ਟਾਇਲਟ ਵਿੱਚ ਦਰਵਾਜ਼ੇ ਜ਼ਮੀਨ ਤੋਂ ਉੱਚੇ ਕਿਉਂ ਬਣਾਏ ਜਾਂਦੇ ਹਨ, ਇਸ ਢਾਂਚੇ ਦਾ ਖੋਜੀ ਕੌਣ ਸੀ

ਫ਼ਰਸ਼ ਅਤੇ ਦਰਵਾਜ਼ੇ ਵਿਚਲੀ ਵਿੱਥ ਟਾਇਲਟ ਨੂੰ ਹਵਾਦਾਰ ਬਣਾਉਂਦੀ ਹੈ।
ਤਸਵੀਰ ਕੈਪਸ਼ਨ, ਫ਼ਰਸ਼ ਅਤੇ ਦਰਵਾਜ਼ੇ ਵਿਚਲੀ ਵਿੱਥ ਟਾਇਲਟ ਨੂੰ ਹਵਾਦਾਰ ਬਣਾਉਂਦੀ ਹੈ।
    • ਲੇਖਕ, ਪਾਰਾ ਪਾਦਾਈਆ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਆਖ਼ਿਰ ਟਾਇਲਟ ਇਸ ਤਰ੍ਹਾਂ ਕਿਉਂ ਬਣਾਏ ਜਾਂਦੇ ਹਨ ਜਿਸ ਵਿੱਚੋਂ ਅੰਦਰ ਬੈਠੇ ਵਿਅਕਤੀ ਦੀਆਂ ਲੱਤਾਂ ਦਿਸਦੀਆਂ ਹਨ? ਸਵਾਲ ਦੇ ਜਵਾਬ ਵਿਚ ਆਰਕੀਟੈਕਟ ਕਿਰਨਮਈ ਨੇ ਕਿਹਾ, "ਇਹ ਕੋਈ ਨਵਾਂ ਵਿਚਾਰ ਨਹੀਂ ਹੈ ਜੋ ਹੁਣੇ ਆਇਆ ਹੋਵੇ। ਅਮਰੀਕਾ ਵਿੱਚ ਇਹ ਬਹੁਤ ਪੁਰਾਣਾ ਹੈ। ਬਹੁਤ ਸਾਰੇ ਦੇਸ਼ਾਂ ਨੇ ਉੱਥੋਂ ਹੀ ਇਸ ਨੂੰ ਅਪਣਾਇਆ ਹੈ।"

ਹੈਦਰਾਬਾਦ ਵਿੱਚ ਕਈ ਦਫ਼ਤਰਾਂ ਦੇ ਹਾਊਸਕੀਪਿੰਗ ਓਪਰੇਸ਼ਨਜ਼ ਸੰਭਾਲਣ ਵਾਲੇ ਨਾਗੇਸ਼ਵਰ ਰਾਓ ਨੇ ਕਿਹਾ, "ਇਹ ਕਾਫ਼ੀ ਹਵਾਦਾਰ ਰਹਿੰਦੇ ਹਨ, ਸਾਫ਼ ਕਰਨ ਵਿੱਚ ਅਸਾਨ ਅਤੇ ਘੱਟ ਖ਼ਰਚੇ ਵਿੱਚ ਪੈਂਦੇ ਹਨ। ਫ਼ਰਸ਼ ਸੁੱਕਿਆ ਰਹਿੰਦਾ ਹੈ। ਇਹ ਇਸ ਦੇ ਚੰਗੇ ਪਹਿਲੂ ਹਨ।"

ਭੀੜ-ਭਾੜ ਵਾਲੀਆਂ ਥਾਂਵਾਂ ਜਿਵੇਂ ਕਿ ਏਅਰਪੋਰਟ, ਮਾਲ, ਹਸਪਤਾਲ, ਕਾਰਪੋਰੇਟ ਦਫ਼ਤਰ ਅਤੇ ਆਡੀਟੋਰੀਅਮਾਂ ਵਿੱਚ ਫ਼ਰਸ਼ ਅਤੇ ਟਾਇਲਟ ਦੇ ਦਰਵਾਜ਼ੇ ਵਿਚਕਾਰ ਥੋੜ੍ਹੀ ਵਿੱਥ ਰੱਖੀ ਜਾਂਦੀ ਹੈ। ਇਨ੍ਹਾਂ ਪਖਾਨਿਆਂ ਵਿੱਚ ਇਹ ਵਿੱਥ ਤਿੰਨ ਪਾਸਿਓਂ ਰੱਖੀ ਜਾਂਦੀ ਹੈ।

ਦਰਵਾਜ਼ੇ ਦੇ ਉੱਪਰ ਅਤੇ ਹੇਠਾਂ ਵੀ ਵਿੱਥ ਹੁੰਦੀ ਹੈ। ਇਨ੍ਹਾਂ ਵਿੱਚ ਵੈਸਟਰਨ ਸੀਟਾਂ (ਕਮੋਡ) ਲਗਾਈਆਂ ਹੁੰਦੀਆਂ ਹਨ। ਇਹ ਘੱਟ ਪਾਣੀ ਵਰਤਦੀਆਂ ਹਨ।

ਆਰਕੀਟੈਕਟ ਕਿਰਨਮਈ ਕਹਿੰਦੇ ਹਨ ਕਿ ਦਰਵਾਜ਼ੇ ਦੇ ਉੱਪਰ ਅਤੇ ਹੇਠਾਂ ਕੁਝ ਇੰਚ ਦੀ ਵਿੱਥ ਰੱਖਣ ਦੇ ਕਈ ਫ਼ਾਇਦੇ ਹਨ।

ਨਿਰਮਾਣ ਖੇਤਰ ਵਿਚ ਠੇਕੇਦਾਰ ਵਜੋਂ ਕੰਮ ਕਰਦੇ ਗਣੇਸ਼ ਨੇ ਕਿਹਾ ਕਿ ਇਹ ਡਿਜ਼ਾਈਨ ਐਮਰਜੈਂਸੀ ਸਥਿਤੀਆਂ ਵਿੱਚ ਸੁਵਿਧਾਜਨਕ ਰਹਿੰਦਾ ਹੈ ਅਤੇ ਸਾਂਭ-ਸੰਭਾਲ, ਸਫਾਈ ਵੀ ਸੌਖੀ ਰਹਿੰਦੀ ਹੈ।

ਇਸ ਦੀ ਸ਼ੁਰੂਆਤ ਕਿਵੇਂ ਹੋਈ ?

ਜਨਤਕ ਪਖਾਨੇ ਦੀ ਤਸਵੀਰ
ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਜ਼ਿਆਦਾਤਰ ਜਨਤਕ ਪਖਾਨੇ ਮਰਦਾਂ ਅਤੇ ਔਰਤਾਂ ਦੋਹਾਂ ਲਈ ਸਾਂਝੇ ਹੁੰਦੇ ਹਨ।

ਸਮੇਂ ਦੇ ਨਾਲ ਜਨਤਕ ਪਖਾਨਿਆਂ ਦਾ ਡਿਜ਼ਾਈਨ ਬਦਲਦਾ ਰਿਹਾ ਹੈ। ਟਾਇਲਟ ਸਟਾਲਜ਼ ਅਤੇ ਯੁਰੀਨਲ ਪਾਰਟੀਸ਼ਨਜ਼ ਵਧੇਰੇ ਅਧੁਨਿਕ ਹੋ ਰਹੇ ਹਨ।

ਹਾਲਾਂਕਿ ਅਹਿਮਦਾਬਾਦ ਸੀ.ਈ.ਪੀ ਯੁਨੀਵਰਸਿਟੀ ਵਿੱਚ ਆਰਕੀਟੈਕਚਰ ਦੇ ਲੈਕਚਰਾਰ ਵਜੋਂ ਕੰਮ ਕਰਨ ਵਾਲੀ ਮੇਘਨਾ ਕੰਨੇਗੰਟੀ ਨੇ ਕਿਹਾ ਕਿ ਕੁਝ ਲੋਕਾਂ ਨੇ ਇਮਾਰਤਾਂ ਦੀ ਉਸਾਰੀ ਵਿੱਚ ਤਬਦੀਲੀਆਂ ਅਤੇ ਬਿਹਤਰ ਸਹੂਲਤਾਂ ਦੇਣ ਲਈ ਇਸ ਡਿਜ਼ਾਈਨ ਨੂੰ ਬਣਾਇਆ।

ਇਹ ਡਿਜ਼ਾਈਨ ਮਸ਼ਹੂਰ ਆਰਕੀਟੈਕਟ ਫਰੈਂਕ ਲੋਇਡ ਰਾਈਟ ਵੱਲੋਂ 1903 ਤੋਂ 1950 ਵਿਚਕਾਰ ਬਫੇਲੋ, ਨਿਊਯਾਰਕ ਵਿੱਚ ਮਸ਼ਹੂਰ ਲਾਰਕਿਨ ਐਡਮਨਿਸਿਟ੍ਰੇਟਿਵ ਬਿਲਡਿੰਗ ਲਈ ਵਰਤਿਆ ਗਿਆ ਸੀ।

ਫਰੈਂਕ ਲੋਇਡ ਰਾਈਟ ਫਾਊਂਡੇਸ਼ਨ ਦੀ ਵੈਬਸਾਈਟ ਮੁਤਾਬਕ, ਉਨ੍ਹਾਂ ਦੇ ਕਈ ਤਰੀਕਿਆਂ ਵਿੱਚੋਂ ਬਾਥਰੂਮ ਦੇ ਦਰਵਾਜ਼ੇ ਬਾਅਦ ਦੀਆਂ ਵਪਾਰਕ ਇਮਾਰਤਾਂ ਵਿੱਚ ਮਿਆਰੀ ਬਣ ਗਏ ਸਨ।

ਅਮਰੀਕਾ ਵਿੱਚ ਕਾਨੂੰਨ

ਜਨਤਕ ਪਖਾਨਿਆਂ ਦੇ ਵੱਖ ਵੱਖ ਸਟਾਲ ਵਿੱਚੋਂ ਦਿਸਦੀਆਂ ਵੱਖ ਵੱਖ ਵਿਅਕਤੀਆਂ ਦੀਆਂ ਲੱਤਾਂ
ਤਸਵੀਰ ਕੈਪਸ਼ਨ, ਜਨਤਕ ਪਖਾਨਿਆਂ ਦੇ ਰੂਪ ਸਮੇਂ ਦੇ ਨਾਲ ਬਦਲਦੇ ਰਹੇ ਹਨ।

ਮੌਜੂਦਾ ਡਿਜ਼ਾਈਨ ਨੇ ਪਖਾਨਿਆਂ ਦੇ ਨਿਰਮਾਣ ਅਤੇ ਰੱਖ-ਰਖਾਅ ਦੀ ਲਾਗਤ ਕਾਫ਼ੀ ਘਟਾ ਦਿੱਤੀ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਬਣਾਇਆ ਗਿਆ ਇਹ ਡਿਜ਼ਾਈਨ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਜਨਤਕ ਪਖਾਨਿਆਂ ਲਈ ਇੱਕ ਮਿਆਰ ਬਣ ਗਿਆ ਹੈ।

ਅਮਰੀਕੀ ਸਰਕਾਰ ਨੇ ਵ੍ਹੀਲ ਚੇਅਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਪਖਾਨੇ ਬਣਾਉਣ ਵਾਸਤੇ 'ਅਮਰੀਕਨ ਵਿਦ ਡਿਸਏਬਿਲਿਟੀਜ਼' ਐਕਟ ਬਣਾਇਆ ਸੀ।

ਕਾਨੂੰਨ ਮੁਤਾਬਕ, ਟਾਇਲਟ ਦੇ ਪਾਰਟੀਸ਼ਨ ਪੈਨਲਾਂ ਅਤੇ ਦਰਵਾਜ਼ਿਆਂ ਦੇ ਹੇਠਾਂ ਥਾਂ ਹੋਣੀ ਚਾਹੀਦੀ ਹੈ। 'ਅਮਰੀਕਨ ਵਿਦ ਡਿਸਏਬਿਲਿਟੀਜ਼' ਐਕਟ ਇਹ ਵੀ ਕਹਿੰਦਾ ਹੈ ਕਿ ਬੱਚਿਆਂ ਲਈ ਟਾਇਲਟ ਸੀਟਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ 'ਤੇ ਉਹ ਅਰਾਮ ਨਾਲ ਬਹਿ ਸਕਣ।

ਨਿਰਮਾਣ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਭੀੜ ਵਾਲੀਆਂ ਥਾਂਵਾਂ ਵਿੱਚ ਅਜਿਹੇ ਬਾਥਰੂਮਾਂ ਦੇ ਖਾਸ ਫ਼ਾਇਦੇ ਹੁੰਦੇ ਹਨ।

ਐਮਰਜੈਂਸੀ ਅਤੇ ਸੁਰੱਖਿਆ

ਮੇਘਨਾ ਕੰਨੇਗੰਟੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਹਤਰ ਸਹੂਲਤ ਦੇਣ ਲਈ ਨਵੇਂ ਡਿਜ਼ਾਈਨ ਆ ਰਹੇ ਹਨ।
ਤਸਵੀਰ ਕੈਪਸ਼ਨ, ਮੇਘਨਾ ਕੰਨੇਗੰਟੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਹਤਰ ਸਹੂਲਤ ਦੇਣ ਲਈ ਨਵੇਂ ਡਿਜ਼ਾਈਨ ਆ ਰਹੇ ਹਨ।

ਜਨਤਕ ਟਾਇਲਟ ਆਮ ਤੌਰ 'ਤੇ ਤਿੰਨ ਫੁੱਟ ਚੌੜੇ ਅਤੇ ਪੰਜ ਫੁੱਟ ਲੰਬੇ ਜਾਂ ਇਸ ਤੋਂ ਘੱਟ ਹੁੰਦੇ ਹਨ। ਜੇ ਇੰਨੀ ਛੋਟੀ ਥਾਂ ਲਈ ਹਵਾ ਅਤੇ ਰੌਸ਼ਨੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਤਾਂ ਕਈ ਸਮੱਸਿਆਵਾਂ ਪੈਦਾ ਹੋ ਜਾਣਗੀਆਂ।

ਜੇ ਅਚਾਨਕ ਬਿਜਲੀ ਚਲੀ ਜਾਵੇ ਤਾਂ ਅੰਦਰ ਮੌਜੂਦ ਵਿਅਕਤੀ ਘਬਰਾ ਸਕਦਾ ਹੈ। ਮੇਘਨਾ ਕਹਿੰਦੇ ਹਨ ਕਿ ਜੇਕਰ ਥਾਂ ਭੀੜੀ ਹੋਵੇ ਤਾਂ ਕੁਝ ਲੋਕਾਂ ਨੂੰ ਬੇਚੈਨੀ ਅਤੇ ਡਰ ਮਹਿਸੂਸ ਹੋ ਸਕਦਾ ਹੈ।

ਜਨਤਕ ਥਾਂਵਾਂ 'ਤੇ ਪੂਰੀ ਤਰ੍ਹਾਂ ਬੰਦ ਬਾਥਰੂਮਾਂ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਕੰਧਾਂ 'ਤੇ ਕੁਝ ਲਿਖਣਾ, ਚਿਤਰ ਬਣਾਉਣਾ ਅਤੇ ਨਸ਼ੇ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਪਹਿਲਾਂ, ਟਾਇਲਟ ਵਾਲਾ ਕਮਰਾ ਚਾਰੇ ਪਾਸਿਓਂ ਬੰਦ ਹੁੰਦਾ ਸੀ। ਇਹ ਅੰਦਰੋ ਜ਼ਿਆਦਾਤਰ ਸਿੱਲ੍ਹੇ ਹੁੰਦੇ ਸਨ ਅਤੇ ਇਨ੍ਹਾਂ ਵਿੱਚੋਂ ਬਦਬੂ ਆਉਂਦੀ ਸੀ।

ਇੱਥੇ ਲੱਗੀਆਂ ਪਾਈਪਾਂ ਅਤੇ ਟੂਟੀਆਂ ਵਿੱਚੋਂ ਪਾਣੀ ਰਿਸਣਾ ਬਦਬੂ ਅਤੇ ਹਾਦਸਿਆਂ ਦਾ ਕਾਰਨ ਬਣਦਾ ਸਕਦਾ ਹੈ।

ਇਸ ਤੋਂ ਇਲਾਵਾ, ਫ਼ਰਸ਼ ਅਤੇ ਦਰਵਾਜ਼ੇ ਵਿਚਾਲੇ ਵਿੱਥ ਕਿਸੇ ਵੀ ਐਮਰਜੈਂਸੀ ਜਾਂ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸਹਾਇਤਾ ਦੇਣ ਵਿੱਚ ਮਦਦ ਕਰਦੀ ਹੈ।

ਜੇਕਰ ਦਰਵਾਜ਼ੇ ਦਾ ਜਿੰਦਾ ਖਰਾਬ ਹੋ ਜਾਵੇ ਜਾਂ ਡਿੱਗ ਜਾਵੇ ਤਾਂ ਤੁਸੀਂ ਬਿਨ੍ਹਾਂ ਕਿਸੇ ਚਿੰਤਾ ਦੇ ਤੁਰੰਤ ਮਦਦ ਮੰਗ ਸਕਦੇ ਹੋ। ਪੂਰੀ ਤਰ੍ਹਾਂ ਬੰਦ ਦਰਵਾਜ਼ਿਆਂ ਵਾਲੇ ਬਾਥਰੂਮਾਂ ਵਿੱਚ ਅਜਿਹਾ ਨਹੀਂ ਹੁੰਦਾ।

ਘੱਟ ਲਾਗਤ ਅਤੇ ਸੌਖਾ ਰੱਖ-ਰਖਾਅ

ਹਰੇ ਰੰਗ ਦੇ ਦਰਵਾਜ਼ਿਆਂ ਵਾਲੇ ਜਨਤਕ ਪਖਾਨੇ
ਤਸਵੀਰ ਕੈਪਸ਼ਨ, ਮਾਹਿਰ ਕਹਿੰਦੇ ਹਨ ਅਜਿਹੇ ਟਾਇਲਟ ਬਣਾਉਣਾ ਅਸਾਨ ਹੈ ਅਤੇ ਘੱਟ ਲਾਗਤ ਆਉਂਦੀ ਹੈ।

ਇਨ੍ਹਾਂ ਪਖਾਨਿਆਂ ਨੂੰ ਇਮਾਰਤ ਦੇ ਫ਼ਰਸ਼ ਉੱਤੇ ਕਿਤੇ ਵੀ ਲਗਾਇਆ ਜਾ ਸਕਦਾ ਹੈ। ਇਨ੍ਹਾਂ ਦਾ ਨਿਰਮਾਣ ਸਸਤਾ ਹੈ ਅਤੇ ਇਨ੍ਹਾਂ ਨੂੰ ਅਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਆਂਇਆ ਜਾ ਸਕਦਾ ਹੈ। ਜੇਕਰ ਇਹ ਖ਼ਰਾਬ ਹੋ ਜਾਣ ਤਾਂ ਇਨ੍ਹਾਂ ਨੂੰ ਜਲਦੀ ਬਦਲਿਆ ਜਾ ਸਕਦਾ ਹੈ।

ਮਾਲ, ਸਿਨੇਮਾ ਘਰ ਅਤੇ ਏਅਰਪੋਰਟ ਜਿਹੀਆਂ ਥਾਂਵਾਂ 'ਤੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਖਾਨਿਆਂ ਦੀ ਵਰਤੋਂ ਕਰਦੇ ਹਨ। ਇਹ ਡਿਜ਼ਾਈਨ ਵਾਰ-ਵਾਰ ਸਫਾਈ ਕਰਨ ਲਈ ਢੁਕਵਾਂ ਹੈ ਜਿਸ ਨਾਲ ਇਹ ਸੁੱਕੇ ਤੇ ਸਾਫ਼ ਰਹਿੰਦੇ ਹਨ ਤਾਂ ਜੋ ਵਾਰ-ਵਾਰ ਵਰਤੋਂ 'ਤੇ ਇਨ੍ਹਾਂ ਵਿੱਚੋਂ ਬਦਬੂ ਨਾ ਆਵੇ।

ਬੰਦ ਪਖਾਨਿਆਂ ਵਿੱਚ ਈ-ਕੋਲਾਈ, ਨਾਮ ਦੇ ਬੈਕਟੀਰੀਆ ਅਤੇ ਹੋਰ ਵਾਇਰਸ ਹੁੰਦੇ ਹਨ। ਇਹ ਬਦਬੂ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਹਾਲਾਂਕਿ, ਦਰਵਾਜ਼ੇ ਦੇ ਹੇਠਾਂ ਵਿੱਥ ਵਾਲੇ ਡਿਜ਼ਾਈਨ ਨਾਲ ਇਹ ਸਮੱਸਿਆ ਘਟ ਜਾਂਦੀ ਹੈ।

ਪਖਾਨਿਆਂ ਨੂੰ ਚਾਰੇ ਪਾਸਿਓਂ ਬੰਦ ਕਰਨ ਨਾਲ ਅੰਦਰ ਸਿੱਲ੍ਹ ਪੈਦਾ ਹੋ ਜਾਂਦੀ ਹੈ। ਇਹ ਸਥਿਤੀ ਲੰਬੇ ਸਮੇਂ ਵਿੱਚ ਪਾਰਟੀਸ਼ਨਾਂ ਨੂੰ ਨੁਕਸਾਨ ਸਕਦੀ ਹੈ।

ਹਵਾਦਾਰ ਅਤੇ ਰੌਸ਼ਨੀ ਭਰਪੂਰ

ਜਨਤਕ ਪਖਾਨੇ
ਤਸਵੀਰ ਕੈਪਸ਼ਨ, ਐਮਰਜੈਂਸੀ ਸਥਿਤੀਆਂ ਵਿੱਚ ਵੀ ਅਜਿਹੇ ਟਾਇਲਟ ਸੁਵਿਧਾਜਨਕ ਰਹਿੰਦੇ ਹਨ।

ਨਿੱਜੀ ਪਖਾਨਿਆਂ ਦੇ ਮੁਕਾਬਲੇ ਜਨਤਕ ਪਖਾਨਿਆਂ ਦੀ ਵਰਤੋਂ ਜ਼ਿਆਦਾ ਲੋਕ ਕਰਦੇ ਹਨ।

ਇਸ ਕਾਰਨ ਇਹ ਅਕਸਰ ਸਿੱਲ੍ਹੇ ਰਹਿੰਦੇ ਹਨ ਅਤੇ ਜੇ ਹਵਾਦਾਰ ਨਾ ਹੋਣ ਤਾਂ ਇਨ੍ਹਾਂ ਵਿੱਚੋਂ ਬਦਬੂ ਆ ਸਕਦੀ ਹੈ।

ਇਨ੍ਹਾਂ ਸਟਾਲਾਂ ਦੇ ਦਰਵਾਜ਼ਿਆਂ ਦੇ ਹੇਠਾਂ ਵਾਲੀ ਵਿੱਥ ਵਿੱਚੋਂ ਲੰਘਣ ਵਾਲੀ ਹਵਾ ਇਨ੍ਹਾਂ ਨੂੰ ਜਲਦੀ ਸੁਕਾਉਣ ਵਿੱਚ ਮਦਦਗਾਰ ਹੁੰਦੀ ਹੈ ਅਤੇ ਬਦਬੂ ਦੀ ਸੰਭਾਵਨਾ ਨੂੰ ਘਟਾਉਂਦੀ ਹੈ।

ਅਜਿਹੀ ਵਿੱਥ, ਇਮਾਰਤ ਵਿੱਚ ਅੱਗ ਲੱਗਣ ਦੀ ਸੂਰਤ ਵਿੱਚ ਤੁਰੰਤ ਪਤਾ ਲਗਾਉਣ ਵਿੱਚ ਮਦਦਗਾਰ ਹੁੰਦੀ ਹੈ।

ਇਹ ਦੇਖਣਾ ਵੀ ਅਸਾਨ ਹੁੰਦਾ ਹੈ ਕਿ ਕਿਹੜਾ ਟਾਇਲਟ ਸਟਾਲ ਖਾਲ੍ਹੀ ਹੈ।

ਦਰਵਾਜ਼ੇ ਅਤੇ ਫ਼ਰਸ਼ ਵਿਚਕਾਰਲੀ ਥਾਂ ਸਫਾਈ ਕਰਮਚਾਰੀਆਂ ਨੂੰ ਬਿਨ੍ਹਾਂ ਦਰਵਾਜ਼ਾ ਖੋਲ੍ਹਿਆਂ ਫ਼ਰਸ਼ ਸਾਫ਼ ਕਰਨ ਵਿੱਚ ਮਦਦ ਕਰਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਡਿਜ਼ਾਈਨ ਵਾਲੇ ਪਖਾਨੇ ਫ਼ਰਸ਼ ਤੱਕ ਲੱਗੇ ਦਰਵਾਜ਼ੇ ਵਾਲੇ ਪਖਾਨਿਆਂ ਦੇ ਮੁਕਾਬਲੇ ਆਰਥਿਕ ਪੱਖੋਂ ਵੀ ਬਣਾਉਣੇ ਸੌਖੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)