਰੀਬਨ ਇੱਕ ਹਫਤਾ ਬਾਅਦ ਬਰੈਂਪਟਨ ਦੇ ਅਮਨਦੀਪ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਪਹਿਲਾਂ ਹੀ ਹਥਿਆਰਾਂ ਨਾਲ ਜੁੜੇ ਇਲਜ਼ਾਮਾਂ ਤਹਿਤ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਵਿਚ ਸੀ।
ਸਤੰਬਰ 2025 ਵਿੱਚ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਿਰੋਹ ਕਰਾਰ ਦਿੱਤਾ ਅਤੇ ਅਥਾਰਟੀਜ਼ ਨੂੰ ਉਨ੍ਹਾਂ ਦੇ ਵਿੱਤੀ ਸ੍ਰੋਤ ਅਤੇ ਕੈਨੇਡਾ ਵਿੱਚ ਜਾਇਦਾਦਾਂ ਜ਼ਬਤ ਕਰਨ ਦੀ ਪਾਵਰ ਦਿੱਤੀ।
ਹੁਣ ਅਮਰੀਕਾ ਵੱਲੋਂ ਲਿਆਂਦੇ ਗਏ ਦੋਸ਼ ਪੱਤਰਾਂ ਵਿੱਚ ਭਾਰਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਤੇ ਫਰਾਰ ਗੋਲਡੀ ਬਰਾੜ 'ਤੇ ਨਿੱਝਰ ਦੇ ਕਤਲ ਦੇ ਹੁਕਮ ਦੇਣ ਦੇ ਇਲਜ਼ਾਮ ਲਗਾਏ ਗਏ ਹਨ।
ਜਦਕਿ ਪਹਿਲਾਂ ਗ੍ਰਿਫ਼ਤਾਰ ਇਨ੍ਹਾਂ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦੀ ਕਾਨੂੰਨੀ ਪ੍ਰਕਿਰਿਆ ਕਾਫ਼ੀ ਲੰਬੀ ਚੱਲ ਰਹੀ ਹੈ। ਹਾਲ ਹੀ ਵਿੱਚ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਅਗਸਤ ਤੱਕ ਪ੍ਰੀ-ਟਰਾਇਲ ਖਤਮ ਹੋਣ ਤੋਂ ਬਾਅਦ, ਇਨ੍ਹਾਂ ਦਾ ਅਸਲ ਮੁਕੱਦਮਾ 2028 ਵਿੱਚ ਸ਼ੁਰੂ ਹੋਏਗਾ।
ਕੌਣ ਸਨ ਹਰਦੀਪ ਸਿੰਘ ਨਿੱਝਰ?

ਤਸਵੀਰ ਸਰੋਤ, PARDEEP SHARMA/BBC
ਹਰਦੀਪ ਸਿੰਘ ਨਿੱਝਰ, ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧ ਰੱਖਦੇ ਸਨ। ਉਹ 1997 ਵਿੱਚ ਕੈਨੇਡਾ ਗਏ ਸਨ। ਭਾਰਤ ਸਰਕਾਰ ਮੁਤਾਬਕ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸਨ ਅਤੇ ਮੌਡਿਊਲ ਮੈਂਬਰਾਂ ਨੂੰ ਸੰਚਾਲਨ, ਨੈਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿਚ ਸਰਗਰਮੀ ਨਾਲ ਸ਼ਾਮਲ ਸਨ।
ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ(ਐਨਏਆਈ) ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ।
ਐਨਏਆਈ ਵੱਲੋਂ ਖਾਲਿਸਤਾਨ ਲਈ ਆਨਲਾਈਨ ਮੁਹਿੰਮ ਸਿੱਖ ਰੈਫਰੈਂਡਮ 2020 ਦੇ ਇੱਕ ਕੇਸ ਦੇ ਸਬੰਧ ਵਿੱਚ ਨਿੱਝਰ ਦੀ ਪੰਜਾਬ ਦੇ ਜਲੰਧਰ ਸਥਿਤ ਉਨ੍ਹਾਂ ਦੇ ਪਿੰਡ ਵਿਚਲੀ ਜ਼ਮੀਨ ਵੀ ਜ਼ਬਤ ਕੀਤੀ ਗਈ ਸੀ।
ਐਨਆਈਏ ਨੇ ਨਿੱਝਰ 'ਤੇ 10 ਲੱਖ ਰੁਪਏ ਦਾ ਨਕਦ ਇਨਾਮ ਵੀ ਐਲਾਨਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












