'ਆਪ' ਦੇ ਕਿਨ੍ਹਾਂ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, 'ਚੋਣਾਂ ਨੇੜੇ ਵਿਧਾਇਕਾਂ ਨੂੰ ਲੋਕਾਂ ਦੇ ਮੁੱਦੇ ਤੇ ਪਾਰਟੀ ਨੂੰ ਅਨੁਸ਼ਾਸਨ ਯਾਦ ਆਉਂਦਾ ਹੈ'

ਤਸਵੀਰ ਸਰੋਤ, Sukhveer Maiser Khana/FB
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਆਪਣੀ ਹੀ ਸਰਕਾਰ ਵਿਰੁੱਧ ਸ਼ਨੀਵਾਰ ਨੂੰ ਮੋਰਚਾ ਖੋਲ੍ਹ ਦਿੱਤਾ।
ਸੁਖਵੀਰ ਸਿੰਘ ਮਾਈਸਰਖਾਨਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦਾ ਮੁੱਦਾ ਚੁੱਕਿਆ ਅਤੇ ਅਗਲੀਆਂ ਚੋਣਾਂ ਵਿੱਚ ਟਿਕਟ ਮਿਲਣ ਜਾਂ ਨਾ ਮਿਲਣ ਨੂੰ ਲੈ ਕੇ 'ਬੇਪ੍ਰਵਾਹ' ਹੋਣ ਦਾ ਦਾਅਵਾ ਕੀਤਾ।
ਪਰ ਪਾਰਟੀ ਵੱਲੋਂ ਉਹਨਾਂ ਵਿਰੁੱਧ ਤੁਰੰਤ ਹੀ ਕਾਰਵਾਈ ਕੀਤੀ ਗਈ ਅਤੇ ਮਾਈਸਰਖ਼ਾਨਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ।
ਪਾਰਟੀ ਸੂਰਤਾਂ ਮੁਤਾਬਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਮਿਲਣੀ ਦੀ ਕੋਈ ਸੰਭਾਵਨਾ ਨਹੀਂ ਸੀ।
ਹਾਲਾਂਕਿ 117 ਵਿੱਚੋਂ 94 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਪਿਛਲੇ ਸਮੇਂ ਹਲਕਾ ਇੰਚਾਰਜਾਂ ਨੂੰ ਲੈ ਕੇ ਵੀ ਕਈ ਬਦਲਾਅ ਕੀਤੇ ਗਏ, ਪਰ 'ਪ੍ਰਭਾਵਿਤ' ਵਿਧਾਇਕ ਖੁੱਲ੍ਹ ਕੇ ਜਨਤਕ ਤੌਰ 'ਤੇ ਨਹੀਂ ਬੋਲ ਰਹੇ ਹਨ ਪਰ ਜੋ ਬੋਲ ਰਹੇ ਹਨ ਉਹ ਕੌਣ ਹਨ ਅਤੇ ਕਿਹੜੇ ਮੁੱਦੇ ਚੁੱਕੇ ਰਹੇ ਹਨ?
ਸਵਾਲ ਇਹ ਹੈ ਕੀ ਆਪਣੀ ਹੀ ਪਾਰਟੀ ਖਿਲਾਫ਼ ਉੱਠ ਰਹੀ ਇਹ ਆਵਾਜ਼ ਪਾਰਟੀ ਦੀਆਂ ਨੀਤੀਆਂ ਨਾਲ ਅਸਹਿਮਤੀ ਹੈ ਜਾਂ ਟਿਕਣ ਨਾ ਮਿਲਣ ਦੇ ਸੰਕੇਤ ਤੋਂ ਬਾਅਦ ਦਾ ਪ੍ਰਤੀਕਰਮ ਹੈ?
'ਆਪ' ਦੇ ਕਿਹੜੇ ਵਿਧਾਇਕ ਪਾਰਟੀ ਵਿਰੁੱਧ ਖੜ੍ਹੇ ਹੋਏ

ਤਸਵੀਰ ਸਰੋਤ, Sukhveer Maiser Khana/FB
ਭਾਵੇਂ ਪੰਜਾਬ ਸਰਕਾਰ 'ਤੇ ਵਿਰੋਧੀ ਪਾਰਟੀਆਂ ਦਿੱਲੀ ਹਾਈਕਮਾਂਡ ਤੋਂ ਮਿਲ ਰਹੇ ਹੁਕਮਾਂ ਦੀ ਪਾਲਣਾ ਕਰਨ ਦੇ ਇਲਜ਼ਾਮ ਲਗਾਉਂਦੀਆਂ ਰਹੀਆਂ ਹਨ, ਪਰ ਹੁਣ ਤੱਕ ਤਿੰਨ ਵਿਧਾਇਕ ਪਾਰਟੀ ਵਿਰੁੱਧ ਜਨਤਕ ਤੌਰ 'ਤੇ ਬੋਲੇ ਹਨ।
ਹਾਲ ਹੀ ਵਿੱਚ ਸੁਖਵੀਰ ਸਿੰਘ ਮਾਈਸਰਖਾਨਾ ਨੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਿਆ ਜਿਸ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੇਬੁਨਿਆਦ ਦੱਸਿਆ ਅਤੇ ਉਹਨਾਂ ਸਕੂਲਾਂ ਵਿੱਚ ਅਧਿਆਪਕ ਪੂਰੇ ਹੋਣ ਦੀ ਗੱਲ ਆਖੀ ਜਿੱਥੇ ਮਾਈਸਰਖਾਨਾ ਸਵਾਲ ਚੁੱਕ ਰਹੇ ਸਨ।
ਮਾਈਸਰਖਾਨਾ ਦੇ ਬੋਲਣ ਤੋਂ ਪਹਿਲਾਂ ਉੱਤਰੀ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਖੁੱਲ੍ਹ ਕੇ ਬਗਾਵਤ ਕੀਤੀ ਸੀ।
ਆਮ ਆਦਮੀ ਪਾਰਟੀ ਦੀ ਸਾਲ 2022 ਵਿੱਚ ਸੂਬੇ ਅੰਦਰ ਸਰਕਾਰ ਬਣਨ ਤੋਂ ਕੁਝ ਹੀ ਸਮਾਂ ਬਾਅਦ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐੱਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਈ ਮੌਕਿਆਂ 'ਤੇ ਆਪਣੀ ਹੀ ਪਾਰਟੀ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਸੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਜੂਨ 2021 ਵਿੱਚ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪਰ ਜੂਨ 2025 ਵਿੱਚ ਆਮ ਆਦਮੀ ਪਾਰਟੀ ਦੀ ਪਾਲੀਟਿਕਲ ਅਫੇਅਰ ਕਮੇਟੀ ਨੇ ਉਨ੍ਹਾਂ ਨੂੰ 5 ਸਾਲ ਲਈ ਮੁਅੱਤਲ ਕਰਨ ਦਾ ਫੈਸਲਾ ਲਿਆ।
ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਤੇ ਪੁਲਿਸ ਗੋਲੀਬਾਰੀ ਕੇਸਾਂ 'ਚ ਕਾਰਵਾਈ ਨੂੰ ਲੈ ਕੇ ਸੀਐੱਮ ਭਗਵੰਤ ਮਾਨ 'ਤੇ ਸਿੱਧਾ ਹਮਲਾ ਕੀਤਾ ਸੀ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਰਾਵਾਂ ਵਿਖੇ ਬਹਿਬਲ ਕਲਾਂ ਗੋਲੀ ਕਾਂਡ ਦੀ 9ਵੀਂ ਬਰਸੀ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਦੀ, ਉਨ੍ਹਾਂ ਦੀ ਆਪਣੀ ਸਰਕਾਰ ਵਿੱਚ ਹੀ ਫੋਨ ਟੈਪਿੰਗ ਕੀਤੀ ਗਈ ਸੀ।

ਤਸਵੀਰ ਸਰੋਤ, Kunwar Vijay Pratap Singh/FB
ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਵਿੱਚ ਉਨ੍ਹਾਂ ਦੀ ਗੱਲਬਾਤ ਨਾ ਸੁਣੇ ਜਾਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ''ਮੇਰੀ ਸਰਕਾਰ ਵਿੱਚ ਹੀ ਮੇਰੇ ਉੱਤੇ ਤਸ਼ੱਦਦ ਹੋ ਰਿਹਾ ਹੈ।''
ਪਿਛਲੇ ਸਮੇਂ ਜਦੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਜੀਲੈਂਸ ਦੀ ਇਸ ਕਾਰਵਾਈ ਦੇ ਢੰਗ 'ਤੇ ਸਵਾਲ ਚੁੱਕੇ ਸਨ।

ਤਸਵੀਰ ਸਰੋਤ, FB/Harmeet Singh Pathanmajra
ਬਲਾਤਕਾਰ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਰਮੀਤ ਸਿੰਘ ਪਠਾਨਮਾਰਜਾ ਆਪਣੀ ਹੀ ਸਰਕਾਰ 'ਤੇ ਹੜ੍ਹਾਂ ਦੇ ਮੁੱਦੇ ਅਤੇ ਦਿੱਲੀ ਤੋਂ ਹਾਈਕਮਾਂਡ ਦੀ ਦਖਲਅੰਦਾਜ਼ੀ ਨੂੰ ਲੈ ਕੇ ਸਵਾਲ ਚੁੱਕਦੇ ਰਹੇ ਹਨ।
ਪਠਾਨਮਾਜਰਾ ਖ਼ਿਲਾਫ 1 ਸਤੰਬਰ 2025 ਨੂੰ ਆਈਪੀਸੀ ਦੀ ਧਾਰਾ 376, 420 ਅਤੇ 506 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ।
ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਮਾਮਲਾ ਕੁਝ ਸਾਲ ਪੁਰਾਣਾ ਸੀ, ਇੱਕ ਮਹਿਲਾ ਜੋ ਸਾਲ 2013-14 ਵਿੱਚ ਪਠਾਨਮਾਜਰਾ ਦੇ ਸਪੰਰਕ ਵਿੱਚ ਆਈ ਉਸ ਨੇ ਪਠਾਨਮਾਜਰਾ ਉੱਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮ ਲਾਏ ਅਤੇ ਕਾਰਵਾਈ ਦੀ ਮੰਗ ਕੀਤੀ।
ਹਾਲਾਂਕਿ ਪਟਿਆਲਾ ਪੁਲਿਸ ਨੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਇਕ ਵਾਰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੇ ਕਈ ਮਹੀਨਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਦੀ ਬਾਅਦ ਵਿੱਚ ਜ਼ਮਾਨਤ ਹੋ ਗਈ ਸੀ।

'ਜਿਨ੍ਹਾਂ ਨੂੰ ਟਿਕਟ ਨਹੀਂ ਮਿਲਣੀ ਉਹ ਬੋਲ ਰਹੇ ਹਨ'
ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਸੁਖਵੀਰ ਸਿੰਘ ਮਾਈਸਰਖਾਨਾ ਦੇ ਮਾਮਲੇ ਬਾਰੇ ਕਿਹਾ ਕਿ ਉਹ ਵਿਧਾਇਕ ਬੋਲ ਰਹੇ ਹਨ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਣੀ।
ਉਹਨਾਂ ਕਿਹਾ ਕਿ ਕਈ ਵਿਧਾਇਕਾਂ ਦੀ ਸਰਵੇ ਵਿੱਚ ਚੰਗੀ ਕਾਰਗੁਜ਼ਾਰੀ ਸਾਹਮਣੇ ਨਹੀਂ ਆਈ, ਇਸ ਲਈ ਉਹਨਾਂ ਨੂੰ ਟਿਕਟ ਨਹੀਂ ਮਿਲਣੀ, ਜਿਸ ਕਾਰਨ ਉਹ ਆਗੂ ਹੁਣ ਬੋਲ ਰਹੇ ਹਨ ਜਾਂ ਅੱਗੇ ਵੀ ਬੋਲ ਸਕਦੇ ਹਨ।
'ਚੋਣਾਂ ਸਮੇਂ ਲੋਕਾਂ ਦੇ ਮੁੱਦੇ 'ਤੇ ਅਨੁਸ਼ਾਸਨ ਯਾਦ ਆਉਂਦਾ'
ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ 'ਤੇ ਇਹ ਇਲਜ਼ਾਮ ਲੱਗਦਾ ਰਿਹਾ ਹੈ ਕਿ ਪਾਰਟੀ ਦੇ ਵਿਧਾਇਕਾਂ ਦੇ ਕੰਮ ਨਹੀਂ ਹੁੰਦੇ ।
ਬਠਿੰਡਾ ਇਲਾਕੇ ਨਾਲ ਸਬੰਧਤ ਸਾਬਕਾ ਪ੍ਰੋਫੈਸਰ ਅਤੇ ਕਾਰਕੁਨ ਰਾਜਪਾਲ ਸਿੰਘ ਕਹਿੰਦੇ ਹਨ, "ਸੁਖਵੀਰ ਸਿੰਘ ਮਾਈਸਰਖਾਨਾ ਦੇ ਮਾਮਲੇ ਵਿੱਚ ਮੈਨੂੰ ਦੋਵੇਂ ਗੱਲਾਂ ਲੱਗਦੀਆਂ ਹਨ, ਉਹਨਾਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਦੀ ਟਿਕਟ ਦੀ ਕੱਟੀ ਗਈ।"

ਤਸਵੀਰ ਸਰੋਤ, Getty Images
ਰਾਜਪਾਲ ਸਿੰਘ ਕਹਿੰਦੇ ਹਨ, "ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਸਰਕਾਰ ਵਿੱਚ ਵਿਧਾਇਕਾਂ ਦੇ ਕੰਮ ਨਹੀਂ ਹੋ ਰਹੇ। ਹਾਲਾਂਕਿ, ਲੋਕਾਂ ਵਿੱਚ ਤਾਂ ਪਹਿਲਾਂ ਤੋਂ ਹੀ ਕੁਝ ਆਵਾਜ਼ ਸੀ ਪਰ ਹੁਣ ਵਿਧਾਇਕਾਂ ਵਿੱਚ ਵੀ ਇਹ ਰੋਸ ਹੈ ਕਿ ਉਹਨਾਂ ਦੀ ਸੁਣਵਾਈ ਨਹੀਂ ਹੈ। ਇਹ ਸਿਰਫ਼ ਇੱਕ ਧਾਰਨਾ ਨਹੀਂ ਹੈ ਕਿ ਸਰਕਾਰ 'ਤੇ ਬਾਹਰੀ ਲੋਕਾਂ ਦਾ ਕੰਟਰੋਲ ਹੈ, ਦਰਅਸਲ, ਇਹ ਸੱਚ ਵੀ ਹੈ। ਹਾਲਾਂਕਿ ਜੇਕਰ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਚੰਗਾ ਸ਼ਾਸਨ ਮਿਲਦਾ ਤਾਂ ਉਹ ਸ਼ਾਇਦ ਮੰਨ ਲੈਂਦੇ ਪਰ ਹੁਣ ਦਿੱਲੀ ਦੇ ਪੰਜਾਬ 'ਤੇ ਰਾਜ ਵਾਲੀ ਗੱਲ ਲੋਕਾਂ ਨੂੰ ਹਜ਼ਮ ਵੀ ਨਹੀਂ ਹੁੰਦੀ।"
ਪੰਜਾਬੀ ਯੂਨਵਰਸਿਟੀ, ਪਟਿਆਲਾ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਐੱਚਐੱਸ ਭੱਟੀ ਕਹਿੰਦੇ ਹਨ, "ਅਸਲ ਵਿੱਚ ਹੁਣ ਚੋਣਾਂ ਦਾ ਸਮਾਂ ਆ ਗਿਆ ਹੈ। ਇਸ ਮੌਕੇ ਜਿਨ੍ਹਾਂ ਵਿਧਾਇਕਾਂ ਨੂੰ ਟਿਕਟਾਂ ਨਹੀਂ ਮਿਲਣੀਆਂ, ਉਹਨਾਂ ਨੂੰ ਲੋਕਾਂ ਦੀਆਂ ਮੰਗਾਂ ਅਤੇ ਮਸਲੇ ਯਾਦ ਆ ਰਹੇ ਹਨ, ਪਰ ਦੂਜੇ ਪਾਸੇ ਪਾਰਟੀ ਨੂੰ ਅਨੁਸ਼ਾਸਨ ਦਾ ਚੇਤਾ ਆ ਰਿਹਾ ਹੈ।"
ਭੱਟੀ ਕਹਿੰਦੇ ਹਨ, "ਇੱਥੇ ਕੋਈ ਵੀ ਨਿਰਦੋਸ਼ ਨਹੀਂ, ਇਹ ਹਾਲਾਤ ਹੀ ਇਸ ਤਰ੍ਹਾਂ ਦੇ ਹਨ। ਪਾਰਟੀ ਨੂੰ ਕੋਈ ਹੋਰ ਚੰਗਾ ਉਮੀਦਵਾਰ ਦਿਖਾਈ ਦਿੰਦਾ ਹੈ ਅਤੇ ਪੁਰਾਣਾ ਆਗੂ ਲੋਕਾਂ ਦੀ ਗੱਲ ਕਰਦਾ ਹੈ।"
ਨਵੇਂ ਹਲਕਾ ਇੰਚਾਰਜ ਪਰ ਵਿਧਾਇਕ ਚੁੱਪ

ਤਸਵੀਰ ਸਰੋਤ, Getty Images
ਸੁਖਵੀਰ ਸਿੰਘ ਤੋਂ ਇਲਾਵਾ ਕਈ ਹੋਰ ਮੌਜੂਦਾ ਵਿਧਾਇਕਾਂ ਨੂੰ ਅਗਲੀਆਂ ਚੋਣਾਂ ਵਿੱਚ ਟਿਕਟ ਮਿਲਣ ਦੀ ਉਮੀਦ ਨਹੀਂ, ਹਾਲਾਂਕਿ ਇਹਨਾਂ ਵਿੱਚੋਂ ਕੋਈ ਵੀ ਵਿਧਾਇਕ ਪਾਰਟੀ ਖਿਲਾਫ਼ ਜਨਤਕ ਤੌਰ 'ਤੇ ਨਹੀਂ ਬੋਲ ਰਿਹਾ।
ਪਾਰਟੀ ਪਹਿਲਾਂ ਹੀ ਬਠਿੰਡਾ (ਦਿਹਾਤੀ) ਵਿੱਚ ਗੋਪਾਲ ਸਿੰਘ ਕੋਟਫੱਤਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਚੁੱਕੀ ਹੈ, ਹਾਲਾਂਕਿ ਇੱਥੋਂ ਅਮਿਤ ਰਤਨ ਕੋਟਫੱਤਾ ਵਿਧਾਇਕ ਹਨ, ਉਹਨਾਂ ਦੀ ਸਾਲ 2023 ਵਿੱਚ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰੀ ਹੋਈ ਸੀ।
ਇਸ ਦੇ ਨਾਲ ਹੀ ਪੱਟੀ ਹਲਕੇ ਲਈ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਸੀ। ਪੱਟੀ ਤੋਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਧਾਇਕ ਹਨ ਅਤੇ ਉਹ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਉਹ ਜੇਲ੍ਹ ਅੰਦਰ ਹਨ।
ਪਾਰਟੀ ਨੇ ਪਿਛਲੇ ਸਮੇਂ ਖਰੜ੍ਹ ਤੋਂ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਇੰਚਾਰਜ ਲਗਾਇਆ, ਪਰ ਇੱਥੋਂ ਮੌਜੂਦਾ ਸਮੇਂ ਅਨਮੋਲ ਗਗਨ ਮਾਨ ਵਿਧਾਇਕ ਹਨ।
ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ ਚੰਨੀ 'ਆਪ' ਦੇ ਵਿਧਾਇਕ ਹੈ ਪਰ ਇੱਥੋਂ ਪਾਰਟੀ ਵੱਲੋਂ ਜਸਵੀਰ ਸਿੰਘ ਗੜ੍ਹੀ ਨੂੰ ਇੰਚਾਰਜ ਲਗਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਰਜੀਤ ਸਿੰਘ ਰੱਖੜਾ ਨੂੰ ਵੀ ਪਿਛਲੇ ਸਮੇਂ ਸਮਾਣਾ ਹਲਕੇ ਦਾ ਇੰਚਾਰਜ ਲਗਾਇਆ ਗਿਆ ਸੀ, ਜਦਕਿ ਇੱਥੋਂ ਚੇਤਨ ਸਿੰਘ ਜੌੜੇਮਾਜਰਾ ਵਿਧਾਇਕ ਹਨ।
'ਆਪ' ਦੇ ਸਾਂਸਦਾਂ ਦਾ ਭਾਜਪਾ 'ਚ ਜਾਣਾ ਤੇ ਪਾਰਟੀ ਉੱਤੇ ਇਲਜ਼ਾਮ ਲਾਉਣੇ

ਤਸਵੀਰ ਸਰੋਤ, Getty Images
ਇਸ ਸਾਲ ਅਪ੍ਰੈਲ ਮਹੀਨੇ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਰਾਜਿੰਦਰ ਗੁਪਤਾ ਅਤੇ ਵਿਕਰਮਜੀਤ ਸਿੰਘ ਸਾਹਨੀ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ। ਉਹ ਪੰਜਾਬ ਤੋਂ 'ਆਪ' ਦੇ ਰਾਜ ਸਭਾ ਮੈਂਬਰ ਸਨ।
ਹਾਲਾਂਕਿ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਅਤੇ ਇਨ੍ਹਾਂ ਰਾਜਸਭਾ ਮੈਂਬਰਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ।
ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ, "ਮੈਂ ਉਨ੍ਹਾਂ ਦੀ ਦੋਸਤੀ ਦੇ ਕਾਬਲ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਦੇ ਗੁਨਾਹ 'ਚ ਸ਼ਾਮਿਲ ਨਹੀਂ ਸੀ। ਅੱਜ ਅਸੀਂ ਇੱਕ ਅਜਿਹੇ ਮੋੜ 'ਤੇ ਸੀ ਕਿ ਜਾਂ ਤਾਂ ਅਸੀਂ ਸਿਆਸਤ ਛੱਡ ਦੇਈਏ ਜਾਂ ਆਪਣੇ ਤਜਰਬੇ ਦੇ ਆਧਾਰ 'ਤੇ ਸਕਾਰਾਤਮਕ ਸਿਆਸਤ ਕਰੀਏ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































