ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬਲਾਤਕਾਰ ਦੇ ਇਲਜ਼ਾਮਾਂ ਤੇ ਹਿੰਸਾ ਬਾਰੇ ਅਣਸੁਲਝੇ 4 ਸਵਾਲ

ਐੱਲਪੀਯੂ
ਤਸਵੀਰ ਕੈਪਸ਼ਨ, ਪੁਲਿਸ ਨੇ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਸੱਤ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਦੇ ਫਗਵਾੜਾ ਵਿੱਚ ਪੈਂਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਦੋ ਦਿਨਾਂ ਤਣਾਅ ਤੋਂ ਬਾਅਦ ਸੋਮਵਾਰ ਨੂੰ ਮਾਹੌਲ ਸ਼ਾਂਤ ਹੋ ਗਿਆ ਹੈ।

ਪਰ ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਯੂਨੀਵਰਸਿਟੀ ਭੰਨਤੋੜ, ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਤੇ ਪ੍ਰਦਰਸ਼ਨਾਂ ਦੀ ਗਵਾਹ ਬਣੀ, ਜਿਸ ਦੌਰਾਨ ਪਥਰਾਅ ਅਤੇ ਲਾਠੀਚਾਰਜ ਦੀਆਂ ਘਟਨਾਵਾਂ ਹੋਈਆਂ।

ਯੂਨੀਵਰਸਿਟੀ ਦੇ ਵਿਦਿਆਰਥੀ ਇਲਜ਼ਾਮ ਲਗਾ ਰਹੇ ਸਨ ਕਿ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਇਆ ਹੈ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦਾਅਵੇ ਨੂੰ ਨਕਾਰਿਆ ਹੈ।

ਹਾਲਾਂਕਿ, ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ, ਪੰਜਾਬ ਦੀਆਂ ਵਿਰੋਧੀ ਪਾਰਟੀਆਂ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੀ ਯੋਗਤਾ 'ਤੇ ਸਵਾਲ ਚੁੱਕ ਰਹੀਆਂ ਹਨ।

ਇਸ ਮਾਮਲੇ ਦੇ ਭਖਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਐੱਲਪੀਯੂ ਵਿੱਚ ਸਾਹਮਣੇ ਆਈ ਘਟਨਾ ਦਾ ਨੋਟਿਸ ਲਿਆ ਹੈ।

ਕਮਿਸ਼ਨ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਤੋਂ ਮਾਮਲੇ ਦੀ ਜਾਂਚ ਰਿਪੋਰਟ, ਐੱਫਆਈਆਰ ਦੀ ਕਾਪੀ ਅਤੇ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ।

ਭਾਵੇਂ ਪੁਲਿਸ ਬਲਾਤਕਾਰ ਅਤੇ ਹਿੰਸਾ ਦੀਆਂ ਘਟਨਾਵਾਂ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ, ਪਰ ਫਿਰ ਵੀ ਇਨ੍ਹਾਂ ਘਟਨਾਵਾਂ ਨਾਲ ਜੁੜੇ ਕਈ ਸਵਾਲ ਅਣਸੁਲਝੇ ਹਨ।

ਕੀ ਬਲਾਤਕਾਰ ਦੇ ਮਾਮਲੇ ਨਾਲ ਸਬੰਧਤ ਕੋਈ ਵਿਦਿਆਰਥਣ ਸਾਹਮਣੇ ਆਈ ਹੈ?

ਪ੍ਰਦਰਸ਼ਨਕਾਰੀਆਂ ਦੀ ਮੰਗ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ।

ਹਾਲਾਂਕਿ, ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਵਿਦਿਆਰਥਣ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

ਡੀਆਈਜੀ ਲਾਅ ਐਂਡ ਆਰਡਰ ਪੀਕੇ ਸਿਨਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ 'ਤੇ ਕੇਸ ਦਰਜ ਕੀਤਾ ਗਿਆ ਅਤੇ ਐੱਸਆਈਟੀ ਬਣਾਈ ਗਈ ਹੈ।

ਪੀਕੇ ਸਿਨਹਾ ਨੇ ਕਿਹਾ, "ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਸੱਚਾਈ ਤੱਕ ਪਹੁੰਚ ਜਾਵਾਂਗੇ। ਵਿਦਿਆਰਥੀਆਂ ਦੇ ਨਾਲ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਨੇ ਮੰਨਿਆ ਹੈ ਕਿ ਉਸ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ। ਪਰ ਅਸੀਂ ਫਿਰ ਵੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ।"

ਉਨ੍ਹਾਂ ਕਿਹਾ, "ਕੈਂਪਸ ਕਾਫ਼ੀ ਵੱਡਾ ਹੈ, ਇਸ ਲਈ ਹਾਲੇ ਅਸੀਂ ਸਾਰੇ ਕੈਮਰੇ ਨਹੀਂ ਦੇਖ ਸਕੇ। ਜਿਹੜੀਆਂ ਥਾਵਾਂ ਵਿਦਿਆਰਥੀਆਂ ਨੇ ਦੱਸੀਆਂ ਸਨ, ਅਸੀਂ ਉਹ ਥਾਵਾਂ ਸ਼ੁਰੂਆਤ ਵਿੱਚ ਚੈੱਕ ਕਰ ਲਈਆਂ ਹਨ, ਪਰ ਅਸੀਂ ਇਸ ਦੀ ਤਹਿ ਤੱਕ ਜਾਵਾਂਗੇ।"

ਹਿੰਸਕ ਪ੍ਰਦਰਸ਼ਨ 'ਚ ਕਿੰਨੇ ਬਾਹਰੀ ਲੋਕ ਸਨ?

ਐੱਲਪੀਯੂ
ਤਸਵੀਰ ਕੈਪਸ਼ਨ, ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਮਾਨ ਅਤੇ ਬੈਗਾਂ ਦੇ ਨਾਲ ਦੇਖਿਆ ਗਿਆ

ਐੱਲਪੀਯੂ ਵਿੱਚ ਜਿਵੇਂ ਹੀ ਪ੍ਰਦਰਸ਼ਨ ਹਿੰਸਕ ਹੋਇਆ ਤਾਂ ਇਹ ਕਿਹਾ ਜਾਣ ਲੱਗਾ ਕਿ ਇਸ ਪ੍ਰਦਰਸ਼ਨ ਨੂੰ ਬਾਹਰੀ ਲੋਕਾਂ ਨੇ ਹਿੰਸਕ ਬਣਾਇਆ ਹੈ।

ਹਾਲਾਂਕਿ, ਪ੍ਰਦਰਸ਼ਨ ਵਿੱਚ ਕਾਫ਼ੀ ਗਿਣਤੀ ਵਿੱਚ ਵਿਦਿਆਰਥੀ ਨਜ਼ਰ ਆ ਰਹੇ ਸਨ, ਪਰ ਇਹ ਵੀ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਕੋਲ ਵਾਕੀ-ਟਾਕੀ ਵੀ ਮਿਲੇ।

ਡੀਆਈਜੀ ਲਾਅ ਐਂਡ ਆਰਡਰ ਪੀਕੇ ਸਿਨਹਾ ਨੇ ਦੱਸਿਆ, "ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਦਰਅਸਲ, ਪ੍ਰਦਰਸ਼ਨ ਵਿੱਚ ਵਿਦਿਆਰਥੀ ਅਤੇ ਬਾਹਰੀ, ਦੋਵੇਂ ਤਰ੍ਹਾਂ ਦੇ ਲੋਕ ਸ਼ਾਮਲ ਸਨ।"

"ਅਸੀਂ ਬਾਹਰੀ ਲੋਕਾਂ ਦੀ ਗਿਣਤੀ ਦੀ ਜਾਂਚ ਕਰ ਰਹੇ ਹਾਂ। ਪਰ ਤੁਸੀਂ ਦੇਖਿਆ ਹੋਣਾ ਕਿ ਸ਼ੁਰੂਆਤੀ ਟਕਰਾਅ ਵਿਦਿਆਰਥੀਆਂ ਤੋਂ ਸ਼ੁਰੂ ਹੋਇਆ ਸੀ।"

ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਕੀ ਇਹ ਪ੍ਰਦਰਸ਼ਨ ਕਿਸੇ ਸਾਜ਼ਿਸ਼ ਤਹਿਤ ਹੋਇਆ ਸੀ।

ਸੈਂਕੜੇ ਵਿਦਿਆਰਥੀਆਂ ਨੇ ਕਿਵੇਂ ਬਲਾਤਕਾਰ ਦਾ ਮੁੱਦਾ ਚੁੱਕਿਆ?

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
ਤਸਵੀਰ ਕੈਪਸ਼ਨ, ਸੋਮਵਾਰ ਨੂੰ ਹਾਈਵੇਅ 'ਤੇ ਆਵਾਜਾਈ ਬਹਾਲ ਹੋਈ ਅਤੇ ਪੁਲਿਸ ਨੇ ਸਥਿਤੀ ਕਾਬੂ ਹੇਠ ਹੋਣ ਦੀ ਗੱਲ ਕਹੀ

ਪੁਲਿਸ ਕੋਲ ਹਾਲੇ ਤੱਕ ਕਿਸੇ ਵੀ ਵਿਦਿਆਰਥਣ ਵੱਲੋਂ ਬਲਾਤਕਾਰ ਦੀ ਸ਼ਿਕਾਇਤ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਵਿਦਿਆਰਥਣ ਹਾਲੇ ਤੱਕ ਸਾਹਮਣੇ ਆਈ ਹੈ। ਇਸ ਦੇ ਬਾਵਜੂਦ ਸੈਂਕੜੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ ਕੀਤਾ।

ਹਾਲਾਂਕਿ, ਲੰਮੇ ਸਮੇਂ ਬਾਅਦ ਪੁਲਿਸ ਨੇ ਰੋਡ ਖੁਲਵਾ ਦਿੱਤਾ।

ਜਾਣਕਾਰੀ ਮੁਤਾਬਕ, ਸ਼ੁਰੂਆਤੀ ਦੌਰ ਵਿੱਚ ਵਿਦਿਆਰਥੀਆਂ ਨੂੰ ਵਟਸਐਪ ਗਰੁੱਪਾਂ ਵਿੱਚ ਮੈਸੇਜ ਆਏ ਸਨ। ਇਸ ਤੋਂ ਬਾਅਦ ਵਿਦਿਆਰਥੀ ਇਕੱਠੇ ਹੋਏ ਅਤੇ ਹਿੰਸਕ ਪ੍ਰਦਰਸ਼ਨ ਹੋਇਆ।

ਦੂਜੇ ਪਾਸੇ, ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਭ ਅਫ਼ਵਾਹ ਫੈਲਣ ਕਾਰਨ ਹੋਇਆ।

ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "26-27 ਦੀ ਦਰਮਿਆਨੀ ਰਾਤ 'ਚ ਐੱਲਪੀਯੂ ਕੈਂਪਸ 'ਚ ਇੱਕ ਘਟਨਾ ਨੂੰ ਲੈ ਕੇ ਅਫ਼ਵਾਹਾਂ ਫੈਲੀਆਂ। ਉਸ ਤੋਂ ਬਾਅਦ ਬੱਚੇ ਬਾਹਰ ਆ ਗਏ, ਭੰਨ-ਤੋੜ ਹੋਈ ਅਤੇ ਕੁਝ ਚੀਜ਼ਾਂ ਨੂੰ ਅੱਗ ਵੀ ਲਗਾਈ ਗਈ।"

ਐੱਸਆਈਟੀ ਕੀ ਜਾਂਚ ਕਰੇਗੀ?

ਐੱਲਪੀਯੂ

ਪ੍ਰਦਰਸ਼ਨਕਾਰੀਆਂ ਵੱਲੋਂ ਵਾਕੀ-ਟਾਕੀ ਵਰਤੇ ਜਾਣ ਦੇ ਦਾਅਵਿਆਂ ਬਾਰੇ ਪੁੱਛੇ ਜਾਣ 'ਤੇ ਪੀਕੇ ਸਿਨਹਾ ਨੇ ਕਿਹਾ ਕਿ ਉਹ ਅਸਲ ਵਿੱਚ ਕੁਝ ਫੌਜ ਦੇ ਅਧਿਕਾਰੀ ਸਨ, ਜੋ ਆਪਣੇ ਬੱਚਿਆਂ ਬਾਰੇ ਪਤਾ ਕਰਨ ਲਈ ਆਏ ਸਨ। ਪਰ ਕਿਸੇ ਵੀ ਪ੍ਰਦਰਸ਼ਨਕਾਰੀ ਨੇ ਵਾਕੀ-ਟਾਕੀ ਦੀ ਵਰਤੋਂ ਨਹੀਂ ਕੀਤੀ।

ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਬਲਾਤਕਾਰ ਦੇ ਮਾਮਲੇ ਬਾਰੇ ਹਾਲੇ ਤੱਕ ਸੀਸੀਟੀਵੀ ਵਿੱਚੋਂ ਵੀ ਕੁਝ ਨਹੀਂ ਮਿਲਿਆ। ਫਿਰ ਐੱਸਆਈਟੀ ਕੀ ਜਾਂਚ ਕਰੇਗੀ?

ਡੀਆਈਜੀ ਨਵੀਨ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਵਿਦਿਆਰਥੀਆਂ ਦੀ ਮੰਗ ਸੀ ਕਿ ਐੱਸਆਈਟੀ ਦਾ ਗਠਨ ਕੀਤਾ ਜਾਵੇ। ਇਸ ਵਿੱਚ ਅਸੀਂ ਵਨੀਤ ਅਹਿਲਾਵਤ (ਐੱਸਪੀਡੀ ਜਲੰਧਰ ਰੂਰਲ), ਐੱਸਪੀ ਫਗਵਾੜਾ, ਇੱਕ ਲੇਡੀ ਇੰਸਪੈਕਟਰ, ਦੋ ਸੀਆਈਏ ਦੀਆਂ ਟੀਮਾਂ ਅਤੇ ਦੋ ਤਕਨੀਕੀ ਟੀਮਾਂ ਨੂੰ ਸ਼ਾਮਲ ਕੀਤਾ ਹੈ। ਇਹ ਲੋਕ ਕੇਸ ਨੂੰ ਹੱਲ ਕਰਨ ਲਈ ਕੰਮ ਕਰਨਗੇ।"

ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਹੋਣ ਬਾਰੇ ਪੁੱਛੇ ਜਾਣ 'ਤੇ ਪੀਕੇ ਸਿਨਹਾ ਨੇ ਕਿਹਾ, "ਅਸੀਂ ਇਸ ਪ੍ਰਕਿਰਿਆ ਵਿੱਚ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)