ਨਵਜੋਤ ਸਿੱਧੂ ਨੇ ਕਿਉਂ ਮੰਗੀ ਡਾ. ਮਨਮੋਹਨ ਸਿੰਘ ਤੋਂ ਮਾਫ਼ੀ?

ਨਵਜੋਤ ਸਿੱਧੂ
ਪ੍ਰਕਾਸ਼ਿਤ

ਭਾਰਤੀ ਜਨਤਾ ਪਾਰਟੀ ਵਿੱਚ ਰਹਿੰਦਿਆਂ ਡਾਕਟਰ ਮਨਮੋਹਨ ਸਿੰਘ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਕੌਮੀ ਸਟੇਜ ਉੱਤੋਂ ਬੋਲਦਿਆਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੋਂ ਆਪਣੀ ਭੁੱਲ ਬਖ਼ਸ਼ਾਈ।

ਦਿੱਲੀ ਵਿੱਚ ਪਾਰਟੀ ਦੇ ਪਲੈਨਰੀ ਸੈਸ਼ਨ ਦੌਰਾਨ ਬੋਲਦਿਆਂ ਸਿੱਧੂ ਨੇ ਡਾਕਟਰ ਮਨਮੋਹਨ ਸਿੰਘ ਨੂੰ ਮੁਖਾਤਬ ਹੁੰਦਿਆਂ ਕਿਹਾ,'ਮੈਂ ਸਰਦਾਰ ਮਨਮੋਹਨ ਸਿੰਘ ਤੋਂ ਮਾਫ਼ੀ ਮੰਗਣਾ ਚਾਹੁੰਦਾ ਹਾਂ, ਤੁਹਾਡੇ ਮੌਨ ਨੇ ਜੋ ਕੁਝ ਕਰਕੇ ਦਿਖਾਇਆ ਉਹ ਭਾਜਪਾ ਦਾ ਸ਼ੋਰ ਨਹੀਂ ਕਰ ਸਕਿਆ।'

'ਸਿਆਣੇ ਦਾ ਕਿਹਾ ਔਲੇ ਦਾ ਖਾਧਾ'

ਸਿੱਧੂ ਦਾ ਕਹਿਣਾ ਸੀ, 'ਸਿਆਣੇ ਦਾ ਕਿਹਾ ਔਲੇ ਦਾ ਖਾਧਾ' ਬਾਅਦ ਵਿੱਚ ਸੁਆਦ ਆਉਂਦਾ ਹੈ ਅਤੇ ਉਨ੍ਹਾਂ ਨੂੰ ਡਾਕਟਰ ਮਨਮੋਹਨ ਸਿੰਘ ਦੀ ਸਮਝ 10 ਸਾਲ ਬਾਅਦ ਆਈ ਹੈ।

ਮਨੋਮਹਨ ਸਿੰਘ ਦੀ ਚੁੱਪ ਰਹਿਣ ਦੀ ਆਦਤ ਨੂੰ ਸਿੱਧੂ ਨੇ ਸ਼ੇਅਰਾਂ ਰਾਹੀ ਵੀ ਵਡਿਆਇਆ।

ਪਰਿੰਦੋ ਕੋ ਮੰਜ਼ਿਲ ਮਿਲੇਗੀ ਹਮੇਸ਼ਾਂ ,ਯੇਹ ਫੈਲੇ ਹੂਏ ਉਨਕੇ ਪੰਖ ਬੋਲਤੇ ਹੈਂ

ਵਹੀ ਲੋਗ ਰਹਿਤੇ ਹੈਂ ਖ਼ਾਮੋਸ਼ ਅਕਸਰ, ਜ਼ਮਾਨੇ ਮੇਂ ਜਿਨਕੇ ਹੁਨਰ ਬੋਲਤੇ ਹੈਂ।

ਮਨਮੋਹਨ ਸਿੰਘ ਦੀ ਤੁਲਨਾ ਅਰਬੀ ਘੋੜੇ ਨਾਲ ਕਰਦਿਆਂ ਸਿੱਧੂ ਨੇ ਭਾਜਪਾ ਉੱਤੇ ਨਿਸ਼ਾਨਾ ਲਾਉਦਿਆਂ ਕਿਹਾ ਕਿ ਉਹ ਕਮਜ਼ੋਰ ਹੋ ਸਕਦਾ ਹੈ, ਬਜ਼ੁਰਗ ਹੋ ਸਕਦਾ ਹੈ, ਪਰ ਗਧਿਆਂ ਦੇ ਵਾੜੇ ਵਿੱਚ ਨਹੀਂ ਖੜਦਾ।

ਮਨਮੋਹਨ ਸਿੰਘ

ਮਨਮੋਹਨ ਸਿੰਘ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਭਵਿੱਖਬਾਣੀ ਦੇ ਹਵਾਲੇ ਨੇ ਸਿੱਧੂ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਮਿਹਨਤ ਇੰਨੀ ਖ਼ਾਮੋਸ਼ੀ ਨਾਲ ਕੀਤੀ ਕਿ ਕਾਮਯਾਬੀ ਨੇ ਸ਼ੋਰ ਮਚਾ ਦਿੱਤਾ।

ਸਰਦਾਰ ਵੀ ਹੋ ਅਸਰਦਾਰ

ਸਿੱਧੂ ਨੇ ਕਿਹਾ, 'ਸਰ, ਮੈਂ ਗੰਗਾ ਨਹਾ ਲਈ, ਤੁਹਾਡੇ ਪੈਰਾਂ ਵਿੱਚ ਸਿਰ ਰੱਖ ਕੇ, ਤੁਸੀਂ ਸਰਦਾਰ ਵੀ ਹੋ ਅਸਰਦਾਰ ਵੀ ਹੋ'।

ਵੈਸੇ ਸਿੱਧੂ ਨੇ ਸੋਨੀਆਂ ਤੋਂ ਲੈ ਕੇ ਕੀ ਰਾਹੁਲ, ਕੀ ਚਿਦੰਬਰਮ, ਪ੍ਰਿਅੰਕਾ ਗਾਂਧੀ ਤੇ ਆਨੰਦ ਸ਼ਰਮਾ ਦਾ ਨਾਮ ਲੈ ਲੈ ਕੇ ਉਨ੍ਹਾਂ ਦੇ ਸੋਹਲੇ ਗਾਏ।

ਸਿੱਧੂ

ਸਿੱਧੂ ਨੇ ਕਾਂਗਰਸ ਵਿੱਚ ਆਉਣ ਨੂੰ ਆਪਣੀ ਘਰ ਵਾਪਸੀ ਕਿਹਾ ਅਤੇ ਕਿਹਾ ਆਪਣੀ ਮਾਂ ਤੇ ਪਿਤਾ ਦੇ ਕਾਂਗਰਸੀ ਹੋਣ ਦਾ ਹਾਵਾਲ ਦਿੰਦਿਆ ਮਾਂ ਦੀ ਸਹੁੰ ਲੈ ਕੇ ਰਾਹੁਲ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਆਪਣੇ ਖੂਨ ਦੇ ਆਖ਼ਰੀ ਕਤਰੇ ਤੱਕ ਚੈਨ ਨਾਲ ਨਾ ਬੈਠਣ ਦਾ ਅਹਿਦ ਲਿਆ।

ਭਾਸ਼ਣ ਖਤਮ ਕਰਕੇ ਸਿੱਧੂ ਡਾ. ਮਨਮੋਹਨ ਸਿੰਘ ਕੋਲ ਗਏ ਤੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਵੀ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)