ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਆਪਣੀ ਹੀ ਪਾਰਟੀ ਉੱਤੇ ਲਾਏ ਗੰਭੀਰ ਇਲਜ਼ਾਮ, 'ਆਪ' ਨੇ ਮੁੱਢਲੀ ਮੈਂਬਰਸ਼ਿਪ ਕੀਤੀ ਰੱਦ

ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ
ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਨੇ ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਆਮ ਆਦਮੀ ਪਾਰਟੀ ਨੇ ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਉੱਤੇ ਐਕਸ਼ਨ ਲੈਂਦਿਆਂ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਸ ਪਿੱਛੇ ਵਜ੍ਹਾ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਦੱਸਿਆ ਗਿਆ ਹੈ।

ਆਮ ਆਦਮੀ ਪਾਰਟੀ ਵੱਲੋਂ ਜਾਰੀ ਪੱਤਰ ਮੁਤਾਬਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਹੀਨਤਾ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਆਪਣੀ ਹੀ ਸਰਕਾਰ ਦੇ ਸਿੱਖਿਆ ਮਾਡਲ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।

ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਕੀ ਇਲਜ਼ਾਮ ਲਗਾਏ ਗਏ?

ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ
ਤਸਵੀਰ ਕੈਪਸ਼ਨ, ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਈ ਇਲਜ਼ਾਮ ਲਗਾਏ

ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ। ਉਨ੍ਹਾਂ ਵੱਲੋਂ ਰਾਮ ਨਗਰ ਦੇ ਐਮੀਨੈਂਸ ਸਕੂਲ ਅਤੇ ਕੁਝ ਹੋਰ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਜ਼ਿਕਰ ਕਰਦਿਆਂ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਿਆ ਗਿਆ। ਵਿਧਾਇਕ ਮੁਤਾਬਕ ਉਨ੍ਹਾਂ ਦੇ ਆਪਣੇ ਬੱਚੇ ਰਾਮ ਨਗਰ ਦੇ ਐਮੀਨੈਂਸ ਸਕੂਲ ਵਿੱਚ ਪੜ੍ਹਦੇ ਹਨ।

ਸੁਖਵੀਰ ਸਿੰਘ ਮਾਈਸਰਖਾਨਾ ਮੁਤਾਬਕ ਉਨ੍ਹਾਂ ਵੱਲੋਂ ਮਨੀਸ਼ ਸਿਸੋਦੀਆ ਅਤੇ ਸੀਐੱਮ ਭਗਵੰਤ ਮਾਨ ਕੋਲ ਵੀ ਗੱਲ ਰੱਖੀ ਗਈ ਪਰ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ। ਮਾਈਸਰਖਾਨਾ ਨੇ ਤਰਨਤਾਰਨ ਚੋਣ ਵਿੱਚ ਸਾਜ਼ਿਸ਼ ਹੋਣ ਦੇ ਇਲਜ਼ਾਮ ਵੀ ਲਗਾਏ।

ਪਾਰਟੀ ਪ੍ਰਤੀ ਨਰਾਜ਼ਗੀ ਜ਼ਾਹਰ ਕਰਦਿਆਂ ਮਾਈਸਰਖਾਨਾ ਇਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਨੇ ਖੁਦ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਏ ਅਤੇ ਹੁਣ ਬੱਚਿਆਂ ਦੇ ਨਾਂਅ ਉੱਤੇ ਸਿਆਸਤ ਹੋ ਰਹੀ ਹੈ। ਮਾਈਸਰਖਾਨਾ ਮੁਤਾਬਕ ਉਨ੍ਹਾਂ ਨੇ ਪਾਰਟੀ ਨਾਲ ਵਫ਼ਾਦਾਰੀ ਕੀਤੀ ਪਰ ਪਾਰਟੀ ਵੱਲੋਂ ਹੁਣ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜਾਬ ਲਈ ਲੜ੍ਹਾਈ ਲੜ ਰਹੇ ਹਨ ਅਤੇ ਇਹ ਲੜਾਈ ਜਾਰੀ ਰੱਖਣਗੇ।

ਇਲਜ਼ਾਮਾਂ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਕੀ ਬੋਲੇ?

ਸਿੱਖਿਆ ਮੰਤਰੀ ਹਰਜੋਤ ਬੈਂਸ
ਤਸਵੀਰ ਕੈਪਸ਼ਨ, ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਕ ਰਾਮ ਨਗਰ ਸਕੂਲ ਆਫ ਐਮੀਨੈਂਸ ਵਿੱਚ ਅਧਿਆਪਕ/ਵਿਦਿਆਰਥੀ ਅਨੁਪਾਤ ਮੁਤਾਬਕ ਹੋਰ ਪੋਸਟਾਂ ਦੀ ਲੋੜ ਨਹੀਂ ਹੈ

ਦੂਜੇ ਪਾਸੇ ਇਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਸਕੂਲ ਆਫ਼ ਐਮੀਨੈਂਸ, ਰਾਮ ਨਗਰ ਵਿੱਚ 580 ਵਿਦਿਆਰਥੀ ਹਨ। ਸਕੂਲ ਵਿੱਚ 30 ਮਨਜ਼ੂਰਸ਼ੁਦਾ ਪੋਸਟਾਂ ਹਨ। ਇਨ੍ਹਾਂ ਵਿੱਚੋਂ 25 ਪੋਸਟਾਂ ਭਰੀਆਂ ਹੋਈਆਂ ਹਨ ਅਤੇ 5 ਖਾਲੀ ਹਨ। ਇਨ੍ਹਾਂ ਪੋਸਟਾਂ ਨੂੰ ਭਰਨ ਲਈ ਲੈਕਚਰਾਰ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ।"

ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਕ, "ਸਕੂਲ ਵੱਲੋਂ 7 ਹੋਰ ਪੋਸਟਾਂ ਦੀ ਮੰਗ ਕੀਤੀ ਗਈ ਹੈ ਪਰ ਅਧਿਆਪਕ/ਵਿਦਿਆਰਥੀ ਅਨੁਪਾਤ ਮੁਤਾਬਕ ਹੋਰ ਪੋਸਟਾਂ ਦੀ ਲੋੜ ਨਹੀਂ ਹੈ। ਕੌਮੀ ਪੱਧਰ ਉੱਤੇ ਅਧਿਆਪਕ/ਵਿਦਿਆਰਥੀਆਂ ਦਾ ਅਨੁਪਾਤ 30 ਹੈ ਪਰ ਇਸ ਸਕੂਲ ਵਿੱਚ ਇਹ ਅਨੁਪਾਤ ਘੱਟ ਹੈ।"

ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਹੋਰਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਲਗਾਏ ਇਲਜ਼ਾਮਾਂ ਉੱਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੋਰ ਸਕੂਲਾਂ ਵਿੱਚ ਤੈਨਾਤ ਅਧਿਆਪਕ ਦੀ ਗਿਣਤੀ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।

ਵਿਰੋਧੀ ਧਿਰਾਂ ਨੇ ਘੇਰੀ ਆਮ ਆਦਮੀ ਪਾਰਟੀ

ਉੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ। ਪੰਜਾਬ ਕਾਂਗਰਸ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਵਿਧਾਇਕ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਦੀ ਕੌਣ ਸੁਣੇਗਾ।

ਬੀਜੇਪੀ ਆਗੂ ਰਵਨੀਤ ਬਿੱਟੂ

ਦੂਜੇ ਪਾਸੇ ਬੀਜੇਪੀ ਆਗੂ ਰਵਨੀਤ ਬਿੱਟੂ ਨੇ ਕਿਹਾ, "ਮੈਂ ਪਿਛਲੇ ਕਈ ਮਹੀਨਿਆਂ ਤੋਂ ਅਧਿਆਪਕਾਂ ਦੀ ਘਾਟ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਦਾ ਮੁੱਦਾ ਚੁੱਕ ਰਿਹਾ ਹਾਂ। ਅੱਜ 'ਆਪ' ਦੇ ਆਪਣੇ ਹੀ ਵਿਧਾਇਕ ਨੇ ਪਾਰਟੀ ਦੇ ਅੰਦਰੋਂ ਇਸੇ ਹਕੀਕਤ ਨੂੰ ਸਾਹਮਣੇ ਲਿਆਂਦਾ ਹੈ।"

ਬਿੱਟੂ ਨੇ ਅੱਗੇ ਕਿਹਾ, "ਜੇ ਮੁੱਖ ਮੰਤਰੀ ਕੋਲ ਆਪਣੇ ਹੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਸਮਾਂ ਨਹੀਂ ਹੈ ਤਾਂ ਪੰਜਾਬ ਦੇ ਲੋਕ ਕਿਵੇਂ ਉਮੀਦ ਕਰ ਸਕਦੇ ਹਨ ਕਿ ਉਹ ਆਮ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗੱਲ ਸੁਣਨਗੇ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)