'ਫਿਰੌਤੀ ਦਿਓ ਜਾਂ ਗੁਰਦਾ': ਬ੍ਰਿਟੇਨ ਜਾਣ ਵਾਲੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਰਸਤੇ ਵਿੱਚ ਅਗਵਾ ਕਰਕੇ ਜਦੋਂ ਕੀਤੀ ਤਸ਼ੱਦਦ

ਬੰਦਾ ਬਣਾਏ ਨੌਜਵਾਨ

ਤਸਵੀਰ ਸਰੋਤ, Kurdish Regional Government

ਤਸਵੀਰ ਕੈਪਸ਼ਨ, ਜਨਵਰੀ ਵਿੱਚ ਰਿਹਾਅ ਹੋਣ ਤੋਂ ਬਾਅਦ 100 ਤੋਂ ਵੱਧ ਬੰਧਕਾਂ ਨੂੰ ਇਰਾਕੀ ਕੁਰਦਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ
    • ਲੇਖਕ, ਬੈਨ ਮਿਲਨ
    • ਰੋਲ, ਬੀਬੀਸੀ ਨਿਊਜ਼
    • ਲੇਖਕ, ਸੂ ਮਿਚੇਲ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਪਿਛਲੀਆਂ ਗਰਮੀਆਂ ਵਿੱਚ ਬ੍ਰਿਟੇਨ ਜਾਣ ਵਾਲੇ 300 ਤੋਂ ਵੱਧ ਪਰਵਾਸੀਆਂ ਨੂੰ ਅਗਵਾ ਕੀਤਾ ਗਿਆ, ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਜ਼ਬਰੀ ਅੰਗ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਇਹ ਸਾਰੇ ਨੌਜਵਾਨ ਇਰਾਕੀ ਕੁਰਦਿਸਤਾਨ ਤੋਂ ਸਨ। ਉਨ੍ਹਾਂ ਨੂੰ ਲੀਬੀਆ ਵਿੱਚ ਮਿਲੀਸ਼ੀਆ ਵੱਲੋਂ ਬੰਦੀ ਬਣਾ ਲਿਆ ਗਿਆ ਸੀ, ਜਿਸ ਨੇ ਉਨ੍ਹਾਂ ਦੇ ਪਰਿਵਾਰਾਂ ਤੋਂ ਹਰੇਕ ਲਈ 5,000 ਡਾਲਰ ਦੀ ਫਿਰੌਤੀ ਮੰਗੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਪੈਸੇ ਜਲਦੀ ਨਾ ਦਿੱਤੇ ਗਏ ਤਾਂ ਬੰਦੀਆਂ ਦੇ ਗੁਰਦੇ ਕੱਢ ਲਏ ਜਾਣਗੇ।

ਅਸੀਂ ਕੁਝ ਅਜਿਹੇ ਬੰਦੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਅਸੀਂ ਅਜਿਹੇ ਫੋਟੋ ਸਬੂਤ ਵੀ ਵੇਖੇ ਹਨ ਜੋ ਸੰਕੇਤ ਦਿੰਦੇ ਹਨ ਕਿ ਜ਼ਬਰਦਸਤੀ ਆਪਰੇਸ਼ਨ ਕੀਤੇ ਗਏ ਸਨ।

ਸਾਬਕਾ ਬੰਦੀਆਂ ਨੇ ਸਾਨੂੰ ਤਸ਼ੱਦਦ ਦੇ ਸਬੂਤ ਦਿਖਾਏ ਅਤੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਤੰਗ ਹਾਲਾਤਾਂ ਵਿੱਚ ਰੱਖਿਆ ਗਿਆ ਸੀ, ਜਿੱਥੇ ਇੱਕ ਹੀ ਕੋਠੜੀ ਵਿੱਚ ਲਗਭਗ 180 ਲੋਕ ਬੰਦ ਸਨ।

ਘੱਟੋ-ਘੱਟ ਇੱਕ ਬੰਦੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਅਜੇ ਵੀ ਕਿੰਨੇ ਲੋਕ ਬੰਦੀ ਬਣੇ ਹੋਏ ਹਨ।

ਮਿਲੀਸ਼ੀਆ ਦਾ ਕੰਮ ਪਰਵਾਸੀਆਂ ਨੂੰ ਲੀਬੀਆ ਰਾਹੀਂ ਭੂਮੱਧ ਸਾਗਰ ਦੇ ਤੱਟ ਤੱਕ ਪਹੁੰਚਾਉਣਾ ਸੀ।

ਹਾਲਾਂਕਿ, ਭੁਗਤਾਨ ਨੂੰ ਲੈ ਕੇ ਇਰਾਕੀ ਕੁਰਦ ਲੋਕ-ਤਸਕਰ ਨੋਆ ਐਰੋਨ ਨਾਲ ਵਿਵਾਦ ਪੈਦਾ ਹੋ ਗਿਆ ਸੀ, ਜਿਸ ਨੇ ਪਰਵਾਸੀਆਂ ਦੀ ਯਾਤਰਾ ਦਾ ਪ੍ਰਬੰਧ ਕੀਤਾ ਸੀ।

ਐਰੋਨ ਇਸ ਸਮੇਂ ਫਰਾਂਸ ਵਿੱਚ ਮਨੀ ਲਾਂਡਰਿੰਗ ਅਤੇ ਤਸਕਰੀ ਨਾਲ ਸਬੰਧਤ ਵੱਖਰੇ ਮਾਮਲਿਆਂ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਇੱਕ ਹੋਰ ਤਸਕਰ, ਕਾਰਡੋ ਜਾਫ਼, ਬਾਰੇ ਬੀਬੀਸੀ ਦੀ ਹਾਲ ਦੀ ਜਾਂਚ ਦੌਰਾਨ ਅਗਵਾ ਕਰਨ ਦੀਆਂ ਇਨ੍ਹਾਂ ਘਟਨਾਵਾਂ ਦੇ ਵੇਰਵੇ ਸਾਹਮਣੇ ਆਏ, ਜਿਸ ਦੇ ਨਤੀਜੇ ਵਜੋਂ ਪਿਛਲੇ ਮਹੀਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਮੰਨਿਆ ਜਾਂਦਾ ਹੈ ਕਿ ਇਹ ਦੋਵੇਂ ਤਸਕਰ ਪਹਿਲਾਂ ਇਕੱਠੇ ਕੰਮ ਕਰ ਚੁੱਕੇ ਹਨ। ਦੋਵੇਂ ਇਰਾਕੀ ਕੁਰਦਿਸਤਾਨ ਦੇ ਰਾਨਿਆ ਕਸਬੇ ਨਾਲ ਸਬੰਧਤ ਹਨ। ਇੱਕ ਅਜਿਹਾ ਖੇਤਰ ਜੋ ਬ੍ਰਿਟੇਨ ਦੀ ਥਿੰਕ ਟੈਂਕ ਚੈਥਮ ਹਾਊਸ ਦੀ ਇੱਕ ਰਿਪੋਰਟ ਮੁਤਾਬਕ "ਸਰਗਰਮ ਤਸਕਰੀ ਨੈੱਟਵਰਕਾਂ ਨਾਲ ਭਰਿਆ ਹੋਇਆ" ਹੈ।

ਨੂਹ ਐਰੋਨ
ਤਸਵੀਰ ਕੈਪਸ਼ਨ, ਸਮਗਲਰ ਨੂਹ ਆਰੋਨ ਹੁਣ ਫਰਾਂਸ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ

ਗੁਰਦੇ ਦੇ ਬਦਲੇ ਫਿਰੌਤੀ

ਫਰਵਰੀ ਵਿੱਚ, ਬੀਬੀਸੀ ਦੀ ਇੱਕ ਜਾਂਚ ਟੀਮ ਰਾਨਿਆ ਵਿੱਚ ਜਾਫ਼ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਸੀ, ਜਦੋਂ ਇੱਕ ਸਥਾਨਕ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਸ ਦਾ ਪੁੱਤਰ ਬੰਦੀ ਬਣਾਏ ਗਏ ਲੋਕਾਂ ਵਿੱਚੋਂ ਇੱਕ ਸੀ।

ਉਸ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਐਰੋਨ ਦੇ ਤਸਕਰੀ ਗਿਰੋਹ ਨੇ ਉਸ ਦੇ ਪਰਿਵਾਰ ਤੋਂ ਬ੍ਰਿਟੇਨ ਦੀ ਯਾਤਰਾ ਦਾ ਪ੍ਰਬੰਧ ਕਰਨ ਲਈ ਹਜ਼ਾਰਾਂ ਡਾਲਰ ਵਸੂਲੇ ਸਨ, ਜਿਸ ਵਿੱਚ ਉੱਤਰੀ ਅਫਰੀਕਾ ਰਾਹੀਂ ਅਤੇ ਫਿਰ ਭੂਮੱਧ ਸਾਗਰ ਪਾਰ ਕਰਕੇ ਯੂਰਪ ਪਹੁੰਚਣਾ ਸ਼ਾਮਲ ਸੀ।

ਇਹ ਰਸਤਾ ਲੀਬੀਆ ਵਿੱਚੋਂ ਲੰਘੇਗਾ, ਇੱਕ ਅਜਿਹਾ ਦੇਸ਼ ਜਿੱਥੇ "ਸਰਕਾਰ ਦਾ ਵੱਡਾ ਖਲਾਅ" ਹੈ, ਐਂਥਨੀ ਡੰਕਰਲੇ ਦੇ ਅਨੁਸਾਰ, ਜੋ ਕਿ ਉੱਥੇ ਮਨੁੱਖੀ ਤਸਕਰੀ ਦੀ ਜਾਂਚ ਕਰ ਚੁੱਕਾ ਹੈ।

ਲੀਬੀਆ ਦਾ ਵੱਡਾ ਹਿੱਸਾ ਵਿਰੋਧੀ ਮਿਲੀਸ਼ੀਆ ਗਰੁੱਪਾਂ ਦੇ ਕਬਜ਼ੇ ਹੇਠ ਹੈ ਅਤੇ ਤਸਕਰੀ ਨੈੱਟਵਰਕ ਉਨ੍ਹਾਂ ਦੇ ਸਹਿਯੋਗ 'ਤੇ ਨਿਰਭਰ ਕਰਦੇ ਹਨ।

ਸਾਨੂੰ ਪਤਾ ਲੱਗਿਆ ਕਿ 2025 ਦੀਆਂ ਗਰਮੀਆਂ ਦੌਰਾਨ ਇਰਾਕੀ ਕੁਰਦਿਸਤਾਨ ਤੋਂ ਹਵਾਈ ਜਹਾਜ਼ ਰਾਹੀਂ ਲੀਬੀਆ ਪਹੁੰਚੇ ਪਰਵਾਸੀਆਂ ਦੇ ਲਗਾਤਾਰ ਸਮੂਹਾਂ ਨੂੰ ਇੱਕ ਸੁਰੱਖਿਅਤ ਕੰਪਾਊਂਡ ਵਿੱਚ ਕੈਦ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਮਿਲੀਸ਼ੀਆ ਨੇ ਹਰ ਬੰਦੀ ਲਈ 5,000 ਡਾਲਰ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਐਰੋਨ ਨੇ ਪਹਿਲੇ ਸੌਦੇ ਦੀ ਇਹ ਰਕਮ ਅਦਾ ਨਹੀਂ ਕੀਤੀ ਸੀ। ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਪੈਸੇ ਜਲਦੀ ਨਾ ਭੇਜੇ ਗਏ ਤਾਂ ਇਹ "ਇੱਕ ਗੁਰਦੇ ਕੱਢ ਕੇ ਬਦਲੇ" ਵਸੂਲੇ ਜਾਣਗੇ।

ਲੀਬੀਆਈ ਗਰੁੱਪਾਂ ਨੇ ਬੰਦੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਭੇਜੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਪਰੇਸ਼ਾਨ ਕਰਨ ਵਾਲੀਆਂ ਜਾਂ ਹਿੰਸਕ ਸਨ। ਇੱਕ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਇਹ ਕਹਿੰਦੇ ਹੋਏ ਫ਼ਿਲਮਾਇਆ ਗਿਆ ਸੀ ਕਿ ਉਸ ਦਾ ਗੁਰਦਾ ਕੱਢਵਾਉਣ ਲਈ ਡਾਕਟਰ ਕੋਲ ਲੈ ਕੇ ਜਾ ਰਹੇ ਹਨ।

ਰਾਨਿਆ ਵਿੱਚ ਸਾਡੇ ਨਾਲ ਸੰਪਰਕ ਕਰਨ ਵਾਲੇ ਸਥਾਨਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਫਿਰੌਤੀ ਦੀ ਰਕਮ ਅਦਾ ਕਰ ਦਿੱਤੀ ਸੀ। ਉਸ ਦਾ ਪੁੱਤਰ ਉਨ੍ਹਾਂ 110 ਬੰਦੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਜਨਵਰੀ ਵਿੱਚ ਇਰਾਕੀ ਸਰਕਾਰ ਵੱਲੋਂ ਪ੍ਰਬੰਧਿਤ ਇੱਕ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ ਸੀ।

ਹਾਲਾਂਕਿ ਉਸ ਨੇ ਇੱਕ ਤਸਵੀਰ ਵੀ ਦਿਖਾਈ ਜੋ ਉਸ ਦੇ ਮੁਤਾਬਕ ਉਸ ਦੇ ਪੁੱਤਰ ਨੇ ਕੈਦ ਦੌਰਾਨ ਭੇਜੀ ਸੀ, ਜਿਸ ਵਿੱਚ ਇੱਕ ਤਾਜ਼ਾ ਜ਼ਖ਼ਮ ਦਾ ਨਿਸ਼ਾਨ ਦਿਖਾਈ ਦੇ ਰਿਹਾ ਸੀ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਜ਼ਬਰਦਸਤੀ ਅੰਗ ਕੱਢਣ ਕਾਰਨ ਹੋ ਸਕਦਾ ਹੈ।

ਇਸ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਦਰਜਨਾਂ ਹੋਰ ਲੋਕ ਵੀ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਫ਼ੋਨਾਂ ਵਿੱਚ ਇਸੇ ਤਰ੍ਹਾਂ ਦੀਆਂ ਤਸਵੀਰਾਂ ਦਿਖਾਈਆਂ।

ਬਾਅਦ ਵਿੱਚ ਅਸੀਂ ਇਨ੍ਹਾਂ ਵਿੱਚੋਂ ਇੱਕ ਤਸਵੀਰ ਬ੍ਰਿਟੇਨ ਦੇ ਇੱਕ ਮਾਹਰ ਡਾਕਟਰ ਨੂੰ ਦਿਖਾਈ, ਜਿਸ ਨੇ ਕਿਹਾ ਕਿ ਜ਼ਖ਼ਮਾਂ ਦੇ ਨਿਸ਼ਾਨ ਉਸ ਤਰ੍ਹਾਂ ਦੇ ਲੱਗਦੇ ਹਨ ਜਿਹੜੇ ਆਮ ਤੌਰ 'ਤੇ ਗੁਰਦੇ ਦੇ ਆਪਰੇਸ਼ਨ ਦੌਰਾਨ ਲਗਾਏ ਗਏ ਚੀਰਿਆਂ ਨਾਲ ਮਿਲਦੇ ਹਨ।

ਹਾਲਾਂਕਿ, ਅਸੀਂ ਇਹ ਪੁਸ਼ਟੀ ਕਰਨ ਵਿੱਚ ਅਸਮਰੱਥ ਰਹੇ ਹਾਂ ਕਿ ਅਸਲ ਵਿੱਚ ਅੰਗ ਕੱਢੇ ਗਏ ਸਨ।

ਫਿਰੌਤੀ ਲਈ ਅਗਵਾ ਕੀਤੇ ਜਾਣ ਦੀਆਂ ਘਟਨਾਵਾਂ ਲੀਬੀਆ ਰਾਹੀਂ ਜਾਣ ਵਾਲੇ ਪਰਵਾਸੀ ਰਸਤਿਆਂ 'ਤੇ ਵਿਆਪਕ ਤੌਰ 'ਤੇ ਦਰਜ ਕੀਤੀਆਂ ਗਈਆਂ ਹਨ।

ਡੰਕਰਲੇ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਵਿੱਚ ਸਰਕਾਰੀ ਕੰਟ੍ਰੋਲ ਸੀਮਤ ਹੋਣ ਕਾਰਨ ਅਪਰਾਧਿਕ ਗਰੁੱਪ ਇਸ ਦਾ ਫਾਇਦਾ ਉਠਾ ਲੈਂਦੇ ਹਨ, ਜਿਸ ਨਾਲ ਜਾਂਚ ਅਤੇ ਮੁਕੱਦਮੇ ਚਲਾਉਣਾ ਖ਼ਾਸ ਤੌਰ 'ਤੇ ਮੁਸ਼ਕਲ ਹੋ ਜਾਂਦਾ ਹੈ।

ਹੁਣ ਬਹੁਤ ਸਾਰੇ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਕੁਝ ਪਰਿਵਾਰਾਂ ਨੇ ਤੁਰੰਤ ਫਿਰੌਤੀ ਅਦਾ ਕਰ ਦਿੱਤੀ ਸੀ, ਪਰ ਕੁਰਦ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝ ਹੋਰ ਬੰਦੀਆਂ ਨੇ ਇਹ ਕੀਮਤ ਆਪਣੇ ਅੰਦਰੂਨੀ ਅੰਗਾਂ ਨਾਲ ਚੁਕਾਈ ਹੋ ਸਕਦੀ ਹੈ।

'ਛੇ ਮਹੀਨੇ ਸੂਰਜ ਨਹੀਂ ਦੇਖਿਆ'

ਕੋਠੜੀ

ਤਸਵੀਰ ਸਰੋਤ, Instagram

ਤਸਵੀਰ ਕੈਪਸ਼ਨ, ਇੱਕ ਬੰਧਕ ਦੀ ਸੋਸ਼ਲ ਮੀਡੀਆ ਪੋਸਟ ਉਸ ਸੈੱਲ ਨੂੰ ਦਰਸਾਉਂਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਰੱਖਿਆ ਗਿਆ ਸੀ

ਬੀਬੀਸੀ ਨੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨਾਲ ਗੱਲ ਕੀਤੀ ਜੋ ਰਾਨਿਆ ਵਾਪਸ ਪਰਤ ਆਏ ਸਨ।

ਇੱਕ ਨੌਜਵਾਨ ਨੇ ਦੱਸਿਆ ਕਿ ਉਸ ਦੀ ਲੱਤ ਨੂੰ ਸਾੜ ਕੇ ਉਸ 'ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਨੇ ਆਪਣੀ ਪੈਂਟ ਉੱਪਰ ਚੁੱਕ ਕੇ ਜ਼ਖ਼ਮਾਂ ਦੇ ਨਿਸ਼ਾਨ ਦਿਖਾਏ।

16 ਸਾਲਾ ਇੱਕ ਮੁੰਡੇ ਨੇ ਦੱਸਿਆ ਕਿ ਉਹ ਉਨ੍ਹਾਂ 178 ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਇੱਕ ਬਹੁਤ ਛੋਟੀ ਕੋਠੜੀ ਵਿੱਚ ਰੱਖਿਆ ਗਿਆ ਸੀ। ਉਸ ਨੇ ਕਿਹਾ, "ਅਸੀਂ ਛੇ ਮਹੀਨਿਆਂ ਤੱਕ ਸੂਰਜ ਨਹੀਂ ਦੇਖਿਆ ਸੀ।"

ਉਸ ਨੇ ਕਿਹਾ ਕਿ ਜਗ੍ਹਾ ਇੰਨੀ ਘੱਟ ਸੀ ਕਿ ਹਰ ਕਿਸੇ ਨੂੰ ਬੈਠ ਕੇ ਸੌਣਾ ਪੈਂਦਾ ਸੀ। ਸਾਰੇ ਕੈਦੀ ਇੱਕ ਹੀ ਬਾਥਰੂਮ ਵਰਤਦੇ ਸਨ ਅਤੇ ਜੋ ਕੋਈ ਜ਼ਿਆਦਾ ਸਮਾਂ ਲੈਂਦਾ ਸੀ, ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ।

ਬੰਦੀਆਂ ਦੇ ਪਰਿਵਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਖਾਣੇ ਵਜੋਂ ਹਰ ਰੋਜ਼ ਸਿਰਫ਼ ਇੱਕ ਟੁਕੜਾ ਬ੍ਰੈਡ ਦਿੱਤੀ ਜਾਂਦੀ ਸੀ, ਉਹ ਵੀ ਤਾਂ ਹੀ ਜੇ ਪਰਿਵਾਰ ਬੰਦੀਆਂ ਬਣਾਉਣ ਵਾਲਿਆਂ ਨੂੰ ਵਾਧੂ ਪੈਸੇ ਦਿੰਦੇ ਸਨ।

ਕੁਰਦਿਸਤਾਨ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਹੇਮਨ ਮੇਰਾਨੀ ਦੇ ਅਨੁਸਾਰ, ਖ਼ਤਰਿਆਂ ਦੇ ਬਾਵਜੂਦ ਇਰਾਕੀ ਕੁਰਦਿਸਤਾਨ ਤੋਂ ਯੂਰਪ ਵੱਲ ਗ਼ੈਰ-ਕਾਨੂੰਨੀ ਪਰਵਾਸੀਆਂ ਦਾ ਰੁਖ਼ ਨਹੀਂ ਰੁਕਿਆ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਵਾਪਸ ਆਏ ਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਆਪਣੇ ਭਿਆਨਕ ਤਜਰਬਿਆਂ ਬਾਰੇ ਦੱਸਣ, ਤਾਂ ਜੋ ਉਹ ਵੀ ਇਸੇ ਯਾਤਰਾ 'ਤੇ ਨਿਕਲਣ ਤੋਂ ਬਚ ਸਕਣ।

ਪਰ ਉਹ ਇੱਕ ਅਜਿਹੇ ਪਿਤਾ ਦੀ ਕਹਾਣੀ ਵੀ ਦੱਸਦੇ ਹਨ ਜਿਸ ਦੇ ਪੁੱਤਰ ਦੀ ਲੀਬੀਆ ਵਿੱਚ ਸ਼ੱਕੀ ਤੌਰ 'ਤੇ ਜ਼ਬਰਦਸਤੀ ਅੰਗ ਕੱਢੇ ਜਾਣ ਤੋਂ ਬਾਅਦ ਮੌਤ ਹੋ ਗਈ ਸੀ। ਰਾਨਿਆ ਵਿੱਚ ਅੰਤਿਮ ਸੰਸਕਾਰ ਦੌਰਾਨ ਉਸ ਵਿਅਕਤੀ ਨੂੰ ਪਤਾ ਲੱਗਿਆ ਕਿ ਉਸ ਦੇ ਦੋ ਹੋਰ ਰਿਸ਼ਤੇਦਾਰ ਹਾਲ ਹੀ ਵਿੱਚ ਯੂਰਪ ਲਈ ਰਵਾਨਾ ਹੋ ਚੁੱਕੇ ਸਨ।

ਮੇਰਾਨੀ ਕਹਿੰਦੇ ਹਨ, "ਇਸ ਕਾਰੋਬਾਰ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਅਸੀਂ ਸਿੱਖਦੇ ਨਹੀਂ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)