'ਧੁਰੰਧਰ: ਦਿ ਰਿਵੈਂਜ' ਫਿਲਮ ਤੋਂ ਬਾਅਦ ਵਾਇਰਲ ਹੋਏ ਲਿਆਰੀ ਦੇ 'ਗ੍ਰੈਂਡ ਆਪਰੇਸ਼ਨ' ਵੀਡੀਓ ਦਾ ਸੱਚ ਕੀ ਹੈ, ਲਿਆਰੀ ਦੀ ਹਕੀਕਤ ਕੀ ਹੈ?

ਯੁਨੂਸ ਅਮੀਨ ਦੀ ਤਸਵੀਰ

ਤਸਵੀਰ ਸਰੋਤ, ANCC

ਤਸਵੀਰ ਕੈਪਸ਼ਨ, ਵਾਇਰਲ ਵੀਡੀਓ 'ਚ ਯੁਨੂਸ ਅਮੀਨ ਨੂੰ ਰੇਡ ਦੀ ਅਗਵਾਈ ਕਰਨ ਵਾਲੇ ਸ਼ਖਸ ਦੇ ਤੌਰ 'ਤੇ ਦਿਖਾਇਆ ਗਿਆ ਹੈ
    • ਲੇਖਕ, ਸ਼ੁਮਾਇਲਾ ਖਾਨ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਜਦੋਂ ਮਾਰਚ 2026 ਵਿੱਚ ਫ਼ਿਲਮ 'ਧੁਰੰਧਰ: ਦਿ ਰਿਵੈਂਜ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਤਾਂ ਫਿਕਸ਼ਨ (ਫਿਲਮ ਦੀ ਕਹਾਣੀ) ਨੂੰ ਅਸਲ ਜ਼ਿੰਦਗੀ ਵਿੱਚ ਆਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ।

ਇੱਕ ਵੀਡੀਓ ਆਨਲਾਈਨ ਨਜ਼ਰ ਆਉਣ ਲੱਗ ਪਈ, ਜਿਸਨੂੰ ਭਾਰਤ ਵਿੱਚ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਗਿਆ।

ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਿਆਰੀ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਭਾਰਤੀ ਜਾਸੂਸਾਂ ਨੂੰ ਫੜ੍ਹਨ ਲਈ ਇੱਕ "ਗ੍ਰੈਂਡ ਆਪ੍ਰੇਸ਼ਨ" ਚਲਾਇਆ ਹੈ।

ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਇਹ ਆਪ੍ਰੇਸ਼ਨ ਫ਼ਿਲਮ ਦੀ ਜਾਸੂਸੀ ਵਾਲੀ ਕਹਾਣੀ ਤੋਂ ਪ੍ਰੇਰਿਤ ਸੀ।

ਹਾਲਾਂਕਿ, ਬੀਬੀਸੀ ਇਸ ਵੀਡੀਓ ਦੇ ਅਸਲ ਸਰੋਤ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ।

ਇਹ ਕਲਿੱਪ ਕਾਫ਼ੀ ਨਾਟਕੀ ਲੱਗ ਰਹੀ ਸੀ। ਪੁਲਿਸ ਸੜਕ ਕਿਨਾਰੇ ਸੌਂ ਰਹੇ ਇੱਕ ਆਦਮੀ ਨੂੰ ਜਗਾਉਂਦੀ ਹੈ, ਉਸਦੀ ਜਾਂਚ ਕਰਦੀ ਹੈ ਅਤੇ ਫਿਰ ਉਸਨੂੰ ਜਾਣ ਦਿੰਦੀ ਹੈ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਲੱਗਦੀ ਹੈ।

''ਦਾਅਵੇ ਪੂਰੀ ਤਰ੍ਹਾਂ ਝੂਠੇ''

ਯੁਨੂਸ ਅਮੀਨ ਦੀ ਤਸਵੀਰ

ਤਸਵੀਰ ਸਰੋਤ, ANCC

ਤਸਵੀਰ ਕੈਪਸ਼ਨ, ਯੁਨੂਸ ਅਮੀਨ ਨੇ ਦੱਸਿਆ ਹੈ ਕਿ ਵਾਇਰਲ ਵੀਡੀਓ ਲਿਆਰੀ ਦਾ ਹੈ ਹੀ ਨਹੀਂ

ਵਾਇਰਲ ਵੀਡੀਓ ਵਿੱਚ ਸਾਫ਼ ਤੌਰ 'ਤੇ ਦਿੱਸ ਰਹੇ ਲੋਕਾਂ ਵਿੱਚੋਂ ਇੱਕ, ਜੋ ਇਸ ਰੇਡ ਨੂੰ ਲੀਡ ਕਰਦੇ ਨਜ਼ਰ ਆਉਂਦੇ ਹਨ, ਉਹ ਯੂਨੁਸ ਅਮੀਨ ਹਨ।

ਬੀਬੀਸੀ ਨੇ ਅਮੀਨ ਨਾਲ ਗੱਲ ਕੀਤੀ।

ਉਹ ਇੱਕ ਪੋਲਟਰੀ ਵਪਾਰੀ ਹਨ ਅਤੇ ਨਾਲ ਹੀ ਨਸ਼ਾ-ਵਿਰੋਧੀ ਐਨਜੀਓ ਲਈ ਵਲੰਟੀਅਰ ਵੀ ਕਰਦੇ ਹਨ। ਉਹ ਅਜਿਹੇ ਆਪ੍ਰੇਸ਼ਨਾਂ ਵਿੱਚ 'ਐਂਟੀ ਨਾਰਕੋਟਿਕਸ ਐਂਡ ਕ੍ਰਾਈਮ ਕੰਟਰੋਲ' (ਏਐਨਸੀਸੀ) ਦੇ ਆਪ੍ਰੇਸ਼ਨਲ ਡਾਇਰੈਕਟਰ ਵਜੋਂ ਨਜ਼ਰ ਆਉਂਦੇ ਹਨ।

ਇਹ ਸੰਸਥਾ ਸਮਾਜਿਕ ਜਾਗਰੂਕਤਾ ਅਤੇ ਨਸ਼ਾ ਮੁਕਤੀ 'ਤੇ ਕੰਮ ਕਰਦੀ ਹੈ। ਅਮੀਨ ਨੇ ਸਪਸ਼ਟ ਕੀਤਾ ਕਿ ਵਾਇਰਲ ਹੋ ਰਹੇ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ।

ਉਨ੍ਹਾਂ ਮੁਤਾਬਕ, ਇਸ ਵੀਡੀਓ ਦਾ ਜਾਸੂਸੀ ਜਾਂ ਲਿਆਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਬਲਕਿ ਇਹ ਨਸ਼ਾ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਣ ਲਈ ਚਲਾਏ ਜਾ ਰਹੇ ਨਿਯਮਿਤ ਆਪ੍ਰੇਸ਼ਨਾਂ ਦਾ ਹੀ ਇੱਕ ਹਿੱਸਾ ਹੈ।

ਉਨ੍ਹਾਂ ਦੱਸਿਆ, "ਅਸੀਂ ਪੰਜ ਸਾਲ ਪਹਿਲਾਂ ਪੁਲਿਸ ਦੇ ਨਾਲ ਮਿਲ ਕੇ ਇਹ ਆਪ੍ਰੇਸ਼ਨ ਸ਼ੁਰੂ ਕੀਤੇ ਸਨ, ਤਾਂ ਜੋ ਨਸ਼ਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਿਆ ਜਾ ਸਕੇ।"

ਉਨ੍ਹਾਂ ਅੱਗੇ ਕਿਹਾ ਕਿ ਇਹ ਖ਼ਾਸ ਵੀਡੀਓ ਅਸਲ ਵਿੱਚ ਹੈਦਰਾਬਾਦ ਦੀ ਹੈ, ਲਿਆਰੀ ਦੀ ਨਹੀਂ। "ਇਸਦਾ ਜਾਸੂਸਾਂ ਦੀ ਤਲਾਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਇਨ੍ਹਾਂ ਆਪ੍ਰੇਸ਼ਨਾਂ ਨੂੰ ਅਕਸਰ ਆਨਲਾਈਨ "ਗ੍ਰੈਂਡ ਆਪ੍ਰੇਸ਼ਨ" ਦਾ ਗਲਤ ਨਾਮ ਦੇ ਦਿੱਤਾ ਜਾਂਦਾ ਹੈ।

ਅਸਲ ਵਿੱਚ ਇਹ ਨਸ਼ਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਲਈ ਭੇਜਣ ਦੀ ਇੱਕ ਸ਼ਾਂਤ ਕੋਸ਼ਿਸ਼ ਦਾ ਹਿੱਸਾ ਹਨ, ਜਿਸ ਵਿੱਚ ਕਦੇ-ਕਦੇ 'ਐਧੀ ਵੈਲਫੇਅਰ ਫਾਊਂਡੇਸ਼ਨ' ਦੀ ਵੀ ਮਦਦ ਲਈ ਜਾਂਦੀ ਹੈ।

ਅਮੀਨ ਦਾ ਕਹਿਣਾ ਹੈ ਕਿ ਇਨ੍ਹਾਂ ਵੀਡੀਓਜ਼ ਦਾ ਮਕਸਦ ਜਾਗਰੂਕਤਾ ਫੈਲਾਉਣਾ ਹੈ, ਸਨਸਨੀ ਫੈਲਾਉਣਾ ਨਹੀਂ।

ਉਨ੍ਹਾਂ ਕਿਹਾ, "ਅਸੀਂ ਕੋਈ ਟਿੱਕਟੌਕਰ ਨਹੀਂ ਹਾਂ, ਲੋਕ ਸਾਡੇ ਵੀਡੀਓ ਲੈਕੇ ਉਨ੍ਹਾਂ ਨੂੰ ਬਿਨਾਂ ਕਿਸੇ ਸੰਦਰਭ ਦੇ ਵਾਇਰਲ ਕਰ ਦਿੰਦੇ ਹਨ।"

ਲਿਆਰੀ ਦੀ ਹਕੀਕਤ ਕੀ ਹੈ?

ਮੁਹੰਮਦ ਇਕਬਾਲ ਦੀ ਤਸਵੀਰ
ਤਸਵੀਰ ਕੈਪਸ਼ਨ, ਮੁਹੰਮਦ ਇਕਬਾਲ ਕਹਿੰਦੇ ਹਨ ਕਿ ਲਿਆਰੀ ਦੇ ਹਾਲਾਤ ਪਹਿਲਾਂ ਇੰਨੇ ਖ਼ਰਾਬ ਨਹੀਂ ਸਨ

ਵਾਇਰਲ ਦਾਅਵਿਆਂ ਤੋਂ ਇਲਾਵਾ, ਲਿਆਰੀ ਦੀ ਅਸਲ ਕਹਾਣੀ ਹਸਪਤਾਲਾਂ ਅਤੇ ਘਰਾਂ ਤੋਂ ਸਾਹਮਣੇ ਆ ਰਹੀ ਹੈ।

ਇੱਕ ਨਸ਼ਾ ਮੁਕਤੀ ਕੇਂਦਰ ਦੇ ਬਿਲਕੁਲ ਬਾਹਰ, ਇੱਕ ਅਧੇੜ ਉਮਰ ਦਾ ਆਦਮੀ ਇੰਤਜ਼ਾਰ ਕਰ ਰਿਹਾ ਹੈ। ਉਹ ਆਪਣੇ ਇੱਕ ਦੋਸਤ ਲਈ ਇਲਾਜ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਦੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ।

ਇੰਤਜ਼ਾਰ ਕਰ ਰਹੇ ਵਿਅਕਤੀ ਦੇ ਦੱਸਿਆ, "ਉਹ ਇੱਕ ਸਾਲ ਤੋਂ 'ਆਇਸ' (ਕ੍ਰਿਸਟਲ ਮੇਥ) ਲੈ ਰਿਹਾ ਹੈ। ਪਹਿਲਾਂ ਉਹ ਇਹ ਸਭ ਚੋਰੀ-ਛਿਪੇ ਕਰਦਾ ਸੀ, ਪਰ ਹੁਣ ਉਹ ਖੁੱਲ੍ਹੇਆਮ ਕਰਦਾ ਹੈ। ਉਹ ਰਾਤ ਨੂੰ ਸੌਂਦਾ ਨਹੀਂ ਅਤੇ ਬਾਹਰ ਚਲਾ ਜਾਂਦਾ ਹੈ। ਜਦੋਂ ਅਸੀਂ ਉਸਦਾ ਪਿੱਛਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਨਸ਼ਾ ਕਰ ਰਿਹਾ ਸੀ।"

ਕਦੇ ਚੰਗਾ ਕਮਾਈ ਕਰਨ ਵਾਲਾ, ਵਿਆਹਿਆ ਹੋਇਆ ਅਤੇ ਇੱਕ ਬੱਚੇ ਦਾ ਪਿਤਾ, ਹੁਣ ਜਦੋਂ ਆਪਣੀ ਨਸ਼ੇ ਦੀ ਲਤ ਦਾ ਖਰਚ ਨਹੀਂ ਝੱਲ ਪਾਉਂਦਾ, ਤਾਂ ਉਹ ਚੋਰੀ ਕਰਦਾ ਹੈ।

ਕੁਝ ਹੀ ਕਦਮ ਦੂਰ ਇੱਕ ਮਹਿਲਾ ਪੂਰੇ ਬੁਰਕੇ ਵਿੱਚ ਖੜ੍ਹੀ ਸੀ, ਉਨ੍ਹਾਂ ਦੀਆਂ ਸਿਰਫ਼ ਅੱਖਾਂ ਦਿੱਸ ਰਹੀਆਂ ਸਨ, ਜੋ ਚੁੱਪਚਾਪ ਉਸ ਮਹਿਲਾ ਦੀ ਕਹਾਣੀ ਸੁਣਾ ਰਹੀਆਂ ਸਨ। ਇਹ ਇੱਕ ਅਜਿਹੀ ਕਹਾਣੀ ਸੀ ਜਿਸਨੂੰ ਇਸ ਇਲਾਕੇ ਦੇ ਕਈ ਹੋਰ ਲੋਕਾਂ ਦੀ ਵੀ ਕਹਾਣੀ ਹੋਵੇਗੀ।

ਮਹਿਲਾ ਦਾ 20 ਸਾਲ ਦਾ ਪੁੱਤ, ਜੋ ਕਦੇ ਰਿਕਸ਼ਾ ਚਲਾ ਕੇ ਘਰ ਖਰਚ ਚਲਾਉਂਦਾ ਸੀ, ਹੁਣ ਆਪਣੀਆਂ ਰਾਤਾਂ ਸੜਕਾਂ 'ਤੇ ਭਟਕਦੇ ਹੋਏ ਬਿਤਾਉਂਦਾ ਹੈ।

ਮਹਿਲਾ ਨੇ ਦੱਸਿਆ, "ਉਹ ਸੌਂ ਨਹੀਂ ਪਾਉਂਦਾ ਅਤੇ ਉਸਦੇ ਕਰਕੇ ਅਸੀਂ ਵੀ ਜਾਗਦੇ ਰਹਿੰਦੇ ਹਾਂ।''

ਇਸ ਮਾਂ ਨੂੰ ਸਭ ਤੋਂ ਵੱਧ ਦਰਦ ਇਸ ਗੱਲ ਦਾ ਹੈ ਕਿ ਉਸਦਾ ਬੱਚਾ ਕਿੰਨਾ ਬਦਲ ਗਿਆ ਹੈ। "ਉਹ ਪੂਰੇ ਘਰ ਨੂੰ ਸਹਾਰਾ ਦਿੰਦਾ ਸੀ, ਪਰ ਹੁਣ ਨਸ਼ੇ ਨੇ ਉਸਨੂੰ ਬਰਬਾਦ ਕਰ ਦਿੱਤਾ ਹੈ।"

ਉਹ ਮਹਿਲਾ ਮੰਨਦੇ ਹਨ ਕਿ ਉਸਨੂੰ ਸੁਧਾਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ, "ਇਹ ਲਤ ਪਿੱਛਾ ਨਹੀਂ ਛੱਡਦੀ।"

ਆਪਣੇ ਪੁੱਤ ਨੂੰ ਦਿਨ-ਬ-ਦਿਨ ਕਮਜ਼ੋਰ ਹੁੰਦਾ ਦੇਖ ਉਹ ਕਹਿੰਦੇ ਹਨ ਕਿ "ਉਸਨੂੰ ਇਸ ਹਾਲਤ ਵਿੱਚ ਦੇਖਣਾ ਬਹੁਤ ਦਰਦਨਾਕ ਹੈ।"

ਮੁਹੰਮਦ ਇਕਬਾਲ ਵਰਗੇ ਪੁਰਾਣੇ ਬਾਸ਼ਿੰਦਿਆਂ ਲਈ ਇਹ ਬਦਲਾਅ ਇੱਕ ਪੂਰੀ ਪੀੜ੍ਹੀ ਦਾ ਬਦਲਾਅ ਲੱਗਦਾ ਹੈ।

ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ, "ਪਹਿਲਾਂ ਹਾਲਾਤ ਇੰਨੇ ਬੁਰੇ ਕਦੇ ਨਹੀਂ ਸਨ।'' ਪਰ ਅੱਜ ਉਨ੍ਹਾਂ ਨੂੰ ਹਰ ਜਗ੍ਹਾ ਨਸ਼ਾ ਹੀ ਨਸ਼ਾ ਦਿੱਸਦਾ ਹੈ। 'ਆਇਸ' ਤੋਂ ਲੈ ਕੇ ਗੁਟਖਾ ਅਤੇ 'ਮਾਵਾ' ਤੱਕ। "ਪੂਰੀਆਂ ਦੀਆਂ ਪੂਰੀਆਂ ਪੀੜ੍ਹੀਆਂ ਬਰਬਾਦ ਹੋ ਰਹੀਆਂ ਹਨ।"

ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਗੈਂਗਵਾਰ ਖਤਮ ਹੋਣ ਤੋਂ ਬਾਅਦ ਵੀ ਨਸ਼ੀਲੇ ਪਦਾਰਥ ਇੰਨੀ ਆਸਾਨੀ ਨਾਲ ਕਿਵੇਂ ਮਿਲ ਰਹੇ ਹਨ।

ਗੈਂਗਸ ਤੋਂ ਬਾਅਦ: ਇੱਕ ਨਵੀਂ ਚੁਣੌਤੀ

ਡਰੱਗ ਫਰੀ ਪਾਕਿਸਤਾਨ ਦੇ ਪੋਸਟਰ ਦੀ ਤਸਵੀਰ
ਤਸਵੀਰ ਕੈਪਸ਼ਨ, ਲਿਆਰੀ ਦੇ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਅੱਜ ਦੀਆਂ ਚੁਣੌਤੀਆਂ ਕਿਤੇ ਵੱਧ ਗੁੰਝਲਦਾਰ ਹਨ।

ਇੱਕ ਸਮਾਂ ਸੀ ਜਦੋਂ ਲਿਆਰੀ ਦੀਆਂ ਸਮੱਸਿਆਵਾਂ ਸਪਸ਼ਟ ਸਨ, ਗੈਂਗਸ, ਇਲਾਕੇ 'ਤੇ ਕਬਜ਼ੇ ਦੀਆਂ ਲੜਾਈਆਂ ਅਤੇ ਹਥਿਆਰਾਂ ਵਾਲੀਆਂ ਹਿੰਸਕ ਝੜਪਾਂ। ਉਹ ਦੌਰ ਹੁਣ ਕਾਫ਼ੀ ਹੱਦ ਤੱਕ ਲੰਘ ਚੁੱਕਾ ਹੈ, ਪਰ ਉਸ ਦੌਰ ਨੂੰ ਜਿਉਣ ਵਾਲੇ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਅੱਜ ਦੀਆਂ ਚੁਣੌਤੀਆਂ ਕਿਤੇ ਵੱਧ ਗੁੰਝਲਦਾਰ ਹਨ।

ਇੰਸਪੈਕਟਰ ਮੁਨਵਰ ਹੁਸੈਨ, ਚੌਧਰੀ ਅਸਲਮ ਦੀ 'ਲਿਆਰੀ ਟਾਸਕ ਫੋਰਸ' ਵਿੱਚ ਕੰਮ ਕਰ ਚੁੱਕੇ ਹਨ। ਉਹ ਇਸ ਇਲਾਕੇ ਵਿੱਚ ਨਸ਼ੇ ਦੀ ਲਤ ਦੇ ਵਧਦੇ ਰੁਝਾਨ ਅਤੇ ਉਸਦੇ ਬਦਲਦੇ ਰੂਪ 'ਤੇ ਰੌਸ਼ਨੀ ਪਾਉਂਦੇ ਹਨ।

ਉਹ ਕਹਿੰਦੇ ਹਨ, "ਪਹਿਲਾਂ ਅਫੀਮ ਮੁੱਖ ਨਸ਼ਾ ਹੁੰਦਾ ਸੀ, ਪਰ ਹੁਣ ਲੋਕ 'ਆਇਸ' ਅਤੇ 'ਕ੍ਰਿਸਟਲ ਮੇਥ' ਦਾ ਇਸਤੇਮਾਲ ਕਰਦੇ ਹਨ। ਕਿਉਂਕਿ ਨਸ਼ੇ ਦੇ ਵੱਡੇ-ਵੱਡੇ ਅੱਡੇ ਹੁਣ ਖ਼ਤਮ ਕਰ ਦਿੱਤੇ ਗਏ ਹਨ, ਇਸ ਲਈ ਹੁਣ ਇਹ ਸਮੱਸਿਆ ਛੋਟੇ ਪੱਧਰ 'ਤੇ ਫੈਲ ਗਈ ਹੈ।"

ਪੱਤਰਕਾਰ ਸੁਲਤਾਨ ਮੰਧਰੋ ਅੱਗੇ ਦੀ ਗੱਲ ਜੋੜਦਿਆਂ ਕਹਿੰਦੇ ਹਨ ਕਿ ਜੇ ਕੋਈ ਚੀਜ਼ ਨਜ਼ਰ ਆਉਣੀ ਬੰਦ ਹੋ ਗਈ ਹੈ, ਇਸਦਾ ਮਤਲਬ ਇਹ ਨਹੀਂ ਕਿ ਉਹ ਖ਼ਤਮ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ "2005 ਤੋਂ 2013 ਤੱਕ ਲਿਆਰੀ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਲਈ ਇੱਕ ਜੰਨਤ ਵਰਗਾ ਸੀ। ਜਿਸ ਤਰ੍ਹਾਂ ਅੱਜ ਪਾਨ ਦੇ ਖੋਖੇ ਅਤੇ ਸਟਾਲਾਂ ਹਨ, ਉਸੇ ਤਰ੍ਹਾਂ ਉਸ ਸਮੇਂ ਨਸ਼ੀਲੇ ਪਦਾਰਥ ਵੀ ਖੁੱਲ੍ਹੇਆਮ ਵੇਚੇ ਜਾਂਦੇ ਸਨ। ਹੁਣ ਇਨ੍ਹਾਂ ਦੀ ਵਿਕਰੀ ਵੱਖ-ਵੱਖ ਤਰੀਕਿਆਂ ਨਾਲ ਚੋਰੀ-ਛਿਪੇ ਕੀਤੀ ਜਾਂਦੀ ਹੈ ਅਤੇ ਹਾਲੀਆ ਸਾਲਾਂ ਵਿੱਚ ਮਹਿਲਾਵਾਂ ਨੂੰ ਵੀ ਨਸ਼ੀਲੇ ਪਦਾਰਥ ਵੇਚਦੇ ਹੋਏ ਫੜ੍ਹਿਆ ਗਿਆ ਹੈ, ਜਿਸਦਾ ਜ਼ਿਕਰ ਪੁਲਿਸ ਰਿਕਾਰਡ ਵਿੱਚ ਵੀ ਦਰਜ ਹੈ।"

ਇਲਾਜ ਅਤੇ ਬਦਲਾਅ ਦੇ ਸੰਕੇਤ

ਨਸ਼ਾ ਛੁਡਾਊ ਕੇਂਦਰ ਦੀ ਤਸਵੀਰ
ਤਸਵੀਰ ਕੈਪਸ਼ਨ, 'ਬੇਨਜ਼ੀਰ ਸ਼ਹੀਦ ਏਐਨਐਫ ਮਾਡਲ ਐਡਿਕਸ਼ਨ ਟ੍ਰੀਟਮੈਂਟ ਐਂਡ ਰੀਹੈਬਲਿਟੇਸ਼ਨ ਸੈਂਟਰ' 2010 'ਚ 100 ਬਿਸਤਰਿਆਂ ਨਾਲ ਸ਼ੁਰੂ ਹੋਇਆ ਸੀ

ਸਾਰੀਆਂ ਚੁਣੌਤੀਆਂ ਦੇ ਵਿਚਕਾਰ ਇਸ ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਲਿਆਰੀ, ਜਿੱਥੇ ਦਸ ਲੱਖ ਤੋਂ ਵੱਧ ਲੋਕ ਰਹਿੰਦੇ ਹਨ, ਵਿੱਚ ਛੇ ਤੋਂ ਅੱਠ ਰੀਹੈਬਿਲਿਟੇਸ਼ਨ ਸੈਂਟਰ ਹਨ, ਜਿਨ੍ਹਾਂ ਵਿੱਚੋਂ ਕੁਝ ਵੱਡੇ ਹਨ ਅਤੇ ਕੁਝ ਛੋਟੇ। ਇਹ ਨਸ਼ਾ ਮੁਕਤੀ ਕੇਂਦਰ (ਰੀਹੈਬਿਲਿਟੇਸ਼ਨ ਸੈਂਟਰ) ਨਾ ਸਿਰਫ਼ ਇਸ ਇਲਾਕੇ ਦੇ ਲੋਕਾਂ ਦੀ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਵੀ ਮਦਦਗਾਰ ਹਨ।

ਇਨ੍ਹਾਂ ਵਿੱਚੋਂ ਇੱਕ ਹੈ 'ਬੇਨਜ਼ੀਰ ਸ਼ਹੀਦ ਏਐਨਐਫ ਮਾਡਲ ਐਡਿਕਸ਼ਨ ਟ੍ਰੀਟਮੈਂਟ ਐਂਡ ਰੀਹੈਬਿਲਿਟੇਸ਼ਨ ਸੈਂਟਰ', ਜੋ ਐਂਟੀ ਨਾਰਕੋਟਿਕਸ ਫੋਰਸ ਅਤੇ ਸਿੰਧ ਸਰਕਾਰ ਦੀ ਸਾਂਝੀ ਦੇਖਰੇਖ ਹੇਠ ਚੱਲਦਾ ਹੈ।

ਇਹ ਕੇਂਦਰ ਸਾਲ 2010 ਵਿੱਚ 100 ਬੈਡਾਂ ਦੇ ਨਾਲ ਸ਼ੁਰੂ ਹੋਇਆ ਸੀ ਅਤੇ ਇੱਥੇ ਪੁਰਸ਼ਾਂ, ਮਹਿਲਾਵਾਂ ਅਤੇ ਨੌਜਵਾਨਾਂ - ਸਭ ਦਾ ਇਲਾਜ ਹੁੰਦਾ ਹੈ। ਇੱਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਹਾਲਾਤ ਵਿੱਚ ਕਾਫ਼ੀ ਸੁਧਾਰ ਆਇਆ ਹੈ, ਹਾਲਾਂਕਿ ਚੁਣੌਤੀਆਂ ਅਜੇ ਵੀ ਬਰਕਰਾਰ ਹਨ।

ਡਾਕਟਰ ਮੁਹੰਮਦ ਅਲੀ, ਜੋ ਇਸ ਕੇਂਦਰ ਦੀ ਸ਼ੁਰੂਆਤ ਤੋਂ ਹੀ ਇੱਥੇ ਕੰਮ ਕਰਦੇ ਆ ਰਹੇ ਹਨ, ਇਸ ਬਦਲਾਅ ਬਾਰੇ ਕਾਫ਼ੀ ਸੋਚ-ਸਮਝ ਕੇ ਗੱਲ ਕਰਦੇ ਹਨ। ਉਹ ਕਹਿੰਦੇ ਹਨ, "ਹੁਣ ਹਾਲਾਤ ਵਿੱਚ ਕਾਫ਼ੀ ਸੁਧਾਰ ਆਇਆ ਹੈ।''

''ਪਹਿਲਾਂ, ਇੱਕ ਦਿਨ ਵਿੱਚ ਹੀ 50 ਤੋਂ 60 ਮਰੀਜ਼ ਆਉਂਦੇ ਸਨ। ਹੁਣ, ਪੂਰੇ ਹਫ਼ਤੇ ਵਿੱਚ ਸਿਰਫ਼ 10 ਤੋਂ 15 ਮਰੀਜ਼ ਹੀ ਲਿਆਂਦੇ ਜਾਂਦੇ ਹਨ।"

ਉਹ ਦੱਸਦੇ ਹਨ ਕਿ ਹਾਲਾਂਕਿ ਸੁਧਾਰ ਸਪਸ਼ਟ ਨਜ਼ਰ ਆ ਰਿਹਾ ਹੈ, ਪਰ ਇਸਦਾ ਇਹ ਮਤਲਬ ਨਹੀਂ ਕਿ ਇਹ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਗਈ ਹੈ।

ਅਕਸ ਦਾ ਬੋਝ

ਲਿਆਰੀ 'ਚ ਫੁੱਟਬਾਲ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ
ਤਸਵੀਰ ਕੈਪਸ਼ਨ, ਲਿਆਰੀ 'ਚ ਫੁੱਟਬਾਲ ਦਾ ਜ਼ਬਰਦਸਤ ਕ੍ਰੇਜ਼ ਹੈ

ਜੇਕਰ ਨਸ਼ੀਲੇ ਪਦਾਰਥਾਂ ਨਾਲ ਲੜਨਾ ਇੱਕ ਜੰਗ ਹੈ, ਤਾਂ ਲੋਕਾਂ ਦੀ ਸੋਚ ਨੂੰ ਬਦਲਣਾ ਦੂਜੀ ਜੰਗ ਹੈ। ਦਹਾਕਿਆਂ ਤੋਂ, ਲਿਆਰੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹਿੰਸਾ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਰਿਹਾ ਹੈ।

ਇੱਥੋਂ ਦੇ ਕਈ ਲੋਕਾਂ ਦਾ ਮੰਨਣਾ ਹੈ ਕਿ 'ਧੁਰੰਧਰ: ਦਿ ਰਿਵੈਂਜ' ਵਰਗੀਆਂ ਫ਼ਿਲਮਾਂ ਹਿੰਸਾ ਅਤੇ ਕਾਨੂੰਨ-ਵਿਵਸਥਾ ਦੀ ਘਾਟ ਵਾਲੇ ਉਸ ਪੁਰਾਣੇ ਅਕਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

ਅਬਦੁਲ ਸਾਮੀ, ਜਿਨ੍ਹਾਂ ਦਾ ਪਰਿਵਾਰ ਇੱਥੇ ਕਈ ਪੀੜ੍ਹੀਆਂ ਤੋਂ ਰਹਿ ਰਿਹਾ ਹੈ, ਇਸ ਤਰ੍ਹਾਂ ਦੇ ਚਿੱਤਰਣ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਦੇ ਹਨ।

ਉਹ ਕਹਿੰਦੇ ਹਨ, "ਫ਼ਿਲਮ ਵਿੱਚ ਜੋ ਦਿਖਾਇਆ ਗਿਆ ਹੈ ਕਿ ਅੱਤਵਾਦੀ ਸਰੇਆਮ ਹਥਿਆਰ ਲੈ ਕੇ ਘੁੰਮਦੇ ਹਨ, ਜਿਵੇਂ ਕਿ ਇੱਥੇ ਸਰਕਾਰ ਦਾ ਕੋਈ ਰਾਜ ਹੀ ਨਾ ਹੋਵੇ, ਅਸਲ ਵਿੱਚ ਅਜਿਹਾ ਬਿਲਕੁਲ ਨਹੀਂ ਸੀ। ਇਹ ਕੋਈ ਬਿਨਾਂ ਕਾਨੂੰਨ ਵਾਲਾ ਜੰਗਲ ਨਹੀਂ ਸੀ।"

ਕੁਝ ਲੋਕ ਤਾਂ ਲਿਆਰੀ ਦੀ ਇੱਕ ਬਿਲਕੁਲ ਹੀ ਵੱਖਰੀ ਪਛਾਣ ਬਾਰੇ ਦੱਸਦੇ ਹਨ।

ਸਮਾਜਿਕ ਕਾਰਕੁਨ ਦਾਨਿਸ਼ ਸੂਮਰੋ ਕਹਿੰਦੇ ਹਨ, "ਲਿਆਰੀ ਦੁਨੀਆ ਭਰ ਵਿੱਚ ਆਪਣੀਆਂ ਖੇਡਾਂ ਕਰਕੇ ਮਸ਼ਹੂਰ ਹੈ। ਇਸਨੂੰ 'ਮਿਨੀ ਬ੍ਰਾਜ਼ੀਲ' ਵੀ ਕਿਹਾ ਜਾਂਦਾ ਹੈ। ਲਿਆਰੀ ਦੀ ਅਸਲ ਪਛਾਣ ਫੁੱਟਬਾਲ ਹੈ, ਨਾ ਕਿ 'ਧੁਰੰਧਰ' ਵਰਗੀਆਂ ਫ਼ਿਲਮਾਂ।"

ਫਿਰ ਵੀ, ਇਸ ਦੇ ਪਿੱਛੇ ਇੱਕ ਅਜਿਹੀ ਆਲੋਚਨਾ ਲੁਕੀ ਹੋਈ ਹੈ ਜੋ ਰਿਪ੍ਰੈਜੇਂਟੇਸ਼ਨ ਨੂੰ ਇਕਨੌਮਿਕਸ ਵਿੱਚ ਬਦਲ ਦਿੰਦੀ ਹੈ।

ਸਮਾਜਿਕ ਕਾਰਕੁਨ ਮੁਹੰਮਦ ਹਾਸ਼ਿਮ ਕਹਿੰਦੇ ਹਨ, "ਇਹ ਫ਼ਿਲਮਾਂ 'ਧੁਰੰਧਰ 1' ਅਤੇ 'ਧੁਰੰਧਰ 2' ਭਾਰਤੀ ਫ਼ਿਲਮਾਂ ਹਨ।''

"ਪਾਕਿਸਤਾਨ ਵਿਰੋਧੀ ਫ਼ਿਲਮਾਂ ਉੱਥੇ ਖੂਬ ਚਲਦੀਆਂ ਹਨ। ਸਾਡੇ ਲਈ, ਇਹ ਕਾਮੇਡੀ ਫ਼ਿਲਮਾਂ ਹਨ। ਅਸਲ ਗੱਲ ਇਹ ਹੈ ਕਿ ਉਨ੍ਹਾਂ ਨੇ ਬਹੁਤ ਵਧੀਆ ਬਿਜ਼ਨਸ ਕੀਤਾ ਹੈ, ਇਸ ਲਈ ਹੁਣ ਜਦੋਂ ਉਨ੍ਹਾਂ ਨੇ ਲਿਆਰੀ ਦੇ ਨਾਮ 'ਤੇ ਇੰਨਾ ਕਮਾਇਆ ਹੈ, ਤਾਂ ਉਨ੍ਹਾਂ ਨੂੰ ਸਾਨੂੰ ਵੀ ਉਸਦਾ ਕੁਝ ਹਿੱਸਾ ਦੇਣਾ ਚਾਹੀਦਾ ਹੈ। ਅਸੀਂ ਉਸਦੇ ਕੁਝ ਹਿੱਸੇ ਦੇ ਹੱਕਦਾਰ ਹਾਂ।"

ਇੱਕ ਨੌਜਵਾਨ ਵਸਨੀਕ, ਮੁਹੰਮਦ ਇਰਫ਼ਾਨ ਨੇ ਤਾਂ ਹੋਰ ਵੀ ਤਿੱਖੇ ਸ਼ਬਦਾਂ ਵਿੱਚ ਕਿਹਾ, "ਜਿਵੇਂ ਤੁਸੀਂ ਫ਼ਿਲਮ ਵਿੱਚ ਲਿਆਰੀ ਦਿਖਾਇਆ ਹੈ, ਉਹੋ-ਜਿਹਾ ਲਿਆਰੀ ਸਾਡੇ ਲਈ ਬਣਾ ਕੇ ਦਿਖਾਓ।" ਉਹ ਫ਼ਿਲਮ ਵਿੱਚ ਦਿਖਾਏ ਗਏ ਵਧੇਰੇ ਸਾਫ਼-ਸੁਥਰੇ ਅਤੇ ਵਧੇਰੇ ਵਿਕਸਿਤ ਲਿਆਰੀ ਵੱਲ ਇਸ਼ਾਰਾ ਕਰ ਰਿਹਾ ਸੀ।

ਅੱਜ ਲਿਆਰੀ ਰਹਿਣ ਦੇ ਹਿਸਾਬ ਨਾਲ ਕੋਈ ਸੌਖੀ ਥਾਂ ਨਹੀਂ ਹੈ। ਇੱਥੇ ਗਰੀਬੀ ਬਹੁਤ ਜ਼ਿਆਦਾ ਹੈ, ਬੁਨਿਆਦੀ ਢਾਂਚਾ ਕਮਜ਼ੋਰ ਹੈ ਅਤੇ ਜ਼ਰੂਰੀ ਸੇਵਾਵਾਂ ਅਕਸਰ ਭਰੋਸੇਯੋਗ ਨਹੀਂ ਹੁੰਦੀਆਂ।

ਅਤੀਤ ਦੇ ਪਰਛਾਵੇਂ ਅਜੇ ਵੀ ਇੱਥੇ ਮੌਜੂਦ ਹਨ, ਗੈਂਗ ਹਿੰਸਾ ਤੋਂ ਲੈ ਕੇ ਸਾਲਾਂ ਦੀ ਅਣਦੇਖੀ ਤੱਕ, ਪਰ ਹਕੀਕਤ ਇਸ ਤੋਂ ਬਹੁਤ ਜ਼ਿਆਦਾ ਗੁੰਝਲਦਾਰ ਹੈ - ਜੋ ਗਲਤ ਜਾਣਕਾਰੀਆਂ, ਪੁਰਾਣੇ ਦਾਗ਼ ਅਤੇ ਆਪਣੇ ਆਪ ਨੂੰ ਨਵੇਂ ਸਿਰਿਓਂ ਸਿਰਜਣ ਦੀ ਕੋਸ਼ਿਸ਼ ਕਰ ਰਹੇ ਇੱਕ ਸਮੁਦਾਇ ਦੇ ਵਿਚਕਾਰ ਫਸੀ ਹੋਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)