ਸਤਲੁਜ: ਹਰੀਕੇ ਪੱਤਣ ਕੀ ਹੈ? ਪੰਜਾਬ ਦੀ 'ਜੀਵਨ-ਰੇਖਾ' ਸਤਲੁਜ ਦਰਿਆ ਕਿਵੇਂ ਬਣਿਆ ਇਤਿਹਾਸਕ ਘਟਨਾਵਾਂ ਦਾ ਗਵਾਹ

ਹਰੀਕੇ ਪੱਤਣ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਹਰੀਕੇ ਪੱਤਣ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿੱਚ ਇੱਕ ਇਤਿਹਾਸਕ ਅਤੇ ਭੂਗੋਲਿਕ ਮਹੱਤਤਾ ਵਾਲਾ ਸਥਾਨ ਹੈ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' ਵਿੱਚ ਜਿਸ ਹਰੀਕੇ ਪੱਤਣ ਦੇ ਪੁਲ ਤੋਂ ਸਤਲੁਜ ਦਰਿਆ ਵਿੱਚ ਕਥਿਤ ਤੌਰ ਉੱਤੇ ਪੁਲਿਸ ਵੱਲੋਂ ਲਾਸ਼ਾਂ ਸੁੱਟਣ ਦੇ ਦ੍ਰਿਸ਼ ਦਿਖਾਏ ਗਏ ਹਨ, ਉਹ ਸਤਲੁਜ ਸਦੀਆਂ ਤੋਂ 'ਪੰਜਾਬ ਦੇ ਲੋਕਾਂ ਦੀ ਲਾਈਫ਼ ਲਾਈਨ' ਹੈ।

ਹਰੀਕੇ ਪੱਤਣ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿੱਚ ਇੱਕ ਇਤਿਹਾਸਕ ਅਤੇ ਭੂਗੋਲਿਕ ਮਹੱਤਤਾ ਵਾਲਾ ਸਥਾਨ ਹੈ, ਜਿੱਥੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ।

ਮਾਝੇ ਅਤੇ ਮਾਲਵੇ ਵਿੱਚਕਾਰ ਲਕੀਰ ਖਿੱਚਦੇ ਸਤੁਲਜ ਦਰਿਆ 'ਤੇ ਇੱਥੇ ਬਣੇ ਹਰੀਕੇ ਹੈੱਡਵਰਕਸ ਨੂੰ ਸਿੰਚਾਈ, ਜਲ ਪ੍ਰਬੰਧਨ ਅਤੇ ਖੇਤੀਬਾੜੀ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਇਸ ਰਿਪੋਰਟ ਵਿੱਚ ਆਓ ਜਾਣੀਏ ਹਰੀਕੇ ਪੱਤਣ ਬਾਰੇ ਅਤੇ ਮਾਝੇ-ਮਾਲਵੇ ਤੋਂ ਭਾਰਤ-ਪਾਕਿਸਤਾਨ ਦੇ ਪੰਜਾਬਾਂ ਨੂੰ ਵੰਡਦੇ ਸਤਲੁਜ ਦਾ ਇਤਿਹਾਸ ਕੀ ਹੈ।

ਹਰੀਕੇ ਪੱਤਣ ਕੀ ਹੈ?

ਭਾਰਤ-ਪਾਕਿਸਤਾਨ ਸਰਹੱਦ 'ਤੇ ਵਸੇ ਪੰਜਾਬ ਵਿੱਚ ਹਰੀਕੇ ਪੱਤਣ ਸੂਬੇ ਦੇ ਤਰਨ ਤਾਰਨ, ਫ਼ਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਨੂੰ ਛੂਹਦੀ ਹੈ ਜੋ ਹਰੀਕੇ ਵੈਟਲੈਂਡ ਦੇ ਨਾਮ ਨਾਲ ਵੀ ਮਸ਼ਹੂਰ ਹੈ। ਹਰੀਕੇ ਪੱਤਣ, ਹਰੀਕੇ ਕਸਬੇ ਵਿੱਚ ਪੈਂਦਾ ਹੈ।

"ਪੱਤਣ" ਸ਼ਬਦ ਪੁਰਾਣੇ ਸਮਿਆਂ ਦੇ ਉਸ ਦਰਿਆਈ ਘਾਟ ਲਈ ਵਰਤਿਆ ਜਾਂਦਾ ਸੀ ਜਿੱਥੋਂ ਲੋਕ ਕਿਸ਼ਤੀਆਂ ਰਾਹੀਂ ਦਰਿਆ ਪਾਰ ਕਰਦੇ ਸਨ।

ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਮੁਤਾਬਕ ਇਹ 'ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵੈਟਲੈਂਡ (ਦਲਦਲੀ ਭੂਮੀ) ਹੈ।

ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਅਨੁਸਾਰ ਇਹ 'ਵੈਟਲੈਂਡ ਲਗਭਗ 86 ਵਰਗ ਕਿਲੋਮੀਟਰ' ਵਿੱਚ ਫੈਲੀ ਹੋਈ ਹੈ।

'ਇਸ ਨੂੰ 1990 ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਮਹੱਤਵ ਵਾਲੇ ਰਾਮਸਰ ਸਥਾਨ ਦਾ ਦਰਜਾ ਪ੍ਰਾਪਤ ਹੋਇਆ ਸੀ।'

'ਹਰ ਸਾਲ ਸਰਦੀਆਂ ਦੇ ਮੌਸਮ ਦੌਰਾਨ ਇੱਥੇ ਹਜ਼ਾਰਾਂ ਪਰਵਾਸੀ ਪੰਛੀ ਆਉਂਦੇ ਹਨ, ਜਿਨ੍ਹਾਂ ਵਿੱਚੋਂ ਕਈ ਸਾਈਬੇਰੀਆ ਅਤੇ ਆਰਕਟਿਕ ਵਰਗੇ ਦੂਰ-ਦੁਰਾਡੇ ਖੇਤਰਾਂ ਤੋਂ ਆਉਂਦੇ ਹਨ।'

ਹਰੀਕੇ ਪੱਤਣ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਹਰੀਕੇ ਹੈੱਡਵਰਕਸ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਤੋਂ ਹੇਠਾਂ ਬਣਿਆ ਹੈ

ਹਰੀਕੇ ਹੈੱਡਵਰਕਸ ਕੀ ਹੈ?

ਸਾਲ 1953 ਵਿੱਚ ਹਰੀਕੇ ਪੱਤਣ 'ਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਤੋਂ ਹੇਠਾਂ ਇੱਕ ਮਹੱਤਵਪੂਰਨ ਹਰੀਕੇ ਹੈੱਡਵਰਕਸ (ਬੈਰਾਜ) ਬਣਾਇਆ ਗਿਆ ਸੀ।

ਭਾਰਤ ਸਰਕਾਰ ਦੇ ਕੇਂਦਰੀ ਜਲ ਕਮਿਸ਼ਨ ਮੁਤਾਬਕ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਤੋਂ ਹੇਠਾਂ ਬਣਿਆ ਹਰੀਕੇ ਹੈੱਡਵਰਕਸ, ਰੂਪਨਗਰ ਹੈੱਡਵਰਕਸ ਤੋਂ ਸਤਲੁਜ ਵਿੱਚ ਛੱਡੇ ਗਏ ਪਾਣੀ ਅਤੇ ਬਿਆਸ ਦਰਿਆ ਉੱਤੇ ਬਣੇ ਪੌਂਗ ਡੈਮ ਤੋਂ ਛੱਡੇ ਪਾਣੀ ਨੂੰ ਲੈਂਦਾ ਹੈ।

ਇਸ ਤੋਂ ਇਲਾਵਾ, ਰਾਵੀ-ਬਿਆਸ ਲਿੰਕ ਰਾਹੀਂ ਮਾਧੋਪੁਰ ਤੋਂ ਰਾਵੀ ਦਰਿਆ ਦਾ ਮੋੜਿਆ ਗਿਆ ਪਾਣੀ ਵੀ ਹਰੀਕੇ ਹੈੱਡਵਰਕਸ ਤੱਕ ਪਹੁੰਚਦਾ ਹੈ।

'ਹਰੀਕੇ ਹੈੱਡਵਰਕਸ 'ਤੇ ਇਕੱਠਾ ਹੋਣ ਵਾਲਾ ਇਹ ਪਾਣੀ ਰਾਜਸਥਾਨ ਨਹਿਰ, ਸਰਹਿੰਦ ਨਹਿਰ ਅਤੇ ਫ਼ਿਰੋਜ਼ਪੁਰ ਫੀਡਰ ਨਹਿਰ ਪ੍ਰਣਾਲੀਆਂ ਰਾਹੀਂ ਪੰਜਾਬ ਅਤੇ ਰਾਜਸਥਾਨ ਵਿੱਚ ਸਿੰਚਾਈ ਲਈ ਵਰਤਿਆ ਜਾਂਦਾ ਹੈ।'

ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਹਰੀਕੇ ਹੈੱਡਵਰਕਸ ਤੋਂ ਦੋ ਪ੍ਰਮੁੱਖ ਨਹਿਰਾਂ ਸਰਹੰਦ ਫੀਡਰ ਪੰਜਾਬ ਲਈ ਅਤੇ ਰਾਜਸਥਾਨ ਫੀਡਰ ਰਾਜਸਥਾਨ ਲਈ ਨਿੱਕਲਦੀਆਂ ਹਨ। ਇਸ ਦੇ ਨਾਲ ਹੀ ਇੱਕ ਛੋਟੀ ਮਖੂ ਨਹਿਰ ਇੱਥੋਂ ਹੀ ਨਿੱਕਲਦੀ ਹੈ।"

ਉਹ ਦੱਸਦੇ ਹਨ, "ਸਰਹੰਦ ਫੀਡਰ ਵਾਲੀ ਨਹਿਰ ਅਬੋਹਰ, ਬਠਿੰਡਾ, ਫ਼ਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਆਦਿ ਇਲਾਕਿਆਂ ਨੂੰ ਪਾਣੀ ਦਿੰਦੀ ਹੈ। ਦੂਜੇ ਪਾਸੇ ਸਤਲੁਜ ਦਰਿਆ ਅੱਗੇ ਨਿੱਕਲ ਜਾਂਦਾ ਹੈ ਅਤੇ ਪਾਕਿਸਤਾਨ ਤੋਂ ਤਿੰਨ-ਚਾਰਾਂ ਥਾਵਾਂ ਤੋਂ ਘੁੰਮ ਕੇ ਮੁੜ ਭਾਰਤ ਵਾਲੇ ਪਾਸੇ ਆ ਜਾਂਦਾ ਹੈ। ਫਿਰ ਸਾਰਾ ਪਾਣੀ ਹੁਸੈਨੀਵਾਲਾ ਹੈੱਡਵਰਕਸ 'ਤੇ ਕੰਟ੍ਰੋਲ ਹੁੰਦਾ ਹੈ।"

"ਇੱਥੋਂ ਪੰਜਾਬ ਦੀਆਂ ਦੋ ਹੋਰ ਨਹਿਰਾਂ ਨੂੰ ਪਾਣੀ ਮਿਲਦਾ ਹੈ। ਇਹਨਾਂ ਨਹਿਰਾਂ ਦਾ ਪਾਣੀ ਇੱਥੇ ਹੀ ਵਰਤਿਆ ਜਾਂਦਾ ਹੈ। ਹਰੀਕੇ ਤੋਂ ਉਨਾਂ ਹੀ ਪਾਣੀ ਛੱਡਿਆ ਜਾਂਦਾ ਹੈ ਜਿੰਨਾਂ ਸਾਡੀਆਂ ਨਹਿਰਾਂ ਲਈ ਚਾਹੀਦਾ ਹੁੰਦਾ ਹੈ। ਇਹ ਕਰੀਬ ਛੇ ਕੁ ਹਜ਼ਾਰ ਕਿਊਸਿਕ ਪਾਣੀ ਆਉਂਦਾ ਹੈ।"

"ਦੂਜੇ ਪਾਸੇ ਸਤਲੁਜ ਗੁਰੂਹਰਸਾਏ ਤੋਂ ਕੁਝ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਪਾਕਿਸਾਤਨ ਵਿੱਚ ਚਲਾ ਜਾਂਦਾ ਹੈ।"

ਦੂਜੇ ਪਾਸੇ ਰਾਜਸਥਾਨ ਨੂੰ ਪਾਣੀ ਦੇਣ ਦਾ ਪੰਜਾਬ ਦੇ ਕਈ ਲੋਕਾਂ ਨੇ ਵਿਰੋਧ ਵੀ ਕੀਤੀ ਸੀ।

ਸਿੱਖ ਇਤਿਹਾਸਕਾਰ ਸੁਖਦਿਆਲ ਸਿੰਘ ਕਹਿੰਦੇ ਹਨ, "ਰਾਜਸਥਾਨ ਜਿੰਨਾ ਆਬਾਦ ਹੋਇਆ, ਉਹ ਸਤਲੁਜ ਦੇ ਪਾਣੀ ਕਾਰਨ ਹੀ ਹੋਇਆ। ਇਸ ਨਾਲ ਸ਼੍ਰੀ ਗੰਗਾਨਗਰ, ਬੀਕਾਨੇਰ ਅਤੇ ਜੈਸਲਮੇਰ ਦੇ ਇਲਾਕਿਆਂ ਨੂੰ ਖੇਤੀ ਲਈ ਪਾਣੀ ਮਿਲਿਆ। ਹਾਲਾਂਕਿ ਰਾਜਸਥਾਨ ਦਾ ਕੋਈ ਰਿਪੇਰੀਅਨ ਹੱਕ ਨਹੀਂ ਬਣਦਾ ਪਰ ਫਿਰ ਵੀ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਗਿਆ।"

ਮਾਝੇ-ਮਾਲਵੇ ਤੋਂ ਭਾਰਤ-ਪਾਕਿਸਤਾਨ ਦੇ ਪੰਜਾਬਾਂ ਨੂੰ ਵੰਡਦਾ ਸਤਲੁਜ

ਕਿਸ਼ਤੀ ਵਿੱਚ ਬੈਠੇ ਲੋਕ
ਤਸਵੀਰ ਕੈਪਸ਼ਨ, ਸਤਲੁਜ ਦਰਿਆ ਪੰਜਾਬ ਦੇ ਮਾਲਵਾ ਤੇ ਮਾਝਾ ਇਲਾਕਿਆਂ ਨੂੰ ਵੰਡਦਾ ਹੈ

ਤਿੱਬਤ ਤੋਂ ਚੱਲਿਆ ਸਤੁਲਜ ਦਰਿਆ ਪੰਜਾਬ ਤੋਂ ਬਾਅਦ ਪਾਕਿਸਤਾਨ ਨੂੰ ਨਿਕਲ ਜਾਂਦਾ ਹੈ, ਜੋ ਅੱਗੇ ਚਨਾਬ ਦਰਿਆ ਨਾਲ ਮਿਲ ਕੇ ਪੰਜਨਦ ਬਣਾਉਂਦਾ ਹੈ ਅਤੇ ਅੰਤ ਵਿੱਚ ਸਿੰਧੂ ਦਰਿਆ ਵਿੱਚ ਸਮਾ ਜਾਂਦਾ ਹੈ।

ਸਤਲੁਜ ਦਰਿਆ ਪੰਜਾਬ ਦੇ ਮਾਲਵਾ ਤੇ ਮਾਝਾ ਇਲਾਕਿਆਂ ਨੂੰ ਵੰਡਦਾ ਹੈ। ਇਸ ਦੇ ਨਾਲ ਹੀ ਇੱਥੋਂ ਅੱਗੇ ਜਾਂਦਾ ਹੋਇਆ ਇਹ ਚੜਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਵੀ ਲਕੀਰ ਖਿਚਦਾ ਹੈ।

ਪੰਜਾਬ ਦੇ ਸਿੰਜਾਈ ਵਿਭਾਗ ਵਿੱਚੋਂ ਸੇਵਾ ਮੁਕਤ ਸਹਾਇਕ ਇੰਜੀਨੀਅਰ ਸੁਖਦਰਸ਼ਨ ਨੱਤ ਦੱਸਦੇ ਹਨ, "ਹਰੀਕੇ ਤੋਂ ਉੱਪਰਲੇ ਪਾਸੇ ਯਾਨੀ ਪੱਛਮ ਵਾਲੇ ਪਾਸੇ ਤਰਨ ਤਾਰਨ (ਮਾਝਾ) ਰਹਿ ਜਾਂਦਾ ਹੈ ਅਤੇ ਇੱਧਰਲੇ ਪਾਸੇ ਫ਼ਿਰੋਜ਼ਪੁਰ (ਮਾਲਵਾ) ਰਹਿ ਜਾਂਦਾ ਹੈ। ਸਤਲੁਜ ਪਾਕਿਸਤਾਨ ਦੀ ਸਰਹੱਦ ਤੱਕ ਇਸੇ ਤਰ੍ਹਾਂ ਵਹਿੰਦਾ ਹੈ।"

ਨੱਤ ਕਹਿੰਦੇ ਹਨ, "ਜਦੋਂ ਸਤਲੁਜ ਹੁਸੈਨੀਵਾਲਾ ਤੋਂ ਮੁੜਦਾ ਹੈ ਤਾਂ ਇੱਕ ਪਾਸੇ ਚੜਦਾ ਪੰਜਾਬ ਰਹਿ ਜਾਂਦਾ ਹੈ ਅਤੇ ਦੂਜੇ ਪਾਸੇ ਲਹਿੰਦਾ ਪੰਜਾਬ।"

ਸਿੱਖ ਇਤਿਹਾਸਕਾਰ ਸੁਖਦਿਆਲ ਸਿੰਘ ਦੱਸਦੇ ਹਨ, "ਸਤਲੁਜ ਨੂੰ ਅਸੀਂ ਪੰਜਾਬ ਦੀ ਲਾਈਫ਼ ਲਾਈਨ ਮੰਨ ਸਕਦੇ ਹਾਂ। ਮਾਲਵੇ ਦਾ ਵੱਡਾ ਹਿੱਸਾ ਸਤਲੁਜ ਦਰਿਆ ਨੇ ਆਬਾਦ ਕੀਤਾ ਹੈ। ਦੂਜੇ ਪਾਸੇ ਮਾਲਵੇ ਅਤੇ ਮਾਝੇ ਦੀ ਭਾਸ਼ਾ ਵਿੱਚ ਬਹੁਤ ਵੱਡਾ ਫਰਕ ਹੈ।"

"ਇਹ ਇਸ ਲਈ ਸੀ ਕਿ ਪੁਰਾਣੇ ਸਮਿਆਂ ਵਿੱਚ ਦਰਿਆ ਨੂੰ ਪਾਰ ਕਰਨ ਦੇ ਕੋਈ ਚੰਗੇ ਸਾਧਨ ਨਹੀਂ ਸਨ। ਆਉਣਾ ਜਾਣ ਉਸ ਸਮੇਂ ਵੱਧਦਾ ਜਦੋਂ ਦਰਿਆ ਵਿੱਚ ਪਾਣੀ ਘੱਟ ਹੁੰਦਾ ਸੀ। ਹਰੀਕੇ ਵਾਲਾ ਪੁੱਲ ਬਣਨ ਨਾਲ ਰਸਤਾ ਖੁੱਲ੍ਹ ਗਿਆ ਸੀ। ਇਸ ਨਾਲ ਲੋਕਾਂ ਦਾ ਆਉਣ ਜਾਣ, ਤੀਰਥ ਯਾਤਰਾ (ਦਰਬਾਰ ਸਾਹਿਬ, ਅੰਮ੍ਰਿਸਤਰ) ਅਤੇ ਵਪਾਰ ਸੌਖਾ ਹੋ ਗਿਆ ਸੀ।"

ਸਤਲੁਜ ਕੰਡੇ ਕਿਹੜੀਆਂ ਇਤਿਹਾਸਕ ਘਟਨਾਵਾਂ ਵਾਪਰੀਆਂ

ਡਾ. ਸੁਖਦਿਆਲ ਸਿੰਘ

23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਗੁਪਤ ਤੌਰ 'ਤੇ ਉਨ੍ਹਾਂ ਦਾ ਸਸਕਾਰ ਸਤਲੁਜ ਦਰਿਆ ਦੇ ਕੰਢੇ ਹੁਸੈਨੀਵਾਲਾ ਨੇੜੇ ਕੀਤਾ।

ਬਾਅਦ ਵਿੱਚ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਅਧ-ਸੜੇ ਸਰੀਰ ਇਕੱਠੇ ਕਰਕੇ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ। ਹੁਸੈਨੀਵਾਲਾ ਵਿਖੇ ਬਣੀ ਸ਼ਹੀਦੀ ਸਮਾਰਕ ਇਸ ਇਤਿਹਾਸਕ ਘਟਨਾ ਦੀ ਯਾਦ ਨੂੰ ਸੰਭਾਲੀ ਬੈਠੀ ਹੈ।

ਇਸ ਤੋਂ ਇਲਾਵਾ ਅੰਗਰੇਜ਼ ਸਮਾਰਜ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ 1831 ਵਿੱਚ ਸੰਧੀ ਵੀ ਰੋਪੜ ਵਿੱਚ ਸਤਲੁਜ ਕੰਡੇ ਹੋਈ ਸੀ।

ਸੁਖਦਿਆਲ ਸਿੰਘ ਦੱਸਦੇ ਹਨ, "ਹੁਸੈਨੀਵਾਲਾ ਵਿਖੇ ਸਤਲੁਜ ਦੇ ਕੰਡੇ ਭਗਤ ਸਿੰਘ ਅਤੇ ਉਨ੍ਹਾਂ ਦਾ ਸਾਥੀਆਂ ਦਾ ਸਸਕਾਰ ਹੋਇਆ, ਦੂਜੇ ਪਾਸੇ ਰੋਪੜ ਹੈੱਡਵਰਕਸ ਨੇੜੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜੋ ਲਿਖਤੀ ਸੰਧੀ ਹੋਈ ਸੀ, ਉਸ ਦਾ ਹਾਲੇ ਵੀ ਇੱਕ ਵੱਡਾ ਪੱਧਰ ਲੱਗਾ ਹੋਇਆ ਹੈ। ਇਹ ਵੀ ਸਤਲੁਜ ਕੰਡੇ ਹੀ ਹੋਈ ਸੀ।"

ਉਹ ਕਹਿੰਦੇ ਹਨ, "ਸਤਲੁਜ ਤੋਂ ਹੇਠਲੀਆਂ ਰਿਆਸਤਾ ਜਿਵੇਂ ਜੀਂਦ, ਪਟਿਆਲਾ ਅਤੇ ਫ਼ਰੀਦਕੋਟ ਅੰਗਰੇਜ਼ਾਂ ਦੇ ਅਧੀਨ ਚੱਲ ਰਹੀਆਂ ਸਨ। ਅੰਗਰੇਜਾਂ ਨੇ ਵੀ ਰਣਜੀਤ ਸਿੰਘ ਦੀ ਤਾਕਤ ਦਾ ਅੰਦਾਜ਼ਾ ਲਗਾ ਲਿਆ ਸੀ ਅਤੇ ਰਣਜੀਤ ਸਿੰਘ ਨਾਲ ਸੰਧੀ ਕਰ ਲਈ ਸੀ ਕਿ ਉਹ ਸਤਲੁਜ ਤੋਂ ਇੱਧਰ ਨਹੀਂ ਆਉਣਗੇ ਅਤੇ ਉਹ ਸਤਲੁਜ ਤੋਂ ਅੱਗੇ ਨਹੀਂ ਜਾਣਗੇ।"

ਸਤਲੁਜ ਦਾ 'ਕਾਲਾ ਪਾਣੀ'

ਸਤਲੁਜ ਦਰਿਆ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਬਿਆਸ ਅਤੇ ਸਤਲੁਜ ਦਾ ਮੇਲ ਹੁੰਦਾ ਹੈ, ਉੱਥੇ ਸਤਲੁਜ ਵਿੱਚ ਆਉਂਦਾ ਪ੍ਰਦੂਸ਼ਿਤ ਕਾਲਾ ਪਾਣੀ ਸਾਫ਼ ਦੇਖਿਆ ਜਾ ਸਕਦਾ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ।

ਹਰੀਕੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਬਿਆਸ ਅਤੇ ਸਤਲੁਜ ਦਾ ਮੇਲ ਹੁੰਦਾ ਹੈ, ਉੱਥੇ ਸਤਲੁਜ ਵਿੱਚ ਆਉਂਦਾ ਪ੍ਰਦੂਸ਼ਿਤ ਕਾਲਾ ਪਾਣੀ ਸਾਫ਼ ਦੇਖਿਆ ਜਾ ਸਕਦਾ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ।

ਵਾਤਾਵਰਣ ਪ੍ਰੇਮੀ ਅਤੇ ਸਥਾਨ ਵਾਸੀ ਗੁਰਪ੍ਰੀਤ ਸਿੰਘ ਕਹਿੰਦੇ ਹਨ, "ਚੜਦੇ ਵਾਲੇ ਪਾਸੇ ਜਿੱਥੇ ਜਲੰਧਰ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਦੀ ਹੱਦਬੰਦੀ ਹੈ, ਬਦਕਿਸਮਤੀ ਹੈ ਕਿ ਇੱਥੇ ਸਤਲੁਜ ਵਿੱਚ ਜੋ ਪਾਣੀ ਆ ਰਿਹਾ ਹੈ, ਉਹ ਬਿਲਕੁਲ ਕਾਲਾ ਹੈ ਅਤੇ ਬਿਆਸ ਦਾ ਪਾਣੀ ਮਿੱਟੀ ਰੰਗਾਂ ਹੈ, ਦੋਵਾਂ ਆਪਸ ਵਿੱਚ ਮਿਕਸ ਹੀ ਨਹੀਂ ਹੁੰਦੇ।"

ਉਹ ਕਹਿੰਦੇ ਹਨ, "ਇਹ ਕਾਲਾ ਅਤੇ ਮਿੱਟੀ ਰੰਗਾਂ ਪਾਣੀ ਅੱਗੇ ਵੀ ਨਹਿਰਾਂ ਵਿੱਚ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਵੈਟਲੈਂਡ 'ਤੇ ਜੋ ਪੰਛੀ ਆਉਂਦੇ ਹਨ, ਉਹਨਾਂ ਦੇ ਰਹਿਣ ਦੀਆਂ ਥਾਵਾਂ ਘੱਟ ਰਹੀਆਂ ਹਨ ਅਤੇ ਪਰਵਾਸੀ ਪੰਛੀਆਂ ਦਾ ਆਉਣਾ ਵੀ ਘੱਟ ਹੋ ਰਿਹਾ ਹੈ ਜਿਸ ਬਾਰੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)