ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਲੱਛਣ ਕੀ ਹਨ ਅਤੇ ਇਹ ਦੇਰ ਨਾਲ ਕਿਉਂ ਨਜ਼ਰ ਆਉਂਦੇ ਹਨ ? ਜਾਣੋ ਸਭ ਤੋਂ ਵੱਧ ਖ਼ਤਰਾ ਕਿੰਨਾ ਨੂੰ ਹੁੰਦਾ ਹੈ ?

ਤਸਵੀਰ ਸਰੋਤ, Getty Images
- ਲੇਖਕ, ਓਂਕਾਰ ਕਰੰਬੇਲਕਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਭਾਰਤ ਵਿੱਚ ਜਿੱਥੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਦੀ ਦਰ ਤੇਜ਼ੀ ਨਾਲ ਵੱਧ ਰਹੀ ਹਨ, ਉੱਥੇ ਹੀ ਇੱਕ ਹੋਰ ਸਿਹਤ ਸਮੱਸਿਆ ਜੋ ਤੇਜ਼ੀ ਨਾਲ ਵੱਧ ਰਹੀ ਹੈ, ਉਹ ਹੈ ਕ੍ਰੋਨਿਕ ਕਿਡਨੀ ਡਿਜ਼ੀਜ਼ (ਸੀਕੇਡੀ)।
ਭਾਰਤ ਵਿੱਚ ਮੌਜੂਦਾ ਸਮੇਂ 'ਚ 13 ਕਰੋੜ ਤੋਂ ਵੱਧ ਲੋਕ ਕ੍ਰੋਨਿਕ ਕਿਡਨੀ ਡਿਜ਼ੀਜ਼ (ਸੀਕੇਡੀ) ਨਾਲ ਪੀੜਤ ਹਨ। ਕ੍ਰੋਨਿਕ ਕਿਡਨੀ ਡਿਜ਼ੀਜ਼ ਵਿਸ਼ਵ ਪੱਧਰ 'ਤੇ ਮੌਤ ਦਾ ਨੌਵਾਂ ਪ੍ਰਮੁੱਖ ਕਾਰਨ ਹੈ।
ਭਾਰਤ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਦਾ ਬੋਝ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਵਾਂਗ, ਕ੍ਰੋਨਿਕ ਕਿਡਨੀ ਡਿਜ਼ੀਜ਼ ਵੀ ਹੁਣ ਭਾਰਤ ਸਾਹਮਣੇ ਆਉਣ ਵਾਲੀ ਅਗਲੀ ਪ੍ਰਮੁੱਖ ਸਿਹਤ ਚੁਣੌਤੀ ਵਜੋਂ ਉੱਭਰ ਰਹੀ ਹੈ।
ਇਸ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਅਕਸਰ ਕੋਈ ਸਪੱਸ਼ਟ ਲੱਛਣ ਦਿਖਾਈ ਨਹੀਂ ਦਿੰਦੇ। ਇਸ ਕਰਕੇ ਕਈ ਮਰੀਜ਼ਾਂ ਨੂੰ ਇਸ ਬਿਮਾਰੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਨ੍ਹਾਂ ਦੇ ਗੁਰਦੇ ਦੀ ਕਾਰਗੁਜ਼ਾਰੀ ਕਾਫ਼ੀ ਘੱਟ ਹੋ ਚੁੱਕੀ ਹੁੰਦੀ ਹੈ। ਮਾਹਰਾਂ ਮੁਤਾਬਕ, ਇਹੀ ਕਾਰਨ ਹੈ ਕਿ ਕ੍ਰੋਨਿਕ ਕਿਡਨੀ ਡਿਜ਼ੀਜ਼ ਨੂੰ ਅਕਸਰ "ਖਾਮੋਸ਼ ਬਿਮਾਰੀ" ਜਾਂ "ਖਾਮੋਸ਼ ਕਾਤਲ" ਕਿਹਾ ਜਾਂਦਾ ਹੈ।
ਗੁਰਦਿਆਂ ਦਾ ਕੰਮ ਖੂਨ ਵਿੱਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣਾ, ਸਰੀਰ ਵਿੱਚ ਪਾਣੀ ਅਤੇ ਲੂਣ ਦਾ ਸੰਤੁਲਨ ਬਣਾਈ ਰੱਖਣਾ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨਾ ਹੈ। ਪਰ ਜਦੋਂ ਗੁਰਦਿਆਂ ਦੀ ਕਾਰਗੁਜ਼ਾਰੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ ਤਾਂ ਇਸ ਦੇ ਅਸਰ ਸਰੀਰ 'ਚ ਮਹਿਸੂਸ ਹੋਣ ਲੱਗਦੇ ਹਨ।
ਇਸ ਕਾਰਨ ਥਕਾਵਟ, ਸੋਜ਼ਿਸ਼, ਭੁੱਖ ਨਾ ਲੱਗਣਾ ਜਾਂ ਪਿਸ਼ਾਬ 'ਚ ਬਦਲਾਅ ਵਰਗੇ ਲੱਛਣ ਦੇਰ ਨਾਲ ਦਿਖਾਈ ਦੇ ਸਕਦੇ ਹਨ।
ਅਕਸਰ ਜਦੋਂ ਤੱਕ ਮਰੀਜ਼ ਡਾਕਟਰ ਕੋਲ ਪਹੁੰਚਦੇ ਹਨ, ਉਦੋਂ ਤੱਕ ਗੁਰਦੇ ਬੁਰੀ ਤਰ੍ਹਾਂ ਨੁਕਸਾਨ ਝੱਲ ਚੁੱਕੇ ਹੁੰਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਡਾਇਲਿਸਿਸ ਜਾਂ ਕਿਡਨੀ ਟਰਾਂਸਪਲਾਂਟ ਹੀ ਇਕ ਮਾਤਰ ਇਲਾਜ ਬੱਚਦਾ ਹੈ।
ਇੱਥੇ ਅਸੀਂ ਗੁਰਦੇ ਦੀ ਬਿਮਾਰੀ ਦੀਆਂ ਵਧਦੇ ਮਾਮਲੇ, ਦੇਰ ਨਾਲ ਬਿਮਾਰੀ ਦਾ ਪਤਾ ਲੱਗਣਾ, ਇਲਾਜ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਅਤੇ ਇਸ ਖ਼ਤਰੇ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ, ਇਸ ਦੇ ਪਿੱਛੇ ਦੇ ਕਾਰਨਾਂ ਦੀ ਸਮੀਖਿਆ ਕਰਾਂਗੇ।
ਇਸ ਬਿਮਾਰੀ ਦਾ ਪਤਾ ਦੇਰ ਨਾਲ ਕਿਉਂ ਲੱਗਦਾ ਹੈ ?

ਤਸਵੀਰ ਸਰੋਤ, Getty Images
ਕ੍ਰੋਨਿਕ ਕਿਡਨੀ ਡਿਜ਼ੀਜ਼ ਨਾਲ ਜੁੜੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਹ ਬਿਮਾਰੀ ਅਕਸਰ ਸ਼ੁਰੂਆਤੀ ਪੜਾਵਾਂ ਵਿੱਚ ਕੋਈ ਸਪੱਸ਼ਟ ਲੱਛਣ ਨਹੀਂ ਦਿਖਾਉਂਦੀ ਹੈ।
ਜੇ ਨਿਯਮਿਤ ਜਾਂਚ ਨਾ ਕਰਵਾਈ ਜਾਵੇ ਤਾਂ ਇਹ ਬਿਮਾਰੀ ਅਕਸਰ ਬਿਨਾਂ ਪਤਾ ਲੱਗੇ ਹੀ ਅੱਗੇ ਵਧਦੀ ਰਹਿੰਦੀ ਹੈ। ਸ਼ੂਗਰ ਅਤੇ ਉੱਚ ਰਕਤਚਾਪ (ਹਾਈ ਬਲੱਡ ਪ੍ਰੈਸ਼ਰ) ਨਾਲ ਪੀੜਤ ਲੋਕਾਂ ਨੂੰ ਇਸ ਦਾ ਖ਼ਤਰਾ ਖ਼ਾਸ ਤੌਰ 'ਤੇ ਵੱਧ ਹੁੰਦਾ ਹੈ।
ਇਹ ਦੋਵੇਂ ਬਿਮਾਰੀਆਂ ਸਮੇਂ ਦੇ ਨਾਲ ਗੁਰਦਿਆਂ ਦੀਆਂ ਬਾਰੀਕ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਹਾਲਾਂਕਿ ਮਰੀਜ਼ ਅਕਸਰ ਆਪਣੇ ਖੂਨ ਵਿੱਚ ਸ਼ੂਗਰ ਦੇ ਪੱਧਰ ਜਾਂ ਰਕਤਚਾਪ (ਬਲੱਡ ਪ੍ਰੈਸ਼ਰ) ਨੂੰ ਕੰਟਰੋਲ ਕਰਨ 'ਤੇ ਹੀ ਧਿਆਨ ਦਿੰਦੇ ਹਨ, ਪਰ ਗੁਰਦਿਆਂ ਦੀ ਨਿਯਮਿਤ ਜਾਂਚ ਕਰਵਾਉਣ ਵਿੱਚ ਦੇਰੀ ਹੋ ਜਾਂਦੀ ਹੈ।
ਪੇਂਡੂ ਖੇਤਰਾਂ ਅਤੇ ਘੱਟ ਆਮਦਨ ਵਾਲੇ ਵਰਗਾਂ ਵਿੱਚ ਜਾਂਚ ਦੀਆਂ ਸਹੂਲਤਾਂ, ਜਾਗਰੂਕਤਾ ਅਤੇ ਮਾਹਰ ਡਾਕਟਰਾਂ ਦੀ ਉਪਲਬਧਤਾ ਨਾਲ ਜੁੜੀਆਂ ਸਮੱਸਿਆਵਾਂ ਵੀ ਹਨ। ਇਸ ਕਾਰਨ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਵੱਧ ਜੋਖ਼ਮ ਦਾ ਸਾਹਮਣਾ ਕਰਦੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਖੂਨ ਅਤੇ ਪਿਸ਼ਾਬ ਨਾਲ ਜੁੜੇ ਸਧਾਰਨ ਟੈਸਟ ਵੀ ਗੁਰਦਿਆਂ ਦੀ ਕਾਰਗੁਜ਼ਾਰੀ ਬਾਰੇ ਮਹੱਤਵਪੂਰਨ ਜਾਣਕਾਰੀ ਦੇ ਸਕਦੇ ਹਨ। ਹਾਲਾਂਕਿ ਅਜਿਹੇ ਟੈਸਟ ਅਕਸਰ ਲੱਛਣ ਨਜ਼ਰ ਆਉਣ ਤੋਂ ਬਾਅਦ ਹੀ ਕੀਤੇ ਜਾਂਦੇ ਹਨ।
ਇਸ ਲਈ ਜਦੋਂ ਤੱਕ ਬਿਮਾਰੀ ਦਾ ਪਤਾ ਲੱਗ ਪਾਉਂਦਾ ਹੈ, ਕੁਝ ਮਰੀਜ਼ ਗੁਰਦੇ ਫੇਲ੍ਹ ਹੋਣ ਦੀ ਸਥਿਤੀ 'ਚ ਪਹੁੰਚ ਚੁੱਕੇ ਹੁੰਦੇ ਹਨ।
ਇਸੇ ਲਈ ਜਨਤਕ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਜੋਖ਼ਮ ਵਾਲੇ ਕਾਰਕਾਂ ਵਾਲੇ ਲੋਕਾਂ ਦੀ ਨਿਯਮਿਤ ਜਾਂਚ 'ਤੇ ਵੱਧ ਜ਼ੋਰ ਦੇਣ ਦੀ ਲੋੜ ਹੈ।
ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਲੱਛਣ ਕੀ ਹਨ ? ਇਸ ਦਾ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੁੰਦਾ ਹੈ ?

ਤਸਵੀਰ ਸਰੋਤ, Getty Images
ਕ੍ਰੋਨਿਕ ਕਿਡਨੀ ਡਿਜ਼ੀਜ਼ ਦਾ ਪਤਾ ਅਕਸਰ ਦੇਰ ਨਾਲ ਲੱਗਦਾ ਹੈ, ਅਜਿਹੀ ਸਥਿਤੀ ਵਿੱਚ ਇਹ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ।
ਨਤੀਜੇ ਵਜੋਂ, ਕਈ ਮਰੀਜ਼ਾਂ ਨੂੰ ਡਾਇਲਿਸਿਸ ਜਾਂ ਕਿਡਨੀ ਟਰਾਂਸਪਲਾਂਟ ਦੀ ਲੋੜ ਪੈ ਜਾਂਦੀ ਹੈ। ਜੇਕਰ ਬਿਮਾਰੀ ਦਾ ਸ਼ੁਰੂਆਤੀ ਪੜਾਅ ਵਿੱਚ ਹੀ ਪਤਾ ਲੱਗ ਜਾਵੇ ਅਤੇ ਸਮੇਂ ਸਿਰ ਸਹੀ ਇਲਾਜ ਮਿਲ ਜਾਵੇ ਤਾਂ ਅਜਿਹੇ ਕਈ ਮਾਮਲਿਆਂ ਵਿੱਚ ਡਾਇਲਿਸਿਸ ਜਾਂ ਕਿਡਨੀ ਟਰਾਂਸਪਲਾਂਟ ਦੀ ਲੋੜ ਤੋਂ ਬਚਿਆ ਜਾ ਸਕਦਾ ਹੈ।
ਇਸ ਬਾਰੇ ਹੋਰ ਜਾਣਨ ਲਈ ਅਸੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਨੈਫਰੋਲੋਜੀ (ਗੁਰਦਾ ਰੋਗ) ਵਿਭਾਗ ਦੇ ਸਲਾਹਕਾਰ ਡਾ. ਨਿਰੰਜਨ ਕੁਲਕਰਨੀ ਨਾਲ ਗੱਲਬਾਤ ਕੀਤੀ।
ਡਾ. ਕੁਲਕਰਨੀ ਨੇ ਕਿਹਾ, "ਜਦੋਂ ਤੱਕ ਪਹਿਲੇ ਲੱਛਣ ਨਜ਼ਰ ਆਉਂਦੇ ਹਨ, ਉਦੋਂ ਤੱਕ ਗੁਰਦੇ ਆਪਣੀ ਛਾਣਨ (ਫਿਲਟਰ ਕਰਨ) ਦੀ ਸਮਰੱਥਾ ਦਾ ਵੱਡਾ ਹਿੱਸਾ ਗੁਆ ਚੁੱਕੇ ਹੁੰਦੇ ਹਨ। ਸ਼ੁਰੂਆਤੀ ਨੁਕਸਾਨ ਦੇ ਅਕਸਰ ਕੋਈ ਲੱਛਣ ਨਜ਼ਰ ਨਹੀਂ ਆਉਂਦੇ। ਇੱਕ ਅਧਿਐਨ ਵਿੱਚ ਜਾਂਚ ਕੀਤੇ ਗਏ ਲਗਭਗ 17 ਫ਼ੀਸਦੀ ਲੋਕਾਂ ਵਿੱਚ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਕੋਈ ਲੱਛਣ ਨਹੀਂ ਸਨ, ਖੂਨ ਜਾਂ ਪਿਸ਼ਾਬ ਦੀ ਜਾਂਚ ਰਾਹੀਂ ਕ੍ਰੋਨਿਕ ਕਿਡਨੀ ਡਿਜ਼ੀਜ਼ ਦਾ ਪਤਾ ਲੱਗਿਆ। ਜਦੋਂ ਸਰੀਰ ਵਿੱਚ ਸੋਜ, ਸਾਹ ਚੜ੍ਹਨਾ ਜਾਂ ਲਗਾਤਾਰ ਥਕਾਵਟ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ, ਉਦੋਂ ਤੱਕ ਗੁਰਦਿਆਂ ਦੀ ਕਾਰਗੁਜ਼ਾਰੀ ਕਾਫ਼ੀ ਹੱਦ ਤੱਕ ਘੱਟ ਹੋ ਚੁੱਕੀ ਹੁੰਦੀ ਹੈ।"

ਆਰਾਮ ਕਰਨ ਤੋਂ ਬਾਅਦ ਵੀ ਥਕਾਵਟ ਦੂਰ ਨਾ ਹੋਣਾ, ਗਿੱਟਿਆਂ, ਪੈਰਾਂ ਜਾਂ ਚਿਹਰੇ 'ਤੇ ਲਗਾਤਾਰ ਸੋਜ ਰਹਿਣਾ, ਝੱਗ ਵਾਲਾ ਜਾਂ ਬੁਲਬੁਲੇਦਾਰ ਪਿਸ਼ਾਬ ਆਉਣਾ, ਖ਼ਾਸ ਕਰਕੇ ਰਾਤ ਸਮੇਂ ਵਾਰ-ਵਾਰ ਪਿਸ਼ਾਬ ਆਉਣਾ, ਭੁੱਖ ਨਾ ਲੱਗਣਾ, ਬੇਚੈਨੀ ਹੋਣਾ, ਮਾਸਪੇਸ਼ੀਆਂ ਵਿੱਚ ਖਿੱਚ ਪੈਣਾ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਆਉਣਾ, ਇਹ ਸਾਰੇ ਗੁਰਦਿਆਂ ਦੀ ਕਾਰਗੁਜ਼ਾਰੀ ਘੱਟਣ ਦੇ ਸੰਭਾਵੀ ਲੱਛਣ ਹਨ।
ਇਨ੍ਹਾਂ ਵਿੱਚੋਂ ਕਈ ਲੱਛਣ ਅਸਪੱਸ਼ਟ ਹੁੰਦੇ ਹਨ ਅਤੇ ਇਨ੍ਹਾਂ ਨੂੰ ਤਣਾਅ, ਵੱਧਦੀ ਉਮਰ ਜਾਂ ਕਿਸੇ ਹੋਰ ਬਿਮਾਰੀ ਦੇ ਲੱਛਣ ਸਮਝ ਲਿਆ ਜਾ ਸਕਦਾ ਹੈ ਜਿਸ ਕਾਰਨ ਬਿਮਾਰੀ ਦੀ ਪਛਾਣ ਵਿੱਚ ਦੇਰੀ ਹੋ ਸਕਦੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਬਿਮਾਰੀ ਦਾ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੁੰਦਾ ਹੈ ਤਾਂ ਡਾ. ਨਿਰੰਜਨ ਕੁਲਕਰਨੀ ਕਹਿੰਦੇ ਹਨ, "ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਲੋਕਾਂ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਭਾਰਤ ਵਿੱਚ ਗੁਰਦੇ ਫੇਲ੍ਹ ਹੋਣ ਦੇ ਜ਼ਿਆਦਾਤਰ ਮਾਮਲੇ ਇਨ੍ਹਾਂ ਦੋ ਕਾਰਨਾਂ ਕਰਕੇ ਹੁੰਦੇ ਹਨ।"
"ਇਸ ਤੋਂ ਇਲਾਵਾ 50 ਸਾਲ ਤੋਂ ਵੱਧ ਉਮਰ ਦੇ ਲੋਕ, ਮੋਟਾਪੇ ਤੋਂ ਪੀੜਤ ਲੋਕ, ਸਿਗਰਟਨੋਸ਼ੀ ਕਰਨ ਵਾਲੇ, ਜਿਨ੍ਹਾਂ ਦੇ ਪਰਿਵਾਰ ਵਿੱਚ ਗੁਰਦੇ ਦੀ ਬਿਮਾਰੀ ਦਾ ਇਤਿਹਾਸ ਰਿਹਾ ਹੋਵੇ, ਲੰਬੇ ਸਮੇਂ ਤੋਂ ਦਰਦ-ਨਿਵਾਰਕ ਦਵਾਈਆਂ 'ਤੇ ਨਿਰਭਰ ਰਹਿਣ ਵਾਲੇ ਲੋਕ ਅਤੇ ਆਟੋਇਮਊਨ ਬਿਮਾਰੀਆਂ, ਵਾਰ-ਵਾਰ ਹੋਣ ਵਾਲੇ ਗੁਰਦੇ ਦੇ ਇਨਫੈਕਸ਼ਨ ਜਾਂ ਗੁਰਦੇ ਦੀ ਪੱਥਰੀ ਨਾਲ ਪੀੜਤ ਲੋਕਾਂ ਨੂੰ ਵੀ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ।"
ਜਾਂਚ ਕਦੋਂ ਕਰਵਾਉਣੀ ਚਾਹੀਦੀ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

ਤਸਵੀਰ ਸਰੋਤ, Getty Images
ਜ਼ਿਆਦਾਤਰ ਡਾਕਟਰ ਸਲਾਹ ਦਿੰਦੇ ਹਨ ਕਿ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸਾਰੇ ਲੋਕਾਂ ਨੂੰ ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਤੋਂ ਹੀ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਗੁਰਦਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਪੇਚੀਦਗੀਆਂ ਪੈਦਾ ਹੋਣ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਇਸ ਲਈ ਦੋ ਸਧਾਰਨ ਟੈਸਟ ਕੀਤੇ ਜਾਂਦੇ ਹਨ। ਪਹਿਲਾ, ਖੂਨ ਦੀ ਜਾਂਚ, ਜਿਸ ਵਿੱਚ ਸੀਰਮ ਕ੍ਰੀਏਟਿਨਿਨ ਦੀ ਮਾਤਰਾ ਮਾਪੀ ਜਾਂਦੀ ਹੈ, ਜਿਸ ਨਾਲ ਗਲੋਮੇਰੁਲਰ ਫਿਲਟ੍ਰੇਸ਼ਨ ਰੇਟ (ਜੀਐਫਆਰ) ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਦੂਜਾ, ਪਿਸ਼ਾਬ ਦੀ ਜਾਂਚ, ਜਿਸ ਵਿੱਚ ਐਲਬਿਊਮਿਨ ਦੀ ਮਾਤਰਾ ਮਾਪੀ ਜਾਂਦੀ ਹੈ।
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਗੁਰਦਿਆਂ ਦੀ ਸਮੱਸਿਆ ਹੈ ਜਾਂ ਜਿਨ੍ਹਾਂ ਦੇ ਖੂਨ ਵਿੱਚ ਸ਼ੂਗਰ ਦਾ ਪੱਧਰ ਠੀਕ ਤਰ੍ਹਾਂ ਕੰਟਰੋਲ ਵਿੱਚ ਨਹੀਂ ਰਹਿੰਦਾ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਹੋਰ ਵੱਧ ਵਾਰ ਜਾਂਚ ਕਰਵਾਉਣ ਦੀ ਲੋੜ ਪੈ ਸਕਦੀ ਹੈ।
ਖੂਨ ਵਿੱਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣਾ, ਲੂਣ ਅਤੇ ਪ੍ਰੋਸੈਸਡ ਭੋਜਨ ਦਾ ਘੱਟ ਸੇਵਨ ਕਰਨਾ, ਬਹੁਤ ਜ਼ਿਆਦਾ ਮਾਸ ਖਾਣ ਤੋਂ ਬਚਣਾ, ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ, ਨਿਯਮਿਤ ਕਸਰਤ ਕਰਨਾ, ਸਿਹਤਮੰਦ ਵਜ਼ਨ ਬਣਾਈ ਰੱਖਣਾ, ਸਿਗਰਟ ਛੱਡਣਾ ਅਤੇ ਸ਼ਰਾਬ ਤੋਂ ਪਰਹੇਜ਼ ਕਰਨਾ, ਗੁਰਦੇ ਦੇ ਨੁਕਸਾਨ ਦੇ ਜ਼ੋਖਮ ਨੂੰ ਘੱਟ ਕਰ ਸਕਦੇ ਹਨ।
ਜੇ ਗੁਰਦਿਆਂ ਦੀ ਬਿਮਾਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਹ ਆਦਤਾਂ ਬਿਮਾਰੀ ਦੀ ਰਫ਼ਤਾਰ ਨੂੰ ਹੌਲੀ ਕਰਨ ਵਿੱਚ ਵੀ ਮਦਦਗਾਰ ਹੋ ਸਕਦੀਆਂ ਹਨ। ਬੇਸ਼ੱਕ ਇਹ ਉਪਾਅ ਮੈਡੀਕਲ ਇਲਾਜ ਦਾ ਬਦਲ ਨਹੀਂ ਹਨ। ਫਿਰ ਵੀ, ਗੁਰਦਿਆਂ ਦੀ ਬਿਮਾਰੀ ਦੇ ਖ਼ਤਰੇ ਨੂੰ ਘਟਾਉਣ ਅਤੇ ਗੁਰਦਿਆਂ ਨੂੰ ਤੰਦਰੁਸਤ ਰੱਖਣ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ।
ਗੁਰਦੇ ਦੀ ਬਿਮਾਰੀ ਬਾਰੇ ਅਹਿਮ ਸਵਾਲ

ਤਸਵੀਰ ਸਰੋਤ, Getty Images
ਗੁਰਦਿਆਂ ਦੀ ਬਿਮਾਰੀ ਬਾਰੇ ਕਈ ਗਲਤ ਧਾਰਨਾਵਾਂ ਪ੍ਰਚਲਿਤ ਹਨ ਅਤੇ ਲੋਕਾਂ ਨੂੰ ਆਮ ਤੌਰ 'ਤੇ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ। ਡਾ. ਨਿਰੰਜਨ ਕੁਲਕਰਨੀ ਨੇ ਗੁਰਦਿਆਂ ਨਾਲ ਸਬੰਧਤ ਸਭ ਤੋਂ ਵੱਧ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੱਤੇ ਹਨ।
ਬਿਨਾਂ ਡਾਕਟਰ ਦੀ ਸਲਾਹ ਤੋਂ ਮਿਲਣ ਵਾਲੀਆਂ ਦਰਦ-ਨਿਵਾਰਕ ਦਵਾਈਆਂ ਦਾ ਲੰਬੇ ਸਮੇਂ ਤੱਕ ਇਸਤੇਮਾਲ ਕਿੰਨਾ ਖ਼ਤਰਨਾਕ ਹੋ ਸਕਦਾ ਹੈ ?
ਡਾ. ਕੁਲਕਰਨੀ: ਕਦੇ-ਕਦੇ ਹੋਣ ਵਾਲੇ ਸਿਰਦਰਦ ਲਈ ਦਰਦ-ਨਿਵਾਰਕ ਦਵਾਈ ਲੈਣ ਅਤੇ ਲਗਾਤਾਰ ਦਰਦ ਲਈ ਦਵਾਈ ਲੈਣ 'ਚ ਬਹੁਤ ਵੱਡਾ ਅੰਤਰ ਹੈ। ਆਈਬੂਪ੍ਰੋਫੇਨ ਅਤੇ ਡਾਈਕਲੋਫੇਨਾਕ ਵਰਗੀਆਂ ਐਨਐਸਏਆਈਡੀ ਦਵਾਈਆਂ ਗੁਰਦਿਆਂ ਵਿੱਚ ਖੂਨ ਦੇ ਪ੍ਰਵਾਹ ਨੂੰ ਘੱਟ ਕਰ ਸਕਦੀਆਂ ਹਨ। ਇਨ੍ਹਾਂ ਦਾ ਨਿਯਮਿਤ ਅਤੇ ਲੰਬੇ ਸਮੇਂ ਤੱਕ ਇਸਤੇਮਾਲ ਗੁਰਦਿਆਂ ਨੂੰ ਸਥਾਈ ਨੁਕਸਾਨ ਪਹੁੰਚਾ ਸਕਦਾ ਹੈ।
ਪਾਣੀ ਦੀ ਕਮੀ ਨਾਲ ਪੀੜਤ, ਬਜ਼ੁਰਗ, ਸ਼ੂਗਰ ਦੀ ਬਿਮਾਰੀ ਨਾਲ ਪੀੜਤ ਲੋਕਾਂ 'ਚ ਇਹ ਜ਼ੋਖਮ ਵੱਧ ਹੁੰਦਾ ਹੈ। ਇਸ ਲਈ ਲੰਬੇ ਸਮੇਂ ਤੱਕ ਦਰਦ-ਨਿਵਾਰਕ ਦਵਾਈਆਂ 'ਤੇ ਨਿਰਭਰ ਰਹਿਣ ਦੀ ਬਜਾਏ ਡਾਕਟਰ ਤੋਂ ਸਲਾਹ ਲੈਣਾ ਮਹੱਤਵਪੂਰਨ ਹੈ।
ਕੀ ਪ੍ਰੋਟੀਨ ਸਪਲੀਮੈਂਟ, ਹਰਬਲ ਦਵਾਈਆਂ ਜਾਂ ਫਿਟਨੈੱਸ ਉਤਪਾਦ ਖ਼ਤਰਨਾਕ ਹੋ ਸਕਦੇ ਹਨ ?
ਡਾ. ਕੁਲਕਰਨੀ: ਪੋਸ਼ਣ ਮਾਹਰ ਜਾਂ ਡਾਕਟਰ ਦੀ ਉਚਿਤ ਸਲਾਹ ਤੋਂ ਬਿਨਾਂ ਅਜਿਹੇ ਉਤਪਾਦ ਗੁਰਦਿਆਂ ਲਈ ਖ਼ਤਰਨਾਕ ਹੋ ਸਕਦੇ ਹਨ। ਪ੍ਰੋਟੀਨ ਸਪਲੀਮੈਂਟ ਦੀ ਵੱਧ ਖੁਰਾਕ ਪਹਿਲਾਂ ਤੋਂ ਹੀ ਕਮਜ਼ੋਰ ਗੁਰਦਿਆਂ 'ਤੇ ਵਾਧੂ ਦਬਾਅ ਪਾ ਸਕਦੀ ਹੈ। ਇਸ ਲਈ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਗੁਰਦਿਆਂ ਦੀ ਬਿਮਾਰੀ ਹੈ, ਉਨ੍ਹਾਂ ਨੂੰ ਕੋਈ ਵੀ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਨੈਫਰੋਲੋਜਿਸਟ ਦੀ ਸਲਾਹ ਲੈਣੀ ਚਾਹੀਦੀ ਹੈ।
ਉਹ ਅੱਗੇ ਕਹਿੰਦੇ ਹਨ, "ਭਾਰਤ ਵਿੱਚ ਕਈ ਹਰਬਲ ਅਤੇ ਸਪਲੀਮੈਂਟ ਉਤਪਾਦਾਂ ਦੀ ਜਾਂਚ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਜਿੰਨੇ ਸਖ਼ਤ ਮਾਪਦੰਡਾਂ ਅਨੁਸਾਰ ਨਹੀਂ ਕੀਤੀ ਜਾਂਦੀ ਹੈ। ਇਸ ਕਾਰਨ ਉਨ੍ਹਾਂ ਵਿੱਚ ਮਿਲਾਵਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਨ੍ਹਾਂ ਵਿੱਚ ਐਫਲਾਟੋਕਸਿਨ ਜਾਂ ਹੋਰ ਅਜਿਹੇ ਤੱਤ ਹੋ ਸਕਦੇ ਹਨ, ਜੋ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।"
"ਇਸ ਤੋਂ ਇਲਾਵਾ ਕੁਝ ਹਰਬਲ ਤੱਤ ਜਿਵੇਂ ਮੁਲੱਠੀ ਦੀ ਜੜ੍ਹ ਬਲੱਡ ਪ੍ਰੈਸ਼ਰ ਵਧਾ ਸਕਦੇ ਹਨ ਜਾਂ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਵਿਗਾੜ ਸਕਦੇ ਹਨ। ਕੁਝ ਰਵਾਇਤੀ ਹਰਬਲ ਇਲਾਜਾਂ ਨੂੰ ਵੀ ਗੁਰਦਿਆਂ ਦੇ ਨੁਕਸਾਨ ਨਾਲ ਜੋੜਿਆ ਗਿਆ ਹੈ।"
ਗੁਰਦਿਆਂ ਦੀ ਸਿਹਤ ਬਾਰੇ ਲੋਕਾਂ ਵਿੱਚ ਸਭ ਤੋਂ ਵੱਡੀਆਂ ਗਲਤ ਧਾਰਨਾਵਾਂ ਕੀ ਹਨ ?
ਡਾ. ਕੁਲਕਰਨੀ: ਕਈ ਲੋਕਾਂ ਦਾ ਮੰਨਣਾ ਹੈ ਕਿ ਗੁਰਦੇ ਦੀ ਬਿਮਾਰੀ ਹਮੇਸ਼ਾ ਦਰਦ ਦਾ ਕਾਰਨ ਬਣਦੀ ਹੈ। ਅਸਲ ਵਿੱਚ, ਜ਼ਿਆਦਾਤਰ ਗੁਰਦਿਆਂ ਦੀਆਂ ਬਿਮਾਰੀਆਂ ਦਰਦਨਾਕ ਨਹੀਂ ਹੁੰਦੀਆਂ। ਇੱਕ ਹੋਰ ਗਲਤ ਧਾਰਨਾ ਇਹ ਹੈ ਕਿ ਸ਼ੁਰੂਆਤੀ ਪੜਾਅ ਦੀ ਪੁਰਾਣੀ ਗੁਰਦੇ ਦੀ ਬਿਮਾਰੀ ਬਹੁਤ ਗੰਭੀਰ ਨਹੀਂ ਹੁੰਦੀ ਕਿਉਂਕਿ ਡਾਇਲਿਸਿਸ ਦਾ ਸਮਾਂ ਅਜੇ ਦੂਰ ਹੁੰਦਾ ਹੈ। ਅਸਲ ਵਿੱਚ, ਇਲਾਜ ਦਾ ਸਭ ਤੋਂ ਵੱਧ ਲਾਭ ਸ਼ੁਰੂਆਤੀ ਪੜਾਅ ਵਿੱਚ ਹੀ ਹਾਸਲ ਕੀਤਾ ਜਾ ਸਕਦਾ ਹੈ।"
ਨੌਜਵਾਨ ਵੀ ਖ਼ਤਰੇ ਤੋਂ ਬਾਹਰ ਨਹੀਂ

ਤਸਵੀਰ ਸਰੋਤ, Getty Images
ਮਾਹਰਾਂ ਦਾ ਕਹਿਣਾ ਹੈ ਕਿ ਗੁਰਦੇ ਦੀ ਬਿਮਾਰੀ ਸਿਰਫ਼ ਬਜ਼ੁਰਗਾਂ ਦੀ ਸਮੱਸਿਆ ਨਹੀਂ ਰਹੀ। ਹੁਣ ਨੌਜਵਾਨ ਭਾਰਤੀਆਂ 'ਚ ਵੀ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਮਾਮਲੇ ਵੱਧਦੇ ਦੇਖੇ ਜਾ ਰਹੇ ਹਨ।
ਮੁੰਬਈ ਦੇ ਜਸਲੋਕ ਹਸਪਤਾਲ ਅਤੇ ਖੋਜ ਕੇਂਦਰ ਦੇ ਨੈਫਰੋਲੋਜੀ ਵਿਭਾਗ ਦੇ ਡਾਇਰੈਕਟਰ ਡਾ. ਅਸ਼ਵਿਨ ਪਾਟਿਲ ਦੇ ਅਨੁਸਾਰ, "ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਲਗਭਗ 40 ਤੋਂ 50 ਫ਼ੀਸਦੀ ਮਾਮਲਿਆਂ ਪਿੱਛੇ ਟਾਈਪ-2 ਸ਼ੂਗਰ ਪ੍ਰਮੁੱਖ ਕਾਰਨ ਹੈ, ਜਦੋਂਕਿ 20 ਤੋਂ 27 ਫ਼ੀਸਦੀ ਮਾਮਲੇ ਹਾਈ ਬਲੱਡ ਪ੍ਰੈਸ਼ਰ ਨਾਲ ਸਬੰਧਤ ਹਨ। ਭਾਰਤ ਵਿੱਚ ਕਈ ਲੋਕ ਮੁਕਾਬਲਤਨ ਘੱਟ ਉਮਰ ਵਿੱਚ ਹੀ ਇਨ੍ਹਾਂ ਦੋਹਾਂ ਸਮੱਸਿਆਵਾਂ ਨਾਲ ਪੀੜਤ ਹੋਣ ਲੱਗੇ ਹਨ।"
ਉਹ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਵੱਧਦੇ ਸ਼ਹਿਰੀਕਰਨ, ਮੋਟਾਪਾ, ਨਮਕ ਅਤੇ ਖੰਡ ਦੀ ਵੱਧ ਮਾਤਰਾ ਵਾਲੇ ਪ੍ਰੋਸੈਸਡ ਭੋਜਨ ਦਾ ਸੇਵਨ, ਸਰੀਰਕ ਸਰਗਰਮੀ ਦੀ ਕਮੀ, ਤਣਾਅ ਅਤੇ ਪੂਰੀ ਨੀਂਦ ਨਾ ਲੈਣਾ ਵੀ ਗੁਰਦੇ ਦੀ ਬਿਮਾਰੀ ਦੇ ਖ਼ਤਰੇ ਨੂੰ ਵਧਾ ਰਹੇ ਹਨ।
ਨੌਜਵਾਨਾਂ ਨੂੰ ਹੋਣ ਵਾਲੇ ਖ਼ਤਰੇ ਬਾਰੇ ਡਾ. ਅਸ਼ਵਿਨ ਪਾਟਿਲ ਕਹਿੰਦੇ ਹਨ, "ਇਸ ਤੋਂ ਇਲਾਵਾ ਜਿਮ ਵਿੱਚ ਇਸਤੇਮਾਲ ਹੋਣ ਵਾਲੇ ਕੁਝ ਪ੍ਰੋਟੀਨ ਸਪਲੀਮੈਂਟ, ਭਾਰ ਵਧਾਉਣ ਵਾਲੇ ਉਤਪਾਦ, ਸਰੀਰਕ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਲਈਆਂ ਜਾਣ ਵਾਲੀਆਂ ਦਵਾਈਆਂ ਵੀ ਗੁਰਦਿਆਂ 'ਤੇ ਦਬਾਅ ਪਾ ਸਕਦੀਆਂ ਹਨ।

ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਕੁਝ ਹੋਰ ਖੇਤਰਾਂ ਵਿੱਚ ਇਹ ਬਿਮਾਰੀ ਖ਼ਾਸ ਕਰਕੇ ਘੱਟ ਆਮਦਨ ਵਾਲੇ ਨੌਜਵਾਨ ਖੇਤੀਬਾੜੀ ਮਜ਼ਦੂਰਾਂ ਵਿੱਚ ਆਮ ਹੈ। ਗਰਮੀ ਦਾ ਅਸਰ, ਸਰੀਰ ਵਿੱਚ ਪਾਣੀ ਦੀ ਕਮੀ, ਦੂਸ਼ਿਤ ਪਾਣੀ ਅਤੇ ਭਾਰੀ ਧਾਤਾਂ ਦੇ ਸੰਪਰਕ ਵਿੱਚ ਆਉਣਾ ਇਸ ਨਾਲ ਸਬੰਧਿਤ ਹੋ ਸਕਦੇ ਹਨ।
ਡਾ. ਅਸ਼ਵਿਨ ਪਾਟਿਲ ਕਹਿੰਦੇ ਹਨ, "ਕ੍ਰੋਨਿਕ ਕਿਡਨੀ ਡਿਜ਼ੀਜ਼ ਦਾ ਸਭ ਤੋਂ ਵੱਧ ਅਸਰ ਨਾ ਸਿਰਫ਼ ਸਿਹਤ 'ਤੇ ਬਲਕਿ ਆਰਥਿਕ ਤੌਰ 'ਤੇ ਵੀ ਪੈਂਦਾ ਹੈ। ਡਾ. ਪਾਟਿਲ ਮੁਤਾਬਕ ਭਾਰਤ ਵਿੱਚ ਇਸ ਬਿਮਾਰੀ ਨਾਲ ਪੀੜਤ ਰੋਗੀਆਂ ਦਾ ਸਾਲਾਨਾ ਖ਼ਰਚ ਲਗਭਗ 3.64 ਲੱਖ ਰੁਪਏ ਹੋ ਸਕਦਾ ਹੈ। ਇੱਥੋਂ ਤੱਕ ਕਿ ਸ਼ੁਰੂਆਤੀ ਪੜਾਅ ਵਿੱਚ ਵੀ ਜਾਂਚ, ਡਾਕਟਰ ਕੋਲ ਜਾਣ ਅਤੇ ਦਵਾਈਆਂ ਦਾ ਖ਼ਰਚ ਲਗਾਤਾਰ ਵੱਧਦਾ ਰਹਿੰਦਾ ਹੈ।"
ਉਹ ਕਹਿੰਦੇ ਹਨ, " ਡਾਇਲਿਸਿਸ ਦੀ ਲੋੜ ਪੈਣ 'ਤੇ ਆਰਥਿਕ ਬੋਝ ਵੱਧ ਜਾਂਦਾ ਹੈ। ਕਈ ਪਰਿਵਾਰਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ, ਜਾਇਦਾਦ ਵੇਚਣੀ ਪੈਂਦੀ ਹੈ ਜਾਂ ਆਪਣੀ ਸਾਰੀ ਬੱਚਤ ਖ਼ਰਚ ਕਰਨੀ ਪੈਂਦੀ ਹੈ। ਕੁਝ ਮਰੀਜ਼ ਤਾਂ ਆਰਥਿਕ ਤੰਗੀ ਕਾਰਨ ਇਲਾਜ ਵਿਚਾਲੇ ਹੀ ਛੱਡ ਦਿੰਦੇ ਹਨ। ਇਲਾਜ ਲਈ ਮਰੀਜ਼ਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ।"
ਇਸ ਸਥਿਤੀ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ?

ਤਸਵੀਰ ਸਰੋਤ, Getty Images
ਇਸ ਸਵਾਲ ਦੇ ਜਵਾਬ ਵਿੱਚ ਡਾ. ਅਸ਼ਵਨੀ ਪਾਟਿਲ ਕਹਿੰਦੇ ਹਨ, "ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਵੱਧਦੇ ਬੋਝ ਨੂੰ ਘਟਾਉਣ ਦਾ ਸਭ ਤੋਂ ਮਹੱਤਵਪੂਰਨ ਕਦਮ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣਾ ਹੈ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਪਰਿਵਾਰ ਵਿੱਚ ਗੁਰਦੇ ਦੀ ਬਿਮਾਰੀ ਦਾ ਇਤਿਹਾਸ ਰੱਖਣ ਵਾਲੇ ਲੋਕਾਂ ਲਈ ਹਰ ਸਾਲ ਈਈਜੀਐਫਆਰ ਅਤੇ ਮੂਤਰ ਐਲਬਿਊਮਿਨ-ਕ੍ਰਿਏਟਿਨਿਨ ਅਨੁਪਾਤ (ਯੂਏਸੀਆਰ) ਜਾਂਚ ਨੂੰ ਲਾਜ਼ਮੀ ਬਣਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।"
ਡਾ. ਅਸ਼ਵਿਨ ਪਾਟਿਲ ਅੱਗੇ ਕਹਿੰਦੇ ਹਨ, "ਡਾਇਲਿਸਿਸ ਦੀ ਮੌਜੂਦਾ ਉੱਚ ਲਾਗਤ ਦੀ ਬਜਾਏ, ਸਾਡੇ ਸਮੇਤ ਕਈ ਮਾਹਰਾਂ ਦਾ ਮੰਨਣਾ ਹੈ ਕਿ ਕਿਡਨੀ ਦੀ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ ਓਪੀਡੀ (ਆਊਟ ਪੇਸ਼ੈਂਟ) ਪੈਕੇਜਾਂ ਲਈ ਵੱਧ ਫੰਡ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।"
"ਅਤਿ-ਪ੍ਰੋਸੈਸਡ ਭੋਜਨ 'ਤੇ ਸਪੱਸ਼ਟ ਲੇਬਲ ਲਗਾਉਣਾ ਅਤੇ ਉੱਚ ਸੋਡੀਅਮ ਸਮੱਗਰੀ ਵਾਲੇ ਖਾਦ ਪਦਾਰਥਾਂ 'ਤੇ ਟੈਕਸ ਜਾਂ ਜੁਰਮਾਨਾ ਲਗਾਉਣ ਵਰਗੇ ਉਪਾਅ ਕੀਤੇ ਜਾ ਸਕਦੇ ਹਨ।"
ਉਹ ਕਹਿੰਦੇ ਹਨ, "ਆਂਧਰਾ ਪ੍ਰਦੇਸ਼ ਦੇ ਉੱਦਾਨਮ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਵਰਗੇ ਕਿਡਨੀ ਰੋਗ ਦੇ ਹਾਈ ਬਲੱਡ ਪ੍ਰੈਸ਼ਰ ਵਾਲੇ ਖੇਤਰਾਂ 'ਚ ਵਾਤਾਵਰਨ ਅਤੇ ਮਹਾਮਾਰੀ ਵਿਗਿਆਨ ਨਿਗਰਾਨੀ ਟੀਮਾਂ ਨੂੰ ਤੈਨਾਤ ਕਰਨ ਦੀ ਲੋੜ ਹੈ।"
"ਭੂ-ਜਲ ਵਿੱਚ ਭਾਰੀ ਧਾਤਾਂ, ਕੀਟਨਾਸ਼ਕਾਂ ਦਾ ਇਸਤੇਮਾਲ ਅਤੇ ਰਵਾਇਤੀ ਜਾਂ ਖਣਿਜ ਦਵਾਈਆਂ ਵਿੱਚ ਧਾਤਾਂ ਦੀ ਮਿਲਾਵਟ 'ਤੇ ਸਖ਼ਤ ਨਿਗਰਾਨੀ ਅਤੇ ਨਿਯਮ ਲਾਗੂ ਕਰਕੇ ਕਿਡਨੀ ਲਈ ਵਾਤਾਵਰਣ ਨਾਲ ਜੁੜੇ ਖ਼ਤਰਿਆਂ ਨੂੰ ਘਟਾਇਆ ਜਾ ਸਕਦਾ ਹੈ।"
ਉਹ ਕਹਿੰਦੇ ਹਨ, "ਧੁੱਪ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਨਿਯਮਿਤ ਸਮੇਂ ਬਾਅਦ ਛਾਂ ਵਿੱਚ ਆਰਾਮ ਕਰਨਾ ਲਾਜ਼ਮੀ ਕਰਨ ਅਤੇ ਸਾਫ਼ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦੀ ਲੋੜ ਹੈ। ਇਸ ਨਾਲ ਲੂ ਲੱਗਣ ਅਤੇ ਉਸ ਨਾਲ ਜੁੜੀਆਂ ਕਿਡਨੀ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।"
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਅੱਜ ਤੋਂ ਹੀ ਕਿਹੜੇ 5 ਕਦਮ ਚੁੱਕ ਸਕਦੇ ਹੋ ?

ਤਸਵੀਰ ਸਰੋਤ, Getty Images
1. ਨਿਯਮਿਤ ਸਿਹਤ ਜਾਂਚ ਕਰਵਾਓ
ਸਧਾਰਨ ਖੂਨ ਅਤੇ ਪਿਸ਼ਾਬ ਦੀ ਜਾਂਚ ਰਾਹੀਂ ਕਿਡਨੀ ਨੂੰ ਹੋਣ ਵਾਲੇ ਨੁਕਸਾਨ ਦਾ ਪਤਾ ਗੰਭੀਰ ਹੋਣ ਤੋਂ ਪਹਿਲਾਂ ਹੀ ਲਗਾਇਆ ਜਾ ਸਕਦਾ ਹੈ। ਖ਼ਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਜਾਂ ਜੇ ਤੁਹਾਡੇ ਪਰਿਵਾਰ ਵਿੱਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਕਿਡਨੀ ਦੀ ਬਿਮਾਰੀ ਦਾ ਇਤਿਹਾਸ ਹੈ ਤਾਂ ਹਰ ਸਾਲ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕਿਡਨੀ ਦੀ ਕਾਰਗੁਜ਼ਾਰੀ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
2. ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖੋ
ਜੇ ਤੁਹਾਨੂੰ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਪਤਾ ਲੱਗਾ ਹੈ ਤਾਂ ਡਾਕਟਰ ਦੀ ਸਲਾਹ ਅਨੁਸਾਰ ਇਸ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਕਿਡਨੀ ਦੇ ਨੁਕਸਾਨ ਨੂੰ ਰੋਕਣ ਦਾ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮੰਨਿਆ ਜਾਂਦਾ ਹੈ।
3. ਆਪਣੀ ਖੁਰਾਕ ਦਾ ਧਿਆਨ ਰੱਖੋ ਅਤੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ
ਨਮਕ ਦਾ ਸੇਵਨ ਸੀਮਿਤ ਕਰੋ, ਸੰਤੁਲਿਤ ਖੁਰਾਕ ਲਓ ਅਤੇ ਲੋੜ ਅਨੁਸਾਰ ਪਾਣੀ ਪੀਓ। ਸਿਹਤਮੰਦ ਖੁਰਾਕ ਕਿਡਨੀਆਂ 'ਤੇ ਪੈਣ ਵਾਲਾ ਵਾਧੂ ਬੋਝ ਘਟਾਉਂਦੀ ਹੈ।

ਤਸਵੀਰ ਸਰੋਤ, Getty Images
4. ਦਰਦ ਨਿਵਾਰਕ ਦਵਾਈਆਂ ਅਤੇ ਸਪਲੀਮੈਂਟਸ ਦੀ ਬੇਲੋੜੀ ਵਰਤੋਂ ਤੋਂ ਬਚੋ
ਡਾਕਟਰ ਦੀ ਸਲਾਹ ਤੋਂ ਬਿਨਾਂ ਲੰਬੇ ਸਮੇਂ ਤੱਕ ਦਰਦ ਨਿਵਾਰਕ ਦਵਾਈਆਂ ਲੈਣਾ ਜਾਂ ਅਪ੍ਰਮਾਣਿਤ ਸਪਲੀਮੈਂਟਸ ਅਤੇ ਹਰਬਲ ਉਤਪਾਦ ਵਰਤਣਾ ਕਿਡਨੀ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਪਣੇ ਆਪ ਕੋਈ ਫੈਸਲਾ ਨਾ ਲਓ ਅਤੇ ਸੁਣੀ-ਸੁਣਾਈ ਗੱਲਾਂ 'ਤੇ ਭਰੋਸਾ ਨਾ ਕਰੋ।
5. ਨਿਯਮਿਤ ਕਸਰਤ ਕਰੋ ਅਤੇ ਨਸ਼ਿਆਂ ਤੋਂ ਦੂਰ ਰਹੋ
ਸਰੀਰਕ ਤੌਰ 'ਤੇ ਸਰਗਰਮ ਰਹਿਣਾ, ਸਿਹਤਮੰਦ ਵਜ਼ਨ ਬਣਾਈ ਰੱਖਣਾ, ਸਿਗਰਟ ਪੀਣ ਤੋਂ ਬਚਣਾ ਅਤੇ ਸ਼ਰਾਬ ਤੋਂ ਪਰਹੇਜ਼ ਕਰਨਾ ਕਿਡਨੀ ਸਮੇਤ ਸਮੁੱਚੀ ਸਿਹਤ ਲਈ ਫ਼ਾਇਦੇਮੰਦ ਹੈ।
ਜੇ ਤੁਸੀਂ ਆਪਣੀ ਜੀਵਨਸ਼ੈਲੀ, ਖੁਰਾਕ, ਦਵਾਈ ਜਾਂ ਕਸਰਤ ਵਿੱਚ ਕੋਈ ਵੱਡਾ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਯੋਗ ਮਾਹਿਰ ਦੀ ਸਲਾਹ ਮਹੱਤਵਪੂਰਨ ਹੈ।
ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਸਹੀ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਜੀਵਨਸ਼ੈਲੀ ਵਿੱਚ ਬਦਲਾਅ ਕਰੋ। ਡਾਕਟਰ ਨਾਲ ਸਲਾਹ ਕੀਤੇ ਬਿਨਾਂ ਆਪਣੇ ਆਪ ਇਲਾਜ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












