ਪੰਜਾਬ ਦੇ ਫਰੀਦਕੋਟ ਦਾ ਨੌਜਵਾਨ ਕਿਸਾਨ ਕਿਹੜੇ ਜਾਮਨੀ ਆਲੂਆਂ ਦੀ ਕਾਸ਼ਤ ਕਰ ਰਿਹਾ ਹੈ, ਇਹ ਕਿਹੜੀ ਕਿਸਮ ਹੈ

ਜਾਮਨੀ ਆਲੂ
ਤਸਵੀਰ ਕੈਪਸ਼ਨ, ਪਿੰਡ ਮੱਤਾ ਨਾਲ ਸਬੰਧਤ ਕਿਸਾਨ ਗੁਰਜੋਤ ਸਿੰਘ ਦੇ ਪੈਦਾ ਕੀਤੇ ਆਲੂ ਜਾਮਨੀ ਰੰਗ ਦੇ ਹਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਦੇ ਮਾਲਵਾ ਖ਼ਿੱਤੇ ਦੇ ਫ਼ਰੀਦਕੋਟ ਜ਼ਿਲ੍ਹੇ ਦਾ ਕਿਸਾਨ ਗੁਰਜੋਤ ਸਿੰਘ ਆਮ ਆਲੂ ਦੀ ਥਾਂ ਜਾਮਨੀ ਕਿਸਮ ਦੇ ਆਲੂ ਪੈਦਾ ਕਰ ਕੇ ਇਸ ਸਮੇਂ ਚਰਚਾ ਵਿੱਚ ਹੈ। ਪਿੰਡ ਮੱਤਾ ਨਾਲ ਸਬੰਧਤ ਕਿਸਾਨ ਗੁਰਜੋਤ ਸਿੰਘ ਦੇ ਪੈਦਾ ਕੀਤੇ ਆਲੂ ਜਾਮਨੀ ਰੰਗ ਦੇ ਹਨ।

ਯਾਦ ਰਹੇ ਪੰਜਾਬ, ਖ਼ਾਸ ਕਰ ਕੇ ਦੁਆਬਾ ਖ਼ਿੱਤਾ ਆਲੂਆਂ ਦੀ ਲਈ ਕਾਸ਼ਤ ਲਈ ਪ੍ਰਸਿੱਧ ਹੈ, ਜਿੱਥੇ ਰਵਾਇਤੀ ਤੌਰ ਉੱਤੇ ਆਲੂਆਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜੋ ਬਾਹਰੋਂ ਭੂਰੇ ਅਤੇ ਅੰਦਰੋਂ ਚਿੱਟੇ ਜਾਂ ਪੀਲੇ ਹੁੰਦੇ ਹਨ, ਪਰ ਗੁਰਜੋਤ ਸਿੰਘ ਵੱਲੋਂ ਪੈਦਾ ਕੀਤਾ ਆਲੂ ਬਾਹਰੋਂ ਅਤੇ ਅੰਦਰੋਂ ਜਾਮਨੀ ਰੰਗ ਦਾ (ਪਰਪਲ) ਹੈ।

ਕਿਵੇਂ ਆਇਆ ਜਾਮਨੀ ਰੰਗ ਦੇ ਆਲੂ ਦੀ ਕਾਸ਼ਤ ਦਾ ਖ਼ਿਆਲ

ਗੁਰਜੋਤ ਸਿੰਘ ਮੁਤਾਬਕ ਉਨ੍ਹਾਂ ਦਾ ਪਰਿਵਾਰ ਪਿਛਲੇ ਕਾਫ਼ੀ ਸਾਲਾਂ ਤੋਂ ਆਲੂ ਦੀਆਂ ਰਵਾਇਤੀ ਕਿਸਮਾਂ ਦੀ ਕਾਸ਼ਤ ਕਰ ਰਿਹਾ ਸੀ।

2022 ਵਿੱਚ ਉਨ੍ਹਾਂ ਨੇ ਪਹਿਲਾਂ ਦਿੱਲੀ ਅਤੇ ਫਿਰ ਚੰਡੀਗੜ੍ਹ ਦੇ ਇੱਕ ਸਟੋਰ ਉੱਤੇ ਪਹਿਲੀ ਵਾਰ ਜਾਮਨੀ ਰੰਗ ਦੇ ਆਲੂ ਦੇਖੇ ਸਨ ਅਤੇ ਇਸ ਦਾ ਭਾਅ ਵੀ ਆਮ ਆਲੂ ਨਾਲ ਕਈ ਗੁਣਾ ਜ਼ਿਆਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ਉੱਤੇ ਇਸ ਦੀ ਖੋਜ ਕੀਤੀ ਤਾਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਇਸ ਦੀ ਕਾਸ਼ਤ ਕਰਨ ਦੀ ਸੋਚੀ।

ਗੁਰਜੋਤ ਸਿੰਘ ਨੇ ਦੱਸਿਆ, “ਸ਼ੁਰੂ ਵਿੱਚ ਉਨ੍ਹਾਂ ਨੇ 20 ਕਿੱਲੋ ਬੀਜ ਹਾਸਲ ਕੀਤੇ ਅਤੇ ਉਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਵਿਕਸਤ ਕਰਦੇ ਗਏ। ਚਾਰ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਨੂੰ ਹੁਣ ਉਹ ਚਾਲੀ ਏਕੜ ਤੱਕ ਲੈ ਗਏ ਹਾਂ।”

ਗੁਰਜੋਤ ਸਿੰਘ

ਲਾਅ ਗਰੈਜੂਏਟ, ਪਰ ਪੂਰੀ ਤਰਾਂ ਖੇਤੀਬਾੜੀ ਨੂੰ ਸਮਰਪਿਤ ਗੁਰਜੋਤ ਸਿੰਘ ਅਨੁਸਾਰ ਉਨ੍ਹਾਂ ਨੂੰ ਇਹ ਫ਼ਸਲ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ ਲੱਗੀ ਅਤੇ ਔਸਤਨ ਇੱਕ ਏਕੜ ਤੋਂ ਲਗਭਗ 400 ਬੋਰੀਆਂ (ਹਰ ਬੋਰੀ 50 ਕਿਲੋਗ੍ਰਾਮ) ਤੱਕ ਉਤਪਾਦਨ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹਨਾਂ ਆਲੂਆਂ ਦੀ ਸ਼ੈਲਫ ਲਾਈਫ਼ ਆਮ ਆਲੂਆਂ ਨਾਲੋਂ ਜ਼ਿਆਦਾ ਹੈ, ਕਿਉਂਕਿ ਇਸ ਦੀ ਛਿੱਲੜ ਮੋਟੀ ਹੈ, ਜਦਕਿ ਗੁੱਠੀ ਦਾ ਆਕਾਰ ਆਮ ਆਲੂਆਂ ਵਰਗਾ ਹੀ ਹੈ ਅਤੇ ਇਸ ਵਿੱਚ ਤਰੇੜਾਂ ਨਹੀਂ ਪੈਂਦੀਆਂ।

ਗੁਰਜੋਤ ਸਿੰਘ ਨੇ ਦੱਸਿਆ, "ਆਲੂ ਨੂੰ ਵੇਚਣ ਦੀ ਥਾਂ ਇਸ ਦਾ ਬੀਜ ਪੈਦਾ ਕਰਕੇ ਵੇਚਣ ਨੂੰ ਜ਼ਿਆਦਾ ਤਰਜੀਹ ਦਿੱਤੀ ਹੋਈ, ਕਿਉਂਕਿ ਇਸ ਨਾਲ ਮੁਨਾਫ਼ਾ ਕਾਫ਼ੀ ਹੁੰਦਾ ਹੈ।"

"ਪਿਛਲੇ ਸੀਜ਼ਨ ਵਿੱਚ ਮੈਂ ਆਲੂ ਦੇ ਬੀਜ ਦੀ 50 ਕਿਲੋਗ੍ਰਾਮ ਵਾਲੀ ਬੋਰੀ 5,000 ਰੁਪਏ ਵਿੱਚ ਵੇਚੀ ਸੀ ਅਤੇ ਇੱਕ ਏਕੜ (ਅੱਠ ਕਨਾਲ) ਵਿੱਚ ਔਸਤਨ 15 ਤੋਂ 17 ਕੁਇੰਟਲ ਆਲੂ ਦਾ ਬੀਜ ਲੱਗਦਾ ਹੈ।"

ਗੁਰਜੋਤ ਸਿੰਘ ਮੁਤਾਬਕ ਉਹ ਮੰਡੀਆਂ, ਸਟੋਰਾਂ ਅਤੇ ਹੋਟਲਾਂ ਵਾਲਿਆਂ ਨੂੰ ਵੀ ਆਪਣਾ ਆਲੂ ਸਪਲਾਈ ਕਰਦਾ ਹੈ, ਜਿੱਥੇ ਉਸ ਨੂੰ ਔਸਤਨ 25 ਤੋਂ 30 ਰੁਪਏ ਕਿੱਲੋ ਰੇਟ ਮਿਲਦਾ ਹੈ।

ਗੁਰਪ੍ਰੀਤ ਸਿੰਘ

ਖੇਤੀ ਵਿਭਿੰਨਤਾ ਲਈ ਨਵਾਂ ਰਾਹ

ਉੱਧਰ ਪੰਜਾਬ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੇ ਕੋਟਕਪੂਰਾ ਸਥਿਤ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਜਾਮਨੀ ਰੰਗ ਦਾ ਇਹ ਆਲੂ, ਜਿੱਥੇ ਸੁਆਦ ਪੱਖੋਂ ਉੱਤਮ ਹੈ, ਉੱਥੇ ਹੀ ਇਹ ਗੁਣਵੱਤਾ ਪੱਖੋਂ ਕਾਫ਼ੀ ਚੰਗਾ ਹੈ।

ਉਨ੍ਹਾਂ ਮੁਤਾਬਕ, "ਰਵਾਇਤੀ ਆਲੂਆਂ ਤੋਂ ਵੱਖਰੀ ਇਸ ਵਿੱਚ ਡੂੰਘੀ ਜਾਮਨੀ ਰੰਗਤ ਹੈ ਅਤੇ ਇਹ ਖੰਡ-ਮੁਕਤ ਹੈ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਇਹ ਕਾਫ਼ੀ ਲਾਭਕਾਰੀ ਹੈ।"

"ਬਲੂਬੇਰੀ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੱਤ ਐਂਥੋਸਾਇਨਿਨਜ਼ ਦੀ ਉੱਚ ਮਾਤਰਾ ਕਾਰਨ ਜਾਮਨੀ ਆਲੂ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਹੈ।"

ਉਨ੍ਹਾਂ ਦੱਸਿਆ ਫ਼ਿਲਹਾਲ ਇਸ ਦੀ ਕਾਸ਼ਤ ਪੰਜਾਬ ਵਿੱਚ ਦੋ-ਤਿੰਨ ਕਿਸਾਨ ਹੀ ਕਰ ਰਹੇ ਹਨ ਅਤੇ ਜੇਕਰ ਇਸ ਦੀ ਵੱਡੇ ਪੱਧਰ ਉੱਤੇ ਖੇਤੀ ਹੁੰਦੀ ਹੈ ਤਾਂ ਇਹ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰ ਸਕਦਾ ਹੈ।

ਜਾਮਨੀ ਆਲੂ
ਤਸਵੀਰ ਕੈਪਸ਼ਨ, ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਦਾ ਦਾਅਵਾ ਕਿ 'ਕੁਫ਼ਰੀ ਜਾਮੁਨੀਆ' ਕਿਸਮ ਵਿੱਚ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ, ਜੋ ਕਿ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੈ

ਇਸ ਦੀ ਖੇਤੀ ਵਿੱਚ ਕੀ ਚੁਣੌਤੀਆਂ ਹਨ

ਦੂਜੇ ਪਾਸੇ ਕੁਝ ਕਿਸਾਨ ਅਤੇ ਮਾਹਿਰ ਇਸ ਫਸਲ ਅੱਗੇ ਫਿਲਹਾਲ ਕੁਝ ਚੁਣੌਤੀਆਂ ਦੀ ਗੱਲ ਵੀ ਆਖ ਰਹੇ ਹਨ।

ਮਾਹਿਰਾਂ ਮੁਤਾਬਕ ਜ਼ਿਆਦਾਤਰ ਕਿਸਾਨ ਅਤੇ ਖਪਤਕਾਰ ਆਲੂ ਦੀ ਇਸ ਨਵੀਂ ਕਿਸਮ ਤੋਂ ਅਣਜਾਣ ਹਨ ਅਤੇ ਦੂਜਾ ਇਸ ਦਾ ਬੀਜ ਮਹਿੰਗਾ ਅਤੇ ਇਸਦੀ ਉਪਲਬਧਤਾ ਫ਼ਿਲਹਾਲ ਘੱਟ ਹੈ, ਇਸ ਗੱਲ ਦੀ ਹਾਮੀ ਕਿਸਾਨ ਗੁਰਜੋਤ ਸਿੰਘ ਵੀ ਭਰਦੇ ਹਨ।

ਗੁਰਜੋਤ ਸਿੰਘ ਮੁਤਾਬਕ ਜਾਮਨੀ ਰੰਗ ਦੇ ਆਲੂ ਦਾ ਬੀਜ ਆਮ ਆਲੂ ਦੀ ਕਿਸਮ ਦੇ ਮੁਕਾਬਲੇ ਮਹਿੰਗਾ ਹੈ, ਇਸ ਕਰ ਕੇ ਕਿਸਾਨ ਇਸ ਫ਼ਸਲ ਉੱਤੇ ਫ਼ਿਲਹਾਲ ਤਜਰਬੇ ਕਰਨ ਲਈ ਅੱਗੇ ਨਹੀਂ ਆ ਰਹੇ।

ਗੁਰਜੋਤ ਸਿੰਘ ਦੱਸਦੇ ਹਨ ਜਾਗਰੂਕਤਾ ਦੀ ਘਾਟ ਕਾਰਨ ਆਮ ਲੋਕ ਜਾਮਨੀ ਰੰਗ ਦੇ ਆਲੂ ਨੂੰ ਖ਼ਰੀਦਣ ਤੋਂ ਪਰਹੇਜ਼ ਕਰਦੇ ਹਨ, ਸਿਰਫ਼ ਜਿੰਨਾ ਨੂੰ ਇਸ ਦੇ ਗੁਣਾਂ ਬਾਰੇ ਜਾਣਕਾਰੀ ਹੈ, ਉਹ ਹੀ ਇਸ ਨੂੰ ਖ਼ਰੀਦਣ ਲਈ ਅੱਗੇ ਆ ਰਹੇ ਹਨ, ਪਰ ਫਿਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਭਾਰਤ ਵਿੱਚ ਇਸ ਦੀ ਖਪਤ ਵੱਧਣ ਦੀ ਉਮੀਦ ਹੈ।

ਭਾਰਤ ਸਰਕਾਰ ਵੱਲੋਂ ਵੀ ਮਾਨਤਾ

2024 ਭਾਰਤ ਸਰਕਾਰ ਵੱਲੋਂ ਜਾਮਨੀ ਰੰਗ ਦੇ ਆਲੂ ਦੀ ਇੱਕ ਕਿਸਮ ਨੂੰ ਲਾਂਚ ਕੀਤਾ ਗਿਆ ਸੀ। ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਨੂੰ 'ਕੁਫ਼ਰੀ ਜਾਮੁਨੀਆ' ਨਾਮ ਦਿੱਤਾ ਸੀ।

ਇਹ ਭਾਰਤ ਦੀ ਪਹਿਲੀ ਆਪਣੀ ਤਿਆਰ ਕੀਤੀ ਗਈ ਜਾਮਨੀ ਗੁੱਠੀ ਵਾਲੀ ਬਾਇਓਫੋਰਟੀਫਾਈਡ ਆਲੂ ਦੀ ਕਿਸਮ ਹੈ, ਜਿਸ ਨੂੰ ਸ਼ਿਮਲਾ ਸਥਿਤ ਕੇਂਦਰੀ ਆਲੂ ਖੋਜ ਕੇਂਦਰ ਨੇ ਵਿਕਸਿਤ ਕੀਤਾ ਹੈ।

ਖੋਜ ਕੇਂਦਰ ਮੁਤਾਬਕ ਆਲੂ ਦੀ ਇਹ ਕਿਸਮ 90 ਦਿਨ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਪ੍ਰਤੀ ਹੈਕਟੇਅਰ ਔਸਤਨ ਝਾੜ 320ਤੋਂ 350 ਕੁਵਿੰਟਲ ਹੈ।

ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ ਦਾ ਦਾਅਵਾ ਕਿ 'ਕੁਫ਼ਰੀ ਜਾਮੁਨੀਆ' ਕਿਸਮ ਵਿੱਚ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ, ਜੋ ਕਿ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)