1984 'ਚ ਹੋਇਆ ਇੱਕ ਕਤਲ, ਨਾ ਕੋਈ ਸਬੂਤ ਨਾ ਕੋਈ ਦੁਸ਼ਮਣੀ, 42 ਸਾਲ ਲੰਬੀ ਉਡੀਕ ਤੇ ਪੁਲਿਸ ਦਾ ਸਟਿੰਗ, ਫਿਰ ਇੰਝ ਹੱਥੇ ਚੜ੍ਹੇ ਦੋ ਭਰਾ

ਤਸਵੀਰ ਸਰੋਤ, Family photo
- ਲੇਖਕ, ਗਾਇ ਲਿਨ
- ਰੋਲ, ਲੰਡਨ ਇਨਵੈਸਟੀਗੇਸ਼ਨ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
1 ਮਈ 1984 ਦੀ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ, ਸਰਕਾਰੀ ਕਰਮਚਾਰੀ ਐਂਥਨੀ ਲਿਟਲਰ ਈਸਟ ਫਿੰਚਲੀ ਸਟੇਸ਼ਨ 'ਤੇ ਟ੍ਰੇਨ ਤੋਂ ਉੱਤਰੇ ਅਤੇ ਘਰ ਵੱਲ ਜਾਂਦੀ ਇੱਕ ਹਨ੍ਹੇਰੀ ਗਲ਼ੀ ਵਿੱਚ ਤੁਰ ਪਏ।
ਦੋ ਮਿੰਟ ਬਾਅਦ, 45 ਸਾਲਾ ਐਂਥਨੀ ਮਰਨਸਾਰ ਹਾਲਤ ਵਿੱਚ ਜ਼ਮੀਨ 'ਤੇ ਪਏ ਸਨ।
ਐਂਥਨੀ, ਜੋ ਆਪਣੇ ਦੋਸਤਾਂ ਵਿੱਚ "ਜੈਂਟਲ ਜਾਇੰਟ" (ਸ਼ਾਂਤ ਸੁਭਾਅ ਵਾਲੇ ਲੰਬੇ-ਚੌੜੇ ਵਿਅਕਤੀ) ਵਜੋਂ ਜਾਣੇ ਜਾਂਦੇ ਸਨ, ਇਕੱਲੇ ਰਹਿੰਦੇ ਸਨ ਅਤੇ ਉਨ੍ਹਾਂ ਨੂੰ 'ਰੀਅਲ ਐਲ' (ਇੱਕ ਕਿਸਮ ਦੀ ਬੀਅਰ) ਪਸੰਦ ਸੀ। ਕਿਸੇ ਨੇ ਉਨ੍ਹਾਂ ਦੇ ਸਿਰ 'ਤੇ ਦੋ ਵਾਰ ਹਮਲਾ ਕੀਤਾ ਸੀ। ਉਨ੍ਹਾਂ ਤੋਂ ਕੁਝ ਵੀ ਨਹੀਂ ਲੁੱਟਿਆ ਗਿਆ ਸੀ।
ਇਸ ਹਮਲੇ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ, ਕੋਈ ਫੋਰੈਂਸਿਕ ਸਬੂਤ ਨਹੀਂ ਸੀ, ਕੋਈ ਸਪਸ਼ਟ ਮਕਸਦ ਨਹੀਂ ਸੀ।
42 ਸਾਲਾਂ ਤੱਕ ਕਿਸੇ ਨੂੰ ਵੀ ਇਸ ਮਾਮਲੇ 'ਚ ਸਜ਼ਾ ਨਹੀਂ ਮਿਲੀ।
ਪਰ ਲੰਘੇ ਸ਼ੁੱਕਰਵਾਰ ਨੂੰ ਇਹ ਸਥਿਤੀ ਬਦਲ ਗਈ। 57 ਸਾਲਾ ਮਾਈਕਲ ਸਟੀਵਰਟ ਅਤੇ 60 ਸਾਲਾ ਐਂਥਨੀ ਸਟੀਵਰਟ ਨੂੰ ਓਲਡ ਬੇਲੀ ਕੋਰਟ ਵਿੱਚ ਐਂਥਨੀ ਲਿਟਲਰ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮਾਈਕਲ ਨੂੰ ਘੱਟੋ-ਘੱਟ 10 ਅਤੇ ਐਂਥਨੀ ਨੂੰ ਘੱਟੋ-ਘੱਟ 15 ਸਾਲ ਜੇਲ੍ਹ 'ਚ ਬਿਤਾਉਣੇ ਹੋਣਗੇ।
ਹਮਲੇ ਦੇ ਸਮੇਂ ਦੋਵੇਂ ਭਰਾਵਾਂ ਦੀ ਉਮਰ 15 ਅਤੇ 18 ਸਾਲ ਸੀ।
ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਐਂਥਨੀ ਲਿਟਲਰ ਸਮਲਿੰਗੀ ਸਨ, ਪਰ ਜਸਟਿਸ ਕਟਸ ਨੇ ਕਿਹਾ ਕਿ ਭਰਾਵਾਂ ਨੇ ਲੁੱਟਪਾਟ ਲਈ ਸਮਲਿੰਗੀ ਮਰਦਾਂ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਕਿਹਾ, "1984 ਦਾ ਸਮਾਂ ਵੱਖਰਾ ਸੀ ਅਤੇ ਕਈ ਮਾਅਨਿਆਂ ਵਿੱਚ ਥਾਂ ਵੀ ਵੱਖਰੀ ਸੀ।"
ਇਸ ਸੁਣਵਾਈ ਦਾ ਪ੍ਰਸਾਰਣ ਟੈਲੀਵਿਜ਼ਨ 'ਤੇ ਵੀ ਹੋਇਆ ਅਤੇ ਸਜ਼ਾ ਸੁਣਾਉਂਦੇ ਹੋਏ ਸੀਨੀਅਰ ਜੱਜ ਨੇ ਦੋਸ਼ੀਆਂ ਨੂੰ ਕਿਹਾ, "ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡਾ ਗਰੁੱਪ ਕਿਸੇ ਸ਼ਿਕਾਰ ਦੀ ਤਲਾਸ਼ ਵਿੱਚ ਘਾਤ ਲਗਾ ਕੇ ਬੈਠਾ ਸੀ। ਤੁਸੀਂ ਉਸ ਭਲੇ ਅਤੇ ਇਮਾਨਦਾਰ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੀ ਜਾਨ ਲੈ ਲਈ।"
ਇੰਝ ਕੀਤਾ ਗਿਆ ਕੇਸ ਤਿਆਰ
ਪੁਰਾਣੇ ਅਣਸੁਲਝੇ ਕੇਸ (ਕੋਲਡ ਕੇਸ) ਅਕਸਰ ਵਿਗਿਆਨ ਦੀ ਮਦਦ ਨਾਲ ਸੁਲਝਾਏ ਜਾਂਦੇ ਹਨ। ਜਿਸ ਵਿੱਚ ਡੀਐਨਏ, ਫਿੰਗਰਪ੍ਰਿੰਟ ਅਤੇ ਨਵੀਆਂ ਤਕਨੀਕਾਂ ਨਾਲ ਪੁਰਾਣੇ ਸਬੂਤਾਂ ਦੀ ਜਾਂਚ ਕਰਨਾ ਸ਼ਾਮਲ ਹੁੰਦਾ ਹੈ।
ਇਹ ਮਾਮਲਾ ਵੱਖਰਾ ਸੀ। ਜਾਸੂਸਾਂ ਨੇ ਇੱਕ ਸਾਹਸੀ ਅੰਡਰਕਵਰ ਆਪ੍ਰੇਸ਼ਨ ਚਲਾਇਆ - ਮਾਈਕਲ ਸਟੀਵਰਟ ਦੇ ਘਰ ਅਤੇ ਕਾਰ ਵਿੱਚ ਬਗਿੰਗ ਡਿਵਾਈਸ (ਲੁਕ ਕੇ ਸੁਣਨ ਵਾਲੇ ਯੰਤਰ) ਲਗਾਉਣਾ, ਉਸ ਦੇ ਭਰਾ ਦੀ ਕਾਰ ਵਿੱਚ ਸੁਣਨ ਵਾਲੇ ਡਿਵਾਈਸ ਲਗਾਉਣਾ ਅਤੇ ਮਾਈਕਲ ਦੀ ਜ਼ਿੰਦਗੀ ਵਿੱਚ ਦੋ ਅੰਡਰਕਵਰ ਅਧਿਕਾਰੀਆਂ ਨੂੰ ਭੇਜਣਾ ਇਸ ਸਭ ਦਾ ਹਿੱਸਾ ਸੀ।
ਜਾਸੂਸ ਇੰਤਜ਼ਾਰ ਕਰ ਰਹੇ ਸਨ ਕਿ ਉਹ ਉਹੀ ਕਰੇ ਜੋ ਉਸ ਨੇ ਸਾਲਾਂ ਤੋਂ ਵਾਰ-ਵਾਰ ਕੀਤਾ ਸੀ: ਗੱਲਾਂ ਕਰਨਾ।
ਚੇਤਾਵਨੀ - ਕੁਝ ਪਾਠਕਾਂ ਨੂੰ ਇਸ ਰਿਪੋਰਟ ਦੇ ਵੇਰਵਿਆਂ ਅਤੇ ਵਿਤਕਰੇ ਭਰੀ ਭਾਸ਼ਾ ਪਰੇਸ਼ਾਨ ਕਰ ਸਕਦੀ ਹੈ।

ਤਸਵੀਰ ਸਰੋਤ, Metropolitan Police
ਐਂਥਨੀ ਲਿਟਲਰ, ਜੋ ਸਾਦਗੀ ਭਰਿਆ ਜੀਵਨ ਬਤੀਤ ਕਰਨ ਵਾਲੇ ਸ਼ਾਂਤ ਵਿਅਕਤੀ ਸਨ, 6 ਫੁੱਟ 4 ਇੰਚ ਲੰਬੇ ਸਨ, ਸਿਵਲ ਸਰਵਿਸ ਵਿੱਚ ਕੰਮ ਕਰਦੇ ਸਨ ਅਤੇ ਉੱਤਰੀ ਲੰਡਨ ਦੇ ਈਸਟ ਫਿੰਚਲੀ ਵਿੱਚ ਇੱਕ ਫਲੈਟ ਵਿੱਚ ਰਹਿੰਦੇ ਸਨ।
ਉਹ ਆਪਣੀ ਮਾਂ ਦੇ ਕਾਫ਼ੀ ਕਰੀਬ ਸਨ ਅਤੇ ਅਕਸਰ ਉਨ੍ਹਾਂ ਨੂੰ ਮਿਲਣ ਲਈ ਮਰਸੀਸਾਈਡ ਦੇ ਸੇਂਟ ਹੇਲੇਨਜ਼ ਜਾਂਦੇ ਸਨ, ਜਿੱਥੇ ਉਹ ਪੈਦਾ ਹੋਏ ਅਤੇ ਵੱਡੇ ਹੋਏ ਸਨ। ਐਂਥਨੀ ਨੂੰ 'ਰੀਅਲ ਐਲ' (ਇੱਕ ਕਿਸਮ ਦੀ ਰਿਵਾਇਤੀ ਬੀਅਰ) ਦਾ ਬਹੁਤ ਸ਼ੌਕ ਸੀ। ਆਪਣੀ ਜ਼ਿੰਦਗੀ ਦੀ ਆਖ਼ਰੀ ਸ਼ਾਮ ਨੂੰ ਉਹ ਲੰਡਨ ਪਾਰ ਕਰਕੇ ਕਾਰਸ਼ਾਲਟਨ ਦੇ ਇੱਕ ਪੱਬ ਵਿੱਚ 'ਸੋਸਾਇਟੀ ਫ਼ਾਰ ਦਿ ਪ੍ਰਿਜ਼ਰਵੇਸ਼ਨ ਆਫ਼ ਬੀਅਰਜ਼ ਫ੍ਰਾਮ ਦ ਵੁੱਡ' ਦੀ ਮੀਟਿੰਗ ਵਿੱਚ ਗਏ ਸਨ, ਜਿੱਥੇ ਉਨ੍ਹਾਂ ਨੇ ਦੋਸਤਾਂ ਨਾਲ ਪੰਜ ਜਾਂ ਛੇ ਪਾਈਂਟ 'ਬਿਟਰ' (ਬੀਅਰ) ਪੀਤੀ ਸੀ।
ਪੱਬ ਬੰਦ ਹੋਣ ਦੇ ਸਮੇਂ ਉਨ੍ਹਾਂ ਨੇ ਇੱਕ-ਦੂਜੇ ਨੂੰ ਅਲਵਿਦਾ ਕਿਹਾ।
ਐਂਥਨੀ ਲੰਡਨ ਪਾਰ ਕਰਕੇ ਵਾਪਸ ਆਏ, ਈਸਟ ਫਿੰਚਲੀ ਪਹੁੰਚੇ ਅਤੇ ਰੇਲਵੇ ਲਾਈਨ ਦੇ ਨਾਲ ਵਾਲੇ ਤੰਗ ਰਸਤੇ 'ਤੇ ਮੁੜ ਗਏ - ਜੋ ਘਰ ਜਾਣ ਦਾ ਇੱਕ ਸ਼ਾਰਟਕੱਟ ਸੀ।
ਕੁਝ ਹੀ ਮਿੰਟਾਂ ਵਿੱਚ, ਉਨ੍ਹਾਂ 'ਤੇ ਇੰਨੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਕਿ ਉਨ੍ਹਾਂ ਨੂੰ ਫਿਰ ਕਦੇ ਹੋਸ਼ ਨਹੀਂ ਆਇਆ।
'ਬਹੁਤ ਨੇਕ ਇਨਸਾਨ ਅਤੇ ਇੰਨੀ ਭਿਆਨਕ ਮੌਤ'

ਐਂਥਨੀ ਦੇ ਹੁਣ ਬਚੇ ਹੋਏ ਕਰੀਬੀ ਰਿਸ਼ਤੇਦਾਰਾਂ ਵਿੱਚੋਂ ਇੱਕ, ਪੈਟ੍ਰਿਸ਼ੀਆ ਮੈਕਲਿਊਰ ਯਾਦ ਕਰਦੇ ਹਨ, "ਉਹ ਵੱਡੇ ਭਰਾ ਵਾਂਗ ਸਨ।"
"ਉਹ ਮੈਨੂੰ ਮੇਰੇ ਪ੍ਰੈਮ ਵਿੱਚ ਘੁੰਮਾਇਆ ਕਰਦੇ ਸਨ। ਪਰਿਵਾਰ 'ਚ ਜਨਮ ਦਿਨ ਅਤੇ ਕ੍ਰਿਸਮਸ ਦੇ ਮੌਕਿਆਂ 'ਤੇ ਉਹ ਹਮੇਸ਼ਾ ਮੌਜੂਦ ਰਹਿੰਦੇ ਸਨ।"
ਵਿਰਲ ਵਿੱਚ ਬੇਬਿੰਗਟਨ ਦੇ ਰਹਿਣ ਵਾਲੇ ਪੈਟ੍ਰਿਸ਼ੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਐਂਥਨੀ ਨੇ ਸ਼ਾਇਦ ਹਮਲਾਵਰ ਦਾ ਮੁਕਾਬਲਾ ਨਹੀਂ ਕੀਤਾ ਹੋਵੇਗਾ।
ਉਹ ਕਹਿੰਦੇ ਹਨ, "ਬਚਪਨ ਵਿੱਚ ਉਹ ਕਿਸੇ ਕੁੱਤੇ 'ਤੇ ਪੱਥਰ ਵੀ ਨਹੀਂ ਮਾਰਦੇ ਸਨ। ਉਹ ਹਮੇਸ਼ਾ ਤੋਂ ਹੀ ਬਹੁਤ ਨੇਕ ਇਨਸਾਨ ਸਨ, ਅਤੇ ਇੰਨੀ ਭਿਆਨਕ ਮੌਤ... ਇਹ ਬਹੁਤ ਨਾਇਨਸਾਫ਼ੀ ਹੈ।"
ਆਈਟੀਵੀ ਦੇ 'ਪੁਲਿਸ 5' ਅਤੇ ਬੀਬੀਸੀ ਵਨ ਦੇ 'ਕ੍ਰਾਈਮਵਾਚ' 'ਤੇ ਕੀਤੀ ਗਈ ਅਪੀਲ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਜਨਵਰੀ 1985 ਵਿੱਚ ਜਾਂਚ ਬੰਦ ਕਰ ਦਿੱਤੀ ਗਈ। 1993 ਵਿੱਚ ਦੂਜੀ ਜਾਂਚ ਹੋਈ, ਪਰ ਉਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। 2012-2015 ਦੇ ਦਰਮਿਆਨ ਤੀਜੀ ਜਾਂਚ ਵੀ ਕਿਸੇ 'ਤੇ ਦੋਸ਼ ਲਗਾਏ ਬਿਨ੍ਹਾਂ ਖ਼ਤਮ ਹੋ ਗਈ।
ਪੈਟ੍ਰਿਸ਼ੀਆ ਕਹਿੰਦੇ ਹਨ, "ਮੈਂ ਇਹ ਮੰਨ ਲਿਆ ਸੀ ਕਿ ਉਹ ਹੁਣ ਨਹੀਂ ਰਹੇ ਅਤੇ ਕਾਤਲ ਫੜੇ ਨਹੀਂ ਗਏ। ਬਸ ਇੱਕ ਕਦੇ ਨਾ ਖ਼ਤਮ ਹੋਣ ਵਾਲਾ ਦੁੱਖ ਰਹਿ ਗਿਆ ਜੋ ਹਮੇਸ਼ਾ ਬਣਿਆ ਰਿਹਾ। ਹਰ ਕ੍ਰਿਸਮਸ 'ਤੇ, ਜਦੋਂ ਉਹ ਸਾਡੇ ਵਿਚਕਾਰ ਨਹੀਂ ਹੁੰਦੇ ਸਨ, ਤਾਂ ਉਹ ਦੁੱਖ ਫਿਰ ਤੋਂ ਉੱਭਰ ਆਉਂਦਾ ਸੀ।"
42 ਸਾਲਾਂ ਤੱਕ ਪੈਟ੍ਰਿਸ਼ੀਆ ਨੂੰ ਇਹੀ ਲੱਗਦਾ ਰਿਹਾ ਕਿ ਕਾਤਲਾਂ ਨੂੰ ਲੱਗਿਆ ਹੋਵੇਗਾ ਕਿ ਉਹ ਬਚ ਨਿਕਲੇ ਹਨ।
ਉਹ ਕਹਿੰਦੇ ਹਨ, "ਅਤੇ ਜਦੋਂ ਤੱਕ ਪੁਲਿਸ ਨੇ ਇਹ ਜਾਂਚ ਸ਼ੁਰੂ ਨਹੀਂ ਕੀਤੀ, ਉਦੋਂ ਤੱਕ ਉਹ ਬਚੇ ਹੀ ਹੋਏ ਸਨ।"
ਬਚਪਨ ਦਾ ਇੱਕ ਪਰਿਵਾਰਿਕ ਰਾਜ਼

ਤਸਵੀਰ ਸਰੋਤ, Family photo
ਮੈਟਰੋਪੋਲਿਟਨ ਪੁਲਿਸ ਦੀ ਸ਼ੁਰੂਆਤੀ ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਗਲੀ ਤੋਂ ਕੁਝ ਸੌ ਕੁ ਗਜ ਦੀ ਦੂਰੀ 'ਤੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਸੀ - ਜੋ ਸਟੀਵਰਟ ਪਰਿਵਾਰ ਦਾ ਘਰ ਸੀ। ਉੱਥੇ ਉਨ੍ਹਾਂ ਨੇ 15 ਸਾਲਾ ਮਾਈਕਲ ਸਟੀਵਰਟ ਅਤੇ ਇੱਕ ਹਫ਼ਤੇ ਬਾਅਦ ਉਸ ਦੇ 18 ਸਾਲਾ ਭਰਾ ਐਂਥਨੀ ਨਾਲ ਗੱਲ ਕੀਤੀ।
ਘਰ-ਘਰ ਜਾ ਕੇ ਭਰੇ ਗਏ ਫਾਰਮ ਵਿੱਚ ਇਹ ਦਰਜ ਸੀ ਕਿ ਕਤਲ ਵਾਲੀ ਰਾਤ ਦੋਵੇਂ ਆਪਣੇ ਘਰ ਵਿੱਚ ਸੁਰੱਖਿਅਤ ਸਨ। ਐਂਥਨੀ ਸਟੀਵਰਟ ਦੇ ਫਾਰਮ 'ਤੇ ਇੱਕ ਨੋਟ ਲਿਖਿਆ ਸੀ- "ਗਲੀ ਦੀ ਵਰਤੋਂ ਨਹੀਂ ਕਰਦਾ।"
ਇਹ ਗੱਲ ਸੱਚ ਨਹੀਂ ਸੀ, ਅਤੇ ਅਦਾਲਤ ਨੂੰ ਪਤਾ ਲੱਗਿਆ ਕਿ ਦੋਵੇਂ ਭਰਾਵਾਂ ਨੂੰ ਹਿੰਸਾ ਪਸੰਦ ਸੀ ਅਤੇ ਉਹ ਕਈ ਸਾਲਾਂ ਤੋਂ ਪੁਲਿਸ ਨਾਲ ਕਈ ਮਾਮਲਿਆਂ 'ਚ ਉਲਝਦੇ ਰਹਿੰਦੇ ਸਨ।
ਸਾਲ 2013 ਵਿੱਚ, ਇਨ੍ਹਾਂ ਭਰਾਵਾਂ ਵਿਚਕਾਰ ਇੱਕ ਵੱਡਾ ਝਗੜਾ ਹੋਇਆ। ਇਨ੍ਹਾਂ ਤਿੰਨਾਂ ਵਿੱਚੋਂ ਸਭ ਤੋਂ ਛੋਟਾ ਭਰਾ ਡੈਨੀਅਲ, ਇਸ ਹਮਲੇ ਵਿੱਚ ਸ਼ਾਮਲ ਨਹੀਂ ਸੀ ਅਤੇ ਐਂਥਨੀ ਦੇ ਕਤਲ ਦੇ ਸਮੇਂ ਉਹ ਸਿਰਫ਼ 10 ਸਾਲ ਦਾ ਸੀ।
ਉਸ ਪਰਿਵਾਰਕ ਝਗੜੇ ਦੌਰਾਨ, ਉਸ ਨੇ ਪੁਲਿਸ ਨੂੰ ਦੱਸਿਆ ਕਿ ਮਾਈਕਲ ਨੇ ਉਸ ਦਾ ਘਰ ਸਾੜਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਫਿਰ ਡੈਨੀਅਲ ਨੇ ਜਾਸੂਸਾਂ ਨੂੰ ਇੱਕ ਬਹੁਤ ਹੀ ਗੰਭੀਰ ਗੱਲ ਦੱਸੀ: ਬਚਪਨ ਦਾ ਇੱਕ ਪਰਿਵਾਰਿਕ ਰਾਜ਼।
ਉਨ੍ਹਾਂ ਨੇ ਦੱਸਿਆ ਕਿ ਮਾਈਕਲ ਨੇ ਕਤਲ ਤੋਂ ਕੁਝ ਹੀ ਦਿਨਾਂ ਬਾਅਦ ਇਸ ਬਾਰੇ ਡੀਂਗਾਂ ਮਾਰੀਆਂ ਸਨ। ਉਨ੍ਹਾਂ ਦੇ ਭਰਾ ਐਂਥਨੀ ਨੇ ਵੀ ਸਾਲਾਂ ਬਾਅਦ ਇਸ ਬਾਰੇ ਗੱਲ ਕੀਤੀ ਸੀ।
ਡੈਨੀਅਲ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਭਰਾ ਅਜਿਹੇ ਲੋਕਾਂ 'ਤੇ ਹਮਲਾ ਕਰਨ ਜਾਂਦੇ ਸਨ, ਜਿਨ੍ਹਾਂ ਨੂੰ ਉਹ ਸਮਲਿੰਗੀ (ਗੇਅ) ਸਮਝਦੇ ਸਨ ਅਤੇ ਲਿਟਲਰ 'ਤੇ ਹਮਲਾ ਲੁੱਟ ਦੀ ਇੱਕ ਕੋਸ਼ਿਸ਼ ਦੌਰਾਨ ਹੋਇਆ ਸੀ, ਅਜਿਹੀ ਲੁੱਟ ਜੋ ਨਾਕਾਮ ਰਹੀ।
ਡੈਨੀਅਲ ਨੇ ਪੁਲਿਸ ਨੂੰ ਕਿਹਾ, "ਉਹ ਬਸ ਉਸ ਨੂੰ ਲੁੱਟਣਾ ਚਾਹੁੰਦੇ ਸਨ, ਪਰ ਉਸ ਦੀ ਮੌਤ ਹੋ ਗਈ।"
ਸਾਹਮਣੇ ਆਉਣ ਵਾਲੇ ਡੈਨੀਅਲ ਇਕੱਲੇ ਵਿਅਕਤੀ ਨਹੀਂ ਸੀ।
'ਕੋਈ ਸੀਸੀਟੀਵੀ ਫੁਟੇਜ ਨਹੀਂ, ਕੋਈ ਫੋਰੈਂਸਿਕ ਸਬੂਤ ਨਹੀਂ'

ਤਸਵੀਰ ਸਰੋਤ, Ordnance Survey
ਪਰਿਵਾਰ ਦੇ ਇੱਕ ਕਰੀਬੀ ਵਿਅਕਤੀ ਨੇ - ਜਿਸ ਦੀ ਪਛਾਣ ਕਾਨੂੰਨੀ ਕਾਰਨਾਂ ਕਰਕੇ ਨਹੀਂ ਦੱਸੀ ਜਾ ਸਕਦੀ - ਯਾਦ ਕਰਦਿਆਂ ਦੱਸਿਆ ਕਿ ਮਾਈਕਲ ਨੇ ਕਾਰ ਤੋਂ ਸਟੇਸ਼ਨ ਵੱਲ ਇਸ਼ਾਰਾ ਕਰਦੇ ਹੋਏ ਕੁਝ ਇਸ ਤਰ੍ਹਾਂ ਕਿਹਾ ਸੀ- "ਉੱਥੇ ਹੀ ਅਸੀਂ ਉਸ ਨੂੰ ਮਾਰਿਆ ਸੀ।"
ਜਦੋਂ ਡਿਟੈਕਟਿਵ ਚੀਫ਼ ਇੰਸਪੈਕਟਰ ਨੀਲ ਜੌਨ 2019 ਵਿੱਚ ਮੈਟ (ਪੁਲਿਸ) ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਵਿੱਚ ਆਏ, ਤਾਂ ਉਨ੍ਹਾਂ ਨੂੰ ਦੋ ਪੁਰਾਣੇ ਕੇਸ ਮਿਲੇ, ਜਿਨ੍ਹਾਂ ਵਿੱਚ ਇਹ ਕੇਸ ਵੀ ਸ਼ਾਮਲ ਸੀ।
ਜੌਨ ਕਹਿੰਦੇ ਹਨ, "ਕੁਝ ਕਾਗਜ਼ਾਤ ਅਤੇ ਸਬੂਤ ਗਾਇਬ ਸਨ। ਕੋਈ ਸੀਸੀਟੀਵੀ ਫੁਟੇਜ ਨਹੀਂ ਸੀ, ਕੋਈ ਫੋਰੈਂਸਿਕ ਸਬੂਤ ਨਹੀਂ ਸੀ। ਜਿਨ੍ਹਾਂ ਗਵਾਹਾਂ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਸੀ, ਉਨ੍ਹਾਂ ਸਭ ਦਾ ਬਦਕਿਸਮਤੀ ਨਾਲ ਦੇਹਾਂਤ ਹੋ ਚੁੱਕਿਆ ਸੀ।
ਇਸ ਲਈ ਉਨ੍ਹਾਂ ਦੀ ਟੀਮ ਨੇ ਜੋ ਕੁਝ ਬਚਿਆ ਸੀ, ਉਸੇ ਦੇ ਆਧਾਰ 'ਤੇ ਕੇਸ ਨੂੰ ਮੁੜ ਤਿਆਰ ਕੀਤਾ।
ਇੱਕ ਮਿਊਜ਼ੀਅਮ ਕਿਊਰੇਟਰ ਨੇ 1984 ਦੇ ਟ੍ਰੇਨ ਟਾਈਮਟੇਬਲ ਨੂੰ ਸਮਝਣ ਵਿੱਚ ਮਦਦ ਕੀਤੀ। ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਅਸਲੀ ਆਰਡੀਨੈਂਸ ਸਰਵੇ ਮੈਪ ਲੱਭੇ ਗਏ ਕਿਉਂਕਿ ਈਸਟ ਫਿੰਚਲੀ ਦੇ ਆਲੇ-ਦੁਆਲੇ ਦੀਆਂ ਸੜਕਾਂ ਬਦਲ ਗਈਆਂ ਸਨ।
ਪੁਲਿਸ ਦੀ ਇੱਕ ਸਰਚ ਟੀਮ ਨੇ ਮੈਟ (ਪੁਲਿਸ) ਦੇ ਪ੍ਰਾਪਰਟੀ ਵੇਅਰਹਾਊਸ ਵਿੱਚ ਇੱਕ ਹਫ਼ਤਾ ਬਿਤਾਇਆ ਅਤੇ ਗਾਇਬ ਸਬੂਤ ਲੱਭਣ ਦੀ ਉਮੀਦ ਵਿੱਚ 200 ਤੋਂ ਵੱਧ ਵੱਡੇ ਬਕਸਿਆਂ ਦੀ ਤਲਾਸ਼ੀ ਲਈ।
ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ।
ਪਰ ਕਾਗਜ਼ਾਤ, ਗਵਾਹਾਂ ਦੇ ਪੁਰਾਣੇ ਬਿਆਨ ਅਤੇ ਭਰਾਵਾਂ ਦੇ ਕਥਿਤ ਕਬੂਲਨਾਮਿਆਂ ਨੇ ਜਾਸੂਸਾਂ ਨੂੰ ਅੱਗੇ ਵਧਣ ਦੀ ਰਾਹ ਦਿਖਾ ਦਿੱਤੀ ਸੀ।
ਸਮੱਗਰੀ ਦੀ ਜਾਂਚ-ਪੜਤਾਲ ਤੋਂ ਬਾਅਦ, ਜੌਨ ਨੂੰ ਲੱਗਿਆ ਕਿ ਕੇਸ ਇੰਨਾ ਮਜ਼ਬੂਤ ਹੈ ਕਿ ਇਸ ਲਈ ਇੱਕ ਗੁਪਤ ਆਪ੍ਰੇਸ਼ਨ ਦੀ ਮਨਜ਼ੂਰੀ ਮੰਗੀ ਜਾ ਸਕਦੀ ਹੈ। ਸਤੰਬਰ 2023 ਵਿੱਚ ਇਸ ਦੀ ਮਨਜ਼ੂਰੀ ਮਿਲ ਗਈ ਅਤੇ 'ਆਪ੍ਰੇਸ਼ਨ ਸਨੋਪਿਚ' ਸ਼ੁਰੂ ਹੋਇਆ।
'ਆਪ੍ਰੇਸ਼ਨ ਸਨੋਪਿਚ'

ਜੌਨ ਕਹਿੰਦੇ ਹਨ, "ਮੈਂ ਪਹਿਲਾਂ ਕਦੇ ਅਜਿਹਾ ਕੇਸ ਨਹੀਂ ਦੇਖਿਆ ਸੀ, ਅਤੇ ਨਾ ਹੀ ਭਵਿੱਖ ਵਿੱਚ ਕਦੇ ਅਜਿਹਾ ਕੇਸ ਦੇਖਾਂਗਾ।"
'ਆਪ੍ਰੇਸ਼ਨ ਸਨੋਪਿਚ' ਪੂਰੀ ਤਰ੍ਹਾਂ ਸਬਰ ਦਾ ਖੇਡ ਸੀ। ਮਾਈਕਲ ਸਟੀਵਰਟ ਦੇ ਫਲੈਟ ਅਤੇ ਕਾਰ ਵਿੱਚ, ਅਤੇ ਐਂਥਨੀ ਸਟੀਵਰਟ ਦੀ ਕਾਰ ਵਿੱਚ ਸੁਣਨ ਵਾਲੇ ਡਿਵਾਈਸ ਲੁਕਾ ਕੇ ਲਗਾਏ ਗਏ ਸਨ।
ਪਰ ਇਸ ਆਪ੍ਰੇਸ਼ਨ ਦਾ ਸਭ ਤੋਂ ਅਹਿਮ ਹਿੱਸਾ ਹੋਰ ਵੀ ਨਿੱਜੀ ਸੀ- ਜੇਜੇ ਅਤੇ ਐਨਾ ਨਾਂ ਦੇ ਦੋ ਅੰਡਰਕਵਰ ਅਧਿਕਾਰੀਆਂ ਨੂੰ ਮਾਈਕਲ ਸਟੀਵਰਟ ਦੀ ਜ਼ਿੰਦਗੀ ਵਿੱਚ ਭੇਜਿਆ ਗਿਆ।
ਸਭ ਤੋਂ ਪਹਿਲਾਂ ਜੇਜੇ ਨੇ ਗੱਲਬਾਤ ਸ਼ੁਰੂ ਕੀਤੀ।
ਉਨ੍ਹਾਂ ਨੇ ਮਾਈਕਲ ਦੇ ਫਲੈਟ ਵਾਲੀ ਇਮਾਰਤ ਵਿੱਚ ਖਰਾਬ ਲਿਫ਼ਟ ਨੂੰ ਲੈਕੇ ਗੱਲਬਾਤ ਸ਼ੁਰੂ ਕੀਤੀ। ਜਲਦ ਹੀ ਜੇਜੇ, ਮਾਈਕਲ ਨਾਲ ਸਮਾਂ ਬਿਤਾਉਣ ਗੱਲੇ - ਗੈਂਗਸਟਰ ਵਾਲੀਆਂ ਫ਼ਿਲਮਾਂ ਦੇਖਣਾ, ਵੀਡੀਓ ਗੇਮ ਖੇਡਣਾ ਅਤੇ ਉਸ ਦੀਆਂ ਕਹਾਣੀਆਂ ਸੁਣਨਾ।
ਤਿੰਨ ਮਹੀਨਿਆਂ ਦੇ ਅੰਦਰ ਹੀ ਮਾਈਕਲ ਦਾ ਜੇਜੇ ਨਾਲ ਰਿਸ਼ਤਾ ਇੰਨਾ ਗਹਿਰਾ ਹੋ ਗਿਆ ਕਿ ਜਦੋਂ ਬਾਅਦ ਵਿੱਚ ਮਾਈਕਲ ਸਟੀਵਰਟ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਤਾਂ ਉਸ ਨੇ ਪੁਲਿਸ ਸਟੇਸ਼ਨ ਤੋਂ ਉਸਨੂੰ ਲੈ ਜਾਣ ਲਈ ਜੇਜੇ ਨੂੰ ਹੀ ਬੁਲਾਇਆ।
ਘਰ ਵਾਪਸ ਆਉਂਦੇ ਸਮੇਂ ਕਾਰ ਵਿੱਚ ਮਾਈਕਲ ਨੇ ਗੱਲ ਕੀਤੀ।
ਉਸ ਨੇ ਉਨ੍ਹਾਂ ਨੂੰ ਦੱਸਿਆ, "ਮੈਨੂੰ ਪਤਾ ਹੈ ਕਿ ਉਹ ਕੌਣ ਸੀ।" ਪਰ ਇਸ ਵੇਲੇ ਮਾਈਕਲ ਨੂੰ ਪਤਾ ਵੀ ਨਹੀਂ ਸੀ ਕਿ ਜਿਸ ਵਿਅਕਤੀ ਨੂੰ ਉਹ ਸਾਰਾ ਕੁੱਝ ਦੱਸ ਰਿਹਾ ਹੈ, ਉਸ ਉਸ ਦੀਆਂ ਗੱਲਾਂ ਨੂੰ ਰਿਕਾਰਡ ਕਰ ਰਿਹਾ ਹੈ।
ਮਾਈਕਲ ਨੇ ਕਿਹਾ ਕਿ ਉਹ, ਉਸ ਦਾ ਭਰਾ ਅਤੇ ਉਸ ਦੇ ਤਿੰਨ ਦੋਸਤ ਸਨ। ਉਹ "ਸਮਲਿੰਗੀ ਲੋਕਾਂ ਨੂੰ ਕੁੱਟਣ" (ਗੇਅ-ਬੈਸ਼ਿੰਗ) ਲਈ ਨਿਕਲੇ ਸਨ, ਉਨ੍ਹਾਂ ਨੇ ਇੱਕ ਗਲੀ ਵਿੱਚ ਇੱਕ ਆਦਮੀ ਨੂੰ ਘੇਰ ਲਿਆ ਸੀ ਅਤੇ ਉਸ ਦੇ ਸਿਰ 'ਤੇ ਵਾਰ ਕੀਤਾ ਸੀ, ਜਿਵੇਂ ਕਿ ਅਦਾਲਤ 'ਚ ਦੱਸਿਆ ਗਿਆ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਐਂਥਨੀ ਲਿਟਲਰ ਸਮਲਿੰਗੀ ਸਨ।
ਇਹ ਇੱਕ ਪੈਟਰਨ ਬਣ ਗਿਆ। ਉਨ੍ਹਾਂ ਮਹੀਨਿਆਂ ਦੌਰਾਨ ਵਾਰ-ਵਾਰ ਅਦਾਲਤ ਨੇ ਸੁਣਿਆ ਕਿ ਮਾਈਕਲ ਨੇ ਆਪਣੇ ਭਰਾ ਵੱਲ ਉਂਗਲ ਚੁੱਕੀ ਅਤੇ ਹਮੇਸ਼ਾ ਇਹੀ ਕਿਹਾ ਕਿ ਕਤਲ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ।
ਪਰ ਰਿਕਾਰਡਿੰਗ ਵਿੱਚ ਉਹ ਵਾਰ-ਵਾਰ ਫੜਿਆ ਜਾਂਦਾ ਰਿਹਾ।
ਅੰਡਰਕਵਰ ਅਧਿਕਾਰੀ ਅਤੇ ਇੰਝ ਖੁੱਲ੍ਹੀ ਪੋਲ

ਤਸਵੀਰ ਸਰੋਤ, Metropolitan Police
ਇੱਕ ਹੋਰ ਅੰਡਰਕਵਰ ਅਧਿਕਾਰੀ, ਐਨਾ ਨੇ ਉਸ ਨਾਲ ਵੱਖਰੇ ਤੌਰ 'ਤੇ ਜਾਣ-ਪਛਾਣ ਵਧਾਈ। ਦਸੰਬਰ 2023 ਵਿੱਚ ਇੱਕ ਕੈਫੇ ਵਿੱਚ ਹੋਈ ਗੁਪਤ ਗੱਲਬਾਤ ਦੌਰਾਨ ਐਨਾ ਨੇ ਉਸਨੂੰ ਕਿਹਾ ਕਿ ਉਸ ਦੇ ਭਤੀਜੇ ਨੇ ਕਿਸੇ ਦਾ ਕਤਲ ਕੀਤਾ ਹੈ।
ਮਾਈਕਲ ਨੇ ਜਵਾਬ ਦਿੱਤਾ, "ਮੇਰੇ ਭਤੀਜੇ ਨੇ ਕਿਸੇ ਨੂੰ ਨਹੀਂ ਮਾਰਿਆ। ਇਹ ਮੇਰੇ ਭਰਾ ਨੇ ਕੀਤਾ ਸੀ।"
ਉਦੋਂ ਤੱਕ ਜਾਂਚ ਸਭ ਦੇ ਸਾਹਮਣੇ ਆ ਚੁੱਕੀ ਸੀ। ਮਾਈਕਲ ਨੂੰ ਗ੍ਰਿਫ਼ਤਾਰ ਕਰਕੇ ਕਤਲ ਬਾਰੇ ਪੁੱਛਗਿੱਛ ਕੀਤੀ ਗਈ ਸੀ ਅਤੇ ਫਿਰ ਛੱਡ ਦਿੱਤਾ ਗਿਆ ਸੀ। ਪਰ ਉਸ ਨੂੰ ਇਹ ਪਤਾ ਵੀ ਨਹੀਂ ਸੀ ਕਿ ਉਸ ਦੇ ਆਲੇ-ਦੁਆਲੇ ਚੁੱਪਚਾਪ ਇੱਕ ਅੰਡਰਕਵਰ ਆਪ੍ਰੇਸ਼ਨ ਚੱਲ ਰਿਹਾ ਸੀ।
ਫਿਰ ਮਾਰਚ 2024 ਵਿੱਚ ਪੁਲਿਸ ਨਾਲ ਇੱਕ ਵਾਰ ਹੋਰ ਪੁੱਛਗਿੱਛ ਦੌਰਾਨ, ਉਸ ਦੇ ਮੂੰਹੋਂ ਇੱਕ ਅਜਿਹੀ ਗੱਲ ਨਿਕਲ ਗਈ ਜਿਸ ਤੋਂ ਇਹ ਪਤਾ ਲੱਗਿਆ ਕਿ ਮਾਈਕਲ ਘਟਨਾ ਵਾਲੀ ਥਾਂ 'ਤੇ ਮੌਜੂਦ ਸੀ।
ਉਸ ਰਾਤ ਆਪਣੇ ਸਰੀਰ 'ਤੇ ਖੂਨ ਲੱਗੇ ਹੋਣ ਦੀ ਗੱਲ ਤੋਂ ਇਨਕਾਰ ਕਰਦੇ ਹੋਏ, ਮਾਈਕਲ ਅਚਾਨਕ ਬੋਲ ਪਿਆ: "ਜੇ ਮੈਂ ਗਲ਼ੀ ਦੇ ਇੱਕ ਹਿੱਸੇ (ਇੱਕ ਸਿਰੇ) ਵਿੱਚ ਪਹਿਰਾ ਦੇ ਰਿਹਾ ਸੀ... ਤਾਂ ਮੇਰੇ ਸਰੀਰ 'ਤੇ ਖੂਨ ਕਿਵੇਂ ਲੱਗ ਸਕਦਾ ਸੀ? ਅਰੇ ਯਾਰ।"

ਤਸਵੀਰ ਸਰੋਤ, Metropolitan Police
ਸਰਕਾਰੀ ਵਕੀਲ ਜੌਨ ਪ੍ਰਾਈਸ ਕੇਸੀ ਨੇ ਜਿਊਰੀ ਨੂੰ ਦੱਸਿਆ ਕਿ ਕਿਸੇ ਨੇ ਵੀ - ਨਾ ਪੁਲਿਸ ਨੇ, ਨਾ ਉਸ ਦੇ ਪਰਿਵਾਰ ਨੇ, ਅਤੇ ਨਾ ਹੀ ਕਿਸੇ ਗਵਾਹ ਨੇ - ਕਦੇ ਉਸ 'ਤੇ ਇਹ ਇਲਜ਼ਾਮ ਨਹੀਂ ਲਗਾਇਆ ਸੀ ਕਿ ਉਹ ਘਟਨਾ ਦੌਰਾਨ ਗਲ਼ੀ ਵਿੱਚ ਫਿਰ ਰਿਹਾ ਸੀ।
ਇਹ ਜਾਣਕਾਰੀ ਮਾਈਕਲ ਦੀ ਉਸ ਰਾਤ ਦੀ ਯਾਦ ਤੋਂ ਇਲਾਵਾ ਹੋਰ ਕਿਤੇ ਮੌਜੂਦ ਨਹੀਂ ਸੀ।
ਬਚਣ ਦੀ ਕੋਸ਼ਿਸ਼ ਵਿੱਚ ਉਸ ਨੇ ਖੁਦ ਨੂੰ ਗਲ਼ੀ ਦੇ ਇੱਕ ਵਿਸ਼ੇਸ਼ ਹਿੱਸੇ ਵਿੱਚ ਦੱਸ ਦਿੱਤਾ, ਜਦਕਿ ਐਂਥਨੀ ਨੂੰ ਕੁੱਟ ਕੇ ਜ਼ਮੀਨ 'ਤੇ ਸੁੱਟਿਆ ਜਾ ਰਿਹਾ ਸੀ।
ਅਤੇ ਇਸਦੇ ਨਾਲ ਹੀ ਉਹ ਗੁੱਥੀ ਵੀ ਸੁਲਝ ਗਈ ਜੋ 1984 ਤੋਂ ਫਾਈਲਾਂ ਵਿੱਚ ਦੱਬੀ ਪਈ ਸੀ।
ਹਮਲੇ ਤੋਂ ਦੋ ਮਿੰਟ ਬਾਅਦ, ਇੱਕ ਨੌਜਵਾਨ ਨੇ ਗਲੀ ਦੇ ਨੇੜੇ ਇੱਕ ਫ਼ੋਨ ਬੂਥ ਤੋਂ 999 'ਤੇ ਕਾਲ ਕੀਤੀ ਅਤੇ ਇੱਕ ਅਜਿਹੇ ਆਦਮੀ ਲਈ ਐਂਬੂਲੈਂਸ ਦੀ ਮਦਦ ਮੰਗੀ ਜਿਸ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ, ਫਿਰ ਉਸਨੇ ਆਪਣਾ ਨਾਂ ਦੱਸੇ ਬਿਨਾਂ ਹੀ ਫ਼ੋਨ ਕੱਟ ਦਿੱਤਾ।
ਕੁਝ ਵੀ ਹੱਥ ਨਹੀਂ ਲੱਗਿਆ ਅਤੇ ਕਾਲ ਨੂੰ ਝੂਠੀ ਸੂਚਨਾ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਪ੍ਰਾਈਸ ਨੇ ਕਿਹਾ ਕਿ ਜੋ ਵਿਅਕਤੀ ਉੱਥੇ ਮੌਜੂਦ ਸੀ, ਉਹੀ ਇੰਨੀ ਜਲਦੀ ਇਹ ਗੱਲ ਜਾਣ ਸਕਦਾ ਸੀ।
ਸਰਕਾਰੀ ਪੱਖ ਨੇ ਜਿਊਰੀ ਨੂੰ ਦੱਸਿਆ ਕਿ ਉਹ ਕਾਲ ਕਰਨ ਵਾਲਾ ਨੌਜਵਾਨ 15 ਸਾਲ ਦਾ ਮਾਈਕਲ ਸਟੀਵਰਟ ਸੀ - ਉਹੀ ਵਿਅਕਤੀ ਜੋ ਪਹਿਰਾ ਦੇ ਰਿਹਾ ਸੀ, ਜੋ ਸਭ ਤੋਂ ਪਹਿਲਾਂ ਭੱਜਿਆ ਅਤੇ ਜਿਸ ਨੇ ਉਸ ਮਰਦੇ ਹੋਏ ਆਦਮੀ ਲਈ ਮਦਦ ਮੰਗੀ ਜਿਸ ਨੂੰ ਉਸ ਦੇ ਆਪਣੇ ਹੀ ਗਰੁੱਪ ਨੇ ਪਿੱਛੇ ਛੱਡ ਦਿੱਤਾ ਸੀ।
'ਮੇਰੇ ਕਜ਼ਨ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ'

ਤਸਵੀਰ ਸਰੋਤ, Metropolitan Police
ਪੈਟ੍ਰਿਸ਼ੀਆ ਲਈ ਇਹ ਜਾਣਨਾ ਕਿ ਉਨ੍ਹਾਂ ਦੇ ਕਜ਼ਨ ਦਾ ਕਤਲ ਕਰਨ ਵਾਲੇ ਲੋਕਾਂ ਨੂੰ ਆਖਿਰਕਾਰ ਸਜ਼ਾ ਮਿਲ ਗਈ ਹੈ, ਇੱਕ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਅਹਿਸਾਸ ਸੀ।
ਉਹ ਕਹਿੰਦੇ ਹਨ, "ਤੇਰੀ ਹਿੰਮਤ ਕਿਵੇਂ ਹੋਈ? ਤੂੰ ਮੇਰੇ ਕਜ਼ਨ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ - ਅਤੇ ਮੈਨੂੰ ਲੱਗਦਾ ਹੈ ਕਿ ਤੇਰੀ ਜ਼ਿੰਦਗੀ ਤਾਂ ਚੰਗੀ ਗੁਜ਼ਰੀ ਹੋਵੇਗੀ।''
"ਉਨ੍ਹਾਂ ਨੂੰ 42 ਸਾਲ ਦੀ ਆਜ਼ਾਦੀ ਮਿਲੀ, ਅਤੇ ਮੇਰੇ ਕਜ਼ਨ ਦੇ 42 ਸਾਲ ਜ਼ਿੰਦਗੀ ਤੋਂ ਦੂਰ ਗੁਜ਼ਰ ਗਏ। ਉਹ ਵਿਆਹ ਕਰਨ ਅਤੇ ਆਪਣੇ ਪਰਿਵਾਰ ਦੇ ਸੁੱਖ ਤੋਂ ਵਾਂਝਾ ਰਹਿ ਗਿਆ।
ਉਨ੍ਹਾਂ ਕਿਹਾ, "ਮੈਨੂੰ ਇਸ ਗੱਲ ਨਾਲ ਰਾਹਤ ਮਿਲੀ ਹੈ ਕਿ ਆਖ਼ਰਕਾਰ ਇਨਸਾਫ਼ ਹੋਇਆ ਹੈ।''
"ਇਸ ਨਾਲ ਦੁੱਖ ਘੱਟ ਨਹੀਂ ਹੋਵੇਗਾ। ਇਸ ਨਾਲ ਉਹ ਵਾਪਸ ਨਹੀਂ ਆਉਣਗੇ। ਪਰ ਆਖਿਰਕਾਰ, ਉਨ੍ਹਾਂ ਨੂੰ ਇਸ ਮਾਮਲੇ 'ਚ ਰਾਹਤ ਮਿਲੀ ਹੈ। ਉਨ੍ਹਾਂ ਬਦਮਾਸ਼ਾਂ ਨੂੰ ਫੜ ਲਿਆ ਗਿਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












