ਅਯੁੱਧਿਆ ਰਾਮ ਮੰਦਿਰ ਚੜ੍ਹਾਵਾ ਮਾਮਲਾ: ਜੂਨ ਮਹੀਨੇ ਦੀ ਸ਼ੁਰੂਆਤ ਤੋਂ ਆਖ਼ਰ ਤੱਕ ਕੀ-ਕੀ ਹੋਇਆ?

ਤਸਵੀਰ ਸਰੋਤ, Getty Images
ਅਯੁੱਧਿਆ ਦੇ ਰਾਮ ਮੰਦਿਰ ਵਿੱਚ ਚੰਦੇ ਅਤੇ ਚੜ੍ਹਾਵੇ ਦੀ ਕਥਿਤ ਚੋਰੀ ਅਤੇ ਗੜਬੜੀ ਦੇ ਮਾਮਲੇ ਵਿੱਚ ਐਸਆਈਟੀ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਨ੍ਹਾਂ ਅੱਠਾਂ ਮੁਲਜ਼ਮਾਂ ਦੀ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਲੰਘੇ ਸੋਮਵਾਰ, 29 ਜੂਨ ਨੂੰ ਉਨ੍ਹਾਂ ਨੂੰ ਮੁੜ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮੁਲਜ਼ਮਾਂ ਦੀ ਪਿਛਲੀ ਨਿਆਂਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਵਿਸ਼ੇਸ਼ ਜੱਜ ਰਜਤ ਵਰਮਾ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਇਨ੍ਹਾਂ ਅੱਠਾਂ ਮੁਲਜ਼ਮਾਂ ਨੂੰ ਇੱਕ ਵਿਸ਼ੇਸ਼ ਮੈਜਿਸਟ੍ਰੇਟ ਨੇ ਸੋਮਵਾਰ ਤੱਕ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ।
ਸੋਮਵਾਰ, 29 ਜੂਨ ਨੂੰ ਹੀ ਫ਼ੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਆਮ ਸਭਾ ਦੀ ਬੈਠਕ ਵਿੱਚ ਰਾਮ ਮੰਦਿਰ ਮਾਮਲੇ ਦੇ ਮੁਲਜ਼ਮਾਂ ਦੀ ਪੈਰਵੀ ਨਾ ਕਰਨ ਦਾ ਫ਼ੈਸਲਾ ਕੀਤਾ ਸੀ।
ਬਾਰ ਐਸੋਸੀਏਸ਼ਨ ਨੇ ਇਹ ਵੀ ਤੈਅ ਕੀਤਾ ਕਿ ਜੇਕਰ ਉਸ ਦਾ ਕੋਈ ਮੈਂਬਰ ਇਨ੍ਹਾਂ ਮੁਲਜ਼ਮਾਂ ਤਰਫ਼ੋਂ ਪੈਰਵੀ ਕਰਦਾ ਹੈ, ਤਾਂ ਉਸ 'ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਜਾਵੇਗੀ।
ਅਯੁੱਧਿਆ ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਗੜਬੜੀ ਦਾ ਮੁੱਦਾ ਜੂਨ ਮਹੀਨੇ ਵਿੱਚ ਕਾਫ਼ੀ ਚਰਚਾ ਵਿੱਚ ਰਿਹਾ। ਤਪਦੀ ਗਰਮੀ ਦੇ ਜੂਨ ਮਹੀਨੇ ਵਿੱਚ ਇਸ ਮੁੱਦੇ ਨੇ ਸਿਆਸੀ ਪਾਰਾ ਵੀ ਚੜ੍ਹਾ ਦਿੱਤਾ, ਜਿਸ 'ਤੇ ਕਾਫ਼ੀ ਸਿਆਸੀ ਬਿਆਨਬਾਜ਼ੀ ਵੀ ਹੁੰਦੀ ਰਹੀ।
ਆਓ ਜਾਣਦੇ ਹਾਂ ਇਸ ਮਾਮਲੇ ਦੀ ਸ਼ੁਰੂਆਤ ਕਦੋਂ ਅਤੇ ਕਿੱਥੋਂ ਹੋਈ।

ਤਸਵੀਰ ਸਰੋਤ, ANI
ਜੂਨ ਦੀ ਸ਼ੁਰੂਆਤ
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜੂਨ ਦੀ ਸ਼ੁਰੂਆਤ ਵਿੱਚ ਰਾਮ ਮੰਦਿਰ ਦੇ ਦਾਨ ਪਾਤਰ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਦੇ ਗਾਇਬ ਹੋਣ ਦੇ ਖਦਸ਼ੇ ਜਤਾਏ ਗਏ ਸਨ।
ਜਿਸ ਤੋਂ ਬਾਅਦ ਇਸ ਮੁੱਦੇ 'ਤੇ ਅਯੁੱਧਿਆ ਦੇ ਸਥਾਨਕ ਆਗੂਆਂ ਵਿਚਾਲੇ ਇਲਜ਼ਾਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
7 ਜੂਨ: ਅਖਿਲੇਸ਼ ਯਾਦਵ ਨੇ ਲਗਾਏ ਇਲਜ਼ਾਮ
ਅਯੁੱਧਿਆ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਵਿਧਾਇਕ ਪਵਨ ਪਾਂਡੇ ਨੇ ਵੀ ਚੜ੍ਹਾਵੇ ਦੀ ਕਥਿਤ ਚੋਰੀ ਦਾ ਮੁੱਦਾ ਚੁੱਕਿਆ, ਜਿਸ ਤੋਂ ਬਾਅਦ ਸਪਾ ਮੁਖੀ ਅਖਿਲੇਸ਼ ਯਾਦਵ ਨੇ ਇਸ ਮੁੱਦੇ 'ਤੇ ਕਈ ਮੰਗਾਂ ਕੀਤੀਆਂ।
ਅਖਿਲੇਸ਼ ਨੇ ਐਕਸ 'ਤੇ ਪੋਸਟ ਕਰਕੇ ਦਾਅਵਾ ਕੀਤਾ ਕਿ 'ਰਾਮ ਮੰਦਿਰ' ਦੇ ਚੜ੍ਹਾਵੇ ਦੀ ਕਰੋੜਾਂ ਰੁਪਏ ਦੀ ਰਕਮ ਗਾਇਬ ਮਿਲੀ ਹੈ।
ਉਨ੍ਹਾਂ ਨੇ ਲਿਖਿਆ, "ਸਮੁੱਚੇ ਸੰਸਾਰ ਵਿੱਚ ਭਗਵਾਨ ਰਾਮ ਦੇ ਭਗਤਾਂ ਲਈ ਇਹ ਬਹੁਤ ਹੀ ਸੰਵੇਦਨਸ਼ੀਲ ਖ਼ਬਰ ਹੈ ਕਿ 'ਰਾਮ ਮੰਦਿਰ' ਦੇ ਚੜ੍ਹਾਵੇ ਦੀ ਕਰੋੜਾਂ ਰੁਪਏ ਦੀ ਰਕਮ ਗਾਇਬ ਪਾਈ ਗਈ ਹੈ। ਇਹ ਮੰਦਿਰ ਟਰੱਸਟ ਲਈ ਬੇਹੱਦ ਸ਼ਰਮਨਾਕ ਸਥਿਤੀ ਹੈ। ਕੋਈ ਵੀ ਸਫ਼ਾਈ ਦੇਣ ਲਈ ਸਾਹਮਣੇ ਨਹੀਂ ਆ ਰਿਹਾ ਹੈ।"
"ਅਦਾਲਤ ਤੋਂ ਸੁਤੰਤਰ ਤੌਰ 'ਤੇ ਨੋਟਿਸ ਲੈਣ ਦੀ ਮੰਗ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਵਿਸ਼ਵ ਪੱਧਰ 'ਤੇ ਸਮੁੱਚੇ ਸਨਾਤਨੀ ਸਮਾਜ ਦੀ ਭਗਵਾਨ ਰਾਮ ਵਿੱਚ ਡੂੰਘੀ ਆਸਥਾ ਨਾਲ ਜੁੜਿਆ ਹੋਇਆ ਹੈ। ਸਰਕਾਰ ਦੀ ਚੁੱਪੀ ਸ਼ੱਕੀ ਹੈ।"

ਤਸਵੀਰ ਸਰੋਤ, Deepak Gupta/Hindustan Times via Getty Images
8-11 ਜੂਨ: ਇੱਕ-ਦੂਜੇ 'ਤੇ ਇਲਜ਼ਾਮਾਂ ਦਾ ਸਿਲਸਿਲਾ
ਇਸ ਤੋਂ ਬਾਅਦ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਇਲਜ਼ਾਮਾਂ ਦਾ ਦੌਰ ਜਾਰੀ ਰਿਹਾ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਮੰਤਰੀ ਚੰਪਤ ਰਾਏ ਨੇ ਇੱਕ ਵੀਡੀਓ ਜਾਰੀ ਕਰਕੇ ਚੜ੍ਹਾਵੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ।
ਕਈ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਰਜਨੀਸ਼ ਸਿੰਘ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਮੰਗ ਕੀਤੀ।
ਇਨ੍ਹਾਂ ਹੀ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪੀਐਮਓ ਨੇ ਟਰੱਸਟ ਤੋਂ ਰਿਪੋਰਟ ਮੰਗੀ ਸੀ।
13 ਜੂਨ: ਐਸਆਈਟੀ ਦਾ ਗਠਨ

ਤਸਵੀਰ ਸਰੋਤ, ANI
ਇਸ ਵਿਵਾਦ ਦੇ ਵਧਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਦਲ (ਐਸਆਈਟੀ) ਦੇ ਗਠਨ ਦਾ ਐਲਾਨ ਕੀਤਾ।
ਐਸਆਈਟੀ ਵਿੱਚ ਆਈਏਐਸ ਵਿਜੈ ਵਿਸ਼ਵਾਸ ਪੰਤ, ਆਈਪੀਐਸ ਕਿਰਣ ਐਸ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਸ਼ਾਮਲ ਸਨ। 15 ਜੂਨ ਤੋਂ ਐਸਆਈਟੀ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਅਤੇ ਜਾਂਚ ਸ਼ੁਰੂ ਕੀਤੀ।
ਹਾਲਾਂਕਿ ਵਿਰੋਧੀ ਪਾਰਟੀਆਂ ਨੇ ਐਸਆਈਟੀ 'ਤੇ ਭਰੋਸੇ ਦੀ ਘਾਟ ਪ੍ਰਗਟ ਕੀਤੀ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।
19 ਜੂਨ: ਸੀਐਮ ਯੋਗੀ ਦੀ ਪਹਿਲੀ ਪ੍ਰਤੀਕਿਰਿਆ
ਇਸ ਮਾਮਲੇ ਵਿੱਚ ਐਸਆਈਟੀ ਦੇ ਗਠਨ ਤੋਂ ਬਾਅਦ 19 ਜੂਨ ਨੂੰ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ਸਬੰਧੀ ਬਿਆਨ ਦਿੱਤਾ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਸ ਮਾਮਲੇ ਵਿੱਚ 'ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ' ਹੋ ਕੇ ਰਹੇਗਾ।

ਤਸਵੀਰ ਸਰੋਤ, ANI
23-25 ਜੂਨ: ਐਸਆਈਟੀ ਦੀ ਰਿਪੋਰਟ ਅਤੇ ਗ੍ਰਿਫ਼ਤਾਰੀਆਂ
ਐਸਆਈਟੀ ਬਣਾਏ ਜਾਣ ਦੇ 10 ਦਿਨਾਂ ਦੇ ਅੰਦਰ 23 ਜੂਨ ਨੂੰ ਐਸਆਈਟੀ ਨੇ ਆਪਣੀ ਸ਼ੁਰੂਆਤੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪ ਦਿੱਤੀ।
ਇਸ ਤੋਂ ਬਾਅਦ 25 ਜੂਨ ਦੀ ਸ਼ਾਮ ਨੂੰ ਇਸ ਮਾਮਲੇ ਵਿੱਚ ਅੱਠ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਫਆਈਆਰ ਵਿੱਚ ਨਾਮਜ਼ਦ ਸਾਰੇ ਮੁਲਜ਼ਮ ਉਸ ਟੀਮ ਦਾ ਹਿੱਸਾ ਸਨ, ਜੋ 40 ਦਾਨ ਪਾਤਰਾਂ ਦੇ ਚੜ੍ਹਾਵੇ ਨੂੰ ਤੀਰਥ ਯਾਤਰੀ ਸੁਵਿਧਾ ਕੇਂਦਰ ਪਹੁੰਚਾਉਣ ਤੋਂ ਬਾਅਦ ਗਿਣਤੀ ਦਾ ਕੰਮ ਕਰਦੀ ਸੀ।
ਜਾਂਚ ਏਜੰਸੀਆਂ, ਮੰਦਿਰ ਫੰਡ ਵਿੱਚ ਕਥਿਤ ਹੇਰਾਫੇਰੀ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ।
ਇਹ ਐੱਫਆਈਆਰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ, ਕ੍ਰਿਸ਼ਨ ਮੋਹਨ ਦੀ ਸ਼ਿਕਾਇਤ 'ਤੇ ਰਾਮ ਜਨਮਭੂਮੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ।
ਮਾਮਲਾ ਭਾਰਤੀ ਨਿਆਂ ਸੰਹਿਤਾ ਦੀਆਂ ਉਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ, ਜੋ ਕਰਮਚਾਰੀ ਵੱਲੋਂ ਚੋਰੀ, ਅਪਰਾਧਿਕ ਵਿਸ਼ਵਾਸਘਾਤ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹਨ।
ਐੱਫਆਈਆਰ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਹਨ, ਉਹ ਹਨ- ਟਿੰਨੂ ਯਾਦਵ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਅਵਿਨਾਸ਼ ਸ਼ੁਕਲਾ, ਮਨੀਸ਼ ਯਾਦਵ, ਸੁਭਾਸ਼ ਸ਼੍ਰੀਵਾਸਤਵ, ਕਰੁਣੇਸ਼ ਪਾਂਡੇ ਅਤੇ ਰਾਮਸ਼ੰਕਰ ਮਿਸ਼ਰਾ।

ਤਸਵੀਰ ਸਰੋਤ, Sonu Mehta/Hindustan Times via Getty Images
27 ਜੂਨ: ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦਾ ਅਸਤੀਫ਼ਾ
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਮੰਤਰੀ ਚੰਪਤ ਰਾਏ ਅਤੇ ਮੈਂਬਰ ਅਨਿਲ ਮਿਸ਼ਰਾ ਨੇ 27 ਜੂਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਹਾਲਾਂਕਿ ਅਸਤੀਫ਼ੇ ਦੀ ਖ਼ਬਰ ਸ਼ੁੱਕਰਵਾਰ ਤੋਂ ਹੀ ਮੀਡੀਆ ਵਿੱਚ ਚੱਲ ਰਹੀ ਸੀ, ਪਰ ਟਰੱਸਟ ਵੱਲੋਂ 27 ਜੂਨ ਨੂੰ ਇੱਕ ਪੱਤਰ ਜਾਰੀ ਕਰਕੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ ਗਈ।
ਟਰੱਸਟ ਦੇ ਖ਼ਜ਼ਾਨਚੀ ਗੋਵਿੰਦ ਗਿਰੀ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਇਸ ਪੱਤਰ ਸਬੰਧੀ ਪੁਸ਼ਟੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦੋਵਾਂ ਲੋਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪਰ ਚੰਪਤ ਰਾਏ ਦੇ ਕਰੀਬੀ ਲੋਕਾਂ ਦਾ ਕਹਿਣਾ ਸੀ ਕਿ ਉਹ ਇਸ ਪੱਤਰ ਨੂੰ ਸਹੀ ਨਹੀਂ ਮੰਨਦੇ।
ਇਸ ਪੂਰੇ ਘਟਨਾਕ੍ਰਮ 'ਤੇ ਚੰਪਤ ਰਾਏ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
29 ਜੂਨ: ਅੱਠ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧੀ

ਤਸਵੀਰ ਸਰੋਤ, ANI
ਗ੍ਰਿਫ਼ਤਾਰੀ ਤੋਂ ਬਾਅਦ ਅੱਠਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਮੁਲਜ਼ਮਾਂ ਦੀ ਪਹਿਲਾਂ ਵਾਲੀ ਨਿਆਂਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ 29 ਜੂਨ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਵਿਸ਼ੇਸ਼ ਜੱਜ ਰਜਤ ਵਰਮਾ ਦੇ ਸਾਹਮਣੇ ਪੇਸ਼ ਕੀਤਾ ਗਿਆ।
ਇਸ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਇਸੇ ਦਿਨ ਫ਼ੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਆਮ ਸਭਾ ਦੀ ਬੈਠਕ ਵਿੱਚ ਰਾਮ ਮੰਦਿਰ ਮਾਮਲੇ ਦੇ ਮੁਲਜ਼ਮਾਂ ਦੀ ਪੈਰਵੀ ਨਾ ਕਰਨ ਦਾ ਫ਼ੈਸਲਾ ਲਿਆ।
30 ਜੂਨ: ਐਸਆਈਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ
ਅਯੁੱਧਿਆ ਦੇ ਰਾਮ ਮੰਦਿਰ ਵਿੱਚ ਚੜ੍ਹਾਵੇ ਦੀ ਕਥਿਤ ਗੜਬੜੀ ਦੇ ਮਾਮਲੇ ਵਿੱਚ ਕਾਂਗਰਸ ਨੇ ਐਸਆਈਟੀ ਦੀ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ।
ਕਾਂਗਰਸ ਨੇ ਸਰਕਾਰ ਅੱਗੇ ਇਸ ਕਥਿਤ ਚੜ੍ਹਾਵਾ ਚੋਰੀ ਮਾਮਲੇ ਨੂੰ ਲੈਕੇ ਛੇ ਮੰਗਾਂ ਰੱਖੀਆਂ:
- ਉੱਤਰ ਪ੍ਰਦੇਸ਼ ਸਰਕਾਰ ਐਸਆਈਟੀ ਦੀ ਜਾਂਚ ਜਨਤਕ ਕਰੇ
- ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਭੰਗ ਕੀਤਾ ਜਾਵੇ
- ਚੰਪਤ ਰਾਏ ਅਤੇ ਹੋਰ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਜਾਂਚ ਕੀਤੀ ਜਾਵੇ
- ਸ਼ੁਰੂ ਤੋਂ ਹੁਣ ਤੱਕ ਮਿਲੇ ਸਾਰੇ ਚੜ੍ਹਾਵਿਆਂ ਦਾ ਨਿਰਪੱਖ ਆਡਿਟ ਕਰਵਾਇਆ ਜਾਵੇ
- ਇਸ ਕਥਿਤ ਘੁਟਾਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਵੱਲੋਂ ਕਰਵਾਈ ਜਾਵੇ
- ਪ੍ਰਧਾਨ ਮੰਤਰੀ ਮੋਦੀ ਚੁੱਪੀ ਤੋੜਨ ਅਤੇ ਸ਼ਰਧਾਲੂਆਂ ਤੋਂ ਮਾਫ਼ੀ ਮੰਗਣ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












