ਹੀਟ ਵੇਵ ਔਰਤਾਂ ਨੂੰ ਵੱਧ ਪ੍ਰਭਾਵਿਤ ਕਿਉਂ ਕਰਦੀ ਹੈ, ਮਾਹਵਾਰੀ, ਗਰਭ ਅਵਸਥਾ ਸਣੇ ਸੈਕਸ ਹਾਰਮੋਨਜ਼ 'ਤੇ ਕੀ ਪੈ ਸਕਦਾ ਅਸਰ?

ਤਸਵੀਰ ਸਰੋਤ, GoodLifeStudio
- ਲੇਖਕ, ਐਮਿਲੀ ਐਟਕਿਨਸਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਬਹੁਤ ਜ਼ਿਆਦਾ ਪਰੇਸ਼ਾਨ, ਚਿੜਚਿੜਾਪਣ, ਚੱਕਰ ਆਉਣਾ, ਅਫਰੇਵਾਂ ਅਤੇ ਬਹੁਤ ਥੱਕਿਆ ਹੋਇਆ ਮਹਿਸੂਸ ਹੋਣਾ।
ਇਹ ਉਹ ਸ਼ਬਦ ਹਨ ਜੋ ਬੀਬੀਸੀ ਨੂੰ ਉਨ੍ਹਾਂ ਔਰਤਾਂ ਵੱਲੋਂ ਭੇਜੀਆਂ ਟਿੱਪਣੀਆਂ ਵਿੱਚ ਵਾਰ ਵਾਰ ਆਉਂਦੇ ਹਨ ਜੋ ਜੂਨ ਵਿੱਚ ਪਈ ਰਿਕਾਰਡ ਤੋੜ ਗਰਮੀ ਦੇ ਕਹਿਰ ਤੋਂ ਹਾਲੇ ਉੱਭਰੀਆਂ ਹੀ ਸੀ ਅਤੇ ਹੁਣ ਹੋਰ ਗਰਮ ਮੌਸਮ ਲਈ ਤਿਆਰ ਹੋ ਰਹੀਆਂ ਹਨ।
ਔਰਤਾਂ ਦੀ ਸਿਹਤ ਦੇ ਮਾਹਰ ਇੱਕ ਸਰਕਾਰੀ ਡਾਕਟਰ ਨਿਘਤ ਆਰਿਫ਼ ਨੇ ਦੱਸਿਆ ਕਿ ਅੱਤ ਦੀ ਗਰਮੀ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਪਰ ਹੀਟ ਵੇਵਜ਼ ਔਰਤਾਂ ਦੇ ਨਾੜੀ ਪ੍ਰਣਾਲੀ ਲਈ ਇੱਕ ਤਣਾਅਪੂਰਨ ਪ੍ਰੀਖਿਆ ਵਾਂਗ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ।
ਯੂਸੀਐੱਲ ਦੇ ਇੰਸਟੀਚਿਊਟ ਫਾਰ ਗਲੋਬਲ ਹੈਲਥ ਵਿੱਚ ਇੱਕ ਅਕਾਦਮਿਕ ਪਬਲਿਕ ਹੈਲਥ ਕੰਸਲਟੈਂਟ ਡਾ. ਕੈਂਟ ਪਿਨਹੋ-ਗੋਮਜ਼ ਨੇ ਕਿਹਾ ਕਿ ਮਰਦਾਂ ਦੇ ਮੁਕਾਬਲੇ, ਔਰਤਾਂ ਦੇ ਲੂ ਕਾਰਨ ਹੋਣ ਵਾਲੀਆਂ ਮੌਤਾਂ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਹਾਲਾਂਕਿ ਇਸ ਲਈ ਹਾਲੇ ਹੋਰ ਸਬੂਤਾਂ ਦੀ ਲੋੜ ਹੈ।
ਇਸ ਲਈ ਜਿਵੇਂ-ਜਿਵੇਂ ਜਲਵਾਯੂ ਪਰਿਵਰਤਨ, ਯੂਕੇ ਵਿੱਚ ਅਤੇ ਕਈ ਹੋਰ ਥਾਵਾਂ ਉੱਤੇ ਤੇਜ਼ੀ ਨਾਲ ਭਿਆਨਕ ਅਤੇ ਲਗਾਤਾਰ ਹੀਟ ਵੇਵ ਦਾ ਕਾਰਨ ਬਣ ਰਿਹਾ ਹੈ ਮਾਹਰ ਔਰਤਾਂ ਨੂੰ ਹੋਣ ਵਾਲੇ ਖ਼ਤਰਿਆਂ ਬਾਰੇ ਬਿਹਤਰ ਜਾਗਰੂਕਤਾ ਤੇ ਉਨ੍ਹਾਂ ਦੀ ਸੁਰੱਖਿਆ ਲਈ ਵਧੇਰੇ ਕੇਂਦਰਿਤ ਕੋਸ਼ਿਸ਼ਾਂ ਦੀ ਮੰਗ ਕਰ ਰਹੇ ਹਨ।
ਹਾਰਮੋਨ ਪੱਧਰ ਅਤੇ ਗਰਮੀ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ
ਡਾ. ਆਰਿਫ਼ ਨੇ ਦੱਸਿਆ, "ਜੈਵਿਕ ਪੱਖੋਂ, ਔਰਤਾਂ ਲਈ ਵਧੇਰੇ ਖ਼ਤਰਾ ਦੋ ਕਾਰਨਾਂ 'ਤੇ ਨਿਰਭਰ ਕਰਦਾ ਹੈ। ਸਾਡੇ ਹਾਰਮੋਨ ਦੇ ਪੱਧਰਾਂ ਦਾ ਕੁਦਰਤੀ ਉਤਰਾਅ ਚੜਾਅ ਅਤੇ ਗਰਮੀ ਪ੍ਰਤੀ ਸਾਡੇ ਸਰੀਰ ਦੀ ਪ੍ਰਤੀਕਿਰਿਆ ਜੋ ਮਰਦਾਂ ਨਾਲੋਂ ਵੱਖਰੀ ਹੁੰਦੀ ਹੈ।"
2025 ਦਾ ਇੱਕ ਅਧਿਐਨ ਦਰਸਾਉਂਦਾ ਹੈ ਕਿ ਔਰਤਾਂ ਨੂੰ ਘੱਟ ਪਸੀਨਾ ਆਉਂਦਾ ਹੈ ਅਤੇ ਵਧੇਰੇ ਤਾਪਮਾਨ 'ਤੇ ਉਨ੍ਹਾਂ ਨੂੰ ਪਸੀਨਾ ਆਉਣਾ ਸ਼ੁਰੂ ਹੁੰਦਾ ਹੈ।
ਇਹ ਵਾਧੂ ਗਰਮੀ ਨੂੰ ਤੇਜ਼ੀ ਨਾਲ ਬਾਹਰ ਕੱਢਣ ਦੀ ਸਾਡੀ ਸਮਰੱਥਾ ਨੂੰ ਕਮਜ਼ੋਰ ਕਰਦਾ ਹੈ ਅਤੇ ਇਹ ਅੰਦਾਜ਼ਾ ਲਾਉਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ ਕਿ ਸਾਡਾ ਸਰੀਰ ਕਦੋਂ ਬੋਝ ਹੇਠ ਹੈ। ਸਿਰਫ਼ ਇਸ ਲਈ ਕਿਉਂਕਿ ਅਸੀਂ ਆਪਣੀ ਚਮੜੀ ਜਾਂ ਕੱਪੜਿਆਂ 'ਤੇ ਜ਼ਿਆਦਾ ਪਸੀਨਾ ਨਹੀਂ ਦੇਖ ਸਕਦੇ।
ਉਸੇ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਦਾ ਅੰਦਰੂਨੀ ਤਾਪਮਾਨ ਅਤੇ ਸਰੀਰ ਵਿੱਚ ਚਰਬੀ ਦੀ ਮਾਤਰਾ, ਮਰਦਾਂ ਦੇ ਮੁਕਾਬਲੇ ਵੱਧ ਹੁੰਦੀ ਹੈ ਜੋ ਕਿ ਇੰਸੁਲੇਟਿੰਗ ਪਰਤ ਵਾਂਗ ਕੰਮ ਕਰਦੀ ਹੈ।
ਡਾ. ਆਰਿਫ਼ ਮੁਤਾਬਕ, ਹੁਣ ਇਸ ਸਭ ਨੂੰ ਔਰਤਾਂ ਦੇ ਹਾਰਮੋਨਾਂ ਦੇ ਕੁਦਰਤੀ ਉਤਰਾਅ-ਚੜਾਅ ਨਾਲ ਜੋੜ ਕੇ ਦੇਖੋ ਜੋ ਪਹਿਲਾਂ ਹੀ ਸਾਡੇ ਦਿਮਾਗ਼ ਦੀ ਤਾਪਮਾਨ ਕੰਟ੍ਰੋਲ ਕਰਨ ਵਾਲੀ ਪ੍ਰਣਾਲੀ ਦੇ ਸੰਤੁਲਨ ਨੂੰ ਵਿਗਾੜ ਦਿੰਦੇ ਹਨ।

ਮਾਹਵਾਰੀ ਚੱਕਰ, ਪੈਰੀਮੈਨੋਪੌਜ਼, ਮੈਨੋਪੌਜ਼, ਗਰਭ ਅਵਸਥਾ ਅਤੇ ਦੁੱਧ ਪਿਆਉਣ ਦੌਰਾਨ ਸਾਡੇ ਐਸਟ੍ਰੋਜਨ ਅਤੇ ਪ੍ਰੋਜੈਸਟ੍ਰੋਨ ਹਾਰਮੋਨ ਦੇ ਪੱਧਰ ਵਿੱਚ ਸਭ ਤੋਂ ਵੱਡਾ ਬਦਲਾਅ ਆਉਂਦਾ ਹੈ ਜਿਸ ਕਾਰਨ ਤੁਹਾਡੇ ਸਰੀਰ ਲਈ ਆਪਣੇ ਤਾਪਮਾਨ ਨੂੰ ਕੰਟ੍ਰੋਲ ਕਰਨਾ ਮੁਸ਼ਕਲ ਹੋ ਸਕਦਾ ਹੈ।
ਇਹ ਸਭ ਸਾਡੀ ਦਿਲ 'ਤੇ ਨਾੜੀ ਪ੍ਰਣਾਲੀ ਲਈ ਬਹੁਤ ਭਾਰੀ ਕੰਮ ਹੈ, ਖ਼ਾਸ ਕਰਕੇ ਗਰਮ ਮੌਸਮ ਵਿੱਚ।
ਲੂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਮਰਦਾਂ ਅਤੇ ਔਰਤਾਂ ਦੇ ਫਰਕ ਬਾਰੇ ਕੀਤੇ ਇੱਕ ਅਧਿਐਨ ਦੇ ਸਹਿ ਲੇਖਕ ਡਾ. ਪਿਨਹੋ ਗੋਮਜ਼ ਨੇ ਕਿਹਾ, "ਪਰ ਇਹ ਸਿਰਫ਼ ਜੀਵ ਵਿਗਿਆਨ ਹੀ ਨਹੀਂ ਹੈ ਜੋ ਸਾਨੂੰ ਵਧੇਰੇ ਖ਼ਤਰੇ ਵਿੱਚ ਪਾਉਂਦਾ ਹੈ।"
ਉਨ੍ਹਾਂ ਕਿਹਾ, "ਸਾਡੀ ਸਮਾਜਿਕ ਆਰਥਿਕ ਸ਼ਕਤੀ ਜਿਵੇਂ ਕਿ ਘੱਟ ਤਨਖਾਹ ਮਿਲਣਾ ਜਾਂ ਆਪਣਿਆਂ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਹੋਣਾ, ਇਸ ਗੱਲ 'ਤੇ ਹੋਰ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ ਕਿ ਅਸੀਂ ਗਰਮ ਮੌਸਮ ਵਿੱਚ ਆਪਣੀ ਦੇਖਭਾਲ ਕਿੰਨੀ ਚੰਗੀ ਤਰ੍ਹਾਂ ਕਰਨ ਦੇ ਯੋਗ ਹਾਂ।"
ਡਾ. ਪਿਨਹੋ ਗੋਮਜ਼ ਕਹਿੰਦੇ ਹਨ ਕਿ ਉਮਰ ਵੀ ਇੱਕ ਹੋਰ ਫੈਕਟਰ ਹੈ। ਜਿਵੇਂ-ਜਿਵੇਂ ਤੁਹਾਡੀ ਉਮਰ ਵਧਦੀ ਹੈ ਤੁਸੀਂ ਕਰਮੀ ਪ੍ਰਤੀ ਓਨੇ ਹੀ ਸੰਵੇਦਨਸ਼ੀਲ ਹੋ ਜਾਂਦੇ ਹੋ ਅਤੇ ਕਿਉਂਕਿ ਔਰਤਾਂ ਔਸਤਨ ਮਰਦਾਂ ਤੋਂ ਜ਼ਿਆਦਾ ਜਿਉਂਦੀਆਂ ਹਨ, "ਸਾਨੂੰ ਸਿਹਤ 'ਤੇ ਪ੍ਰਭਾਵਾਂ ਦਾ ਵਧੇਰੇ ਖ਼ਤਰਾ ਹੁੰਦਾ ਹੈ।"
ਉਨ੍ਹਾਂ ਕਿਹਾ, "ਬਜ਼ੁਰਗ ਲੋਕਾਂ ਵਿੱਚ ਡਿਮੈਂਸ਼ੀਆ ਹੋਣ ਦੀ ਸੰਭਾਵਨਾ ਵੀ ਵਧੇਰੇ ਹੁੰਦੀ ਹੈ ਜੋ ਪਿਆਸ ਦੇ ਅਹਿਸਾਸ ਦੀ ਸਮਰਥਾ ਨੂੰ ਘਟਾ ਸਕਦੀ ਹੈ ਜਾਂ ਉਹ ਅਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਪਿਸ਼ਾਬ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦੋਵੇਂ ਚੀਜ਼ਾਂ ਤੁਹਾਨੂੰ ਗਰਮੀ ਦੇ ਤਣਾਅ ਦੇ ਖ਼ਤਰੇ ਵਿੱਚ ਵਧੇਰੇ ਪਾ ਸਕਦੀਆਂ ਹਨ।"
ਮਾਹਵਾਰੀ ਦੇ ਦਿਨਾਂ ਵਿੱਚ ਵਧੇਰੇ ਬੇਚੈਨੀ ਮਹਿਸੂਸ ਹੋ ਸਕਦੀ ਹੈ

ਤਸਵੀਰ ਸਰੋਤ, Charlie Paddock
ਡਾ. ਆਰਿਫ਼ ਨੇ ਸਮਝਾਇਆ ਕਿ ਜਿਵੇਂ ਜਿਵੇਂ ਤੁਹਾਡੇ ਮਾਹਵਾਰੀ ਚੱਕਰ ਦੌਰਾਨ ਹਾਰਮੋਨ ਘੱਟਦੇ ਵਧਦੇ ਹਨ, ਉਵੇਂ-ਉਵੇਂ ਗਰਮੀ ਪ੍ਰਤੀ ਤੁਹਾਡੀ ਸੇਵੰਦਨਸ਼ੀਲਤਾ ਵੀ ਬਦਲਦੀ ਹੈ।
ਉਨ੍ਹਾਂ ਕਿਹਾ, "ਤੁਹਾਡੀ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਚੱਕਰ ਦੇ ਦੂਜੇ ਅੱਧ ਦੌਰਾਨ ਪ੍ਰੋਜੈਸਟ੍ਰੋਨ ਦਾ ਪੱਧਰ ਵੱਧ ਜਾਂਦਾ ਹੈ। ਇਹ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਵਧਾ ਸਕਦਾ ਹੈ ਜੋ ਕਿ ਪਹਿਲਾਂ ਹੀ ਗਰਮੀ ਮਹਿਸੂਸ ਹੋਣ ਦੀ ਸਥਿਤੀ ਵਿੱਚ ਬੇਚੈਨੀ ਨੂੰ ਹੋਰ ਵਧਾ ਦਿੰਦਾ ਹੈ।"
ਫਿਰ ਜਦੋਂ ਮਾਹਵਾਰੀ ਸ਼ੁਰੂ ਹੁੰਦੀ ਹੈ ਤਾਂ ਤੁਹਾਡੇ ਸਰੀਰਕ ਤਾਪਮਾਨ ਕੰਟ੍ਰੋਲ ਕਰਨ ਵਾਲੀ ਪ੍ਰਣਾਲੀ ਨੂੰ ਚਲਾਉਣ ਵਾਲਾ ਹਾਰਮੋਨ ਐਸਟ੍ਰੋਜਨ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਜਾਂਦਾ ਹੈ ਜਿਸ ਨਾਲ ਤੁਹਾਡੇ ਦਿਲ 'ਤੇ ਸਰੀਰ ਨੂੰ ਠੰਡਾ ਕਰਨ ਲਈ ਹੋਰ ਜ਼ਿਆਦਾ ਦਬਾਅ ਪੈਂਦਾ ਹੈ।
ਉੱਤਰੀ ਲੰਡਨ ਦੀ ਰਹਿਣ ਵਾਲੀ ਮਾਈਕੇਲਾ ਫਿਨ, ਜਿਸ ਨੂੰ ਜੂਨ ਦੇ ਅਖੀਰ ਵਿੱਚ ਪਈ ਭਿਆਨਕ ਗਰਮੀ ਦੌਰਾਨ ਮਾਹਵਾਰੀ ਆਈ ਹੋਈ ਸੀ, ਨੇ ਕਿਹਾ, "ਮੈਨੂੰ ਮਾਹਵਾਰੀ ਤਾਂ ਆਮ ਵਾਂਗ ਹੀ ਹੋਈ ਸੀ ਪਰ ਮੈਂ ਆਪਣੀ ਥਕਾਵਟ, ਚੱਕਰ ਆਉਣ, ਘਬਰਾਹਟ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਬਹੁਤ ਜ਼ਿਆਦਾ ਵਾਧਾ ਮਹਿਸੂਸ ਕੀਤਾ। "
ਉਸ ਨੇ ਕਿਹਾ, "ਮੇਰੀਆਂ ਕੰਮ ਦੀਆਂ ਸ਼ਿਫਟਾਂ ਵੀ ਉਨ੍ਹਾਂ ਦਿਨਾਂ ਵਿੱਚ ਹੀ ਆ ਗਈਆਂ ਸੀ। ਸਵੇਰੇ ਨਹਾਉਂਦੇ ਸਮੇਂ ਮੈਨੂੰ ਚੱਕਰ ਜਿਹਾ ਆਉਣ ਲੱਗਾ, ਹਾਲਾਤ ਨੂੰ ਸਮਝਦਿਆਂ ਮੈਨੂੰ ਬਿਮਾਰੀ ਦੀ ਛੁੱਟੀ ਲੈਣੀ ਪਈ। ਮੇਰਾ ਸਰੀਰ ਪੂਰੀ ਤਰ੍ਹਾਂ ਥੱਕਿਆ ਮਹਿਸੂਸ ਕਰ ਰਿਹਾ ਸੀ, ਦੁਖ ਰਿਹਾ ਸੀ ਅਤੇ ਕੜਵੱਲ ਪੈ ਰਹੇ ਸੀ।"
ਦੱਖਣੀ ਲੰਡਨ ਦੀ 27 ਸਾਲਾ ਚਾਰਲੀ ਪੈਡੋਕ ਨੇ ਵੀ ਦੱਸਿਆ ਕਿ "ਮੈਨੂੰ ਦੋ ਵਾਰ ਤਾਂ ਇੰਝ ਲੱਗਿਆ ਜਿਵੇਂ ਮੈਂ ਬੇਹੋਸ਼ ਹੋ ਜਾਵਾਂਗੀ ਅਤੇ ਹੌਟ ਫਲੱਸ਼ ਬੇਹੱਦ ਭਿਆਨਕ ਸਨ।"
ਜਦਕਿ 26 ਸਾਲਾ ਜੈਸ ਐਲਿੰਗਹਮ ਨੇ ਕਿਹਾ ਕਿ ਉਹ "ਆਮ ਦਿਨਾਂ ਨਾਲੋਂ ਕਿਤੇ ਜ਼ਿਆਦਾ ਥੱਕੀ ਹੋਈ ਮਹਿਸੂਸ ਕਰ ਰਹੀ ਸੀ" ਅਤੇ ਉਸ ਨੂੰ "ਪੂਰੀ ਤਰ੍ਹਾਂ ਬ੍ਰੇਨ ਫੌਗ (ਸੋਚਣ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ) ਦਾ ਸਾਹਮਣਾ ਕਰਨਾ ਪਿਆ।"
ਡਾ. ਆਰਿਫ਼ ਨੇ ਦੱਸਿਆ ਕਿ ਮਾਹਵਾਰੀ ਦੌਰਾਨ ਖੂਨ ਵਗਣ ਨਾਲ ਸਰੀਰ ਵਿੱਚੋਂ ਆਇਰਨ ਵੀ ਘਟਦਾ ਹੈ, ਜਿਸ ਦਾ ਅਸਰ ਤੁਹਾਡੀ ਨੀਂਦ 'ਤੇ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਭਾਰੀ ਮਾਹਵਾਰੀ ਹੁੰਦੀ ਹੈ, ਉਨ੍ਹਾਂ ਵਿੱਚ ਆਇਰਨ ਦੀ ਕਮੀ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਆਇਰਨ ਦੀ ਕਮੀ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਆਕਸੀਜਨ ਪਹੁੰਚਾਉਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਦਿਲ ਅਤੇ ਖੂਨ ਦੀਆਂ ਨਾੜੀਆਂ ਦੀ ਪ੍ਰਣਾਲੀ ਨੂੰ ਹੋਰ ਵੱਧ ਮਿਹਨਤ ਕਰਨੀ ਪੈਂਦੀ ਹੈ।
ਮੀਨੋਪੌਜ਼ ਦੌਰਾਨ ਹੌਟ ਫਲੱਸ਼ ਅਤੇ ਰਾਤ ਨੂੰ ਪਸੀਨਾ ਆਉਣ ਦੀ ਸਮੱਸਿਆ ਵਧ ਸਕਦੀ ਹੈ

ਤਸਵੀਰ ਸਰੋਤ, Hilary Serif/ Rosaline West
ਡਾ. ਆਰਿਫ਼ ਮੁਤਾਬਕ, ਪੈਰੀਮੈਨੋਪੌਜ਼ ਅਤੇ ਮੈਨੋਪੌਜ਼ ਦੌਰਾਨ ਐਸਟ੍ਰੋਜਨ ਹਾਰਮੋਨ ਦਾ ਪੱਧਰ ਘਟਣ ਕਾਰਨ ਹਾਟ ਫਲੱਸ਼ ਅਤੇ ਰਾਤ ਨੂੰ ਪਸੀਨਾ ਆਉਣਾ ਆਮ ਗੱਲ ਹੈ।
ਇਹੀ ਸਮੱਸਿਆ ਉਨ੍ਹਾਂ ਔਰਤਾਂ ਵਿੱਚ ਵੀ ਹੋ ਸਕਦੀ ਹੈ ਜਿਨ੍ਹਾਂ ਨੂੰ ਹਾਰਮੋਨ-ਸੰਵੇਦਨਸ਼ੀਲ ਕੈਂਸਰ ਜਾਂ ਐਂਡੋਮੀਟ੍ਰਿਓਸਿਸ ਅਤੇ ਪੋਲੀਐਂਡੋਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰੋਮ (ਪੀਐੱਮਓਐੱਸ) ਵਰਗੀਆਂ ਗੰਭੀਰ ਗਾਇਨੀਕੋਲੋਜੀਕਲ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਜਾਂ ਸਰਜਰੀ ਰਾਹੀਂ ਮੀਨੋਪੌਜ਼ ਦੀ ਸਥਿਤੀ ਵਿੱਚ ਲਿਆਂਦਾ ਜਾਂਦਾ ਹੈ।
ਡਾ. ਆਰਿਫ਼ ਨੇ ਕਿਹਾ ਕਿ ਹੀਟਵੇਵ ਦੌਰਾਨ ਹੌਟ ਫਲੱਸ਼ ਅਤੇ ਰਾਤ ਨੂੰ ਪਸੀਨਾ ਆਉਣ ਦੀ ਸਮੱਸਿਆ ਜ਼ਿਆਦਾ ਵਾਰ ਅਤੇ ਹੋਰ ਗੰਭੀਰ ਹੋ ਸਕਦੀ ਹੈ। ਮੀਨੋਪੌਜ਼ 'ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਬਾਰੇ ਹੋਏ ਇੱਕ ਅਧਿਐਨ ਮੁਤਾਬਕ, ਗਲੋਬਲ ਵਾਰਮਿੰਗ ਕਾਰਨ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ।
ਚੇਸ਼ਾਇਰ ਦੀ 57 ਸਾਲਾ ਹਿਲਰੀ ਸੈਰਿਫ ਨੇ ਜੂਨ ਦੀ ਹੀਟਵੇਵ ਦੌਰਾਨ ਆਪਣੇ ਹੌਟ ਫਲੱਸ਼ ਬਾਰੇ ਕਿਹਾ, "ਇਹ ਬਹੁਤ ਹੀ ਭਿਆਨਕ ਹੁੰਦੇ ਹਨ, ਖ਼ਾਸ ਕਰਕੇ ਰਾਤ ਦੇ ਸਮੇਂ।"
ਉਨ੍ਹਾਂ ਕਿਹਾ, "ਜਿਵੇਂ ਹੀ ਤੁਹਾਡੀ ਅੱਖ ਲੱਗਣ ਲੱਗਦੀ ਹੈ, ਅਚਾਨਕ ਹੌਟ ਫਲੱਸ਼ ਸ਼ੁਰੂ ਹੋ ਜਾਂਦੇ ਹਨ। ਪਹਿਲਾਂ ਹੀ ਗਰਮੀ ਲੱਗ ਰਹੀ ਹੁੰਦੀ ਹੈ ਅਤੇ ਉਸ ਤੋਂ ਕੋਈ ਰਾਹਤ ਨਹੀਂ ਮਿਲਦੀ। ਇਹ ਦੋਹਰੀ ਮਾਰ ਵਰਗਾ ਹੁੰਦਾ ਹੈ। ਹਾਰਮੋਨ ਰਿਪਲੇਸਮੈਂਟ ਥੈਰੇਪੀ (ਐੱਚਆਰਟੀ) ਨਾਲ ਕਾਫ਼ੀ ਮਦਦ ਮਿਲਦੀ ਹੈ, ਪਰ ਇਹ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕਰਦੀ।"
ਕੇਟਰਿੰਗ ਦੀ 41 ਸਾਲਾ ਡਾ. ਰੋਜ਼ਾਲੀਨ ਵੈਸਟ, ਜੋ ਪੈਰੀਮੈਨੋਪੌਜ਼ ਦੇ ਦੌਰ ਵਿੱਚ ਹਨ, ਨੇ ਕਿਹਾ ਕਿ ਇਸ ਹੀਟਵੇਵ ਨੂੰ ਸਹਿਣਾ "ਸਿਰਫ਼ ਕਿਸੇ ਤਰ੍ਹਾਂ ਬਚੇ ਰਹਿਣ ਵਰਗਾ ਸੀ।"
ਉਨ੍ਹਾਂ ਕਿਹਾ, "ਮੈਂ ਵਾਰ-ਵਾਰ ਆਪਣੇ ਅੰਦਰੂਨੀ ਕੱਪੜੇ ਬਦਲ ਰਹੀ ਸੀ ਅਤੇ ਆਖ਼ਰ ਵਿੱਚ ਮੈਂ ਅਤੇ ਮੇਰੀ ਇੱਕ ਦੋਸਤ ਨੇ ਪਸੀਨੇ ਅਤੇ ਬੇਚੈਨੀ ਕਾਰਨ ਬਰਾ ਪਾਉਣੀ ਹੀ ਛੱਡ ਦਿੱਤੀ ਸੀ।"
ਗਰਭ ਅਵਸਥਾ ਦੌਰਾਨ ਲੂ ਦਾ ਖ਼ਤਰਾ ਵਧ ਸਕਦਾ ਹੈ
ਇਸ ਸਾਲ ਦੇ ਸ਼ੁਰੂ ਵਿੱਚ ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਖੋਜ ਮੁਤਾਬਕ, ਗਰਭਵਤੀ ਔਰਤਾਂ ਲਈ ਸਰੀਰ ਦਾ ਤਾਪਮਾਨ ਕੰਟ੍ਰੋਲ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ। ਇਸ ਦਾ ਕਾਰਨ ਸਰੀਰ ਵਿੱਚ ਮੈਟਾਬੋਲਿਕ ਗਰਮੀ ਦਾ ਵਧਣਾ ਅਤੇ ਤਰਲ ਪਦਾਰਥਾਂ ਦੀ ਵਧੀ ਹੋਈ ਲੋੜ ਹੈ, ਜਿਸ ਕਾਰਨ ਉਨ੍ਹਾਂ ਵਿੱਚ ਲੂ ਦੇ ਪ੍ਰਭਾਵ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਇਸ ਦੇ ਪਿੱਛੇ ਵੀ ਹਾਰਮੋਨਾਂ ਦੀ ਹੀ ਭੂਮਿਕਾ ਹੁੰਦੀ ਹੈ।
ਉਸੇ ਅਧਿਐਨ ਮੁਤਾਬਕ, ਗਰਭ ਅਵਸਥਾ ਦੇ ਸ਼ੁਰੂਆਤੀ ਅਤੇ ਮੱਧ ਪੜਾਅ ਦੌਰਾਨ ਪ੍ਰੋਜੈਸਟ੍ਰੋਨ ਹਾਰਮੋਨ ਦੇ ਪੱਧਰ ਵਿੱਚ ਉਤਾਰ-ਚੜਾਅ ਸਰੀਰ ਨੂੰ ਹੋਰ ਗਰਮ ਮਹਿਸੂਸ ਕਰਵਾ ਸਕਦਾ ਹੈ।
ਇਸ ਤੋਂ ਬਾਅਦ ਗਰਭ ਅਵਸਥਾ ਦੇ ਆਖ਼ਰੀ ਪੜਾਵਾਂ ਵਿੱਚ ਐਸਟ੍ਰੋਜਨ ਦੇ ਨਾਲ-ਨਾਲ ਇਸ ਦਾ ਪੱਧਰ ਵੀ ਵਧਦਾ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਮੁੜ ਘਟਣ ਲੱਗਦਾ ਹੈ।
ਡਾ. ਆਰਿਫ ਨੇ ਦੱਸਿਆ ਕਿ ਸਰੀਰ ਦਾ ਆਕਾਰ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਡਾ. ਆਰਿਫ ਨੇ ਸਮਝਾਇਆ, "ਇਹ ਤਾਂ ਸਪੱਸ਼ਟ ਹੈ ਕਿ ਜਿਵੇਂ-ਜਿਵੇਂ ਤੁਹਾਡਾ ਸਰੀਰ ਵੱਡਾ ਹੁੰਦਾ ਹੈ, ਦਿਲ ਅਤੇ ਖੂਨ ਦੀਆਂ ਨਾੜੀਆਂ ਦੀ ਪ੍ਰਣਾਲੀ 'ਤੇ ਬੋਝ ਵੀ ਵਧਦਾ ਹੈ, ਕਿਉਂਕਿ ਤੁਸੀਂ ਆਪਣੇ ਅੰਦਰ ਇੱਕ ਬੱਚੇ ਨੂੰ ਪਾਲ ਰਹੇ ਹੁੰਦੇ ਹੋ।"
ਖੋਜ ਇਹ ਵੀ ਦਰਸਾਉਂਦੀ ਹੈ ਕਿ ਲੂ ਦਾ ਤਣਾਅ ਮਾਂ ਅਤੇ ਬੱਚੇ ਦੋਵਾਂ ਲਈ ਸਿਹਤ ਸੰਬੰਧੀ ਮਾੜੇ ਨਤੀਜਿਆਂ ਦੀ ਸੰਭਾਵਨਾ ਵਧਾ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਗਰਭ ਅਵਸਥਾਵਾਂ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਉੱਚ ਜੋਖ਼ਮ ਵਾਲਾ ਮੰਨਿਆ ਜਾਂਦਾ ਹੈ।
35 ਸਾਲਾ ਜੈਸ ਬਲੂਮ ਜੁਲਾਈ ਦੇ ਅੰਤ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸ ਨੇ ਕਿਹਾ, "ਗਰਮੀਆਂ ਦੇ ਸਿਖਰਲੇ ਦਿਨਾਂ ਵਿੱਚ ਗਰਭਵਤੀ ਹੋਣਾ ਨਰਕ ਵਰਗਾ ਹੈ, ਸੱਚਮੁੱਚ ਨਰਕ ਵਰਗਾ।"
ਉਸ ਨੇ ਦੱਸਿਆ ਕਿ ਉਸ ਨੇ ਰਸੋਈ ਦੇ ਫਰਸ਼ 'ਤੇ ਸੌਣ ਅਤੇ ਹਰ ਰਾਤ ਠੰਢੇ ਪਾਣੀ ਨਾਲ ਇਸ਼ਨਾਨ ਕਰਨ ਵਰਗੇ ਤਰੀਕੇ ਵੀ ਅਜ਼ਮਾਏ ਹਨ।
ਉਸ ਨੇ ਅੱਗੇ ਕਿਹਾ, "ਕਈ ਵਾਰ ਮੇਰੇ ਨਾਲ ਇੱਕ ਮਾਰਸ ਆਈਸਕ੍ਰੀਮ ਵੀ ਹੁੰਦੀ ਸੀ।"
ਹੀਟ ਐਗਜ਼ਾਸ਼ਨ ਅਤੇ ਹੀਟ ਸਟ੍ਰੋਕ ਦੇ ਲੱਛਣਾਂ ਨੂੰ ਪਛਾਣੋ

ਤਸਵੀਰ ਸਰੋਤ, Jess Bloom
ਗਰਮੀ ਦੇ ਸੰਪਰਕ ਨੂੰ ਦਿਲ ਅਤੇ ਖੂਨ ਦੀਆਂ ਨਾੜੀਆਂ ਨਾਲ ਜੁੜੀਆਂ ਬਿਮਾਰੀਆਂ ਅਤੇ ਮੌਤ ਦੇ ਵਧੇਰੇ ਖ਼ਤਰੇ ਨਾਲ ਜੋੜਿਆ ਗਿਆ ਹੈ, ਖ਼ਾਸ ਕਰਕੇ ਔਰਤਾਂ ਵਿੱਚ। ਗਰਮੀ ਦੇ ਪ੍ਰਭਾਵਾਂ ਬਾਰੇ ਹੋਏ ਅਧਿਐਨਾਂ ਦੀ ਇੱਕ ਵਿਆਪਕ ਸਮੀਖਿਆ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਹੀਟਵੇਵ ਦੌਰਾਨ ਦਿਲ 'ਤੇ ਪੈਣ ਵਾਲਾ ਵਾਧੂ ਦਬਾਅ ਬਲੱਡ ਪ੍ਰੈਸ਼ਰ ਨੂੰ ਘਟਾ ਸਕਦਾ ਹੈ। ਪਸੀਨੇ ਰਾਹੀਂ ਸਰੀਰ ਵਿੱਚੋਂ ਪਾਣੀ ਅਤੇ ਲੂਣ ਦੀ ਕਮੀ ਦੇ ਨਾਲ ਮਿਲ ਕੇ ਇਹ ਹੀਟ ਐਗਜ਼ਾਸ਼ਨ ਦਾ ਕਾਰਨ ਬਣ ਸਕਦੀ ਹੈ।
ਜੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਜਾਵੇ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਡਾ. ਆਰਿਫ਼ ਨੇ ਸਲਾਹ ਦਿੱਤੀ, "ਹੀਟ ਐਗਜ਼ਾਸ਼ਨ ਅਤੇ ਹੀਟ ਸਟ੍ਰੋਕ ਦੇ ਲੱਛਣਾਂ ਨੂੰ ਪਛਾਣੋ। ਖੂਬ ਤਰਲ ਪਦਾਰਥ ਪੀਓ, ਪੱਖਿਆਂ ਅਤੇ ਹੋਰ ਠੰਢਕ ਦੇਣ ਵਾਲੇ ਸਾਧਨਾਂ ਦੀ ਵਰਤੋਂ ਕਰੋ। ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ਕਸਰਤ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਡੁੱਬਣ ਤੋਂ ਬਾਅਦ ਕਰੋ। ਸਨਸਕ੍ਰੀਨ ਲਗਾਓ ਅਤੇ ਆਪਣੇ ਮਾਹਵਾਰੀ ਚੱਕਰ 'ਤੇ ਨਜ਼ਰ ਰੱਖੋ।"
ਉਨ੍ਹਾਂ ਕਿਹਾ, "ਗਰਮੀ ਨੂੰ ਆਪਣੇ ਦਿਲ ਅਤੇ ਖੂਨ ਦੀਆਂ ਨਾੜੀਆਂ ਦੀ ਪ੍ਰਣਾਲੀ ਲਈ ਇੱਕ ਤਣਾਅਪੂਰਨ ਪ੍ਰੀਖਿਆ ਵਾਂਗ ਸਮਝੋ। ਆਪਣੀ ਰਫ਼ਤਾਰ ਹੌਲੀ ਕਰੋ ਅਤੇ ਆਪਣੇ ਸਰੀਰ ਦਾ ਖ਼ਿਆਲ ਰੱਖੋ।"
ਉਨ੍ਹਾਂ ਨੇ ਰੁਜ਼ਗਾਰਦਾਤਾਵਾਂ, ਸਹਿਕਰਮੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਰਮ ਮੌਸਮ ਪ੍ਰਤੀ ਔਰਤਾਂ ਦੀ ਸੰਵੇਦਨਸ਼ੀਲਤਾ ਨੂੰ ਲੈ ਕੇ "ਹੋਰ ਜ਼ਿਆਦਾ ਸੁਚੇਤ" ਹੋਣ।
ਡਾ. ਪਿਨਹੋ-ਗੋਮਜ਼ ਨੇ ਵੀ ਇਸ ਨਾਲ ਸਹਿਮਤੀ ਜਤਾਉਂਦਿਆਂ ਕਿਹਾ, "ਸਾਨੂੰ ਫ਼ੈਸਲੇ ਲੈਣ ਵਾਲੀਆਂ ਥਾਵਾਂ 'ਤੇ ਵਧੇਰੇ ਔਰਤਾਂ ਦੀ ਲੋੜ ਹੈ, ਜੋ ਅਧਿਕਾਰ ਅਤੇ ਪ੍ਰਭਾਵ ਵਾਲੇ ਅਹੁਦਿਆਂ 'ਤੇ ਹੋਣ। ਉਹ ਮਰਦਾਂ ਦੇ ਮੁਕਾਬਲੇ ਔਰਤਾਂ ਦੀਆਂ ਲੋੜਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੀਆਂ ਹਨ।"
ਡਾ. ਆਰਿਫ ਨੇ ਕਿਹਾ, "ਇਹ ਸਿਰਫ਼ ਔਰਤਾਂ ਦੀ ਸਮੱਸਿਆ ਨਹੀਂ ਹੈ। ਇਹ ਸਮਾਜ ਦੀ ਸਮੱਸਿਆ ਹੈ। ਜੇ ਅਸੀਂ ਔਰਤਾਂ ਲਈ ਇਸ ਨੂੰ ਸਹੀ ਢੰਗ ਨਾਲ ਹੱਲ ਕਰ ਲੈਂਦੇ ਹਾਂ ਤਾਂ ਅਸੀਂ ਹਰ ਕਿਸੇ ਲਈ ਇਸ ਨੂੰ ਸਹੀ ਢੰਗ ਨਾਲ ਹੱਲ ਕਰ ਲੈਂਦੇ ਹਾਂ।"
ਐਲਿਕਸ ਹੈਟਨਸਟੋਨ ਅਤੇ ਮੈਰੀ ਲਿਚਫੀਲਡ ਦੀ ਵਾਧੂ ਰਿਪੋਰਟਿੰਗ ਦੇ ਨਾਲ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












