ਕੀ ਚੰਗੇ ਮਾਪੇ ਬਣਨ ਦੀ ਕੋਸ਼ਿਸ਼ ਵਿੱਚ ਅਸੀਂ ਆਪਣੀ ਸਮਝ ਗੁਆ ਰਹੇ ਹਾਂ

- ਲੇਖਕ, ਵੈਨੇਸਾ ਕਲਾਰਕ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਰੋਜ਼ੀ ਵਿਟਫੀਲਡ ਦੇ ਮਾਂ ਬਣਨ ਤੋਂ ਪਹਿਲਾਂ, ਕਲਪਨਾ ਕੀਤੀ ਸੀ ਕਿ ਉਹ ਬਹੁਤ ਸ਼ਾਂਤ ਬੱਚਿਆਂ ਦਾ ਪਾਲਣ-ਪੋਸ਼ਣ ਕਰਨਗੇ।
ਉਨ੍ਹਾਂ ਹੱਸਦਿਆਂ ਹੋਇਆ ਕਿਹਾ, "ਫਿਰ ਮੇਰੇ ਦੋ ਬਹੁਤ ਸ਼ਰਾਰਤੀ ਮੁੰਡੇ ਹੋ ਗਏ।"
ਬੱਚਿਆਂ ਦੇ ਜਨਮ ਤੋਂ ਬਾਅਦ, ਰੋਜ਼ੀ ਨੇ ਸਭ ਤੋਂ ਵਧੀਆ ਸਲਾਹ ਲੱਭਣ ਲਈ ਘੰਟਿਆਂ ਤੱਕ ਆਨਲਾਈਨ ਸਮਾਂ ਬਿਤਾਇਆ।
ਇਸ ਦੌਰਾਨ ਉਹ ਪਾਲਣ-ਪੋਸ਼ਣ ਦੇ ਇੱਕ ਖ਼ਾਸ ਤਰੀਕੇ ਵੱਲ ਖਿੱਚੀ ਗਈ, ਉਹ ਸੀ ਜੈਂਟਲ ਪੇਰੈਂਟਿੰਗ।
ਇਸ ਤਰੀਕੇ ਵਿੱਚ ਹਮਦਰਦੀ ਅਤੇ ਆਪਸੀ ਸਤਿਕਾਰ 'ਤੇ ਧਿਆਨ ਦਿੱਤਾ ਜਾਂਦਾ ਹੈ। ਸਜ਼ਾ 'ਤੇ ਬਹੁਤ ਘੱਟ ਜ਼ੋਰ ਦਿੱਤਾ ਜਾਂਦਾ ਹੈ, ਹਾਲਾਂਕਿ ਹੱਦਾਂ ਤੈਅ ਕੀਤੀਆਂ ਜਾਂਦੀਆਂ ਹਨ।
ਪਰ ਉਹ ਲਗਾਤਾਰ ਚਿੰਤਾ ਕਰਦੀ ਰਹਿੰਦੀ ਸੀ ਕਿ ਉਸ ਦੀਆਂ ਚੋਣਾਂ, ਬੱਚਿਆਂ ਦੀ ਨੀਂਦ ਦੇ ਸਮੇਂ ਤੋਂ ਲੈ ਕੇ ਛੋਟੇ ਬੱਚਿਆਂ ਦੇ ਗੁੱਸੇ ਨਾਲ ਨਜਿੱਠਣ ਤੱਕ, "ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਖ਼ਰਾਬ ਕਰ ਰਹੀਆਂ ਹਨ।"
ਰੋਜ਼ੀ ਇਸ ਲਈ ਜੈਂਟਲ ਪੇਰੈਂਟਿੰਗ ਦੇ ਫ਼ਲਸਫ਼ੇ ਨੂੰ ਦੋਸ਼ ਨਹੀਂ ਦਿੰਦੀ। ਇਸ ਦੀ ਬਜਾਏ, ਉਹ ਕਹਿੰਦੀ ਹੈ ਕਿ ਆਨਲਾਈਨ ਪਾਲਣ-ਪੋਸ਼ਣ ਬਾਰੇ ਮਿਲਣ ਵਾਲੀ ਸਲਾਹ ਦੀ ਕੁੱਲ ਮਾਤਰਾ "ਬਹੁਤ ਜ਼ਿਆਦਾ" ਸੀ। ਇਸ ਨੇ "ਰੋਜ਼ਮਰ੍ਹਾ ਦੀਆਂ ਪਾਲਣ-ਪੋਸ਼ਣ ਨਾਲ ਜੁੜੀਆਂ ਚੋਣਾਂ ਨੂੰ ਦੁਨੀਆ ਦੇ ਬਿਲਕੁਲ ਅੰਤ ਵਰਗਾ ਮਹਿਸੂਸ ਕਰਵਾ ਦਿੱਤਾ।"
ਯੂਕੇ ਦੇ ਬਰਮਿੰਘਮ ਨਾਲ ਸਬੰਧ ਰੋਜ਼ੀ ਹੁਣ ਦੁਬਈ ਵਿੱਚ ਰਹਿੰਦੀ ਹੈ।
ਉਸ ਦਾ ਕਹਿਣਾ, "ਮੈਨੂੰ ਲੱਗਦਾ ਸੀ ਕਿ ਜੇ ਮੈਂ ਭਾਂਡੇ ਮਾਂਜਣ ਵੇਲੇ ਜਾਂ ਕੌਫੀ ਪੀਣ ਵੇਲੇ 20 ਮਿੰਟ ਲਈ ਬੱਚਿਆਂ ਨੂੰ ਟੀਵੀ ਦੇਖਣ ਦਿੰਦੀ ਹਾਂ, ਤਾਂ ਮੈਂ ਆਪਣੇ ਬੱਚਿਆਂ ਦੇ ਦਿਮਾਗ਼ ਨੂੰ ਖਰਾਬ ਕਰਨ ਦੀ ਚੋਣ ਕਰ ਰਹੀ ਹਾਂ।"
ਰੋਜ਼ੀ ਦਾ ਮੰਨਣਾ ਹੈ ਕਿ ਪਾਲਣ-ਪੋਸ਼ਣ ਨਾਲ ਜੁੜਿਆ ਹਰ ਫ਼ੈਸਲਾ ਲੈਂਦੇ ਸਮੇਂ ਆਪਣੇ ਆਪ 'ਤੇ ਸਵਾਲ ਕਰਨ ਕਾਰਨ ਉਸ ਦਾ ਆਤਮ-ਵਿਸ਼ਵਾਸ ਅਤੇ ਆਪਣੀ ਸੋਚ 'ਤੇ ਭਰੋਸਾ ਘੱਟ ਹੋ ਗਿਆ।
ਹਾਲਾਂਕਿ, ਅਜਿਹਾ ਕਰਨ ਵਾਲੀ ਉਹ ਇਕੱਲੀ ਨਹੀਂ ਹੈ।

ਤਸਵੀਰ ਸਰੋਤ, Rosie Whitfield
ਸਰਕਾਰੀ ਖੋਜ ਮੁਤਾਬਕ, ਛੋਟੇ ਬੱਚਿਆਂ ਦੇ ਲਗਭਗ ਦੋ-ਤਿਹਾਈ ਮਾਪੇ ਪਾਲਣ-ਪੋਸ਼ਣ ਨਾਲ ਜੁੜੀ ਉਪਲਬਧ ਜਾਣਕਾਰੀ ਦੀ ਮਾਤਰਾ ਕਾਰਨ ਪਰੇਸ਼ਾਨ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਲਾਹਾਂ ਕਾਰਨ ਵੀ ਮੁਸ਼ਕਲ ਆਉਂਦੀ ਹੈ। ਕਈ ਮਾਪੇ ਮਦਦ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ।
ਇਹ ਸਮੱਸਿਆ ਸਿਰਫ਼ ਛੋਟੇ ਬੱਚਿਆਂ ਦੇ ਮਾਪਿਆਂ ਤੱਕ ਹੀ ਸੀਮਤ ਨਹੀਂ ਹੈ।
ਚੈਰਿਟੀ ਸੰਸਥਾ ਐਕਸ਼ਨ ਫਾਰ ਚਿਲਡਰਨ ਦੀ ਖੋਜ ਮੁਤਾਬਕ, ਕਈ ਮਾਪੇ ਆਪਣੇ ਕਿਸ਼ੋਰ ਬੱਚਿਆਂ ਦੇ ਸਕੂਲ ਨਾ ਜਾਣ, ਏਡੀਐੱਚਡੀ ਜਾਂ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲਈ ਮਦਦ ਲੈਣ ਵਾਸਤੇ ਸੰਸਥਾ ਨਾਲ ਸੰਪਰਕ ਕਰਦੇ ਹਨ।
ਬਾਅਦ ਵਿੱਚ ਇਨ੍ਹਾਂ ਵਿੱਚੋਂ ਕਈ ਮਾਪੇ ਆਪਣੀ ਚਿੰਤਾ, ਥਕਾਵਟ ਅਤੇ ਇਸ ਗੱਲ ਨੂੰ ਲੈ ਕੇ ਉਲਝਣ ਬਾਰੇ ਵੀ ਦੱਸਦੇ ਹਨ ਕਿ ਬਹੁਤ ਜ਼ਿਆਦਾ ਥੱਕ ਜਾਣ ਦੇ ਬਾਵਜੂਦ ਬੱਚਿਆਂ ਨਾਲ ਹਮਦਰਦੀ ਅਤੇ ਸਬਰ ਨਾਲ ਕਿਵੇਂ ਪੇਸ਼ ਆਉਣਾ ਹੈ।
ਮਾਪਿਆਂ ਕੋਲ ਪਾਲਣ-ਪੋਸ਼ਣ ਦੇ ਇੰਨੇ ਸਾਰੇ ਤਰੀਕੇ ਅਤੇ "ਬ੍ਰਾਂਡ" ਮੌਜੂਦ ਹਨ। ਕੀ ਇਹ ਸਾਰੀ ਸਲਾਹ ਮਾਪਿਆਂ ਲਈ ਮਦਦਗਾਰ ਹੈ ਜਾਂ ਉਨ੍ਹਾਂ ਦੀ ਚਿੰਤਾ ਹੋਰ ਵਧਾ ਰਹੀ ਹੈ?
ਕੀ ਬੱਚਿਆਂ ਦੀ ਪਰਵਰਿਸ਼ ਕਰਨ ਦਾ ਸੱਚਮੁੱਚ ਕੋਈ ਇੱਕ ਸਭ ਤੋਂ ਵਧੀਆ ਤਰੀਕਾ ਹੈ?
ਜਾਂ ਫਿਰ, ਇੱਕ ਆਦਰਸ਼ ਮਾਪੇ ਬਣਨ ਦੀ ਕੋਸ਼ਿਸ਼ ਵਿੱਚ ਅਸੀਂ ਆਪਣੀ ਅੰਦਰਲੀ ਸਮਝ ਨੂੰ ਗੁਆ ਰਹੇ ਹਾਂ?
ਪਾਲਣ-ਪੋਸ਼ਣ ਦੇ ਵੱਖ-ਵੱਖ ਤਰੀਕਿਆਂ ਦਾ ਵਧਣਾ

ਤਸਵੀਰ ਸਰੋਤ, Matilda Gosling
ਅੱਜ ਮਾਪਿਆਂ ਨੂੰ ਪਾਲਣ-ਪੋਸ਼ਣ ਦੇ ਕਈ ਤਰੀਕੇ ਦੇਖਣ ਨੂੰ ਮਿਲਦੇ ਹਨ।
ਇਨ੍ਹਾਂ ਵਿੱਚ "ਹੈਲੀਕਾਪਟਰ ਪੇਰੈਂਟਿੰਗ" ਵੀ ਸ਼ਾਮਲ ਹੈ। ਇਸ ਵਿੱਚ ਬੱਚਿਆਂ 'ਤੇ ਬਹੁਤ ਨੇੜਿਓਂ ਨਜ਼ਰ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇੱਕ ਹੋਰ ਤਰੀਕਾ "ਟਾਈਗਰ ਪੇਰੈਂਟਿੰਗ" ਹੈ। ਇਸ ਵਿੱਚ ਬੱਚਿਆਂ ਨਾਲ ਸਖ਼ਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਚੰਗੇ ਨਤੀਜਿਆਂ ਦੀਆਂ ਵੱਡੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ।
"ਸਨੋਪਲੌ ਪੇਰੈਂਟਸ" ਵੀ ਹੁੰਦੇ ਹਨ। ਉਹ ਆਪਣੇ ਬੱਚੇ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਹਿਲਾਂ ਹੀ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਤੋਂ ਇਲਾਵਾ "ਡਾਲਫਿਨ ਪੇਰੈਂਟਸ" ਹੁੰਦੇ ਹਨ। ਉਹ ਬੱਚਿਆਂ ਨਾਲ ਸਖ਼ਤੀ ਵੀ ਕਰਦੇ ਹਨ, ਪਰ ਲੋੜ ਮੁਤਾਬਕ ਆਪਣਾ ਤਰੀਕਾ ਬਦਲਣ ਲਈ ਤਿਆਰ ਰਹਿੰਦੇ ਹਨ।
'ਐਵੀਡੈਂਸ-ਬੇਸਡ ਪੇਰੈਂਟਿੰਗ' ਕਿਤਾਬ ਦੀ ਲੇਖਿਕਾ ਮੈਟਿਲਡਾ ਗੋਸਲਿੰਗ ਕਹਿੰਦੀ ਹੈ ਕਿ ਪਾਲਣ-ਪੋਸ਼ਣ ਦੇ ਕਈ ਨਵੇਂ ਰੁਝਾਨ ਮਾਪਿਆਂ ਅਤੇ ਬੱਚਿਆਂ ਦੇ ਸਧਾਰਨ ਰਿਸ਼ਤੇ ਨੂੰ ਹੋਰ ਗੁੰਝਲਦਾਰ ਬਣਾ ਦਿੰਦੇ ਹਨ।
"ਕੁਝ ਮਾਪੇ ਸੋਚਦੇ ਹਨ, 'ਮੈਨੂੰ ਸਨੋਪਲੌ ਪੇਰੈਂਟ ਬਣਨਾ ਚਾਹੀਦਾ ਹੈ ਅਤੇ ਬੱਚੇ ਦੇ ਰਾਹ ਦੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦੇਣੀਆਂ ਚਾਹੀਦੀਆਂ ਹਨ।'"
"ਪਰ ਇਸ ਨਾਲ ਉਸ ਕੰਮ ਨੂੰ ਬੇਲੋੜਾ ਗੁੰਝਲਦਾਰ ਬਣਾ ਦਿੱਤਾ ਜਾਂਦਾ ਹੈ, ਜੋ ਅਸਲ ਵਿੱਚ ਇਨਸਾਨ ਹੋਣ ਦਾ ਇੱਕ ਬੁਨਿਆਦੀ ਹਿੱਸਾ ਹੈ। ਤੁਸੀਂ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹੋ ਅਤੇ ਉਨ੍ਹਾਂ ਲਈ ਕੁਝ ਹੱਦਾਂ ਤੈਅ ਕਰਦੇ ਹੋ।"
ਗੋਸਲਿੰਗ ਦਾ ਮੰਨਣਾ ਹੈ ਕਿ ਪਾਲਣ-ਪੋਸ਼ਣ ਦੇ ਰੁਝਾਨ ਅਕਸਰ ਇੱਕ ਪੰਘੂੜੇ ਵਾਂਗ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦੇ ਹਨ। ਇੱਕ ਪੀੜ੍ਹੀ ਪਿਛਲੀ ਪੀੜ੍ਹੀ ਦੀਆਂ ਗ਼ਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ।
ਉਨ੍ਹਾਂ ਦਾ ਕਹਿਣਾ, "ਇਤਿਹਾਸ ਵਿੱਚ ਹਮੇਸ਼ਾ ਇੱਕ ਹੱਦ ਤੋਂ ਦੂਜੀ ਹੱਦ ਵੱਲ ਅਜਿਹੇ ਬਦਲਾਅ ਹੁੰਦੇ ਰਹੇ ਹਨ।"
ਕੁਝ ਲੋਕਾਂ ਮੁਤਾਬਕ, ਜੈਂਟਲ ਪੇਰੈਂਟਿੰਗ ਸਖ਼ਤ ਅਤੇ ਦੂਰੀ ਵਾਲੇ ਪਾਲਣ-ਪੋਸ਼ਣ ਤੋਂ ਦੂਰ ਜਾਣ ਦਾ ਤਾਜ਼ਾ ਰੁਝਾਨ ਹੈ।
1990 ਦੇ ਦਹਾਕੇ ਵਿੱਚ ਇਹ ਤਰੀਕਾ ਕਾਫ਼ੀ ਪ੍ਰਚਲਿਤ ਸੀ। ਇਸ ਵਿੱਚ ਬੱਚੇ ਨੂੰ ਰੋਣ ਦੇਣਾ, ਸ਼ਰਾਰਤ ਲਈ ਇੱਕ ਖ਼ਾਸ ਥਾਂ 'ਤੇ ਬਿਠਾਉਣਾ ਅਤੇ ਕੁਝ ਸਮੇਂ ਲਈ ਬੱਚੇ ਤੋਂ ਦੂਰੀ ਬਣਾਉਣਾ ਆਮ ਤਰੀਕੇ ਸਨ।
ਜੈਂਟਲ ਪੇਰੈਂਟਿੰਗ ਸਮਝ, ਹਮਦਰਦੀ ਅਤੇ ਸਤਿਕਾਰ 'ਤੇ ਆਧਾਰਿਤ ਹੈ। ਇਸ ਵਿੱਚ ਹੱਦਾਂ ਤੈਅ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।
ਪਾਲਣ-ਪੋਸ਼ਣ ਦੇ ਵੱਖ-ਵੱਖ ਤਰੀਕੇ

ਪਾਲਣ-ਪੋਸ਼ਣ ਦੇ ਸਭ ਤੋਂ ਵੱਧ ਅਧਿਐਨ ਕੀਤੇ ਗਏ ਤਰੀਕਿਆਂ ਵਿੱਚੋਂ ਇੱਕ ਮਾਡਲ ਵਿਕਾਸ ਮਨੋਵਿਗਿਆਨੀ ਡਾਇਨਾ ਬਾਮਰਿੰਡ ਨੇ ਦਿੱਤਾ ਸੀ।
ਬਾਮਰਿੰਡ ਨੇ ਪਾਲਣ-ਪੋਸ਼ਣ ਦੇ ਤਿੰਨ ਤਰੀਕੇ ਦੱਸੇ ਸਨ। ਬਾਅਦ ਵਿੱਚ ਇਸ ਵਿੱਚ ਚੌਥਾ ਤਰੀਕਾ ਵੀ ਜੋੜਿਆ ਗਿਆ।
ਇਹ ਹਨ: ਅਥਾਰਿਟੇਟਿਵ, ਜਿਸ ਵਿੱਚ ਪਿਆਰ ਅਤੇ ਨਿਯਮ ਦੋਵੇਂ ਜ਼ਿਆਦਾ ਹੁੰਦੇ ਹਨ; ਅਥਾਰਿਟੇਰੀਅਨ, ਜਿਸ ਵਿੱਚ ਪਿਆਰ ਘੱਟ ਅਤੇ ਨਿਯਮ ਜ਼ਿਆਦਾ ਹੁੰਦੇ ਹਨ; ਪਰਮਿਸਿਵ, ਜਿਸ ਵਿੱਚ ਪਿਆਰ ਜ਼ਿਆਦਾ ਅਤੇ ਨਿਯਮ ਘੱਟ ਹੁੰਦੇ ਹਨ; ਅਤੇ ਨੇਗਲੈਕਟਫੁਲ, ਜਿਸ ਵਿੱਚ ਪਿਆਰ ਅਤੇ ਨਿਯਮ ਦੋਵੇਂ ਘੱਟ ਹੁੰਦੇ ਹਨ।
ਗੋਸਲਿੰਗ ਕਹਿੰਦੀ ਹੈ, "ਅਥਾਰਿਟੇਟਿਵ ਸਭ ਤੋਂ ਵਧੀਆ ਤਰੀਕਾ ਹੈ।" ਉਨ੍ਹਾਂ ਨੇ 1,000 ਤੋਂ ਵੱਧ ਅਧਿਐਨਾਂ ਨੂੰ ਦੇਖਿਆ ਹੈ।
ਖੋਜ ਤੋਂ ਪਤਾ ਲੱਗਾ ਹੈ ਕਿ ਅਥਾਰਿਟੇਟਿਵ ਤਰੀਕੇ ਨਾਲ ਪਲੇ ਬੱਚਿਆਂ ਦੇ ਪੜ੍ਹਾਈ ਵਿੱਚ ਨਤੀਜੇ ਬਿਹਤਰ ਹੁੰਦੇ ਹਨ। ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਜ਼ਿਆਦਾ ਹੁੰਦਾ ਹੈ ਅਤੇ ਸਮਾਜਿਕ ਹੁਨਰ ਵੀ ਮਜ਼ਬੂਤ ਹੁੰਦੇ ਹਨ। ਇਸ ਤਰੀਕੇ ਵਿੱਚ ਬੱਚਿਆਂ ਨੂੰ ਪਿਆਰ ਦੇਣ ਦੇ ਨਾਲ ਸਪਸ਼ਟ ਹੱਦਾਂ ਵੀ ਤੈਅ ਕੀਤੀਆਂ ਜਾਂਦੀਆਂ ਹਨ।
ਪਰ ਜੈਂਟਲ ਪੇਰੈਂਟਿੰਗ ਇਸ ਤਰੀਕੇ ਵਿੱਚ ਕਿੱਥੇ ਆਉਂਦੀ ਹੈ, ਇਸ ਬਾਰੇ ਸਹਿਮਤੀ ਨਹੀਂ ਹੈ। ਗੋਸਲਿੰਗ ਦਾ ਮੰਨਣਾ ਹੈ ਕਿ ਇਹ ਪਰਮਿਸਿਵ ਪਾਲਣ-ਪੋਸ਼ਣ ਦੇ ਨੇੜੇ ਹੈ।
"ਇਸ ਵਿੱਚ ਬੱਚੇ ਦੀ ਮਰਜ਼ੀ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਅਖੀਰ ਵਿੱਚ ਬੱਚੇ ਕੋਲ ਇੰਨਾ ਜ਼ਿਆਦਾ ਕੰਟ੍ਰੋਲ ਆ ਜਾਂਦਾ ਹੈ ਕਿ ਉਸ ਨੂੰ ਬਾਹਰੋਂ ਮਿਲਣ ਵਾਲੀ ਸੁਰੱਖਿਆ ਦੀ ਕੋਈ ਭਾਵਨਾ ਨਹੀਂ ਰਹਿੰਦੀ।"
ਹਾਲਾਂਕਿ, ਸਾਰਾਹ ਓਕਵੈਲ-ਸਮਿਥ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਨ। ਉਨ੍ਹਾਂ ਨੂੰ 'ਜੈਂਟਲ ਪੇਰੈਂਟਿੰਗ' ਸ਼ਬਦ ਬਣਾਉਣ ਅਤੇ ਇਸ ਨੂੰ ਲੋਕਪ੍ਰਿਯ ਕਰਨ ਦਾ ਵੱਡਾ ਸਿਹਰਾ ਦਿੱਤਾ ਜਾਂਦਾ ਹੈ।
ਉਹ ਕਹਿੰਦੀ ਹੈ, "ਇਹ ਬਿਲਕੁਲ ਵੀ ਪਰਮਿਸਿਵ ਨਹੀਂ ਹੈ।" ਉਨ੍ਹਾਂ ਮੁਤਾਬਕ ਜੈਂਟਲ ਪੇਰੈਂਟਿੰਗ ਬਾਮਰਿੰਡ ਦੀ ਅਥਾਰਿਟੇਟਿਵ ਸ਼੍ਰੇਣੀ ਵਿੱਚ ਆਉਂਦੀ ਹੈ।
ਉਹ ਕਹਿੰਦੀ ਹੈ ਕਿ ਸਪਸ਼ਟ ਹੱਦਾਂ "ਬਹੁਤ ਮਹੱਤਵਪੂਰਨ" ਹਨ।
ਪਰ ਸੋਸ਼ਲ ਮੀਡੀਆ 'ਤੇ ਅਜਿਹੇ ਮੀਮਾਂ ਦੀ ਭਰਮਾਰ ਹੈ, ਜਿਨ੍ਹਾਂ ਵਿੱਚ ਥੱਕੇ ਹੋਏ ਮਾਪੇ ਸੁਪਰਮਾਰਕੀਟ ਵਿੱਚ ਗੁੱਸਾ ਕਰ ਰਹੇ ਬੱਚੇ ਨੂੰ ਸ਼ਾਂਤੀ ਨਾਲ ਸਮਝਾਉਂਦੇ ਦਿਖਾਈ ਦਿੰਦੇ ਹਨ। ਓਕਵੈਲ-ਸਮਿਥ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ।
"ਮੈਨੂੰ ਇੰਸਟਾਗ੍ਰਾਮ ਦੀਆਂ ਰੀਲਾਂ ਅਤੇ ਟਿਕਟੌਕ ਤੋਂ ਦੂਰ ਹੋਣਾ ਪੈਂਦਾ ਹੈ, ਕਿਉਂਕਿ ਮੇਰਾ ਮਨ ਕਰਦਾ ਹੈ ਕਿ ਮੈਂ ਟਿੱਪਣੀ ਕਰਾਂ, 'ਇਹ ਜੈਂਟਲ ਪੇਰੈਂਟਿੰਗ ਨਹੀਂ ਹੈ।'"
"ਘਰ ਦੇ ਨਿਯਮ ਹੁੰਦੇ ਹਨ, ਪਰਿਵਾਰ ਦੀਆਂ ਹੱਦਾਂ ਹੁੰਦੀਆਂ ਹਨ, ਅਨੁਸ਼ਾਸਨ ਹੁੰਦਾ ਹੈ ਅਤੇ ਨਤੀਜੇ ਵੀ ਹੁੰਦੇ ਹਨ। ਪਰ ਫਰਕ ਇਹ ਹੈ ਕਿ ਅਸੀਂ ਅਨੁਸ਼ਾਸਨ ਨੂੰ ਸਜ਼ਾ ਦੇਣ ਦੀ ਬਜਾਏ ਸਿੱਖਣ ਅਤੇ ਸਿਖਾਉਣ ਦੇ ਤਰੀਕੇ ਵਜੋਂ ਦੇਖਦੇ ਹਾਂ।"
ਉਨ੍ਹਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਗੁੱਸੇ ਅਤੇ ਕਿਸ਼ੋਰਾਂ ਦੇ ਵਿਹਾਰ ਨੂੰ ਉਨ੍ਹਾਂ ਦੇ ਦਿਮਾਗ਼ ਦੇ ਲਗਾਤਾਰ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਸਮਝਣਾ ਚਾਹੀਦਾ ਹੈ। ਇਸ ਨੂੰ ਸਿਰਫ਼ ਇਹ ਕਹਿ ਕੇ ਨਹੀਂ ਦੇਖਣਾ ਚਾਹੀਦਾ ਕਿ "ਉਹ ਸ਼ਰਾਰਤ ਕਰ ਰਹੇ ਹਨ" ਜਾਂ "ਉਹ ਮੈਨੂੰ ਪਸੰਦ ਨਹੀਂ ਕਰਦੇ।"
ਪਰ ਇਸ ਸ਼ਬਦ ਦੇ ਲੋਕਪ੍ਰਿਯ ਹੋਣ ਦੇ ਬਾਵਜੂਦ, ਓਕਵੈਲ-ਸਮਿਥ ਦਾ ਮੰਨਣਾ ਹੈ ਕਿ ਜੈਂਟਲ ਪੇਰੈਂਟਿੰਗ ਅਜੇ ਵੀ ਇੱਕ ਸੀਮਤ ਪੱਧਰ ਦਾ ਰੁਝਾਨ ਹੈ ਅਤੇ ਅਥਾਰਿਟੇਰੀਅਨ ਪਾਲਣ-ਪੋਸ਼ਣ ਅਜੇ ਵੀ ਸਭ ਤੋਂ ਵੱਧ ਪ੍ਰਚਲਿਤ ਤਰੀਕਾ ਹੈ।
ਪਾਲਣ-ਪੋਸ਼ਣ ਨੂੰ 'ਸਹੀ' ਤਰੀਕੇ ਨਾਲ ਕਰਨ ਦਾ ਦਬਾਅ
ਲਗਭਗ 80 ਸਾਲ ਪਹਿਲਾਂ, ਅਮਰੀਕੀ ਬਾਲ ਰੋਗ ਮਾਹਰ ਡਾ. ਬੈਂਜਾਮਿਨ ਸਪੌਕ ਨੇ 'ਬੇਬੀ ਐਂਡ ਚਾਈਲਡ ਕੇਅਰ' ਨਾਮ ਦੀ ਕਿਤਾਬ ਲਿਖੀ। ਇਸ ਦੀਆਂ ਲੱਖਾਂ ਕਾਪੀਆਂ ਵਿਕੀਆਂ ਅਤੇ ਕਈ ਪੀੜ੍ਹੀਆਂ ਤੱਕ ਇਹ ਮਾਵਾਂ ਲਈ ਸਲਾਹ ਦਾ ਮੁੱਖ ਸਰੋਤ ਬਣੀ ਰਹੀ।
ਕਿਤਾਬ ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਨਾਲ ਹੁੰਦੀ ਸੀ: "ਆਪਣੇ ਆਪ 'ਤੇ ਭਰੋਸਾ ਕਰੋ। ਤੁਸੀਂ ਜਿੰਨਾ ਸੋਚਦੇ ਹੋ, ਉਸ ਤੋਂ ਵੱਧ ਜਾਣਦੇ ਹੋ..."
ਇਸ ਕਿਤਾਬ ਨੇ ਉਸ ਸਮੇਂ ਦੇ ਸਖ਼ਤ ਪਾਲਣ-ਪੋਸ਼ਣ ਦੇ ਰਵਾਇਤੀ ਤਰੀਕਿਆਂ ਨੂੰ ਚੁਣੌਤੀ ਦਿੱਤੀ। ਇਸ ਤੋਂ ਬਾਅਦ ਦੇ ਦਹਾਕਿਆਂ ਵਿੱਚ ਮਾਪਿਆਂ ਨੂੰ ਵੱਧ ਤੋਂ ਵੱਧ ਲੋਕਾਂ ਅਤੇ ਵੱਖ-ਵੱਖ ਸਰੋਤਾਂ ਤੋਂ ਹੋਰ ਸਲਾਹ ਮਿਲਣ ਲੱਗੀ।
ਪਾਲਣ-ਪੋਸ਼ਣ ਬਾਰੇ ਖੋਜ ਵਿੱਚ ਛੋਟੇ ਬੱਚਿਆਂ ਦੇ ਸ਼ੁਰੂਆਤੀ ਸਾਲਾਂ 'ਤੇ ਵੱਧ ਧਿਆਨ ਦਿੱਤਾ ਜਾਣ ਲੱਗਾ ਹੈ। ਇਸ ਵਿੱਚ ਗਰਭ ਅਵਸਥਾ ਤੋਂ ਲੈ ਕੇ ਦੋ ਸਾਲ ਦੀ ਉਮਰ ਤੱਕ ਦਾ ਸਮਾਂ ਸ਼ਾਮਲ ਹੈ। ਇਸ ਸਮੇਂ ਦੌਰਾਨ ਬੱਚੇ ਦੀ ਪੂਰੀ ਜ਼ਿੰਦਗੀ ਦੀ ਭਾਵਨਾਤਮਕ ਅਤੇ ਸਰੀਰਕ ਸਿਹਤ ਦੀ ਬੁਨਿਆਦ ਰੱਖੀ ਜਾਂਦੀ ਹੈ।
ਮਾਪਿਆਂ ਲਈ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਕੀ ਬਿਹਤਰ ਹੈ, ਇਸ ਬਾਰੇ ਇੱਕ-ਦੂਜੇ ਨਾਲ ਵੱਖਰੀਆਂ ਗੱਲਾਂ ਕਰਨ ਵਾਲੀਆਂ ਹੋਰ ਵੀ ਜ਼ਿਆਦਾ ਸਲਾਹਾਂ ਨਾਲ ਨਜਿੱਠਣਾ ਪੈਂਦਾ ਹੈ।
ਸੈਂਟਰ ਫਾਰ ਪੇਰੈਂਟਿੰਗ ਕਲਚਰ ਸਟਡੀਜ਼ ਦੀ ਡਾਇਰੈਕਟਰ ਪ੍ਰੋਫੈਸਰ ਐਲੀ ਲੀ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਪਾਲਣ-ਪੋਸ਼ਣ ਬਾਰੇ ਅਧਿਐਨ ਕੀਤਾ ਹੈ। ਇਸ ਵਿੱਚ ਬੱਚਿਆਂ ਨੂੰ ਦੁੱਧ ਪਿਆਉਣ ਬਾਰੇ ਮਾਵਾਂ ਦੇ ਆਤਮ-ਵਿਸ਼ਵਾਸ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਖੋਜ ਵੀ ਸ਼ਾਮਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ 1990 ਦੇ ਦਹਾਕੇ ਵਿੱਚ ਇੱਕ ਵੱਡਾ ਬਦਲਾਅ ਆਇਆ। ਉਸ ਸਮੇਂ ਸਰਕਾਰੀ ਨੀਤੀਆਂ ਵਿੱਚ ਪਾਲਣ-ਪੋਸ਼ਣ ਨੂੰ ਵੱਧ ਮਹੱਤਵ ਦਿੱਤਾ ਜਾਣ ਲੱਗਾ।
"ਸਿਆਸਤਦਾਨ ਕਹਿਣ ਲੱਗੇ, 'ਪਾਲਣ-ਪੋਸ਼ਣ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ। ਬੱਚੇ ਕਿਸੇ ਮੈਨੂਅਲ ਦੇ ਨਾਲ ਨਹੀਂ ਆਉਂਦੇ। ਸਾਨੂੰ ਮਾਪਿਆਂ ਨੂੰ ਸਹੀ ਦਿਸ਼ਾ ਦਿਖਾਉਣੀ ਚਾਹੀਦੀ ਹੈ। ਮਾਪਿਆਂ ਨੂੰ ਹੋਰ ਮਦਦ ਦੀ ਲੋੜ ਹੈ। ਸਾਨੂੰ ਮਾਪਿਆਂ ਨੂੰ ਸਿਖਲਾਈ ਦੇਣ ਦੀ ਲੋੜ ਹੈ'।"
ਉਨ੍ਹਾਂ ਦਾ ਕਹਿਣਾ ਕਿ ਪਰਿਵਾਰਕ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਬਾਰੇ ਸਲਾਹ ਆਉਣ ਲੱਗੀ। ਇਸ ਵਿੱਚ ਬੱਚੇ ਨੂੰ ਪੇਟ ਦੇ ਬਲ ਲਿਟਾਉਣ ਤੋਂ ਲੈ ਕੇ ਖਾਣਾ ਖਵਾਉਣ ਅਤੇ ਸਹੀ ਬੇਬੀ ਬੱਗੀ ਚੁਣਨ ਤੱਕ ਦੀ ਸਲਾਹ ਸ਼ਾਮਲ ਸੀ।

ਤਸਵੀਰ ਸਰੋਤ, Sarah Ockwell-Smith
ਪ੍ਰੋਫੈਸਰ ਲੀ ਦਾ ਕਹਿਣਾ ਹੈ ਕਿ ਕੁਝ ਜਨਤਕ ਸਿਹਤ ਮੁਹਿੰਮਾਂ ਜ਼ਰੂਰੀ ਸਨ। ਉਦਾਹਰਨ ਲਈ, ਬੱਚਿਆਂ ਦੀ ਮੌਤ ਬਾਰੇ ਹੋਈ ਖੋਜ ਤੋਂ ਬਾਅਦ ਮਾਪਿਆਂ ਨੂੰ ਬੱਚਿਆਂ ਨੂੰ ਪੇਟ ਦੇ ਬਲ ਨਾ ਸਵਾਉਣ ਦੀ ਸਲਾਹ ਦਿੱਤੀ ਗਈ। ਪਰ ਸਲਾਹ ਦੇ ਵਧਦੇ ਰੁਝਾਨ ਨੇ ਮਾਪਿਆਂ ਨੂੰ ਹਰ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦਾ ਕਹਿਣਾ ਹੈ, "ਡਾ. ਸਪੌਕ ਦੀ 'ਆਪਣੇ ਆਪ 'ਤੇ ਭਰੋਸਾ ਕਰੋ' ਵਾਲੀ ਸੋਚ ਹੁਣ ਆਮ ਸੋਚ ਤੋਂ ਬਿਲਕੁਲ ਵੱਖਰੀ ਹੈ। ਹੁਣ ਅਸੀਂ ਇਸ ਦੀ ਬਜਾਏ ਕਹਿੰਦੇ ਹਾਂ, 'ਹਮੇਸ਼ਾ ਮਦਦ ਲੈਂਦੇ ਰਹੋ।'"
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਮਾਪੇ ਹਰ ਕੰਮ ਨੂੰ "ਸਹੀ" ਤਰੀਕੇ ਨਾਲ ਕਰਨ ਨੂੰ ਲੈ ਕੇ ਹੋਰ ਚਿੰਤਤ ਹੋ ਗਏ ਹਨ।
ਪ੍ਰੋਫੈਸਰ ਲੀ ਮੁਤਾਬਕ, "ਕੁਝ ਗੱਲਾਂ ਨੂੰ ਹੁਣ ਬਹੁਤ ਗੰਭੀਰ ਦੱਸਿਆ ਜਾਂਦਾ ਹੈ, ਜਦਕਿ ਅਸਲ ਵਿੱਚ ਉਹ ਇੰਨੀਆਂ ਗੰਭੀਰ ਨਹੀਂ ਹੁੰਦੀਆਂ," ਉਹ ਉਦਾਹਰਨ ਵਜੋਂ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪਿਲਾਉਣ ਜਾਂ ਬੱਚੇ ਨੂੰ ਕਿੰਨੀ ਦੇਰ ਪੇਟ ਦੇ ਬਲ ਲਿਟਾਉਣ ਦੀ ਲੋੜ ਹੈ, ਵਰਗੀਆਂ ਗੱਲਾਂ ਦੱਸਦੀ ਹੈ।
"ਇਹ ਬਹੁਤ ਮਾੜੀ ਗੱਲ ਹੈ, ਕਿਉਂਕਿ ਮਾਪੇ ਪੂਰੀ ਤਰ੍ਹਾਂ ਥੱਕ ਜਾਂਦੇ ਹਨ।"
ਓਕਵੈਲ-ਸਮਿਥ ਕਹਿੰਦੀ ਹੈ ਕਿ ਸਲਾਹ ਦੀ ਇੰਨੀ ਜ਼ਿਆਦਾ ਮਾਤਰਾ "ਕੰਨ ਪਾੜ ਦੇਣ ਵਾਲੀ ਅਤੇ ਉਲਝਣ ਪੈਦਾ ਕਰਨ ਵਾਲੀ" ਹੋ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਅਸਲ ਵਿੱਚ, ਮਾਪਿਆਂ ਨੂੰ ਖੁਦ ਸਿੱਖਣਾ ਚਾਹੀਦਾ ਹੈ ਅਤੇ ਆਪਣੀ ਅੰਦਰਲੀ ਸਮਝ 'ਤੇ ਭਰੋਸਾ ਕਰਨਾ ਚਾਹੀਦਾ ਹੈ।"
ਕੁਝ ਲੋਕ ਇਹ ਵੀ ਦੱਸਦੇ ਹਨ ਕਿ ਇੱਕ ਹੋਰ ਸਮੱਸਿਆ ਇਹ ਹੈ ਕਿ ਕਈ ਵਾਰ ਬਿਲਕੁਲ ਗਲਤ ਸਲਾਹ ਵੀ ਦਿੱਤੀ ਜਾਂਦੀ ਹੈ।
ਰੂਥ ਵਾਟਸ ਇੱਕ ਸਿਹਤ ਕਰਮਚਾਰੀ ਹਨ। ਆਨਲਾਈਨ ਗਲਤ ਜਾਣਕਾਰੀ ਨੂੰ ਲੈ ਕੇ ਚਿੰਤਤ ਹੋਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕੀਤੀ।
ਉਨ੍ਹਾਂ ਨੇ ਦੇਖਿਆ ਕਿ ਕੁਝ "ਮਾਹਰ" ਮਾਪਿਆਂ ਨੂੰ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਠੋਸ ਖੁਰਾਕ ਦੇਣ ਦੀ ਸਲਾਹ ਦਿੰਦੇ ਹਨ।
ਕੁਝ ਬਿਨਾਂ ਡਾਕਟਰੀ ਸਿਖਲਾਈ ਦੇ ਜੀਭ ਨਾਲ ਜੁੜੀ ਸਮੱਸਿਆ ਜਾਂ ਐਲਰਜੀ ਦਾ ਇਲਾਜ ਦੱਸਦੇ ਹਨ। ਕੁਝ ਮਾਪਿਆਂ ਨੂੰ ਛੇ ਮਹੀਨੇ ਦੀ ਉਮਰ ਤੋਂ ਪਹਿਲਾਂ ਹੀ ਬੱਚਿਆਂ ਨੂੰ ਵੱਖਰੇ ਕਮਰੇ ਵਿੱਚ ਸਵਾਉਣ ਲਈ ਕਹਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਪਰਿਵਾਰਾਂ ਵਿੱਚ ਲੋਕ ਹੁਣ ਜ਼ਿਆਦਾ ਘੰਟੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਸਿਹਤ ਸੇਵਾਵਾਂ ਵੀ ਘਟ ਰਹੀਆਂ ਹਨ। ਇਸ ਕਾਰਨ ਕਈ ਮਾਪੇ ਦੁੱਧ ਪਿਆਉਣ, ਬੱਚਿਆਂ ਦੇ ਵਿਹਾਰ ਅਤੇ ਨੀਂਦ ਬਾਰੇ ਮਦਦ ਲੈਣ ਲਈ ਆਨਲਾਈਨ ਜਾਣਕਾਰੀ ਲੱਭ ਰਹੇ ਹਨ।
"ਅਸੀਂ ਲੋਕਾਂ ਤੋਂ ਅਜਿਹੀ ਸਿੱਧੀ ਅਤੇ ਗੱਲਬਾਤ ਵਾਲੀ ਮਦਦ ਚਾਹੁੰਦੇ ਹਾਂ, ਨਾ ਕਿ ਸਿਰਫ਼ ਕੋਈ ਵੈੱਬਸਾਈਟ ਪੜ੍ਹਨਾ।"
ਹੋਰ ਸਲਾਹ ਜਾਂ ਸਿਰਫ਼ ਹੋਰ ਆਤਮ-ਵਿਸ਼ਵਾਸ?

ਪਰਿਵਾਰਕ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਗੱਲਾਂ ਮਾਪਿਆਂ ਦੇ ਕੰਟ੍ਰੋਲ ਤੋਂ ਬਾਹਰ ਹੁੰਦੀਆਂ ਹਨ। ਬੱਚੇ ਦਾ ਸੁਭਾਅ, ਉਸ ਦੀਆਂ ਵਿਸ਼ੇਸ਼ ਸਿੱਖਿਆ ਸੰਬੰਧੀ ਲੋੜਾਂ, ਪਰਿਵਾਰ ਤੋਂ ਮਿਲਣ ਵਾਲੀ ਮਦਦ, ਆਰਥਿਕ ਹਾਲਾਤ ਅਤੇ ਮਾਪਿਆਂ ਦੀ ਆਪਣੀ ਪਰਵਰਿਸ਼, ਇਹ ਸਾਰੀਆਂ ਗੱਲਾਂ ਪਰਿਵਾਰਕ ਜ਼ਿੰਦਗੀ 'ਤੇ ਅਸਰ ਪਾ ਸਕਦੀਆਂ ਹਨ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਲਣ-ਪੋਸ਼ਣ ਔਖਾ ਨਹੀਂ ਹੋਇਆ, ਸਗੋਂ ਮਾਪਿਆਂ ਦੀਆਂ ਉਮੀਦਾਂ ਵਧ ਗਈਆਂ ਹਨ। ਦੂਜੇ ਪਾਸੇ, ਕੁਝ ਲੋਕਾਂ ਦਾ ਮੰਨਣਾ ਹੈ ਕਿ ਅੱਜ ਦੇ ਮਾਪਿਆਂ ਨੂੰ ਪਿਛਲੀਆਂ ਪੀੜ੍ਹੀਆਂ ਨਾਲੋਂ ਜ਼ਿਆਦਾ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾ ਵੀ ਵਧ ਰਹੀ ਹੈ।
ਇਸ ਗੱਲ 'ਤੇ ਵੀ ਚਰਚਾ ਹੋ ਰਹੀ ਹੈ ਕਿ ਬੱਚੇ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ ਅਤੇ ਬਾਹਰ ਘੱਟ ਸਮਾਂ ਰਹਿੰਦੇ ਹਨ।
ਇਸ ਦੇ ਨਾਲ ਹੀ ਸਕੂਲਾਂ ਵਿੱਚ ਬੱਚਿਆਂ ਦੇ ਵਿਹਾਰ ਨਾਲ ਜੁੜੀਆਂ ਸਮੱਸਿਆਵਾਂ ਵਧ ਰਹੀਆਂ ਹਨ ਅਤੇ ਨਿਯਮਾਂ ਤੇ ਅਧਿਕਾਰ ਪ੍ਰਤੀ ਸਤਿਕਾਰ ਘਟ ਰਿਹਾ ਹੈ। ਪ੍ਰੋਫੈਸਰ ਲੀ ਦਾ ਮੰਨਣਾ ਹੈ ਕਿ ਮਾਪਿਆਂ ਦਾ ਆਤਮ-ਵਿਸ਼ਵਾਸ ਪਹਿਲਾਂ ਨਾਲੋਂ ਸਭ ਤੋਂ ਘੱਟ ਹੈ।
ਉਹ ਕਹਿੰਦੀ ਹੈ, "ਮੇਰਾ ਮੰਨਣਾ ਹੈ ਕਿ ਮਾਪੇ ਹੁਣ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਨੂੰ ਲੈ ਕੇ ਬਹੁਤ ਘਬਰਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਇਸ ਦਾ ਬੱਚਿਆਂ ਦੀਆਂ ਭਾਵਨਾਵਾਂ 'ਤੇ ਕੀ ਅਸਰ ਪਵੇਗਾ।"
ਪਾਲਣ-ਪੋਸ਼ਣ ਦੇ "ਸਹੀ" ਤਰੀਕੇ ਨੂੰ ਲੈ ਕੇ ਪੈਦਾ ਹੋਈ ਉਲਝਣ ਕਾਰਨ ਕੁਝ ਮਾਪੇ ਮਦਦ ਲਈ ਕੋਰਸਾਂ ਵੱਲ ਜਾਣ ਲੱਗੇ ਹਨ।
ਅਯਮਾਰਾ ਲੈਂਚੇ-ਬ੍ਰੇਨਨ ਦੀ ਇੱਕ 22 ਸਾਲ ਦੀ ਧੀ, ਚਾਰ ਸਾਲ ਦਾ ਪੁੱਤਰ ਅਤੇ ਛੇ ਮਹੀਨੇ ਦੀ ਧੀ ਹੈ। ਗਰਮੀਆਂ ਵਿੱਚ ਸਕੂਲ ਦੇ ਗੇਟ 'ਤੇ ਇੱਕ ਹੋਰ ਮਾਂ ਨੇ ਉਸ ਨੂੰ ਦੱਸਿਆ ਕਿ ਉਹ ਇੱਕ ਕੋਰਸ ਕਰ ਰਹੀ ਹੈ। ਇਸ ਤੋਂ ਬਾਅਦ ਅਯਮਾਰਾ ਨੇ ਵੀ ਉਸ ਕੋਰਸ ਵਿੱਚ ਦਾਖ਼ਲਾ ਲੈ ਲਿਆ।
ਲੰਡਨ ਸਥਿਤ ਆਪਣੇ ਘਰ ਤੋਂ ਅਯਮਾਰਾ ਕਹਿੰਦੀ ਹੈ, "ਇਸ਼ਤਿਹਾਰ ਵਿੱਚ ਲਿਖਿਆ ਸੀ, 'ਇਹ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ।' ਮੈਂ ਸੋਚਿਆ, ਹਾਂ, ਇਹ ਸੱਚ ਹੈ। ਤੁਸੀਂ ਮੇਰੀ ਕਿਵੇਂ ਮਦਦ ਕਰ ਸਕਦੇ ਹੋ?"
"ਜਦੋਂ ਮੇਰੀ ਧੀ ਹੋਈ, ਮੈਂ 19 ਸਾਲ ਦੀ ਸੀ। ਮੈਂ ਪਾਲਣ-ਪੋਸ਼ਣ ਦੇ ਤਰੀਕਿਆਂ ਬਾਰੇ ਜ਼ਿਆਦਾ ਨਹੀਂ ਸੋਚਿਆ ਸੀ। ਉਹ ਹਰ ਜਗ੍ਹਾ ਮੇਰੇ ਨਾਲ ਹੁੰਦੀ ਸੀ ਅਤੇ ਮੈਂ ਹਾਲਾਤ ਦੇ ਨਾਲ ਚੱਲਦੀ ਰਹੀ। ਪਰ ਹੁਣ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਅਜਿਹੀਆਂ ਕਿਹੜੀਆਂ ਸੌਖੀਆਂ ਗੱਲਾਂ ਹਨ, ਜਿਨ੍ਹਾਂ ਨਾਲ ਚੰਗਾ ਨਤੀਜਾ ਮਿਲ ਸਕਦਾ ਹੈ?"
ਅਯਮਾਰਾ ਨੇ ਦੱਸਿਆ ਕਿ ਜਿਸ 'ਸਰਕਲ ਆਫ ਸਕਿਊਰਿਟੀ' ਕੋਰਸ ਵਿੱਚ ਉਸ ਨੇ ਹਿੱਸਾ ਲਿਆ, ਉਸ ਨੇ ਉਸ ਨੂੰ ਕੁਝ ਵਿਹਾਰਕ ਤਰੀਕੇ ਸਿਖਾਏ।
ਇਨ੍ਹਾਂ ਦੀ ਮਦਦ ਨਾਲ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਸਮਝਣ ਅਤੇ ਸੰਭਾਲਣ ਵਿੱਚ ਮਦਦ ਕਰ ਸਕਦੀ ਸੀ। ਲੋੜ ਪੈਣ 'ਤੇ ਉਹ ਖੁਦ ਜ਼ਿੰਮੇਵਾਰੀ ਸੰਭਾਲ ਸਕਦੀ ਸੀ ਅਤੇ ਇਹ ਵੀ ਪਛਾਣ ਸਕਦੀ ਸੀ ਕਿ ਉਹ ਖੁਦ ਕਦੋਂ ਤਣਾਅ ਵਿੱਚ ਆ ਰਹੀ ਹੈ।
ਜੈਨੀਫਰ ਪੀਟਰਸ ਦਾ ਕਹਿਣਾ ਹੈ, "ਇਹ ਤੁਹਾਨੂੰ ਇਹ ਨਹੀਂ ਦੱਸਦਾ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕਰਨਾ ਹੈ। ਇਹ ਤੁਹਾਨੂੰ ਸੋਚਣ ਵਿੱਚ ਮਦਦ ਕਰਦਾ ਹੈ।"
ਉਹ ਪਹਿਲਾਂ ਸੋਸ਼ਲ ਵਰਕਰ ਰਹਿ ਚੁੱਕੀ ਹੈ ਅਤੇ 'ਕਨੈਕਟਡ ਲਾਈਵਜ਼' ਨਾਮ ਦੀ ਚੈਰਿਟੀ ਦੀ ਡਾਇਰੈਕਟਰ ਹੈ। ਇਹ ਸੰਸਥਾ ਲੰਡਨ, ਡਰਬੀਸ਼ਾਇਰ ਅਤੇ ਕੈਂਬਰਿਜਸ਼ਾਇਰ ਵਿੱਚ ਕੋਰਸ ਕਰਵਾਉਂਦੀ ਹੈ।
ਉਹ ਕਹਿੰਦੀ ਹੈ ਕਿ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਕਿ ਉੱਥੇ ਤੱਕ ਕਿਵੇਂ ਪਹੁੰਚਣਾ ਹੈ। ਅਜਿਹੇ ਵਿੱਚ ਸਹੀ ਦਿਸ਼ਾ ਦਿਖਾਉਣ ਵਾਲੀ ਸਲਾਹ ਮਦਦਗਾਰ ਹੋ ਸਕਦੀ ਹੈ।
ਪੀਟਰਸ ਕਹਿੰਦੀ ਹੈ, "ਮੇਰਾ ਨਹੀਂ ਮੰਨਣਾ ਕਿ ਲੋਕਾਂ ਨੂੰ ਜਾਣਕਾਰੀ ਨਾਲ ਲੱਦਣਾ ਚਾਹੀਦਾ ਹੈ। ਪਰ ਸਮੂਹ ਵਿੱਚ ਦੂਜੇ ਮਾਪਿਆਂ ਨਾਲ ਮਿਲ ਕੇ ਗੱਲ ਕਰਨ ਨਾਲ ਤੁਹਾਨੂੰ ਇਹ ਸੋਚਣ ਵਿੱਚ ਮਦਦ ਮਿਲਦੀ ਹੈ ਕਿ, 'ਇਹ ਸਮੱਸਿਆ ਸਿਰਫ਼ ਮੇਰੀ ਨਹੀਂ ਹੈ।' ਇਸ ਨਾਲ ਤੁਸੀਂ ਪੂਰੀ ਸਥਿਤੀ ਤੋਂ ਥੋੜ੍ਹਾ ਪਿੱਛੇ ਹਟ ਕੇ ਸੋਚ ਸਕਦੇ ਹੋ।"

ਤਸਵੀਰ ਸਰੋਤ, Aymara Lamche-Brennan
ਆਪਣੀ ਅੰਦਰਲੀ ਸਮਝ 'ਤੇ ਭਰੋਸਾ
ਦੁਬਈ ਵਾਪਸ ਆ ਕੇ ਰੋਜ਼ੀ ਕਹਿੰਦੀ ਹੈ ਕਿ ਉਸ ਦੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਸਭ ਕੁਝ ਬਦਲ ਗਿਆ। ਉਸ ਨੂੰ ਸਮਝ ਆਈ ਕਿ ਉਸ ਦੇ ਦੋਵੇਂ ਪੁੱਤਰ "ਇੱਕ-ਦੂਜੇ ਤੋਂ ਬਿਲਕੁਲ ਵੱਖਰੇ" ਹਨ ਅਤੇ ਪਾਲਣ-ਪੋਸ਼ਣ ਲਈ ਕੋਈ ਇੱਕ ਤਰੀਕਾ ਸਭ 'ਤੇ ਲਾਗੂ ਨਹੀਂ ਹੋ ਸਕਦਾ।
ਹਾਲ ਹੀ ਵਿੱਚ ਬਰਮਿੰਘਮ ਦੀ ਯਾਤਰਾ ਦੌਰਾਨ ਵੀ ਉਸ ਨੂੰ ਇਸ ਗੱਲ ਨੂੰ ਸਮਝਣ ਦਾ ਮੌਕਾ ਮਿਲਿਆ। ਉਸ ਦਾ ਵੱਡਾ ਪੁੱਤਰ ਗੁੱਸੇ ਵਿੱਚ ਸੀ ਅਤੇ ਰੋਜ਼ੀ ਨੂੰ ਫਿਰ ਉਹੀ ਚਿੰਤਾ ਹੋਣ ਲੱਗੀ।
"ਜੇ ਮੈਂ ਉਸ ਨੂੰ ਉੱਪਰ ਕਮਰੇ ਵਿੱਚ ਭੇਜ ਦਿੰਦੀ ਹਾਂ, ਤਾਂ ਕੀ ਇਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਨੁਕਸਾਨ ਪਹੁੰਚੇਗਾ? ਕੀ ਇਸ ਕਾਰਨ ਉਸ ਵਿੱਚ ਅਟੈਚਮੈਂਟ ਡਿਸਆਰਡਰ ਹੋ ਸਕਦਾ ਹੈ?"
ਪਰ ਉਸ ਦੀ ਮਾਂ ਨੇ ਕਿਹਾ, "ਬਸ ਉਸ ਨੂੰ ਉੱਪਰ ਭੇਜ ਦਿਓ। ਜੇ ਉਹ ਉੱਪਰ ਹੋਵੇਗਾ ਤਾਂ ਉਹ ਘੋੜੇ ਨਾਲ ਆਪਣੇ ਭਰਾ ਦੇ ਸਿਰ 'ਤੇ ਨਹੀਂ ਮਾਰ ਸਕੇਗਾ। ਜੋ ਤੁਸੀਂ ਕਿਹਾ ਹੈ, ਉਸ 'ਤੇ ਕਾਇਮ ਰਹੋ।"
ਰੋਜ਼ੀ ਹੁਣ ਇਸ "ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਸਲਾਹ" ਨੂੰ ਅਪਣਾ ਰਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ "ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕਰਨਾ" ਵੀ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਦੂਜੀਆਂ ਮਾਵਾਂ ਨੂੰ ਪਤਾ ਲੱਗੇ ਕਿ ਉਹ ਇਕੱਲੀਆਂ ਨਹੀਂ ਹਨ।
ਮਾਂ ਬਣਨ ਦੇ ਆਪਣੇ ਪਹਿਲੇ ਕੁਝ ਸਾਲਾਂ ਵੱਲ ਪਿੱਛੇ ਮੁੜ ਕੇ ਦੇਖਦਿਆਂ, ਉਹ ਕਹਿੰਦੀ ਹੈ ਕਿ ਕਾਸ਼ ਉਸ ਨੂੰ ਇੱਕ ਗੱਲ ਪਹਿਲਾਂ ਹੀ ਪਤਾ ਹੁੰਦੀ।
"ਕੋਈ ਵੀ ਸੰਪੂਰਨ ਮਾਪੇ ਨਹੀਂ ਹੁੰਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































