'ਚੰਡੀਗੜ੍ਹ ਗ੍ਰਨੇਡ ਹਮਲੇ ਦੇ ਪੰਜ ਮੁਲਜ਼ਮ ਗ੍ਰਿਫ਼ਤਾਰ, ਜਰਮਨੀ ਤੇ ਪੁਰਤਗਾਲ ਨਾਲ ਜੁੜੇ ਤਾਰ', ਬੀਜੇਪੀ ਦਫ਼ਤਰ ਬਾਹਰ ਹੋਏ ਬਲਾਸਟ ਬਾਰੇ ਪੁਲਿਸ ਨੇ ਹੋਰ ਕੀ ਦੱਸਿਆ

ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਅਤੇ ਚੰਡੀਗੜ੍ਹ ਵਿੱਚ ਬੀਜੇਪੀ ਦੇ ਦਫ਼ਤਰ ਦੀ ਤਸਵੀਰ

ਤਸਵੀਰ ਸਰੋਤ, @DGPPunjabPolice/BBC

ਤਸਵੀਰ ਕੈਪਸ਼ਨ, ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਬੀਜੇਪੀ ਦਫ਼ਤਰ ਬਾਹਰ ਹੋਏ 'ਗ੍ਰਨੇਡ ਅਟੈਕ' ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫ਼ਤਰ ਬਾਹਰ ਹੋਏ 'ਗ੍ਰਨੇਡ ਅਟੈਕ' ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਫਰਾਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ, "ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਚੰਡੀਗੜ੍ਹ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ 'ਚ ਚੰਡੀਗੜ੍ਹ ਗ੍ਰਨੇਡ ਅਟੈਕ ਕੇਸ ਨੂੰ ਸੁਲਝਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ।"

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਤਿੰਨ ਨਵਾਂਸ਼ਹਿਰ, ਇੱਕ ਸੰਗਰੂਰ ਅਤੇ ਇੱਕ ਸ਼ਿਮਲਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ, ਜਸਵੀਰ ਸਿੰਘ , ਚਰਨਜੀਤ ਸਿੰਘ, ਮਨਦੀਪ ਉਰਫ਼ ਅਭੀਜੋਤ ਸ਼ਰਮਾ , ਰੂਬਲ ਚੌਹਾਨ ਵਜੋਂ ਦੱਸੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕੀ ਦੱਸਿਆ ?

ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਵੀਡੀਓ

ਤਸਵੀਰ ਸਰੋਤ, @DGPPunjabPolice

ਤਸਵੀਰ ਕੈਪਸ਼ਨ, ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਵੀਡੀਓ ਜ਼ਰੀਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ

ਡੀਜੀਪੀ ਨੇ ਕਿਹਾ , "ਇਸ ਮਾਮਲੇ 'ਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਹਮਲੇ 'ਚ ਸ਼ਾਮਿਲ ਦੋ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦੇ ਫੌਰਵਰਡ ਅਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਹਨ।"

"ਫਰਾਰ ਮੁਲਜ਼ਮਾਂ ਦੀ ਤਲਾਸ਼ ਲਈ ਪੁਲਿਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ ਗ੍ਰਨੇਡ ਸਣੇ ਕੁਝ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ।"

ਡੀਜੀਪੀ ਨੇ ਅੱਗੇ ਦੱਸਿਆ, "ਸ਼ੁਰੂਆਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਇਹ ਮੋਡਿਊਲ ਪਾਕਿਸਤਾਨ 'ਚ ਆਈਐਸਆਈ ਅਤੇ ਪੁਰਤਗਾਲ ਅਤੇ ਜਰਮਨੀ 'ਚ ਬੈਠੇ ਵਿਦੇਸ਼ੀ ਹੈਂਡਲਰਾਂ ਵੱਲੋਂ ਚਲਾਇਆ ਜਾ ਰਿਹਾ ਸੀ।

ਮੁਲਜ਼ਮਾਂ ਤੱਕ ਕਿਵੇਂ ਪਹੁੰਚੀ ਪੁਲਿਸ ?

ਚੰਡੀਗੜ੍ਹ ਸਥਿਤ ਬੀਜੇਪੀ ਦਫ਼ਤਰ ਦੀ ਤਸਵੀਰ
ਤਸਵੀਰ ਕੈਪਸ਼ਨ, ਚੰਡੀਗੜ੍ਹ ਸਥਿਤ ਬੀਜੇਪੀ ਦਫ਼ਤਰ ਦੇ ਬਾਹਰ ਧਮਾਕੇ ਤੋਂ ਬਾਅਦ ਦੀ ਤਸਵੀਰ

ਮੁਲਜ਼ਮਾਂ ਦੀ ਭਾਲ ਲਈ ਚਲਾਏ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਸ਼ਨਸ ਸੈੱਲ ਦੇ ਏਆਈਜੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੈਂਡ ਗ੍ਰਨੇਡ, ਹਥਿਆਰ ਅਤੇ ਜ਼ਿੰਦਾ ਕਾਰਤੂਸਾਂ ਦਾ ਜ਼ਖੀਰਾ ਲਿਆਂਦਾ ਗਿਆ ਸੀ। ਜਿਸਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਵੱਖ-ਵੱਖ ਕਈ ਹੈਂਡਲਰਾਂ ਕੋਲ ਘੁੰਮਦਾ ਰਿਹਾ।

ਏਆਈਜੀ ਦੀਪਕ ਪਾਰਿਕ ਨੇ ਦੱਸਿਆ ਕਿ ਪੁਰਤਗਾਲ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ 'ਤੇ ਇਹ ਮੁਲਜ਼ਮ ਹਥਿਆਰਾਂ ਅਤੇ ਹਮਲੇ ਨੂੰ ਅੰਜਾਮ ਦੇਣ ਲਈ ਆਪਸ 'ਚ ਤਾਲਮੇਲ ਕਰ ਰਹੇ ਸਨ।

ਇਸ ਸਬੰਧ 'ਚ ਮੁਹਾਲੀ ਐਸਐਸਓਸੀ ਪੁਲਿਸ ਸਟੇਸ਼ਨ 'ਚ ਤਿੰਨ ਅਪ੍ਰੈਲ ਨੂੰ ਆਰਮਜ਼ ਐਕਟ ਦੀ ਧਾਰਾ 25(1), ਬੀਐਨਐਸ ਦੀ ਧਾਰਾ 61(2) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਗੌਰਵ ਯਾਦਵ

ਚੰਡੀਗੜ੍ਹ ਪੁਲਿਸ ਨੇ ਕੀ ਦੱਸਿਆ?

ਚੰਡੀਗੜ੍ਹ ਪੁਲਿਸ ਵੱਲੋਂ ਵੀ ਪੰਜਾਬ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਗਈ। ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਲਿਖਿਆ, "ਹਮਲੇ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮ, ਜਿਨ੍ਹਾਂ ਦੀ ਪਛਾਣ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ, ਇਸ ਵੇਲੇ ਫਰਾਰ ਹਨ ਅਤੇ ਪੁਲਿਸ ਟੀਮਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ।"

"ਮੁਲਜ਼ਮ ਇੱਕ ਅਜਿਹੇ ਨੈੱਟਵਰਕ ਦਾ ਹਿੱਸਾ ਸਨ, ਜਿਸ ਵਿੱਚ ਹਮਲੇ ਨੂੰ ਅੰਜਾਮ ਦੇਣ ਲਈ ਕਈ ਕਟਆਉਟ ਅਤੇ ਸਬ-ਮੋਡੀਊਲ ਸ਼ਾਮਲ ਸਨ।"

ਚੰਡੀਗੜ੍ਹ 'ਚ ਬੀਜੇਪੀ ਦਫ਼ਤਰ ਬਾਹਰ ਹੋਇਆ ਸੀ ਬਲਾਸਟ

ਚੰਡੀਗੜ੍ਹ ਵਿੱਚਲੇ ਪੰਜਾਬ ਬੀਜੇਪੀ ਦੇ ਦਫ਼ਤਰ ਦੀ ਤਸਵੀਰ
ਤਸਵੀਰ ਕੈਪਸ਼ਨ, ਬੀਜੇਪੀ ਦਫ਼ਤਰ ਬਾਹਰ ਬਲਾਸਟ ਹੋਣ ਤੋਂ ਬਾਅਦ ਸਿਆਸੀ ਲੀਡਰਾਂ ਵੱਲੋਂ ਖੂਬ ਬਿਆਨਬਾਜ਼ੀਆਂ ਵੀ ਕੀਤੀਆਂ ਗਈਆਂ ਸਨ

ਇੱਕ ਅਪ੍ਰੈਲ ਯਾਨੀ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫ਼ਤਰ ਦੇ ਬਾਹਰ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਸੀ। ਸ਼ਾਮ ਕਰੀਬ ਪੰਜ ਵਜੇ ਦੇ ਆਸ-ਪਾਸ ਇਹ ਧਮਾਕਾ ਹੋਇਆ ਦੱਸਿਆ ਗਿਆ ਸੀ। ਧਮਾਕੇ ਕਾਰਨ ਦਫ਼ਤਰ ਬਾਹਰ ਖੜ੍ਹੇ ਕਈ ਵਾਹਨ ਨੁਕਸਾਨ ਗਏ ਸਨ। ਫਾਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਕਈ ਸਬੂਤ ਜੁਟਾਏ ਗਏ ਸਨ।

ਹਮਲੇ ਬਾਰੇ ਜਾਣਕਾਰੀ ਦਿੰਦਿਆਂ ਬੀਜੇਪੀ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਸੀ ਕਿ ਧਮਾਕੇ ਤੋਂ ਬਾਅਦ ਜਦੋਂ ਬੀਜੇਪੀ ਦਫ਼ਤਰ ਦੇ ਸਟਾਫ ਨੇ ਬਾਹਰ ਆ ਕੇ ਦੇਖਿਆ ਤਾਂ ਧੂੜ ਉੱਡੀ ਹੋਈ ਸੀ। ਸਕੂਟਰੀ ਅਤੇ ਕਾਰ ਨੁਕਸਾਨੀ ਗਈ ਸੀ। ਛਰੇ ਦੇ ਨਿਸ਼ਾਨ ਵੀ ਕੰਧ ਉੱਤੇ ਸਨ।

ਇਸ ਹਮਲੇ ਦੀ ਪੰਜਾਬ ਬੀਜੇਪੀ ਦੇ ਲੀਡਰਾਂ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)