ਭਾਰਤੀ ਵਿਗਿਆਨੀ ਦਿਮਾਗ਼ ਦੇ ਆਖ਼ਰੀ ਅਣ-ਸੁਲਝੇ ਹਿੱਸੇ ਦੀ ਕਿਵੇਂ ਮੈਪਿੰਗ ਕਰ ਰਹੇ ਹਨ? ਕਿਹੜੇ ਸਵਾਲਾਂ ਦੇ ਮਿਲ ਸਕਦੇ ਹਨ ਜਵਾਬ

ਤਸਵੀਰ ਸਰੋਤ, Universal Images Group via Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਇੱਕ ਸਦੀ ਤੋਂ ਵੱਧ ਸਮੇਂ ਤੋਂ, ਨਿਓਰੋ ਵਿਗਿਆਨੀ ਬਿਲਕੁਲ ਉਸੇ ਤਰ੍ਹਾਂ ਮਨੁੱਖੀ ਦਿਮਾਗ਼ ਦਾ ਅਧਿਐਨ ਕਰ ਰਹੇ ਹਨ ਜਿਵੇਂ ਸ਼ੁਰੂਆਤੀ ਨਕਸ਼ਾਕਾਰ ਅਣਜਾਣ ਧਰਤੀਆਂ ਦਾ ਨਕਸ਼ਾ ਬਣਾਉਂਦੇ ਸਨ ਯਾਨੀ ਵੱਖ ਵੱਖ ਥਾਂਵਾਂ ਤੋਂ ਇਕੱਠੇ ਕੀਤੇ ਗਏ ਨਿਰੀਖਣਾਂ ਨੂੰ ਜੋੜ ਕੇ ਵੱਡਾ ਦ੍ਰਿਸ਼ ਤਿਆਰ ਕਰਨਾ।
ਅੱਜ ਵੀ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਦੀ ਜਾਂਚ ਕਰਨ ਵਾਲੇ ਪੈਥੋਲੋਜਿਸਟ ਆਮ ਤੌਰ 'ਤੇ ਲਗਭਗ 86 ਅਰਬ ਨਿਉਰੋਨਸ ਵਾਲੇ ਇਸ ਅੰਗ ਦੇ ਸਿਰਫ਼ ਕੁਝ ਕੁ ਟਿਸ਼ੂਆਂ ਦੀ ਹੀ ਜਾਂਚ ਕਰਦੇ ਹਨ। ਇਸ ਦਾ ਬਹੁਤ ਸਾਰਾ ਹਿੱਸਾ ਹਾਲੇ ਵੀ ਅਣਦੇਖਿਆ ਹੈ।
ਇਹੀ ਕਾਰਨ ਹੈ ਕਿ ਆਈਆਈਟੀ ਮਦਰਾਸ ਦੇ ਸੁਧਾ ਗੋਪਾਲਕ੍ਰਿਸ਼ਨਨ ਬ੍ਰੇਨ ਸੈਂਟਰ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਦਿਮਾਗ਼ ਵਿਗਿਆਨ ਦੇ ਸਭ ਤੋਂ ਵੱਡੇ ਪਾੜੇ ਨੂੰ ਭਰਨ ਵੱਲ ਇੱਕ ਅਹਿਮ ਕਦਮ ਪੁੱਟਿਆ ਹੈ।
ਵਿਗਿਆਨੀਆਂ ਨੇ ਸੈਲੂਲਰ ਰੈਜ਼ੋਲਿਊਸ਼ਨ 'ਤੇ ਮਨੁੱਖੀ ਬ੍ਰੇਨਸਟੈਮ ਦਾ ਦੁਨੀਆਂ ਦਾ ਸਭ ਤੋਂ ਵਿਸਤ੍ਰਿਤ 3ਡੀ ਡਿਜੀਟਲ ਐਟਲਸ ਤਿਆਰ ਕੀਤਾ ਹੈ। ਇਹ ਨਕਸ਼ਾ ਐਮ.ਆਰ.ਆਈ ਸਕੈਨ ਤੋਂ ਲੈ ਕੇ ਵਿਅਕਤੀਗਤ ਨਰਵ ਸੈੱਲਾਂ ਤੱਕ ਨਿਰਵਿਘਨ ਨੈਵੀਗੇਸ਼ਨ ਦੀ ਇਜਾਜ਼ਤ ਦਿੰਦਾ ਹੈ।
ਐਂਕਰ ਯਾਨੀ ਐਟਲਸ ਆਫ ਨਿਉਰੋਕੈਮੀਕਲ ਕੈਰੈਕਟਰਾਈਜ਼ੇਸ਼ਨ ਆਫ ਦਿ ਹਿਊਮਨ ਬ੍ਰੇਨਸਟੈਮ ਵਿਦ 3ਡੀ ਰੀਕੰਸਟ੍ਰਕਸ਼ਨ, ਭਰੂਣ, ਬਚਪਨ ਅਤੇ ਬਾਲਗ ਦਿਮਾਗ਼ਾਂ ਦੇ ਪੰਜ ਸੌ ਤੋਂ ਵੱਧ ਟਿਸ਼ੂ ਹਿੱਸਿਆਂ ਨੂੰ ਆਪਸ ਵਿੱਚ ਜੋੜਦਾ ਹੈ। ਇਸ ਵਿਆਪਕ 3ਡੀ ਐਟਲਸ ਦਾ ਉਦੇਸ਼ ਮਨੁੱਖੀ ਦਿਮਾਗ਼ ਦੇ ਤਣੇ ਦੀ ਨਿਉਰੋਕੈਮੀਕਲ ਬਣਤਰ ਨੂੰ ਸਮਝਣਾ ਹੈ।
ਮਹਿੰਗੀਆਂ ਮੋਲੀਕਿਊਲਰ ਤਕਨੀਕਾਂ ਦੀ ਬਜਾਏ ਉੱਚ ਰੈਜ਼ੋਲਿਉਸ਼ਨ ਵਾਲੇ ਮਾਈਕ੍ਰੋਸਕੋਪਿਕ ਚਿਤਰਾਂ ਤੋਂ ਬਣਾਇਆ ਗਿਆ ਇਹ ਨਕਸ਼ਾ ਬ੍ਰੇਨਸਟੈਮ ਦਾ ਇੱਕ ਵਿਸ੍ਰਤਿਤ 3ਡੀ ਨਕਸ਼ਾ ਤਿਆਰ ਕਰਦਾ ਹੈ ਜੋ ਦਿਮਾਗੀ ਸੈੱਲਾਂ ਅਤੇ ਨਾੜੀਆਂ ਦੇ ਰਸਤਿਆਂ ਦੇ ਦੋ ਸੌ ਤੋਂ ਵੱਧ ਸਮੂਹਾਂ ਦੀ ਪਛਾਣ ਕਰਦਾ ਹੈ।
ਅੱਠ ਕੈਮੀਕਲ ਮਾਰਕਰ ਵੱਖ-ਵੱਖ ਕਿਸਮਾਂ ਦੇ ਸੈੱਲਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੇ ਹਨ ਜਿਸ ਨਾਲ ਦਿਮਾਗ਼ ਦੇ ਇਸ ਮਹੱਤਵਪੂਰਨ ਪਰ ਘੱਟ ਸਮਝੇ ਗਏ ਹਿੱਸੇ ਦੀ ਹੁਣ ਤੱਕ ਦੀ ਸਭ ਤੋਂ ਸਪਸ਼ਟ ਤਸਵੀਰ ਸਾਹਮਣੇ ਆਉਂਦੀ ਹੈ।
ਬ੍ਰੇਨਸਟੈਮ ਦਿਮਾਗ਼ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ ਫਿਰ ਵੀ ਇਹ ਇਨਸਾਨ ਨੂੰ ਜਿਉਂਦਾ ਰੱਖਦਾ ਹੈ। ਇਹ ਦਿਮਾਗ਼ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਦਾ ਹੈ ਅਤੇ ਸਾਹ ਲੈਣ, ਦਿਲ ਦੀ ਧੜਕਣ, ਸੌਣ, ਜਾਗਣ ਅਤੇ ਹਰਕਤ ਨੂੰ ਕੰਟਰੋਲ ਕਰਦਾ ਹੈ।
ਇਸ ਦੇ ਅੰਦਰ ਮੌਜੂਦ ਸੈੱਲਾਂ ਦੇ ਛੋਟੇ ਛੋਟੇ ਸਮੂਹਾਂ ਨੂੰ ਨੁਕਸਾਨ ਪਹੁੰਚਣਾ ਜਾਨਲੇਵਾ ਸਾਬਿਤ ਹੋ ਸਕਦਾ ਹੈ, ਪਰ ਇਸ ਹਿੱਸੇ ਦੀ ਸੰਘਣੀ ਬਣਤਰ ਕਾਰਨ ਇਸ ਦਾ ਵਿਸਤ੍ਰਿਤ ਨਕਸ਼ਾ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਨਾਕਾਮ ਰਹੀਆਂ ਹਨ।
ਐਂਕਰ ਦੀ ਅਹਿਮੀਅਤ ਸਿਰਫ਼ ਇੱਕ ਹਰ ਸਰੀਰਕ ਨਕਸ਼ਾ ਤਿਆਰ ਕਰਨ ਵਿੱਚ ਨਹੀਂ ਹੈ, ਸਗੋਂ ਦੋ ਅਜਿਹੀਆਂ ਦੁਨੀਆਵਾਂ ਨੂੰ ਆਪਸ ਵਿਚ ਜੋੜਨ 'ਚ ਹੈ ਜੋ ਹੁਣ ਤੱਕ ਕਾਫ਼ੀ ਹੱਦ ਤੱਕ ਵੱਖਰੀਆਂ ਰਹੀਆਂ ਹਨ: ਮੈਡੀਕਲ ਇਮੇਜਿੰਗ, ਜੋ ਦਿਮਾਗ਼ ਨੂੰ ਸਮੁੱਚੇ ਰੂਪ ਵਿੱਚ ਦਿਖਾਉਂਦੀ ਹੈ ਅਤੇ ਸੈਲੁਲਰ ਪੈਥੋਲੋਜੀ ਜੋ ਇਸ ਨੂੰ ਇੱਕ ਇੱਕ ਸੈੱਲ ਕਰਕੇ ਸਾਹਮਣੇ ਲਿਆਉਂਦੀ ਹੈ।
ਭਾਰਤੀ ਵਿਗਿਆਨੀਆਂ ਦੀ ਇਹ ਖੋਜ ਕਿੰਨੀ ਅਹਿਮ ਹੈ ?

ਤਸਵੀਰ ਸਰੋਤ, SGBC
ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੇ ਨਿਓਰੋਸਾਇੰਟਿਸਟ ਸ਼ੁਭਾ ਤੋਲੇ ਇਸ ਪ੍ਰੋਜੈਕਟ ਨੂੰ ਇੰਜੀਨੀਅਰਿੰਗ, ਨਿਉਰੋਸਾਇੰਸ ਅਤੇ ਮੈਡੀਸਨ ਦਾ ਇੱਕ ਬੇਮਿਸਾਲ ਸੁਮੇਲ ਦੱਸਦਿਆਂ ਭਾਰਤ ਦਾ ਕੌਮਾਂਤਰੀ ਪੱਧਰ 'ਤੇ ਪੇਸ਼ ਕਰਨ ਵਾਲਾ ਦੂਰਦਰਸ਼ੀ ਪ੍ਰੋਗਰਾਮ ਦੱਸਦੇ ਹਨ।
ਆਮ ਤੌਰ 'ਤੇ ਡਾਕਟਰ ਪੋਸਟਮਾਰਟਮ ਵੇਲੇ ਪੂਰੇ ਦਿਮਾਗ਼ ਦੀ ਜਾਂਚ ਕਰਕੇ ਜਾਂ ਨਿਉਰੋਸਰਜਰੀ ਦੌਰਾਨ ਕੱਢੇ ਗਏ ਟਿਸ਼ੂਆਂ ਤੋਂ ਕੰਮ ਸ਼ੁਰੂ ਕਰਦੇ ਹਨ। ਇੱਕ ਬਾਲਗ ਦਾ ਦਿਮਾਗ਼ ਤਕਰੀਬਨ 1.2 ਕਿਲੋ ਤੋਂ 1.5 ਕਿੱਲੋ ਤੱਕ ਦਾ ਹੁੰਦਾ ਹੈ। ਮਾਈਕ੍ਰੋਸਕੋਪਿਕ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੀਆਂ ਪਰਤਾਂ ਅਤੇ ਮੁੱਖ ਬਣਤਰਾਂ ਕਈ ਮਹੱਤਵਪੂਰਨ ਸੁਰਾਗ ਦੇ ਸਕਦੀਆਂ ਹਨ।
ਹਾਰਵਰਡ ਮੈਡੀਕਲ ਸਕੂਲ ਤੇ ਨਿਊਯਾਰਕ ਯੁਨੀਵਰਸਿਟੀ ਨਾਲ ਜੁੜੀ ਅਤੇ ਐਸਜੀਬੀਸੀ ਟੀਮ ਨਾਲ ਮਿਲ ਕੇ ਕੰਮ ਕਰ ਚੁੱਕੀ ਰੇਬੇਕਾ ਫੋਲਕਰਥ ਕਹਿੰਦੀ ਹੈ, "ਇੱਕ ਨਿਉਰੋ ਪੈਥੋਲੋਜਿਸਟ ਵਜੋਂ ਮੈਂ ਮਾਈਕ੍ਰੋਸਕੋਪ ਦੇ ਹੇਠਾਂ ਛੋਟੇ ਟੁਕੜਿਆਂ ਨੂੰ ਦੇਖਣ ਤੋਂ ਪਹਿਲਾਂ ਨੰਗੀ ਅੱਖ ਨਾਲ ਪੂਰੇ ਦਿਮਾਗ਼ ਦੀ ਜਾਂਚ ਕਰਕੇ ਸ਼ੁਰੂਆਤ ਕਰਦੀ ਹਾਂ।"
ਅਲਜ਼ਾਈਮਰ ਦੀ ਬਿਮਾਰੀ ਲਈ ਅਸੀਂ ਸ਼ਾਇਦ ਸਿਰਫ਼ 15 ਤੋਂ 20 ਹਿੱਸਿਆਂ ਦੀ ਹੀ ਜਾਂਚ ਕਰ ਪਾਉਂਦੇ ਹਾਂ ਜੋ ਕਿ ਪੂਰੇ ਅੰਗ ਦਾ ਸਿਰਫ਼ ਇੱਕ ਫ਼ੀਸਦੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ।
ਇੱਕ ਸਦੀ ਤੋਂ ਵੀ ਪਹਿਲਾਂ ਸਪੇਨ ਦੇ ਨਿਉਰੋ ਵਿਗਿਆਨੀ ਸੈਂਟੀਆਗੋ ਰਾਮੋਨ ਵਾਈ ਕਾਹਲ ਦੇ ਮੋਹਰੀ ਕੰਮ ਤੋਂ ਬਾਅਦ ਇਹੋ ਤਰੀਕਾ ਚੱਲਦਾ ਆ ਰਿਹਾ ਹੈ। ਆਧੁਨਿਕ ਐਮ.ਆਰ.ਆਈ ਪੂਰੇ ਦਿਮਾਗ ਨੂੰ ਤਾਂ ਦਿਖਾਉਂਦੀ ਹੈ ਪਰ ਉਸ ਵਿੱਚ ਸੈੱਲਾਂ ਦੀ ਬਰੀਕੀ ਨਹੀਂ ਹੁੰਦੀ- ਮਾਈਕ੍ਰੋਸਕੋਪ ਵਿਅਕਤੀਗਤ ਸੈੱਲਾਂ ਨੂੰ ਤਾਂ ਦਿਖਾਉਂਦੇ ਹਨ ਪਰ ਸਿਰਫ਼ ਵੱਖਰੇ ਕੀਤੇ ਗਏ ਟੁਕੜਿਆਂ ਵਿੱਚ।
ਤਿੰਨ ਦਹਾਕਿਆਂ ਤੋਂ ਵੱਧ ਦਿਮਾਗਾਂ ਦੀ ਜਾਂਚ ਕਰ ਚੁੱਕੇ ਫੋਲਕਰਥ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤੀ ਕੇਂਦਰ ਵੱਲੋਂ ਵਿਕਸਤ ਤਕਨੀਕ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਸੁਫ਼ਨੇ ਨੂੰ ਪੂਰਾ ਕਰਦੀ ਹੈ, ਜੋ ਦਿਮਾਗ਼ ਦੇ ਸਕੈਨ ਨੂੰ ਮਾਈਕ੍ਰੋਸਕੋਪਿਕ ਬਣਤਰ ਨਾਲ ਮੇਲਣਾ ਸੀ।
ਐਂਕਰ ਬ੍ਰੇਨਸਟੈਮ ਦੇ ਪੂਰੇ ਦ੍ਰਿਸ਼ ਤੋਂ ਲੈ ਕੇ ਇੱਕ ਇੱਕ ਨਿਉਰੋਨ ਤੱਕ ਸਹੀ ਸਥਾਨਿਕ ਸੰਬੰਧਾਂ ਨੂੰ ਬਰਕਰਾਰ ਰੱਖਦਿਆਂ ਜ਼ੂਮ ਕਰਨ ਦੀ ਸਹੂਲਤ ਦਿੰਦਾ ਹੈ। ਖੋਜਕਰਤਾਵਾਂ ਨੇ ਇਸ ਐਟਲਸ ਨੂੰ ਦੁਨੀਆਂ ਭਰ ਦੇ ਨਿਉਰੋ ਵਿਗਿਆਨੀਆਂ, ਨਿਉਰੋਲੋਜਿਸਟਾਂ ਅਤੇ ਨਿਉਰੋਸਰਜਨਾਂ ਲਈ ਇੱਕ ਹਵਾਲਾ ਸਾਧਨ ਵਜੋਂ ਮੁਫਤ ਮੁਹੱਈਆ ਕਰਵਾਇਆ ਹੈ।
"ਵਿਗਿਆਨਕ ਖੋਜ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ"

ਤਸਵੀਰ ਸਰੋਤ, Getty Images
ਇਸ ਦੇ ਉਪਯੋਗ ਸਰੀਰਕ ਬਣਤਰ ਤੋਂ ਕਿਤੇ ਵਧ ਕੇ ਹੋ ਸਕਦੇ ਹਨ।
ਤੰਦਰੁਸਤ ਬ੍ਰੇਨਸਟੈਮ ਦੇ ਨਕਸ਼ਿਆਂ ਦੀ ਤੁਲਨਾ ਬਿਮਾਰ ਟਿਸ਼ੂਆਂ ਨਾਲ ਕਰਕੇ ਵਿਗਿਆਨੀ ਪਾਰਕਿੰਸਨਸ, ਸਟ੍ਰੋਕ, ਅਲਜ਼ਾਈਮਰ ਅਤੇ ਸਡਨ ਇਨਫੈਂਟ ਡੈੱਡ ਸਿੰਡਰੋਮ ਜਿਹੀਆਂ ਸਥਿਤੀਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਨ। ਵਧੇਰੇ ਸਪਸ਼ਟ ਨਕਸ਼ੇ ਨਿਉਰੋਸਰਜਨਾਂ ਨੂੰ ਦਿਮਾਗ਼ ਦੇ ਸਭ ਤੋਂ ਨਾਜ਼ੁਕ ਹਿੱਸਿਆਂ ਵਿਚੋਂ ਇੱਕ ਵਿਚ ਜ਼ਿਆਦਾ ਭਰੋਸੇ ਨਾਲ ਸਰਜਰੀ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ।
ਐਂਕਰ ਕੋਈ ਬਿਮਾਰੀ ਦੀ ਜਾਂਚ ਕਰਨ ਵਾਲਾ ਸਾਧਨ ਨਹੀਂ ਹੈ। ਬਲਕਿ ਇਸ ਦਾ ਸਭ ਤੋਂ ਵੱਡਾ ਮਹੱਤਵ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਿੱਚ ਹੈ ਜਿਨ੍ਹਾਂ ਨੂੰ ਸੁਲਝਾਉਣ ਵਿੱਚ ਇਹ ਮਦਦ ਕਰ ਸਕਦਾ ਹੈ।
ਐਸਜੀਬੀਸੀ ਨਾਲ ਕੰਮ ਕਰਨ ਵਾਲੇ ਅਤੇ ਨਿਊਯਾਰਕ ਦੇ ਵੱਕਾਰੀ ਕੋਲਡ ਸਪ੍ਰਿੰਗ ਹਾਰਬਰ ਲੈਬਾਰਟਰੀ ਦੇ ਦਿਮਾਗ਼ ਵਿਗਿਆਨੀ ਪਾਰਥਾ ਮਿਤਰਾ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਵਿਸਤ੍ਰਿਤ ਬ੍ਰੇਨ ਐਟਲਸ ਨਿਉਰੋਲੋਜੀਕਲ ਬਿਮਾਰੀਆਂ ਦੇ ਅਧਿਐਨ 'ਤੇ ਇੱਕ ਕ੍ਰਾਂਤੀਕਾਰੀ ਪ੍ਰਭਾਵ ਪਾ ਸਕਦੇ ਹਨ। ਇਹ ਇੱਕ ਇੱਕ ਸੈੱਲ ਦੇ ਪੱਧਰ 'ਤੇ ਸਾਹਮਣੇ ਲਿਆ ਸਕਦੇ ਹਨ ਕਿ ਅਲਜ਼ਾਈਮਰ ਜਾਂ ਆਟਿਜ਼ਮ ਜਿਹੀਆਂ ਸਥਿਤੀਆਂ ਤੋਂ ਪ੍ਰਭਾਵਿਤ ਦਿਮਾਗ਼, ਤੰਦਰੁਸਤ ਦਿਮਾਗ਼ਾਂ ਨਾਲੋਂ ਕਿਵੇਂ ਵੱਖਰੇ ਹੁੰਦੇ ਹਨ।
ਮਿਤਰਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਐਟਲਸ ਇਹ ਸਮਝਾਉਣ ਵਿੱਚ ਵੀ ਮਦਦ ਕਰ ਸਕਦੇ ਹਨ ਕਿ ਕੋਵਿਡ 19 ਸਮੇਤ ਹੋਰ ਇਨਫੈਕਸ਼ਨਾਂ ਕਿਵੇਂ ਲੰਬੇ ਸਮੇਂ ਲਈ ਦਿਮਾਗੀ ਨੁਕਸਾਨ ਪਹੁੰਚਾਉਂਦੀਆਂ ਹਨ।
ਬ੍ਰੇਨ ਸਟ੍ਰੋਕ ਦੀ ਉਦਾਹਰਨ ਦਿੰਦਿਆਂ ਫੋਲਕਰਥ ਕਹਿੰਦੇ ਹਨ ਕਿ ਇਸ ਐਟਲਸ ਨੇ ਅਜਿਹੇ ਨਵੇਂ ਲੱਛਣਾਂ ਜਾਂ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ ਜੋ ਡਾਕਟਰਾਂ ਨੂੰ ਦਿਮਾਗ਼ ਦੇ ਉਸ ਹਿੱਸੇ ਨੂੰ ਬਚਾਉਣ ਵਿੱਚ ਮਦਦ ਕਰ ਸਕਦੇ ਹਨ ਜੋ ਜ਼ਖਮੀ ਤਾਂ ਹੈ ਪਰ ਹਾਲੇ ਪੂਰੀ ਤਰਾਂ ਖ਼ਰਾਬ ਨਹੀਂ ਹੋਇਆ ਜਿਸ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਦੂਜੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਐਟਲਸ ਨਿਉਰੋਸਰਜਨਾਂ ਨੂੰ ਬ੍ਰੇਨਸਟੈਮ ਵਿੱਚ ਵਧੇਰੇ ਸੁਰੱਖਿਅਤ ਤਰੀਕੇ ਨਾਲ ਸਰਜਰੀ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।
ਇਸ ਐਟਲਸ ਦੀ ਖਿੱਚ ਦਾ ਇੱਕ ਕਾਰਨ ਇਸ ਦੀ ਸਾਦਗੀ ਵਿੱਚ ਹੈ। ਪੋਸਟਮਾਰਟਮ ਕੀਤੇ ਗਏ ਦਿਮਾਗ਼ ਦੇ ਟਿਸ਼ੂਆਂ ਦੀਆਂ ਬਾਰੀਕ ਪਰਤਾਂ ਦੇ ਉੱਚ ਰੈਜ਼ੋਲਿਉਸ਼ਨ ਵਾਲੇ ਚਿਤਰਾਂ ਤੋਂ ਬਣਾਇਆ ਗਿਆ ਇਹ ਤਰੀਕਾ ਸੈੱਲ ਪੱਧਰ ਦੀ ਵਿਸਤ੍ਰਿਤ ਮੇਪਿੰਗ ਨੂੰ ਕਿਫਾਇਤੀ ਬਣਾਉਂਦਾ ਹੈ।
ਮਿਤਰਾ ਮੁਤਾਬਕ, ਇਸ ਤਕਨੀਕ ਨੇ ਮਨੁੱਖੀ ਬ੍ਰੇਨਸਟੈਮ ਦਾ ਅਣਪਛਾਤੇ ਪੈਮਾਨੇ 'ਤੇ ਨਕਸ਼ਾ ਤਿਆਰ ਕਰਨਾ ਸੰਭਵ ਬਣਾ ਦਿੱਤਾ ਹੈ। ਇਹ ਪ੍ਰਾਪਤੀ, ਵਿਗਿਆਨਕ ਖੋਜ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਇਹ ਪ੍ਰਾਪਤੀ ਦਿਮਾਗ਼ ਦੇ ਵਿਗਿਆਨ ਵਿੱਚ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ, ਜਿੱਥੇ ਤਰੱਕੀ ਹੁਣ ਜੀਵ-ਵਿਗਿਆਨ ਦੇ ਨਾਲ ਨਾਲ ਇੰਜੀਨੀਅਰਿੰਗ ਅਤੇ ਕੰਪਿਉਟੇਸ਼ਨ 'ਤੇ ਵੀ ਬਰਾਬਰ ਨਿਰਭਰ ਕਰਦੀ ਹੈ।
ਐਸਜੀਬੀਸੀ ਵਿਖੇ ਲਗਭਗ ਵੀਹ ਵਿਗਿਆਨੀਆਂ ਨੇ ਅਠਾਰਾਂ ਮਹੀਨਿਆਂ ਵਿੱਚ ਦੋ ਸੌ ਤੋਂ ਵੱਧ ਦਿਮਾਗੀ ਹਿੱਸਿਆਂ ਦਾ ਵਿਸ਼ਲੇਸ਼ਣ ਕਰਕੇ ਐਮਆਰਆਈ ਅਤੇ 3ਡੀ ਰੀਕੰਸਟ੍ਰਕਸ਼ਨ ਰਾਹੀਂ ਇੱਕ ਡਿਜੀਟਲ ਐਟਲਸ ਤਿਆਰ ਕੀਤਾ ਹੈ। ਇਹ ਕੇਂਦਰ ਹੁਣ 200 ਤੋਂ ਵੱਧ ਖੋਜਕਰਤਾਵਾਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ ਜੋ ਦੁਨੀਆਂ ਭਰ ਦੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਇਹ ਨਤੀਜਾ ਨਿਉਰੋ ਵਿਗਿਆਨ ਵਿੱਚ ਇੱਕ ਅਹਿਮ ਪਾੜੇ ਨੂੰ ਭਰਨ ਵਿੱਚ ਮਦਦ ਕਰਦਾ ਹੈ।
"ਇੱਕ ਅਜਿਹਾ ਹਿੱਸਾ ਹੈ ਜੋ ਸ਼ਾਇਦ ਦਿਮਾਗ਼ ਦੀ ਮੈਪਿੰਗ ਦੀ ਅਗਲੀ ਪੀੜ੍ਹੀ ਨੂੰ ਪਰਭਾਸ਼ਿਤ ਕਰੇਗਾ"

ਤਸਵੀਰ ਸਰੋਤ, SGBC
ਐਸਜੀਬੀਸੀ ਦੇ ਮੁਖੀ ਮੋਹਨਸੰਕਰ ਸਿਵਾਪ੍ਰਕਾਸਮ ਨੇ ਬੀਬੀਸੀ ਨੂੰ ਦੱਸਿਆ ਕਿ ਵਿਗਿਆਨੀਆਂ ਨੇ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ ਦੇ ਦਿਮਾਗ਼ ਦਾ ਬਾਰੀਕੀ ਨਾਲ ਬਹੁਤ ਹੀ ਸ਼ਾਨਦਾਰ ਨਕਸ਼ਾ ਤਿਆਰ ਕੀਤਾ ਹੈ ਪਰ ਮਨੁੱਖੀ ਦਿਮਾਗ਼ ਦਾ ਅਧਿਐਨ ਇਸ ਦੇ ਮੁਕਾਬਲੇ ਹਾਲੇ ਵੀ ਕਾਫ਼ੀ ਘੱਟ ਹੋਇਆ ਹੈ ਕਿਉਂਕਿ ਮਨੁੱਖੀ ਦਿਮਾਗ਼ ਦੇ ਟਿਸ਼ੂਆਂ ਦੇ ਵਿਸਤ੍ਰਿਤ ਅਧਿਐਨ ਬਹੁਤ ਘੱਟ ਹਨ।
ਵਿਗਿਆਨੀਆਂ ਕੋਲ ਬ੍ਰੇਨ ਐਟਲਸ ਦੀ ਕੋਈ ਕਮੀ ਨਹੀਂ ਰਹੀ ਕਿਉਂਕਿ ਮਿਤਰਾ ਮੁਤਾਬਕ ਵੱਖ ਵੱਖ ਐਟਲਸ ਵੱਖ-ਵੱਖ ਕੰਮ ਕਰਦੇ ਹਨ। ਇਹ ਬਿਆਨ ਦਿਮਾਗ਼ ਦੀ ਖੋਜ ਵਿੱਚ ਵਰਤੋ ਜਾਂਦੇ ਵੱਖ ਵੱਖ ਸਾਧਨਾਂ 'ਤੇ ਰੌਸ਼ਨੀ ਪਾਉਂਦਾ ਹੈ।
ਐਮ.ਆਈ.ਆਈ ਅਧਾਰਿਤ ਐਟਲਸ ਦਿਮਾਗ਼ ਦੀ ਵਿਸ਼ਾਲ ਬਣਤਰ ਨੂੰ ਤਾਂ ਫੜਦੇ ਹਨ ਪਰ ਵਿਅਕਤੀਗਤ ਸੈੱਲਾਂ ਨੂੰ ਨਹੀਂ। ਹਿਸਟੋਲੋਜੀਕਲ ਐਟਲਸ ਟਿਸ਼ੂ ਦੀਆਂ ਪਰਤਾਂ ਦੇ ਮਾਈਕ੍ਰੋਸਕੋਪਿਕ ਚਿਤਰਾਂ ਦੀ ਵਰਤੋਂ ਕਰਕੇ ਸੈਲੂਲਰ ਰੈਜ਼ੋਲਿਊਸ਼ਨ 'ਤੇ ਇਸ ਦੀ ਬਣਤਰ ਦਾ ਨਕਸ਼ਾ ਤਿਆਰ ਕਰਦੇ ਹਨ। ਨਵੀਆਂ ਮੌਲੀਕਿਉਲਰ ਪਹੁੰਚਾਂ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੀਆਂ ਹਨ, ਜੋ ਹਰ ਸੈੱਲ ਦੀ ਸਹੀ ਪਛਾਣ ਕਰਦੀਆਂ ਹਨ।
ਪਰ ਵਿਗਿਆਨੀ ਹਾਲੇ ਵੀ ਇਸ ਬਾਰੇ ਬਹੁਤ ਘੱਟ ਜਾਣਦੇ ਹਨ ਕਿ ਦਿਮਾਗ਼ ਦੇ ਲਗਭਗ ਵੀਹ ਹਜ਼ਾਰ ਪ੍ਰੋਟੀਨ ਵੱਖ-ਵੱਖ ਹਿੱਸਿਆਂ ਅਤੇ ਸੈੱਲਾਂ ਦੀਆਂ ਕਿਸਮਾਂ ਵਿੱਚ ਕਿਵੇਂ ਵੰਡੇ ਹੋਏ ਹਨ- ਇਹ ਇੱਕ ਅਜਿਹਾ ਹਿੱਸਾ ਹੈ ਜੋ ਸ਼ਾਇਦ ਦਿਮਾਗ਼ ਦੀ ਮੈਪਿੰਗ ਦੀ ਅਗਲੀ ਪੀੜ੍ਹੀ ਨੂੰ ਪਰਭਾਸ਼ਿਤ ਕਰੇਗੀ।
ਫੋਲਕਰਥ ਕਹਿੰਦੇ ਹਨ, "ਹਰ ਦਿਮਾਗ਼ ਨਵੇਂ ਗਿਆਨ ਦਾ ਇੱਕ ਖਜ਼ਾਨਾ ਹੈ।"
ਐਸਜੀਬੀਸੀ ਹੁਣ ਜੀਵਨ ਦੇ ਵੱਖ-ਵੱਖ ਪੜਾਵਾਂ ਅਤੇ ਅਲਜ਼ਾਈਮਰ ਤੇ ਡੇਮੈਂਸ਼ੀਆ ਸਮੇਤ ਨਿਉਰੋਲੋਜੀਕਲ ਵਿਕਾਰਾਂ ਨਾਲ ਪ੍ਰਭਾਵਿਤ ਸੌ ਤੋਂ ਵੱਧ ਪੂਰੇ ਮਨੁੱਖੀ ਦਿਮਾਗ਼ਾਂ ਦੇ ਚਿੱਤਰ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇੱਕ ਅਜਿਹੀ ਰੈਫਰੈਂਸ ਲਾਈਬ੍ਰੇਰੀ ਬਣਾਈ ਜਾ ਸਕੇ ਜੋ ਇਸ ਖੁਲਾਸਾ ਕਰ ਸਕੇ ਕਿ ਬਿਮਾਰੀ ਕਿਵੇਂ ਦਿਮਾਗ਼ ਨੂੰ ਇੱਕ ਇੱਕ ਸੈੱਲ ਦੇ ਪੱਧਰ 'ਤੇ ਬਦਲਦੀ ਹੈ।
ਨਵਾਂ ਐਟਲਸ ਮਨੁੱਖੀ ਦਿਮਾਗ਼ ਦੇ ਰਹੱਸਾਂ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰੇਗਾ, ਪਰ ਵਿਗਿਆਨੀਆਂ ਨੂੰ ਇੱਕ ਬਹੁਤ ਜ਼ਿਆਦਾ ਵਿਸਤ੍ਰਿਤ ਨਕਸ਼ਾ ਦੇ ਕੇ ਇਹ ਉਨ੍ਹਾਂ ਨੂੰ ਬਿਹਤਰ ਸਵਾਲ ਪੁੱਛਣ ਅਤੇ ਉਨ੍ਹਾਂ ਦੇ ਜਵਾਬ ਲੱਭਣ ਵਿੱਚ ਮਦਦ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












