ਆਈਪੀਐੱਲ ਫਾਈਨਲ 2026: 156 ਦੌੜਾਂ ਦਾ ਪਿੱਛਾ ਕਰਦਿਆਂ ਵਿਰਾਟ ਕੋਹਲੀ ਦਾ ਅਰਧ ਸੈਂਕੜਾ, ਸ਼ੁਰੂਆਤੀ ਝਟਕਿਆਂ ਮਗਰੋਂ ਟੀਮ ਨੂੰ ਸੰਭਾਲਿਆ

ਤਸਵੀਰ ਸਰੋਤ, Reuters
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐੱਲ ਦੇ ਫਾਈਨਲ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਆਰਸੀਬੀ ਨੂੰ ਗੁਜਰਾਤ ਤੋਂ 156 ਦੌੜਾਂ ਦਾ ਟੀਚਾ ਮਿਲਿਆ ਹੈ। ਵਿਰਾਟ ਕੋਹਲੀ ਵੱਲੋਂ ਲਾਜਵਾਬ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਪੂਰਾ ਕੀਤਾ ਗਿਆ।
ਆਰਸੀਬੀ ਵੱਲੋਂ ਵੈਂਕਟੇਸ਼ ਅਈਅਰ ਤੇ ਵਿਰਾਟ ਕੋਹਲੀ ਨੇ ਆਪਣੀ ਟੀਮ ਨੂੰ ਤੇਜ਼ ਤਰਾਰ ਸ਼ੁਰੂਆਤ ਦਿੱਤੀ ਸੀ। ਆਰਸੀਬੀ ਨੇ ਚਾਰ ਓਵਰਾਂ ਵਿੱਚ ਹੀ 55 ਦੌੜਾਂ ਬਣਾ ਲਈਆਂ ਸਨ।
ਪਰ ਪੰਜਵੇਂ ਓਵਰ ਵਿੱਚ ਮੁਹੰਮਦ ਸਿਰਾਜ ਨੇ ਟੀਮ ਨੂੰ ਵਾਪਸੀ ਕਰਵਾਈ। ਉਨ੍ਹਾਂ ਨੇ ਵੈਂਕਟੇਸ਼ ਅਈਅਰ ਨੂੰ ਆਊਟ ਕੀਤਾ। ਅਈਅਰ 16 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਆਊਟ ਹੋਏ।
ਇਸ ਮਗਰੋਂ 6ਵੇਂ ਓਵਰ ਵਿੱਚ ਰਬਾਡਾ ਨੇ ਪਡੀਕਲ ਨੂੰ ਆਊਟ ਕਰਕੇ ਆਰਸੀਬੀ ਨੂੰ ਦੂਜਾ ਝਟਕਾ ਦਿੱਤਾ।
ਇਸ ਮਗਰੋਂ ਵਿਰਾਟ ਕੋਹਲੀ ਅਤੇ ਕਪਤਾਨ ਰਜਤ ਪਾਟੀਦਾਰ ਨੇ ਥੋੜ੍ਹੀ ਸਾਂਝੇਦਾਰੀ ਕਰਕੇ ਟੀਮ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਸ਼ਿਦ ਖਾਨ ਦੇ ਓਵਰ ਨੇ ਫਿਰ ਤੋਂ ਗੁਜਰਾਤ ਨੂੰ ਵਾਪਸੀ ਕਰਵਾ ਦਿੱਤੀ।
ਰਾਸ਼ਿਦ ਖਾਨ ਨੇ 9ਵੇਂ ਓਵਰ ਨੂੰ ਦੋ ਵਿਕਟਾਂ ਲਈਆਂ। ਜਿਸ ਵਿੱਚ ਕਪਤਾਨ ਪਾਟੀਦਾਰ ਤੇ ਕਰੁਣਾਲ ਪਾਂਡਿਆ ਦਾ ਵਿਕਟ ਸ਼ਾਮਿਲ ਹੈ।
ਇਸ ਤੋਂ ਪਹਿਲਾਂ ਜੇਕਰ ਗੁਜਰਾਤ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ ਸਨ।
ਇਸ ਮੁਕਾਬਲੇ ਵਿੱਚ ਆਰਸੀਬੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ। ਦੂਜੇ ਪਾਸੇ ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ ਸੀ।
ਗੁਜਰਾਤ ਨੇ 22 ਦੌੜਾਂ 'ਤੇ ਕਪਤਾਨ ਸ਼ੁਭਮਨ ਗਿੱਲ ਦਾ ਵਿਕਟ ਗਵਾ ਦਿੱਤਾ ਸੀ। ਸ਼ੁਭਮਨ ਗਿੱਲ ਸਿਰਫ਼ 10 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਸ਼ੁਭਮਨ ਨੂੰ ਜੌਸ਼ ਹੇਜ਼ਲਵੁੱਡ ਨੇ ਆਊਟ ਕੀਤਾ।
ਇਸ ਮਗਰੋਂ ਸਾਈ ਸੁਦਰਸ਼ਨ ਵੀ ਲੰਬੀ ਪਾਰੀ ਨਹੀਂ ਖੇਡ ਸਕੇ। ਉਹ 12 ਦੌੜਾਂ ਬਣਾ ਕੇ ਆਊਟ ਹੋ ਗਏ। ਸਾਈ ਸੁਦਰਸ਼ਨ ਨੂੰ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ।
ਜੀਟੀ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੀ ਅਹਿਮ ਭੂਮਿਕਾ ਰਹੀ ਸੀ। ਗਿੱਲ ਅਤੇ ਸਾਈ ਦੇ ਨਾਮ ਇਸ ਸੀਜ਼ਨ ਵਿੱਚ 700 ਤੋਂ ਵੱਧ ਦੌੜਾਂ ਦਰਜ ਹਨ।

ਤਸਵੀਰ ਸਰੋਤ, ANI
ਦੋ ਵਿਕਟਾਂ ਜਲਦੀ ਡਿੱਗਣ ਦਾ ਅਸਰ ਜੀਟੀ ਦੀ ਸ਼ੁਰੂਆਤ 'ਤੇ ਸਾਫ਼ ਨਜ਼ਰ ਆਇਆ। ਟੀਮ ਨੇ ਪਾਵਰਪਲੇ ਵਿੱਚ ਦੋ ਵਿਕਟਾਂ ਗੁਆ ਕੇ ਸਿਰਫ਼ 45 ਦੌੜਾਂ ਬਣਾਈਆਂ। ਸੱਤ ਓਵਰ ਪੂਰੇ ਹੋਣ ਤੱਕ ਜੀਟੀ ਦਾ ਸਕੋਰ 50 ਦੌੜਾਂ ਤੋਂ ਪਾਰ ਪਹੁੰਚਿਆ।
ਜੋਸ ਬਟਲਰ ਨੇ ਨਿਸ਼ਾਂਤ ਸੰਧੂ ਨਾਲ ਮਿਲ ਕੇ ਜੀਟੀ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਅੱਠਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਰਸਿਖ ਸਲਾਮ ਨੇ ਸੰਧੂ ਨੂੰ ਆਊਟ ਕਰ ਦਿੱਤਾ। ਸੰਧੂ ਨੇ 18 ਗੇਂਦਾਂ ਵਿੱਚ 20 ਦੌੜਾਂ ਹੀ ਬਣਾਈਆਂ।
ਇਸ ਮਗਰੋਂ ਜੋਸ ਬਟਲਰ ਨੇ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਹ ਵੀ ਜ਼ਿਆਦਾ ਦੇਰ ਵਿਕਟ 'ਤੇ ਟਿਕ ਨਹੀਂ ਸਕੇ। ਬਟਲਰ ਕਰੁਣਾਲ ਪੰਡਯਾ ਦੇ ਗੇਂਦ 'ਤੇ ਸਟੰਪ ਆਊਟ ਹੋ ਗਏ।
ਗੁਜਰਾਤ ਨੇ 14.1 ਓਵਰਾਂ ਵਿੱਚ 99 ਦੌੜਾਂ 'ਤੇ 5 ਵਿਕਟਾਂ ਗਵਾ ਦਿੱਤੀਆਂ ਸਨ। ਹਾਲਾਂਕਿ ਵਾਸ਼ਿੰਗਟਨ ਸੁੰਦਰ ਨੇ ਪਾਰੀ ਨੂੰ ਜ਼ਰੂਰ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।
ਆਰਸੀਬੀ ਵੱਲੋਂ ਤੇਜ਼ ਗੇਂਦਬਾਜ਼ ਰਸੀਖ ਸਲਾਮ ਡਾਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਿਲ ਕੀਤੀਆਂ। ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿੱਚ 37 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ।
ਭੁਵਨੇਸ਼ਵਰ ਕੁਮਾਰ ਨੇ ਵੀ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਕਰੁਣਾਲ ਪੰਡਯਾ ਨੂੰ ਜੋਸ ਬਟਲਰ ਦੇ ਰੂਪ ਵਿੱਚ ਅਹਿਮ 1 ਵਿਕਟ ਮਿਲਿਆ।

ਤਸਵੀਰ ਸਰੋਤ, Getty Images
ਦੋਵੇਂ ਟੀਮਾਂ ਦੇ ਖਿਡਾਰੀ
ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ: ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਕਰੁਣਾਲ ਪਾਂਡਿਆ, ਟਿਮ ਡੇਵਿਡ, ਜਿਤੇਸ਼ ਸ਼ਰਮਾ, ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸੀਖ ਸਲਾਮ ਡਾਰ
ਗੁਜਰਾਤ ਟਾਇਟਨਸ ਟੀਮ: ਸਾਈ ਸੁਦਰਸਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ, ਨਿਸ਼ਾਂਤ ਸਿੰਧੂ, ਵਾਸ਼ਿੰਗਟਨ ਸੁੰਦਰ, ਜੇਸਨ ਹੋਲਡਰ, ਰਾਹੁਲ ਤੇਵਾਤੀਆ, ਰਾਸ਼ਿਦ ਖਾਨ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਅਰਸ਼ਦ ਖਾਨ
ਜੀਟੀ ਤੇ ਆਰਸੀਬੀ ਕਿਵੇਂ ਪੁੱਜੇ ਸਨ ਫਾਈਨਲ 'ਚ
ਜੇਕਰ ਆਰਸੀਬੀ ਦੀ ਗੱਲ ਕਰੀਏ ਤਾਂ ਉਹ ਪਹਿਲੇ ਕੁਆਲੀਫਾਇਰ ਵਿੱਚ ਜੀਟੀ ਨੂੰ ਹਰਾ ਕੇ ਹੀ ਫਾਈਨਲ ਵਿੱਚ ਪੁੱਜੀ ਹੈ।
ਦੂਜੇ ਪਾਸੇ ਗੁਰਜਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਕੁਆਲੀਫਾਇਰ 2 ਵਿੱਚ ਹਰਾ ਕੇ ਫਾਈਨਲ ਦਾ ਟਿਕਟ ਹਾਸਿਲ ਕੀਤਾ ਸੀ।
ਆਰਸੀਬੀ ਲਗਾਤਾਰ ਦੂਜੇ ਸੀਜ਼ਨ ਆਈਪੀਐੱਲ ਦਾ ਫਾਈਨਲ ਮੁਕਾਬਲਾ ਖੇਡ ਰਹੀ ਹੈ। ਬੀਤੇ ਸੀਜ਼ਨ ਦੇ ਫਾਈਨਲ ਵਿੱਚ ਆਰਸੀਬੀ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣੀ ਸੀ।
ਦੂਜੇ ਪਾਸੇ ਗੁਜਰਾਤ ਟਾਈਟਨਜ਼ 2022 ਵਿੱਚ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਸੀ।
ਇਹ ਦੋਨੋਂ ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੀ ਖੇਡੇ ਗਏ ਸਨ।
ਆਈਪੀਐੱਲ 2026 ਵਿੱਚ ਦੋਨਾਂ ਟੀਮਾਂ ਦੀ ਟੱਕਰ

ਤਸਵੀਰ ਸਰੋਤ, Getty Images
ਜੇਕਰ ਦੋਨੋਂ ਟੀਮਾਂ ਦੇ ਇਸ ਸੀਜ਼ਨ ਵਿੱਚ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਆਰਸੀਬੀ ਅੱਗੇ ਹੈ। ਇਸ ਸੀਜ਼ਨ ਵਿੱਚ ਦੋਨੋਂ ਟੀਮਾਂ ਤਿੰਨ ਵਾਰ ਆਹਮੋ ਸਾਹਮਣੇ ਹੋਈਆਂ।
ਜਿਨ੍ਹਾਂ ਵਿੱਚ ਆਰਸੀਬੀ ਨੇ ਦੋ ਜਦਕਿ ਜੀਟੀ ਨੇ ਇੱਕ ਮੁਕਾਬਲਾ ਜਿੱਤਿਆ। ਆਈਪੀਐੱਲ ਦੇ 19ਵੇਂ ਸੀਜ਼ਨ ਦੇ 34ਵੇਂ ਮੈਚ ਵਿੱਚ ਆਰਸੀਬੀ ਨੇ ਜੀਟੀ ਨੂੰ 5 ਵਿਕਟਾਂ ਨਾਲ ਹਰਾਇਆ ਸੀ।
ਜਦਕਿ ਸੀਜ਼ਨ ਦੇ 42ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਕੇ 1-1 ਨਾਲ ਬਰਾਬਰੀ ਕੀਤੀ ਸੀ। ਪਰ ਕੁਆਲੀਫਾਇਰ 1 ਵਿੱਚ ਜੀਟੀ ਨੂੰ ਆਰਸੀਬੀ ਹੱਥੋਂ 92 ਦੌੜਾਂ ਨਾਲ ਵੱਡੀ ਹਾਰ ਮਿਲੀ।
ਹਾਲਾਂਕਿ ਗੁਜਰਾਤ ਦਾ ਪੱਲੜਾ ਭਾਰੀ ਮੰਨਿਆ ਜਾ ਸਕਦਾ ਹੈ ਕਿਉਂਕਿ ਉਹ ਆਪਣੇ ਘਰੇਲੂ ਮੈਦਾਨ ਉੱਤੇ ਫਾਈਨਲ ਖੇਡ ਰਹੀ ਹੈ ਤੇ ਇਸੇ ਮੈਦਾਨ 'ਤੇ ਉਹ ਆਰਸੀਬੀ ਨੂੰ ਇਸ ਸੀਜ਼ਨ ਵਿੱਚ ਹਰਾ ਚੁੱਕੀ ਹੈ।
ਜੇਕਰ ਦੋਨੋਂ ਟੀਮਾਂ ਵਿਚਾਲੇ ਆਈਪੀਐੱਲ ਵਿੱਚ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ 9 ਵਾਰ ਦੋਨੋਂ ਟੀਮਾਂ ਆਹਮੋ ਸਾਹਮਣੇ ਹੋਈਆਂ। ਇਨ੍ਹਾਂ 'ਚੋਂ 5 ਵਾਰ ਆਰੀਸੀਬੀ ਨੇ ਜਿੱਤ ਹਾਸਿਲ ਕੀਤੀ ਜਦਕਿ 4 ਵਾਰ ਜੀਟੀ ਨੂੰ ਜਿੱਤ ਨਸੀਬ ਹੋਈ।
ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਕਹਿੰਦੇ ਹਨ ਕਿ ਸਾਲ 2018 ਤੋਂ ਜਿਹੜੀ ਟੀਮ ਕੁਆਲੀਫਾਇਰ-1 ਜਿੱਤ ਕੇ ਸਿੱਧੀ ਫਾਈਨਲ ਵਿੱਚ ਪਹੁੰਚ ਰਹੀ ਹੈ, ਓਹੀ ਟੀਮ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਹੈ। ਯਾਨਿ ਜੇਕਰ ਇਸ ਅੰਕੜੇ ਨੂੰ ਮੰਨਿਆ ਜਾਵੇ ਤਾਂ ਇਸ ਮੁਕਾਬਲੇ ਵਿੱਚ ਆਰਸੀਬੀ ਫੇਵਰਟ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












