ਅਭਿਜੀਤ ਦੀਪਕੇ ਨੂੰ ਹਿਰਾਸਤ ਦੇ ਬਾਅਦ ਰਿਹਾਅ ਕੀਤਾ ਗਿਆ, ਸੀਜੇਪੀ ਨੇ ਕੀ ਦੱਸਿਆ, 'ਲਹਿਰਾ ਦੋ ਤਿਰੰਗਾ' ਮਾਰਚ ਦੌਰਾਨ ਸ਼ੁੱਕਰਵਾਰ ਨੂੰ ਕੀ-ਕੀ ਹੋਇਆ

ਦੀਪਕੇ
ਤਸਵੀਰ ਕੈਪਸ਼ਨ, ਸੀਜੇਪੀ ਮੁਤਾਬਕ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਸੀਜੇਪੀ ਦੀ ਲੀਗਲ ਸੈੱਲ ਦੀ ਮੁਖੀ ਰਤਨਾ ਸਿੰਘ ਨੇ ਦਿੱਤੀ।

ਦੀਪਕੇ ਨੇ ਸ਼ੁੱਕਰਵਾਰ ਸ਼ਾਮ ਨੂੰ 'ਲਹਿਰਾ ਦੋ ਤਿਰੰਗਾ' ਮਾਰਚ ਦਾ ਸੱਦਾ ਦਿੱਤਾ ਸੀ, ਪਰ ਉਨ੍ਹਾਂ ਨੂੰ ਮਾਰਚ ਤੋਂ ਪਹਿਲਾਂ ਹੀ ਪ੍ਰੀਵੈਂਟਿਵ ਡੀਟੈਨਸ਼ਨ ਵਿੱਚ ਲੈ ਲਿਆ ਗਿਆ ਸੀ।

ਸ਼ਨੀਵਾਰ ਨੂੰ ਉਨ੍ਹਾਂ ਨੂੰ ਮੰਦਰ ਮਾਰਗ ਪੁਲਿਸ ਸਟੇਸ਼ਨ ਲਿਆਂਦਾ ਗਿਆ। ਉੱਥੋਂ ਉਨ੍ਹਾਂ ਨੂੰ ਸਪੈਸ਼ਲ ਐਗਜ਼ੁਕੁਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।

ਸ਼ਨੀਵਾਰ ਸ਼ਾਮ ਨੂੰ ਹੀ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਆਇਸਾ ਦੀ ਪ੍ਰਧਾਨ ਨੇਹਾ ਬੋਰਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਪਰ ਉਨ੍ਹਾਂ ਨੂੰ ਸ਼ਨੀਵਾਰ ਤੜਕੇ ਰਿਹਾਅ ਕਰ ਦਿੱਤਾ ਗਿਆ।

ਸੀਜੇਪੀ ਦੇ ਦੋ ਹੋਰ ਪ੍ਰਮੁੱਖ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਪਹਿਲਾਂ ਤੋਂ ਹੀ ਨਿਆਂਇਕ ਹਿਰਾਸਤ ਵਿੱਚ ਹਨ। ਉਨ੍ਹਾਂ ਨੂੰ ਬਿਨਾਂ ਇਜਾਜ਼ਤ ਜੰਤਰ-ਮੰਤਰ ਵਿੱਚ ਦਾਖ਼ਲ ਹੋਣ ਦੇ ਮਾਮਲੇ ਵਿੱਚ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।

'ਲਹਿਰਾ ਦੋ ਤਿਰੰਗਾ' ਮਾਰਚ ਵਿੱਚ ਸ਼ੁੱਕਰਵਾਰ ਨੂੰ ਕੀ-ਕੀ ਹੋਇਆ
ਤਸਵੀਰ ਕੈਪਸ਼ਨ, ਸੀਜੇਪੀ ਵੱਲੋਂ 'ਲਹਿਰਾ ਦੋ ਤਿਰੰਗਾ' ਮਾਰਚ ਕੱਢਣ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਸੈਂਟਰਲ ਪਾਰਕ ਦੇ ਨੇੜੇ ਤਿਰੰਗਾ ਮਾਰਚ ਕੱਢਿਆ

ਹਾਲਾਂਕਿ ਨੇਹਾ ਬੋਰਾ ਨੂੰ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਪੁਲਿਸ ਨੇ 'ਲਹਿਰਾ ਦੋ ਤਿਰੰਗਾ' ਮਾਰਚ ਦੌਰਾਨ ਹਿਰਾਸਤ ਵਿੱਚ ਲੈ ਲਿਆ ਸੀ।

ਨੇਹਾ ਨੇ ਆਪਣੇ ਐਕਸ ਹੈਂਡਲ ਰਾਹੀਂ ਵੀ ਹਿਰਾਸਤ ਵਿੱਚੋਂ ਬਾਹਰ ਆਉਣ ਦੀ ਜਾਣਕਾਰੀ ਦਿੱਤੀ ਹੈ। ਨੇਹਾ ਨੇ ਲਿਖਿਆ, ''ਮੈਨੂੰ ਰਿਹਾਅ ਕਰ ਦਿੱਤਾ ਗਿਆ ਹੈ! ਦਿੱਲੀ ਪੁਲਿਸ ਹਿਰਾਸਤ ਵਿੱਚ ਲਏ ਗਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰੇ। ਲੋਕਤੰਤਰ ਅਤੇ ਸੰਵਿਧਾਨ ਲਈ ਲੜਨ ਨੂੰ ਅਪਰਾਧ ਨਹੀਂ ਬਣਾਇਆ ਜਾ ਸਕਦਾ!''

ਇਸ ਤੋਂ ਪਹਿਲਾਂ ਦੇਰ ਰਾਤ ਤੱਕ ਉਨ੍ਹਾਂ ਦੇ ਸਮਰਥਕ ਦਿੱਲੀ ਪੁਲਿਸ ਤੋਂ ਪੁੱਛਦੇ ਰਹੇ ਕਿ ਨੇਹਾ ਕਿੱਥੇ ਹਨ।

ਅੱਧੀ ਰਾਤ ਤੋਂ ਬਾਅਦ ਪਤਾ ਲੱਗਾ ਕਿ ਨੇਹਾ ਆਰਕੇ ਪੁਰਮ ਪੁਲਿਸ ਸਟੇਸ਼ਨ ਵਿੱਚ ਹਨ। ਨੇਹਾ ਦੇ ਐਕਸ ਹੈਂਡਲ ਤੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਰਕੇ ਪੁਰਮ ਪੁਲਿਸ ਸਟੇਸ਼ਨ ਵਿੱਚ ਪੰਜ ਘੰਟਿਆਂ ਤੱਕ ਰੱਖਿਆ ਗਿਆ।

ਨੇਹਾ ਦੇ ਹਿਰਾਸਤ ਵਿੱਚੋਂ ਬਾਹਰ ਆਉਣ ਦਾ ਵੀਡੀਓ ਸਮਾਚਾਰ ਏਜੰਸੀ ਏਐੱਨਆਈ ਨੇ ਐਕਸ 'ਤੇ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਚਾਰ-ਪੰਜ ਲੋਕ ਹਨ। ਜਦੋਂ ਨੇਹਾ ਨੂੰ ਕੋਈ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਕੀ ਬੋਲਾਂ ਯਾਰ?'' ਇੰਨਾ ਕਹਿ ਕੇ ਉਹ ਅੱਗੇ ਵਧ ਗਏ।

ਨੇਹਾ ਬੋਰਾ ਹਿਰਾਸਤ 'ਚੋਂ ਆਏ ਬਾਹਰ
ਤਸਵੀਰ ਕੈਪਸ਼ਨ, ਨੇਹਾ ਬੋਰਾ ਹਿਰਾਸਤ 'ਚੋਂ ਆਏ ਬਾਹਰ

ਨੇਹਾ ਬੋਰਾ ਅਤੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ 16 ਅਕਤੂਬਰ ਦੀ ਸ਼ਾਮ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਨੇਹਾ ਦੇ ਹਿਰਾਸਤ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਵਕੀਲ ਸੁਪੰਤ ਸਿਨਹਾ ਨੇ ਕਿਹਾ ਸੀ, ''ਨੇਹਾ ਨੂੰ ਆਰਕੇ ਪੁਰਮ ਪੁਲਿਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਵਕੀਲ ਨਾਲ ਗੱਲਬਾਤ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।''

ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਦਿੱਲੀ ਪੁਲਿਸ ਐਕਟ ਦੀ ਧਾਰਾ 65 ਤਹਿਤ ਰਸਮੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੇਹਾ ਬੋਰਾ ਨੂੰ ਰਿਹਾਅ ਕਰ ਦਿੱਤਾ ਗਿਆ।

ਅਭਿਜੀਤ ਦੀਪਕੇ ਖ਼ਿਲਾਫ ਕੀ ਕਾਰਵਾਈ ਹੋਈ

ਅਭਿਜੀਤ ਦੀਪਕੇ 'ਗ੍ਰਿਫ਼ਤਾਰ'
ਤਸਵੀਰ ਕੈਪਸ਼ਨ, ਅਭਿਜੀਤ ਦੀਪਕੇ ਵਿਰੁੱਧ ਬੀਐੱਨਐੱਸਐੱਸ ਦੀਆਂ ਧਾਰਾਵਾਂ 126/170 ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਦੂਜੇ ਪਾਸੇ, ਅਭਿਜੀਤ ਦੀਪਕੇ ਵਿਰੁੱਧ ਬੀਐੱਨਐੱਸਐੱਸ ਦੀਆਂ ਧਾਰਾਵਾਂ 126/170 ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੂੰ ਐੱਸਈਐੱਮ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪਹਿਲਾਂ ਕਾਕਰੋਚ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਰਤਨਾ ਸਿੰਘ ਨੇ ਐਕਸ 'ਤੇ ਲਿਖਿਆ ਸੀ ਕਿ ਅਭਿਜੀਤ ਦੀਪਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਐੱਸਈਐੱਮ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਰਤਨਾ ਸਿੰਘ ਨੇ ਐਕਸ 'ਤੇ ਲਿਖਿਆ ਸੀ, ''ਤੁਸੀਂ ਘਟਨਾਕ੍ਰਮ ਨੂੰ ਸਮਝੋ। ਦਿੱਲੀ ਪੁਲਿਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸਾਰਿਆਂ 'ਤੇ ਨਜ਼ਰ ਰੱਖੀ ਗਈ। ਹਿਰਾਸਤ ਵਿੱਚ ਰੱਖਿਆ ਗਿਆ ਅਤੇ ਫਿਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਦਿੱਲੀ ਪੁਲਿਸ ਨੂੰ ਅਭਿਜੀਤ ਅਤੇ ਨੇਹਾ, ਦੋਵਾਂ ਦੀ ਮੌਜੂਦਾ ਲੋਕੇਸ਼ਨ ਦੀ ਜਾਣਕਾਰੀ ਤੁਰੰਤ ਜਨਤਕ ਕਰਨੀ ਚਾਹੀਦੀ ਹੈ।

ਕਿਸੇ ਨੂੰ ਵੀ ਘੰਟਿਆਂ ਤੱਕ ਹਿਰਾਸਤ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ, ਬਿਨ੍ਹਾਂ ਉਨ੍ਹਾਂ ਦੇ ਪਰਿਵਾਰ, ਵਕੀਲਾਂ ਜਾਂ ਸਬੰਧਤ ਲੋਕਾਂ ਨੂੰ ਉਨ੍ਹਾਂ ਦੀ ਲੋਕੇਸ਼ਨ ਅਤੇ ਕਾਨੂੰਨੀ ਸਥਿਤੀ ਬਾਰੇ ਜਾਣਕਾਰੀ ਦਿੱਤੇ। ਨੇਹਾ ਅਤੇ ਅਭਿਜੀਤ ਕਿੱਥੇ ਹਨ? ਦਿੱਲੀ ਪੁਲਿਸ ਨੂੰ ਇਸ ਦਾ ਜਵਾਬ ਦੇਣਾ ਪਵੇਗਾ।''

ਸ਼ੁੱਕਰਵਾਰ ਨੂੰ 'ਲਹਿਰਾ ਦੋ ਤਿਰੰਗਾ' ਮਾਰਚ ਦੌਰਾਨ ਕੀ-ਕੀ ਹੋਇਆ

'ਲਹਿਰਾ ਦੋ ਤਿਰੰਗਾ' ਮਾਰਚ ਵਿੱਚ ਸ਼ੁੱਕਰਵਾਰ ਨੂੰ ਕੀ-ਕੀ ਹੋਇਆ
ਤਸਵੀਰ ਕੈਪਸ਼ਨ, ਕਨਾਟ ਪਲੇਸ ਦੇ ਇਨਰ ਸਰਕਲ ਵਿੱਚ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨਾਗਰਿਕ ਜਥੇਬੰਦੀਆਂ ਨਾਲ ਜੁੜੇ ਲੋਕ ਪਹੁੰਚੇ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੱਦੇ 'ਤੇ ਸ਼ੁੱਕਰਵਾਰ, 16 ਅਕਤੂਬਰ ਨੂੰ ਦਿੱਲੀ ਦੇ ਕਨਾਟ ਪਲੇਸ ਵਿੱਚ ਤਿਰੰਗਾ ਮਾਰਚ ਕੱਢਿਆ ਗਿਆ।

ਸੀਜੇਪੀ ਵੱਲੋਂ 'ਲਹਿਰਾ ਦੋ ਤਿਰੰਗਾ' ਮਾਰਚ ਕੱਢਣ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਸੈਂਟਰਲ ਪਾਰਕ ਦੇ ਨੇੜੇ ਤਿਰੰਗਾ ਮਾਰਚ ਕੱਢਿਆ।

ਹਾਲਾਂਕਿ, ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਮਾਰਚ ਦੌਰਾਨ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਆਇਸਾ ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਸੀਜੇਪੀ ਦੇ ਸੱਦੇ ਤੋਂ ਬਾਅਦ ਨਵੀਂ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਨੇ ਸੈਂਟਰਲ ਪਾਰਕ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਸੀ

ਇਸ ਦੇ ਬਾਵਜੂਦ ਕਨਾਟ ਪਲੇਸ ਦੇ ਇਨਰ ਸਰਕਲ ਵਿੱਚ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨਾਗਰਿਕ ਜਥੇਬੰਦੀਆਂ ਨਾਲ ਜੁੜੇ ਲੋਕ ਪਹੁੰਚੇ। ਇਸ ਦੌਰਾਨ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ।

ਸੀਜੇਪੀ ਦੇ ਸੱਦੇ ਤੋਂ ਬਾਅਦ ਨਵੀਂ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਨੇ ਸੈਂਟਰਲ ਪਾਰਕ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਸੀ। ਦਿੱਲੀ ਪੁਲਿਸ ਨੇ ਵੀ ਇਸ ਇਲਾਕੇ ਵਿੱਚ ਧਾਰਾ 163 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਸਨ।

ਜੰਤਰ-ਮੰਤਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਸਨ ਅਤੇ ਪਾਰਕ ਦੇ ਗੇਟ ਬੰਦ ਸਨ।

ਅਭਿਜੀਤ ਦੀਪਕੇ
ਤਸਵੀਰ ਕੈਪਸ਼ਨ, ਹਾਲਾਂਕਿ, ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਮਾਰਚ ਦੌਰਾਨ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਆਇਸਾ ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ

ਸ਼ੁੱਕਰਵਾਰ ਸਵੇਰ ਤੋਂ ਹੀ ਤਣਾਅ ਦਾ ਮਾਹੌਲ ਸੀ। ਅਭਿਜੀਤ ਦੀਪਕੇ ਨੇ ਸਵੇਰੇ ਦੱਸਿਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਹੈ। 'ਲਹਿਰਾ ਦੋ ਤਿਰੰਗਾ' ਮਾਰਚ ਦਾ ਸੱਦਾ ਸ਼ਾਮ ਪੰਜ ਵਜੇ ਲਈ ਦਿੱਤਾ ਗਿਆ ਸੀ। ਪਰ ਜਿਵੇਂ ਹੀ ਅਭਿਜੀਤ ਤਿਰੰਗਾ ਲੈ ਕੇ ਬਾਹਰ ਨਿਕਲੇ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਮਾਰਚ ਤੋਂ ਪਹਿਲਾਂ ਦੀਪਕੇ ਨੇ ਕਿਹਾ ਸੀ, "ਕਾਰੋਬਾਰ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਨਾਲ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਨੂੰ ਉਦੋਂ ਨੁਕਸਾਨ ਹੁੰਦਾ ਹੈ, ਜਦੋਂ ਸਰਕਾਰ ਪੂਰੇ ਸ਼ਹਿਰ ਨੂੰ ਬੰਦ ਕਰਨ, ਇੰਟਰਨੈੱਟ ਸੇਵਾਵਾਂ ਰੋਕਣ ਅਤੇ ਆਪਣੇ ਹੀ ਨਾਗਰਿਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕਰਦੀ ਹੈ।"

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਹਿਰਾਸਤ 'ਚ ਲਏ ਜਾਣ ਦੌਰਾਨ ਨੇਹਾ ਬੋਰਾ

ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਪ੍ਰਧਾਨ ਨੇਹਾ ਬੋਰਾ ਨੂੰ ਵੀ ਹਿਰਾਸਤ ਵਿੱਚ ਲਿਆ। ਨੇਹਾ ਬੋਰਾ ਦੀ ਟੀਮ ਨੇ ਇਲਜ਼ਾਮ ਲਾਇਆ ਕਿ ਨੇਹਾ ਨੂੰ ਇਕੱਲਿਆਂ ਹੀ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ 'ਤੇ ਲਿਜਾਇਆ ਗਿਆ ਹੈ। ਉਨ੍ਹਾਂ ਕੋਲ ਆਪਣਾ ਫ਼ੋਨ ਵੀ ਨਹੀਂ ਹੈ।

ਟੀਮ ਨੇ ਕਿਹਾ, "ਇੱਕ ਵਾਰ ਫਿਰ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। ਇਹ ਹਿਰਾਸਤ ਵਿੱਚ ਲੈਣਾ ਨਹੀਂ ਹੈ।"

ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਨੇਹਾ ਬੋਰਾ ਦੀ ਟੀਮ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਬਹੁਤ ਦੇਰ ਤੱਕ ਨਹੀਂ ਦੱਸਿਆ ਗਿਆ ਕਿ ਨੇਹਾ ਕਿੱਥੇ ਹਨ

ਕਨਾਟ ਪਲੇਸ ਦੇ ਸੈਂਟਰਲ ਪਾਰਕ ਦੇ ਨੇੜੇ ਪਾਲਿਕਾ ਬਾਜ਼ਾਰ ਹੈ। ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਉੱਥੇ ਵੱਡੀ ਗਿਣਤੀ ਵਿੱਚ ਲੋਕ ਤਿਰੰਗਾ ਲੈ ਕੇ ਪਹੁੰਚ ਗਏ ਸਨ। ਹਾਲਾਂਕਿ, ਜੰਤਰ-ਮੰਤਰ ਦੇ ਨੇੜੇ ਜਿਸ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਸੀ, ਉਸ ਤਰ੍ਹਾਂ ਦੀ ਸਖ਼ਤੀ ਇੱਥੇ ਨਹੀਂ ਸੀ।

ਕਨਾਟ ਪਲੇਸ ਅਤੇ ਸੈਂਟਰਲ ਪਾਰਕ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਪੈਰਾਮਿਲਟਰੀ ਦੇ ਜਵਾਨ ਤਾਇਨਾਤ ਕੀਤੇ ਗਏ ਸਨ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਲੋਕ ਸੜਕਾਂ 'ਤੇ ਮਾਰਚ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇ ਲਗਾਉਂਦੇ ਨਜ਼ਰ ਆਏ

ਤਿਰੰਗਾ ਮਾਰਚ ਦੌਰਾਨ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਹਾਲਾਂਕਿ ਕੁੱਲ ਮਿਲਾ ਕੇ ਮਾਰਚ ਸ਼ਾਂਤੀਪੂਰਨ ਰਿਹਾ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਕਨਾਟ ਪਲੇਸ ਅਤੇ ਸੈਂਟਰਲ ਪਾਰਕ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਪੈਰਾਮਿਲਟਰੀ ਦੇ ਜਵਾਨ ਤਾਇਨਾਤ ਕੀਤੇ ਗਏ ਸਨ

ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਲੋਕ ਸੜਕਾਂ 'ਤੇ ਮਾਰਚ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇ ਲਗਾਉਂਦੇ ਨਜ਼ਰ ਆਏ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ

ਕੀ ਬੋਲੇ ਵਿਰੋਧੀ ਧਿਰ ਦੇ ਆਗੂ

ਇਸ ਤੋਂ ਪਹਿਲਾਂ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮਕੇ ਸਟਾਲਿਨ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਪੁੱਛਿਆ ਕਿ ਦਿੱਲੀ ਪੁਲਿਸ ਦੱਸੇ ਕਿ ਦੀਪਕੇ ਅਤੇ ਬੋਰਾ ਨੂੰ ਕਿੱਥੇ ਰੱਖਿਆ ਗਿਆ ਹੈ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਇਸ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ

ਹਾਲਾਂਕਿ, ਨੇਹਾ ਬੋਰਾ ਨੂੰ ਸ਼ਨੀਵਾਰ ਸਵੇਰੇ ਰਿਹਾਅ ਕਰ ਦਿੱਤਾ ਗਿਆ ਹੈ ਪਰ ਦੀਪਕੇ ਬਾਰੇ ਦਿੱਲੀ ਪੁਲਿਸ ਨੇ ਅਜੇ ਤੱਕ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।

ਦੀਪਕੇ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਨਿੰਦਾ ਕੀਤੀ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਤਿਰੰਗਾ ਮਾਰਚ ਦੌਰਾਨ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਹਾਲਾਂਕਿ ਕੁੱਲ ਮਿਲਾ ਕੇ ਮਾਰਚ ਸ਼ਾਂਤੀਪੂਰਨ ਰਿਹਾ

ਤਿਰੰਗਾ ਮਾਰਚ ਨੂੰ ਰੋਕਣ ਦੀ ਕੋਸ਼ਿਸ਼ 'ਤੇ ਸਿਆਸੀ ਕਾਰਕੁਨ ਯੋਗੇਂਦਰ ਯਾਦਵ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ, "ਪਹਿਲਾਂ 50 ਸਾਲ ਤਿਰੰਗੇ ਨਾਲ 'ਦਵੈਸ਼' (ਵੈਰ ਭਾਵ), ਫਿਰ 25 ਸਾਲ ਤਿਰੰਗਾ ਚੁੱਕਣ ਦਾ 'ਢੋਂਗ', ਹੁਣ ਦੇਸ਼ਭਗਤ ਨੌਜਵਾਨਾਂ ਦੇ ਹੱਥਾਂ ਵਿੱਚ ਤਿਰੰਗਾ ਦੇਖ ਕੇ 'ਡਰ'। ਇਹ ਹੈ ਆਰਐੱਸਐੱਸ ਅਤੇ ਬੀਜੇਪੀ ਦੀ ਤਿਰੰਗਾ ਯਾਤਰਾ।"

ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਇਸ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਇਸ ਦੌਰਾਨ ਇੱਕ ਮੌਕੇ 'ਤੇ ਸਰਕਾਰ ਪੱਖੀ ਅਤੇ ਸੀਜੇਪੀ ਪੱਖੀ ਲੋਕਾਂ ਵਿਚਕਾਰ ਨਾਅਰੇਬਾਜ਼ੀ ਵੀ ਹੋਈ

ਮੌਕੇ 'ਤੇ ਮੌਜੂਦ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੇ ਦੱਸਿਆ ਕਿ ਕਨਾਟ ਪਲੇਸ ਦੇ ਇਨਰ ਸਰਕਲ ਵਿੱਚ ਸੈਂਟਰਲ ਪਾਰਕ ਦੇ ਆਲੇ-ਦੁਆਲੇ, ਪਾਲਿਕਾ ਬਾਜ਼ਾਰ ਦੇ ਗੇਟ ਨੰਬਰ ਇੱਕ ਦੇ ਨੇੜੇ ਬਹੁਤ ਵੱਡੀ ਭੀੜ ਸੀ। ਇੱਥੇ ਦੋ ਧੜਿਆਂ ਦੇ ਲੋਕ ਨਾਅਰੇਬਾਜ਼ੀ ਕਰ ਰਹੇ ਸਨ। ਕੁਝ ਦੇਰ ਬਾਅਦ ਪੁਲਿਸ ਨੇ ਉੱਥੇ ਬੈਠੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

'ਲਹਿਰਾ ਦੋ ਤਿਰੰਗਾ' ਮਾਰਚ
ਤਸਵੀਰ ਕੈਪਸ਼ਨ, ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਮੁਤਾਬਕ, ਬੈਂਗਲੁਰੂ ਦੇ ਟਾਊਨ ਹਾਲ ਵਿੱਚ ਤਿਰੰਗਾ ਲੈ ਕੇ ਪ੍ਰਦਰਸ਼ਨ ਕੀਤਾ ਗਿਆ

ਦਿੱਲੀ ਹੀ ਨਹੀਂ, ਕੁਝ ਹੋਰ ਥਾਵਾਂ 'ਤੇ ਵੀ ਤਿਰੰਗਾ ਮਾਰਚ ਕੱਢਿਆ ਗਿਆ। ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਮੁਤਾਬਕ, ਬੈਂਗਲੁਰੂ ਦੇ ਟਾਊਨ ਹਾਲ ਵਿੱਚ ਤਿਰੰਗਾ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇੱਥੇ 'ਇਨਕਲਾਬ ਜ਼ਿੰਦਾਬਾਦ' ਅਤੇ 'ਜੈ ਭੀਮ' ਵਰਗੇ ਨਾਅਰੇ ਲਗਾਏ ਗਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)