ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਹਰਿਆਣਾ ਦੇ ਜੀਂਦ ਤੋਂ ਚੱਲਣ ਲਈ ਤਿਆਰ, ਇਹ ਬਿਜਲੀ ਤੇ ਡੀਜ਼ਲ ਟ੍ਰੇਨ ਨਾਲੋਂ ਕਿਵੇਂ ਵੱਖ ਹੈ

ਹਾਈਡ੍ਰੋਜਨ ਟ੍ਰੇਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਨਾਲ ਚੱਲਣ ਵਾਲੀ ਟ੍ਰੇਨ ਵਿੱਚੋਂ ਧੂੰਏ ਦੀ ਥਾਂ ਸਿਰਫ਼ ਪਾਣੀ ਦੀ ਭਾਫ਼ ਨਿਕਲਦੀ ਹੈ (ਸੰਕੇਤਕ ਤਸਵੀਰ)
    • ਲੇਖਕ, ਰਾਹੁਲ ਕਾਲਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਭਾਰਤੀ ਰੇਲਵੇ 17 ਜੁਲਾਈ 2026 ਨੂੰ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ-ਸੈੱਲ ਟ੍ਰੇਨ ਨੂੰ ਸ਼ੁਰੂ ਕਰਨ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਹਾਈਡ੍ਰੋਜਨ ਨਾਲ ਚੱਲਣ ਵਾਲੀ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇਸ ਨਾਲ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ ਜਿੱਥੇ ਹਾਈਡ੍ਰੋਜਨ ਫਿਊਲ ਸੈੱਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।

ਬਿਨ੍ਹਾਂ ਬਿਜਲੀ ਅਤੇ ਬਿਨ੍ਹਾਂ ਡੀਜ਼ਲ ਤੋਂ ਇਸ ਟ੍ਰੇਨ ਦਾ ਇੰਜਨ ਕਿਵੇਂ ਕੰਮ ਕਰੇਗਾ, ਇਸ ਦੇ ਪਿੱਛੇ ਦੀ ਤਕਨੀਕ ਕੀ ਹੈ ਅਤੇ ਹਰਿਆਣਾ ਵਿੱਚ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਪ੍ਰੋਜੈਕਟ ਕੀ ਹੈ? ਆਓ ਜਾਣਦੇ ਹਾਂ।

ਮਈ ਵਿੱਚ ਭਾਰਤੀ ਰੇਲਵੇ ਨੇ ਉੱਤਰੀ ਰੇਲਵੇ ਦੇ ਜੀਂਦ-ਸੋਨੀਪਤ ਸੈਕਸ਼ਨ 'ਤੇ 10 ਬੋਗੀਆਂ ਵਾਲੀ ਹਾਈਡ੍ਰੋਜਨ ਪਾਵਰਡ ਟ੍ਰੇਨ ਚਲਾਉਣ ਨੂੰ ਮਨਜ਼ੂਰੀ ਦਿੱਤੀ ਸੀ। ਜੋ 1200 ਕਿਲੋਵਾਟ ਦੇ ਹਾਈਡ੍ਰੋਜਨ ਫਿਊਲ ਸੈੱਲ ਪ੍ਰੋਪਲਸ਼ਨ ਸਿਸਟਮ ਨਾਲ 75 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਚੱਲੇਗੀ।

ਜੀਂਦ ਤੋਂ ਸੋਨੀਪਤ ਵਿਚਕਾਰ ਇੱਕ ਪਾਸੇ ਦੀ ਦੂਰੀ ਲਗਭਗ 89 ਕਿਲੋਮੀਟਰ ਹੈ, ਜਿਸ ਨੂੰ ਇਹ ਟ੍ਰੇਨ 2 ਘੰਟਿਆਂ ਵਿੱਚ ਪੂਰਾ ਕਰੇਗੀ।

ਭਾਰਤੀ ਰੇਲ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਸੇਵਾ ਟ੍ਰੇਨ ਨੰਬਰ 74010 ਅਤੇ 74009 ਵਜੋਂ ਚੱਲੇਗੀ। ਟ੍ਰੇਨ ਨੰਬਰ 74010 ਜੀਂਦ ਤੋਂ ਸਵੇਰੇ 7:40 ਵਜੇ ਚੱਲ ਕੇ ਅਤੇ ਸੋਨੀਪਤ ਸਵੇਰੇ 9:40 'ਤੇ ਪਹੁੰਚੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 74009 ਦੁਪਹਿਰ ਸੋਨੀਪਤ ਤੋਂ ਸਵੇਰੇ 10:40 'ਤੇ ਚੱਲੇਗੀ ਅਤੇ ਜੀਂਦ ਦੁਪਹਿਰ ਇੱਕ ਵਜੇ ਪਹੁੰਚੇਗੀ।

ਹਾਈਡ੍ਰੋਜਨ ਫਿਊਲ ਟ੍ਰੇਨ ਜੀਂਦ ਸਿਟੀ, ਪਾਂਡੂ ਪਿੰਡਾਰਾ, ਲਲਿਤ ਖੇੜਾ, ਭਾਂਭੇਵਾ, ਈਸ਼ਾਪੁਰ ਖੇੜੀ, ਬੁਟਾਨਾ, ਖਾਂਡਰਾਈ, ਗੋਹਾਨਾ, ਰਾਬੜਾ, ਲਾਠ, ਮੋਹਾਨਾ ਅਤੇ ਬਰਵਾਸਨੀ ਸਟੇਸ਼ਨਾਂ 'ਤੇ ਰੁਕਿਆ ਕਰੇਗੀ।

ਇਸ ਤਰ੍ਹਾਂ ਇਹ ਟ੍ਰੇਨ ਦਿਨ 'ਚ ਦੋ ਵਾਰ ਚੱਕਰ ਲਗਾਏਗੀ ਅਤੇ ਰੋਜ਼ਾਨਾ ਕੁੱਲ ਦੂਰੀ ਲਗਭਗ 356 ਕਿਲੋਮੀਟਰ ਤੈਅ ਕਰੇਗੀ। ਹਾਈਡ੍ਰੋਜਨ ਟ੍ਰੇਨ ਵਿੱਚ ਕੁੱਲ 682 ਯਾਤਰੀ ਇੱਕੋ ਸਮੇਂ ਬੈਠ ਸਕਦੇ ਹਨ।

ਇੱਥੇ ਇੱਕ ਸਵਾਲ ਇਹ ਵੀ ਹੈ ਕਿ ਹਾਈਡ੍ਰੋਜਨ ਫਿਊਲ ਟ੍ਰੇਨਾਂ ਨੂੰ ਚਲਾਉਣ ਲਈ ਕੋਈ ਖਾਸ ਤਰ੍ਹਾਂ ਦੀ ਪਟੜੀ ਬਣਾਈ ਗਈ ਹੈ ਇਸ ਦਾ ਜਵਾਬ ਹੈ ''ਨਹੀਂ'', ਹਾਈਡ੍ਰੋਜਨ ਟ੍ਰੇਨਾਂ ਆਮ ਰੇਲ ਪਟੜੀਆਂ 'ਤੇ ਹੀ ਚੱਲ ਸਕਦੀਆਂ ਹਨ। ਇਸ ਲਈ ਵੱਖਰਾ ਟਰੈਕ ਬਣਾਉਣ ਦੀ ਲੋੜ ਨਹੀਂ ਹੁੰਦੀ।

ਹਾਈਡ੍ਰੋਜਨ ਕਿਵੇਂ ਭਰੀ ਜਾਵੇਗੀ?

ਹਾਈਡ੍ਰੋਜਨ ਰੇਲ

ਤਸਵੀਰ ਸਰੋਤ, indianrailways

ਇਹ ਇਸ ਪ੍ਰੋਜੈਕਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਭਾਰਤੀ ਰੇਲਵੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਟ੍ਰੇਨਾਂ 'ਚ ਹਾਈਡ੍ਰੋਜਨ ਭਰਨ ਲਈ ਜੀਂਦ 'ਚ ਗ੍ਰੀਨ ਹਾਈਡ੍ਰੋਜਨ ਉਤਪਾਦਨ ਪਲਾਂਟ ਬਣਾਇਆ ਗਿਆ ਹੈ।

ਇੱਥੇ ਪਾਣੀ ਨੂੰ ਇਲੈਕਟ੍ਰੋਲਾਈਸਿਸ ਪ੍ਰਕਿਰਿਆ ਰਾਹੀਂ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਵੰਡਿਆ ਜਾਂਦਾ ਹੈ। ਬਣੀ ਹਾਈਡ੍ਰੋਜਨ ਨੂੰ ਉੱਚ ਦਬਾਅ ਵਾਲੇ ਟੈਂਕਾਂ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਉਥੇ ਹੀ ਬਣੇ ਵਿਸ਼ੇਸ਼ ਫਿਊਲਿੰਗ ਸਾਈਡਿੰਗ/ਸਟੇਸ਼ਨ 'ਤੇ ਟ੍ਰੇਨ ਵਿੱਚ ਭਰਿਆ ਜਾਂਦਾ ਹੈ।

ਇਸ ਲਈ ਆਮ ਰੇਲਵੇ ਸਟੇਸ਼ਨਾਂ 'ਤੇ ਵੱਖਰੇ ਫਿਊਲ ਸਟੇਸ਼ਨ ਨਹੀਂ ਬਣਾਏ ਗਏ। ਪਾਇਲਟ ਪ੍ਰੋਜੈਕਟ ਲਈ ਜੀਂਦ ਵਿੱਚ ਹੀ ਖ਼ਾਸ ਸੁਵਿਧਾ ਬਣਾਈ ਗਈ ਹੈ।

ਪੀਆਈਬੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੈਟ੍ਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐੱਸਓ) ਨੇ ਇਸ ਸਾਈਟ 'ਤੇ ਕੰਪਰੈੱਸਡ ਹਾਈਡ੍ਰੋਜਨ ਗੈਸ ਦੇ ਭੰਡਾਰਨ ਅਤੇ ਵੰਡ ਲਈ ਲੋੜੀਂਦਾ ਲਾਇਸੈਂਸ ਦੇ ਦਿੱਤਾ ਹੈ। ਰੀਫਿਊਲਿੰਗ ਦੇ ਕੰਮਾਂ ਲਈ ਇੱਕ ਹਾਈਡ੍ਰੋਜਨ ਕੰਪ੍ਰੈਸ਼ਨ ਸਿਸਟਮ ਮੁਹੱਈਆ ਕਰਵਾਇਆ ਗਿਆ ਹੈ।

ਰੇਲ ਮੰਤਰਾਲੇ ਮੁਤਾਬਕ, ਹਾਈਡ੍ਰੋਜਨ ਗੈਸ ਭਰਨ ਦੇ ਕੰਮ ਨੂੰ ਵਧੀਆ ਅਤੇ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਲਈ ਇੱਕ 'ਹਾਈਡ੍ਰੋਜਨ ਕੰਪ੍ਰੈਸ਼ਨ ਸਿਸਟਮ' (ਗੈਸ ਦਬਾਉਣ ਵਾਲੀ ਮਸ਼ੀਨ) ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਲੋੜੀਂਦੀ ਤਕਨੀਕੀ ਮਦਦ ਅਤੇ ਜ਼ਰੂਰੀ ਸਪੇਅਰ ਪਾਰਟਸ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਐਮਰਜੈਂਸੀ ਲਈ ਇੱਕ ਹੋਰ ਵਾਧੂ ਕੰਪ੍ਰੈਸਰ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ।

ਭਾਰਤੀ ਰੇਲਵੇ ਮੁਤਾਬਕ ਇਸ ਸਮੇਂ ਦੁਨੀਆ ਦੇ ਬਹੁਤ ਹੀ ਘੱਟ ਅਤੇ ਚੋਣਵੇਂ ਦੇਸ਼ ਜਿਵੇਂ ਕਿ ਜਰਮਨੀ, ਜਪਾਨ, ਚੀਨ ਅਤੇ ਅਮਰੀਕਾ ਇਸ ਦੀ ਵਰਤੋਂ ਕਰ ਰਹੇ ਹਨ ਜਾਂ ਇਸ ਦਾ ਟੈਸਟ ਲੈ ਰਹੇ ਹਨ। ਭਾਰਤ ਹੁਣ ਇਸ ਟ੍ਰੇਨ ਨੂੰ ਚਲਾ ਕੇ ਦੁਨੀਆ ਦੇ ਉਨ੍ਹਾਂ ਕੁਝ ਖਾਸ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ, ਜੋ ਵਾਤਾਵਰਣ ਨੂੰ ਬਚਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ।

ਹਾਈਡ੍ਰੋਜਨ ਰੇਲ

ਹਾਈਡ੍ਰੋਜਨ ਟ੍ਰੇਨ ਕੰਮ ਕਿਵੇਂ ਕਰਦੀ ਹੈ?

ਆਮ ਟ੍ਰੇਨਾਂ ਕੋਲੇ, ਡੀਜ਼ਲ ਜਾਂ ਬਿਜਲੀ (ਜ਼ਿਆਦਤਰ) ਨਾਲ ਚੱਲਦੀਆਂ ਹਨ। ਇਨ੍ਹਾਂ ਟ੍ਰੇਨਾਂ ਦੇ ਇੰਜਣ 'ਚੋਂ ਨਿਕਲਣ ਵਾਲੀਆਂ ਗੈਸਾਂ ਜਾਂ ਧੂੰਏ ਕਾਰਨ ਕਾਫ਼ੀ ਪ੍ਰਦੂਸ਼ਣ ਫੈਲਦਾ ਹੈ।

ਭਾਰਤੀ ਰੇਲਵੇ ਨੇ ਦੱਸਿਆ ਹੈ ਕਿ ਹਾਈਡ੍ਰੋਜਨ ਟ੍ਰੇਨ ਵਿੱਚ ਇੱਕ ਖਾਸ ਫਿਊਲ ਸੈੱਲ ਤਕਨਾਲੋਜੀ ਵਰਤੀ ਜਾਂਦੀ ਹੈ। ਇਹ ਤਕਨਾਲੋਜੀ ਹਾਈਡ੍ਰੋਜਨ ਗੈਸ ਦੀ ਮਦਦ ਨਾਲ ਇੱਕ ਰਸਾਇਣਕ ਕਿਰਿਆ ਕਰਕੇ ਆਪਣੇ ਆਪ ਬਿਜਲੀ ਬਣਾਉਂਦੀ ਹੈ ਅਤੇ ਟ੍ਰੇਨ ਚਲਦੀ ਹੈ।

ਜਿੱਥੇ ਡੀਜ਼ਲ ਇੰਜਣ ਕਾਲਾ ਧੂੰਆਂ ਛੱਡਦੇ ਹਨ, ਉੱਥੇ ਹਾਈਡ੍ਰੋਜਨ ਇੰਜਣ ਵਿੱਚੋਂ ਸਿਰਫ਼ ਪਾਣੀ ਦੀ ਭਾਫ਼ ਨਿਕਲਦੀ ਹੈ। ਬਾਕੀ ਇੰਜਣਾਂ ਵਾਂਗ ਹਾਈਡ੍ਰੋਜਨ ਇੰਜਣ ਪ੍ਰਦੂਸ਼ਣ ਨਹੀਂ ਫੈਲਾਉਂਦਾ।

'ਨੈਸ਼ਨਲ ਹਾਈਡ੍ਰੋਜਨ ਮਿਸ਼ਨ' ਕੀ ਹੈ

ਹਾਈਡ੍ਰੋਜਨ ਟ੍ਰੇਨ

ਤਸਵੀਰ ਸਰੋਤ, indianrailways

ਤਸਵੀਰ ਕੈਪਸ਼ਨ, ਜੀਂਦ ਰੇਲਵੇ ਸਟੇਸ਼ਨ 'ਤੇ ਬਣਿਆ ਗ੍ਰੀਨ ਹਾਈਡ੍ਰੋਜਨ ਪਲਾਂਟ, ਜਿੱਥੇ ਪਾਣੀ ਦੇ ਇਲੈਕਟ੍ਰੋਲਾਈਸਿਸ ਰਾਹੀਂ ਟ੍ਰੇਨ ਲਈ ਹਾਈਡ੍ਰੋਜਨ ਤਿਆਰ ਕੀਤੀ ਜਾਵੇਗੀ

ਭਾਰਤ ਨੇ ਸਾਲ 2022 ਫਰਵਰੀ ਵਿੱਚ 'ਨੈਸ਼ਨਲ ਹਾਈਡ੍ਰੋਜਨ ਮਿਸ਼ਨ' ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਭਾਰਤ ਨੂੰ 2030 ਤੱਕ ਹਰ ਸਾਲ ਪੰਜਾਹ ਲੱਖ ਟਨ 'ਗ੍ਰੀਨ ਹਾਈਡ੍ਰੋਜਨ' ਬਣਾਉਣ ਦੇ ਯੋਗ ਬਣਾਉਣਾ ਹੈ।

ਗ੍ਰੀਨ ਹਾਈਡ੍ਰੋਜਨ ਬਣਾਉਣ ਲਈ ਪਾਣੀ ਅਤੇ ਸਸਤੀ ਬਿਜਲੀ ਦੀ ਲੋੜ ਹੁੰਦੀ ਹੈ। ਭਾਰਤ ਕੋਲ ਇਹ ਦੋਵੇਂ ਸਾਧਨ ਮੌਜੂਦ ਹਨ। ਭਾਰਤ ਕੋਲ ਇੱਕ ਬਹੁਤ ਲੰਮਾ ਸਮੁੰਦਰੀ ਤੱਟ ਹੈ ਅਤੇ ਭਰਪੂਰ ਸੂਰਜ ਦੀ ਰੌਸ਼ਨੀ (ਧੁੱਪ) ਵੀ ਹੈ।

ਸੂਰਜੀ ਊਰਜਾ ਅਤੇ ਸਮੁੰਦਰ ਦਾ ਪਾਣੀ ਗ੍ਰੀਨ ਹਾਈਡ੍ਰੋਜਨ ਬਣਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। ਭਾਰਤ ਨੇ ਤਾਂ ਇੱਕ ਕਦਮ ਹੋਰ ਅੱਗੇ ਵਧ ਕੇ ਵਿਸ਼ਵ ਪੱਧਰ 'ਤੇ 'ਗਲੋਬਲ ਗ੍ਰੀਨ ਹਾਈਡ੍ਰੋਜਨ ਹੱਬ' ਬਣਨ ਦਾ ਇਰਾਦਾ ਧਾਰਿਆ ਹੋਇਆ ਹੈ।

ਅਨੁਮਾਨ ਤੋਂ ਘੱਟ ਲਾਗਤ

ਹਾਈਡ੍ਰੋਜਨ ਰੇਲ

ਤਸਵੀਰ ਸਰੋਤ, indianrailways

ਫਰਵਰੀ 2023 'ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਜ ਸਭਾ 'ਚ ਜਾਣਕਾਰੀ ਦਿੱਤੀ ਸੀ ਕਿ ਭਾਰਤੀ ਰੇਲਵੇ ਨੇ ਆਪਣੇ ਇਤਿਹਾਸਕ ਅਤੇ ਪਹਾੜੀ ਰੂਟਾਂ 'ਤੇ "ਹਾਈਡ੍ਰੋਜਨ ਫਾਰ ਹੈਰੀਟੇਜ" ਯੋਜਨਾ ਦੇ ਤਹਿਤ 35 ਹਾਈਡ੍ਰੋਜਨ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਇਸ ਵਿੱਚ ਇੱਕ ਟ੍ਰੇਨ ਬਣਾਉਣ 'ਤੇ ਲਗਭਗ 80 ਕਰੋੜ ਰੁਪਏ ਅਤੇ ਰੂਟ 'ਤੇ ਜ਼ਮੀਨੀ ਇੰਤਜ਼ਾਮ ਕਰਨ 'ਤੇ 70 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ ਜੋ ਕੁੱਲ ਮਿਲਾ ਕੇ 150 ਕਰੋੜ ਰੁਪਏ ਬਣ ਜਾਂਦਾ ਹੈ।

ਹਲਾਂਕਿ ਬਾਅਦ ਵਿੱਚ ਰੇਲ ਮੰਤਰਾਲੇ ਨੇ ਜੀਂਦ-ਸੋਨੀਪਤ ਸੈਕਸ਼ਨ ਲਈ ਨਵੀਂ ਟ੍ਰੇਨ ਬਣਾਉਣ ਦੀ ਬਜਾਏ, ਮੌਜੂਦਾ ਡੀਜ਼ਲ ਟ੍ਰੇਨ ਦੇ ਇੰਜਣ ਨੂੰ ਬਦਲ ਕੇ ਉਸ ਵਿੱਚ ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਫਿੱਟ ਕਰ ਦਿੱਤੀ। ਜਿਸ ਨਾਲ ਇਸ ਪ੍ਰੋਜੈਕਟ ਦੀ ਲਾਗਤ 150 ਕਰੋੜ ਰੁਪਏ ਤੋਂ ਘੱਟ ਕੇ 111.83 ਕਰੋੜ ਰੁਪਏ ਹੋਈ।

111.83 ਕਰੋੜ ਰੁਪਏ 'ਚੋਂ ਕੁਝ ਹਿੱਸਾ ਟ੍ਰੇਨ ਦੇ ਅੰਦਰ ਇਹ ਨਵੀਂ ਹਾਈਡ੍ਰੋਜਨ ਤਕਨਾਲੋਜੀ ਫਿੱਟ ਕਰਨ 'ਤੇ ਖਰਚ ਹੋਇਆ। ਬਾਕੀ ਦਾ ਹਿੱਸਾ ਜ਼ਮੀਨੀ ਇੰਤਜ਼ਾਮਾਂ 'ਤੇ ਖਰਚ ਹੋਇਆ, ਜਿਵੇਂ ਕਿ ਜੀਂਦ ਸਟੇਸ਼ਨ 'ਤੇ ਹਾਈਡ੍ਰੋਜਨ ਗੈਸ ਜਮ੍ਹਾਂ ਰੱਖਣ ਲਈ ਸਟੋਰੇਜ ਟੈਂਕ ਅਤੇ ਟ੍ਰੇਨ ਵਿੱਚ ਗੈਸ ਭਰਨ ਵਾਲਾ ਸਿਸਟਮ ਲਗਾਉਣਾ।

ਹੁਣ ਸਟੇਸ਼ਨ ਅਤੇ ਹਾਈਡ੍ਰੋਜਨ ਟ੍ਰੇਨ ਬਣ ਕੇ ਤਿਆਰ ਹੈ ਜੋ 17 ਜੁਲਾਈ ਤੋਂ ਹਰਿਆਣਾ ਦੇ ਜੀਂਦ ਤੋਂ ਸੋਨੀਪਤ ਤੱਕ ਆਪਣਾ ਰੋਜ਼ਾਨਾ ਦਾ ਸਫ਼ਰ ਤੈਅ ਕਰੇਗੀ।

ਪਾਇਲਟ ਪ੍ਰੋਜੈਕਟ ਲਈ ਜੀਂਦ ਹੀ ਕਿਉਂ ਚੁਣਿਆ?

ਹਾਈਡ੍ਰੋਜਨ ਰੇਲ

ਤਸਵੀਰ ਸਰੋਤ, indianrailways

ਤਸਵੀਰ ਕੈਪਸ਼ਨ, ਜੀਂਦ ਨੂੰ ਹਾਈਡ੍ਰੋਜਨ ਟ੍ਰੇਨ ਦੇ ਪਾਇਲਟ ਪ੍ਰੋਜੈਕਟ ਲਈ ਚੁਣਿਆ ਗਿਆ, ਜਿੱਥੇ ਰੀਫਿਊਲਿੰਗ ਅਤੇ ਸਟੋਰੇਜ ਦੀਆਂ ਵਿਸ਼ੇਸ਼ ਸਹੂਲਤਾਂ ਤਿਆਰ ਕੀਤੀਆਂ ਗਈਆਂ ਹਨ

ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਜੀਂਦ ਨਾਲ ਭੂਗੋਲਿਕ ਤੌਰ 'ਤੇ ਹਰਿਆਣਾ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਵਧੀਆ ਹੈ।"

"ਇਸ ਨੂੰ ਸ਼ਹਿਰੀ ਅਬਾਦੀ ਦੇ ਨਾਲ ਨਾਲ ਪੇਂਡੂ ਅਬਾਦੀ ਵੀ ਸਭ ਤੋਂ ਜ਼ਿਆਦਾ ਲੱਗਦੀ ਹੈ। ਇਸ ਲਈ ਜੀਂਦ ਨੂੰ ਮੁੱਖ ਰੱਖਦਿਆ ਇੱਥੋਂ ਹਾਈਡ੍ਰੋਜਨ ਟ੍ਰੇਨ ਚਲਾਉਣ ਬਾਰੇ ਕੇਂਦਰ ਸਰਕਾਰ ਨੇ ਸੋਚਿਆ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕੀ ਸੂਬੇ ਦੀਆਂ ਪੁਰਾਣੀਆਂ ਸਰਕਾਰਾਂ ਜੀਂਦ ਲਈ ਅਜਿਹਾ ਕੋਈ ਵੱਡਾ ਪ੍ਰੋਜੈਕਟ ਲੈ ਕੇ ਨਹੀਂ ਆ ਸਕੀਆਂ ਜਿਸ ਨਾਲ ਇੱਥੇ ਰੋਜ਼ਗਾਰ ਦੇ ਮੌਕੇ ਵੱਧਦੇ।

ਸੰਜੇ ਭਾਟੀਆ ਨੇ ਅੱਗੇ ਕਿਹਾ ਕਿ ਜਿਹੜੇ ਖੇਤਰਾਂ 'ਚ ਹਾਲੇ ਤੱਕ ਰੇਲ ਯਾਤਾਯਾਤ ਲਈ ਬਿਜਲੀ ਦੀਆਂ ਤਾਰਾਂ ਨਹੀਂ ਵਿਛੀਆਂ ਉਨ੍ਹਾਂ ਥਾਵਾਂ 'ਤੇ ਡੀਜ਼ਲ ਨਾਲੋਂ ਬਿਹਤਰ ਹਾਈਡ੍ਰੋਜਨ ਟ੍ਰੇਨ ਹੈ। ਇਸੇ ਤਰ੍ਹਾਂ ਜੀਂਦ ਵੀ ਉਨ੍ਹਾਂ ਖੇਤਰਾਂ 'ਚੋਂ ਇੱਕ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)