ਭਾਰਤ ਦੇ ਕਈ ਇਲਾਕਿਆਂ ਵਿੱਚੋਂ ਕਿਉਂ ਗਾਇਬ ਹੋਏ ਬੱਦਲ, ਕੀ ਹੁੰਦਾ ਹੈ 'ਮਾਨਸੂਨ ਬ੍ਰੇਕ' ਅਤੇ ਕਦੋਂ ਪਵੇਗਾ ਮੀਂਹ?

ਤਸਵੀਰ ਸਰੋਤ, AFP via Getty Images
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਇੱਕ ਪਾਸੇ ਭਾਰਤ ਦੇ ਕਈ ਸੂਬਿਆਂ ਵਿੱਚ ਮਾਨਸੂਨ ਦੀ ਭਾਰੀ ਬਰਸਾਤ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬੇਹਾਲ ਹੈ ਤਾਂ ਦੂਜੇ ਪਾਸੇ ਮੌਸਮ ਮਾਹਰਾਂ ਅਨੁਸਾਰ ਪੱਛਮ-ਉੱਤਰ ਅਤੇ ਮੱਧ ਭਾਰਤ ਵਿੱਚ 'ਮਾਨਸੂਨ ਬ੍ਰੇਕ' ਕਾਰਨ ਕਈ ਦਿਨਾਂ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।
ਮੌਸਮ ਵਿੱਚ ਆਏ ਇਸ ਅਚਾਨਕ ਬਦਲਾਅ 'ਤੇ ਮਾਹਿਰ ਚਿੰਤਾ ਜ਼ਾਹਰ ਕਰ ਰਹੇ ਹਨ। ਖ਼ਾਸ ਕਰਕੇ ਅਜਿਹੇ ਸਮੇਂ ਜਦੋਂ ਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਪਹਿਲਾਂ ਹੀ ਔਸਤ ਨਾਲੋਂ ਕਾਫ਼ੀ ਘੱਟ ਹੋਈ ਹੈ।
ਮੌਸਮ ਵਿਭਾਗ ਨੇ ਵੀ ਸ਼ਨੀਵਾਰ ਨੂੰ ਦੱਸਿਆ ਕਿ ਅਗਲੇ 6-7 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ, ਪੱਛਮ-ਮੱਧ ਭਾਰਤ ਅਤੇ ਦੱਖਣੀ ਪ੍ਰਾਇਦੀਪੀ ਭਾਰਤ ਵਿੱਚ ਬਾਰਿਸ਼ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।
ਮਾਨਸੂਨ ਦੇ ਮੌਸਮ ਵਿੱਚ ਇਸ ਤਰ੍ਹਾਂ ਦਾ ਬਦਲਾਅ ਕਿੰਨੀ ਗੰਭੀਰ ਘਟਨਾ ਹੈ ਅਤੇ ਇਸ ਦਾ ਕੀ ਅਸਰ ਪੈ ਸਕਦਾ ਹੈ, ਇਸ ਖ਼ਬਰ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ।
ਇੱਕ ਗ਼ੈਰ-ਸਰਕਾਰੀ ਸੰਸਥਾ 'ਲਾਈਵ ਵੇਦਰ ਆਫ਼ ਇੰਡੀਆ' ਦੇ ਸੰਸਥਾਪਕ ਨਵਦੀਪ ਦਹੀਆ ਨੇ ਐਕਸ 'ਤੇ ਲਿਖਿਆ, "ਜੁਲਾਈ ਦੇ ਦੂਜੇ ਹਫ਼ਤੇ ਦੀਆਂ ਸੈਟੇਲਾਈਟ ਤਸਵੀਰਾਂ ਬੇਹੰਦ ਚਿੰਤਾਜਨਕ ਸਥਿਤੀ ਦਿਖਾ ਰਹੀਆਂ ਹਨ।"
"ਪੱਛਮੀ ਘਾਟ ਤੋਂ ਲੈ ਕੇ ਦੇਸ਼ ਦੇ ਅੰਦਰੂਨੀ ਹਿੱਸਿਆਂ ਦੇ ਮੁੱਖ ਮਾਨਸੂਨੀ ਖੇਤਰਾਂ ਤੱਕ ਲਗਭਗ ਕਿਤੇ ਵੀ ਮੀਂਹ ਦੇ ਸੰਕੇਤ ਨਹੀਂ ਹਨ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ, ਦੋਵਾਂ ਵਿੱਚ ਬੱਦਲਾਂ ਦੀ ਮੌਜੂਦਗੀ ਬੇਹੰਦ ਘੱਟ ਹੈ। ਸਥਿਤੀ 12 ਜੁਲਾਈ ਦੀ ਬਜਾਏ 12 ਅਪ੍ਰੈਲ ਦੀ ਸਵੇਰ ਵਰਗੀ ਦਿਖਾਈ ਦੇ ਰਹੀ ਹੈ।"
ਉਨ੍ਹਾਂ ਦੇ ਅਨੁਸਾਰ, "18 ਜੁਲਾਈ ਤੋਂ ਪਹਿਲਾਂ ਮਾਨਸੂਨ ਦੀ ਸਥਿਤੀ ਵਿੱਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ।"
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਦਿੱਲੀ ਐੱਨਸੀਆਰ ਅਤੇ ਦੇਸ਼ ਦੇ ਕਈ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਆਉਣ ਵਾਲੇ ਦਿਨਾਂ ਵਿੱਚ ਘੱਟ ਹੋਣ ਦੀ ਸੰਭਾਵਨਾ ਹੈ।
ਦਰਅਸਲ ਮੌਸਮ ਵਿੱਚ ਇਹ ਬਦਲਾਅ ਮਾਨਸੂਨ ਬ੍ਰੇਕ ਕਾਰਨ ਹੋ ਰਿਹਾ ਹੈ। ਹਾਲਾਂਕਿ ਇਹ ਇੱਕ ਆਮ ਘਟਨਾ ਹੈ ਪਰ ਇਸ ਸਾਲ ਇਹ ਅਸਾਧਾਰਨ ਹੈ।
ਮੌਸਮ ਵਿੱਚ ਬਦਲਾਅ ਕਿੰਨੀ ਵੱਡੀ ਘਟਨਾ

ਤਸਵੀਰ ਸਰੋਤ, IMD
ਸਕਾਈਮੈਟ ਵੇਦਰ ਦੇ ਮੁਖੀ ਅਤੇ ਮੌਸਮ ਮਾਹਰ ਮਹੇਸ਼ ਪਹਿਲਾਵਤ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਹੈ ਕਿ ਪੱਛਮ-ਉੱਤਰ ਅਤੇ ਮੱਧ ਭਾਰਤ ਵਿੱਚ 19-20 ਜੁਲਾਈ ਤੱਕ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਕਾਰਨ ਦਿੱਲੀ ਐੱਨਸੀਆਰ ਸਮੇਤ ਕਈ ਇਲਾਕਿਆਂ ਵਿੱਚ ਬਾਰਿਸ਼ ਬੁਰੀ ਤਰ੍ਹਾਂ ਪ੍ਰਭਾਵਿਤ ਰਹੇਗੀ, ਨਾਲ ਹੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦਾ ਤਾਪਮਾਨ 37-38 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।
ਮਹੇਸ਼ ਪਹਿਲਾਵਤ ਕਹਿੰਦੇ ਹਨ, "ਮਾਨਸੂਨ ਬ੍ਰੇਕ ਜੁਲਾਈ ਅਤੇ ਅਗਸਤ ਵਿੱਚ ਇੱਕ-ਦੋ ਵਾਰ ਹੁੰਦਾ ਹੀ ਹੈ। ਪਿਛਲੇ ਕੁਝ ਸਾਲਾਂ ਤੋਂ ਪੂਰਾ ਮਾਨਸੂਨ ਬ੍ਰੇਕ ਨਹੀਂ ਹੋ ਰਿਹਾ ਹੈ। ਅਜੇ ਉੱਤਰ-ਪੱਛਮ ਅਤੇ ਮੱਧ ਭਾਰਤ ਵਿੱਚ ਸੋਕਾ ਹੈ ਪਰ ਪੂਰਬੀ ਭਾਰਤ ਵਿੱਚ ਬਾਰਿਸ਼ ਹੋ ਰਹੀ ਹੈ।"
ਦਰਅਸਲ, ਇਹ ਖ਼ਰੀਫ਼ ਦਾ ਸੀਜ਼ਨ ਹੈ ਅਤੇ ਜ਼ਿਆਦਾਤਰ ਖੇਤੀ ਮਾਨਸੂਨ ਦੇ ਮੀਂਹ 'ਤੇ ਨਿਰਭਰ ਰਹਿੰਦੀ ਹੈ। ਇਸ ਲਈ ਕਿਸਾਨਾਂ ਦੀ ਚਿੰਤਾ ਵੀ ਵਧ ਰਹੀ ਹੈ।
ਹਾਲਾਂਕਿ ਮਹੇਸ਼ ਪਹਿਲਾਵਤ ਦਾ ਕਹਿਣਾ ਹੈ ਕਿ ਮਾਨਸੂਨ ਦੇ ਫਿਰ ਤੋਂ ਸਰਗਰਮ ਹੋਣ ਤੋਂ ਬਾਅਦ ਹੀ ਇਨ੍ਹਾਂ ਇਲਾਕਿਆਂ ਵਿੱਚ ਫਿਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਦੇ ਅਨੁਸਾਰ, "ਇਸ ਸਥਿਤੀ ਵਿੱਚ ਪਹਾੜਾਂ ਦੇ ਹੇਠਲੇ ਇਲਾਕਿਆਂ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਹੈ, ਪਰ ਮੱਧ ਅਤੇ ਪੱਛਮ ਭਾਰਤ ਵਿੱਚ ਮੌਸਮ ਲਗਭਗ ਪੂਰੀ ਤਰ੍ਹਾਂ ਖੁਸ਼ਕ ਹੋ ਜਾਂਦਾ ਹੈ। ਇਸ ਦੌਰਾਨ ਨਮੀ (ਹਿਊਮਿਡਿਟੀ) ਘੱਟ ਹੋ ਜਾਂਦੀ ਹੈ। ਬਾਰਿਸ਼ ਰੁਕ ਜਾਂਦੀ ਹੈ ਅਤੇ ਅਸਮਾਨ ਤਕਰੀਬਨ ਸਾਫ਼ ਹੋ ਜਾਂਦਾ ਹੈ ਕਿਉਂਕਿ ਨਮੀ ਨਹੀਂ ਰਹਿੰਦੀ।"
"ਜਦੋਂ ਇਹ ਮਾਨਸੂਨ ਦੱਖਣ ਵੱਲ ਆਵੇਗਾ, ਜੋ ਕਿ 19-20 ਜੁਲਾਈ ਦੇ ਆਸ-ਪਾਸ ਹੋ ਸਕਦਾ ਹੈ, ਉਦੋਂ ਇਨ੍ਹਾਂ ਇਲਾਕਿਆਂ ਵਿੱਚ ਫਿਰ ਤੋਂ ਬਰਸਾਤ ਸ਼ੁਰੂ ਹੋ ਸਕਦੀ ਹੈ।"
ਕਿੰਨੀ ਵੱਡੀ ਚਿੰਤਾ

ਤਸਵੀਰ ਸਰੋਤ, Firdous Nazir/NurPhoto via Getty Images
ਮਾਨਸੂਨ ਬ੍ਰੇਕ ਕਾਰਨ ਕਈ ਲੋਕ ਚਿੰਤਾ ਵੀ ਜ਼ਾਹਰ ਕਰਨ ਲੱਗੇ ਹਨ।
ਟੀਐੱਮਸੀ ਦੀ ਰਾਜਸਭਾ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ, "ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਜੁਲਾਈ ਵਿੱਚ ਕਮਜ਼ੋਰ ਮਾਨਸੂਨ ਕਾਰਨ ਖੇਤੀ, ਪਾਣੀ ਦੀ ਸੁਰੱਖਿਆ ਅਤੇ ਪਿੰਡਾਂ ਵਿੱਚ ਲੋਕਾਂ ਦੀ ਰੋਜ਼ੀ-ਰੋਟੀ 'ਤੇ ਖ਼ਤਰਾ ਮੰਡਰਾ ਰਿਹਾ ਹੈ। ਕੀ ਮੋਦੀ ਸਰਕਾਰ ਕੋਲ ਕੋਈ ਯੋਜਨਾ ਹੈ? ਮੈਂ ਸੰਸਦ ਵਿੱਚ ਇਹ ਮੁੱਦਾ ਉਠਾਵਾਂਗੀ।"
ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਹ 13 ਅਗਸਤ ਤੱਕ ਚੱਲੇਗਾ। ਹਾਲਾਂਕਿ ਉਦੋਂ ਤੱਕ ਮਾਨਸੂਨੀ ਬਰਸਾਤ ਫਿਰ ਤੋਂ ਸ਼ੁਰੂ ਹੋ ਸਕਦੀ ਹੈ। ਪਰ ਜੇਕਰ ਅਜਿਹਾ ਨਹੀਂ ਹੋਇਆ ਤਾਂ ਸੰਸਦ ਵਿੱਚ ਇਹ ਮੁੱਦਾ ਉੱਠ ਸਕਦਾ ਹੈ।
ਭਾਰਤ ਵਿੱਚ ਇਸ ਸਾਲ ਜੂਨ ਮਹੀਨੇ ਵਿੱਚ ਔਸਤ ਨਾਲੋਂ ਕਰੀਬ 40 ਫ਼ੀਸਦੀ ਘੱਟ ਮੀਂਹ ਪਿਆ, ਹਾਲਾਂਕਿ ਉਸ ਤੋਂ ਬਾਅਦ 9 ਜੁਲਾਈ ਤੱਕ ਦੇਸ਼ ਵਿੱਚ ਚੰਗੀ ਬਾਰਿਸ਼ ਹੋਈ ਹੈ।
ਇਸ ਤਰ੍ਹਾਂ 9 ਜੁਲਾਈ ਤੱਕ ਮੀਂਹ ਦੀ ਔਸਤ ਕਮੀ ਸਿਰਫ਼ 12 ਫ਼ੀਸਦੀ ਹੀ ਰਹਿ ਗਈ। ਪਰ ਮਾਨਸੂਨ ਬ੍ਰੇਕ ਕਾਰਨ ਬਾਰਿਸ਼ ਦੀ ਕਮੀ ਫਿਰ ਤੋਂ ਕਾਫ਼ੀ ਚਿੰਤਾਜਨਕ ਸਥਿਤੀ ਤੱਕ ਪਹੁੰਚ ਸਕਦੀ ਹੈ।

ਮਹੇਸ਼ ਪਹਿਲਾਵਤ ਕਹਿੰਦੇ ਹਨ, "ਮਾਨਸੂਨ ਬ੍ਰੇਕ ਹਰ ਵਾਰ ਹੁੰਦਾ ਹੈ ਪਰ ਇਸ ਵਾਰ ਅਲ ਨੀਨੋ ਦਾ ਅਸਰ ਹੈ। ਮਾਨਸੂਨ ਉਂਝ ਹੀ ਕਮਜ਼ੋਰ ਹੈ ਅਤੇ ਇਹ ਲੰਬਾ ਬ੍ਰੇਕ ਹੈ। ਮਾਨਸੂਨ ਬ੍ਰੇਕ ਇੰਨਾ ਲੰਬਾ ਨਹੀਂ ਹੁੰਦਾ ਹੈ।
"ਬਾਰਿਸ਼ 4-5 ਦਿਨ ਉਪਰਲੇ ਇਲਾਕਿਆਂ ਵੱਲ ਸ਼ਿਫਟ ਹੁੰਦੀ ਹੈ, ਫਿਰ ਹੇਠਾਂ ਆ ਜਾਂਦੀ ਹੈ। ਪਰ ਇਸ ਵਾਰ ਇਹ ਦਸ ਦਿਨਾਂ ਦਾ ਰਹੇਗਾ ਤਾਂ ਲੰਬਾ ਬ੍ਰੇਕ ਹੋ ਜਾਵੇਗਾ। ਇੰਨਾ ਨਹੀਂ ਹੋਣਾ ਚਾਹੀਦਾ।"
ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਮਾਨਸੂਨੀ ਬਰਸਾਤ ਦਾ ਅੰਕੜਾ ਹੋਰ ਕਮਜ਼ੋਰ ਹੋ ਜਾਵੇਗਾ।
ਅਲ ਨੀਨੋ ਮੌਸਮ ਨਾਲ ਸਬੰਧਤ ਇੱਕ ਕੁਦਰਤੀ ਅਤੇ ਗੁੰਝਲਦਾਰ ਘਟਨਾ ਹੈ। ਇਹ ਮੱਧ ਅਤੇ ਪੂਰਵੀ ਪ੍ਰਸ਼ਾਂਤ ਮਹਾਂਸਾਗਰ ਦੇ ਸਮੁੰਦਰੀ ਪਾਣੀ ਦੇ ਆਮ ਨਾਲੋਂ ਵੱਧ ਗਰਮ ਹੋਣ 'ਤੇ ਸਰਗਰਮ ਹੁੰਦਾ ਹੈ।
ਇਸ ਦੇ ਪ੍ਰਭਾਵ ਨਾਲ ਵਿਸ਼ਵਵਿਆਪੀ ਤਾਪਮਾਨ ਵਧ ਜਾਂਦਾ ਹੈ, ਟ੍ਰੇਡ ਵਿੰਡਸ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਦੁਨੀਆ ਭਰ ਵਿੱਚ ਬਾਰਿਸ਼ ਦੇ ਚੱਕਰ 'ਤੇ ਅਸਰ ਪੈਂਦਾ ਹੈ।
ਅਲ ਨੀਨੋ ਦੇ ਕਾਰਨ ਭਾਰਤੀ ਉਪਮਹਾਂਦੀਪ ਵਿੱਚ ਹਵਾ ਦਾ ਦਬਾਅ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਅਕਸਰ ਮਾਨਸੂਨ ਕਮਜ਼ੋਰ ਹੋ ਜਾਂਦਾ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸੋਕੇ ਦੀ ਸਥਿਤੀ ਬਣ ਸਕਦੀ ਹੈ।
ਮਾਨਸੂਨ ਬ੍ਰੇਕ ਕਿਉਂ ਹੁੰਦਾ

ਤਸਵੀਰ ਸਰੋਤ, Getty Images
ਮਾਨਸੂਨ ਬ੍ਰੇਕ ਆਮ ਤੌਰ 'ਤੇ ਮੌਸਮ ਨਾਲ ਸਬੰਧਤ ਇੱਕ ਸਾਧਾਰਨ ਘਟਨਾ ਹੈ। ਕਿਸੇ ਜ਼ਿਆਦਾ ਤਾਕਤਵਰ ਹਵਾ ਦੇ ਅਸਰ ਨਾਲ ਮਾਨਸੂਨ ਵਿੱਚ ਬ੍ਰੇਕ ਲੱਗਣਾ ਕੋਈ ਅਨੋਖੀ ਘਟਨਾ ਨਹੀਂ ਹੈ।
ਮਹੇਸ਼ ਪਹਿਲਾਵਤ ਕਹਿੰਦੇ ਹਨ, "ਹਵਾ ਦੀ ਦਿਸ਼ਾ ਦੇ ਕਾਰਨ ਮਾਨਸੂਨ ਬ੍ਰੇਕ ਹੁੰਦਾ ਹੈ। ਜੇਕਰ ਪੱਛਮੀ ਹਵਾ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਵੇ ਤਾਂ ਇਹ ਮਾਨਸੂਨ ਦੇ ਟ੍ਰਫ਼ (ਧੁਰੇ) ਨੂੰ ਉੱਪਰ ਵੱਲ ਲੈ ਜਾਂਦੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਨਵਾਂ ਵੇਦਰ ਸਿਸਟਮ ਬਣ ਜਾਵੇ, ਯਾਨੀ ਕੋਈ ਚੱਕਰਵਾਤੀ ਘੱਟ ਦਬਾਅ ਦਾ ਖੇਤਰ ਬਣ ਜਾਵੇ ਜੋ ਜ਼ਿਆਦਾ ਅਸਰਦਾਰ ਹੋਵੇ ਤਾਂ ਇਹ ਮਾਨਸੂਨ ਨੂੰ ਹੇਠਾਂ ਵੱਲ ਖਿੱਚ ਲੈਂਦਾ ਹੈ।
ਉਹ ਕਹਿੰਦੇ ਹਨ, "ਜਦੋਂ ਬੰਗਾਲ ਦੀ ਖਾੜੀ ਵਿੱਚ ਕੋਈ ਚੱਕਰਵਾਤੀ ਸਿਸਟਮ ਬਣੇਗਾ ਅਤੇ ਉਹ ਅੰਦਰ ਵੱਲ ਆਵੇਗਾ ਤਾਂ ਇਹ ਮਾਨਸੂਨ ਨੂੰ ਖਿੱਚੇਗਾ। ਇਸ ਨਾਲ ਬਾਰਿਸ਼ ਫਿਰ ਤੋਂ ਸ਼ੁਰੂ ਹੋ ਜਾਵੇਗੀ।"
"ਅਜੇ ਮਾਨਸੂਨ ਦਾ ਪੱਛਮੀ ਸਿਰਾ ਪਹਾੜਾਂ 'ਤੇ ਹੈ ਅਤੇ ਪੂਰਵੀ ਸਿਰਾ ਦੱਖਣ ਵਿੱਚ ਹੈ। ਇਸ ਲਈ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਵਿੱਚ ਬਾਰਿਸ਼ ਜਾਰੀ ਰਹੇਗੀ। ਪਰ ਕਈ ਇਲਾਕੇ ਸੁੱਕੇ ਰਹਿਣਗੇ।"
ਅਲ ਨੀਨੋ ਦਾ ਪ੍ਰਭਾਵ 2027 ਤੱਕ ਰਹਿ ਸਕਦਾ

ਤਸਵੀਰ ਸਰੋਤ, Kevin Carter/Getty Images
ਇਸ ਸਾਲ ਅਜੇ ਤੱਕ ਬਾਰਿਸ਼ ਘੱਟ ਹੋਣ ਪਿੱਛੇ ਅਲ ਨੀਨੋ ਇਫ਼ੈਕਟ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
11 ਜੂਨ ਨੂੰ ਪ੍ਰਕਾਸ਼ਿਤ ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਅਮਰੀਕਾ ਦੀ ਨੈਸ਼ਨਲ ਓਸ਼ੀਆਨਿਕ ਐਂਡ ਐਟਮੌਸਫੇਰਿਕ ਐਡਮਿਨਿਸਟ੍ਰੇਸ਼ਨ (ਐੱਨਓਏਏ) ਨੇ ਕਿਹਾ ਹੈ ਕਿ 2026 ਦੇ ਬਾਕੀ ਮਹੀਨਿਆਂ ਵਿੱਚ ਅਲ ਨੀਨੋ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ।
ਕਈ ਭਵਿੱਖਬਾਣੀਆਂ ਮੁਤਾਬਕ, ਇਹ ਹੁਣ ਤੱਕ ਦਰਜ ਸਭ ਤੋਂ ਸ਼ਕਤੀਸ਼ਾਲੀ ਅਲ ਨੀਨੋ ਘਟਨਾਵਾਂ ਵਿੱਚੋਂ ਇੱਕ ਹੋ ਸਕਦਾ ਹੈ।
ਇਨਸਾਨੀ ਗਤੀਵਿਧੀਆਂ ਕਾਰਨ ਦਹਾਕਿਆਂ ਤੋਂ ਵਧ ਰਹੇ ਵਿਸ਼ਵਵਿਆਪੀ ਤਾਪਮਾਨ ਦੇ ਵਿਚਕਾਰ ਸਾਲ 2027 ਸਭ ਤੋਂ ਗਰਮ ਸਾਲ ਬਣ ਸਕਦਾ ਹੈ। ਇਸ ਦਾ ਅਸਰ ਮੌਸਮ, ਭੋਜਨ ਸਪਲਾਈ ਅਤੇ ਅਰਥਵਿਵਸਥਾਵਾਂ 'ਤੇ ਪੈਣ ਦਾ ਖ਼ਦਸ਼ਾ ਹੈ।
ਐੱਨਓਏਏ ਦੇ ਵਿਗਿਆਨੀਆਂ ਨੇ ਮੱਧ ਗਰਮ-ਖੰਡੀ (ਟ੍ਰੌਪੀਕਲ) ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਆਮ ਨਾਲੋਂ 0.5 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਹੋਣ ਤੋਂ ਬਾਅਦ ਅਲ ਨੀਨੋ ਦੇ ਨਵੇਂ ਪੜਾਅ ਦੀ ਸ਼ੁਰੂਆਤ ਦੀ ਪੁਸ਼ਟੀ ਕੀਤੀ।
ਵਿਗਿਆਨੀਆਂ ਨੇ ਵਾਯੂਮੰਡਲੀ ਸਥਿਤੀਆਂ ਵਿੱਚ ਵੀ ਬਦਲਾਅ ਦੇਖਿਆ। ਪੱਛਮੀ ਪ੍ਰਸ਼ਾਂਤ ਦੇ ਮੁਕਾਬਲੇ ਮੱਧ ਪ੍ਰਸ਼ਾਂਤ ਖੇਤਰ ਵਿੱਚ ਹਵਾ ਦਾ ਦਬਾਅ ਘੱਟ ਦਰਜ ਕੀਤਾ ਗਿਆ।
ਜਪਾਨ ਮੌਸਮ ਵਿਗਿਆਨ ਏਜੰਸੀ ਨੇ ਵੀ ਕਿਹਾ ਹੈ ਕਿ ਅਲ ਨੀਨੋ ਦੀ ਸਥਿਤੀ ਮੌਜੂਦ ਹੈ।
ਐੱਨਓਏਏ ਮੁਤਾਬਕ, ਇਸ ਅਲ ਨੀਨੋ ਦੇ 'ਬਹੁਤ ਸ਼ਕਤੀਸ਼ਾਲੀ' ਬਣਨ ਦੀ ਸੰਭਾਵਨਾ 63 ਫ਼ੀਸਦੀ ਹੈ।
ਏਜੰਸੀ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 1950 ਤੋਂ ਹੁਣ ਤੱਕ ਦਰਜ ਸਭ ਤੋਂ ਵੱਡੀਆਂ ਅਲ ਨੀਨੋ ਘਟਨਾਵਾਂ ਵਿੱਚੋਂ ਇੱਕ ਹੋਵੇਗਾ।
ਅਨੁਮਾਨ ਹੈ ਕਿ ਇਹ ਸਥਿਤੀ ਘੱਟੋ-ਘੱਟ 2027 ਦੀ ਸ਼ੁਰੂਆਤ ਤੱਕ ਬਣੀ ਰਹੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












