ਫ਼ਿਲਮ ਸਤਲੁਜ: ਪੰਜਾਬ ’ਚ ਹਿੰਸਾ ਦੇ ਦੌਰ ’ਚ ਜਾਨਾਂ ਗੁਆਉਣ ਵਾਲਿਆਂ ਲਈ ਹਰੀਕੇ ਪੱਤਣ ਵਿਖੇ ਅਰਦਾਸ ਹੋਈ, ਇਸ ਮੌਕੇ ਕੀ-ਕੀ ਐਲਾਨ ਹੋਏ

ਅਰਦਾਸ ਲਈ ਹੱਥ ਜੋੜ ਕੇ ਖੜ੍ਹੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਪੰਥਕ ਹਸਤੀਆਂ।
ਤਸਵੀਰ ਕੈਪਸ਼ਨ, ਹਰੀਕੇ ਪੱਤਣ ਵਿਖੇ ਕੀਤੀ ਗਈ ਅਰਦਾਸ ਵੇਲੇ ਦੀ ਤਸਵੀਰ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਜਸਵੰਤ ਸਿੰਘ ਖਾਲੜਾ ਸਮੇਤ 1980ਵਿਆਂ ਤੇ 90ਵਿਆਂ ਦੇ ਦੌਰ ਵਿੱਚ ਪੰਜਾਬ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਲਈ ਹਰੀਕੇ ਪੱਤਣ ਵਿਖੇ ਮੰਗਲਵਾਰ ਯਾਨੀ 14 ਜੁਲਾਈ ਦੀ ਸ਼ਾਮ ਨੂੰ ਅਰਦਾਸ ਕੀਤੀ ਗਈ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ ਅਰਦਾਸ ਵਿੱਚ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਕਈ ਲੋਕ ਪਹੁੰਚੇ।

ਇਸ ਮੌਕੇ ਉਹ ਪਰਿਵਾਰ ਵੀ ਪਹੁੰਚੇ ਜਿਨ੍ਹਾਂ ਨੇ ਹਿੰਸਾ ਦੇ ਦੌਰ ਵਿੱਚ ਆਪਣਿਆਂ ਨੂੰ ਗੁਆਇਆ ਸੀ।

ਅਸਲ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ 'ਤੇ ਅਧਾਰਿਤ ਫ਼ਿਲਮ ਸਤਲੁਜ ਦੇ ਪਹਿਲਾਂ ਓਟੀਟੀ ਉੱਤੇ ਰਿਲੀਜ਼ ਹੋਣ ਤੇ ਉਸ ਮਗਰੋਂ ਦੋ ਦਿਨਾਂ ਵਿੱਚ ਹਟਾਏ ਜਾਣ ਮਗਰੋਂ ਵਿਵਾਦ ਹੋਇਆ ਸੀ।

ਉਸ ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਜਸਵੰਤ ਸਿੰਘ ਖਾਲੜਾ ਨੂੰ ਕਤਲ ਕਰਨ ਮਗਰੋਂ ਉਨ੍ਹਾਂ ਦੀ ਲਾਸ਼ ਨੂੰ ਹਰੀਕੇ ਪੱਤਣ ਵਿੱਚ ਸੁੱਟ ਦਿੱਤਾ ਸੀ।

ਸੀਬੀਆਈ ਦੀ ਜਾਂਚ ਦੌਰਾਨ ਇੱਕ ਅਹਿਮ ਗਵਾਹ ਕੁਲਦੀਪ ਸਿੰਘ ਬਚੜਾ ਨੇ ਬਿਆਨ ਦਿੱਤਾ ਕਿ ਖਾਲੜਾ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਹਰੀਕੇ ਨੇੜੇ ਨਹਿਰ/ਸਤਲੁਜ ਦੇ ਪਾਣੀ ਵਿੱਚ ਸੁੱਟ ਦਿੱਤੀ ਗਈ ਸੀ।

ਬਾਅਦ ਵਿੱਚ ਸੀਬੀਆਈ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਅਤੇ ਅਦਾਲਤ ਨੇ ਇਸੇ ਪ੍ਰੋਸੀਕਿਊਸ਼ਨ ਕੇਸ ਦੇ ਆਧਾਰ 'ਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ।

ਅਰਦਾਸ ਸਮਾਗਮ ਦੌਰਾਨ ਵਿਸ਼ੇਸ਼ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ।

ਜਥੇਦਾਰ ਗੜਗੱਜ ਨੇ ਉਸ ਦੌਰ ਵਿੱਚ ਲਵਾਰਿਸ ਲਾਸ਼ਾਂ ਕਹਿ ਕੇ ਸਾੜੇ ਜਾਣ ਵਾਲੇ ਅਤੇ ਦਰਿਆਵਾਂ ਵਿੱਚ ਰੋੜ੍ਹ ਦਿੱਤੇ ਜਾਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਉਨ੍ਹਾਂ ਧੀਆਂ-ਪੁੱਤਾਂ ਦੇ ਇਨਸਾਫ ਲਈ ਖਾਲਸਾ ਪੰਥ ਨੂੰ ਬਲ ਮਿਲੇ।

ਜਥੇਦਾਰ ਗੜਗੱਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ, "ਦਰਿਆਵਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹ ਦਰਿਆ ਸਾਨੂੰ ਜ਼ਿੰਦਗੀ ਦਿੰਦੇ ਹਨ। ਸਾਡੇ ਸੂਬੇ ਦਾ ਨਾਮ ਪੰਜ-ਆਬ, ਪੰਜ ਦਰਿਆਵਾਂ ਦੇ ਨਾਮ 'ਤੇ ਹੈ।"

ਉਨ੍ਹਾਂ ਅੱਗੇ ਕਿਹਾ, “ਪਰ 90ਵਿਆਂ ਦੇ ਦਹਾਕੇ ਵਿੱਚ ਸਾਨੂੰ ਜੀਵਨ ਵਾਲੇ ਦਰਿਆਵਾਂ ਵਿੱਚ ਹੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ।”

ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਮਰਿਆਦਾ ਨਾਲ ਅੰਤਿਮ ਰਸਮਾਂ, ਆਖ਼ਰੀ ਹੱਕ ਹੁੰਦਾ ਹੈ, ਪਰ ਹਜ਼ਾਰਾਂ ਲੋਕਾਂ ਤੋਂ ਉਹ ਹੱਕ ਖੋਹਿਆ ਗਿਆ।

ਜਥੇਦਾਰ ਨੇ ਕਿਹਾ, "ਸਾਡੇ ਪੰਥ ਦਾ ਕੋਈ ਵੀ 'ਸ਼ਹੀਦ' ਲਾਵਾਰਿਸ ਨਹੀਂ ਹੈ। ਸਮੁੱਚਾ ਪੰਥ ਆਪਣੇ 'ਸ਼ਹੀਦਾਂ' ਦਾ ਵਾਰਿਸ ਹੈ।"

ਉਨ੍ਹਾਂ ਇਹ ਵੀ ਕਿਹਾ, "ਇੱਥੇ ਕਿਸੇ ਵਿਸ਼ੇਸ਼ ਧਰਮ ਦੀ ਗੱਲ ਕਰਨ ਲਈ ਨਹੀਂ ਆਏ, ਬਲਕਿ ਮਨੁੱਖੀ ਹੱਕਾਂ ਦੀ ਗੱਲ ਕਰਨ ਲਈ ਇਕੱਠੇ ਹੋਏ ਹਾਂ।"

ਹਰੀਕੇ ਪੱਤਣ ਨੂੰ ਐਲਾਨਿਆ ਗਿਆ 'ਸ਼ਹੀਦੀ ਪੱਤਣ'

ਹਰੀਕੇ ਪੱਤਣ ਵਿਖੇ ਲੋਕਾਂ ਦਾ ਇਕੱਠ।
ਤਸਵੀਰ ਕੈਪਸ਼ਨ, ਹਰੀਕੇ ਪੱਤਣ ਵਿਖੇ ਬੁੱਧਵਾਰ ਸ਼ਾਮ ਹੋਈ ਅਰਦਾਸ ਵਿੱਚ ਪੰਜਾਬ ਤੋਂ ਹਜ਼ਾਰਾਂ ਪਰਿਵਾਰ ਸ਼ਾਮਲ ਹੋਏ ਜਿਨ੍ਹਾਂ ਦੇ ਆਪਣੇ ਉਸ ਦੌਰ ਦੀ ਭੇਂਟ ਚੜ੍ਹੇ।

ਇਸ ਅਰਦਾਸ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰੀਕੇ ਪੱਤਣ ਨੂੰ 'ਸ਼ਹੀਦੀ ਪੱਤਣ' ਐਲਾਨਿਆ ਗਿਆ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਥ ਜਸਵੰਤ ਸਿੰਘ ਖਾਲੜਾ ਨੂੰ 'ਕੌਮੀ ਸ਼ਹੀਦ' ਮੰਨਦਾ ਹੈ ਅਤੇ ਮੰਨਦਾ ਰਹੇਗਾ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਕਿ 1982 ਤੋਂ 1995 ਤੱਕ ਇਸ ਤਰ੍ਹਾਂ ਜਾਨਾਂ ਗਵਾਉਣ ਵਾਲੇ ਜਿਨ੍ਹਾਂ ਨੂੰ ਲਾਵਾਰਿਸ ਕਿਹਾ ਗਿਆ, ਉਨ੍ਹਾਂ ਦੇ ਵੇਰਵਿਆਂ ਦਾ ਦਸਤਾਵੇਜ਼ ਬਣਾਇਆ ਜਾਵੇ।

ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਹਰੀਕੇ ਪੱਤਣ ਵਿਖੇ ਉਨ੍ਹਾਂ ਦੀ ਯਾਦਗਾਰ ਬਣਾਈ ਜਾਏਗੀ ਜਿੱਥੇ ਇਹ ਸਾਰੇ ਨਾਮ ਵੀ ਲਿਖੇ ਜਾਣਗੇ।

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇੱਥੇ ਕੁਝ ਜਗ੍ਹਾ ਹਾਸਿਲ ਕਰਕੇ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਜਿੱਥੇ ਕਿਸੇ ਕੋਲ ਵੀ ਲਵਾਰਿਸ ਕਹਿ ਕੇ ਸਾੜੇ ਜਾਂ ਰੋੜ੍ਹੇ ਲੋਕਾਂ ਬਾਰੇ ਵੇਰਵੇ ਹਨ, ਐਸਜੀਪੀਸੀ ਨਾਲ ਸਾਂਝੇ ਕੀਤੇ ਜਾਣ।

ਉਨ੍ਹਾਂ ਇਹ ਵੀ ਕਿਹਾ, "ਮੈਂ ਸਮੁੱਚੇ ਪਰਿਵਾਰਾਂ ਨੂੰ ਵੀ ਬੇਨਤੀ ਕਰਦਾਂ ਹਾਂ ਜਿਨ੍ਹਾਂ ਦੇ ਵੀ ਪਰਿਵਾਰਕ ਮੈਂਬਰ ਇਸ ਭੇਂਟ ਚੜ੍ਹੇ ਹਨ, ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਆ ਕੇ ਨਾਮ ਦੱਸਣ ਤਾਂ ਕਿ ਦਸਤਾਵੇਜ਼ ਵੀ ਬਣਾਇਆ ਜਾ ਸਕੇ ਅਤੇ ਇੱਥੇ ਯਾਦਗਾਰ ਵਿੱਚ ਵੀ ਨਾਮ ਅੰਕਿਤ ਹੋ ਸਕਣ। "

ਉਧਰ ਖਾਲੜਾ ਕੇਸ ਵਿੱਚ ਅਹਿਮ ਗਵਾਹ ਰਾਜੀਵ ਸਿੰਘ ਰੰਧਾਵਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਸਿਰਫ਼ ਸਿੱਖਾਂ ਦੇ ਹੱਕਾਂ ਲਈ ਨਹੀਂ, ਬਲਕਿ ਮਨੁੱਖੀ ਹੱਕਾਂ ਲਈ ਲੜੇ ਸਨ। ਰੰਧਾਵਾ ਨੇ ਕਿਹਾ ਕਿ ਖਾਲੜਾ ਨੇ ਉਸ ਦੌਰ ਵਿੱਚ ਖਾੜਕੂਆਂ ਵੱਲੋਂ ਨਿਰਦੋਸ਼ ਹਿੰਦੂਆਂ ਨੂੰ ਮਾਰੇ ਜਾਣ ਦਾ ਵੀ ਡਟ ਕੇ ਵਿਰੋਧ ਕੀਤਾ ਸੀ।

ਸਮੂਹ ਪੀੜਤਾਂ ਵਾਸਤੇ ਅਰਦਾਸ ਲਈ ਬਿੱਟੂ ਵੱਲੋਂ ਜਥੇਦਾਰ ਦਾ ਧੰਨਵਾਦ

ਅਰਦਾਸ ਸਮਾਗਮ ਦੌਰਾਨ ਬੈਠੇ ਲੋਕ।
ਤਸਵੀਰ ਕੈਪਸ਼ਨ, ਜਥੇਦਾਰ ਨੇ ਕਿਹਾ ਕਿ ਇੱਥੇ ਕਿਸੇ ਵਿਸ਼ੇਸ਼ ਧਰਮ ਦੀ ਗੱਲ ਕਰਨ ਲਈ ਨਹੀਂ ਆਏ, ਬਲਕਿ ਮਨੁੱਖੀ ਹੱਕਾਂ ਦੀ ਗੱਲ ਕਰਨ ਲਈ ਇਕੱਠੇ ਹੋਏ ਹਾਂ।

ਫ਼ਿਲਮ ਸਤਲੁਜ ਖ਼ਿਲਾਫ਼ ਬਿਆਨ ਦੇਣ ਵਾਲੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਹਰੀਕੇ ਪੱਤਣ ਵਿਖੇ ਹੋਈ ਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕੀਤਾ ਕਿ ਸਮੂਹ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਅਰਦਾਸ ਕੀਤੀ ਗਈ।

ਉਨ੍ਹਾਂ ਨੇ ਕਿਹਾ, "ਅਰਦਾਸ ਵਿੱਚ ਪੰਜਾਬ ਦੇ ਅੱਤਵਾਦ ਦੇ ਦੁਖਦਾਈ ਦੌਰ ਦੌਰਾਨ ਜਾਨਾਂ ਗਵਾਉਣ ਵਾਲੇ ਸਮੂਹ ਲੋਕਾਂ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਦਮ ਸਿੱਖ ਧਰਮ ਦੇ ਮਨੁੱਖਤਾ, ਨਿਆਂ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਨੂੰ ਹੋਰ ਮਜ਼ਬੂਤ ਕਰਦਾ ਹੈ।"

ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਅਰਦਾਸ ਕਿਸੇ ਇੱਕ ਵਰਗ ਤੱਕ ਸੀਮਿਤ ਨਾ ਰਹੇ ਬਲਕਿ ਉਸ ਦੁਖਦਾਈ ਦੌਰ ਦੇ ਹਰ ਬੇਕਸੂਰ ਪੀੜਤ ਲਈ ਹੋਵੇ ਜਿਨ੍ਹਾਂ ਵਿੱਚ ਬੇਗੁਨਾਹ ਨਾਗਰਿਕ, ਬੱਸ ਯਾਤਰੀ, ਪੁਲਿਸ ਮੁਲਾਜ਼ਮ, ਲੋਕ ਸੇਵਕ ਸ਼ਾਮਲ ਹਨ।

ਪੀੜਤ ਪਰਿਵਾਰਾਂ ਨੇ ਕੀ ਕਿਹਾ ?

ਅਰਦਾਸ ਸਮਾਗਮ
ਤਸਵੀਰ ਕੈਪਸ਼ਨ, ਅਰਦਾਸ ਸਮਾਗਮ ਵਿੱਚ ਬੈਠੀਆਂ ਬੀਬੀਆਂ

ਅਰਦਾਸ ਵਿੱਚ ਸ਼ਾਮਲ ਹੋਣ ਆਈ ਇੱਕ ਬਜ਼ੁਰਗ ਬੀਬੀ ਵੀਰ ਕੌਰ ਆਪਣੇ ਪਤੀ ਸੁਖਵੰਤ ਸਿੰਘ ਦੀ ਤਸਵੀਰ ਲੈ ਕੇ ਆਈ। ਉਨ੍ਹਾਂ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਪਤੀ ਨੂੰ ਵੀ ਘਰੋਂ ਚੁੱਕ ਕੇ ਲੈ ਗਈ ਸੀ ਅਤੇ ਬਾਅਦ ਵਿੱਚ ਅਖਬਾਰ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਮਾਰ ਕੇ ਲਾਵਾਰਸ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, "ਸਾਨੂੰ ਉਨ੍ਹਾਂ ਦਾ ਕੋਈ ਸਬੂਤ, ਕੋਈ ਲੀੜਾ ਕੱਪੜਾ ਨਹੀਂ ਦਿੱਤਾ ਗਿਆ "

ਵੀਰ ਕੌਰ ਨੇ ਦੱਸਿਆ ਕਿ ਟੀਵੀ ਤੋਂ ਉਨ੍ਹਾਂ ਨੂੰ ਇੱਥੇ ਹੋਣ ਜਾ ਰਹੀ ਅਰਦਾਸ ਬਾਰੇ ਜਾਣਕਾਰੀ ਮਿਲੀ ਸੀ, ਜਿਸ ਵਿੱਚ ਸ਼ਾਮਲ ਹੋਣ ਲਈ ਉਹ ਪਹੁੰਚੇ ਹਨ।

ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਆਈ ਇੱਕ ਹੋਰ ਬੀਬੀ ਰਾਜ ਕੌਰ ਵੀ ਆਪਣੇ ਪਤੀ ਦੀ ਤਸਵੀਰ ਨਾਲ ਅਰਦਾਸ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਫਿਲਮ ਬੈਨ ਕਰਨ ਦਾ ਵਿਰੋਧ ਕੀਤਾ।

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਬਾਲ ਤੋਂ ਇੱਥੇ ਪਹੁੰਚੇ ਬਜ਼ੁਰਗ ਹਰਬੰਸ ਸਿੰਘ ਝਬਾਲ ਨੇ ਹੋਈ ਅਰਦਾਸ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਨੂੰ ਉਸ ਦੌਰ ਵਿੱਚ ਘਰੋਂ ਚੁੱਕ ਲਿਆ ਗਿਆ ਸੀ ਅਤੇ ਲਾਪਤਾ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਕੇਸ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਜਸਵੰਤ ਸਿੰਘ ਖਾਲੜਾ ਪੈਰਵੀ ਕਰ ਰਹੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)