ਆਈਪੀਐਲ: ਪੰਜਾਬ ਕਿੰਗਜ਼ ਦੀ ਲਗਾਤਾਰੀ ਪੰਜਵੀਂ ਹਾਰ, ਆਖਰੀ ਓਵਰਾਂ 'ਚ ਕਿੱਥੇ ਬਾਜ਼ੀ ਪਲਟੀ, ਹੁਣ ਪਲੇਆਫ ਲਈ ਰਾਹ ਕਿਵੇਂ ਮੁਸ਼ਕਲ ਹੋਈ

ਸ਼੍ਰੇਅਸ ਅਈਅਰ

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਮੁੰਬਈ ਇੰਡਿਅਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਤੇ ਇਸ ਦੇ ਨਾਲ ਹੀ ਇਸ ਸੀਜ਼ਨ ਵਿੱਚ ਪੰਜਾਬ ਟੀਮ ਦੀ ਇਹ ਲਗਾਤਰ ਪੰਜਵੀਂ ਹਾਰ ਬਣ ਗਈ (ਫਾਈਲ ਫੋਟੋ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਆਈਪੀਐੱਲ ਦੇ ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੇ ਇੱਕ ਸਿਲਸਿਲਾ ਬਰਕਾਰ ਰੱਖਿਆ ਹੈ, ਉਹ ਹੈ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਦਾ।

ਪਹਿਲਾਂ ਸੀਜ਼ਨ ਦੀ ਸ਼ੁਰੂਆਤ ਵਿੱਚ ਇੱਕ ਤੋਂ ਬਾਅਦ ਇੱਕ ਮੈਚ ਜਿੱਤਦੇ ਹੋਏ ਟੀਮ ਨੇ ਨਾ ਸਿਰਫ ਸਭ ਨੂੰ ਹੈਰਾਨ ਕੀਤਾ ਸਗੋਂ ਆਪਣੇ ਫੈਨਜ਼ ਦੇ ਮਨਾਂ ਵਿੱਚ ਉਮੀਦ ਵੀ ਜਗਾਈ ਕਿ ਇਸ ਵਾਰ ਟ੍ਰਾਫ਼ੀ ਪੰਜਾਬ ਟੀਮ ਜਿੱਤ ਸਕਦੀ ਹੈ।

ਹੁਣ ਜਦੋਂ ਸੀਜ਼ਨ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ, ਟੀਮ ਦੀ ਲਗਾਤਾਰ ਹਾਰ ਨੇ ਵੀ ਸਭ ਨੂੰ ਹੈਰਾਨ ਕਰ ਰੱਖਿਆ ਹੈ।

ਲੰਘੇ ਵੀਰਵਾਰ ਨੂੰ ਧਰਮਸ਼ਾਲਾ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੂੰ ਇੱਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਮੁੰਬਈ ਇੰਡੀਅਨਜ਼ ਨੇ ਇਹ ਮੈਚ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਤੇ ਇਸ ਦੇ ਨਾਲ ਹੀ ਇਸ ਸੀਜ਼ਨ ਵਿੱਚ ਪੰਜਾਬ ਟੀਮ ਦੀ ਇਹ ਲਗਾਤਰ ਪੰਜਵੀਂ ਹਾਰ ਬਣ ਗਈ।

ਪੰਜਾਬ ਵੱਲੋਂ ਦਿੱਤੇ ਗਏ 201 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਟੀਮ ਨੇ 205 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ।

ਪ੍ਰਭਸਿਮਰਨ ਦਾ ਅਰਧ ਸੈਂਕੜਾ ਵੀ ਨਹੀਂ ਦਿਵਾ ਪਾਇਆ ਜਿੱਤ

ਪ੍ਰਭਸਿਮਰਨ ਸਿੰਘ ਤੇ ਪ੍ਰਿਯਾਂਸ਼ ਆਰਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਭਸਿਮਰਨ ਸਿੰਘ ਤੇ ਪ੍ਰਿਯਾਂਸ਼ ਆਰਿਆ ਨੇ ਪਹਿਲੇ ਵਿਕਟ ਲਈ 5.3 ਓਵਰਾਂ ਵਿੱਚ 50 ਦੌੜਾਂ ਦੀ ਸਾਂਝੇਦਾਰੀ ਕੀਤੀ (ਫਾਈਲ ਫੋਟੋ)

ਟਾਸ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਟੀਮ ਨੇ ਕੁੱਲ 20 ਓਵਰਾਂ ਵਿੱਚ ਅੱਠ ਵਿਕਟਾਂ 'ਤੇ 200 ਬਣਾਈਆਂ।

ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਪ੍ਰਭਸਿਮਰਨ ਸਿੰਘ ਅਤੇ ਪ੍ਰਿਆਂਸ਼ ਆਰਿਆ ਨੇ ਪਹਿਲੇ ਵਿਕਟ ਲਈ 5.3 ਓਵਰਾਂ ਵਿੱਚ 50 ਦੌੜਾਂ ਬਣਾ ਲਈਆਂ ਸਨ।

ਪੰਜਾਬ ਕਿੰਗਜ਼ ਨੂੰ ਪਹਿਲਾ ਝਟਕਾ ਪ੍ਰਿਆਂਸ਼ ਆਰਿਆ ਦੇ ਰੂਪ ਵਿੱਚ ਲੱਗਿਆ। ਦੀਪਕ ਚਾਹਰ ਨੇ ਉਨ੍ਹਾਂ ਨੂੰ ਕਲੀਨ ਬੋਲਡ ਕੀਤਾ। ਪ੍ਰਿਆਂਸ਼ 17 ਗੇਂਦਾਂ ਵਿੱਚ 4 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾ ਕੇ ਪੈਵਿਲੀਅਨ ਪਰਤੇ।

ਇਸ ਤੋਂ ਬਾਅਦ ਪ੍ਰਭਸਿਮਰਨ ਨੇ ਕੂਪਰ ਕੋਨੋਲੀ ਨਾਲ ਮਿਲ ਕੇ 35 ਗੇਂਦਾਂ ਵਿੱਚ 57 ਦੌੜਾਂ ਜੋੜ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।

ਪ੍ਰਭਸਿਮਰਨ 32 ਗੇਂਦਾਂ ਵਿੱਚ 4 ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡ ਕੇ ਆਉਟ ਹੋਏ।

ਇਸ ਤੋਂ ਬਾਅਦ ਪੰਜਾਬ ਕਿੰਗਜ਼ ਦੀ ਪਾਰੀ ਲੜਖੜਾਈ ਤੇ ਤੇਜ਼ੀ ਨਾਲ ਵਿਕਟਾਂ ਡਿੱਗੀਆਂ। ਇੱਕ ਵਕਤ ਤਾਂ ਲਗ ਰਿਹਾ ਸੀ ਕਿ ਪੰਜਾਬ 170 ਦੇ ਹੇਠਾਂ ਹੀ ਰਹੇਗਾ ਪਰ ਆਖਰੀ ਓਵਰਾਂ ਵਿੱਚ ਅਜ਼ਮਤੁੱਲਾਹ ਦੀ 38 ਦੌੜਾਂ ਦੀ ਪਾਰੀ ਨੇ ਪੰਜਾਬ ਦਾ ਸਕੋਰ 200 ਤੋਂ ਪਾਰ ਪਹੁੰਚਾ ਦਿੱਤਾ।

ਮੁੰਬਈ ਇੰਡੀਅਨਜ਼ ਵੱਲੋਂ ਸ਼ਾਰਦੁਲ ਠਾਕੁਰ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਦੀਪਕ ਚਾਹਰ ਨੇ 2 ਵਿਕਟਾਂ ਲਈਆਂ। ਕੋਰਬਿਨ ਬੌਸ਼ ਅਤੇ ਰਾਜ ਬਾਵਾ ਨੇ 1-1 ਵਿਕਟ ਆਪਣੇ ਨਾਮ ਕੀਤੀ।

ਆਖਰੀ ਓਵਰ 'ਚ ਇੰਝ ਪਲਟੀ ਬਾਜ਼ੀ

ਤਿਲਕ ਵਰਮਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤਿਲਕ ਵਰਮਾ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ

201 ਦੌੜਾਂ ਦੇ ਟੀਚੇ ਨੂੰ ਮੁੰਬਈ ਇੰਡਿਅਨਜ਼ ਨੇ 6 ਵਿਕਟਾਂ ਅਤੇ 1 ਗੇਂਦ ਬਾਕੀ ਰਹਿੰਦੇ ਚੇਜ਼ ਕਰ ਲਿਆ। ਮੁੰਬਈ ਟੀਮ ਲਈ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 33 ਗੇਂਦਾਂ ਵਿੱਚ 6 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਨਾਬਾਦ 75 ਦੌੜਾਂ ਬਣਾਈਆਂ।

ਰੋਹਿਤ ਸ਼ਰਮਾ ਅਤੇ ਰਾਇਨ ਰਿਕੈਲਟਨ ਨੇ ਮੁੰਬਈ ਨੂੰ ਇਸ ਮੈਚ ਵਿੱਚ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਦੇ ਵਿਚਕਾਰ ਪਹਿਲੇ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸਨੂੰ ਓਮਰਜ਼ਈ ਨੇ ਤੋੜਿਆ। ਰਿਕੈਲਟਨ 23 ਗੇਂਦਾਂ ਵਿੱਚ 48 ਦੌੜਾਂ ਬਣਾ ਕੇ ਆਉਟ ਹੋਏ। ਇਸ ਤੋਂ ਬਾਅਦ ਨਮਨ ਧੀਰ 9 ਦੌੜਾਂ ਅਤੇ ਰੋਹਿਤ ਸ਼ਰਮਾ 25 ਦੌੜਾਂ ਬਣਾ ਕੇ ਪਵੇਲੀਅਨ ਪਰਤੇ।

ਇਸ ਵੇਲੇ ਮੋਰਚਾ ਸੰਭਾਲਿਆ ਤਿਲਕ ਵਰਮਾ ਅਤੇ ਸ਼ੇਰਫੇਨ ਰਦਰਫੋਰਡ ਨੇ। ਦੋਵਾਂ ਵਿਚਕਾਰ 42 ਗੇਂਦਾਂ ਵਿੱਚ 61 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ, ਰਦਰਫੋਰਡ 20 ਦੌੜਾਂ ਬਣਾ ਕੇ ਆਉਟ ਹੋ ਗਏ।

ਫਿਰ ਵਿਲ ਜੈਕਸ ਨਾਲ ਮਿਲ ਕੇ ਤਿਲਕ ਵਰਮਾ ਨੇ ਪੰਜਵੇਂ ਵਿਕਟ ਲਈ 20 ਗੇਂਦਾਂ ਵਿੱਚ 56 ਦੌਣ ਦੀ ਨਾਬਾਦ ਸਾਂਝੇਦਾਰੀ ਕੀਤੀ।

ਤਿਲਕ ਨੇ 25 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 33 ਗੇਂਦਾਂ ਵਿੱਚ 75 ਦੌੜਾਂ ਬਣਾ ਕੇ ਨਾਬਾਦ ਰਹੇ। ਵਿਲ ਜੈਕਸ ਵੀ 10 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 25 ਦੌੜਾਂ ਦੀ ਪਾਰੀ ਖੇਡ ਕੇ ਨਾਬਾਦ ਰਹੇ।

ਜਸਪ੍ਰੀਤ ਬੁਮਰਾਹ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਮੈਚ ਵਿੱਚ ਮੁੰਬਈ ਦੀ ਕਪਤਾਨੀ ਜਸਪ੍ਰੀਤ ਬੁਮਰਾਹ ਨੇ ਕੀਤੀ ਅਤੇ ਸੀਜ਼ਨ ਵਿੱਚ ਕਪਤਾਨ ਵਜੋਂ ਇਹ ਉਨ੍ਹਾਂ ਦੀ ਪਹਿਲੀ ਜਿੱਤ ਹੈ

ਪੰਜਾਬ ਕਿੰਗਜ਼ ਨੇ ਵਿਚਾਲੇ ਮੁੰਬਈ ਉੱਤੇ ਸ਼ਿੰਕਜਾ ਕੱਸਿਆ ਸੀ ਪਰ ਚਹਿਲ ਦਾ ਆਖਰੀ ਓਵਰ ਮਹਿੰਗਾ ਸਾਬਿਤ ਹੋਇਆ ਤੇ ਮੁੰਬਈ ਨੂੰ ਜਿੱਤਣ ਦੀ ਹਿੰਮਤ ਦੇ ਗਿਆ। 18ਵੇਂ ਓਵਰ ਵਿੱਚ ਯਾਨਸਨ ਨੇ 22 ਦੌੜਾਂ ਦਿੱਤੀਆਂ ਤੇ ਇਸ ਨੇ ਵੀ ਮੁੰਬਈ ਨੂੰ ਜਿੱਤ ਨੇੜੇ ਪਹੁੰਚਾ ਦਿੱਤਾ।

ਜਦੋਂ ਆਖਰੀ ਓਵਰ, ਭਾਵ ਆਖ਼ਰੀ ਛੇ ਗੇਂਦਾਂ 'ਤੇ ਮੁੰਬਈ ਨੂੰ 15 ਦੌੜਾਂ ਦੀ ਲੋੜ ਸੀ, ਗੇਂਦ ਬਾਰਟਲੇਟ ਨੂੰ ਸੌਂਪੀ ਗਈ। ਪਰ ਦਬਾਅ ਵਾਲੀ ਸਥਿਤੀ ਵਿੱਚ ਬਾਰਟਲੇਟ ਵੀ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ ਮੁੰਬਈ ਨੇ ਸ਼ਾਨਦਾਰ ਅੰਦਾਜ਼ ਵਿੱਚ ਮੁਕਾਬਲਾ ਆਪਣੇ ਨਾਮ ਕਰ ਲਿਆ।

ਤਿਲਕ ਵਰਮਾ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪਾਰੀ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।

ਇਸ ਮੈਚ ਵਿੱਚ ਮੁੰਬਈ ਦੀ ਕਪਤਾਨੀ ਜਸਪ੍ਰੀਤ ਬੁਮਰਾਹ ਨੇ ਕੀਤੀ ਅਤੇ ਸੀਜ਼ਨ ਵਿੱਚ ਕਪਤਾਨ ਵਜੋਂ ਇਹ ਉਨ੍ਹਾਂ ਦੀ ਪਹਿਲੀ ਜਿੱਤ ਹੈ।

ਪੰਜਾਬ ਕਿੰਗਜ਼ ਲਈ ਪਲੇਆਫ਼ ਦੀ ਰਾਹ ਕਿੰਨੀ ਮੁਸ਼ਕਿਲ

ਯੁਜਵੇਂਦਰ ਚਹਿਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਮੈਚ ਵਿੱਚ ਯੁਜਵੇਂਦਰ ਚਹਿਲ ਨੇ ਇੱਕ ਵਿਕੇਟ ਲਿਆ

ਇਸ ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਲਈ ਪਲੇਆਫ਼ 'ਚ ਥਾਂ ਬਣਾਉਣਾ ਮੁਸ਼ਕਿਲ ਹੋ ਸਕਦਾ ਹੈ।

ਲਗਾਤਾਰ 5 ਮੈਚ ਹਰ ਤੋਂ ਬਾਅਦ ਟੀਮ ਪੁਆਇੰਟ ਟੇਬਲ ਵਿੱਚ ਹੁਣ 12 ਅੰਕਾਂ ਨਾਲ ਚੌਥੇ ਨੰਬਰ 'ਤੇ ਆ ਗਈ ਹੈ।

ਪਲੇਆਫ਼ ਤੋਂ ਪਹਿਲਾਂ, ਪੰਜਾਬ ਕਿੰਗਜ਼ ਦੇ ਅਜੇ ਦੋ ਮੁਕਾਬਲੇ ਹੋਰ ਬਾਕੀ ਹਨ ਅਤੇ ਜੇ ਟੀਮ ਪਲੇਆਫ਼ ਵਿੱਚ ਆਪਣੀ ਥਾਂ ਪੱਕੀ ਕਰਨਾ ਚਾਹੁੰਦੀ ਹੈ ਤਾਂ ਇਹ ਦੋਵੇਂ ਮੈਚ ਟੀਮ ਲਈ ਜਿੱਤਣਾ ਲਾਜ਼ਮੀ ਹੈ।

ਕਪਤਾਨ ਸ਼੍ਰੇਅਸ ਅਈਅਰ ਕੀ ਬੋਲੇ

ਸ਼੍ਰੇਅਸ ਅਈਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਇਸ (ਹਾਰ) ਨੂੰ ਹਜ਼ਮ ਕਰਨਾ ਕਾਫ਼ੀ ਮੁਸ਼ਕਲ ਹੈ (ਫਾਈਲ ਫੋਟੋ)

ਇਸ ਮੈਚ ਬਾਰੇ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ''ਇਸ (ਹਾਰ) ਨੂੰ ਹਜ਼ਮ ਕਰਨਾ ਕਾਫ਼ੀ ਮੁਸ਼ਕਲ ਹੈ। ਪਰ ਮੈਂ ਕਿਸੇ ਇੱਕ ਚੀਜ਼ ਨੂੰ ਪਿਨ-ਪੁਆਇੰਟ ਨਹੀਂ ਕਰਨਾ ਚਾਹੁੰਦਾ।''

ਉਨ੍ਹਾਂ ਤਿਲਕ ਦੀ ਪਾਰੀ ਦੀ ਪ੍ਰਸ਼ੰਸਾ ਕਰਦਿਆਂ ਕਿ ਕਿ ਉਨ੍ਹਾਂ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਉਹ ਆਪਣੇ ਸ਼ਾਟ ਬਹੁਤ ਸੋਚ-ਸਮਝ ਕੇ ਖੇਡ ਰਹੇ ਸਨ।

ਪੰਜਾਬ ਟੀਮ ਦੇ ਓਮਰਜ਼ਈ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ''ਇੱਕ ਸਮੇਂ ਅਸੀਂ 170-180 ਦੇ ਸਕੋਰ ਬਾਰੇ ਸੋਚ ਰਹੇ ਸੀ, ਪਰ ਓਮਰਜ਼ਈ ਨੇ ਆ ਕੇ ਸਾਨੂੰ ਇੱਕ ਚੰਗੇ ਟੋਟਲ ਤੱਕ ਪਹੁੰਚਾਇਆ।''

ਇਸਦੇ ਨਾਲ ਹੀ ਉਨ੍ਹਾਂ ਕਿ ਟੀਮ ਹੁਣ ਆਉਣ ਵਾਲੇ ਦੋ ਮੈਚਾਂ ਲਈ ਉਤਸਾਹਿਤ ਹੈ ਅਤੇ ''ਸਾਨੂੰ ਉਹ ਜਿੱਤਣੇ ਪੈਣਗੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)