ਪੰਜਾਬ 'ਚ ਵਾਰ-ਵਾਰ ਧਮਾਕੇ ਦੀਆਂ ਵਾਰਦਾਤਾਂ ਬਾਰੇ ਕੀ ਬੋਲੇ ਲੋਕ: 'ਜਾਨ ਹੈ ਤਾਂ ਜਹਾਨ ਹੈ, ਜੇ ਮੈਨੂੰ ਕੁਝ ਹੋਇਆ ਤਾਂ ਮੇਰੇ ਬੱਚਿਆਂ ਦਾ ਕੀ ਬਣੇਗਾ'

ਗੁਰਦੀਪ ਸਿੰਘ ਤੇ ਵਿੱਕੀ ਯਾਦਵ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

"ਜਾਨ ਹੈ ਤਾਂ ਜਹਾਨ ਹੈ। ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ। ਮੇਰੇ ਛੋਟੇ-ਛੋਟੇ ਬੱਚੇ ਹਨ। ਜੇ ਮੈਨੂੰ ਕੁਝ ਹੋ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ?"

ਜਲੰਧਰ ਦੇ ਰਹਿਣ ਵਾਲੇ ਵਿੱਕੀ ਯਾਦਵ ਆਪਣਾ ਡਰ ਇਸ ਤਰ੍ਹਾਂ ਬਿਆਨ ਕਰਦੇ ਹਨ। 5 ਮਈ ਨੂੰ ਜਲੰਧਰ ਦੇ ਬੀਐੱਸਐੱਫ ਚੌਂਕ ਵਿੱਚ ਇੱਕ ਧਮਾਕਾ ਹੋਇਆ ਸੀ। ਵਿੱਕੀ ਉਸ ਥਾਂ ਦੇ ਬਿਲਕੁਲ ਨੇੜੇ ਚਾਹ ਦੀ ਰੇਹੜੀ ਲਗਾਉਂਦੇ ਹਨ।

ਇਸ ਧਮਾਕੇ ਤੋਂ ਕੁਝ ਸਮੇਂ ਬਾਅਦ ਹੀ ਅੰਮ੍ਰਿਤਸਰ ਦੇ ਖਾਸਾ ਛਾਉਣੀ ਇਲਾਕੇ ਵਿੱਚ ਵੀ ਇੱਕ ਧਮਾਕਾ ਹੋਇਆ।

ਭਾਵੇਂ ਇਨ੍ਹਾਂ ਧਮਾਕਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਫਿਕਰ ਦੇਖੀ ਜਾ ਰਹੀ ਹੈ।

ਇਨ੍ਹਾਂ ਦੋ ਘਟਨਾਵਾਂ ਤੋਂ ਇਲਾਵਾ, ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਕਈ ਹੋਰ ਧਮਾਕੇ ਵੀ ਹੋਏ ਹਨ। ਲਗਭਗ ਤਿੰਨ ਧਮਾਕੇ ਤਾਂ ਪਿਛਲੇ ਡੇਢ ਮਹੀਨੇ ਵਿੱਚ ਹੀ ਹੋਏ ਹਨ। ਇਸ ਦੌਰਾਨ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਵੀ ਧਮਾਕਾ ਹੋਇਆ।

ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਕਈ ਕੇਸਾਂ ਵਿੱਚ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ।

ਮਾਹਰਾਂ ਮੁਤਾਬਕ, ਕਿਸੇ ਵੀ ਧਮਾਕੇ ਦਾ ਅਸਰ ਸਿਰਫ਼ ਕਾਨੂੰਨ-ਵਿਵਸਥਾ 'ਤੇ ਹੀ ਨਹੀਂ, ਸਗੋਂ ਲੋਕਾਂ ਦੀ ਮਾਨਸਿਕਤਾ 'ਤੇ ਵੀ ਪੈਂਦਾ ਹੈ।

ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਜ਼ਿਆਦਾ ਸਮਾਂ ਨਹੀਂ ਬਚਿਆ, ਜਿਸ ਕਾਰਨ ਇਨ੍ਹਾਂ ਘਟਨਾਵਾਂ 'ਤੇ ਸਿਆਸਤ ਵੀ ਗਰਮ ਹੋ ਰਹੀ ਹੈ।

ਗੁਰਦੀਪ ਸਿੰਘ

ਚਸ਼ਮਦੀਦਾਂ ਦੇ ਬਿਆਨ

ਖਾਸਾ

ਤਸਵੀਰ ਸਰੋਤ, ravinder robin/bbc

ਤਸਵੀਰ ਕੈਪਸ਼ਨ, ਅੰਮ੍ਰਿਤਸਰ ਖਾਸਾ ਇਲਾਕੇ ਵਿੱਚ ਬਲਾਸਟ ਹੋਇਆ ਸੀ

ਜਲੰਧਰ ਦੇ ਗੁਰਦੀਪ ਸਿੰਘ ਦਾ ਰੈਸਟੋਰੈਂਟ ਬੀਐੱਸਐੱਫ ਚੌਂਕ ਵਿੱਚ ਹੋਏ ਧਮਾਕੇ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੂਰ ਹੈ। ਉਹ ਦੱਸਦੇ ਹਨ, "ਮੈਂ ਬਿੱਲ ਕੱਟ ਰਿਹਾ ਸੀ, ਜਦੋਂ ਧਮਾਕਾ ਹੋਇਆ। ਖਿੜਕੀਆਂ ਤੇ ਦਰਵਾਜ਼ੇ ਕੰਬਣ ਲੱਗ ਪਏ। ਬਾਹਰ ਜਾ ਕੇ ਵੇਖਿਆ ਤਾਂ ਇੱਕ ਥਾਰ ਖੜ੍ਹੀ ਸੀ।"

"ਪਹਿਲਾਂ ਲੱਗਿਆ ਥਾਰ ਦਾ ਐਕਸੀਡੈਂਟ ਹੋਇਆ ਹੈ, ਪਰ ਫਿਰ ਦੇਖਿਆ ਕਿ ਇੱਕ ਸਕੂਟੀ ਨੂੰ ਅੱਗ ਲੱਗੀ ਹੋਈ ਸੀ। ਧਮਾਕਾ ਬਹੁਤ ਤੇਜ਼ ਸੀ, ਜਿਸ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ।"

ਉਹ ਕਹਿੰਦੇ ਹਨ ਕਿ ਇਸ ਦਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਪਿਆ ਹੈ, "ਲੋਕ ਡਰੇ ਹੋਏ ਹਨ, ਕੋਈ ਆ ਨਹੀਂ ਰਿਹਾ। ਨਹੀਂ ਤਾਂ ਇੱਥੇ ਮੇਲੇ ਵਰਗੀ ਰੌਣਕ ਹੁੰਦੀ ਸੀ।"

ਸਾਹਿਬ ਸਿੰਘ
ਤਸਵੀਰ ਕੈਪਸ਼ਨ, ਸਾਹਿਬ ਸਿੰਘ ਦੀ ਦੁਕਾਨ ਧਮਾਕੇ ਵਾਲੀ ਥਾਂ ਤੋਂ ਲਗਭਗ 100 ਮੀਟਰ ਦੂਰ ਹੈ

ਇਲਾਕੇ ਵਿੱਚ ਸਾਹਿਬ ਸਿੰਘ ਦੀ ਦੁਕਾਨ ਧਮਾਕੇ ਵਾਲੀ ਥਾਂ ਤੋਂ ਲਗਭਗ 100 ਮੀਟਰ ਦੂਰ ਹੈ। ਉਹ ਟਾਇਰਾ ਦੀ ਖਰੀਦ-ਵੇਚ ਦਾ ਕੰਮ ਕਰਦੇ ਹਨ।

ਉਹ ਦੱਸਦੇ ਹਨ, "ਅਸੀਂ ਸੁੱਤੇ ਹੋਏ ਸੀ ਤਾਂ ਅਚਾਨਕ ਬਹੁਤ ਖੜਕਾ ਹੋਇਆ। ਅਸੀਂ ਇੱਕਦਮ ਡਰਕੇ ਉੁੱਠ ਗਏ। ਪਹਿਲਾਂ ਲੱਗਾ ਟਾਇਰ ਫਟਿਆ ਹੈ। ਪਰ ਟਾਇਰ ਫਟੇ ਦਾ ਇੰਨਾ ਜ਼ਿਆਦਾ ਖੜਕਾ ਨਹੀਂ ਹੁੰਦਾ।"

ਉਨ੍ਹਾਂ ਨੇ ਅੱਗੇ ਦੱਸਿਆ, "ਫਿਰ ਅਸੀਂ ਆਪਣੀ ਰੋਡ ਉੱਤੇ ਸਥਿਤ ਦੁਕਾਨ ਉੱਤੇ ਗਏ। ਸਾਡਾ ਇੱਕ ਨੌਕਰ ਉੱਥੇ ਸੌਂਦਾ ਹੈ। ਉਸ ਨੂੰ ਲੱਗਾ ਰੋਡ ਉੱਤੇ ਕੋਈ ਟਰੱਕ ਪਲਟਿਆ ਹੈ। ਕਿਉਂਕਿ ਬਹੁਤ ਜ਼ਿਆਦਾ ਮਿੱਟੀ ਘੱਟਾ ਉੱਡ ਰਿਹਾ ਸੀ। ਪਰ ਅਜਿਹਾ ਨਹੀਂ ਸੀ।"

"ਫਿਰ ਅਸੀਂ ਸੋਚਿਆ ਕਿ ਸ਼ਾਇਦ ਛਾਉਣੀ ਦੇ ਅੰਦਰ ਕੋਈ ਧਮਾਕਾ ਹੋਇਆ ਹੋਵੇ। ਆਰਮੀ ਅਕਸਰ ਇਸ ਇਲਾਕੇ ਵਿੱਚ ਕੂੜਾ-ਕਰਕਟ ਅਤੇ ਕਬਾੜ ਨੂੰ ਟਿਕਾਣੇ ਲਗਾਉਂਦੀ ਰਹਿੰਦੀ ਸੀ। ਫਿਰ ਅਸੀਂ ਸੋਚਿਆ ਕਿ ਕਿਤੇ ਗ਼ਲਤੀ ਨਾਲ ਕੂੜੇ ਵਿੱਚ ਕੋਈ ਧਮਾਕੇਖੇਜ਼ ਸਮੱਗਰੀ ਨਾ ਆ ਗਈ ਹੋਵੇ। ਮਗਰੋਂ ਪੁਲਿਸ ਆ ਗਈ ਅਤੇ ਹੌਲੀ-ਹੌਲੀ ਸਪੱਸ਼ਟ ਹੋ ਗਿਆ ਕਿ ਇੱਥੇ ਕੋਈ ਧਮਾਕਾ ਹੋਇਆ ਹੈ।"

ਪੁਲਿਸ ਵੱਲੋਂ ਘਟਨਾ ਸਥਾਨ ਦੀ ਕੀਤੀ ਹੋਈ ਘੇਰਾਬੰਦੀ

ਤਸਵੀਰ ਸਰੋਤ, pardeep pandit/bbc

ਤਸਵੀਰ ਕੈਪਸ਼ਨ, ਜਲੰਧਰ ਵਿੱਚ ਘਟਨਾ ਵਾਲੇ ਦਿਨ ਭਾਵ ਛੇ ਮਈ ਸਵੇਰ ਦੀ ਤਸਵੀਰ

ਲੋਕ ਸਾਵਧਾਨੀਆਂ ਵਰਤਣ ਲੱਗੇ

ਵਿੱਕੀ ਯਾਦਵ ਪਿਛਲੇ 12 ਸਾਲਾਂ ਤੋਂ ਧਮਾਕੇ ਵਾਲੀ ਥਾਂ ਕੋਲ ਚਾਹ ਦੀ ਰੇਹੜੀ ਲਗਾਉਂਦੇ ਹਨ। ਜਦੋਂ ਧਮਾਕਾ ਹੋਇਆ, ਉਹ ਉਸ ਵੇਲੇ ਆਪਣੀ ਰੇਹੜੀ ਕੋਲ ਮੌਜੂਦ ਨਹੀਂ ਸਨ।

ਵਿੱਕੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਧਮਾਕੇ ਵਾਲੇ ਦਿਨ ਉਹ ਉੱਥੇ ਨਹੀਂ ਸਨ, ਕਿਉਂਕਿ ਉਹ ਅਕਸਰ ਉਸ ਥਾਂ ਕੋਲੋਂ ਲੰਘਦੇ ਰਹਿੰਦੇ ਸਨ। ਪਰ ਹੁਣ ਉਹ ਕਾਫ਼ੀ ਸਾਵਧਾਨੀ ਵਰਤਣ ਲੱਗ ਪਏ ਹਨ।

ਉਹ ਆਖਦੇ ਹਨ, "ਹੁਣ ਅਸੀਂ ਸਵੇਰੇ ਵੀ ਦੇਰ ਨਾਲ ਆਉਂਦੇ ਹਾਂ ਅਤੇ ਵਾਪਸ ਵੀ ਪਹਿਲਾਂ ਚਲੇ ਜਾਂਦੇ ਹਾਂ। ਡਰ ਲੱਗਦਾ ਹੈ ਕਿ ਕਿਤੇ ਦੁਬਾਰਾ ਕੋਈ ਧਮਾਕਾ ਨਾ ਹੋ ਜਾਵੇ। ਇਸ ਲਈ ਅਸੀਂ ਇੱਥੇ ਆਪਣੇ ਨੇੜੇ ਕੋਈ ਵੀ ਵਾਹਨ ਖੜ੍ਹਾ ਨਹੀਂ ਹੋਣ ਦਿੰਦੇ।"

ਵਿੱਕੀ ਯਾਦਵ

'ਜਾਨ ਹੈ ਤਾਂ ਜਹਾਨ ਹੈ'

ਵਿੱਕੀ ਕਹਿੰਦੇ ਹਨ, "ਇਹ ਵੀ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਮੇਰੇ ਕੋਲ ਕੁਝ ਰੱਖ ਕੇ ਨਾ ਚਲਾ ਜਾਵੇ। ਉਸ ਦਿਨ ਮੇਰੇ ਨਾਲ ਵੀ ਕੋਈ ਉਨੀ-ਇੱਕੀ ਹੋ ਸਕਦੀ ਸੀ।"

"ਜਾਨ ਹੈ ਤਾਂ ਜਹਾਨ ਹੈ। ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ। ਮੇਰੇ ਛੋਟੇ-ਛੋਟੇ ਬੱਚੇ ਹਨ। ਜੇਕਰ ਮੈਨੂੰ ਕੁਝ ਹੋ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ?"

ਸਾਹਿਬ ਸਿੰਘ ਕਹਿੰਦੇ ਹਨ, "ਘਰ ਵਿੱਚ ਬੱਚੇ ਵੀ ਹਨ ਤੇ ਬਜ਼ੁਰਗ ਵੀ ਹਨ। ਇਸ ਲਈ ਡਰ ਤਾਂ ਲੱਗਦਾ ਹੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜਦੋਂ ਕੋਈ ਧਮਾਕਾ ਹੁੰਦਾ ਹੈ ਤਾਂ ਦਹਿਸ਼ਤ ਫੈਲਦੀ ਹੀ ਹੈ। ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਬੱਚੇ ਸਕੂਲ ਜਾਂਦੇ ਹਨ ਅਤੇ ਅਸੀਂ ਵੀ ਬਾਹਰ ਆਉਂਦੇ-ਜਾਂਦੇ ਰਹਿੰਦੇ ਹਾਂ।"

ਅੰਮ੍ਰਿਤਸਰ ਦੇ ਖਾਸਾ ਛਾਉਣੀ ਇਲਾਕੇ ਦੇ ਨੇੜੇ ਰਹਿੰਦੇ ਧਰਮ ਸਿੰਘ ਕਹਿੰਦੇ ਹਨ, "ਧਮਾਕਾ ਮੇਰੇ ਘਰ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਹੀ ਹੋਇਆ ਸੀ। ਇਸ ਲਈ ਡਰ ਤਾਂ ਲੱਗਦਾ ਹੀ ਹੈ ਕਿ ਜੇਕਰ ਕੋਈ ਨੁਕਸਾਨ ਹੋ ਜਾਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ?"

ਧਰਮ ਸਿੰਘ
ਤਸਵੀਰ ਕੈਪਸ਼ਨ, ਧਰਮ ਸਿੰਘ ਦੱਸਦੇ ਹਨ ਕਿ ਧਮਾਕੇ ਨਾਲ ਕਈ ਕੰਧਾਂ ਉੱਤੇ ਤਰੇੜਾਂ ਪੈ ਗਈਆਂ ਹਨ

ਧਮਾਕੇ ਮਗਰੋਂ ਹਾਲਾਤ ਕਿਹੋ-ਜਿਹੇ ਸਨ

ਧਰਮ ਸਿੰਘ ਦੱਸਦੇ ਹਨ, "ਅਸੀਂ ਸੁੱਤੇ ਹੋਏ ਸੀ। ਧਮਾਕੇ ਨਾਲ ਉੱਠ ਕੇ ਜਦੋਂ ਬਾਹਰ ਆਏ ਤਾਂ ਧੂੰਆਂ ਅਤੇ ਧੂੜ ਫੈਲੀ ਹੋਈ ਸੀ। ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ। ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਅਸਮਾਨੀ ਬਿਜਲੀ ਡਿੱਗੀ ਹੈ।"

"ਧਮਾਕੇ ਨਾਲ ਸਾਡੇ ਘਰ ਦੀਆਂ ਕਈ ਕੰਧਾਂ ਦਾ ਸੀਮੈਂਟ ਝੜ ਗਿਆ। ਕਈ ਕੰਧਾਂ ਵਿੱਚ ਨਿੱਕੀਆਂ-ਨਿੱਕੀਆਂ ਤਰੇੜਾਂ ਵੀ ਪੈ ਗਈਆਂ। ਜਦੋਂ ਧਮਾਕਾ ਹੋਇਆ ਸੀ ਤਾਂ ਸਾਡੇ ਘਰ ਦੇ ਸਾਰੇ ਦਰਵਾਜ਼ੇ ਅਤੇ ਬਾਰੀਆਂ ਆਪਣੇ ਆਪ ਖੁੱਲ੍ਹ ਗਏ।"

ਡੀਜੀਪੀ ਗੌਰਵ ਯਾਦਵ
ਤਸਵੀਰ ਕੈਪਸ਼ਨ, ਜਲੰਧਰ ਅਤੇ ਅੰਮ੍ਰਿਤਸਰ ਧਮਾਕਿਆਂ ਬਾਰੇ ਡੀਜੀਪੀ ਨੇ ਪ੍ਰੈੱਸ ਕਾਨਫਰੰਸ ਦਿੱਤਾ ਬਿਆਨ

ਸੰਸਥਾਵਾਂ ਦੀ ਸੁਰੱਖਿਆ ਵਧਾਉਣ ਲਈ ਕੀ ਕੀਤਾ ਗਿਆ

ਪੰਜਾਬ ਵਿੱਚ ਹੋਏ ਇਨ੍ਹਾਂ ਧਮਾਕਿਆਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਸੰਸਥਾਵਾਂ ਦੇ ਨੇੜੇ ਹੋਏ ਹਨ, ਭਾਵੇਂ ਉਹ ਪੰਜਾਬ ਪੁਲਿਸ ਦੇ ਥਾਣੇ, ਚੌਂਕੀਆਂ, ਇਮਾਰਤਾਂ ਜਾਂ ਹੋਰ ਕੌਮੀ ਸੁਰੱਖਿਆ ਸੰਸਥਾਵਾਂ ਹੋਣ।

ਬੀਬੀਸੀ ਪੰਜਾਬੀ ਵੱਲੋਂ ਅਜਿਹੀਆਂ ਕੁਝ ਸੁਰੱਖਿਆ ਸੰਸਥਾਵਾਂ ਦਾ ਦੌਰਾ ਕੀਤਾ ਗਿਆ, ਜਿੱਥੇ ਇਹ ਧਮਾਕੇ ਹੋਏ ਸਨ। ਵੱਖ-ਵੱਖ ਤਰੀਕਿਆਂ ਨਾਲ ਇਨ੍ਹਾਂ ਸੰਸਥਾਵਾਂ ਦੀ ਸੁਰੱਖਿਆ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਇਨ੍ਹਾਂ ਤਰੀਕਿਆਂ ਵਿੱਚ ਪੁਲਿਸ ਥਾਣਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਉਣਾ, ਸੁੰਨਸਾਨ ਥਾਵਾਂ 'ਤੇ ਸਥਿਤ ਥਾਣਿਆਂ ਦੇ ਬਾਹਰ ਸਟ੍ਰੀਟ ਲਾਈਟਾਂ ਲਗਾਉਣਾ, ਗਾਰਦ ਵਧਾਉਣਾ ਅਤੇ ਥਾਣਿਆਂ ਦੇ ਆਲੇ-ਦੁਆਲੇ ਰਾਤ ਸਮੇਂ ਪੁਲਿਸ ਨਾਕਿਆਂ ਦੀ ਗਿਣਤੀ ਵਧਾਉਣਾ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਨੂੰ ਵੀ ਪਹਿਲਾਂ ਵਾਲੀ ਥਾਂ ਤੋਂ ਤਬਦੀਲ ਕਰ ਦਿੱਤਾ ਗਿਆ ਹੈ। ਗੁਮਟਾਲਾ ਇਲਾਕੇ ਵਿੱਚ ਸਥਿਤ ਇਸ ਚੌਕੀ 'ਤੇ ਜਨਵਰੀ 2025 ਵਿੱਚ ਹਮਲਾ ਹੋਇਆ ਸੀ।

ਇਸ ਚੌਕੀ ਦੇ ਨੇੜੇ ਇੱਕ ਫਲਾਈਓਵਰ ਸੀ ਅਤੇ ਚੌਕੀ ਫਲਾਈਓਵਰ ਤੋਂ ਕਾਫ਼ੀ ਨੀਵੀਂ ਸੀ, ਜੋ ਸੁਰੱਖਿਆ ਪੱਖੋਂ ਇੱਕ ਵੱਡੀ ਕਮੀ ਮੰਨੀ ਗਈ।

ਜੈਪਾਲ ਸਿੰਘ

'ਧਮਾਕੇ 80ਵੇਂ-90ਵੇਂ ਦਹਾਕੇ ਦੀ ਯਾਦ ਤਾਜ਼ਾ ਕਰਦੇ ਹਨ'

ਲੁਧਿਆਣਾ ਦੇ ਸਰਕਾਰੀ ਐੱਸਸੀਡੀ ਕਾਲਜ ਤੋਂ ਸੇਵਾਮੁਕਤ ਪ੍ਰੋਫੈਸਰ ਜੈਪਾਲ ਸਿੰਘ ਕਹਿੰਦੇ ਹਨ, "ਜਦੋਂ ਕੋਈ ਧਮਾਕਾ ਹੁੰਦਾ ਹੈ, ਇਹ ਸਿਰਫ਼ ਉਸ ਥਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਲੋਕਾਂ ਦੇ ਦਿਮਾਗ਼ ਵਿੱਚ ਵੀ ਹੁੰਦਾ ਹੈ।"

"ਜਦੋਂ ਵੀ ਕੋਈ ਧਮਾਕਾ ਹੁੰਦਾ ਹੈ ਤਾਂ 80ਵੇਂ-90ਵੇਂ ਦਹਾਕੇ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਇੱਕ ਪੀੜ੍ਹੀ ਨੇ ਉਹ ਸਮਾਂ ਖ਼ੁਦ ਹੰਢਾਇਆ ਹੈ, ਜਦਕਿ ਅਗਲੀ ਪੀੜ੍ਹੀ ਨੂੰ ਇਸ ਬਾਰੇ ਆਪਣੇ ਵੱਡਿਆਂ ਤੋਂ ਸੁਣਨ ਨੂੰ ਮਿਲਿਆ ਹੈ।"

ਉਹ ਕਹਿੰਦੇ ਹਨ, "ਧਮਾਕੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਅਤੇ ਸੂਬਾਈ ਏਜੰਸੀਆਂ ਦੀ ਅਸਫ਼ਲਤਾ ਨੂੰ ਦਰਸਾਉਂਦੇ ਹਨ। ਅਜਿਹੇ ਹਮਲਿਆਂ ਨੂੰ ਰੋਕਣਾ ਕੇਂਦਰ ਅਤੇ ਸੂਬਾ ਦੋਵਾਂ ਦੀ ਜ਼ਿੰਮੇਵਾਰੀ ਹੈ।"

ਪੰਜਾਬ ਪੁਲਿਸ ਦੇ ਡੀਜੀਪੀ ਨੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਧਮਾਕਿਆਂ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਨਾਲ ਜੋੜਿਆ ਸੀ।

ਪੰਜਾਬ ਪੁਲਿਸ ਦਾ ਪੱਖ ਜਾਣਨ ਲਈ ਬੀਬੀਸੀ ਪੰਜਾਬੀ ਵੱਲੋਂ ਡੀਜੀਪੀ ਸਮੇਤ ਕਈ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਵਾਬ ਨਹੀਂ ਮਿਲਿਆ। ਜਵਾਬ ਮਿਲਣ 'ਤੇ ਇਸਨੂੰ ਕਹਾਣੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ।

ਵੀਡੀਓ ਕੈਪਸ਼ਨ, ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ

ਹਾਲ ਹੀ ਵਿੱਚ ਕਿੱਥੇ-ਕਿੱਥੇ ਹਮਲੇ ਅਤੇ ਧਮਾਕੇ ਹੋਏ

  • ਜਲੰਧਰ: 5 ਮਈ ਨੂੰ ਬੀਐੱਸਐੱਫ ਚੌਂਕ ਨੇੜੇ ਧਮਾਕਾ
  • ਅੰਮ੍ਰਿਤਸਰ: 5 ਮਈ ਨੂੰ ਖਾਸਾ ਛਾਉਣੀ ਨੇੜੇ ਸ਼ੱਕੀ ਗ੍ਰਨੇਡ ਸੁੱਟਿਆ ਗਿਆ
  • ਪਟਿਆਲਾ: 28 ਅਪ੍ਰੈਲ ਨੂੰ ਬਠੋਨੀਆ ਪਿੰਡ ਨੇੜੇ ਰਾਜਪੁਰਾ-ਸ਼ੰਭੂ ਰੇਲਵੇ ਟਰੈਕ 'ਤੇ ਘੱਟ ਤੀਬਰਤਾ ਵਾਲਾ ਧਮਾਕਾ
  • ਚੰਡੀਗੜ੍ਹ: 1 ਅਪ੍ਰੈਲ ਨੂੰ ਸੈਕਟਰ 37 ਵਿੱਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਘੱਟ ਤੀਬਰਤਾ ਵਾਲਾ ਦੇਸੀ ਗ੍ਰਨੇਡ ਧਮਾਕਾ
  • ਅੰਮ੍ਰਿਤਸਰ: 29-30 ਮਾਰਚ ਨੂੰ ਭਿੰਡੀ ਸੈਦਾਂ ਥਾਣੇ ਵਿੱਚ ਗ੍ਰਨੇਡ ਹਮਲਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)