ਮੈਡ ਸੰਧੂ ਤੋਂ 'ਕਮਲ ਕੌਰ ਭਾਬੀ' ਤੱਕ: ਪੰਜਾਬ 'ਚ ਇਨਫਲੂਐਂਸਰਾਂ ਦਾ ਕਤਲ ਅਤੇ 'ਮੋਰਲ ਪੁਲਿਸਿੰਗ' ਦੀ ਕਹਾਣੀ ਕੀ ਹੈ

ਤਸਵੀਰ ਸਰੋਤ, Mad Sandhu and Kamalkaurbhabhi/Instagram
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਅੰਮ੍ਰਿਤਸਰ ਵਿੱਚ ਇਨਫਲੂਐਂਸਰ, ਮੇਕਅੱਪ ਆਕਟਿਸਟ ਅਤੇ ਪੰਜਾਬੀ ਅਦਾਕਾਰ ਮੈਡ ਸੰਧੂ ਨੂੰ ਸ਼ਨੀਵਾਰ ਦੇਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਸੰਧੂ ਨੂੰ ਗੋਲੀਆਂ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਦੀ ਮੌਤ ਹੋ ਗਈ।
ਐੱਲਜੀਬੀਟੀਕਿਊ ਭਾਈਚਾਰੇ ਨਾਲ ਸਬੰਧਤ ਅਤੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਵੱਧ ਫੌਲੋਅਰਜ਼ ਵਾਲੇ ਮੈਡ ਸੰਧੂ ਦਾ ਕਤਲ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਵੱਡਾ ਮੁੱਦਾ ਬਣਿਆ ਹੈ।
ਜੂਨ 2025 ਵਿੱਚ ਕਮਲ ਕੌਰ ਦੀ ਲਾਸ਼ ਬਠਿੰਡਾ ਦੇ ਭੁੱਚੋ ਹਲਕੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਮਿਲੀ ਸੀ। ਬਠਿੰਡਾ ਪੁਲਿਸ ਨੇ ਕਤਲ ਦਾ ਉਦੇਸ਼ 'ਮੋਰਲ ਪੁਲਿਸਿੰਗ' ਦੱਸਿਆ ਸੀ।
ਮਧੁਸੂਦਨ ਸੰਧੂ ਉਰਫ਼ ਮੈਡ ਸੰਧੂ ਦੇ ਕਤਲ ਨੂੰ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ ਦਾ ਮੁੱਦਾ ਦੱਸ ਕੇ ਸਵਾਲ ਚੁੱਕ ਰਹੀਆਂ ਹਨ, ਪਰ ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕ ਅਤੇ ਸਮਾਜਕ ਕਾਰਕੁਨ ਇਹਨਾਂ ਹਮਲਿਆਂ ਨੂੰ 'ਪਛਾਣ' ਦੇ ਮਸਲੇ, 'ਮੋਰਲ ਪੁਲਿਸਿੰਗ' ਅਤੇ 'ਖ਼ਤਰਨਾਕ ਸੋਚ' ਨਾਲ ਜੋੜ ਕੇ ਦੇਖ ਰਹੇ ਹਨ।
ਦੂਜੇ ਪਾਸੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਡੀਸੀਪੀ (ਜਾਂਚ) ਪ੍ਰਭਜੋਤ ਸਿੰਘ ਵਿਰਕ ਨੇ ਸਮਾਚਾਰ ਏਜੰਸੀ ਏਐੱਨਆਈ ਕਿਹਾ, "ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਲੁਹਾਰਕਾ ਰੋਡ 'ਤੇ ਦੋ ਗੋਲ਼ੀਆਂ ਲੱਗਣ ਨਾਲ ਮੌਤ ਹੋ ਗਈ। ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ। ਫਿਲਹਾਲ ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਸਾਨੂੰ ਕੁਝ ਸੁਰਾਗ ਮਿਲੇ ਹਨ ਅਤੇ ਅਸੀਂ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਵਾਂਗੇ।''
ਮੈਡ ਸੰਧੂ ਕਿਸ ਤਰ੍ਹਾਂ ਦਾ ਕੰਟੈਂਟ ਬਣਾਉਂਦੇ ਸਨ?

ਤਸਵੀਰ ਸਰੋਤ, Mad Sandhu / Insta
ਮੈਡ ਸੰਧੂ ਸੋਸ਼ਲ ਮੀਡੀਆ 'ਤੇ ਇਨਫਲੂਐਂਸਰ ਸਨ ਅਤੇ ਸਲੂਨ ਵੀ ਚਲਾਉਂਦੇ ਸਨ।
ਉਹ ਪੰਜਾਬੀ ਗਾਣਿਆਂ 'ਤੇ ਵੀਡੀਓ ਬਣਾਉਂਦੇ ਸਨ ਅਤੇ ਮੇਕਅੱਪ ਨਾਲ ਜੁੜੀਆਂ ਵੀਡੀਓ ਵੀ ਪਾਉਂਦੇ ਸਨ।
ਸੰਧੂ ਨੇ ਪੰਜਾਬੀ ਫ਼ਿਲਮ 'ਓਏ ਭੋਲੇ ਓਏ' ਵਿੱਚ ਅਦਾਕਾਰੀ ਵੀ ਕੀਤੀ ਸੀ।
ਪੰਜਾਬ ਵਿੱਚ ਪਿਛਲੇ ਸਮੇਂ ਹੜ੍ਹਾਂ ਮੌਕੇ ਵੀ ਉਹ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ ਸਨ।
ਉਹ ਐੱਲਜੀਬੀਟੀਕਿਊ ਭਾਈਚਾਰੇ ਨਾਲ ਸਬੰਧਤ ਸਨ ਅਤੇ ਖੁੱਲ੍ਹ ਕੇ ਇਸ ਬਾਰੇ ਗੱਲ ਕਰਦੇ ਸਨ। ਉਨ੍ਹਾਂ ਨੇ ਕਈ ਇੰਟਰਵਿਊਜ਼ ਵਿੱਚ ਇਸ ਬਾਰੇ ਗੱਲ ਕੀਤੀ ਹੈ ਕਿ ਉਨ੍ਹਾਂ ਨੂੰ ਕੀ-ਕੀ ਮੁਸ਼ਕਿਲਾਂ ਆਈਆਂ ਤੇ ਕਿਵੇਂ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ।
ਕੁਝ ਮਹੀਨੇ ਪਹਿਲਾਂ ਇੱਕ ਵੀਡ਼ੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਸ਼ਖ਼ਸ ਮੈਡ ਸੰਧੂ ਨੂੰ ਧਮਕੀ ਦਿੰਦੇ ਨਜ਼ਰ ਆਉਂਦਾ ਹੈ ਅਤੇ ਮਿਲਣ ਦੀ ਗੱਲ ਕਰਦਾ ਹੈ।
ਐੱਲਜੀਬੀਟੀਕਿਊ ਭਾਈਚਾਰੇ ਬਾਰੇ ਉਹ ਆਪਣੇ ਵਿਚਾਰ ਵੀ ਖੁੱਲ੍ਹ ਕੇ ਰੱਖਦੇ ਰਹੇ ਹਨ। ਇੱਕ ਪੌਡਕਾਸਟ ਵਿੱਚ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ''ਇਹ ਕੋਈ ਮਾਨਸਿਕ ਵਿਗਾੜ ਨਹੀਂ ਹੈ।''
ਉਨ੍ਹਾਂ ਕਿਹਾ ਸੀ, ''ਮੈਂ ਜੋ ਹਾਂ ਉਹੀ ਹਾਂ।''
'ਕਮਲ ਕੌਰ ਭਾਬੀ' ਕੌਣ ਸੀ?

ਤਸਵੀਰ ਸਰੋਤ, kamalkaurbhabhi/Instagram
30 ਸਾਲਾ ਕਮਲ ਕੌਰ ਦਾ ਅਸਲੀ ਨਾਮ ਕੰਚਨ ਕੁਮਾਰੀ ਸੀ ਅਤੇ ਉਹ ਸੋਸ਼ਲ ਮੀਡੀਆ ਉੱਤੇ 'ਕਮਲ ਕੌਰ ਭਾਬੀ' ਨਾਲ ਜਾਣੀ ਜਾਂਦੀ ਸੀ।
ਉਸ ਦੇ ਇੰਸਟਾਗ੍ਰਾਮ 'ਤੇ 4 ਲੱਖ ਤੋਂ ਵੱਧ ਫੌਲੋਅਰਜ਼ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਮਹਿਰੋਂ ਸਣੇ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਸਨ।
ਮਹਿਰੋਂ ਅਕਸਰ ਸੋਸ਼ਲ ਮੀਡੀਆ ਉੱਤੇ ਕਥਿਤ ਲੱਚਰ ਜਾਂ ਦੋਹਰੇ ਮਤਲਬ ਵਾਲੀਆਂ ਵੀਡੀਓਜ਼ ਪਾਉਣ ਵਾਲਿਆਂ ਦੀ ਆਲੋਚਨਾ ਕਰਦਾ ਸੀ।

ਤਸਵੀਰ ਸਰੋਤ, AAP
ਅੰਮ੍ਰਿਤਪਾਲ ਮਹਿਰੋਂ ਨੇ ਕਮਲ ਕੌਰ ਦੇ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਹਿਰਾਇਆ ਸੀ ਅਤੇ ਕੋਈ ਹੋਰਾਂ ਨੂੰ ਧਮਕੀਆਂ ਦਿੱਤੀਆਂ ਸਨ। ਪੁਲਿਸ ਨੇ ਜਲਦ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਏ ਸਨ, ਜਦਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਦੇਸ਼ ਭੱਜ ਗਿਆ ਸੀ ਜਿਸ ਦੀ ਬਾਅਦ ਵਿੱਚ ਅਪ੍ਰੈਲ 2026 ਵਿੱਚ ਪੁਲਿਸ ਨੇ ਹਵਾਲਗੀ ਕਰਵਾਈ ਸੀ।
ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਇਸ ਦੇ 'ਓਫਟੈਕ' (OFTEC - ਵਿਦੇਸ਼ੀ ਭਗੌੜਿਆਂ ਦਾ ਪਤਾ ਲਗਾਉਣ ਅਤੇ ਹਵਾਲਗੀ ਸੈੱਲ) ਰਾਹੀਂ ਕੀਤੀ ਗਈ।
'ਕਿਸ-ਕਿਸ ਨੂੰ ਮਾਰੋਗੇ'

ਤਸਵੀਰ ਸਰੋਤ, Getty Images
ਪੰਜਾਬ ਵਿੱਚ ਬੁੱਧੀਜੀਵੀ ਵਰਗ ਅਤੇ ਐੱਲਜੀਬੀਟੀਕਿਊ ਭਾਈਚਾਰੇ ਦੇ ਹੱਕਾਂ ਦੀ ਵਕਾਲਤ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਨੇ ਵੱਖ-ਵੱਖ ਤਰ੍ਹਾਂ ਨਾਲ ਮਨੁੱਖਾਂ ਅਤੇ ਜੀਵਾਂ ਦੀ ਸਿਰਜਣਾ ਕੀਤੀ ਹੈ।
ਉਹਨਾਂ ਦਾ ਕਹਿਣਾ ਹੈ ਕਿ ਵੀਡੀਓ ਬਣਾਉਣ ਨੂੰ ਅਸ਼ਲੀਲਤਾ ਨਾਲ ਜੋੜ ਕੇ ਜਾਂ ਐੱਲਜੀਬੀਟੀਕਿਊ ਦੇ ਪਸਾਰ ਦਾ ਡਰ ਦਿਖਾ ਕੇ ਲੋਕਾਂ ਦਾ ਕਤਲ ਨਹੀਂ ਕੀਤਾ ਜਾ ਸਕਦਾ।
ਪੰਜਾਬ ਵਿੱਚ ਕਈ ਵਾਰ ਇਨਫਲੂਐਂਸਰਾਂ ਨੂੰ ਡਰਾ ਕੇ ਜਾਂ ਕੁੱਟ ਕੇ ਮੁਆਫੀਆਂ ਮੰਗਵਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
'ਪੰਜਾਬ: ਜਰਨੀਜ਼ ਥਰੂ ਫਾਲਟ ਲਾਈਨਜ਼' ਅਤੇ 'ਰੋਲ ਆਫ਼ ਆਨਰ' ਵਰਗੀਆਂ ਕਿਤਾਬਾਂ ਵਿੱਚ ਲੇਖਕ ਅਮਨਦੀਪ ਸੰਧੂ ਨੇ ਪੰਜਾਬ ਦੇ ਇਤਿਹਾਸ, ਸਮਾਜ, ਸੱਭਿਆਚਾਰ ਅਤੇ ਬਦਲਦੇ ਸਮਾਜਿਕ ਹਾਲਾਤਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਹੈ।
ਮੈਡ ਸੰਧੂ ਅਤੇ ਕਮਲ ਕੌਰ ਦੇ ਕਤਲ ਬਾਰੇ ਸੰਧੂ ਕਹਿੰਦੇ ਹਨ, "ਦੋਵੇਂ ਕੇਸ ਮੋਰਲ ਪੁਲਿਸਿੰਗ' ਨਾਲ ਜੁੜੇ ਹਨ ਪਰ ਕਿਸੇ ਨੂੰ ਵੀ ਦੂਜੇ ਇਨਸਾਨ ਨੂੰ ਮਾਰਨ ਦਾ ਹੱਕ ਨਹੀਂ ਹੈ ਅਤੇ ਨਾ ਹੀ ਆਪਣੇ ਵਿਚਾਰ ਥੋਪਣ ਦਾ ਹੱਕ ਹੈ।"
ਸੰਧੂ ਮੁਤਾਬਕ, "ਜੇਕਰ ਕੋਈ ਇਨਫਲੂਐਂਸ ਕਰ ਰਿਹਾ ਹੈ ਤਾਂ ਤੁਸੀਂ ਵੀ ਇਨਫਲੂਐਂਸ ਕਰੋ, ਪਰ ਤੁਸੀਂ ਤਾਕਤ ਕਿਉਂ ਦਿਖਾ ਰਹੇ ਹੋ? ਗਰਮ ਸਿਆਸਤ ਵਿੱਚ ਵੀ ਇਹ ਪੱਖ ਗਲਤ ਹੁੰਦਾ ਹੈ, ਜਦੋਂ ਕੋਈ ਤਰਕ ਦਾ ਤਰਕ ਨਾਲ ਜਵਾਬ ਨਾ ਦੇ ਕੇ ਗੋਲੀ ਨਾਲ ਦਿੰਦਾ ਹੈ।"

ਮੈਡ ਸੰਧੂ ਦੇ ਕਤਲ ਬਾਰੇ ਉਹ ਕਹਿੰਦੇ ਹਨ, "ਇਹ ਕਤਲ ਪੂਰੀ ਤਰ੍ਹਾਂ ਗਲਤ ਹੈ, ਉਹ ਸਿਰਫ਼ ਇੱਕ ਆਮ ਗੇਅ ਮੁੰਡਾ ਸੀ। ਗੇਅ ਹੋਣ ਵਿੱਚ ਕੀ ਗਲਤ ਹੈ? ਇਹ ਨਿਰਧਾਰਤ ਕਰਨ ਵਾਲਾ ਕੋਈ ਦੂਜਾ ਬੰਦਾ ਕੌਣ ਹੁੰਦਾ ਹੈ ਕਿ ਕੀ ਕੁਦਰਤੀ ਹੈ ਅਤੇ ਕੀ ਗੈਰ-ਕੁਦਰਤੀ। ਸਭ ਲੋਕ ਬਰਾਬਾਰ ਹਨ ਅਤੇ ਕੁਦਰਤ ਨੇ ਵੱਖ-ਵੱਖ ਤਰ੍ਹਾਂ ਦੇ ਲੋਕ ਬਣਾਏ ਹਨ।"
ਉਹ ਕਹਿੰਦੇ ਹਨ, "ਸਮਾਜ ਨੂੰ ਅਸਲ ਵਿੱਚ ਕੌਣ ਖਰਾਬ ਕਰ ਰਿਹਾ ਹੈ? ਸਮਾਜ ਨੂੰ ਨਸ਼ਾ ਵੇਚਣ ਵਾਲੇ ਜਾਂ ਵਾਅਦੇ ਕਰਕੇ ਮੁਕਰਨ ਵਾਲੇ ਸਿਆਸਤਦਾਨ ਜਾਂ ਗੈਂਗਸਟਰ? ਅਸਲ ਵਿੱਚ ਸਾਰੀ ਭੜਾਸ ਅਤੇ ਗੁੱਸਾ ਸਿਰਫ਼ ਕਮਜ਼ੋਰ ਲੋਕਾਂ 'ਤੇ ਨਿਕਲ ਜਾਂਦਾ ਹੈ।"
ਮਨੂ ਮੋਦਗਿਲ ਐੱਲਜੀਬੀਟੀਕਿਊ ਭਾਈਚਾਰੇ ਦੇ ਹੱਕਾਂ ਦੀ ਵਕਾਲਤ ਕਰਦੇ ਹਨ।
ਮੋਦਗਿਲ ਕਹਿੰਦੇ ਹਨ, "ਐੱਲਜੀਬੀਟੀਕਿਊ ਦੀ ਪਛਾਣ ਕੋਈ ਨਵੀਂ ਗੱਲ ਨਹੀਂ ਪਰ ਹੁਣ ਸਮੇਂ ਦੇ ਹਿਸਾਬ ਨਾਲ ਥੋੜ੍ਹੀ ਵਿਜ਼ਿਬਿਲਟੀ (ਜ਼ਿਆਦਾ ਦਿਖਣ ਲੱਗ ਪਿਆ) ਵੱਧ ਹੋ ਗਈ ਪਰ ਕੁਝ ਲੋਕ ਚਾਹੁੰਦੇ ਹਨ ਕਿ ਉਹ ਭਾਈਚਾਰਾ ਪਹਿਲਾਂ ਵੀ ਘੱਟ ਦਿਖਦਾ ਸੀ ਅਤੇ ਹੁਣ ਵੀ ਘੱਟ ਦਿਖਾਈ ਦੇਵੇ।"
ਉਹਨਾਂ ਮੁਤਾਬਕ, "ਘੱਟ ਦਿਖਣਾ ਬਹੁਤ ਬੁਰੀ ਤਰ੍ਹਾਂ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਹੈ। ਜੇ ਕੋਈ ਆਪਣੀ ਪਛਾਣ ਹੀ ਕਿਸੇ ਨੂੰ ਨਹੀਂ ਦੱਸ ਪਾ ਰਿਹਾ ਤਾਂ ਇਹ ਉਸ ਨੂੰ ਬਹੁਤ ਦਬਾ ਦਿੰਦਾ ਹੈ ਅਤੇ ਆਪਣੇ ਗੁਣਾਂ ਅਤੇ ਕਲ੍ਹਾ ਨੂੰ ਵੀ ਦਿਖਾਉਣ ਤੋਂ ਵਾਝਾਂ ਕਰ ਦਿੰਦਾ ਹੈ। ਕੋਈ ਕਿਸੇ ਨੂੰ ਮਾਰ ਕੇ ਕੁਦਰਤ ਨੂੰ ਨਹੀਂ ਦਬਾ ਸਕਦਾ।"

ਤਸਵੀਰ ਸਰੋਤ, Mad Sandhu / Insta
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪ੍ਰੋਫੈਸਰ ਅਤੇ ਥੀਏਟਰ ਨਾਲ ਜੁੜੇ ਪਾਲੀ ਭੁਪਿੰਦਰ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਕਈ ਲੋਕ ਸਸਤੀ ਸ਼ੌਹਰਤ ਲੈਣ ਲਈ ਧਮਕੀਆਂ ਜਾਂ ਕਤਲ ਕਰ ਰਹੇ ਹਨ ।
ਪ੍ਰੋਫੈਸਰ ਪਾਲੀ ਭੁਪਿੰਦਰ ਮੁਤਾਬਕ, "ਮੈਡ ਸੰਧੂ ਨੇ ਆਪਣੇ ਆਪ ਨੂੰ ਸਵੀਕਾਰ ਕੀਤਾ ਅਤੇ ਆਪਣੀ ਜ਼ਿੰਦਗੀ ਜੀਅ ਰਿਹਾ ਸੀ ਪਰ ਮੋਰਲ ਪੁਲਿਸਿੰਗ ਕਰਨ ਵਾਲੇ ਲੋਕ ਕੌਣ ਹੁੰਦੇ ਹਨ ਜੋ ਦੱਸਣ ਕਿ ਕਿਸੇ ਨੇ ਕੀ ਪਾਉਣਾ ਹੈ ਅਤੇ ਕੀ ਖਾਣਾ ਹੈ?"
ਉਹ ਕਹਿੰਦੇ ਹਨ, "ਜੋ ਕੋਈ ਆਪਣਾ ਕੰਮ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰ ਰਿਹਾ ਹੈ, ਉਸ ਨੂੰ ਕੋਈ ਕਿਵੇਂ ਮਾਰ ਸਕਦਾ ਹੈ? ਬਸ ਅਜਿਹੇ ਲੋਕ ਸਮਾਜ ਦੇ ਠੇਕੇਦਾਰ ਬਣ ਰਹੇ ਹਨ। ਕਮਲ ਕੌਰ ਵਰਗੀਆਂ ਕੁੜੀਆਂ ਆਪਣਾ ਰੁਜ਼ਗਾਰ ਕਰ ਰਹੀਆਂ ਹਨ, ਲੱਖਾਂ ਲੋਕ ਉਹਨਾਂ ਨੂੰ ਫੌਲੋ ਵੀ ਕਰ ਰਹੇ ਹਨ, ਫਿਰ ਉਹ ਕੌਣ ਹਨ, ਕੀ ਉਹ ਫੌਲੋ ਕਰਨ ਵਾਲਿਆਂ ਨੂੰ ਵੀ ਮਾਰ ਦੇਣਗੇ?"
ਪਾਲੀ ਭੁਪਿੰਦਰ ਸਵਾਲ ਕਰਦੇ ਹਨ, "ਇਹ ਲੋਕ ਪੰਜਾਬੀ ਦੇ ਕੰਟੈਂਟ ਨੂੰ ਰੋਕ ਲੈਣਗੇ ਪਰ ਹਿੰਦੀ ਅਤੇ ਅੰਗਰੇਜ਼ੀ ਦੇ ਕੰਟੈਂਟ ਨੂੰ ਕਿਵੇਂ ਰੋਕ ਸਕਦੇ ਹਨ? ਉਹ ਕਿਸ-ਕਿਸ ਨੂੰ ਮਾਰਨਗੇ। ਕਮਲ ਕੌਰ ਤੋਂ ਬਾਅਦ ਹੋਰ ਕੁੜੀਆਂ ਵੀ ਆ ਰਹੀਆਂ ਹਨ।"

ਤਸਵੀਰ ਸਰੋਤ, Getty Images
ਐੱਲਜੀਬੀਟੀਕਿਊ ਭਾਈਚਾਰੇ ਕਿਤਾਬ ਛਾਪਣ ਵਾਲੇ ਡਿੰਪਲ ਕਹਿੰਦੇ ਹਨ, "ਸਭ ਤੋਂ ਵੱਧ ਬੋਝ ਅਕਸਰ ਉਨ੍ਹਾਂ ਲੋਕਾਂ ਨੂੰ ਝੱਲਣਾ ਪੈਂਦਾ ਹੈ ਜੋ ਰਵਾਇਤੀ ਹੱਦਾਂ ਨੂੰ ਚੁਣੌਤੀ ਦਿੰਦੇ ਹਨ। ਖ਼ਾਸ ਕਰਕੇ ਔਰਤ ਦੇ ਸਰੀਰ, ਪਹਿਰਾਵੇ ਅਤੇ ਸੈਕਸੁਐਲਿਟੀ ਨੂੰ ਸਮਾਜਿਕ ਇੱਜ਼ਤ ਨਾਲ ਜੋੜ ਕੇ ਉਸਦੀ ਆਜ਼ਾਦੀ 'ਤੇ ਨਿਗਰਾਨੀ ਰੱਖਣੀ ਪਿੱਤਰਸੱਤਾ ਦਾ ਪੁਰਾਣਾ ਤਰੀਕਾ ਹੈ।''
''ਪਰ ਇਹ ਸਿਰਫ਼ ਔਰਤਾਂ ਦਾ ਮਸਲਾ ਨਹੀਂ। ਮਰਦ ਵੀ ਜਦੋਂ ਰਵਾਇਤੀ ਮੈਸਕੁਲਿਨਿਟੀ ਤੋਂ ਵੱਖਰੇ ਦਿਸਦੇ ਹਨ ਜਾਂ ਕੋਈ ਵਿਅਕਤੀ ਆਪਣੀ ਲਿੰਗਕ ਪਛਾਣ ਨੂੰ ਰਵਾਇਤੀ ਖਾ ਕੇ ਤੋਂ ਬਾਹਰ ਪ੍ਰਗਟ ਕਰਦਾ ਹੈ, ਤਾਂ ਉਸ ਨੂੰ ਵੀ ਇਸੇ ਸਮਾਜਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































