ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦਾ ਮਾਮਲਾ: ਮ੍ਰਿਤਕਾਂ ਦੇ ਪੇਟ ਤੇ ਤਰਬੂਜ਼ ਵਿੱਚੋਂ ਕਿਹੜਾ ਪਦਾਰਥ ਮਿਲਿਆ, ਇਹ ਕਿੰਨਾ ਖ਼ਤਕਨਾਕ ਹੈ?

- ਲੇਖਕ, ਦੀਪਾਲੀ ਜਗਤਾਪ
- ਰੋਲ, ਬੀਬੀਸੀ ਮਰਾਠੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਮੁੰਬਈ ਦੇ ਪਾਇਧੁਨੀ ਵਿੱਚ ਰਹਿੰਦੇ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਲੰਘੀ ਸੱਤ ਮਈ, ਵੀਰਵਾਰ ਨੂੰ ਫੋਰੈਂਸਿਕ ਸਾਇੰਸ ਲੈਬੋਰੇਟਰੀ (ਐਫਐਸਐਲ) ਦੀ ਰਿਪੋਰਟ ਆ ਗਈ ਹੈ।
ਇਸ ਰਿਪੋਰਟ ਮੁਤਾਬਕ, ਸਾਰੇ ਮ੍ਰਿਤਕਾਂ ਦੇ ਅੰਦਰੂਨੀ ਅੰਗਾਂ ਦੇ ਨਮੂਨਿਆਂ (ਸੈਂਪਲਜ਼) ਵਿੱਚ ਜ਼ਿੰਕ ਫਾਸਫਾਈਡ ਮਿਲਿਆ ਹੈ, ਜਿਨ੍ਹਾਂ ਵਿੱਚ ਲਿਵਰ, ਕਿਡਨੀ ਅਤੇ ਤਿੱਲੀ ਸ਼ਾਮਲ ਹਨ। ਨਾਲ ਹੀ ਪੇਟ, ਪਿੱਤ ਅਤੇ ਪੇਟ ਦੀ ਚਰਬੀ ਦੇ ਸੈਂਪਲਾਂ ਵਿੱਚ ਵੀ ਇਹ ਪਦਾਰਥ ਮਿਲਿਆ ਹੈ।
ਦਰਅਸਲ, 25 ਅਪ੍ਰੈਲ ਨੂੰ, ਮੁੰਬਈ ਦੇ ਪਾਇਧੁਨੀ ਵਿੱਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਰਾਤ ਦੇ ਖਾਣੇ ਤੋਂ ਬਾਅਦ ਮੌਤ ਹੋ ਗਈ ਸੀ। ਦਸਤ ਅਤੇ ਉਲਟੀਆਂ ਨਾਲ ਪੀੜਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਨੇ ਦਮ ਤੋੜ ਦਿੱਤਾ।
ਪੂਰੇ ਪਰਿਵਾਰ ਨੇ ਰਾਤ ਦੇ ਖਾਣੇ ਤੋਂ ਬਾਅਦ ਦੇਰ ਰਾਤ ਤਰਬੂਜ਼ ਖਾਧਾ ਸੀ ਅਤੇ ਸਥਾਨਕ ਡਾਕਟਰਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਮੌਤ ਫੂਡ ਪੁਆਇਜ਼ਨਿੰਗ ਕਾਰਨ ਹੋਈ ਹੈ।
ਰਿਪੋਰਟ ਬਾਰੇ ਪੁਲਿਸ ਅਤੇ ਮਾਹਿਰ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
ਮੁੰਬਈ ਪੁਲਿਸ ਦੇ ਡੀਸੀਪੀ (ਜ਼ੋਨ 1) ਨੇ ਕਿਹਾ, "ਫੋਰੈਂਸਿਕ ਸਾਇੰਸ ਲੈਬੋਰੇਟਰੀ ਤੋਂ ਮਿਲੀ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਮਾਰੇ ਗਏ ਸਾਰੇ ਲੋਕਾਂ ਦੇ ਅੰਦਰੂਨੀ ਅੰਗਾਂ ਦੇ ਨਮੂਨਿਆਂ ਵਿੱਚ ਜ਼ਿੰਕ ਫਾਸਫਾਈਡ ਮਿਲਿਆ ਹੈ।"
ਉਨ੍ਹਾਂ ਅੱਗੇ ਕਿਹਾ, "ਜਾਂਚ ਦੌਰਾਨ ਲਏ ਗਏ ਤਰਬੂਜ਼ ਦੇ ਨਮੂਨੇ ਵਿੱਚ ਵੀ ਜ਼ਿੰਕ ਫਾਸਫਾਈਡ ਮਿਲਿਆ ਹੈ।"
ਹਾਲਾਂਕਿ, ਜਾਂਚ ਲਈ ਭੇਜੇ ਗਏ ਖਾਣ-ਪੀਣ ਦੇ ਹੋਰ ਸਮਾਨ ਦੇ ਨਮੂਨੇ ਵਿੱਚ ਜ਼ਿੰਕ ਫਾਸਫਾਈਡ ਨਹੀਂ ਮਿਲਿਆ।
ਡੀਸੀਪੀ ਮੁੰਡੇ ਨੇ ਦੱਸਿਆ, "ਐਫਐਸਐਲ ਦੀ ਰਿਪੋਰਟ ਦਾ ਗਹਿਰਾਈ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਫੋਰੈਂਸਿਕ ਡਾਕਟਰਾਂ ਦੀ ਸਲਾਹ ਨਾਲ ਅੱਗੇ ਦੀ ਜਾਂਚ ਦੀ ਦਿਸ਼ਾ ਤੈਅ ਕੀਤੀ ਜਾਵੇਗੀ।"
ਬੀਬੀਸੀ ਮਰਾਠੀ ਨਾਲ ਫੋਰੈਂਸਿਕ ਰਿਪੋਰਟ ਬਾਰੇ ਗੱਲ ਕਰਦੇ ਹੋਏ, ਫੋਰੈਂਸਿਕ ਸਾਇੰਸ ਲੈਬੋਰੇਟਰੀ ਦੇ ਨਿਰਦੇਸ਼ਕ ਡਾਕਟਰ ਵਿਜੈ ਠਾਕਰੇ ਨੇ ਕਿਹਾ, "ਅਸੀਂ ਜੇਜੇ ਮਾਰਗ 'ਤੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਫੋਰੈਂਸਿਕ ਸਾਇੰਸ ਲੈਬੋਰੇਟਰੀ ਦੀ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ।"
ਜ਼ਿੰਕ ਫਾਸਫਾਈਡ ਕੀ ਹੈ ਅਤੇ ਇਸਨੂੰ ਇੰਨਾ ਖ਼ਤਰਨਾਕ ਕਿਉਂ ਮੰਨਿਆ ਜਾਂਦਾ ਹੈ?

ਤਸਵੀਰ ਸਰੋਤ, Getty Images
ਜ਼ਿੰਕ ਫਾਸਫਾਈਡ ਇੱਕ ਬਹੁਤ ਹੀ ਜ਼ਹਿਰੀਲਾ ਰਸਾਇਣ (ਕੈਮਿਕਲ) ਹੈ, ਜਿਸਦਾ ਇਸਤੇਮਾਲ ਮੁੱਖ ਤੌਰ 'ਤੇ ਚੂਹਿਆਂ ਆਦਿ ਨੂੰ ਮਾਰਨ ਲਈ ਕੀਤਾ ਜਾਂਦਾ ਹੈ। ਇਸਦਾ ਉਪਯੋਗ ਖੇਤੀਬਾੜੀ ਅਤੇ ਅਨਾਜ ਭੰਡਾਰਣ ਵਿੱਚ ਵੀ ਕੀਤਾ ਜਾਂਦਾ ਹੈ।
ਮਾਹਿਰਾਂ ਮੁਤਾਬਕ, ਜ਼ਿੰਕ ਫਾਸਫਾਈਡ ਪੇਟ ਦੇ ਐਸਿਡ ਨਾਲ ਪ੍ਰਤੀਕਿਰਿਆ ਕਰਦਾ ਹੈ ਅਤੇ ਫਾਸਫੀਨ ਨਾਮ ਦੀ ਇੱਕ ਬਹੁਤ ਹੀ ਜ਼ਹਿਰੀਲੀ ਗੈਸ ਪੈਦਾ ਕਰਦਾ ਹੈ।
ਇਹ ਗੈਸ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਊਰਜਾ ਪੈਦਾ ਕਰਨ ਤੋਂ ਰੋਕਦੀ ਹੈ, ਜਿਸਦਾ ਦਿਲ, ਫੇਫੜਿਆਂ ਅਤੇ ਜਿਗਰ 'ਤੇ ਗੰਭੀਰ ਅਸਰ ਪੈ ਸਕਦਾ ਹੈ।
ਜ਼ਿੰਕ ਫਾਸਫਾਈਡ ਨੂੰ ਗਲਤੀ ਨਾਲ ਨਿਗਲਣਾ ਜਾਂ ਫਾਸਫੀਨ ਗੈਸ ਨੂੰ ਸਾਹ ਰਾਹੀਂ ਸਰੀਰ ਵਿੱਚ ਲੈਣਾ ਘਾਤਕ ਹੋ ਸਕਦਾ ਹੈ।
ਇਹੀ ਕਾਰਨ ਹੈ ਕਿ ਕਈ ਦੇਸ਼ਾਂ ਵਿੱਚ ਇਸ ਰਸਾਇਣ ਦੇ ਇਸਤੇਮਾਲ 'ਤੇ ਸਖ਼ਤ ਨਿਯਮ ਅਤੇ ਨਿਯੰਤਰਣ ਲਾਗੂ ਹਨ ਅਤੇ ਇਹ ਆਮ ਲੋਕਾਂ ਲਈ ਆਸਾਨੀ ਨਾਲ ਉਪਲੱਬਧ ਨਹੀਂ ਹੁੰਦਾ।
ਐਫਡੀਏ ਦੀ ਰਿਪੋਰਟ ਵਿੱਚ ਕੀ ਆਇਆ ਸੀ?

ਹਾਲਾਂਕਿ, ਪਿਛਲੇ ਹਫਤੇ ਆਈ ਐਫਡੀਏ ਦੀ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਸੀ ਕਿ ਤਰਬੂਜ਼ ਦੇ ਨਮੂਨਿਆਂ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਪਾਈ ਗਈ ਸੀ।
ਐਫਡੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਸੀ ਕਿ ਇਸ ਸੰਬੰਧ ਵਿੱਚ ਲਏ ਗਏ ਨਮੂਨਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਪਾਈ ਗਈ, ਇਹ ਸਪਸ਼ਟ ਹੈ।
ਪਰ ਇਸ ਦੌਰਾਨ, ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਇਹ ਜਾਂਚ ਕਿਸੇ ਵੀ ਤਰ੍ਹਾਂ ਦੇ ਜ਼ਹਿਰ ਜਾਂ ਵਿਸ਼ੈਲੇ ਤੱਤਾਂ ਦੀ ਜਾਂਚ ਨਾਲ ਸੰਬੰਧਿਤ ਨਹੀਂ ਸੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਬਾਰੇ ਸਪਸ਼ਟ ਜਾਣਕਾਰੀ ਸਿਰਫ਼ ਫੋਰੈਂਸਿਕ ਰਿਪੋਰਟ ਤੋਂ ਹੀ ਮਿਲ ਸਕਦੀ ਹੈ, ਜੋ ਕਿ ਹੁਣ ਆ ਗਈ ਹੈ।
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਦੀ ਇੱਕ ਟੀਮ ਪਿਛਲੇ ਕੁਝ ਦਿਨਾਂ ਤੋਂ ਪੂਰੇ ਇਲਾਕੇ ਦਾ ਮੁਆਇਨਾ ਕਰ ਰਹੀ ਹੈ।
ਐਫਡੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਐਫਡੀਏ ਦੀ ਇੱਕ ਟੀਮ ਸਥਾਨਕ ਫਲ ਵਿਕਰੇਤਾਵਾਂ, ਖ਼ਾਸ ਕਰਕੇ ਤਰਬੂਜ਼ ਵੇਚਣ ਵਾਲਿਆਂ ਨਾਲ ਗੱਲ ਕਰਨ ਲਈ ਮੌਕੇ 'ਤੇ ਪਹੁੰਚੀ ਸੀ, ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਵਿਕਰੇਤਾ ਨਹੀਂ ਮਿਲਿਆ ਹੈ।
ਐਫਡੀਏ ਇੱਥੋਂ ਦੇ ਵਿਕਰੇਤਾਵਾਂ ਨਾਲ ਗੱਲ ਕਰਕੇ ਉਨ੍ਹਾਂ ਦੁਆਰਾ ਵੇਚੇ ਜਾ ਰਹੇ ਤਰਬੂਜ਼ਾਂ ਦੀ ਜਾਂਚ ਕਰਨਾ ਚਾਹੁੰਦਾ ਸੀ, ਪਰ ਕਿਉਂਕਿ ਉੱਥੇ ਕੋਈ ਵੀ ਵਿਕਰੇਤਾ ਮੌਜੂਦ ਨਹੀਂ ਸੀ, ਇਸ ਲਈ ਅਜੇ ਤੱਕ ਟੀਮ ਦੇ ਹੱਥ ਕੁਝ ਵੀ ਨਹੀਂ ਲੱਗਿਆ।
ਐਫਡੀਏ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਤਰਬੂਜ਼ ਨਾਲ ਜ਼ਹਿਰ ਫੈਲਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਦੂਜੇ ਪਾਸੇ, ਜੇਜੇ ਹਸਪਤਾਲ ਵੱਲੋਂ ਇਸ ਸੰਬੰਧ ਵਿੱਚ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇੱਕ ਸੀਨੀਅਰ ਡਾਕਟਰ ਦੇ ਅਨੁਸਾਰ, ਖਾਦ ਨਮੂਨਿਆਂ ਦੀ ਰਸਾਇਣਿਕ ਜਾਂਚ ਰਿਪੋਰਟ ਅਤੇ ਟਿਸ਼ੂ ਪੈਥੋਲੋਜੀ ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
ਕੀ ਹੈ ਮਾਮਲਾ?
25 ਅਪ੍ਰੈਲ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਮੁੰਬਈ ਦੇ ਪਾਇਧੁਨੀ ਵਿੱਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਦਸਤ ਅਤੇ ਉਲਟੀਆਂ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਪੂਰੇ ਪਰਿਵਾਰ ਨੇ ਰਾਤ ਦੇ ਖਾਣੇ ਤੋਂ ਬਾਅਦ ਦੇਰ ਰਾਤ ਤਰਬੂਜ਼ ਖਾਧਾ ਸੀ। ਸਥਾਨਕ ਡਾਕਟਰਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਮੌਤ ਫੂਡ ਪੁਆਇਜ਼ਨਿੰਗ ਕਾਰਨ ਹੋਈ ਹੈ।
ਪੋਸਟਮਾਰਟਮ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਇਸ ਲਈ ਮੌਤ ਦਾ ਸਹੀ ਕਾਰਨ ਸਪਸ਼ਟ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਲਈ ਖਾਣੇ ਅਤੇ ਤਰਬੂਜ਼ ਦੇ ਨਮੂਨੇ ਲਏ ਗਏ ਹਨ। ਐਫਡੀਏ ਨੇ ਇਸ ਦੀ ਰਿਪੋਰਟ ਦਿੱਤੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਪਾਈ ਗਈ।
ਪਰਿਵਾਰ ਨੇ 25 ਅਪ੍ਰੈਲ ਨੂੰ ਰਾਤ ਕਰੀਬ 10 ਤੋਂ 10:30 ਵਜੇ ਦੇ ਵਿਚਕਾਰ ਕੁਝ ਰਿਸ਼ਤੇਦਾਰਾਂ ਨਾਲ ਭੋਜਨ ਕੀਤਾ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਕਰੀਬ 1:30 ਵਜੇ ਤਰਬੂਜ਼ ਖਾਧਾ ਸੀ।
ਆਓ ਜਾਣਦੇ ਹਾਂ ਕਿ ਇਸ ਮਾਮਲੇ ਵਿੱਚ ਅਸਲ ਵਿੱਚ ਕੀ ਹੋਇਆ ਸੀ।
ਉਸ ਦਿਨ ਕੀ ਹੋਇਆ ਸੀ?

ਤਸਵੀਰ ਸਰੋਤ, Getty Images
ਇਹ ਪਰਿਵਾਰ ਪਾਇਧੁਨੀ ਇਲਾਕੇ ਵਿੱਚ ਇੱਕ ਪੁਰਾਣੀ ਮੁਗਲਕਾਲੀਨ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਰਹਿੰਦਾ ਸੀ।
ਪਰਿਵਾਰ ਵਿੱਚ ਅਬਦੁੱਲਾ ਡੋਕਾਡੀਆ (40 ਸਾਲ), ਉਨ੍ਹਾਂ ਦੇ ਪਤਨੀ ਨਸਰੀਨ ਡੋਕਾਡੀਆ (35 ਸਾਲ) ਅਤੇ ਦੋ ਛੋਟੀਆਂ ਧੀਆਂ ਸਨ, ਜਿਨ੍ਹਾਂ ਦੀ ਉਮਰ 16 ਅਤੇ 13 ਸਾਲ ਸੀ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਜੇਜੇ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ।
ਸਥਾਨਕ ਡਾਕਟਰ ਜੈਦ ਕੁਰੈਸ਼ੀ ਨੇ ਦੱਸਿਆ ਕਿ ਇੱਕ ਬੱਚੀ ਦੀ ਮੌਤ ਉਸ ਨੂੰ ਘਰ ਨੇੜਲੇ ਹਸਪਤਾਲ ਲੈਕੇ ਜਾਂਦੇ ਸਮੇਂ ਰਸਤੇ ਵਿੱਚ ਹੀ ਹੋ ਗਈ ਸੀ।
ਰਿਸ਼ਤੇਦਾਰਾਂ ਸਮੇਤ ਸਾਰਿਆਂ ਨੇ 25 ਅਪ੍ਰੈਲ ਨੂੰ ਰਾਤ ਦਾ ਖਾਣਾ ਖਾਧਾ। ਪੁਲਿਸ ਨੇ ਦੱਸਿਆ ਹੈ ਕਿ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਰਾਤ ਕਰੀਬ 1:30 ਵਜੇ ਸਭ ਨੇ ਤਰਬੂਜ਼ ਖਾਧਾ।
ਇਸ ਤੋਂ ਬਾਅਦ ਸਵੇਰੇ ਪੂਰੇ ਪਰਿਵਾਰ ਨੂੰ ਉਲਟੀਆਂ ਅਤੇ ਦਸਤ ਲੱਗ ਗਏ। ਇਸ ਸਮੇਂ ਇਮਾਰਤ ਵਿੱਚ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।

ਉਸੇ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਰਹਿਣ ਵਾਲੇ ਡਾਕਟਰ ਜੈਦ ਕੁਰੈਸ਼ੀ ਨੇ ਤੁਰੰਤ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ।
ਡਾਕਟਰ ਕੁਰੈਸ਼ੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ, ਤਾਂ ਕਮਰੇ ਵਿੱਚ ਮੌਜੂਦ ਚਾਰਾਂ ਲੋਕਾਂ ਦੀ ਹਾਲਤ ਗੰਭੀਰ ਸੀ।
ਉਨ੍ਹਾਂ ਮੁਤਾਬਕ, "ਮੈਂ ਦੇਖਿਆ ਕਿ ਚਾਰਾਂ ਵਿੱਚੋਂ ਸਭ ਤੋਂ ਛੋਟੀ ਕੁੜੀ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਮੈਂ ਤੁਰੰਤ ਉਸ ਨੂੰ ਸੀਪੀਆਰ ਦਿੱਤਾ। ਪਰ ਜਦੋਂ ਉਸਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ, ਤਾਂ ਮੈਂ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ। ਉੱਥੇ ਹੀ ਉਸ ਦੀ ਮੌਤ ਹੋ ਗਈ।"
ਡਾਕਟਰ ਕੁਰੈਸ਼ੀ ਨੇ ਦੱਸਿਆ, "ਬਾਕੀ ਤਿੰਨ ਜਣਿਆਂ ਨੂੰ ਬਾਅਦ ਵਿੱਚ ਸਥਾਨਕ ਹਸਪਤਾਲ ਤੋਂ ਜੇਜੇ ਹਸਪਤਾਲ ਲਿਜਾਇਆ ਗਿਆ। ਉੱਥੇ ਕੁਝ ਘੰਟਿਆਂ ਤੱਕ ਉਨ੍ਹਾਂ ਦਾ ਇਲਾਜ ਚੱਲਿਆ। ਬਾਅਦ ਵਿੱਚ ਉਨ੍ਹਾਂ ਦੀ ਵੀ ਮੌਤ ਹੋ ਗਈ।"
ਅਜੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਜ਼ਹਿਰ ਦਿੱਤਾ ਗਿਆ ਸੀ ਜਾਂ ਨਹੀਂ ਅਤੇ ਇਸ ਦਾ ਸਹੀ ਕਾਰਨ ਕੀ ਸੀ।
ਇਸ ਦੌਰਾਨ, ਸਥਾਨਕ ਐਮਆਈਐਮ ਆਗੂ ਅਤੇ ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੂਬਾ ਸਰਕਾਰ ਅਤੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ।
ਪੁਲਿਸ ਨੇ ਕੀ ਜਾਣਕਾਰੀ ਦਿੱਤੀ ਸੀ?

ਇਸ ਘਟਨਾ ਦੇ ਸਬੰਧ ਵਿੱਚ ਜੇਜੇ ਪੁਲਿਸ ਸਟੇਸ਼ਨ ਵਿੱਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਿਪਟੀ ਕਮਿਸ਼ਨਰ ਪ੍ਰਵੀਨ ਮੁੰਡੇ ਨੇ ਕਿਹਾ, "ਇੱਕੋ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ 25 ਅਪ੍ਰੈਲ ਦੀ ਰਾਤ ਨੂੰ ਕੁਝ ਹੋਰ ਰਿਸ਼ਤੇਦਾਰਾਂ ਨਾਲ ਖਾਣਾ ਖਾਧਾ ਸੀ।"
ਖ਼ਬਰਾਂ ਦੇ ਮੁਤਾਬਕ, ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਰਾਤ ਕਰੀਬ 1:00 ਤੋਂ 1:30 ਵਜੇ ਦੇ ਵਿਚਕਾਰ ਤਰਬੂਜ਼ ਖਾਧਾ।
ਇਸ ਤੋਂ ਬਾਅਦ ਸਵੇਰੇ ਤੋਂ ਹੀ ਉਨ੍ਹਾਂ ਨੂੰ ਉਲਟੀਆਂ ਅਤੇ ਦਸਤ ਹੋਣ ਲੱਗੇ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉੱਥੋਂ ਉਨ੍ਹਾਂ ਨੂੰ ਜੇਜੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਚਾਰਾਂ ਦੀ ਮੌਤ ਹੋ ਗਈ।
"ਪੋਸਟਮਾਰਟਮ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਉਨ੍ਹਾਂ ਵੱਲੋਂ ਖਾਧੇ ਗਏ ਭੋਜਨ ਦੇ ਨਮੂਨੇ ਲੈ ਲਏ ਹਨ। ਤਰਬੂਜ਼ ਦੇ ਨਮੂਨੇ ਵੀ ਲਏ ਗਏ ਹਨ ਅਤੇ ਉਨ੍ਹਾਂ ਦੇ ਸਰੀਰ ਤੋਂ ਵੀ ਨਮੂਨੇ ਲਏ ਗਏ ਹਨ। ਮੌਤ ਦੇ ਕਾਰਨਾਂ ਸਬੰਧੀ ਜਾਂਚ ਜਾਰੀ ਹੈ।''
ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਕੀ ਕਿਹਾ?
ਐਮਆਈਐਮ ਦੇ ਸਥਾਨਕ ਆਗੂ ਅਤੇ ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਤੇ ਮੁੰਬਈ ਪੁਲਿਸ ਕਮਿਸ਼ਨਰ ਇਸ ਮਾਮਲੇ ਦਾ ਨੋਟਿਸ ਲੈਣ।
ਵਾਰਿਸ ਪਠਾਨ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ, "ਮੈਨੂੰ ਕਈ ਫ਼ੋਨ ਆਏ ਹਨ ਜਿਨ੍ਹਾਂ ਵਿੱਚ ਪੁੱਛਿਆ ਗਿਆ ਹੈ ਕਿ ਕਿਸੇ ਦੀ ਮੌਤ ਇਸ ਤਰ੍ਹਾਂ ਕਿਵੇਂ ਹੋ ਸਕਦੀ ਹੈ? ਇਸ ਦਾ ਕਾਰਨ ਕੀ ਹੈ? ਅਸੀਂ ਇਸ ਵੇਲੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਮੇਰੀ ਸੂਬਾ ਸਰਕਾਰ ਅਤੇ ਪੁਲਿਸ ਕਮਿਸ਼ਨਰ ਨੂੰ ਅਪੀਲ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਖ਼ਿਰ ਹੋਇਆ ਕੀ ਸੀ। ਪੂਰੇ ਪਰਿਵਾਰ ਦੀ ਇੱਕੋ ਨਾਲ ਮੌਤ ਦਾ ਕਾਰਨ ਕੀ ਸੀ? ਕੀ ਤਰਬੂਜ਼ ਖਾਣ ਨਾਲ ਮੌਤ ਹੋਈ ਜਾਂ ਕੋਈ ਹੋਰ ਵਜ੍ਹਾ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































