ਐਸਪਿਰਿਨ ਦਵਾਈ ਨਾਲ ਕੀ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਮਿਰਿਅਮ ਫ੍ਰੈਂਕੇਲ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 12 ਮਿੰਟ
4,000 ਸਾਲ ਪੁਰਾਣੀ ਇਹ ਦਵਾਈ, ਜੋ ਆਮ ਤੌਰ 'ਤੇ ਦਰਦ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ, ਕੁਝ ਖ਼ਾਸ ਕਿਸਮ ਦੇ ਟਿਊਮਰ ਬਣਨ ਤੋਂ ਰੋਕਦੀ ਹੈ ਅਤੇ ਉਨ੍ਹਾਂ ਨੂੰ ਸਰੀਰ ਵਿੱਚ ਫੈਲਣ ਤੋਂ ਵੀ ਰੋਕਦੀ ਹੈ।
ਇਹ ਅਜਿਹੇ ਨਤੀਜੇ ਹਨ ਜੋ ਹੁਣ ਸਿਹਤ ਨੀਤੀਆਂ ਵਿੱਚ ਵੀ ਬਦਲਾਅ ਲਿਆ ਰਹੇ ਹਨ।
ਬ੍ਰਿਟੇਨ ਦੇ ਰਹਿਣ ਵਾਲੇ ਨਿਕ ਜੇਮਸ ਲਗਭਗ 40-45 ਸਾਲ ਦੇ ਹਨ ਅਤੇ ਫਰਨੀਚਰ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਆਪਣੀ ਸਿਹਤ ਬਾਰੇ ਪਹਿਲੀ ਵਾਰ ਚਿੰਤਾ ਉਸ ਵੇਲੇ ਹੋਈ, ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਕੈਂਸਰ ਨਾਲ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਅਤੇ ਪਰਿਵਾਰ ਦੇ ਕਈ ਹੋਰ ਲੋਕਾਂ ਨੂੰ ਵੀ ਅੰਤੜੀਆਂ ਦਾ ਕੈਂਸਰ ਹੋ ਗਿਆ।
ਉਨ੍ਹਾਂ ਨੇ ਜੈਨੇਟਿਕ ਟੈਸਟ ਕਰਵਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੇ ਅੰਦਰ ਇੱਕ ਖ਼ਰਾਬ ਜੀਨ ਹੈ, ਜੋ ਲਿੰਚ ਸਿੰਡਰੋਮ ਨਾਮ ਦੀ ਬਿਮਾਰੀ ਦਾ ਕਾਰਨ ਬਣਦਾ ਹੈ। ਇਹ ਬਿਮਾਰੀ ਇਸ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਵਧਾ ਦਿੰਦੀ ਹੈ।
ਜੇਮਸ ਨੂੰ ਮਦਦ ਇੱਕ ਅਜਿਹੀ ਥਾਂ ਤੋਂ ਮਿਲੀ, ਜਿੱਥੋਂ ਉਨ੍ਹਾਂ ਨੂੰ ਬਿਲਕੁਲ ਅੰਦਾਜ਼ਾ ਵੀ ਨਹੀਂ ਸੀ। ਉਹ ਪਹਿਲੇ ਵਿਅਕਤੀ ਬਣੇ ਜਿਨ੍ਹਾਂ ਨੇ ਇੱਕ ਅਜਿਹੇ ਕਲੀਨੀਕਲ ਟ੍ਰਾਇਲ ਵਿੱਚ ਹਿੱਸਾ ਲਿਆ, ਜਿਸਦਾ ਮਕਸਦ ਇਹ ਜਾਂਚਣਾ ਸੀ ਕਿ ਆਮ ਤੌਰ 'ਤੇ ਬਿਨ੍ਹਾਂ ਪ੍ਰਿਸਕ੍ਰਿਪਸ਼ਨ ਦੇ ਮਿਲਣ ਵਾਲੀ ਦਰਦ ਦੀ ਦਵਾਈ ਐਸਪਿਰਿਨ ਦੀ ਰੋਜ਼ਾਨਾ ਖੁਰਾਕ ਕੀ ਵਾਕਈ ਕੈਂਸਰ ਤੋਂ ਬਚਾ ਸਕਦੀ ਹੈ।
ਲਿੰਚ ਸਿੰਡਰੋਮ ਨਾਲ ਪੀੜਤ 10 ਤੋਂ 80% ਲੋਕਾਂ ਨੂੰ, ਜੀਨ ਵਿੱਚ ਮਿਊਟੇਸ਼ਨ ਦੇ ਕਿਸਮ ਦੇ ਅਨੁਸਾਰ, ਜ਼ਿੰਦਗੀ ਵਿੱਚ ਕਦੇ ਨਾ ਕਦੇ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ। ਪਰ ਜੇਮਸ ਦੇ ਮਾਮਲੇ ਵਿੱਚ ਅਜੇ ਤੱਕ ਸਭ ਕੁਝ ਠੀਕ ਦਿਖਾਈ ਦੇ ਰਿਹਾ ਹੈ। ਨਿਊਕੈਸਲ ਯੂਨੀਵਰਸਿਟੀ ਦੇ ਕਲੀਨੀਕਲ ਜੈਨੇਟਿਕਸ ਦੇ ਪ੍ਰੋਫੈਸਰ ਜੌਨ ਬਰਨ ਨੇ ਇਸ ਟ੍ਰਾਇਲ ਦੀ ਅਗਵਾਈ ਕੀਤੀ ਸੀ। ਉਹ ਕਹਿੰਦੇ ਹਨ, "ਉਹ ਪਿਛਲੇ 10 ਸਾਲਾਂ ਤੋਂ ਸਾਡੇ ਨਾਲ ਐਸਪਿਰਿਨ ਲੈ ਰਹੇ ਹਨ ਅਤੇ ਅਜੇ ਤੱਕ ਉਨ੍ਹਾਂ ਨੂੰ ਕੋਈ ਕੈਂਸਰ ਨਹੀਂ ਹੋਇਆ ਹੈ।"
ਇਹ ਗੱਲ ਸੁਣਨ ਵਿੱਚ ਲਗਭਗ ਅਸੰਭਵ ਲੱਗਦੀ ਹੈ, ਪਰ ਕਾਫ਼ੀ ਸਮੇਂ ਤੋਂ ਇਸ ਦੇ ਸੰਕੇਤ ਮਿਲਦੇ ਰਹੇ ਹਨ ਕਿ ਇਹ ਦਵਾਈ ਕੋਲੋਰੈਕਟਲ ਕੈਂਸਰ ਦੇ ਫੈਲਣ ਦੀ ਸੰਭਾਵਨਾ ਨੂੰ ਘੱਟ ਕਰ ਸਕਦੀ ਹੈ, ਜਾਂ ਸ਼ਾਇਦ ਹੋਣ ਤੋਂ ਹੀ ਰੋਕ ਸਕਦੀ ਹੈ। ਪਿਛਲੇ ਇੱਕ ਸਾਲ ਵਿੱਚ ਕਈ ਟ੍ਰਾਇਲ ਅਤੇ ਅਧਿਐਨਾਂ ਨੇ ਇਸ ਸਬੂਤ ਨੂੰ ਹੋਰ ਮਜ਼ਬੂਤ ਕੀਤਾ ਹੈ।
ਕੁਝ ਦੇਸ਼ਾਂ ਨੇ ਤਾਂ ਆਪਣੀਆਂ ਮੈਡੀਕਲ ਗਾਈਡਲਾਈਨਾਂ ਤੱਕ ਬਦਲ ਦਿੱਤੀਆਂ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ, ਉਨ੍ਹਾਂ ਲਈ ਇਸ ਗੋਲੀ ਨੂੰ ਸੁਰੱਖਿਆ ਦੀ ਪਹਿਲੀ ਲਾਈਨ ਵਿੱਚ ਸ਼ਾਮਲ ਕੀਤਾ ਹੈ (ਹਾਲਾਂਕਿ ਮਾਹਿਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਹ ਸਿਰਫ਼ ਡਾਕਟਰ ਦੀ ਨਿਗਰਾਨੀ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ)।
ਅਤੇ ਹੁਣ ਅਸੀਂ ਹੌਲੀ-ਹੌਲੀ ਇਹ ਵੀ ਸਮਝਣ ਲੱਗ ਪਏ ਹਾਂ ਕਿ ਆਖ਼ਿਰ ਇਹ ਇੰਨੀ ਪ੍ਰਭਾਵਸ਼ਾਲੀ ਕਿਉਂ ਹੈ।
ਬਹੁਤ ਪੁਰਾਣੀਆਂ ਜੜ੍ਹਾਂ

ਤਸਵੀਰ ਸਰੋਤ, Getty Images
ਤਾਜ਼ਾ ਖੋਜਾਂ, ਸਾਡੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਅਸਰਦਾਰ ਦਵਾਈਆਂ ਵਿੱਚੋਂ ਇੱਕ ਦੀ ਕਹਾਣੀ ਵਿੱਚ ਇੱਕ ਹੈਰਾਨ ਕਰਨ ਵਾਲਾ ਨਵਾਂ ਮੋੜ ਲੈਕੇ ਆਈਆਂ ਹਨ।
ਉੱਨੀਵੀਂ ਸਦੀ ਦੇ ਅਖੀਰ ਵਿੱਚ, ਪੁਰਾਤੱਤਵ ਮਾਹਰਾਂ ਨੂੰ ਪ੍ਰਾਚੀਨ ਮੇਸੋਪੋਟਾਮੀਆ ਦੇ ਸ਼ਹਿਰ ਨਿੱਪੁਰ, ਜੋ ਅੱਜ ਦੇ ਇਰਾਕ ਵਿੱਚ ਹੈ, ਤੋਂ 4,400 ਸਾਲ ਪੁਰਾਣੀਆਂ ਮਿੱਟੀ ਦੀਆਂ ਤਖ਼ਤੀਆਂ ਮਿਲੀਆਂ ਸਨ। ਇਨ੍ਹਾਂ ਵਿੱਚ ਬੂਟਿਆਂ, ਜਾਨਵਰਾਂ ਅਤੇ ਖਣਿਜਾਂ ਤੋਂ ਬਣੀਆਂ ਵੱਖ-ਵੱਖ ਦਵਾਈਆਂ ਦੀ ਸੂਚੀ ਦਰਜ ਸੀ।
ਇਨ੍ਹਾਂ ਵਿੱਚ ਵਿਲੋ (ਬੇਂਤ) ਦੇ ਦਰੱਖ਼ਤ ਤੋਂ ਨਿਕਲੇ ਇੱਕ ਪਦਾਰਥ ਦੇ ਇਸਤੇਮਾਲ ਦੇ ਨਿਰਦੇਸ਼ ਵੀ ਸ਼ਾਮਲ ਸਨ। ਅੱਜ ਅਸੀਂ ਜਾਣਦੇ ਹਾਂ ਕਿ ਇਸ ਵਿੱਚ 'ਸੈਲਿਸਿਨ' ਨਾਮ ਦਾ ਰਸਾਇਣ ਹੁੰਦਾ ਹੈ, ਜਿਸਨੂੰ ਸਰੀਰ ਸੈਲਿਸਿਲਿਕ ਐਸਿਡ ਵਿੱਚ ਬਦਲ ਸਕਦਾ ਹੈ ਅਤੇ ਇਹ ਦਰਦ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਇਸਦੀ ਬਣਤਰ ਆਧੁਨਿਕ ਐਸਪਿਰਿਨ ਭਾਵ ਐਸੀਟਾਇਲਸੈਲਿਸਿਲਿਕ ਐਸਿਡ ਨਾਲ ਕਾਫ਼ੀ ਮਿਲਦੀ-ਜੁਲਦੀ ਹੈ, ਪਰ ਇਹ ਢਿੱਡ ਵਿੱਚ ਜ਼ਿਆਦਾ ਦਿੱਕਤਾਂ ਪੈਦਾ ਕਰਨ ਵਾਲੀ ਹੁੰਦੀ ਹੈ। ਹੋਰ ਪ੍ਰਾਚੀਨ ਸੱਭਿਅਤਾਵਾਂ, ਜਿਵੇਂ ਮਿਸਰ, ਯੂਨਾਨ ਅਤੇ ਰੋਮ ਵਿੱਚ ਵੀ ਇਸ ਨੁਸਖੇ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਇਸ ਮਿਸ਼ਰਣ 'ਤੇ ਆਧੁਨਿਕ ਖੋਜ ਦੀ ਸ਼ੁਰੂਆਤ 1763 ਵਿੱਚ ਹੋਈ, ਜਦੋਂ ਅੰਗਰੇਜ਼ ਪਾਦਰੀ ਐਡਵਰਡ ਸਟੋਨ ਨੇ ਰਾਇਲ ਸੋਸਾਇਟੀ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਸੁੱਕੀ ਅਤੇ ਪਿਸੀ ਹੋਈ ਵਿਲੋ ਦੀ ਛਾਲ ਵਿੱਚ ਬੁਖਾਰ ਘਟਾਉਣ ਵਾਲੇ ਗੁਣ ਹਨ।
ਲਗਭਗ ਇੱਕ ਸਦੀ ਬਾਅਦ, ਵਿਗਿਆਨੀਆਂ ਨੇ ਸੈਲਿਸਿਲਿਕ ਐਸਿਡ ਨੂੰ ਘੱਟ ਨੁਕਸਾਨਦਾਇਕ ਐਸੀਟਾਇਲਸੈਲਿਸਿਲਿਕ ਐਸਿਡ ਦੇ ਰੂਪ ਵਿੱਚ ਤਿਆਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਇਸਨੂੰ 'ਬਾਇਰ' ਨਾਮ ਦੇ ਬ੍ਰਾਂਡ ਹੇਠ ਬਾਜ਼ਾਰ ਵਿੱਚ ਲਿਆਂਦਾ ਗਿਆ।
ਇੱਕ ਹੋਰ ਸਦੀ ਬਾਅਦ, ਵਿਗਿਆਨੀਆਂ ਨੇ ਇਹ ਵੀ ਦੇਖਣਾ ਸ਼ੁਰੂ ਕੀਤਾ ਕਿ ਐਸਪਿਰਿਨ ਦੇ ਕੁਝ ਅਣਕਿਆਸੇ ਫ਼ਾਇਦੇ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਹੋ ਸਕਦੇ ਹਨ। ਇਹ ਖ਼ੂਨ ਨੂੰ ਪਤਲਾ ਕਰਕੇ ਅਤੇ ਪਲੇਟਲੇਟਸ ਨੂੰ ਘੱਟ ਚਿਪਚਿਪਾ ਬਣਾਕੇ, ਖ਼ੂਨ ਦੇ ਥੱਕੇ ਬਣਨ ਦੇ ਖ਼ਤਰੇ ਨੂੰ ਘਟਾਉਂਦੀ ਹੈ।
ਇਸੇ ਕਾਰਨ, ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਵਰਗੀਆਂ ਸੰਸਥਾਵਾਂ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਵੱਧ ਖ਼ਤਰੇ ਵਾਲੇ ਲੋਕਾਂ ਨੂੰ ਰੋਜ਼ਾਨਾ ਘੱਟ ਮਾਤਰਾ ਵਿੱਚ ਐਸਪਿਰਿਨ ਲੈਣ ਦੀ ਸਲਾਹ ਦਿੰਦੀਆਂ ਹਨ।

ਤਸਵੀਰ ਸਰੋਤ, Getty Images
1972 ਤੱਕ ਆਉਂਦੇ-ਆਉਂਦੇ, ਇਸਦੇ ਸੰਭਾਵਿਤ ਫ਼ਾਇਦੇ ਕੈਂਸਰ ਦੀ ਰੋਕਥਾਮ ਤੱਕ ਵੀ ਪਹੁੰਚ ਗਏ। ਚੂਹਿਆਂ 'ਤੇ ਕੀਤੇ ਗਏ ਇੱਕ ਪ੍ਰਸਿੱਧ ਅਧਿਐਨ ਨੇ ਸਭ ਦਾ ਧਿਆਨ ਖਿੱਚਿਆ, ਜਿਨ੍ਹਾਂ ਵਿੱਚ ਟਿਊਮਰ ਵਾਲੀਆਂ ਕੋਸ਼ਿਕਾਵਾਂ ਪਾਈਆਂ ਗਈਆਂ ਸਨ।
ਅਮਰੀਕੀ ਵਿਗਿਆਨੀਆਂ ਨੇ ਪਾਇਆ ਕਿ ਚੂਹਿਆਂ ਦੇ ਪੀਣ ਵਾਲੇ ਪਾਣੀ ਵਿੱਚ ਐਸਪਿਰਿਨ ਮਿਲਾਉਣ ਨਾਲ ਕੈਂਸਰ ਦੇ ਸਾਰੇ ਸਰੀਰ ਵਿੱਚ ਫੈਲਣ ਦਾ ਖ਼ਤਰਾ, ਜਿਸਨੂੰ ਮੈਟਾਸਟੇਸਿਸ ਕਿਹਾ ਜਾਂਦਾ ਹੈ, ਉਨ੍ਹਾਂ ਚੂਹਿਆਂ ਨਾਲੋਂ ਕਾਫ਼ੀ ਘੱਟ ਹੋ ਗਿਆ ਜਿਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ ਸੀ।
ਹਾਲਾਂਕਿ ਇਸ ਖੋਜ ਨਾਲ ਕਾਫ਼ੀ ਉਤਸ਼ਾਹ ਪੈਦਾ ਹੋਇਆ, ਪਰ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਓਂਕੋਲੋਜੀ ਅਤੇ ਮੈਡੀਕਲ ਟ੍ਰਾਇਲਜ਼ ਦੇ ਪ੍ਰੋਫੈਸਰ ਰੂਥ ਲੈਂਗਲੀ ਕਹਿੰਦੇ ਹਨ, "ਹਾਲਾਂਕਿ ਤੁਰੰਤ ਇਹ ਸਪਸ਼ਟ ਨਹੀਂ ਹੋ ਸਕਿਆ ਸੀ ਕਿ ਇਸਦਾ ਕਲੀਨੀਕਲ ਪ੍ਰੈਕਟਿਸ 'ਤੇ ਕੀ ਅਸਰ ਪਵੇਗਾ।"
ਅਤੇ ਫਿਰ ਇਹ ਵੀ ਸਪਸ਼ਟ ਨਹੀਂ ਸੀ ਕਿ ਇਹ ਦਵਾਈ ਮਨੁੱਖਾਂ ਵਿੱਚ ਵੀ ਉਸੇ ਤਰ੍ਹਾਂ ਦਾ ਅਸਰ ਦਿਖਾਵੇਗੀ ਜਾਂ ਨਹੀਂ। ਇਸ ਲਈ ਇਹ ਖੋਜ ਕਿਸੇ ਜ਼ਿੰਦਗੀ ਬਦਲ ਦੇਣ ਵਾਲੇ ਇਲਾਜ ਦੀ ਬਜਾਏ ਸਿਰਫ਼ ਇੱਕ ਦਿਲਚਸਪ ਪਰ ਸੀਮਤ ਜਾਣਕਾਰੀ ਬਣ ਕੇ ਰਹਿ ਗਈ।
ਸਾਲ 2010 ਵਿੱਚ ਇੱਕ ਮਹੱਤਵਪੂਰਨ ਮੋੜ ਉਸ ਵੇਲੇ ਆਇਆ, ਜਦੋਂ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਕਲੀਨੀਕਲ ਨਿਊਰੋਲੋਜੀ ਦੇ ਪ੍ਰੋਫੈਸਰ ਪੀਟਰ ਰੌਥਵੈਲ ਨੇ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਰੋਕਣ ਲਈ ਐਸਪਿਰਿਨ 'ਤੇ ਪਹਿਲਾਂ ਤੋਂ ਮੌਜੂਦ ਵੱਡੇ ਡੇਟਾ ਨੂੰ ਮੁੜ ਫਰੋਲਿਆ।
ਆਪਣੇ ਵਿਸ਼ਲੇਸ਼ਣ ਵਿੱਚ ਉਨ੍ਹਾਂ ਨੇ ਪਾਇਆ ਕਿ ਇਹ ਦਵਾਈ ਨਾ ਸਿਰਫ਼ ਕੈਂਸਰ ਦੇ ਮਾਮਲਿਆਂ ਨੂੰ ਘਟਾਉਂਦੀ ਹੈ, ਸਗੋਂ ਇਸਦੇ ਫੈਲਣ ਨੂੰ ਵੀ ਰੋਕਦੀ ਹੈ। ਇਸ ਨਾਲ ਐਸਪਿਰਿਨ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਅਤੇ ਇਸਦੇ ਪਿੱਛੇ ਦੇ ਕਾਰਨਾਂ ਨੂੰ ਸਮਝਣ ਵਿੱਚ ਦੁਬਾਰਾ ਦਿਲਚਸਪੀ ਪੈਦਾ ਹੋਈ।
ਹਾਲਾਂਕਿ ਇੱਕ ਵੱਡੀ ਚੁਣੌਤੀ ਇਹ ਹੈ ਕਿ ਆਮ ਆਬਾਦੀ ਵਿੱਚ ਇਹ ਸਾਬਤ ਕੀਤਾ ਜਾਵੇ ਕਿ ਐਸਪਿਰਿਨ ਕੈਂਸਰ ਨੂੰ ਰੋਕ ਸਕਦੀ ਹੈ। ਆਦਰਸ਼ ਸਥਿਤੀ ਵਿੱਚ, ਖੋਜਕਰਤਾ ਲੋਕਾਂ ਦੀ ਇੱਕ ਵੱਡੀ ਗਿਣਤੀ ਨੂੰ ਸ਼ਾਮਲ ਕਰਦੇ। ਅੱਧੇ ਲੋਕਾਂ ਨੂੰ ਐਸਪਿਰਿਨ ਦਿੱਤੀ ਜਾਂਦੀ, ਅਤੇ ਬਾਕੀਆਂ ਨੂੰ ਇੱਕ ਨਕਲੀ ਗੋਲੀ (ਪਲੇਸੀਬੋ) ਅਤੇ ਫਿਰ ਦੇਖਿਆ ਜਾਂਦਾ ਕਿ ਕਿਨ੍ਹਾਂ ਵਿੱਚ ਬਿਮਾਰੀ ਦੀ ਦਰ ਵੱਧ ਹੈ।
ਪਰ ਕੈਂਸਰ ਨੂੰ ਵਿਕਸਤ ਹੋਣ ਵਿੱਚ ਹੀ ਕਈ ਦਹਾਕੇ ਲੱਗ ਸਕਦੇ ਹਨ, ਮਤਲਬ ਅਜਿਹਾ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਪੂਰਾ ਹੋਣ ਵਿੱਚ ਬਹੁਤ ਲੰਮਾ ਸਮਾਂ ਅਤੇ ਬਹੁਤ ਵੱਧ ਖਰਚ ਆਵੇਗਾ। ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਵਿੱਚ ਸਰਜਰੀ ਦੇ ਪ੍ਰੋਫੈਸਰ ਐਨਾ ਮਾਰਟਲਿੰਗ ਕਹਿੰਦੀ ਹੈ, "ਸੱਚ ਕਹਾਂ ਤਾਂ, ਇਹ ਲਗਭਗ ਨਾਮੁਮਕਿਨ ਹੈ।"
ਇਸੇ ਕਾਰਨ ਵਿਗਿਆਨੀਆਂ ਨੇ ਆਪਣਾ ਧਿਆਨ ਖ਼ਾਸ ਸਮੂਹਾਂ 'ਤੇ ਕੇਂਦ੍ਰਿਤ ਕੀਤਾ ਹੈ, ਜਿਵੇਂ ਕਿ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਕੈਂਸਰ ਹੋ ਚੁੱਕਾ ਹੈ ਜਾਂ ਜਿਨ੍ਹਾਂ ਵਿੱਚ ਜੈਨੇਟਿਕ ਕਾਰਨਾਂ ਕਰਕੇ ਕੈਂਸਰ ਹੋਣ ਦਾ ਖ਼ਤਰਾ ਵੱਧ ਹੈ।
ਵਧਦੇ ਸਬੂਤ

ਤਸਵੀਰ ਸਰੋਤ, Getty Images
ਇੱਥੇ ਹੀ ਜੌਨ ਬਰਨ ਦਾ ਲਿੰਚ ਸਿੰਡਰੋਮ ਨਾਲ ਪੀੜਤ ਮਰੀਜ਼ਾਂ 'ਤੇ ਕੀਤਾ ਗਿਆ ਅਧਿਐਨ ਸਾਹਮਣੇ ਆਉਂਦਾ ਹੈ। ਇਹ ਸਿੰਡਰੋਮ ਕੋਲੋਰੈਕਟਲ (ਅੰਤੜੀ ਅਤੇ ਗੁਦਾ) ਦੇ ਕੈਂਸਰ ਅਤੇ ਹੋਰ ਕੈਂਸਰਾਂ ਦਾ ਖ਼ਤਰਾ ਕਾਫ਼ੀ ਵਧਾ ਦਿੰਦਾ ਹੈ।
ਸਾਲ 2020 ਵਿੱਚ ਬਰਨ ਨੇ ਇਸ ਬਿਮਾਰੀ ਨਾਲ ਪੀੜਤ 861 ਮਰੀਜ਼ਾਂ 'ਤੇ ਕੀਤੇ ਗਏ ਇੱਕ ਇਤਿਹਾਸਕ ਰੈਂਡਮਾਈਜ਼ਡ ਕੰਟ੍ਰੋਲਡ ਟ੍ਰਾਇਲ ਦੇ ਨਤੀਜੇ ਪ੍ਰਕਾਸ਼ਿਤ ਕੀਤੇ। 10 ਸਾਲ ਤੱਕ ਹਿੱਸੇਦਾਰਾਂ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਉਨ੍ਹਾਂ ਦੀ ਟੀਮ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਘੱਟੋ-ਘੱਟ ਦੋ ਸਾਲ ਤੱਕ ਰੋਜ਼ਾਨਾ 600 ਮਿਲੀਗ੍ਰਾਮ ਐਸਪਿਰਿਨ ਲਈ, ਉਨ੍ਹਾਂ ਵਿੱਚ ਕੋਲੋਰੈਕਟਲ ਕੈਂਸਰ ਦਾ ਖ਼ਤਰਾ ਲਗਭਗ ਅੱਧਾ ਰਹਿ ਗਿਆ।
ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਇੱਕ ਦੂਜਾ ਟ੍ਰਾਇਲ ਵੀ ਕੀਤਾ, ਜੋ ਅਜੇ ਪੀਅਰ ਰਿਵਿਊ ਦੇ ਦੌਰ ਵਿੱਚ ਹੈ। ਸ਼ੁਰੂਆਤੀ ਨਤੀਜੇ ਦੱਸਦੇ ਹਨ ਕਿ ਐਸਪਿਰਿਨ ਦੀ ਜੇ ਵੱਧ ਨਹੀਂ ਤਾਂ, ਕਾਫ਼ੀ ਘੱਟ ਮਾਤਰਾ (75–100 ਮਿਲੀਗ੍ਰਾਮ) ਵੀ ਓਨੀ ਹੀ ਪ੍ਰਭਾਵਸ਼ਾਲੀ ਹੈ।
ਬਰਨ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਨੇ ਦੋ ਸਾਲ ਤੱਕ ਐਸਪਿਰਿਨ ਲਈ, ਉਨ੍ਹਾਂ ਵਿੱਚ ਕੋਲਨ ਦੇ ਕੈਂਸਰ 50% ਘੱਟ ਸਨ। ਅਸੀਂ ਇਸ ਨੂੰ ਕੁਝ ਹੋਰ ਸਾਲ ਤੱਕ ਜਾਰੀ ਰੱਖਣਾ ਚਾਹੁੰਦੇ ਹਾਂ, ਕਿਉਂਕਿ ਸਮੇਂ ਨਾਲ ਡੇਟਾ ਹੋਰ ਵਧੀਆ ਹੁੰਦਾ ਜਾਵੇਗਾ।" (ਨਿਕ ਜੇਮਸ, ਜੋ ਇਸ ਟ੍ਰਾਇਲ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਮਰੀਜ਼ ਸਨ, ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਇਸਦਾ ਫ਼ਾਇਦਾ ਮਿਲਦਾ ਨਜ਼ਰ ਆਇਆ।)
ਘੱਟ ਖੁਰਾਕ (75–100 ਮਿਲੀਗ੍ਰਾਮ) ਓਨੀ ਹੀ ਹੈ ਜੋ ਲੋਕ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਰੋਕਣ ਲਈ ਲੈਂਦੇ ਹਨ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਐਸਪਿਰਿਨ ਦੇ ਕੁਝ ਸਾਈਡ ਇਫੈਕਟ ਵੀ ਹੋ ਸਕਦੇ ਹਨ, ਜਿਵੇਂ ਬਦਹਜ਼ਮੀ, ਅੰਦਰੂਨੀ ਖੂਨ ਵਗਣਾ, ਢਿੱਡ ਵਿੱਚ ਅਲਸਰ ਅਤੇ ਇੱਥੋਂ ਤੱਕ ਕਿ ਦਿਮਾਗ ਵਿੱਚ ਖੂਨ ਵਗਣਾ। ਇਹ ਦਵਾਈ ਘੱਟ ਮਾਤਰਾ ਵਿੱਚ ਸਰੀਰ ਆਮ ਤੌਰ 'ਤੇ ਵੱਧ ਆਸਾਨੀ ਨਾਲ ਬਰਦਾਸ਼ਤ ਕਰ ਲੈਂਦਾ ਹੈ।
ਇਨ੍ਹਾਂ ਨਤੀਜਿਆਂ ਦਾ ਅਸਰ ਨੀਤੀਆਂ 'ਤੇ ਵੀ ਪੈ ਚੁੱਕਿਆ ਹੈ। ਬਰਨ ਕਹਿੰਦੇ ਹਨ, "ਸਾਡੇ ਨਤੀਜਿਆਂ ਤੋਂ ਬਾਅਦ ਯੂਕੇ ਵਿੱਚ ਗਾਈਡਲਾਈਨਾਂ ਬਦਲ ਦਿੱਤੀਆਂ ਗਈਆਂ ਹਨ।"
ਸਾਲ 2020 ਤੋਂ ਹੁਣ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਲਿੰਚ ਸਿੰਡਰੋਮ ਨਾਲ ਪੀੜਤ ਜ਼ਿਆਦਾਤਰ ਲੋਕ ਲਗਭਗ 20 ਸਾਲ ਦੀ ਉਮਰ ਤੋਂ ਐਸਪਿਰਿਨ ਲੈਣਾ ਸ਼ੁਰੂ ਕਰਨ, ਜਦਕਿ ਘੱਟ ਗੰਭੀਰ ਮਾਮਲਿਆਂ ਵਿੱਚ ਇਹ ਉਮਰ 35 ਸਾਲ ਰੱਖੀ ਗਈ ਹੈ।
ਇਨ੍ਹਾਂ ਨਤੀਜਿਆਂ ਨੂੰ ਦੇਖਦੇ ਹੋਏ, ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਐਸਪਿਰਿਨ ਹੋਰ ਮਰੀਜ਼ਾਂ ਦੇ ਸਮੂਹਾਂ ਲਈ ਵੀ ਲਾਭਦਾਇਕ ਹੋ ਸਕਦੀ ਹੈ।
ਐਨਾ ਮਾਰਟਲਿੰਗ ਨੇ ਇਹ ਜਾਂਚ ਕੀਤੀ ਹੈ ਕਿ ਕੀ ਐਸਪਿਰਿਨ ਉਨ੍ਹਾਂ ਲੋਕਾਂ ਵਿੱਚ ਮੈਟਾਸਟੇਸਿਸ, ਮਤਲਬ ਕੈਂਸਰ ਦੇ ਫੈਲਣ ਦਾ ਖ਼ਤਰਾ ਘੱਟ ਕਰ ਸਕਦੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਕੋਲੋਰੈਕਟਲ ਕੈਂਸਰ ਹੋ ਚੁੱਕਿਆ ਹੈ। ਉਨ੍ਹਾਂ ਦੀ ਟੀਮ ਨੇ ਉਨ੍ਹਾਂ ਲੋਕਾਂ 'ਤੇ ਧਿਆਨ ਦਿੱਤਾ, ਜਿਨ੍ਹਾਂ ਦੇ ਅੰਤੜੀ ਜਾਂ ਗੁਦਾ ਦੇ ਟਿਊਮਰ ਵਿੱਚ ਕੁਝ ਆਮ ਕਿਸਮ ਦੇ ਮਿਊਟੇਸ਼ਨ ਪਾਏ ਜਾਂਦੇ ਹਨ।

ਉਹ ਦੱਸਦੇ ਹਨ, "ਕੋਲੋਰੈਕਟਲ ਕੈਂਸਰ ਵਾਲੇ ਸਾਰੇ ਮਰੀਜ਼ਾਂ ਵਿੱਚੋਂ 40% ਵਿੱਚ ਉਹੀ ਮਿਊਟੇਸ਼ਨ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਅਧਿਐਨ ਕੀਤਾ ਹੈ।" ਪਹਿਲਾਂ ਦੀ ਖੋਜ ਤੋਂ ਸੰਕੇਤ ਮਿਲਿਆ ਸੀ ਕਿ ਅਜਿਹੇ ਲੋਕਾਂ 'ਤੇ ਐਸਪਿਰਿਨ ਦਾ ਖ਼ਾਸ ਤੌਰ 'ਤੇ ਵਧੀਆ ਅਸਰ ਹੁੰਦਾ ਹੈ।
ਤਿੰਨ ਸਾਲ ਤੱਕ ਚਲੇ ਇਸ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਵਿੱਚ 2,980 ਮਰੀਜ਼ ਸ਼ਾਮਲ ਸਨ। ਇੱਕ ਸਮੂਹ ਨੂੰ ਸਰਜਰੀ ਤੋਂ ਤਿੰਨ ਮਹੀਨੇ ਦੇ ਅੰਦਰ ਰੋਜ਼ਾਨਾ 160 ਮਿਲੀਗ੍ਰਾਮ ਐਸਪਿਰਿਨ ਦਿੱਤੀ ਗਈ, ਜਦਕਿ ਦੂਜੇ ਸਮੂਹ ਨੂੰ ਪਲੇਸੀਬੋ ਦਿੱਤਾ ਗਿਆ। ਜਿਨ੍ਹਾਂ ਮਰੀਜ਼ਾਂ ਨੂੰ ਐਸਪਿਰਿਨ ਮਿਲੀ, ਉਨ੍ਹਾਂ ਵਿੱਚ ਕੈਂਸਰ ਮੁੜ ਹੋਣ ਦਾ ਖ਼ਤਰਾ ਅੱਧੇ ਤੋਂ ਵੀ ਘੱਟ ਸੀ, ਜੋ ਅਸਰ ਦੇ ਹਿਸਾਬ ਨਾਲ ਬਹੁਤ ਵੱਡਾ ਫ਼ਰਕ ਹੈ।
ਮਾਰਟਲਿੰਗ ਕਹਿੰਦੇ ਹਨ, "ਇਹ ਮਰੀਜ਼ਾਂ ਦਾ ਇੱਕ ਵੱਡਾ ਸਮੂਹ ਹੈ।" ਖ਼ਾਸ ਗੱਲ ਇਹ ਵੀ ਰਹੀ ਕਿ ਮਾਰਟਲਿੰਗ ਅਤੇ ਬਰਨ, ਦੋਵਾਂ ਦੇ ਟ੍ਰਾਇਲ ਵਿੱਚ ਐਸਪਿਰਿਨ ਲੈਣ ਵਾਲਿਆਂ ਵਿੱਚ ਸਾਈਡ ਇਫੈਕਟਸ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲੇ।
ਮਾਰਟਲਿੰਗ ਦਾ ਇਹ ਅਧਿਐਨ ਸਤੰਬਰ 2025 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਤੋਂ ਬਾਅਦ ਸਵੀਡਨ ਵਿੱਚ ਇਲਾਜ ਦੀ ਪ੍ਰਕਿਰਿਆ ਤੇਜ਼ੀ ਨਾਲ ਬਦਲ ਗਈ।
ਜਨਵਰੀ 2026 ਤੋਂ, ਦੇਸ਼ ਵਿੱਚ ਅੰਤੜੀਆਂ ਦੇ ਕੈਂਸਰ ਦੇ ਮਰੀਜ਼ਾਂ ਦੀ ਇਨ੍ਹਾਂ ਖ਼ਾਸ ਮਿਊਟੇਸ਼ਨਜ਼ ਲਈ ਜਾਂਚ ਕੀਤੀ ਜਾਣ ਲੱਗੀ ਹੈ ਅਤੇ ਜੇ ਇਹ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਘੱਟ ਮਾਤਰਾ ਵਿੱਚ ਐਸਪਿਰਿਨ ਦੇਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕੀ ਐਸਪਿਰਿਨ ਹੋਰ ਕਿਸਮ ਦੇ ਕੈਂਸਰ ਤੋਂ ਵੀ ਮਰੀਜ਼ਾਂ ਨੂੰ ਬਚਾ ਸਕਦੀ ਹੈ ਜਾਂ ਨਹੀਂ। ਪਰ ਸਾਨੂੰ ਜਲਦ ਹੀ ਇਸਦੇ ਜਵਾਬ ਮਿਲ ਸਕਦੇ ਹਨ।
ਰੂਥ ਲੈਂਗਲੀ ਇਸ ਵੇਲੇ ਇੱਕ ਵੱਡਾ ਰੈਂਡਮਾਈਜ਼ਡ ਕੰਟ੍ਰੋਲਡ ਟ੍ਰਾਇਲ ਚਲਾ ਰਹੇ ਹਨ, ਜਿਸ ਵਿੱਚ ਯੂਕੇ, ਆਇਰਲੈਂਡ ਅਤੇ ਭਾਰਤ ਵਿੱਚ ਕੋਲੋਰੈਕਟਲ, ਬ੍ਰੈਸਟ, ਗੈਸਟ੍ਰੋਇਸੋਫੇਜੀਅਲ ਜਾਂ ਪ੍ਰੋਸਟੇਟ ਕੈਂਸਰ ਨਾਲ ਜੂਝ ਚੁੱਕੇ 11,000 ਲੋਕ ਸ਼ਾਮਲ ਹਨ। ਉਨ੍ਹਾਂ ਦੀ ਟੀਮ ਰੋਜ਼ਾਨਾ 100 ਮਿਲੀਗ੍ਰਾਮ ਜਾਂ 300 ਮਿਲੀਗ੍ਰਾਮ ਐਸਪਿਰਿਨ ਦੀ ਰੋਕਥਾਮ ਵਾਲੀ ਖੁਰਾਕ ਦੇ ਅਸਰ ਨੂੰ ਦੇਖ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਤੱਕ ਨਤੀਜੇ ਮਿਲ ਜਾਣਗੇ।
ਉਹ ਕਹਿੰਦੇ ਹਨ, "ਅਸੀਂ ਵਾਕਈ ਸਭ ਤੋਂ ਪਹਿਲੇ ਹਾਂ ਜੋ ਹੋਰ ਟਿਊਮਰ ਕਿਸਮਾਂ ਵਿੱਚ ਐਸਪਿਰਿਨ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਾਂ।"
ਉਨ੍ਹਾਂ ਦਾ ਮਕਸਦ ਕੋਲੋਰੈਕਟਲ ਕੈਂਸਰ ਵਿੱਚ ਮਾਰਟਲਿੰਗ ਦੇ ਨਤੀਜਿਆਂ ਨੂੰ ਦੁਹਰਾਉਣਾ ਹੈ, ਨਾਲ ਹੀ ਹੋਰ ਕੈਂਸਰਾਂ ਵਿੱਚ ਮੌਜੂਦ ਖ਼ਾਸ ਮਿਊਟੇਸ਼ਨ ਦੇ ਅਸਰ ਨੂੰ ਸਮਝਣ ਲਈ ਫੰਡ ਇਕੱਠਾ ਕਰਨਾ ਵੀ ਹੈ।
ਉਹ ਦੱਸਦੇ ਹਨ ਕਿ ਨਤੀਜਿਆਂ ਦਾ ਦੁਹਰਾਅ (ਰੇਪਲਿਕੇਸ਼ਨ) ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਵੀ ਸਿਫ਼ਾਰਸ਼ ਤੋਂ ਪਹਿਲਾਂ ਅਧਿਕਾਰੀ ਆਮ ਤੌਰ 'ਤੇ ਟ੍ਰਾਇਲ ਦੇ ਘੱਟੋ-ਘੱਟ ਦੋ ਸੈੱਟਾਂ ਦੇ ਨਤੀਜੇ ਦੇਖਣਾ ਚਾਹੁੰਦੇ ਹਨ।
ਇਹ ਕਿਵੇਂ ਕੰਮ ਕਰਦੀ ਹੈ?

ਤਸਵੀਰ ਸਰੋਤ, Getty Images
ਮਾਰਟਲਿੰਗ ਦਾ ਕਹਿਣਾ ਹੈ, "ਇਹ ਸ਼ਾਨਦਾਰ ਦਵਾਈ ਕੋਸ਼ਿਕਾ ਦੇ ਅੰਦਰ ਵੀ ਕੰਮ ਕਰਦੀ ਹੈ ਅਤੇ ਕੋਸ਼ਿਕਾ ਦੇ ਬਾਹਰ ਵੀ", ਇਸ ਲਈ ਇਸ ਵਿੱਚ ਕਈ ਵੱਖ ਵੱਖ ਤਰੀਕੇ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੇ ਆਪਣੇ ਕੰਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਦਾ ਸੰਬੰਧ ਕੋਸ਼ਿਕਾ ਦੇ ਅੰਦਰ ਮੌਜੂਦ ਇੱਕ ਐਂਜ਼ਾਈਮ ਨਾਲ ਹੈ, ਜਿਸਨੂੰ ਸੀਓਐਕਸ 2 ਕਿਹਾ ਜਾਂਦਾ ਹੈ, ਅਤੇ ਜਿਸਨੂੰ ਐਸਪਿਰਿਨ ਰੋਕ ਦਿੰਦੀ ਹੈ।
ਉਹ ਦੱਸਦੀ ਹੈ ਕਿ ਇਹ ਐਂਜ਼ਾਈਮ 'ਪ੍ਰੋਸਟਾਗਲੈਂਡਿਨ' ਨਾਮ ਦੇ ਹਾਰਮੋਨ ਵਰਗੇ ਪਦਾਰਥ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਅੱਗੇ ਚੱਲ ਕੇ ਅਜਿਹੇ ਸਿਗਨਲਿੰਗ ਪਾਥਵੇ ਨੂੰ ਐਕਟਿਵ ਕਰਦੇ ਹਨ, ਜਿਨ੍ਹਾਂ ਨਾਲ ਕੋਸ਼ਿਕਾਵਾਂ ਬੇਕਾਬੂ ਹੋ ਕੇ ਵਧਣ ਲੱਗਦੀਆਂ ਹਨ।
ਯੂਕੇ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਕੈਂਸਰ ਇਮਿਊਨੋਲੋਜੀ ਦੇ ਪ੍ਰੋਫੈਸਰ ਰਾਹੁਲ ਰਾਇਚੌਧਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਹਾਲ ਦੀ ਖੋਜ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਇੱਕ ਹੋਰ ਤਰੀਕਾ ਵੀ ਹੋ ਸਕਦਾ ਹੈ। ਇਹ ਇੱਕ ਅਜਿਹੇ ਜੀਨ ਨਾਲ ਜੁੜਿਆ ਹੈ, ਜੋ ਇਮਿਊਨ ਸਿਸਟਮ ਦੇ ਟੀ ਸੈੱਲਜ਼ ਨੂੰ ਮੈਟਾਸਟੈਟਿਕ ਕੈਂਸਰ ਕੋਸ਼ਿਕਾਵਾਂ ਨੂੰ ਪਛਾਨਣ ਅਤੇ ਮਾਰਨ ਤੋਂ ਰੋਕਦਾ ਹੈ।
ਉਨ੍ਹਾਂ ਨੇ ਪਾਇਆ ਕਿ ਇਹ ਜੀਨ 'ਥ੍ਰੋਮਬਾਕਸੇਨ ਏ2' ਨਾਮ ਦੇ ਇੱਕ ਕਲੌਟਿੰਗ ਫੈਕਟਰ ਨਾਲ ਐਕਟਿਵ ਹੋ ਸਕਦਾ ਹੈ, ਜੋ ਆਪਣੇ ਨਾਮ ਦੇ ਅਨੁਸਾਰ ਸੱਟ ਲੱਗਣ 'ਤੇ ਖੂਨ ਨੂੰ ਜੰਮਣ ਵਿੱਚ ਮਦਦ ਕਰਦਾ ਹੈ। ਕਿਉਂਕਿ ਐਸਪਿਰਿਨ ਥ੍ਰੋਮਬਾਕਸੇਨ ਨੂੰ ਰੋਕਦੀ ਹੈ, ਇਸ ਲਈ ਹੋ ਸਕਦਾ ਹੈ ਕਿ ਇਹ ਕੈਂਸਰ ਵਾਲੀਆਂ ਕੋਸ਼ਿਕਾਵਾਂ ਨੂੰ ਇਮਿਊਨ ਸਿਸਟਮ ਲਈ ਜ਼ਿਆਦਾ ਸਾਫ਼ ਤੌਰ 'ਤੇ ਦਿਖਣ ਯੋਗ ਬਣਾ ਦੇਵੇ। ਇਹ ਗੱਲ ਟੀਮ ਲਈ ਵੀ ਹੈਰਾਨ ਕਰਨ ਵਾਲੀ ਸੀ।
ਰਾਇਚੌਧਰੀ ਦੀ ਇਹ ਰਿਸਰਚ ਚੂਹਿਆਂ 'ਤੇ ਕੀਤੀ ਗਈ ਸੀ, ਇਸ ਲਈ ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਸ ਦੇ ਨਤੀਜੇ ਇਨਸਾਨਾਂ ਵਿੱਚ ਵੀ ਅਜਿਹੇ ਹੀ ਹੋਣਗੇ।
ਪਰ ਲੈਂਗਲੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਿਲਚਸਪ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਲੋਰੇਕਟਲ ਜਾਂ ਗੈਸਟ੍ਰੋਇਸੋਫੇਜੀਅਲ ਕੈਂਸਰ ਹੋ ਚੁੱਕਾ ਹੈ, ਉਨ੍ਹਾਂ ਦੇ ਸਰੀਰ ਵਿੱਚ ਸਿਹਤਮੰਦ ਲੋਕਾਂ ਦੇ ਮੁਕਾਬਲੇ ਥ੍ਰੋਮਬਾਕਸੇਨ ਦਾ ਪੱਧਰ ਕਾਫ਼ੀ ਜ਼ਿਆਦਾ ਹੁੰਦਾ ਹੈ, ਇੱਥੋਂ ਤੱਕ ਕਿ ਸਫਲ ਇਲਾਜ ਦੇ ਛੇ ਮਹੀਨੇ ਬਾਅਦ ਤੱਕ ਵੀ।
ਇਸ ਤੋਂ ਸੰਕੇਤ ਮਿਲਦਾ ਹੈ ਕਿ ਇਨਸਾਨਾਂ ਵਿੱਚ ਵੀ ਮੈਟਾਸਟੇਸਿਸ ਨੂੰ ਵਧਾਉਣ ਵਿੱਚ ਇਸ ਦੀ ਭੂਮਿਕਾ ਹੋ ਸਕਦੀ ਹੈ।
ਹਰ ਬੀਮਾਰੀ ਦੀ ਦਵਾਈ?

ਤਸਵੀਰ ਸਰੋਤ, Getty Images
ਆਖਿਰ ਕਿਹੜੇ ਲੋਕਾਂ ਨੂੰ ਐਸਪਿਰਿਨ ਲਗਤਾਰ ਲੈਣੀ ਚਾਹੀਦੀ ਹੈ ਅਤੇ ਕਦੋਂ, ਇਸ 'ਤੇ ਅਜੇ ਵੀ ਬਹਿਸ ਜਾਰੀ ਹੈ। ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਦਿਲ ਨਾਲ ਜੁੜੀਆਂ ਬੀਮਾਰੀਆਂ ਅਤੇ ਕੈਂਸਰ, ਦੋਵਾਂ ਵਿੱਚ ਇਸ ਦੇ ਮਿਲੇ-ਜੁਲੇ ਫਾਇਦਿਆਂ ਨੂੰ ਵੇਖਦਿਆਂ ਇਸਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।
ਜੌਨ ਬਰਨ, ਜੋ ਪਹਿਲਾਂ ਖੁਦ ਵੀ ਬਚਾਅ ਦੇ ਤੌਰ 'ਤੇ ਐਸਪਿਰਿਨ ਲੈ ਚੁੱਕੇ ਹਨ, ਇਸ ਦੇ ਪਬਲਿਕ ਹੈਲਥ ਵਿੱਚ ਇਸਤੇਮਾਲ ਨੂੰ ਲੈ ਕੇ ਕਾਫ਼ੀ ਉਮੀਦ ਰੱਖਦੇ ਹਨ।
ਉਹ ਕਹਿੰਦੇ ਹਨ, "ਅਸੀਂ ਇੱਕ ਵੱਡਾ ਅਧਿਐਨ ਕੀਤਾ ਸੀ, ਜਿਸ ਵਿੱਚ ਅਸੀਂ ਦਿਖਾਇਆ ਕਿ ਜੇ 50 ਦੀ ਉਮਰ ਦੇ ਆਸ-ਪਾਸ ਦਾ ਹਰ ਵਿਅਕਤੀ ਦਸ ਸਾਲ ਤੱਕ ਰੋਜ਼ ਐਸਪਿਰਿਨ ਦੀ ਇੱਕ ਛੋਟੀ ਖੁਰਾਕ ਲਏ, ਤਾਂ ਦੇਸ਼ ਵਿੱਚ ਸਭ ਕਾਰਨਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 4% ਤੱਕ ਘਟ ਸਕਦੀ ਹੈ।"
ਹਾਲਾਂਕਿ ਜ਼ਿਆਦਾਤਰ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਦਾ ਇਸਤੇਮਾਲ ਸਿਰਫ਼ ਖ਼ਾਸ ਕਿਸਮ ਦੇ ਮਰੀਜ਼ਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ।
ਮਾਰਟਲਿੰਗ ਕਹਿੰਦੀ ਹਨ, "ਕੈਂਸਰ ਨਾਲ ਜੂਝ ਰਹੇ ਮਰੀਜ਼ਾਂ ਨੂੰ ਐਸਪਿਰਿਨ ਦੇਣਾ ਇੱਕ ਗੱਲ ਹੈ, ਪਰ ਪੂਰੀ ਤਰ੍ਹਾਂ ਸਿਹਤਮੰਦ ਲੋਕਾਂ ਨੂੰ ਅਜਿਹੀ ਚੀਜ਼ ਦੇਣਾ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ, ਬਿਲਕੁਲ ਵੱਖਰੀ ਗੱਲ ਹੈ।"
ਅਜਿਹਾ ਇਸ ਲਈ ਕਿਉਂਕਿ ਐਸਪਿਰਿਨ ਦੇ ਗੰਭੀਰ ਸਾਈਡ ਇਫੈਕਟਸ ਹੋ ਸਕਦੇ ਹਨ ਅਤੇ ਇਹ ਹਰ ਵਿਅਕਤੀ ਜਾਂ ਹਰ ਕਿਸਮ ਦੇ ਕੈਂਸਰ ਵਿੱਚ ਕੰਮ ਕਰੇ, ਇਹ ਲਾਜ਼ਮੀ ਨਹੀਂ।
ਹਾਲਾਂਕਿ ਜੇ ਤੁਹਾਨੂੰ ਲਿੰਚ ਸਿੰਡਰੋਮ ਹੈ ਜਾਂ ਤੁਹਾਡਾ ਅੰਤੜੀਆਂ ਦੇ ਕੈਂਸਰ ਦਾ ਇਲਾਜ ਹੋ ਚੁੱਕਾ ਹੈ, ਤਾਂ ਇਹ ਪੁੱਛ ਲੈਣਾ ਫਾਇਦੇਮੰਦ ਹੋ ਸਕਦਾ ਹੈ ਕਿ ਕੀ ਰੋਜ਼ਾਨਾ ਘੱਟ ਮਾਤਰਾ ਵਿੱਚ ਐਸਪਿਰਿਨ ਲੈਣਾ ਤੁਹਾਡੇ ਲਈ ਠੀਕ ਰਹੇਗਾ।
ਲੈਂਗਲੀ ਕਹਿੰਦੀ ਹਨ, "ਐਸਪਿਰਿਨ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਡਾਕਟਰ ਜਾਂ ਕਿਸੇ ਹੋਰ ਹੈਲਥਕੇਅਰ ਪ੍ਰੋਫੈਸ਼ਨਲ ਨਾਲ ਗੱਲ ਕਰੋ।"
ਜਿਵੇਂ ਜਿਵੇਂ ਐਸਪਿਰਿਨ 'ਤੇ ਰਿਸਰਚ ਅੱਗੇ ਵੱਧ ਰਹੀ ਹੈ, ਅੱਗੇ ਹੋਰ ਵੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਸਕਦੀਆਂ ਹਨ। ਪਰ ਕੀ ਐਸਪਿਰਿਨ ਦਾ ਇਹ 4,000 ਸਾਲ ਪੁਰਾਣਾ ਇਤਿਹਾਸ ਆਉਣ ਵਾਲੇ 4,000 ਸਾਲ ਤੱਕ ਵੀ ਜਾਰੀ ਰਹੇਗਾ?
ਸੰਭਵ ਹੈ ਕਿ ਸਾਡੀ ਆਉਣ ਵਾਲੀ ਪੀੜੀ ਇਸ ਦਵਾਈ ਦੇ ਅਜਿਹੇ ਅਜਿਹੇ ਰੂਪ ਵਰਤੇ, ਜਿਨ੍ਹਾਂ ਦੀ ਅਸੀਂ ਅੱਜ ਕਲਪਨਾ ਵੀ ਨਹੀਂ ਕਰ ਸਕਦੇ।
ਇਸ ਕਾਲਮ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਸਿਰਫ਼ ਆਮ ਜਾਣਕਾਰੀ ਲਈ ਹੈ ਅਤੇ ਇਸਨੂੰ ਤੁਹਾਡੇ ਆਪਣੇ ਡਾਕਟਰ ਜਾਂ ਕਿਸੇ ਹੋਰ ਸਿਹਤ ਮਾਹਰ ਦੀ ਮੈਡੀਕਲ ਸਲਾਹ ਦਾ ਬਦਲ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਕਿਸੇ ਯੂਜ਼ਰ ਦੁਆਰਾ ਕੀਤੇ ਗਏ ਕਿਸੇ ਵੀ ਨਿਦਾਨ ਦੀ ਜ਼ਿੰਮੇਵਾਰੀ ਬੀਬੀਸੀ ਦੀ ਨਹੀਂ ਹੈ। ਬੀਬੀਸੀ ਨਾ ਤਾਂ ਇੱਥੇ ਦਿੱਤੀ ਗਈ ਕਿਸੇ ਬਾਹਰੀ ਇੰਟਰਨੈਟ ਸਾਈਟ ਦੀ ਸਮੱਗਰੀ ਲਈ ਜ਼ਿੰਮੇਵਾਰ ਹੈ ਅਤੇ ਨਾ ਹੀ ਉੱਥੇ ਦੱਸੇ ਗਏ ਕਿਸੇ ਵਪਾਰਕ ਪ੍ਰੋਡਕਟ ਜਾਂ ਸਰਵਿਸ ਦਾ ਸਮਰਥਨ ਕਰਦਾ ਹੈ। ਜੇ ਤੁਹਾਨੂੰ ਆਪਣੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਹੈ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































