ਈਰਾਨੀ ਗਾਇਕਾ ਨੂੰ ਕੋੜੇ ਮਾਰਨ ਦੀ ਸਜ਼ਾ ਬਰਕਰਾਰ, ਆਖਿਰ ਉਸ ਸੰਗੀਤ ਸਮਾਰੋਹ ਵਿੱਚ ਕੀ ਹੋਇਆ ਸੀ?

ਪਰਸਤੂ ਅਹਿਮਦੀ
ਤਸਵੀਰ ਕੈਪਸ਼ਨ, ਪਰਸਤੂ ਅਹਿਮਦੀ ਦਾ ਕੰਸਰਟ ਉਸ ਦੇ ਯੂਟਿਊਬ ਚੈਨਲ 'ਤੇ ਦਸੰਬਰ 2024 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਈਰਾਨ ਦੀ ਇੱਕ ਅਪੀਲੀ ਅਦਾਲਤ ਨੇ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ ਸੁਣਾਈ ਗਈ 74 ਕੋੜੇ ਮਾਰਨ ਦੀ ਸਜ਼ਾ ਬਰਕਰਾਰ ਰੱਖੀ ਹੈ। ਵਕੀਲਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਪਰਸਤੂ ਅਹਿਮਦੀ ਨੇ ਦਸੰਬਰ 2024 ਵਿੱਚ ਆਪਣੇ ਯੂਟਿਊਬ ਚੈਨਲ 'ਤੇ ਲਾਈਵਸਟ੍ਰੀਮ ਕੀਤੇ ਗਏ ਇੱਕ ਕੰਸਰਟ ਵਿੱਚ ਸਲੀਵਲੈਸ ਡਰੈੱਸ ਪਹਿਨ ਕੇ ਗਾਣਾ ਗਾਇਆ ਸੀ।

ਈਰਾਨ ਦੇ ਕਾਨੂੰਨ ਜਨਤਕ ਤੌਰ 'ਤੇ ਮਹਿਲਾਵਾਂ ਦੇ ਗਾਉਣ 'ਤੇ ਰੋਕ ਲਾਉਂਦੇ ਹਨ। ਮਹਿਲਾਵਾਂ ਲਈ ਸਿਰ 'ਤੇ ਸਕਾਰਫ਼ ਪਹਿਨਣਾ ਅਤੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਣਾ ਵੀ ਜ਼ਰੂਰੀ ਹੈ।

ਵੀਡੀਓ ਵਾਇਰਲ ਹੋਣ ਅਤੇ ਉਸ ਨੂੰ ਲੱਖਾਂ ਵਾਰ ਦੇਖੇ ਜਾਣ ਬਾਅਦ ਈਰਾਨ ਦੀ ਨਿਆਂਪਾਲਿਕਾ ਨੇ 29 ਸਾਲ ਦੀ ਪਰਸਤੂ ਅਹਿਮਦੀ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਨਿਆਂਪਾਲਿਕਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਦਰਸ਼ਨ ਦੇਸ਼ ਦੇ ਕਾਨੂੰਨੀ ਅਤੇ ਸੱਭਿਆਚਾਰਕ ਨਿਯਮਾਂ ਦਾ ਉਲੰਘਣ ਸੀ।

ਜੂਨ ਵਿਚ ਕੁਮ ਦੀ ਇੱਕ ਅਪਰਾਧਿਕ ਅਦਾਲਤ ਨੇ ਕਥਿਤ ਤੌਰ 'ਤੇ ਪਰਸਤੂ ਅਹਿਮਦੀ ਅਤੇ ਉਨ੍ਹਾਂ ਦੇ ਬੈਂਡ ਅਤੇ ਪ੍ਰੋਡਕਸ਼ਨ ਟੀਮ ਦੇ ਅੱਠ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ 'ਤੇ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਪ੍ਰਕਾਸ਼ਿਤ ਕਰਨ ਦੇ ਇਲਜ਼ਾਮ ਹਨ।

74 ਕੋੜੇ ਮਾਰਨ ਦੀ ਸਜ਼ਾ ਤੋਂ ਇਲਾਵਾ ਉਨ੍ਹਾਂ ਨੂੰ ਦੋ ਸਾਲ ਲਈ ਆਡੀਓ-ਵੀਜ਼ੁਅਲ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਦੇਸ਼ ਛੱਡਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ।

ਉਨ੍ਹਾਂ ਦੇ ਵਕੀਲਾਂ ਮੁਤਾਬਕ ਸ਼ੁਕਰਵਾਰ ਨੂੰ ਇੱਕ ਉੱਚ ਅਦਾਲਤ ਨੇ ਬਿਨ੍ਹਾਂ ਸੁਣਵਾਈ ਕੀਤਿਆਂ ਮੁਲਜ਼ਮਾਂ ਦੀ ਅਪੀਲ ਖਾਰਿਜ ਕਰ ਦਿੱਤੀ।

ਅਹਿਮਦੀ ਦੇ ਇੱਕ ਵਕੀਲ ਨੇ ਬੀਬੀਸੀ ਨੂੰ ਕਿਹਾ, "ਸਾਡੇ ਹਿਸਾਬ ਨਾਲ ਕੰਸਰਟ ਕਰਨਾ ਕੋਈ ਅਪਰਾਧ ਸੀ ਹੀ ਨਹੀਂ।"

ਉਨ੍ਹਾਂ ਨੇ ਕਿਹਾ, "ਟ੍ਰਾਇਲ ਕੋਰਟ ਨੇ ਇਨ੍ਹਾਂ ਇਲਜ਼ਾਮਾਂ ਲਈ ਸਭ ਤੋਂ ਸਖਤ ਸਜ਼ਾਵਾਂ ਵਿੱਚੋਂ ਇੱਕ ਸੁਣਾਈ, ਜਦਕਿ ਜੁਰਮਾਨੇ ਅਤੇ ਇਸ ਤੋਂ ਸਖਤ ਸਜ਼ਾਵਾਂ ਦਾ ਵੀ ਵਿਕਲਪ ਸੀ।"

ਵਕੀਲ ਨੇ ਕਿਹਾ, " ਅਪੀਲੀ ਅਦਾਲਤ ਕੋਲ ਸੁਣਵਾਈ ਕਰਨ ਦਾ ਵਿਕਲਪ ਸੀ ਪਰ ਉਸ ਨੇ ਸੁਣਵਾਈ ਨਹੀਂ ਕੀਤੀ ਅਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ।"

ਉਨ੍ਹਾਂ ਨੇ ਕਿਹਾ, " ਅਜਿਹਾ ਲਗਦਾ ਹੈ ਕਿ ਇਹ ਫੈਸਲਾ ਸੁਣਾਉਣ ਦਾ ਮੁੱਖ ਕਾਰਨ ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਣਾ ਸੀ।"

ਫ਼ੈਸਲੇ 'ਤੇ ਨਰਾਜ਼ਗੀ

ਪਰਸਤੂ ਅਹਿਮਦੀ
ਤਸਵੀਰ ਕੈਪਸ਼ਨ, ਪਰਸਤੂ ਅਹਿਮਦੀ ਨੇ ਸੰਗੀਤ ਸਮਾਰੋਹ ਵਿੱਚ ਸਲੀਵਲੈਸ ਡ੍ਰੈਸ ਪਹਿਨ ਕੇ ਗਾਇਆ ਸੀ।

ਸ਼ੁਰੂਆਤੀ ਸਜ਼ਾ ਦੀ ਖ਼ਬਰ ਸਾਹਮਣੇ ਆਉਣ ਬਾਅਦ ਈਰਾਨੀ ਨਾਗਰਿਕਾਂ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵਿਆਪਕ ਪ੍ਰਤੀਕਿਰਿਆ ਦੇਖਣ ਨੂੰ ਮਿਲੀ।

ਉਸ ਸਮੇਂ ਦੇਸ਼ ਨਿਕਾਲੇ ਵਿਚ ਰਹਿ ਰਹੀ ਗਾਇਕਾ ਗੂਗੂਸ਼ ਨੇ ਇੰਸਟਾਗ੍ਰਾਮ 'ਤੇ ਲਿਖਿਆ ਸੀ, "ਉਮੀਦ ਹੈ ਕਿ ਇਹ ਹਨੇਰੇ ਦਿਨ ਖਤਮ ਹੋਣਗੇ। ਮਹਿਲਾਵਾਂ ਦੁਬਾਰਾ ਇਹ ਤੈਅ ਕਰਨ ਦੀ ਅਜ਼ਾਦੀ ਹਾਸਿਲ ਕਰਨਗੇ ਕਿ ਉਹ ਕਿਵੇਂ ਰਹਿਣ ਅਤੇ ਕੀ ਪਹਿਨਣ। ਸਾਡੇ ਪਿਆਰੇ ਦੇਸ਼ ਵਿਚ ਕਲਾਤਮਕ ਅਜ਼ਾਦੀ ਇੱਕ ਵਾਰ ਫਿਰ ਵਧ ਫੁੱਲ ਸਕੇਗੀ।"

ਉਧਰ, ਸੰਗੀਤਕਾਰ ਹੁਸੈਨ ਅਲੀਜ਼ਾਦੇਹ ਨੇ ਕਿਹਾ ਸੀ ਕਿ ਉਹ ਪਰਸਤੂ ਅਹਿਮਦੀ ਦੀ ਥਾਂ 70 ਕੋੜੇ ਖਾਣ ਲਈ ਤਿਆਰ ਹਨ।

ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਨੇ ਵੀ ਇਸ ਸਜ਼ਾ ਦੀ ਨਿੰਦਾ ਕੀਤੀ ਸੀ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਸੀ ਕਿ "ਕੋੜੇ ਮਾਰਨਾ ਕਰੂਰ, ਗੈਰ-ਮਨੁੱਖੀ ਅਤੇ ਅਪਮਾਨਜਨਕ ਸਜ਼ਾ ਹੈ। ਇਹ ਯਾਤਨਾ ਅਤੇ ਦੂਜੀ ਤਰ੍ਹਾਂ ਦੇ ਦੁਰਵਿਹਾਰ 'ਤੇ ਪੂਰੀ ਤਰ੍ਹਾਂ ਲੱਗੀ ਰੋਕ ਦੀ ਉਲੰਘਣਾ ਹੈ।"

ਜਨਵਰੀ 2024 ਵਿੱਚ ਕੁਰਦ-ਈਰਾਨੀ ਐਕਟੀਵਿਸਟ ਰੋਇਆ ਹੇਸ਼ਮਤੀ ਨੂੰ ਸ਼ੋਸ਼ਲ ਮੀਡੀਆ 'ਤੇ ਬਿਨ੍ਹਾਂ ਹਿਜਾਬ ਦੀ ਤਸਵੀਰ ਪੋਸਟ ਕਰਨ ਦੇ ਮਾਮਲੇ ਵਿੱਚ 'ਜਨਤਕ ਨੈਤਿਕਤਾ ਦੀ ਉਲੰਘਣਾ' ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 74 ਕੋੜੇ ਮਾਰੇ ਗਏ ਸੀ।

ਕੁਰਦ ਮਨੁੱਖੀ ਅਧਿਕਾਰ ਸੰਗਠਨ ਹੇਂਗਾ ਮੁਤਾਬਕ, ਰੋਇਆ ਹੇਸ਼ਮਤੀ ਨੇ ਦੱਸਿਆ ਸੀ ਕਿ ਤੇਹਰਾਨ ਦੇ ਸਰਕਾਰੀ ਵਕੀਲ ਦੇ ਦਫ਼ਤਰ ਦੀ ਇੱਕ ਮਹਿਲਾ ਅਧਿਕਾਰੀ ਨੇ ਜ਼ਬਰਦਸਤੀ ਉਸ ਦੇ ਸਿਰ 'ਤੇ ਸਕਾਰਫ਼ ਰੱਖ ਦਿੱਤਾ। ਇਸ ਤੋਂ ਬਾਅਦ ਪੁਰਸ਼ ਅਧਿਕਾਰੀ ਨੇ ਉਨ੍ਹਾਂ ਦੇ ਮੋਢਿਆਂ, ਪਿੱਠ, ਕਮਰ ਅਤੇ ਪੈਰਾਂ 'ਤੇ ਕੋੜੇ ਮਾਰੇ।

ਮਹਿਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਅਤੇ ਪ੍ਰਦਰਸ਼ਨ

ਅਮੀਨੀ ਦੀ ਮੌਤ ਬਾਅਦ ਹੋਏ ਇੱਕ ਪ੍ਰਦਰਸ਼ਨ ਦੀ ਤਸਵੀਰ
ਤਸਵੀਰ ਕੈਪਸ਼ਨ, ਅਮੀਨੀ ਦੀ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਈਰਾਨ ਖ਼ਿਲਾਫ਼ ਪ੍ਰਦਰਸ਼ਨ ਹੋਏ ਸੀ। ਇਹ ਤਸਵੀਰ 23 ਸਤੰਬਰ 2022 ਦੀ ਰੋਮ ਦੀ ਹੈ।

ਈਰਾਨ ਦੇ ਕਾਨੂੰਨ ਦੇਸ਼ ਵਿਚ ਸ਼ਰੀਆ ਦੀ ਵਿਆਖਿਆ 'ਤੇ ਅਧਾਰਿਤ ਹਨ। ਇਨ੍ਹਾਂ ਤਹਿਤ ਕਿਸ਼ੋਰ ਅਵਸਥਾ ਪਾਰ ਕਰ ਚੁੱਕੀਆਂ ਮਹਿਲਾਵਾਂ ਅਤੇ ਲੜਕੀਆਂ ਲਈ ਹਿਜਾਬ ਨਾਲ ਵਾਲ ਢਕਣਾ ਅਤੇ ਸਰੀਰ ਦਾ ਅਕਾਰ ਲੁਕਾਉਣ ਵਾਲੇ ਲੰਬੇ ਅਤੇ ਢਿੱਲੇ ਕੱਪੜੇ ਪਹਿਨਣਾ ਜ਼ਰੂਰੀ ਹੈ।

2022 ਵਿੱਚ ਈਰਾਨ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸੀ। ਇਸ ਦੀ ਸ਼ੁਰੂਆਤ 22 ਸਾਲ ਦੀ ਕੁਰਦ ਮਹਿਲਾ ਮਹਿਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਹੋਈ ਸੀ।

ਮਹਿਸਾ ਅਮੀਨੀ ਨੂੰ ਸਤੰਬਰ 2022 ਵਿਚ ਤੇਹਰਾਨ ਦੀ ਮੌਰੈਲਟੀ ਪੁਲਿਸ ਨੇ ਕਥਿਤ ਤੌਰ 'ਤੇ ਸਹੀ ਤਰੀਕੇ ਨਾਲ ਹਿਜਾਬ ਨਹੀਂ ਪਹਿਨਣ ਦੇ ਇਲਜ਼ਾਮ ਵਿੱਚ ਹਿਰਾਸਤ ਵਿਚ ਲਿਆ ਸੀ।

ਮੌਲਵੀ ਸ਼ਾਸਨ ਖ਼ਿਲਾਫ਼ ਦੇਸ਼ ਭਰ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਮਹਿਲਾਵਾਂ ਨੇ ਆਪਣੇ ਸਿਰ ਦੇ ਸਕਾਰਫ਼ ਜਲਾ ਦਿੱਤੇ ਜਾਂ ਉਨ੍ਹਾਂ ਨੂੰ ਹਵਾ ਵਿੱਚ ਲਹਿਰਾਇਆ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਸੈਂਕੜੇ ਲੋਕ ਮਾਰੇ ਗਏ ਸੀ।

ਇਸ ਤੋਂ ਬਾਅਦ ਕਈ ਮਹਿਲਾਵਾਂ ਅਤੇ ਲੜਕੀਆਂ ਨੇ ਜਨਤਕ ਥਾਂਵਾਂ 'ਤੇ ਵਾਲ ਢਕਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਹ ਡ੍ਰੈਸ ਕੋਡ ਦੀ ਸ਼ਰੇਆਮ ਉਲੰਘਣਾ ਹੈ।

ਅਧਿਕਾਰੀਆਂ ਨੇ ਇਸ ਦੇ ਜਵਾਬ ਵਿਚ ਸਮੇਂ ਸਮੇਂ ਗ੍ਰਿਫਤਾਰੀਆਂ ਕੀਤੀਆਂ ਹਨ। ਚੇਤਾਵਨੀਆਂ ਜਾਰੀ ਕੀਤੀਆਂ ਹਨ ਕਾਰੋਬਾਰ ਬੰਦ ਕਰਵਾਏ ਹਨ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ।

ਇਸ ਮਹੀਨੇ ਦੀ ਸ਼ੁਰੂਆਤ ਵਿਚ ਹਿਜਾਬ ਲਾਗੂ ਕਰਨ ਦੇ ਮੁੱਦੇ 'ਤੇ ਚਰਚਾ ਕਰਦਿਆਂ ਰੂੜੀਵਾਦੀ ਨੇਤਾ ਅਤੇ ਐਕਸਪੀਡਿਐਂਸੀ ਕਾਉਂਸਲ ਦੇ ਮੈਂਬਰ ਗੁਲਾਮ ਅਲੀ ਹਦਾਦ ਅਦੇਲ ਨੇ ਕਿਹਾ ਸੀ ਕਿ ਈਰਾਨ ਦੀ ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗ ਕਾਰਨ ਅਧਿਕਾਰੀ ਫ਼ਿਲਹਾਲ ਇਸ ਮੋਰਚੇ 'ਤੇ ਓਨਾ ਧਿਆਨ ਨਹੀਂ ਦੇ ਸਕਦੇ, ਜਿਨ੍ਹਾਂ ਦੇਣਾ ਚਾਹੀਦਾ ਹੈ।

ਗੁਲਾਮ ਅਲੀ, ਈਰਾਨ ਦੇ ਸੁਪਰੀਮ ਲੀਰ ਮੋਜਤਬਾ ਖਾਮੇਨੇਈ ਦੇ ਸਹੁਰਾ ਵੀ ਹਨ।

ਇਹ ਜੰਗ ਫ਼ਰਵਰੀ ਦੇ ਅੰਤ ਵਿਚ ਸ਼ੁਰੂ ਹੋਈ ਸੀ। ਇਸ ਤੋਂ ਕੁਝ ਹਫਤੇ ਪਹਿਲਾਂ ਈਰਾਨੀ ਸੁਰੱਖਿਆ ਬਲਾਂ ਨੇ ਦੇਸ਼ ਵਿੱਚ ਆਰਥਿਕ ਸੰਕਟ ਨਾਲ ਸ਼ੁਰੂ ਹੋਏ ਵੱਡੇ ਪੈਮਾਨੇ ਦੇ ਪ੍ਰਦਰਸ਼ਨਾਂ ਨੂੰ ਹਿੰਸਕ ਤਰੀਕੇ ਨਾਲ ਦਬਾਇਆ ਸੀ। ਇਸ ਕਾਰਵਾਈ ਵਿਚ ਹਜ਼ਾਰਾਂ ਲੋਕ ਮਾਰੇ ਗਏ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)