'ਮੇਰੇ ਪਿਤਾ ਪਾਕਿਸਤਾਨੀ ਹਨ, ਇਸ ਲਈ ਮੈਨੂੰ ਗਾਲ੍ਹਾਂ ਕੱਢੀਆਂ ਗਈਆਂ', ਇਰਾਕੀ ਫੁੱਟਬਾਲਰ ਜ਼ਿਦਾਨ ਇਕਬਾਲ ਨਾਲ ਕੀ ਹੋਇਆ?

ਤਸਵੀਰ ਸਰੋਤ, Getty Images
- ਲੇਖਕ, ਬੀਬੀਸੀ ਉਰਦੂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
"ਕੁਵੈਤ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਅਤੇ ਮੇਰਾ ਮਜ਼ਾਕ ਉਡਾਇਆ, ਕਿਉਂਕਿ ਮੇਰੇ ਪਿਤਾ ਪਾਕਿਸਤਾਨੀ ਹਨ, ਜਦਕਿ ਮੈਂ ਇਰਾਕ ਦੀ ਟੀਮ ਲਈ ਖੇਡਦਾ ਹਾਂ।"
ਇਹ ਗੱਲ ਇਰਾਕ ਦੀ ਫੁੱਟਬਾਲ ਟੀਮ ਦੇ ਖਿਡਾਰੀ ਜ਼ਿਦਾਨ ਇਕਬਾਲ ਨੇ ਕਹੀ। ਉਹ ਸਾਊਦੀ ਅਰਬ ਵਿੱਚ ਚੱਲ ਰਹੇ 27ਵੇਂ ਗਲਫ਼ ਕੱਪ ਵਿੱਚ ਕੁਵੈਤ ਦੇ ਖ਼ਿਲਾਫ਼ ਮੈਚ ਤੋਂ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ।
ਐਤਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਇਰਾਕ ਨੇ ਕੁਵੈਤ ਨੂੰ 3-2 ਨਾਲ ਹਰਾ ਦਿੱਤਾ। ਹਾਲਾਂਕਿ, ਮੈਚ ਦੇ ਨਤੀਜੇ ਦੇ ਨਾਲ-ਨਾਲ ਜ਼ਿਦਾਨ ਇਕਬਾਲ ਦੀ ਕੁਵੈਤ ਦੇ ਕਪਤਾਨ ਅਤੇ ਫ਼ੈਨਜ਼ ਨਾਲ ਹੋਈ ਬਹਿਸ ਦਾ ਮੁੱਦਾ ਵੀ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ।
ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਮੈਚ ਤੋਂ ਬਾਅਦ ਕੁਵੈਤ ਅਤੇ ਇਰਾਕ ਦੇ ਖਿਡਾਰੀ ਇੱਕ-ਦੂਜੇ ਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਹਨ।
ਉੱਥੇ ਹੀ, ਫ਼ੈਨਜ਼ ਕਥਿਤ ਤੌਰ 'ਤੇ ਮੈਦਾਨ 'ਤੇ ਬੋਤਲਾਂ ਸੁੱਟਦੇ ਦਿਖਾਈ ਦੇ ਰਹੇ ਹਨ।
ਰਵਾਇਤੀ ਵਿਰੋਧੀ ਇਰਾਕ ਅਤੇ ਕੁਵੈਤ ਵਿਚਾਲੇ ਜੇਦਾਹ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਜ਼ਿਦਾਨ ਇਕਬਾਲ ਨੇ 52ਵੇਂ ਮਿੰਟ ਵਿੱਚ ਪਹਿਲਾ ਗੋਲ ਕਰਕੇ ਇਰਾਕ ਨੂੰ ਅੱਗੇ ਕਰ ਦਿੱਤਾ ਸੀ।
ਤੈਅ ਸਮੇਂ ਤੱਕ ਮੈਚ 2-2 ਨਾਲ ਬਰਾਬਰ ਸੀ। ਹਾਲਾਂਕਿ, ਵਾਧੂ ਸਮੇਂ ਵਿੱਚ ਇਰਾਕ ਨੇ ਤੀਜਾ ਗੋਲ ਕਰਕੇ ਜਿੱਤ ਹਾਸਲ ਕਰ ਲਈ।
'ਮੈਚ ਤੋਂ ਪਹਿਲਾਂ ਕੁਵੈਤੀ ਫ਼ੈਨਜ਼ ਹੂਟਿੰਗ ਕਰ ਰਹੇ ਸਨ'

ਤਸਵੀਰ ਸਰੋਤ, X/@IraqNT_EN
ਮੈਚ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਇਕਬਾਲ ਨੇ ਕਿਹਾ ਕਿ ਉਨ੍ਹਾਂ ਨੇ ਕੁਵੈਤ ਦੇ ਕਪਤਾਨ ਯੂਸੁਫ਼ ਨਾਸਿਰ ਨੂੰ ਖਿਡਾਰੀਆਂ ਵੱਲੋਂ ਕੀਤੀਆਂ ਅਪਮਾਨਜਨਕ ਗੱਲਾਂ ਬਾਰੇ ਦੱਸਿਆ ਸੀ।
ਉਨ੍ਹਾਂ ਮੁਤਾਬਕ, "ਮੈਂ ਕੁਵੈਤ ਦੇ ਕਪਤਾਨ ਨਾਲ ਗੱਲ ਕੀਤੀ ਅਤੇ ਕਿਹਾ ਕਿ ਮੈਨੂੰ ਤੁਹਾਡੇ ਖਿਡਾਰੀਆਂ ਨਾਲ ਕੋਈ ਪਰੇਸ਼ਾਨੀ ਨਹੀਂ ਹੈ, ਪਰ ਖਿਡਾਰੀ ਕਹਿ ਰਹੇ ਸਨ ਕਿ ਮੇਰੇ ਪਿਤਾ ਪਾਕਿਸਤਾਨੀ ਹਨ ਅਤੇ ਇਹ ਸੱਚ ਹੈ।"
ਜ਼ਿਦਾਨ ਇਕਬਾਲ ਨੇ ਅੱਗੇ ਕਿਹਾ, "ਰੱਬ ਦਾ ਸ਼ੁਕਰ ਹੈ ਕਿ ਮੈਂ ਮੁਸਲਮਾਨ ਹਾਂ ਅਤੇ ਅਸੀਂ ਸਾਰੇ ਇੱਕ ਉਮਤ ਹਾਂ। ਇਸ ਲਈ ਤੁਸੀਂ ਪਾਕਿਸਤਾਨ ਤੋਂ ਹੋਵੋ, ਇਰਾਕ ਤੋਂ ਜਾਂ ਕਿਤੇ ਹੋਰ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਸਾਰੇ ਇਸਲਾਮ ਨੂੰ ਮੰਨਦੇ ਹਾਂ।"
ਦਰਅਸਲ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪਹਿਲਾ ਗੋਲ ਦਾਗਣ ਤੋਂ ਬਾਅਦ ਜ਼ਿਦਾਨ ਨੇ ਜਸ਼ਨ ਮਨਾਇਆ। ਸੋਸ਼ਲ ਮੀਡੀਆ 'ਤੇ ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਨੇ ਕੁਵੈਤੀ ਫ਼ੈਨਜ਼ ਦੇ ਸਾਹਮਣੇ ਜਾ ਕੇ 'ਗ਼ਲਤ ਤਰੀਕੇ ਨਾਲ' ਜਸ਼ਨ ਮਨਾਇਆ ਅਤੇ ਇਸ ਲਈ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਜ਼ ਦਾ ਮੰਨਣਾ ਹੈ ਕਿ ਗੋਲ ਕਰਨ ਤੋਂ ਬਾਅਦ ਜਸ਼ਨ ਮਨਾਉਣਾ ਖਿਡਾਰੀ ਦਾ ਹੱਕ ਹੈ ਅਤੇ ਇਹ ਖੇਡ ਦਾ ਹਿੱਸਾ ਹੈ। ਹਾਲਾਂਕਿ, ਦੂਜਿਆਂ ਦਾ ਕਹਿਣਾ ਹੈ ਕਿ 'ਵਿਰੋਧੀ ਟੀਮ ਦੇ ਫ਼ੈਨਜ਼ ਨੂੰ ਉਕਸਾਉਣ ਵਾਲੇ ਅੰਦਾਜ਼ ਵਿੱਚ ਜਸ਼ਨ ਮਨਾਉਣਾ ਗ਼ਲਤ ਹੈ।'
ਇਸ ਮੁੱਦੇ 'ਤੇ ਜ਼ਿਦਾਨ ਇਕਬਾਲ ਨੇ ਕਿਹਾ, "ਮੈਚ ਤੋਂ ਪਹਿਲਾਂ ਮੈਂ ਕੁਵੈਤੀ ਫ਼ੈਨਜ਼ ਦੀ ਹੂਟਿੰਗ ਸੁਣ ਰਿਹਾ ਸੀ ਅਤੇ ਸੋਚ ਰਿਹਾ ਸੀ, 'ਕੋਈ ਗੱਲ ਨਹੀਂ, ਮੈਂ ਗੋਲ ਕਰਾਂਗਾ ਅਤੇ ਫਿਰ ਤੁਸੀਂ ਦੇਖਣਾ।''
"ਜਦੋਂ ਮੈਂ ਉਨ੍ਹਾਂ ਵੱਲ ਦੇਖਿਆ ਅਤੇ ਜਸ਼ਨ ਮਨਾਇਆ, ਤਾਂ ਉਨ੍ਹਾਂ ਨੇ ਕੁਝ ਨਹੀਂ ਕਿਹਾ। ਬਸ ਮੈਨੂੰ ਦੇਖਦੇ ਰਹੇ। ਉਦੋਂ ਮੈਂ ਕਿਹਾ, ਠੀਕ ਹੈ, ਬਹੁਤ ਵਧੀਆ। ਹੁਣ ਉਨ੍ਹਾਂ ਨੂੰ ਉਹ ਪਾਕਿਸਤਾਨੀ ਮੁੰਡਾ ਯਾਦ ਰਹੇਗਾ, ਜਿਸ ਨੇ ਕੁਵੈਤ ਦੇ ਖ਼ਿਲਾਫ਼ ਗੋਲ ਕੀਤਾ ਸੀ।"
ਇਕਬਾਲ ਨੇ ਅੱਗੇ ਕਿਹਾ, "ਜੇ ਤੁਸੀਂ ਮੇਰੇ ਪਿਤਾ ਨੂੰ ਪਾਕਿਸਤਾਨੀ ਕਹੋਗੇ ਅਤੇ ਮੇਰੀ ਮਾਂ ਬਾਰੇ ਬੇਹੱਦ ਗ਼ਲਤ ਗੱਲਾਂ ਕਹੋਗੇ, ਤਾਂ ਪਹਿਲਾਂ ਇਹ ਪੱਕਾ ਕਰ ਲਓ ਕਿ ਤੁਸੀਂ ਜਿੱਤੋ। ਕਿਉਂਕਿ ਜੇ ਮੈਂ ਜਿੱਤਾਂਗਾ, ਤਾਂ ਜਸ਼ਨ ਮਨਾਵਾਂਗਾ।"
"ਜੇਕਰ ਉਹ ਮੈਨੂੰ ਅਜਿਹੀਆਂ ਗੱਲਾਂ ਕਹਿਣਗੇ ਅਤੇ ਮੈਂ ਮੈਦਾਨ 'ਤੇ ਉਨ੍ਹਾਂ ਨੂੰ ਜਵਾਬ ਦਿਆਂਗਾ, ਤਾਂ ਲੋਕ ਕਹਿਣਗੇ ਕਿ ਜ਼ਿਦਾਨ ਪਰੇਸ਼ਾਨੀ ਖੜ੍ਹੀ ਕਰ ਰਿਹਾ ਹੈ। ਪਰ ਮੈਂ ਵਰਲਡ ਕੱਪ ਵਿੱਚ ਕੋਈ ਪਰੇਸ਼ਾਨੀ ਨਹੀਂ ਖੜ੍ਹੀ ਕੀਤੀ ਅਤੇ ਦੂਜੀਆਂ ਟੀਮਾਂ ਦੇ ਖ਼ਿਲਾਫ਼ ਖੇਡਦਿਆਂ ਵੀ ਮੈਂ ਅਜਿਹਾ ਨਹੀਂ ਕਰਦਾ।"
ਜ਼ਿਦਾਨ ਨੇ ਕਿਹਾ, "ਫੁੱਟਬਾਲ ਸਨਮਾਨ ਦੀ ਖੇਡ ਹੈ ਅਤੇ ਮੈਂ ਇਸ ਗੱਲ ਨਾਲ 100 ਫ਼ੀਸਦੀ ਸਹਿਮਤ ਹਾਂ। ਪਰ ਜੇ ਤੁਸੀਂ ਮੇਰੇ ਪਰਿਵਾਰ ਨੂੰ ਗਾਲ੍ਹਾਂ ਕੱਢਦੇ ਹੋ ਅਤੇ ਉਨ੍ਹਾਂ ਦਾ ਅਪਮਾਨ ਕਰਦੇ ਹੋ, ਤਾਂ ਠੀਕ ਹੈ। ਪਰ ਪਹਿਲਾਂ ਇਹ ਪੱਕਾ ਕਰ ਲਓ ਕਿ ਤੁਸੀਂ ਜਿੱਤੋ, ਕਿਉਂਕਿ ਮੈਚ ਤੋਂ ਬਾਅਦ ਸਭ ਕੁਝ ਖ਼ਤਮ ਹੋ ਜਾਂਦਾ ਹੈ।"
ਕਈ ਯੂਜ਼ਰਜ਼ ਨੇ ਟਿੱਪਣੀ ਕੀਤੀ ਕਿ ਜੋ ਹੋਇਆ, ਉਹ 'ਮੁਕਾਬਲੇ ਦਾ ਹਿੱਸਾ' ਸੀ ਅਤੇ ਇਹ ਮੈਦਾਨ ਤੋਂ ਬਾਹਰ ਵੀ ਜਾਰੀ ਰਹਿ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਾਲ੍ਹਾਂ ਕੱਢਣ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਖੇਡ ਦੇ ਵਿਚਕਾਰ ਲਿਆਉਣ ਦਾ ਵਿਰੋਧ ਕੀਤਾ।
ਕੁਵੈਤ ਦੇ ਕਪਤਾਨ ਨਾਲ ਕਰਵਾਈ ਗਈ ਸੁਲ੍ਹਾ

ਤਸਵੀਰ ਸਰੋਤ, X/@IraqNT_EN
ਇਰਾਕ ਦੇ ਕਪਤਾਨ ਅਯਮਨ ਹੁਸੈਨ ਨੇ ਜ਼ਿਦਾਨ ਇਕਬਾਲ ਅਤੇ ਕੁਵੈਤ ਦੇ ਕਪਤਾਨ ਯੂਸੁਫ਼ ਨਾਸਿਰ ਵਿਚਾਲੇ ਵਿਵਾਦ ਖ਼ਤਮ ਕਰਵਾਉਣ ਵਿੱਚ ਭੂਮਿਕਾ ਨਿਭਾਈ। ਉਹ ਯੂਸੁਫ਼ ਨਾਸਿਰ ਨੂੰ ਇਰਾਕੀ ਟੀਮ ਦੇ ਡ੍ਰੈਸਿੰਗ ਰੂਮ ਵਿੱਚ ਲੈ ਗਏ, ਤਾਂ ਜੋ ਦੋਵਾਂ ਵਿਚਾਲੇ ਸੁਲ੍ਹਾ ਹੋ ਸਕੇ।
ਸੁਲ੍ਹਾ ਦੀ ਵੀਡੀਓ ਵਿੱਚ ਇਕਬਾਲ ਨੇ ਦੱਸਿਆ ਕਿ ਉਹ ਕੁਵੈਤੀ ਫ਼ੈਨਜ਼ ਦੀ ਹੂਟਿੰਗ ਤੋਂ ਨਾਰਾਜ਼ ਸਨ। ਇਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਨੂੰ ਗਲੇ ਲਗਾ ਕੇ ਮਾਮਲਾ ਖ਼ਤਮ ਕਰ ਦਿੱਤਾ।
ਸੋਸ਼ਲ ਮੀਡੀਆ 'ਤੇ ਕਈ ਯੂਜ਼ਰਜ਼ ਨੇ ਮੰਗ ਕੀਤੀ ਕਿ 'ਸਟੇਡੀਅਮ ਵਿੱਚ ਸਾਰੇ ਫ਼ੈਨਜ਼ ਅਤੇ ਬੱਚਿਆਂ ਨਾਲ ਆਉਣ ਵਾਲੇ ਲੋਕਾਂ ਲਈ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਯਕੀਨੀ ਬਣਾਉਣ ਲਈ ਸਖ਼ਤ ਅਤੇ ਸਪੱਸ਼ਟ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ।'
ਉਨ੍ਹਾਂ ਦਾ ਕਹਿਣਾ ਸੀ ਕਿ ਗਾਲੀ-ਗਲੌਚ ਅਤੇ ਖਿਡਾਰੀਆਂ ਜਾਂ ਫ਼ੈਨਜ਼ ਵਿਚਾਲੇ ਝੜਪ ਵਰਗੀਆਂ ਘਟਨਾਵਾਂ ਪਰਿਵਾਰਾਂ ਨੂੰ ਨਿਰਾਸ਼ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸਟੇਡੀਅਮ ਆਉਣ ਤੋਂ ਰੋਕ ਸਕਦੀਆਂ ਹਨ।
ਕੁਝ ਫ਼ੈਨਜ਼ ਦਾ ਇਹ ਵੀ ਮੰਨਣਾ ਸੀ ਕਿ ਮੈਚ ਤੋਂ ਪਹਿਲਾਂ ਅਤੇ ਮੈਚ ਦੌਰਾਨ ਫ਼ੈਨਜ਼ ਵੱਲੋਂ ਕੀਤੀਆਂ ਤਿੱਖੀਆਂ ਉਕਸਾਉਣ ਵਾਲੀਆਂ ਹਰਕਤਾਂ ਦਾ ਨਤੀਜਾ ਖਿਡਾਰੀਆਂ ਵਿਚਾਲੇ ਝੜਪ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਲਈ ਅਜਿਹੀਆਂ ਘਟਨਾਵਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਮਸੂਦ ਯਾਸੀਨ ਨਾਮ ਦੇ ਇੱਕ ਯੂਜ਼ਰ ਨੇ 'ਐਕਸ' 'ਤੇ ਲਿਖਿਆ ਕਿ ਖਾੜੀ ਦੇ ਕੁਝ ਲੋਕਾਂ ਅਤੇ ਦੂਜੇ ਅਰਬ ਦੇਸ਼ਾਂ ਦੇ ਲੋਕਾਂ ਦੇ ਸੋਚਣ ਦਾ ਇਹ ਤਰੀਕਾ ਹੈ। ਉਹ ਕਬੀਲਾਈ ਪੱਖਪਾਤ 'ਤੇ ਆਧਾਰਿਤ ਸੋਚ ਅਪਣਾਉਂਦੇ ਹਨ ਅਤੇ ਇੱਕ ਇਰਾਕੀ ਖਿਡਾਰੀ ਦਾ ਮਜ਼ਾਕ ਉਡਾਉਂਦੇ ਹਨ, ਕਿਉਂਕਿ ਉਸ ਦੇ ਪਿਤਾ ਪਾਕਿਸਤਾਨੀ ਹਨ।
ਉਨ੍ਹਾਂ ਕਿਹਾ, "ਇਸ ਵਿੱਚ ਕੀ ਗ਼ਲਤ ਹੈ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨੀ ਹਨ? ਕੀ ਪਾਕਿਸਤਾਨ ਇੱਕ ਪ੍ਰਭੂਸੱਤਾ ਸੰਪੰਨ ਇਸਲਾਮੀ ਦੇਸ਼ ਅਤੇ ਪਰਮਾਣੂ ਸ਼ਕਤੀ ਨਹੀਂ ਹੈ? ਬਲਕਿ ਸੱਚ ਤਾਂ ਇਹ ਹੈ ਕਿ ਕੁਝ ਦੇਸ਼ਾਂ ਨੂੰ ਆਪਣੀ ਸੁਰੱਖਿਆ ਲਈ ਪਾਕਿਸਤਾਨ ਦੀਆਂ ਇਨ੍ਹਾਂ ਸਮਰੱਥਾਵਾਂ ਦੀ ਲੋੜ ਹੈ, ਖ਼ਾਸ ਕਰਕੇ ਈਰਾਨ ਦੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਮੁਕਾਬਲੇ ਵਿੱਚ।"
"ਤਾਂ ਫਿਰ ਵੰਸ਼ ਦੇ ਆਧਾਰ 'ਤੇ ਇਹ ਨਸਲਵਾਦ ਅਤੇ ਤਿਰਸਕਾਰ ਕਿਉਂ? ਤੁਸੀਂ ਕੌਣ ਹੁੰਦੇ ਹੋ, ਜੋ ਕਿਸੇ ਦੇ ਪਿਤਾ ਦੇ ਪੁਰਖਿਆਂ ਦੀ ਪਿਛੋਕੜ ਦੇ ਆਧਾਰ 'ਤੇ ਉਸ ਦਾ ਅਪਮਾਨ ਕਰਦੇ ਹੋ?"
ਉਨ੍ਹਾਂ ਦਾਅਵਾ ਕੀਤਾ ਕਿ, "ਬਸਰਾ ਵਿੱਚ ਹੋਏ ਗਲਫ਼ ਕੱਪ ਦੌਰਾਨ ਜਨਮ ਤੋਂ ਪਾਕਿਸਤਾਨੀ ਇਕਬਾਲ ਨੇ ਕੁਵੈਤ ਦੀ ਟੀਮ ਦੇ ਰਿਜ਼ਰਵ ਖਿਡਾਰੀਆਂ ਨਾਲ ਬੇਵਜ੍ਹਾ ਵਿਵਾਦ ਖੜ੍ਹਾ ਕੀਤਾ ਸੀ। ਅਜਿਹਾ ਕਿਉਂ? ਤਾਂ ਜੋ ਉਹ ਆਪਣੀ ਹੀਣ ਭਾਵਨਾ ਦੇ ਅਹਿਸਾਸ ਨੂੰ ਘੱਟ ਕਰ ਸਕੇ ਅਤੇ ਇਰਾਕੀ ਲੋਕਾਂ ਦੀ ਹਮਦਰਦੀ ਹਾਸਲ ਕਰ ਸਕੇ। (ਜੇ ਤੁਸੀਂ ਦੇਖਣਾ ਚਾਹੋ ਤਾਂ ਇਸ ਦੀ ਵੀਡੀਓ ਮੌਜੂਦ ਹੈ)।"
"ਇਸ ਲਈ, ਜੇ ਤੁਹਾਨੂੰ ਨਹੀਂ ਪਤਾ ਕਿ ਅਸਲ ਸਮੱਸਿਆ ਕੀ ਸੀ, ਤਾਂ ਇਸ ਬਾਰੇ ਗੱਲ ਨਾ ਕਰੋ।"
ਖ਼ੁਰਮ ਨਾਮ ਦੇ ਇੱਕ ਯੂਜ਼ਰ ਨੇ ਪਾਕਿਸਤਾਨ ਅਤੇ ਕੁਵੈਤ ਵਿਚਾਲੇ ਹਾਲ ਹੀ ਵਿੱਚ ਹੋਏ ਰੱਖਿਆ ਸਮਝੌਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਵੈਤ ਦੇ ਲੋਕਾਂ ਨੂੰ ਪਾਕਿਸਤਾਨ ਦਾ ਸਨਮਾਨ ਕਰਨਾ ਚਾਹੀਦਾ ਹੈ।
ਜ਼ਿਦਾਨ ਇਕਬਾਲ ਕੌਣ ਹਨ?

ਤਸਵੀਰ ਸਰੋਤ, Getty Images
ਜ਼ਿਦਾਨ ਇਕਬਾਲ ਨੇ ਹਾਲ ਹੀ ਵਿੱਚ ਹੋਏ ਫੁੱਟਬਾਲ ਵਰਲਡ ਕੱਪ ਵਿੱਚ ਵੀ ਇਰਾਕ ਦੀ ਨੁਮਾਇੰਦਗੀ ਕੀਤੀ ਸੀ।
ਜੂਨ ਵਿੱਚ ਬੀਬੀਸੀ ਸਪੋਰਟਸ ਨਾਲ ਗੱਲਬਾਤ ਵਿੱਚ ਜ਼ਿਦਾਨ ਨੇ ਕਿਹਾ ਸੀ, "ਮੇਰੇ ਪਿਤਾ ਪਾਕਿਸਤਾਨੀ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਸਨਮਾਨ ਆਪਣੇ ਪਿਤਾ ਦਾ ਕਰਦਾ ਹਾਂ। ਉਨ੍ਹਾਂ ਨੇ ਮੇਰੇ ਕਰੀਅਰ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ।"
"ਮੈਂ ਇਰਾਕ ਲਈ ਖੇਡਦਾ ਹਾਂ ਅਤੇ ਇੰਗਲੈਂਡ ਵਿੱਚ ਮੇਰਾ ਪਾਲਣ-ਪੋਸ਼ਣ ਹੋਇਆ ਹੈ। ਪਰ ਮੇਰੇ ਪਿਤਾ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਮੇਰੇ ਦਾਦਾ ਵੀ ਉੱਥੋਂ ਦੇ ਸਨ। ਇਸ ਲਈ ਮੈਂ ਆਪਣੇ ਪਰਿਵਾਰ ਦਾ ਬਹੁਤ ਸਨਮਾਨ ਕਰਦਾ ਹਾਂ।"
ਜ਼ਿਦਾਨ ਇਕਬਾਲ ਦਾ ਜਨਮ ਅਤੇ ਪਾਲਣ-ਪੋਸ਼ਣ ਮੈਨਚੈਸਟਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਪਾਕਿਸਤਾਨੀ ਹਨ ਅਤੇ ਮਾਂ ਇਰਾਕੀ ਹਨ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਜੁੱਤਿਆਂ 'ਤੇ ਆਪਣੀ ਪਛਾਣ ਕਿਉਂ ਦਿਖਾਉਂਦੇ ਹਨ, ਤਾਂ 23 ਸਾਲ ਦੇ ਜ਼ਿਦਾਨ ਨੇ ਆਪਣੇ ਪਰਿਵਾਰ ਦੇ ਦੋਵਾਂ ਪੱਖਾਂ ਪ੍ਰਤੀ 'ਸਨਮਾਨ' ਦੀ ਗੱਲ ਦੁਹਰਾਈ।
ਉਨ੍ਹਾਂ ਕਿਹਾ, "ਮੈਂ ਆਪਣੇ ਖੱਬੇ ਪੈਰ ਦੇ ਜੁੱਤੇ 'ਤੇ ਇਰਾਕ ਦਾ ਝੰਡਾ ਅਤੇ ਸੱਜੇ ਪੈਰ ਦੇ ਜੁੱਤੇ 'ਤੇ ਪਾਕਿਸਤਾਨ ਦਾ ਝੰਡਾ ਪਹਿਨਦਾ ਹਾਂ।"
"ਮੈਨੂੰ ਲੱਗਦਾ ਹੈ ਕਿ ਅਜਿਹਾ ਇਸ ਲਈ ਹੈ, ਕਿਉਂਕਿ ਮੈਂ ਦੋਵਾਂ ਪੱਖਾਂ ਦਾ ਸਨਮਾਨ ਕਰਦਾ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























