ਰਾਤ ਦੀ ਨੀਂਦ ਅਤੇ ਦਿਨ ਦੀ ਗਰਮੀ ਦੇ ਤਣਾਅ ਵਿਚਕਾਰ ਇੱਕ ਡੂੰਘਾ ਰਿਸ਼ਤਾ ਹੈ; ਸੂਰਜ ਡੁੱਬਣ ਤੋਂ ਬਾਅਦ ਵੀ ਲੂਅ ਦਾ ਪ੍ਰਕੋਪ ਜਾਰੀ

ਤਸਵੀਰ ਸਰੋਤ, Nitesh Raut/BBC
- ਲੇਖਕ, ਜਾਨ੍ਹਵੀ ਮੁਲੇ
- ਰੋਲ, ਬੀਬੀਸੀ ਨਿਊਜ਼ ਮਰਾਠੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
"ਗਰਮੀ ਦਾ ਸੇਕ ਰਾਤ ਨੂੰ ਬਹੁਤ ਜ਼ਿਆਦਾ ਹੁੰਦਾ ਹੈ। ਸਾਡਾ ਘਰ ਵੀ ਟਿਨ ਦੀਆਂ ਚਾਦਰਾਂ ਨਾਲ ਬਣਿਆ ਹੈ। ਖਾਣਾ ਬਣਾਉਂਦੇ ਸਮੇਂ ਮੈਨੂੰ ਡਰ ਲੱਗਦਾ ਹੈ। ਇੰਨੀ ਗਰਮੀ ਹੁੰਦੀ ਹੈ ਕਿ ਮੈਂ ਸੌਂ ਨਹੀਂ ਸਕਦੀ। ਮੇਰਾ ਮਨ ਘਰ ਦੇ ਅੰਦਰ ਰਹਿਣ ਦਾ ਨਹੀਂ ਕਰਦਾ। ਪਰ ਬਾਹਰ ਸੌਂਣ ਵਿੱਚ ਮੈਨੂੰ ਬਹੁਤ ਡਰ ਲੱਗਦਾ ਹੈ। ਭਾਵੇਂ ਮੈਂ ਸੌਂ ਨਾ ਸਕਾਂ, ਫਿਰ ਵੀ ਮੈਨੂੰ ਸਵੇਰੇ ਉੱਠ ਕੇ ਕੰਮ 'ਤੇ ਜਾਣਾ ਪੈਂਦਾ ਹੈ।"
ਅਮਰਾਵਤੀ ਦੇ ਪੂਰਨਾਨਗਰ ਪਿੰਡ ਦੇ ਰਹਿਣ ਵਾਲੇ ਸੁਨੀਤਾ ਗਾਂਗੋਲੇ ਉਹਨਾਂ ਮੁਸ਼ਕਲਾਂ ਬਾਰੇ ਦੱਸਦੇ ਹਨ, ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ।
ਸੁਨੀਤਾ ਦਿਨ ਭਰ ਖੇਤਾਂ ਵਿੱਚ ਕੰਮ ਕਰਦੇ ਹਨ। ਉਹ ਘਾਹ ਵੱਢਣ ਅਤੇ ਕਪਾਹ ਚੁਗਣ ਵਰਗੇ ਕੰਮ ਕਰਦੇ ਹਨ। ਜਦੋਂ ਉਹ ਘਰ ਵਾਪਸ ਆਉਂਦੇ ਹਨ, ਤਾਂ ਉਨ੍ਹਾਂ ਨੂੰ ਚੁੱਲ੍ਹੇ 'ਤੇ ਖਾਣਾ ਪਕਾਉਣਾ ਪੈਂਦਾ ਹੈ।
ਉਹ ਕਹਿੰਦੇ ਹਨ, "ਇੰਨੀ ਗਰਮੀ ਹੁੰਦੀ ਹੈ ਕਿ ਮੇਰਾ ਮਨ ਘਰ ਦੇ ਅੰਦਰ ਰਹਿਣ ਦਾ ਨਹੀਂ ਕਰਦਾ। ਉਦੋਂ ਅਸੀਂ ਕਿਸੇ ਦਰੱਖਤ ਹੇਠਾਂ ਬੈਠ ਜਾਂਦੇ ਹਾਂ। ਪਰ ਨੇੜੇ ਹੀ ਇੱਕ ਨਾਲ਼ਾ ਹੈ, ਇਸ ਲਈ ਮੱਛਰ ਆ ਜਾਂਦੇ ਹਨ। ਫਿਰ ਅਸੀਂ ਵਾਪਸ ਘਰ ਦੇ ਅੰਦਰ ਚਲੇ ਜਾਂਦੇ ਹਾਂ। ਮੈਨੂੰ ਡਰ ਲੱਗਦਾ ਹੈ।''
ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ਹਾਲ ਦੇ ਦਿਨਾਂ ਵਿੱਚ ਰਾਤ ਦੀ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ।

ਤਸਵੀਰ ਸਰੋਤ, Nitesh Raut/BBC
ਮੁੰਬਈ ਦੇ ਪੂਰਬੀ ਉਪਨਗਰਾਂ ਦੀ ਇੱਕ ਝੁੱਗੀ-ਬਸਤੀ ਵਿੱਚ ਰਹਿਣ ਵਾਲੇ ਮਨੀਸ਼ਾ (ਬਦਲਿਆ ਹੋਇਆ ਨਾਮ) ਦਾ ਤਜਰਬਾ ਵੀ ਕੁਝ ਅਜਿਹਾ ਹੀ ਹੈ।
ਉਨ੍ਹਾਂ ਦਾ ਪੰਜ ਜੀਆਂ ਦਾ ਪਰਿਵਾਰ ਇੱਕ ਤੰਗ ਗਲੀ ਵਿੱਚ ਬਣੇ, ਇੱਕ ਚਾਲ (ਮੁੰਬਈ ਵਿੱਚ ਇੱਕ ਕਿਸਮ ਦੀ ਪੁਰਾਣੀ ਰਿਹਾਇਸ਼ੀ ਇਕਾਈ) ਵਿੱਚ ਇੱਕ ਛੋਟੇ ਜਿਹੇ, ਦੋ ਕਮਰਿਆਂ ਵਾਲੇ ਘਰ ਵਿੱਚ ਰਹਿੰਦਾ ਹੈ। ਘਰ ਦੇ ਅੱਗੇ ਵਾਲੇ ਪਾਸੇ ਇੱਕ ਛੋਟਾ ਜਿਹਾ ਕਮਰਾ ਹੈ ਅਤੇ ਪਿੱਛੇ ਵੱਲ ਉਸ ਤੋਂ ਵੀ ਛੋਟੀ ਇੱਕ ਰਸੋਈ ਹੈ।
ਉਹ ਕਹਿੰਦੇ ਹਨ ਕਿ ਉਸ ਘੁਟਣ ਭਰੇ ਮਾਹੌਲ ਵਿੱਚ ਰਾਤ ਬਿਤਾਉਣਾ ਨਾਮੁਮਕਿਨ ਹੈ।
ਉਹ ਕਹਿੰਦੇ ਹਨ, "ਰਾਤ ਨੂੰ ਘਰ ਦੇ ਅੰਦਰ ਇੰਨੀ ਗਰਮੀ ਹੁੰਦੀ ਹੈ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਕਦੇ-ਕਦੇ ਮੀਂਹ ਪੈ ਜਾਂਦਾ ਹੈ ਅਤੇ ਗਰਮੀ ਤੋਂ ਕੁਝ ਰਾਹਤ ਮਿਲਦੀ ਹੈ - ਪਰ ਕੌਣ ਜਾਣੇ ਕਦੋਂ ਅਜਿਹਾ ਹੋਵੇਗਾ।"
ਮਨੀਸ਼ਾ ਚਾਰ-ਪੰਜ ਘਰਾਂ ਵਿੱਚ ਖਾਣਾ ਬਣਾਉਣ ਅਤੇ ਸਫਾਈ ਦਾ ਕੰਮ ਕਰਦੇ ਹਨ। ਉਹ ਕਹਿੰਦੇ ਹਨ, "ਮੈਨੂੰ ਸਵੇਰੇ-ਸਵੇਰੇ ਤਿੱਖੀ ਧੁੱਪ ਵਿੱਚ ਕੰਮ 'ਤੇ ਜਾਣਾ ਪੈਂਦਾ ਹੈ। ਮੈਂ ਪੱਖੇ ਬੰਦ ਕਰਕੇ ਸਫ਼ਾਈ ਕਰਦੀ ਹਾਂ, ਰਸੋਈ ਵਿੱਚ ਅੱਗ ਜਲਾ ਕੇ ਖਾਣਾ ਬਣਾਉਂਦੀ ਹਾਂ, ਕੰਮ ਖਤਮ ਕਰਕੇ ਭੀੜ-ਭਾੜ ਵਾਲੀ ਬੱਸ 'ਚ ਘਰ ਵਾਪਸ ਆਉਂਦੀ ਹਾਂ ਅਤੇ ਫਿਰ ਉਸੇ ਗਰਮੀ ਵਿੱਚ ਦੁਬਾਰਾ ਖਾਣਾ ਬਣਾਉਂਦੀ ਹਾਂ। ਪੱਖੇ ਚੱਲਣ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਹੁੰਦਾ ਸੀ। ਗਰਮੀ ਇੰਨੀ ਜ਼ਿਆਦਾ ਹੈ ਕਿ ਬਰਦਾਸ਼ਤ ਕਰਨਾ ਮੁਸ਼ਕਿਲ ਹੈ।"
ਮਹਾਰਾਸ਼ਟਰ ਦੇ ਦੋ ਵੱਖ-ਵੱਖ ਸਿਰਿਆਂ 'ਤੇ ਰਹਿਣ ਵਾਲੀਆਂ ਇਨ੍ਹਾਂ ਦੋਹਾਂ ਮਹਿਲਾਵਾਂ ਦੀਆਂ ਮੁਸ਼ਕਲਾਂ ਦੀ ਜੜ੍ਹ ਇੱਕੋ ਗੱਲ ਵਿੱਚ ਲੁਕੀ ਹੋਈ ਹੈ - ਰਾਤ ਦੇ ਸਮੇਂ ਵਧਦੀ ਹੋਈ ਗਰਮੀ।
ਰਾਤ 'ਚ ਵੀ ਤਪ ਰਹੇ ਹਨ ਭਾਰਤ ਦੇ ਸ਼ਹਿਰ

ਤਸਵੀਰ ਸਰੋਤ, IMD
ਇੱਥੇ ਤਾਂ ਰਾਤ ਵੀ ਕਿਸੇ ਭੱਠੀ ਵਰਗੀ ਹੋ ਗਈ ਹੈ। ਅਪ੍ਰੈਲ-ਮਈ ਦੇ ਮਹੀਨਿਆਂ ਵਿੱਚ ਮਹਾਰਾਸ਼ਟਰ ਸਮੇਤ ਮੱਧ ਅਤੇ ਉੱਤਰੀ ਭਾਰਤ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣਾ ਕੋਈ ਅਸਧਾਰਣ ਗੱਲ ਨਹੀਂ ਹੈ। ਕਈ ਥਾਵਾਂ 'ਤੇ ਸਵੇਰੇ 8 ਵਜੇ ਤੋਂ ਹੀ ਸੂਰਜ ਦੀ ਗਰਮੀ ਮਹਿਸੂਸ ਹੋਣ ਲੱਗਦੀ ਹੈ। ਆਮ ਤੌਰ 'ਤੇ ਸੂਰਜ ਡੁੱਬਣ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ।
ਪਰ ਇਸ ਸਾਲ ਦੇ ਮੌਸਮ ਵਿਭਾਗ ਦੇ ਘੱਟੋ-ਘੱਟ ਤਾਪਮਾਨ ਦੇ ਅੰਕੜੇ ਦਿਖਾਉਂਦੇ ਹਨ ਕਿ ਇਸ ਗਰਮੀ ਵਿੱਚ ਭਾਰਤ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਦੇਰ ਰਾਤ ਨੂੰ ਵੀ ਤਾਪਮਾਨ ਘੱਟ ਨਹੀਂ ਹੋ ਰਿਹਾ ਹੈ।
ਮਈ ਦੇ ਮਹੀਨੇ ਵਿੱਚ, ਮਹਾਰਾਸ਼ਟਰ ਦੇ ਗੜ੍ਹਚਿਰੌਲੀ, ਚੰਦਰਪੁਰ, ਅਕੋਲਾ, ਵਰਧਾ, ਯਵਤਮਾਲ ਵਰਗੀਆਂ ਥਾਵਾਂ 'ਤੇ ਰਾਤ ਨੂੰ ਵੀ ਘੱਟੋ-ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਮੁੰਬਈ ਅਤੇ ਰਤਨਾਗਿਰੀ ਵਰਗੀਆਂ ਸਮੁੰਦਰੀ ਕੰਢੇ ਨਾਲ ਲੱਗਦੀਆਂ ਥਾਵਾਂ ਵਿੱਚ ਵੀ ਰਾਤ ਨੂੰ ਪਾਰਾ 27 ਡਿਗਰੀ ਤੱਕ ਉੱਪਰ ਰਿਹਾ, ਜੋ ਉੱਥੋਂ ਦੀ ਹੁਮਸ ਭਰੀ ਹਵਾ ਵਿੱਚ ਹੋਰ ਵੀ ਤਕਲੀਫ਼ ਭਰਿਆ ਹੁੰਦਾ ਹੈ।
ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਆਮ ਔਸਤ ਤਾਪਮਾਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਰਿਹਾ। ਰਾਜਸਥਾਨ, ਦਿੱਲੀ ਅਤੇ ਗੁਜਰਾਤ ਵਿੱਚ, ਮਈ ਵਿੱਚ ਰਾਤ ਦਾ ਤਾਪਮਾਨ ਕਦੇ-ਕਦੇ 26-27 ਡਿਗਰੀ ਤੋਂ ਉੱਪਰ ਰਿਹਾ।

ਮਾਨਸੂਨ ਤੋਂ ਪਹਿਲਾਂ ਦਾ ਮੀਂਹ ਅਤੇ ਬੱਦਲਾਂ ਨਾਲ ਭਰੇ ਆਸਮਾਨ ਨੇ ਹੁਣ ਕੁਝ ਥਾਵਾਂ 'ਤੇ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਨੂੰ ਘਟਾ ਦਿੱਤਾ ਹੈ, ਪਰ ਹੁਮਸ ਅਤੇ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਲਗਾਤਾਰ ਬਣੀ ਰਹਿਣ ਵਾਲੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ ਹੈ।
ਭਾਰਤ ਅਤੇ ਦੱਖਣੀ ਏਸ਼ੀਆ ਦੇ ਕਈ ਰੌਣਕ ਭਰੇ ਸ਼ਹਿਰਾਂ ਵਿੱਚ ਗਰਮੀਆਂ ਦੌਰਾਨ ਦਿਨ-ਰਾਤ ਅਜਿਹਾ ਲੱਗਦਾ ਹੈ ਜਿਵੇਂ ਅਸੀਂ ਕਿਸੇ ਓਵਨ ਜਾਂ ਕੁੱਕਰ ਵਿੱਚ ਪੱਕ ਰਹੇ ਹੋਈਏ।
ਗਰਮੀ ਹੁਣ ਸਿਰਫ ਦਿਨ ਦੀ ਸਮੱਸਿਆ ਨਹੀਂ ਰਹੀ ਹੈ। ਇਹ ਰਾਤ ਵਿੱਚ ਵੀ ਮਹਿਸੂਸ ਹੋਣ ਲੱਗੀ ਹੈ।
ਗਰਮੀ ਨਾਲ ਨਜਿੱਠਣ ਦੇ ਉਪਾਅ ਹਰ ਕਿਸੇ ਲਈ ਉਪਲੱਬਧ ਜਾਂ ਕਿਫਾਇਤੀ ਨਹੀਂ ਹਨ। ਭਾਰਤ ਵਿੱਚ ਕੇਵਲ 8-10 ਫ਼ੀਸਦ ਘਰਾਂ ਵਿੱਚ ਹੀ ਏਅਰ ਕੰਡੀਸ਼ਨਰ ਹਨ ਅਤੇ ਉਹ ਵੀ ਜ਼ਿਆਦਾਤਰ ਸ਼ਹਿਰਾਂ ਵਿੱਚ ਹਨ। ਪਿੰਡਾਂ ਵਿੱਚ ਵੀ ਏਸੀ ਅਤੇ ਪੱਖੇ ਹੁੰਦੇ ਹਨ, ਪਰ ਅਕਸਰ ਬਿਜਲੀ ਨਹੀਂ ਹੁੰਦੀ।

ਤਸਵੀਰ ਸਰੋਤ, Getty Images
ਰਾਤ ਦੀ ਗਰਮੀ ਖਤਰਨਾਕ ਕਿਉਂ ਹੈ?
ਮਨੁੱਖੀ ਸਰੀਰ ਦਾ ਆਮ ਤਾਪਮਾਨ ਲਗਭਗ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸਦਾ ਮਤਲਬ ਹੈ ਕਿ ਇਸ ਤਾਪਮਾਨ 'ਤੇ ਸਰੀਰ ਦੀਆਂ ਸਾਰੀਆਂ ਬਣਤਰਾਂ - ਕੋਸ਼ਿਕਾਵਾਂ, ਹਾਰਮੋਨ, ਐਂਜ਼ਾਈਮ ਤੋਂ ਲੈਕੇ ਦਿਲ ਅਤੇ ਦਿਮਾਗ ਵਰਗੇ ਅੰਗਾਂ ਤੱਕ - ਠੀਕ ਤਰ੍ਹਾਂ ਕੰਮ ਕਰ ਸਕਦੀਆਂ ਹਨ।
ਪਰ ਜਦੋਂ ਕਿਸੇ ਥਾਂ ਦੀ ਹਵਾ ਦਾ ਤਾਪਮਾਨ ਇਸ ਤੋਂ ਉੱਪਰ ਚਲਾ ਜਾਂਦਾ ਹੈ, ਤਾਂ ਸਰੀਰ ਨੂੰ ਉਸ ਤਾਪਮਾਨ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਸਰੀਰ ਪਸੀਨਾ ਆਉਣ ਅਤੇ ਖੂਨ ਦਾ ਸੰਚਾਰ ਵਧਾਉਣ ਵਰਗੀਆਂ ਪ੍ਰਕਿਰਿਆਵਾਂ ਰਾਹੀਂ ਤਾਪਮਾਨ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਪ੍ਰੋਫੈਸਰ ਦਿਲੀਪ ਮਾਵਲਣਕਰ, ਇੱਕ ਜਨਤਕ ਸਿਹਤ ਮਾਹਿਰ ਹਨ ਅਤੇ ਗੁਜਰਾਤ ਦੇ ਗਾਂਧੀਨਗਰ ਵਿੱਚ ਸਥਿਤ ਇੰਡੀਅਨ ਇੰਸਟੀਟਿਊਟ ਆਫ਼ ਪਬਲਿਕ ਹੈਲਥ ਦੇ ਸਾਬਕਾ ਨਿਰਦੇਸ਼ਕ ਰਹਿ ਚੁੱਕੇ ਹਨ।
ਉਨ੍ਹਾਂ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ, "ਜਦੋਂ ਬਾਹਰ ਦਾ ਤਾਪਮਾਨ ਵਧਦਾ ਹੈ, ਤਾਂ ਕਮਰੇ ਵਿੱਚ ਲੱਗੇ ਏਸੀ ਯੂਨਿਟ ਨੂੰ ਤਾਪਮਾਨ ਕੰਟਰੋਲ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸਾਡੇ ਦਿਲ ਨਾਲ ਵੀ ਠੀਕ ਅਜਿਹਾ ਹੀ ਹੁੰਦਾ ਹੈ। ਜਦੋਂ ਤਾਪਮਾਨ ਵਧਦਾ ਹੈ, ਤਾਂ ਦਿਲ ਨੂੰ ਜ਼ਿਆਦਾ ਖੂਨ ਪੰਪ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਪੈਂਦਾ ਹੈ।"
"ਇਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਗਰਮੀ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਹੋ ਜਾਂਦੀ ਹੈ, ਜਿਸਦਾ ਅਸਰ ਕਿਡਨੀ ਦੇ ਕੰਮ ਕਰਨ ਦੀ ਸਮਰੱਥਾ 'ਤੇ ਪੈ ਸਕਦਾ ਹੈ।"
ਜਦੋਂ ਤਾਪਮਾਨ 40 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ, ਤਾਂ ਦਿਮਾਗ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਵਾਲੇ ਕੇਂਦਰ ਵੀ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਇਲਾਵਾ, ਮਾਵਲਣਕਰ ਦੱਸਦੇ ਹਨ ਕਿ ਗਰਮੀ ਕੋਸ਼ਿਕਾਵਾਂ ਦੇ ਪੱਧਰ 'ਤੇ ਹੋਣ ਵਾਲੀਆਂ ਰਸਾਇਣਿਕ ਪ੍ਰਕਿਰਿਆਵਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਇਨਸਾਨੀ ਸਰੀਰ ਕੁਝ ਘੰਟਿਆਂ ਤੱਕ ਅਜਿਹੀ ਗਰਮੀ ਝੱਲ ਸਕਦਾ ਹੈ ਅਤੇ ਜਦੋਂ ਰਾਤ ਨੂੰ ਤਾਪਮਾਨ ਘਟਦਾ ਹੈ ਤਾਂ ਸਰੀਰ ਨੂੰ ਠੀਕ ਹੋਣ ਦਾ ਸਮਾਂ ਮਿਲ ਜਾਂਦਾ ਹੈ।
ਪਰ ਜੇ ਰਾਤ ਨੂੰ ਵੀ ਮੌਸਮ ਗਰਮ ਹੀ ਬਣਿਆ ਰਹਿੰਦਾ ਹੈ, ਤਾਂ ਸਰੀਰ ਦੇ ਤਾਪਮਾਨ ਨੂੰ ਘੱਟ ਹੋਣ ਦਾ ਸਮਾਂ ਨਹੀਂ ਮਿਲ ਪਾਉਂਦਾ। ਅਜਿਹੇ ਵਿੱਚ ਪਹਿਲਾਂ ਤੋਂ ਹੀ ਤਣਾਅ 'ਚ ਆਏ ਸਰੀਰ ਨੂੰ ਅਗਲੇ ਦਿਨ ਹੋਰ ਵੀ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸਨੂੰ 'ਕ੍ਰੋਨਿਕ ਹੀਟ ਸਟ੍ਰੈੱਸ' (ਲੰਮੇ ਸਮੇਂ ਤੱਕ ਰਹਿਣ ਵਾਲਾ ਗਰਮੀ ਦਾ ਤਣਾਅ) ਕਿਹਾ ਜਾਂਦਾ ਹੈ। ਜੇ ਇਹ ਸਥਿਤੀ ਬਣੀ ਰਹਿੰਦੀ ਹੈ, ਤਾਂ ਇਸ ਨਾਲ ਮੌਤ ਵੀ ਹੋ ਸਕਦੀ ਹੈ।
ਇਹੀ ਕਾਰਨ ਹੈ ਕਿ ਜਦੋਂ ਲੂਅ ਚੱਲਦੀ ਹੈ, ਤਾਂ ਦਿਲ ਦਾ ਦੌਰਾ ਜਾਂ ਸਟ੍ਰੋਕ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧ ਜਾਂਦੀ ਹੈ।

ਰਾਤ ਦੀ ਗਰਮੀ ਨਾ ਸਿਰਫ਼ ਨੀਂਦ ਦੀ ਕਮੀ ਦਾ ਕਾਰਨ ਬਣਦੀ ਹੈ, ਸਗੋਂ ਇਹ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਤੁਹਾਨੂੰ ਤਣਾਅ, ਬੇਚੈਨੀ, ਚਿੜਚਿੜਾਪਣ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਜਾਂ ਹੋਰ ਬਿਮਾਰੀਆਂ ਹਨ, ਅਜਿਹੇ ਲੋਕ ਜਾਂ ਫਿਰ ਛੋਟੇ ਬੱਚੇ, ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।
ਇਸ ਤੋਂ ਇਲਾਵਾ, ਜੋ ਲੋਕ ਲੰਮੇ ਸਮੇਂ ਤੱਕ ਬਾਹਰ ਧੁੱਪ ਵਿੱਚ ਕੰਮ ਕਰਦੇ ਹਨ, ਜਿਵੇਂ ਕਿਸਾਨ, ਮਜ਼ਦੂਰ ਅਤੇ ਟ੍ਰੈਫਿਕ ਪੁਲਿਸ; ਜੋ ਲੋਕ ਰਸੋਈ ਜਾਂ ਜ਼ਿਆਦਾ ਤਾਪਮਾਨ ਵਾਲੀਆਂ ਹੋਰ ਥਾਵਾਂ 'ਤੇ ਕੰਮ ਕਰਦੇ ਹਨ; ਅਤੇ ਜੋ ਲੋਕ ਸਮੁੰਦਰੀ ਤੱਟ 'ਤੇ ਨਮੀ ਵਾਲੀ ਹਵਾ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਜ਼ਿਆਦਾ ਖਤਰਾ ਹੁੰਦਾ ਹੈ।
ਪੁਣੇ ਸਥਿਤ ਸੰਸਥਾ ਪ੍ਰਯਾਸ ਦੇ ਖੋਜਕਰਤਾ ਰਿਤੂ ਪਰਚੁਰੇ ਨੇ ਇਸ ਗੱਲ ਦਾ ਅਧਿਐਨ ਕੀਤਾ ਹੈ ਕਿ ਮੌਸਮ ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਇਸ ਸੰਸਥਾ ਨੇ ਪੁਣੇ ਸ਼ਹਿਰ ਦੀਆਂ ਸੜਕਾਂ 'ਤੇ ਕੰਮ ਕਰਨ ਵਾਲੇ ਲੋਕਾਂ 'ਤੇ ਗਰਮੀ ਦੇ ਅਸਰ ਦੀ ਜਾਂਚ ਕੀਤੀ।
ਇਸ ਅਧਿਐਨ ਦੌਰਾਨ, ਲੋਕਾਂ ਨੇ ਦੱਸਿਆ ਕਿ ਗਰਮੀ ਵਿੱਚ ਉਨ੍ਹਾਂ ਨੂੰ ਚੱਕਰ ਆਉਣਾ, ਡਰ ਲੱਗਣਾ, ਦਿਲ ਦੀ ਧੜਕਨ ਤੇਜ਼ ਹੋਣਾ ਅਤੇ ਹੱਥ-ਪੈਰ ਕੰਬਣ ਵਰਗੇ ਅਸਰ ਮਹਿਸੂਸ ਹੋਏ, ਜੋ ਸੂਰਜ ਡੁੱਬਣ ਤੋਂ ਬਾਅਦ ਵੀ ਮਹਿਸੂਸ ਹੁੰਦੇ ਰਹੇ।
ਰਿਤੂ ਦੱਸਦੇ ਹਨ ਕਿ ਗਰਮੀ ਨਾ ਸਿਰਫ਼ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਸਦੇ ਕੁਝ ਅਜਿਹੇ ਅਸਰ ਵੀ ਹੁੰਦੇ ਹਨ ਜੋ ਦਿਖਾਈ ਨਹੀਂ ਦਿੰਦੇ।
ਉਨ੍ਹਾਂ ਕਿਹਾ, "ਜੇ ਗਰਮੀ ਕਾਰਨ ਤੁਹਾਨੂੰ ਰਾਤ ਨੂੰ ਪੂਰੀ ਨੀਂਦ ਨਹੀਂ ਮਿਲ ਪਾਉਂਦੀ, ਤਾਂ ਤੁਸੀਂ ਥੱਕ ਜਾਂਦੇ ਹੋ ਅਤੇ ਇਸਦਾ ਅਸਰ ਤੁਹਾਡੇ ਕੰਮ ਅਤੇ ਤੁਹਾਡੀ ਰੋਜ਼ੀ-ਰੋਟੀ 'ਤੇ ਪੈ ਸਕਦਾ ਹੈ।"
ਭਾਰਤ ਵਿੱਚ ਰਾਤ ਦਾ ਤਾਪਮਾਨ ਕਿਉਂ ਵਧ ਗਿਆ ਹੈ?

ਤਸਵੀਰ ਸਰੋਤ, Firdous Nazir/NurPhoto via Getty Images
ਪੁਣੇ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟ੍ਰੌਪਿਕਲ ਮੀਟੀਓਰੌਲੋਜੀ ਦੇ ਖੋਜਕਰਤਾ ਰੌਕਸੀ ਕੋਲ ਕਹਿੰਦੇ ਹਨ, "ਸੂਰਜ ਤੋਂ ਰੋਸ਼ਨੀ ਦੇ ਰੂਪ ਵਿੱਚ ਆਉਣ ਵਾਲੀ ਊਰਜਾ 'ਸ਼ਾਰਟਵੇਵ ਰੇਡੀਏਸ਼ਨ' ਦੇ ਜ਼ਰੀਏ ਧਰਤੀ ਤੱਕ ਪਹੁੰਚਦੀ ਹੈ ਅਤੇ ਜੋ ਊਰਜਾ ਵਾਪਸ ਮੁੜਦੀ ਹੈ, ਉਹ 'ਲਾਂਗਵੇਵ ਰੇਡੀਏਸ਼ਨ' ਦੇ ਰੂਪ ਵਿੱਚ ਨਿਕਲਦੀ ਹੈ।"
"ਕੰਕਰੀਟ ਨਾਲ ਬਣੀਆਂ ਇਮਾਰਤਾਂ ਸ਼ਾਰਟਵੇਵ ਰੇਡੀਏਸ਼ਨ ਨੂੰ ਆਸਾਨੀ ਨਾਲ ਸੋਖ ਲੈਂਦੀਆਂ ਹਨ, ਪਰ ਲਾਂਗਵੇਵ ਰੇਡੀਏਸ਼ਨ ਨੂੰ ਆਪਣੇ ਅੰਦਰ ਹੀ ਫਸਾ ਲੈਂਦੀਆਂ ਹਨ।"
ਸੰਖੇਪ ਵਿੱਚ ਕਹੀਏ ਤਾਂ ਸੀਮੈਂਟ-ਕੰਕਰੀਟ ਨਾਲ ਬਣੇ ਘਰ ਅਤੇ ਸੜਕਾਂ ਦਿਨ ਦੇ ਸਮੇਂ ਗਰਮ ਹੋ ਜਾਂਦੇ ਹਨ ਅਤੇ ਫਿਰ ਰਾਤ ਨੂੰ ਵੀ ਉਸੇ ਗਰਮੀ ਨੂੰ ਬਾਹਰ ਕੱਢਦੇ ਰਹਿੰਦੇ ਹਨ।
ਰੌਕਸੀ ਦੱਸਦੇ ਹਨ ਕਿ ਜੇ ਇਮਾਰਤਾਂ ਦੇ ਆਸ-ਪਾਸ ਕੋਈ ਖੁੱਲ੍ਹੀ ਜਗ੍ਹਾ, ਰੁੱਖ-ਬੂਟੇ, ਪਾਣੀ ਦੇ ਸਰੋਤ ਜਾਂ ਵੈਟਲੈਂਡਜ਼ (ਨਮੀ ਵਾਲੀ ਜ਼ਮੀਨ) ਨਾ ਹੋਣ, ਅਤੇ ਕੰਕਰੀਟ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਜ਼ਿਆਦਾ ਹੋਣ ਤਾਂ ਗਰਮੀ ਰਾਤ ਨੂੰ ਵੀ ਉੱਥੇ ਹੀ ਫਸੀ ਰਹਿੰਦੀ ਹੈ।
ਇਸ ਸਥਿਤੀ ਨੂੰ 'ਅਰਬਨ ਹੀਟ ਆਇਲੈਂਡ' (ਸ਼ਹਿਰੀ ਊਸ਼ਮਾ ਟਾਪੂ) ਕਿਹਾ ਜਾਂਦਾ ਹੈ। ਪਰ ਇਹ ਸਥਿਤੀ ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂ ਹੋ ਰਹੀ ਹੈ। ਹੁਣ ਪਿੰਡਾਂ ਵਿੱਚ ਵੀ ਇਸ ਸਮੱਸਿਆ ਦਾ ਅਸਰ ਮਹਿਸੂਸ ਹੋਣ ਲੱਗਿਆ ਹੈ।
ਰਿਤੂ ਪਰਚੁਰੇ ਦੱਸਦੇ ਹਨ ਕਿ "ਸਾਡੇ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਪਿਛਲੇ ਇੱਕ-ਦੋ ਦਹਾਕਿਆਂ ਵਿੱਚ ਰਾਤ ਦਾ ਔਸਤ ਤਾਪਮਾਨ ਕਾਫ਼ੀ ਵਧ ਗਿਆ ਹੈ ਅਤੇ ਪਿਛਲੇ ਚਾਰ-ਪੰਜ ਸਾਲਾਂ ਵਿੱਚ ਤਾਂ ਇਸਦੇ ਵਧਣ ਦੀ ਰਫ਼ਤਾਰ ਹੋਰ ਵੀ ਤੇਜ਼ ਹੋਈ ਹੈ।"

ਤਸਵੀਰ ਸਰੋਤ, NASA-JPL
ਨਵੀਂ ਦਿੱਲੀ ਦੇ ਕੌਂਸਲ ਆਨ ਐਨਰਜੀ, ਐਨਵਾਇਰਮੈਂਟ ਐਂਡ ਵਾਟਰ (CEEW) ਦੇ ਸਾਲ 2025 ਵਿੱਚ ਪ੍ਰਕਾਸ਼ਿਤ ਕੀਤੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਸਾਲ 2012 ਤੋਂ 2022 ਦੇ ਵਿਚਕਾਰ ਗਰਮ ਰਾਤਾਂ ਦੀ ਗਿਣਤੀ ਗਰਮ ਦਿਨਾਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ।
ਭਾਰਤ ਵਿੱਚ 70 ਤੋਂ ਵੱਧ ਜ਼ਿਲ੍ਹੇ ਅਜਿਹੇ ਹਨ, ਜਿੱਥੇ ਗਰਮੀ ਦੇ ਮੌਸਮ ਵਿੱਚ (ਮਾਰਚ ਤੋਂ ਜੂਨ ਦੇ ਵਿਚਕਾਰ) ਗਰਮ ਰਾਤਾਂ ਦੀ ਗਿਣਤੀ ਪੰਜ ਜਾਂ ਪੰਜ ਤੋਂ ਵੱਧ ਹੋ ਗਈ ਹੈ।
ਵਧਦਾ ਤਾਪਮਾਨ, ਨਮੀ, ਸ਼ਹਿਰੀਕਰਨ, ਕੰਕਰੀਟ ਦਾ ਵਧਦਾ ਇਸਤੇਮਾਲ, ਜੰਗਲਾਂ ਦੀ ਕਟਾਈ, ਹਵਾਦਾਰ ਥਾਵਾਂ ਦੀ ਕਮੀ, ਘਰਾਂ ਦਾ ਡਿਜ਼ਾਇਨ, ਅਤੇ ਸ਼ਹਿਰਾਂ ਵਿੱਚ ਛੋਟੇ-ਛੋਟੇ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਰਹਿਣਾ - ਇਹ ਸਾਰੇ ਮਿਲ ਕੇ ਰਾਤ ਦੀ ਨੀਂਦ 'ਤੇ ਅਤੇ ਸਰੀਰਕ ਤੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪਾਉਂਦੇ ਹਨ। ਜਲਵਾਯੂ ਪਰਿਵਰਤਨ ਨੇ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਹੈ।
ਪਰ ਰਾਤ ਦੀ ਗਰਮੀ ਬਾਰੇ ਜ਼ਿਆਦਾ ਚਰਚਾ ਦਿਖਾਈ ਨਹੀਂ ਦਿੰਦੀ। ਇਸਦੇ ਸਹੀ-ਸਹੀ ਅਸਰ ਬਾਰੇ ਵੀ ਸਹੀ ਜਾਣਕਾਰੀ ਦੀ ਘਾਟ ਹੈ।
ਪ੍ਰੋਫੈਸਰ ਦਿਲੀਪ ਮਾਵਲਣਕਰ ਕਹਿੰਦੇ ਹਨ ਕਿ ਇਸ ਲਈ ਸਾਨੂੰ ਹਰ ਸ਼ਹਿਰ ਜਾਂ ਇਲਾਕੇ ਦੀ ਮੌਤ ਦਰ 'ਤੇ ਵੀ ਨਜ਼ਰ ਰੱਖਣੀ ਪਵੇਗੀ।
"ਅਹਿਮਦਾਬਾਦ ਦਾ 'ਕਲਾਈਮੇਟ ਐਕਸ਼ਨ ਪਲਾਨ' (ਜਲਵਾਯੂ ਕਾਰਜ ਯੋਜਨਾ) ਬਣਾਉਂਦੇ ਸਮੇਂ ਅਸੀਂ ਪੰਦਰਾਂ ਸਾਲਾਂ ਦੇ ਡੇਟਾ ਦਾ ਅਧਿਐਨ ਕੀਤਾ। ਇਸਦੇ ਮੁਤਾਬਕ, ਜੇ ਅਹਿਮਦਾਬਾਦ ਵਿੱਚ ਰੋਜ਼ਾਨਾ ਲਗਭਗ ਸੌ ਮੌਤਾਂ ਹੁੰਦੀਆਂ ਹਨ, ਤਾਂ ਅਸੀਂ ਇਹ ਵੇਖਿਆ ਕਿ ਬਹੁਤ ਜ਼ਿਆਦਾ ਗਰਮੀ ਵਾਲੇ ਦਿਨਾਂ ਵਿੱਚ ਕਿੰਨੀਆਂ ਮੌਤਾਂ ਹੁੰਦੀਆਂ ਹਨ - ਮਹਾਮਾਰੀ ਦੇ ਸਮੇਂ ਨੂੰ ਛੱਡ ਕੇ।"
"ਜਦੋਂ ਅਹਿਮਦਾਬਾਦ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚ ਜਾਂਦਾ ਹੈ, ਪਰ ਰਾਤ ਦਾ ਤਾਪਮਾਨ 28 ਡਿਗਰੀ ਤੋਂ ਘੱਟ ਰਹਿੰਦਾ ਹੈ, ਤਾਂ ਮੌਤ ਦਰ ਵਿੱਚ ਜ਼ਿਆਦਾ ਵਾਧਾ ਨਹੀਂ ਹੁੰਦਾ, ਇਹ 108 ਦੇ ਆਸ-ਪਾਸ ਰਹਿੰਦੀ ਹੈ। ਪਰ ਜਦੋਂ ਦਿਨ ਦਾ ਤਾਪਮਾਨ 45 ਡਿਗਰੀ ਹੋਵੇ ਅਤੇ ਰਾਤ ਦਾ ਤਾਪਮਾਨ 28-30 ਡਿਗਰੀ ਦੇ ਵਿਚਕਾਰ ਹੋਵੇ, ਤਾਂ ਮੌਤ ਦਰ ਵਧ ਕੇ ਲਗਭਗ 165 ਹੋ ਜਾਂਦੀ ਹੈ। ਅਤੇ ਜਦੋਂ ਰਾਤ ਦਾ ਤਾਪਮਾਨ 30 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ, ਤਾਂ ਮੌਤ ਦਰ ਵੱਧ ਕੇ 265 ਤੱਕ ਪਹੁੰਚ ਜਾਂਦੀ ਹੈ।"

ਤਸਵੀਰ ਸਰੋਤ, Getty Images
ਦਿਲੀਪ ਦਾ ਕਹਿਣਾ ਹੈ ਕਿ ਅਜਿਹੀਆਂ ਗਰਮ ਰਾਤਾਂ ਦੌਰਾਨ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਹਰ ਸ਼ਹਿਰ ਅਤੇ ਪਿੰਡ ਤੋਂ ਇਸ ਤਰ੍ਹਾਂ ਦਾ ਡੇਟਾ ਇਕੱਠਾ ਕਰਕੇ ਉਸਦਾ ਵਿਸ਼ਲੇਸ਼ਣ ਕੀਤਾ ਜਾਵੇ, ਤਾਂ ਇਸ ਨਾਲ ਰਾਤ ਦੀ ਗਰਮੀ ਬਾਰੇ ਸਥਾਨਕ ਪੱਧਰ 'ਤੇ ਸਟੀਕ ਚੇਤਾਵਨੀ ਦੇਣ ਵਿੱਚ ਮਦਦ ਮਿਲੇਗੀ।
ਰੌਕਸੀ ਕੋਲ ਦੱਸਦੇ ਹਨ ਕਿ ਸਾਨੂੰ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਉਹਨਾਂ ਥਾਵਾਂ ਦੀ ਪਹਿਚਾਣ ਕਰਨ ਦੀ ਲੋੜ ਹੈ, ਜੋ 'ਹੀਟ ਹਾਟਸਪਾਟ' ਹਨ, ਅਤੇ ਉੱਥੇ ਖੁੱਲ੍ਹੀਆਂ ਥਾਵਾਂ ਬਣਾਉਣ ਅਤੇ ਰੁੱਖ ਲਗਾਉਣ ਵਰਗੇ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਮੁਤਾਬਕ, ਅੱਜ ਘਰ ਅਤੇ ਇਮਾਰਤਾਂ ਬਣਾਉਂਦੇ ਸਮੇਂ ਸਾਨੂੰ 20-30 ਸਾਲ ਅੱਗੇ ਦੀ ਸੋਚ ਰੱਖਣੀ ਚਾਹੀਦੀ ਹੈ।
ਉਹ ਕਹਿੰਦੇ ਹਨ, "ਗਰਮੀ ਕੋਈ ਅਜਿਹਾ ਸੰਕਟ ਨਹੀਂ ਹੈ ਜੋ ਅੱਜ ਜਾਂ ਕੱਲ੍ਹ ਖਤਮ ਹੋ ਜਾਵੇਗਾ। ਸਗੋਂ, ਭਵਿੱਖ ਵਿੱਚ ਇਸਦੇ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ। ਭਵਿੱਖ ਵਿੱਚ ਗਰਮੀ ਦੀ ਬਾਰੰਬਾਰਤਾ, ਤੀਬਰਤਾ, ਵਿਸਥਾਰ ਅਤੇ ਮਿਆਦ - ਖਾਸ ਤੌਰ 'ਤੇ ਰਾਤ ਦੇ ਸਮੇਂ ਦਾ ਤਾਪਮਾਨ - ਵਧ ਜਾਣਗੇ। ਗਰਮੀ ਨੂੰ ਕੇਵਲ ਤਾਪਮਾਨ ਦੇ ਨਜ਼ਰੀਏ ਤੋਂ ਹੀ ਨਹੀਂ, ਸਗੋਂ ਉਸਦੇ ਨਤੀਜਿਆਂ ਦੇ ਨਜ਼ਰੀਏ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਸਾਨੂੰ ਭਵਿੱਖ ਦੇ ਗਰਮ ਦਿਨਾਂ ਅਤੇ ਰਾਤਾਂ ਲਈ - ਇੱਕ ਵਿਅਕਤੀ ਦੇ ਤੌਰ 'ਤੇ, ਇੱਕ ਭਾਈਚਾਰੇ ਦੇ ਤੌਰ 'ਤੇ, ਇੱਕ ਸੂਬੇ ਦੇ ਤੌਰ 'ਤੇ ਅਤੇ ਇੱਕ ਰਾਸ਼ਟਰ ਦੇ ਤੌਰ 'ਤੇ - ਤਿਆਰ ਰਹਿਣਾ ਪਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












