ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕੀ ਮਹਿਲਾ ਨੂੰ 'ਹੋਸ਼' ਆਇਆ, ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜ਼ਿੰਦਾ ਰਹੀ ਕ੍ਰਿਸਟਾ

ਤਸਵੀਰ ਸਰੋਤ, Reuters
- ਲੇਖਕ, ਸਰੀਨ ਹਬੇਸ਼ਿਅਨ, ਕਾਸੀ ਗਇਆਮਫ਼ੀ ਅਸਿਊਡੂ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਵਕੀਲਾਂ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕ੍ਰਿਸਟਾ ਪਾਈਕ ਹੁਣ "ਹੋਸ਼ ਵਿੱਚ ਹੈ ਅਤੇ ਗੱਲਬਾਤ ਕਰ ਰਹੀ ਹੈ।"
ਪਾਈਕ ਨੂੰ ਪਿਛਲੇ ਹਫ਼ਤੇ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫ਼ਲ ਰਹਿਣ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਪਾਈਕ ਦੇ ਵਕੀਲਾਂ ਨੇ ਕਿਹਾ ਹੈ ਕਿ ਪਾਈਕ ਨੂੰ ਹਸਪਤਾਲ ਵਿੱਚ ਹੱਥਕੜੀਆਂ ਲਗਾ ਕੇ ਰੱਖਿਆ ਗਿਆ ਹੈ।
ਪਾਈਕ ਨੂੰ 1995 ਵਿੱਚ ਕੋਲੀਨ ਸਲੇਮਰ ਦੇ ਕਤਲ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਬੁੱਧਵਾਰ ਨੂੰ ਟੈਨੇਸੀ ਵਿੱਚ ਉਹਨਾਂ ਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ 2 ਅਸਫ਼ਲ ਕੋਸ਼ਿਸ਼ਾਂ ਰਹੀਆਂ ਅਤੇ ਉਹ ਬਚ ਗਈ।
ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਕਈ ਦਿਨਾਂ ਤੱਕ ਬੇਹੋਸ਼ ਰਹੀ। ਇਸ ਦੌਰਾਨ ਡਾਕਟਰਾਂ ਨੇ ਉਹਨਾਂ ਦੇ ਸਰੀਰ ਵਿੱਚ ਇੰਜੈਕਟ ਕੀਤੇ ਗਏ ਰਸਾਇਣ ਨੂੰ ਬਾਹਰ ਕੱਢਿਆ।
ਮਾਹਰਾਂ ਅਤੇ ਉਹਨਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਤਰਾਂ ਠੀਕ ਹੋਣਾ ਹੈਰਾਨੀਜਨਕ ਹੈ। ਮੰਨਿਆ ਜਾਂਦਾ ਹੈ ਕਿ ਉਹ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਇਕੱਲੀ ਮਹਿਲਾ ਹੈ।
ਉਹਨਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਦੀ ਦੀ ਸਿਹਤ ਵਿੱਚ ਸੁਧਾਰ ਨੂੰ "ਡਾਕਟਰੀ ਭਾਸ਼ਾ ਵਿੱਚ ਅਸਧਾਰਨ" ਦੱਸਿਆ ਹੈ। ਪਰ ਉਹਨਾਂ ਦਾ ਕਹਿਣਾ ਹੈ ਕਿ ਪਾਈਕ ਦੇ ਪੂਰੀ ਤਰਾਂ ਠੀਕ ਹੋਣ ਦੀ ਸੰਭਾਵਨਾ ਦੇ ਬਾਰੇ ਵਿੱਚ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਤਸਵੀਰ ਸਰੋਤ, Tennessee Department of Corrections
ਫੋਰਡਹਮ ਲਾਅ ਸਕੂਲ ਦੀ ਕ੍ਰਿਮਿਨੋਲੋਜਿਸਟ ਅਤੇ ਪ੍ਰੋਫੈਸਰ ਡੇਬੋਰਾ ਡੇਨੋ ਨੇ ਕਿਹਾ ਕਿ ਪਾਈਕ ਦੇ ਹੋਸ਼ ਵਿੱਚ ਆਉਣ ਅਤੇ ਬੋਲਣ ਨਾਲ ਉਹ 'ਪੂਰੀ ਤਰਾਂ ਹੈਰਾਨ" ਹਨ।
ਡੇਨੋ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੇ ਸੱਤ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੈਦੀ ਤੈਅ ਕੀਤੀ ਗਈ ਮੌਤ ਦੀ ਸਜ਼ਾ ਤੋਂ ਬਚ ਗਏ। ਪਰ ਇਹਨਾਂ ਮਾਮਲਿਆਂ ਵਿੱਚ ਕੈਦੀਆਂ ਦੀਆਂ ਨਾੜੀਆਂ ਵਿੱਚ ਕੁਝ ਵੀ ਇੰਜੈਕਟ ਕਰਨਾ ਸੰਭਵ ਨਹੀਂ ਸੀ।
ਉਹਨਾਂ ਨੇ ਕਿਹਾ, "ਪਾਈਕ ਇਕੱਲੀ ਮਹਿਲਾ ਹੈ, ਜਿਸ ਦੇ ਸਰੀਰ ਵਿੱਚ ਕਿਸੇ ਵੀ ਤਰਾਂ ਦਾ ਜ਼ਹਿਰੀਲਾ ਪਦਾਰਥ ਇੰਜੈਕਟ ਕੀਤਾ ਗਿਆ। ਮੌਤ ਦੀ ਸਜ਼ਾ ਦੀ ਪ੍ਰਕਿਰਿਆ ਦੇ ਤਹਿਤ ਜੋ ਕੁਝ ਕਰਨਾ ਸੀ, ਉਹਨਾਂ ਨੇ ਸਭ ਕੀਤਾ ਪਰ ਫਿਰ ਵੀ ਇਹ ਕੰਮ ਨਹੀਂ ਕਰ ਸਕਿਆ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।"
ਕ੍ਰਿਸਟਾ ਪਾਈਕ ਨੂੰ ਮੌਤ ਦੀ ਸਜ਼ਾ ਦੇਣ ਦੀ ਅਸਫ਼ਲ ਕੋਸ਼ਿਸ਼ ਵਿੱਚ ਕੀ ਹੋਇਆ ਅਤੇ ਹੁਣ ਅੱਗੇ ਕੀ ਹੋਵੇਗਾ?

ਤਸਵੀਰ ਸਰੋਤ, THE TENNESSEAN/Reuters
ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਹ ਪਾਈਕ ਨੂੰ ਮੁੜ ਤੋਂ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਨੂੰ ਪੇਂਟੋਬਾਰਬੀਟਲ ਰਸਾਇਣ ਦੀ ਇੰਜੈਕਸ਼ਨ ਦੇਣ ਤੋਂ ਬਾਅਦ ਕੀ ਗੜਬੜ ਹੋਈ।
ਟੈਨੇਸੀ ਦੇ ਗਵਰਨਰ ਬਿਲ ਲੀ ਨੇ ਇਸ ਸਾਲ ਦੇ ਬਾਕੀ ਸਮੇਂ ਦੇ ਲਈ ਸਾਰੀਆਂ ਮੌਤ ਦੀਆਂ ਸਜ਼ਾਵਾਂ ਉੱਤੇ ਰੋਕ ਲਗਾ ਦਿੱਤੀ ਹੈ। ਸੂਬੇ ਦੇ ਜੇਲ੍ਹ ਵਿਭਾਗ ਨੇ ਪ੍ਰਮੁੱਖ ਨੇ ਕਿਹਾ ਕਿ ਉਹ ਅਸਤੀਫ਼ਾ ਦੇਣ ਜਾ ਰਹੇ ਹਨ।
ਪਾਈਕ 18 ਸਾਲ ਦੀ ਸੀ, ਜਦੋਂ ਉਸਨੇ ਆਪਣੇ ਬੁਆਏਫ੍ਰੈਂਡ ਟੈਡਾਰਿਲ ਸ਼ਿਪ ਨਾਲ ਮਿਲ ਕੇ 19 ਸਾਲ ਦੇ ਸਲੇਮਰ ਨੂੰ ਕੁੱਟਿਆ, ਬੁਰੀ ਤਰਾਂ ਤੜਪਾਇਆ ਅਤੇ ਉਸਦਾ ਕਤਲ ਕਰ ਦਿੱਤਾ। ਦੋਨਾਂ ਦੀ ਮੁਲਾਕਾਤ ਮੁਸ਼ਕਲਾਂ ਨਾਲ ਜੂਝ ਰਹੇ ਨੌਜਵਾਨਾਂ ਦੇ ਲਈ ਚਲਾਏ ਜਾ ਰਹੇ ਇੱਕ ਰੁਜ਼ਗਾਰ ਸਿਖਲਾਈ ਕੈਂਪ ਵਿੱਚ ਹੋਈ ਸੀ।
ਪਾਈਕ ਦੇ ਵਕੀਲ ਬੁੱਧਵਾਰ ਨੂੰ ਨੈਸ਼ਿਵਲ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣਗੇ। ਉਹ ਅਦਾਲਤ ਦੇ ਬਾਹਰ ਇੱਕ ਪ੍ਰੈੱਸ ਕਾਨਫ਼ਰੰਸ ਵੀ ਕਰਨਗੇ।

ਪਾਈਕ ਦੀ ਟੀਮ ਨੂੰ ਸਲਾਹ ਦੇਣ ਵਾਲੀ ਏਨੇਸਥੇਸਿਆਲੋਜਿਸਟ ਡਾ. ਜੋਇਲ ਜ਼ੀਵੋਟ ਨੇ ਮੰਗਲਵਾਰ ਨੂੰ ਕਿਹਾ ਕਿ ਜਾਨਲੇਵਾ ਇੰਜੈਕਸ਼ਨ ਤੋਂ ਠੀਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਉਹਨਾਂ ਨੇ ਬੀਬੀਸੀ ਨੂੰ ਦੱਸਿਆ, "ਜਿਹੜੇ ਲੋਕਾਂ ਨੂੰ ਜਾਨਲੇਵਾ ਇੰਜੈਕਸ਼ਨ ਦਿੱਤਾ ਜਾਂਦਾ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਹੋ ਜਾਂਦੀ ਹੈ। ਦਰਅਸਲ, ਕ੍ਰਿਸਟਾ ਨੂੰ ਛੱਡ ਕੇ ਲਗਭਗ ਬਾਕੀ ਸਾਰਿਆਂ ਦੀ ਮੌਤ ਹੋ ਗਈ ਸੀ, ਉਸਦਾ ਬਚਣਾ ਅਸਧਾਰਨ ਹੈ।"
ਪਰ ਉਹਨਾਂ ਨੇ ਕਿਹਾ ਅਜੇ ਵੀ ਬਹੁਤ ਅਨਿਸ਼ਚਿਤਤਾ ਹੈ।
ਜ਼ੀਵੋਟ ਨੇ ਕਿਹਾ ਕਿ ਪੇਂਟੋਬਾਰਬੀਟਲ ਦੀ ਕਿੰਨੀ ਮਾਤਰਾ ਪਾਈਕ ਦੇ ਸਰੀਰ ਵਿੱਚ ਪਹੁੰਚੀ, ਇੰਜੈਕਸ਼ਨ ਤੋਂ ਬਾਅਦ ਉਸਦੇ ਖੂਨ ਵਿੱਚ ਇਸਦਾ ਪੱਧਰ ਕਿੰਨਾ ਸੀ ਅਤੇ ਕਿਵੇਂ ਉਸਦੀ ਰਿਕਵਰੀ ਹੋਵੇਗੀ....ਇਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਉਹਨਾਂ ਨੇ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਪਾਈਕ ਦੇ ਲਈ ਵੱਡਾ ਖ਼ਤਰਾ ਟਲ ਗਿਆ ਹੈ।"
ਜ਼ੀਵੋਟ ਨੇ ਪਹਿਲਾਂ ਕਿਹਾ ਸੀ ਕਿ ਪਿਛਲੇ ਹਫ਼ਤੇ ਉਹਨਾਂ ਨੂੰ ਦਿੱਤੀ ਗਈ ਪੇਂਟੋਬਾਰਬੀਟਲ ਦੀਆਂ ਦੋ ਖੁਰਾਕਾਂ ਇੰਨੀਆਂ ਕਾਫ਼ੀ ਨਹੀਂ ਸੀ ਕਿ ਜੇਕਰ ਉਹ ਬਲੱਡਸਟ੍ਰੀਮ ਵਿੱਚ ਦਾਖ਼ਲ ਹੋ ਜਾਂਦੀ ਤਾਂ "ਉਸਦੀ ਨਿਸ਼ਚਿਤ ਤੌਰ ਉੱਤੇ ਮੌਤ ਹੋ ਜਾਂਦੀ।"
ਜ਼ੀਵੋਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪਾਈਕ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਹੋਣ ਦੀ ਸੰਭਾਵਨਾ "ਬਹੁਤ ਜ਼ਿਆਦਾ" ਹੈ। ਉਹਨਾਂ ਦਾ ਮੰਨਣਾ ਹੈ ਕਿ ਉਸਦੀ ਸਥਿਤੀ ਨੂੰ ਪੂਰੀ ਤਰਾਂ ਸਮਝਣ ਅਤੇ ਨਾੜੀਆਂ ਸਬੰਧੀ ਜਾਂਚ ਕਰਨ ਵਿੱਚ ਲਗਭਗ ਇੱਕ ਹਫ਼ਤਾ ਲੱਗੇਗਾ।
ਪਾਈਕ ਦੇ ਵਕੀਲਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਉਸਦੀ ਮੈਡੀਕਲ ਹਿਸਟਰੀ ਅਤੇ ਸਰੀਰਕ ਢਾਂਚੇ ਅਜਿਹਾ ਹੈ ਕਿ ਜਾਨਲੇਵਾ ਇੰਜੈਕਸ਼ਨ ਦੇ ਦੌਰਾਨ ਉਸਨੂੰ ਬੇਲੋੜੀ ਦਰਦ ਅਤੇ ਪੀੜ ਦਾ ਅਹਿਸਾਸ ਹੋਇਆ ਹੋਵੇਗਾ।
ਉਹਨਾਂ ਦੇ ਮੁਤਾਬਕ ਪਾਈਕ ਨੂੰ ਥ੍ਰੋਮਬੋਸਾਈਟੋਸਿਸ ਅਤੇ ਉਸਦੀਆਂ ਨਾੜੀਆਂ ਵੀ ਛੋਟੀਆਂ ਹਨ।

ਤਸਵੀਰ ਸਰੋਤ, Family handout
ਅਜਿਹੇ ਮਾਮਲਿਆਂ ਵਿੱਚ ਨਜ਼ਰ ਰੱਖਣ ਲਈ ਮੌਤ ਦੀ ਸਜ਼ਾ ਸੂਚਨਾ ਕੇਂਦਰ ਦੇ ਅਨੁਸਾਰ ਸਾਲ 2022 ਵਿੱਚ ਪੂਰੇ ਅਮਰੀਕਾ ਵਿੱਚ ਦਿੱਤੇ ਗਏ ਮੌਤ ਦੀ ਸਜ਼ਾ ਦੇ ਇੱਕ ਤਿਹਾਈ ਤੋਂ ਵੱਧ ਮਾਮਲਿਆਂ ਵਿੱਚ ਜਾਂ ਤਾਂ ਗੜਬੜ ਹੋਈ ਜਾਂ ਕੋਈ ਨਾ ਕੋਈ ਪਰੇਸ਼ਾਨੀ ਆਈ ਸੀ।
ਜਾਨਲੇਵਾ ਇੰਜੈਕਸ਼ਨ ਦੇ ਮਾਮਲਿਆਂ ਵਿੱਚ, ਅਜਿਹੀਆਂ ਘਟਨਾਵਾਂ ਆਮ ਤੌਰ ਉੱਤੇ ਨਾੜੀਆਂ ਤੱਕ ਆਈਵੀ ਪਹੁੰਚਾਉਣ ਦੌਰਾਨ ਮੁਸ਼ਕਲ ਦੇ ਕਾਰਨ ਹੁੰਦੀ ਹੈ। ਹਾਲਾਂਕਿ ਹਰ ਸ਼ਖਸ ਦੇ ਲਈ ਇਸ ਦੇ ਕਾਰਨ ਵੱਖ ਹੋ ਸਕਦੇ ਹਨ।
ਮੌਤ ਦੀ ਸਜ਼ਾ ਕੇਂਦਰ ਦੇ ਮੁਤਾਬਕ ਉਹਨਾਂ ਦੇ ਕੋਲ ਦਰਜ ਸਾਰੇ ਅਸਫ਼ਲ ਮਾਮਲੇ, ਜਾਨਲੇਵਾ ਦਵਾਈਆਂ ਦਿੱਤੇ ਜਾਣ ਤੋਂ ਪਹਿਲਾਂ ਦੇ ਹਨ।
ਜਾਨਲੇਵਾ ਇੰਜੈਕਸ਼ਨ ਦੀ ਅਸਫ਼ਲਤਾ ਦਾ ਆਖ਼ਰੀ ਮਾਮਲਾ ਇਸੇ ਸਾਲ ਦੇ ਸ਼ੁਰੂਆਤ ਵਿੱਚ ਟੈਨੇਸੀ ਵਿੱਚ ਸਾਹਮਣੇ ਆਇਆ ਸੀ।
ਟੋਨੀ ਕੈਰੂਥਰਸ ਨੂੰ 1994 ਵਿੱਚ ਤਿੰਨ ਲੋਕਾਂ ਨੂੰ ਕਿਡਨੈਪ ਕਰਕੇ ਅਤੇ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਹਨਾਂ ਦੀ ਮੌਤ ਦੀ ਸਜ਼ਾ ਨੂੰ ਮਈ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਕਰਮਚਾਰੀਆਂ ਨੂੰ ਜਾਨਲੇਵਾ ਇੰਜੈਕਸ਼ਨ ਲਈ ਨਾੜੀ ਨਹੀਂ ਮਿਲ ਪਾਈ ਸੀ।
ਰਾਜਪਾਲ ਨੇ ਉਸ ਨੂੰ ਇੱਕ ਸਾਲ ਦੀ ਮਿਆਦ ਦਿੱਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)































