'ਧਰਤੀ 'ਤੇ ਨਰਕ', ਟਰੰਪ ਨੇ ਭਾਰਤ ਬਾਰੇ 'ਵਿਵਾਦਪੂਰਨ' ਪੋਸਟ ਕੀਤੀ ਸਾਂਝੀ, ਭਾਰਤ ਦੇ ਸਮਰਥਨ 'ਚ ਆਇਆ ਈਰਾਨ, ਜਾਣੋ ਭਾਰਤ ਨੇ ਕੀ ਕਿਹਾ

ਡੌਨਲਡ ਟਰੰਪ
ਤਸਵੀਰ ਕੈਪਸ਼ਨ, ਕਈ ਮਾਹਿਰਾਂ ਨੇ ਟਰੰਪ ਦੇ ਬਿਆਨ ਨੂੰ 'ਨਸਲਵਾਦ' ਨਾਲ ਭਰਿਆ ਹੋਇਆ ਕਰਾਰ ਦਿੱਤਾ (ਫਾਈਲ ਫੋਟੋ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਭਾਰਤ ਅਤੇ ਚੀਨ ਨੂੰ 'ਧਰਤੀ 'ਤੇ ਨਰਕ' ਕਹੇ ਜਾਣ ਵਾਲੀ ਇੱਕ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਸਖ਼ਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਭਾਰਤ 'ਚ ਕਾਂਗਰਸ ਪਾਰਟੀ ਨੇ ਇਸ 'ਤੇ ਮੋਦੀ ਸਰਕਾਰ ਦੀ ਪ੍ਰਤੀਕਿਰਿਆ ਨੂੰ 'ਬਹੁਤ ਕਮਜ਼ੋਰ' ਦੱਸਦੇ ਹੋਏ ਟਰੰਪ ਦੇ ਬਿਆਨ ਦੀ ਆਲੋਚਨਾ ਕੀਤੀ ਹੈ।

ਕਈ ਮਾਹਿਰਾਂ ਨੇ ਟਰੰਪ ਦੇ ਬਿਆਨ ਨੂੰ 'ਨਸਲਵਾਦ' ਨਾਲ ਭਰਿਆ ਹੋਇਆ ਕਰਾਰ ਦਿੱਤਾ।

ਅਮਰੀਕਾ ਵਿੱਚ ਵੀ ਇਸ ਬਿਆਨ ਦੇ ਵਿਰੋਧ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ। ਨਾਲ ਹੀ ਇਰਾਨ ਨੇ ਇਸ ਮਾਮਲੇ 'ਤੇ ਭਾਰਤ ਦਾ ਸਮਰਥਨ ਕੀਤਾ ਅਤੇ ਭਾਰਤ ਨੂੰ ਸ਼ਾਨਦਾਰ ਦੇਸ਼ ਕਰਾਰ ਦਿੱਤਾ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਰੂੜ੍ਹੀਵਾਦੀ ਲੇਖਕ ਅਤੇ ਰੇਡੀਓ ਹੋਸਟ ਮਾਈਕਲ ਸੈਵੇਜ ਦਾ ਜਨਮਸਿੱਧ ਨਾਗਰਿਕਤਾ ਬਾਰੇ ਇੱਕ ਵਿਵਾਦਿਤ ਟੈਕਸਟ ਸਾਂਝਾ ਕੀਤਾ ਹੈ।

ਵਿਵਾਦਿਤ ਪੋਸਟ ਅਤੇ ਭਾਰਤ ਦੀ ਪ੍ਰਤੀਕਿਰਿਆ

ਅਮਰੀਕਾ ਦਾ ਝੰਡਾ ਅਤੇ ਪਾਸਪੋਰਟ
ਤਸਵੀਰ ਕੈਪਸ਼ਨ, ਡੌਨਲਡ ਟਰੰਪ ਦਾ ਮੰਨਣਾ ਹੈ ਕਿ ਪਰਵਾਸੀ ਅਮਰੀਕੀਆਂ ਦੇ ਅਧਿਕਾਰ ਖੋਹ ਲੈਂਦੇ ਹਨ (ਸੰਕੇਤਕ ਚਿੱਤਰ)

ਸੈਵੇਜ ਨੇ ਦਾਅਵਾ ਕੀਤਾ ਸੀ ਕਿ ਮੌਜੂਦਾ ਕਾਨੂੰਨ ਪਰਵਾਸੀਆਂ ਨੂੰ ਆਪਣੀ ਗਰਭ ਅਵਸਥਾ ਦੇ "ਨੌਵੇਂ ਮਹੀਨੇ" ਵਿੱਚ ਅਮਰੀਕਾ ਪਹੁੰਚ ਕੇ ਸਥਾਨਕ ਕਾਨੂੰਨਾਂ ਦਾ ਫਾਇਦਾ ਉਠਾਉਣ ਦੀ ਆਗਿਆ ਦਿੰਦਾ ਹੈ।

ਮਾਈਕਲ ਸੈਵੇਜ ਦਾ ਜੋ ਬਿਆਨ ਟਰੰਪ ਨੇ ਸ਼ੇਅਰ ਕੀਤਾ ਹੈ, ਉਸ ਵਿੱਚ ਲਿਖਿਆ ਹੈ, "ਇੱਥੇ ਇੱਕ ਬੱਚਾ ਤੁਰੰਤ ਨਾਗਰਿਕ ਬਣ ਜਾਂਦਾ ਹੈ ਅਤੇ ਫਿਰ ਉਹ ਪੂਰੇ ਪਰਿਵਾਰ ਨੂੰ ਚੀਨ ਜਾਂ ਭਾਰਤ ਜਾਂ ਦੁਨੀਆ ਦੇ ਕਿਸੇ ਹੋਰ ਨਰਕ ਤੋਂ ਲੈ ਆਉਂਦੇ ਹਨ। ਇਹ ਦੇਖਣ ਲਈ ਤੁਹਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ। ਇੱਥੇ ਹੁਣ ਅੰਗਰੇਜ਼ੀ ਨਹੀਂ ਬੋਲੀ ਜਾਂਦੀ।"

ਇਸ ਤੋਂ ਬਾਅਦ ਭਾਰਤ ਵਿੱਚ ਟਰੰਪ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਵੀਰਵਾਰ ਦੇਰ ਸ਼ਾਮ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

ਰਣਧੀਰ ਜੈਸਵਾਲ
ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ (ਫਾਈਲ ਫੋਟੋ)

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਉਹ ਬਿਆਨ ਵੇਖੇ ਅਤੇ ਬਾਅਦ ਵਿੱਚ ਇਸ 'ਤੇ ਅਮਰੀਕੀ ਦੂਤਘਰ ਦੀ ਪ੍ਰਤੀਕਿਰਿਆ ਵੀ ਵੇਖੀ। ਇਹ ਟਿੱਪਣੀਆਂ ਸਪਸ਼ਟ ਤੌਰ 'ਤੇ ਬਿਨਾਂ ਜਾਣਕਾਰੀ ਦੇ ਅਤੇ ਅਨੁਚਿਤ ਹਨ। ਇਹ ਨਿਸ਼ਚਿਤ ਤੌਰ 'ਤੇ ਭਾਰਤ-ਅਮਰੀਕਾ ਸੰਬੰਧਾਂ ਦੀ ਅਸਲੀਅਤ ਨੂੰ ਨਹੀਂ ਦਰਸਾਉਂਦੀਆਂ, ਜੋ ਲੰਮੇ ਸਮੇਂ ਤੋਂ ਆਪਸੀ ਸਨਮਾਨ ਅਤੇ ਸਾਂਝੇ ਹਿੱਤਾਂ 'ਤੇ ਆਧਾਰਿਤ ਰਹੇ ਹਨ।"

ਇਸ ਤੋਂ ਪਹਿਲਾਂ ਆਪਣੀ ਹਫ਼ਤਾਵਾਰੀ ਪ੍ਰੈਸ ਬ੍ਰੀਫਿੰਗ ਵਿੱਚ ਰਣਧੀਰ ਜੈਸਵਾਲ ਨੇ ਇਸ ਬਾਰੇ ਪੁੱਛੇ ਜਾਣ 'ਤੇ ਸਿਰਫ਼ ਇੰਨਾਂ ਹੀ ਕਿਹਾ ਸੀ ਕਿ 'ਅਸੀਂ ਕੁਝ ਰਿਪੋਰਟਾਂ ਦੇਖੀਆਂ ਹਨ...ਬਸ ਇੰਨਾਂ ਹੀ ਕਹਿਣਾ ਚਾਹਾਂਗਾ।'

ਅਮਰੀਕਾ ਨੇ ਬਾਅਦ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਵਾਦਿਤ ਸੋਸ਼ਲ ਮੀਡੀਆ ਰੀਪੋਸਟ ਨਾਲ ਹੋਏ ਨੁਕਸਾਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਭਾਰਤ ਵਿੱਚ ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ, "ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤ ਇੱਕ ਮਹਾਨ ਦੇਸ਼ ਹੈ, ਜਿੱਥੇ ਉੱਚੇ ਅਹੁਦੇ 'ਤੇ ਮੇਰੇ ਬਹੁਤ ਚੰਗੇ ਦੋਸਤ ਹਨ।"

ਅਮਰੀਕੀ ਦੂਤਘਰ ਦੇ ਬੁਲਾਰੇ ਦਾ ਇਹ ਬਿਆਨ ਭਾਰਤੀ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਆਇਆ। ਹਾਲਾਂਕਿ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਟਰੰਪ ਨੇ ਭਾਰਤ ਨੂੰ 'ਮਹਾਨ ਦੇਸ਼' ਦੱਸਣ ਵਾਲੀ ਟਿੱਪਣੀ ਕਦੋਂ ਅਤੇ ਕਿੱਥੇ ਕੀਤੀ ਸੀ।

ਈਰਾਨ ਨੇ ਕੀ ਕਿਹਾ?

ਟਰੰਪ ਦੀ ਇਸ ਪੋਸਟ ਤੋਂ ਬਾਅਦ ਈਰਾਨ ਦੇ ਮੁੰਬਈ ਕੌਂਸਲੇਟ ਨੇ ਆਪਣੇ ਐਕਸ ਹੈਂਡਲ 'ਤੇ ਮੁੰਬਈ ਦਾ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਸ਼ਹਿਰ ਦੇ ਮਸ਼ਹੂਰ ਗਣੇਸ਼ ਉਤਸਵ ਦੇ ਨਾਲ-ਨਾਲ ਇੱਥੋਂ ਦੀਆਂ ਵੱਖ-ਵੱਖ ਝਲਕੀਆਂ ਦਿਖਾਈਆਂ ਗਈਆਂ ਹਨ।

ਵੀਡੀਓ ਦੇ ਨਾਲ ਪੋਸਟ ਕੀਤੇ ਗਏ ਮੈਸੇਜ ਵਿੱਚ ਲਿਖਿਆ ਗਿਆ, "ਸ਼ਾਇਦ ਕਿਸੇ ਨੂੰ ਮਿਸਟਰ ਟਰੰਪ ਲਈ ਇੱਕ ਤਰਫ਼ਾ ਕਲਚਰਲ ਡਿਟਾਕਸ ਬੁੱਕ ਕਰ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਇਸ ਨਾਲ ਉਨ੍ਹਾਂ ਦੀ ਬੇਵਜ੍ਹਾ ਬਕਵਾਸ ਥੋੜ੍ਹੀ ਘੱਟ ਹੋ ਜਾਵੇ।"

ਉੱਥੇ ਹੀ, ਹੈਦਰਾਬਾਦ ਵਿੱਚ ਇਰਾਨੀ ਕੌਂਸਲੇਟ ਨੇ ਮੁੰਬਈ ਕੌਂਸਲੇਟ ਵਾਲੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "ਮੁੰਬਈ ਵਿੱਚ ਸਾਨੂੰ ਕੀ-ਕੀ ਪਸੰਦ ਆਇਆ? ਚਾਹ ਦੇ ਨਾਲ ਬਨ-ਮਸਕਾ, ਵੜਾ ਪਾਵ, ਅਤੇ ਪਾਵ ਭਾਜੀ - ਜੋ ਸਿਰਫ਼ 3 ਬਾਈਟ ਵਿੱਚ ਇੱਕ ਮਾੜੇ ਦਿਨ ਨੂੰ ਚੰਗਾ ਕਰ ਦੇਵੇ। ਅਸੀਂ ਰੋਟੀ ਅਤੇ ਰਿਸਪੈਕਟ ਵਿੱਚ ਯਕੀਨ ਰੱਖਦੇ ਹਾਂ, ਪਰ ਜਿਵੇਂ ਹੀ ਸਾਊਥ ਇੰਡੀਆ ਵਿੱਚ ਕਦਮ ਰੱਖਿਆ… ਬਈ, ਉਹ ਤਾਂ ਇੱਕ ਵੱਖਰੀ ਹੀ ਲੀਗ ਹੈ। ਜਿਵੇਂ ਭਾਰਤ ਨੇ ਆਪਣਾ 'ਹੈਵਨ ਮੋਡ' ਅਨਲੌਕ ਕਰ ਲਿਆ ਹੋਵੇ - ਯਕੀਨ ਕਰੋ, ਉਹ ਹੋਰ ਵੀ ਜ਼ਿਆਦਾ ਖੂਬਸੂਰਤ ਹੈ।"

ਇੱਕ ਹੋਰ ਪੋਸਟ ਵਿੱਚ ਇਰਾਨੀ ਕੌਂਸਲੇਟ ਨੇ ਲਿਖਿਆ, "ਚੀਨ ਅਤੇ ਭਾਰਤ ਸੱਭਿਆਚਾਰ ਦੇ ਮੁੱਖ ਉਤਪੱਤੀ ਸਥਾਨ ਰਹੇ ਹਨ। ਦਰਅਸਲ ਨਰਕ ਤਾਂ ਉਹ ਜਗ੍ਹਾ ਹੈ, ਜਿੱਥੇ ਉਸਦਾ ਯੁੱਧ-ਅਪਰਾਧੀ ਰਾਸ਼ਟਰਪਤੀ ਈਰਾਨ ਦੀ ਸੱਭਿਅਤਾ ਨੂੰ ਮਿਟਾ ਦੇਣ ਦੀ ਧਮਕੀ ਦਿੰਦਾ ਹੈ।"

ਭਾਰਤ ਦੇ ਅੰਦਰ ਕਿਹੋ-ਜਿਹੀਆਂ ਪ੍ਰਤੀਕਿਰਿਆਵਾਂ

ਡੌਨਲਡ ਟਰੰਪ
ਤਸਵੀਰ ਕੈਪਸ਼ਨ, ਟਰੰਪ ਦੀ ਵਿਵਾਦਿਤ ਪੋਸਟ ਨੂੰ ਲੈਕੇ ਭਾਰਤ ਵਿੱਚ ਵੱਖ-ਵੱਖ ਪਾਰਟੀਆਂ ਸਖਤ ਪ੍ਰਤੀਕਿਰਿਆ ਜ਼ਾਹਿਰ ਕਰ ਰਹੀਆਂ ਹਨ (ਫਾਈਲ ਫੋਟੋ)

ਸ਼ਿਵਸੇਨਾ (ਯੂਬੀਟੀ) ਦੇ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਟਰੰਪ ਦੇ ਇਸ ਬਿਆਨ ਦਾ ਜ਼ਿਕਰ ਕਰਦੇ ਹੋਏ ਐਕਸ 'ਤੇ ਲਿਖਿਆ, "ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਕਾਫ਼ੀ ਖਾਮੋਸ਼ੀ ਭਰਿਆ ਸੀ ਪਰ ਈਰਾਨ ਸਥਿਤ ਮੁੰਬਈ ਕੌਂਸਲੇਟ ਨੇ ਕੀ ਜ਼ਬਰਦਸਤ ਜਵਾਬ ਦਿੱਤਾ ਹੈ।"

ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਲਿਖਿਆ, "ਨਰਿੰਦਰ ਮੋਦੀ ਦੇ ਦੋਸਤ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਨੂੰ ਹੇਲਹੋਲ ਯਾਨੀ ਨਰਕ ਕਿਹਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਅਮਰੀਕਾ 'ਚ ਕੰਮ ਕਰਨ ਜਾਣ ਵਾਲੇ ਭਾਰਤੀਆਂ ਨੂੰ ਲੈਪਟਾਪ ਲੈ ਕੇ ਘੁੰਮਣ ਵਾਲੇ ਗੈਂਗਸਟਰ ਵੀ ਦੱਸਿਆ ਹੈ। ਪਰ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਚੁੱਪ ਵਰਤੀ ਹੋਈ ਹੈ। ਕਿਸੇ ਨੇ ਇੱਕ ਵਾਰ ਵੀ ਟਰੰਪ ਨੂੰ ਨਹੀਂ ਕਿਹਾ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਦੇਸ਼ ਦਾ ਅਪਮਾਨ ਕਰਨ ਦੀ? ਭਾਰਤ ਦਾ ਇਹ ਲਗਾਤਾਰ ਅਪਮਾਨ ਇਸ ਲਈ ਹੋ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਡਰੇ ਹੋਏ, ਕਮਜ਼ੋਰ ਅਤੇ ਦਬਾਅ ਵਿੱਚ ਦੱਸੇ ਜਾ ਰਹੇ ਹਨ।"

ਕੂਟਨੀਤਿਕ ਮਾਮਲਿਆਂ ਦੇ ਜਾਣਕਾਰ ਬ੍ਰਹਮਾ ਚੇਲਾਨੀ ਨੇ ਲਿਖਿਆ, "ਟਰੰਪ ਦੀ ਭਾਸ਼ਾ ਨੇ ਨਸਲੀ ਪੂਰਵਾਗ੍ਰਹਿ ਨੂੰ ਹੌਲੀ-ਹੌਲੀ ਆਮ ਬਣਾ ਦਿੱਤਾ ਹੈ। ਪਹਿਲਾਂ ਅਮਰੀਕੀ ਸਿਆਸਤ ਵਿੱਚ ਕੋਡੇਡ ਭਾਸ਼ਾ ਰਾਹੀਂ ਨਸਲੀ ਸੰਕੇਤ ਦਿੱਤੇ ਜਾਂਦੇ ਸਨ, ਪਰ ਟਰੰਪ ਨੇ ਇਸਨੂੰ ਖੁੱਲ੍ਹ ਕੇ ਕਹਿਣਾ ਸ਼ੁਰੂ ਕੀਤਾ।"

ਉਨ੍ਹਾਂ ਨੇ ਅੱਗੇ ਲਿਖਿਆ, "ਹੁਣ ਟਰੰਪ ਨੇ ਮਾਈਕਲ ਸੈਵੇਜ ਦੇ ਪੌਡਕਾਸਟ ਦੇ ਇੱਕ ਹਿੱਸੇ ਨੂੰ ਵੀ ਪ੍ਰਮੋਟ ਕੀਤਾ ਹੈ, ਜਿਸ ਵਿੱਚ ਹੋਸਟ ਚੀਨ, ਭਾਰਤ ਅਤੇ ਹੋਰ ਦੇਸ਼ਾਂ ਨੂੰ ਨਰਕ ਵਰਗੇ ਟੋਏ ਦੱਸਦਾ ਹੈ। ਆਪਣੇ ਟਰੂਥ ਸੋਸ਼ਲ ਅਕਾਊਂਟ 'ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਆਪਣੇ ਨਾਮ ਨਾਲ ਦੁਬਾਰਾ ਸ਼ੇਅਰ ਕਰਨਾ, ਸਿੱਧੇ ਤੌਰ 'ਤੇ ਪ੍ਰਭੂਸੱਤਾ ਵਾਲੇ ਦੇਸ਼ਾਂ ਅਤੇ ਅਸਿੱਧੇ ਤੌਰ 'ਤੇ ਉਨ੍ਹਾਂ ਦੇ ਲੋਕਾਂ ਦਾ ਅਪਮਾਨ ਕਰਨ ਵਾਂਗ ਹੈ।"

ਅਮਰੀਕਾ ਵਿੱਚ ਪ੍ਰਤੀਕਿਰਿਆ

ਦੂਜੇ ਪਾਸੇ, ਅਮਰੀਕਾ ਦੇ ਕੈਲੀਫੋਰਨੀਆ ਤੋਂ ਯੂਐਸ ਹਾਊਸ ਆਫ ਰਿਪ੍ਰੀਜ਼ੈਂਟੇਟਿਵਜ਼ ਦੇ ਮੈਂਬਰ, ਡੈਮੋਕ੍ਰੈਟਿਕ ਸਾਂਸਦ ਰੋ ਖੰਨਾ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਟੈਗ ਕਰਦੇ ਹੋਏ ਲਿਖਿਆ, "ਕੀ ਰਾਸ਼ਟਰਪਤੀ ਵੱਲੋਂ ਚੀਨ ਜਾਂ ਭਾਰਤ ਜਾਂ ਦੁਨੀਆ ਦੇ ਕਿਸੇ ਹੋਰ ਨਰਕ ਵਰਗੇ ਦੇਸ਼ ਤੋਂ ਆਉਣ ਵਾਲੇ ਪਰਵਾਸੀਆਂ ਦਾ ਅਪਮਾਨ ਕਰਨ 'ਤੇ ਤੁਹਾਡੀ ਕੋਈ ਟਿੱਪਣੀ ਹੈ? ਕੀ ਤੁਸੀਂ ਵੀ ਮੰਨਦੇ ਹੋ ਕਿ ਭਾਰਤ ਇੱਕ ਨਰਕ ਹੈ ਅਤੇ ਚੀਨੀ ਜਾਂ ਭਾਰਤੀ ਪਰਵਾਸੀ ਅਮਰੀਕਾ ਨੂੰ ਨੀਵਾਂ ਦਿਖਾਉਂਦੇ ਹਨ?"

ਧਿਆਨ ਦੇਣਯੋਗ ਹੈ ਕਿ ਜੇਡੀ ਵੈਂਸ ਦਦੇ ਪਤਨੀ ਊਸ਼ਾ ਵੈਂਸ ਭਾਰਤੀ ਮੂਲ ਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)