ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਸਸਤਾ ਕਿਉਂ ਹੋ ਰਿਹਾ ਹੈ, ਅੱਗੇ ਕੀਮਤਾਂ ਕਿਹੜੇ ਕਾਰਕਾਂ ਉੱਤੇ ਨਿਰਭਰ ਰਹਿ ਸਕਦੀਆਂ

ਤਸਵੀਰ ਸਰੋਤ, Getty Images
ਵਿਸ਼ਵ ਪੱਧਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਵਿਕਰੀ ਅਤੇ ਕੱਚੇ ਤੇਲ ਦੀ ਕੀਮਤ 117 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੇ ਵਿਚਕਾਰ 23 ਅਕਤੂਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਦਬਾਅ ਬਣਿਆ ਰਿਹਾ।
ਘਰੇਲੂ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ ਦੋ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਖਿਸਕ ਗਈ।
ਵਿਸ਼ਵ ਬਾਜ਼ਾਰ ਵਿੱਚ ਕਾਮੈਕਸ 'ਤੇ ਸੋਨੇ ਦਾ ਵਾਅਦਾ ਭਾਅ (ਫਿਊਚਰਜ਼ ਕੀਮਤ) 4,030 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਲਗਭਗ 54 ਡਾਲਰ ਪ੍ਰਤੀ ਔਂਸ 'ਤੇ ਸੀ।
ਘਰੇਲੂ ਬਾਜ਼ਾਰ ਵਿੱਚ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) 'ਤੇ ਸੋਨੇ ਦਾ ਵਾਅਦਾ ਭਾਅ 1,42,300 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਅਤੇ ਚਾਂਦੀ ਦਾ ਵਾਅਦਾ ਭਾਅ 1,96,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ।
ਇਹ ਲਗਾਤਾਰ ਦੂਜਾ ਹਫ਼ਤਾ ਹੈ, ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਬਲੂਮਬਰਗ ਨਾਲ ਟੀਡੀ ਸਕਿਊਰਿਟੀਜ਼ ਦੇ ਸੀਨੀਅਰ ਕਮੋਡਿਟੀ ਰਣਨੀਤੀਕਾਰ ਰਿਆਨ ਮੈਕੇ ਨੇ ਕਿਹਾ, "ਤੇਲ ਦੀਆਂ ਕੀਮਤਾਂ, ਵਿਆਜ ਦਰਾਂ ਅਤੇ ਫੈੱਡ ਦੇ ਰੁਖ਼ ਨੂੰ ਲੈ ਕੇ ਚਿੰਤਾਵਾਂ ਦਾ ਦਬਾਅ ਸੋਨੇ 'ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ, ਬਾਜ਼ਾਰ ਵਿੱਚ ਨਿਵੇਸ਼ ਵੀ ਨਕਾਰਾਤਮਕ ਰਿਹਾ ਹੈ।"
ਬਲੂਮਬਰਗ ਨੇ ਲਿਖਿਆ ਹੈ, ''ਕੀਮਤੀ ਧਾਤ ਦੀਆਂ ਕੀਮਤਾਂ ਵਿੱਚ ਇਸ ਹਫ਼ਤੇ ਚਾਰ ਫ਼ੀਸਦੀ ਦੀ ਗਿਰਾਵਟ ਆਉਣ ਦੀ ਆਸ਼ੰਕਾ ਹੈ। ਜੂਨ ਦੀ ਸ਼ੁਰੂਆਤ ਤੋਂ ਬਾਅਦ ਇਹ ਇਸ ਦੀ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਹੋਵੇਗੀ। ਮੈਕੇ ਦੇ ਮੁਤਾਬਕ, ਸੋਨਾ ਫ਼ਿਲਹਾਲ ਜੋਖ਼ਮ ਤੋਂ ਬਚਣ ਲਈ ਨਿਵੇਸ਼ਕਾਂ ਦੀ ਵਿਆਪਕ ਵਿਕਰੀ ਦੀ ਲਪੇਟ ਵਿੱਚ ਹੈ।"
ਉਨ੍ਹਾਂ ਦੇ ਅਨੁਸਾਰ, "ਮੱਧ-ਪੂਰਬ ਵਿੱਚ ਮੁੜ ਵਧੇ ਤਣਾਅ ਨੇ ਊਰਜਾ ਦੀਆਂ ਕੀਮਤਾਂ ਨੂੰ ਫਿਰ ਉੱਪਰ ਧੱਕ ਦਿੱਤਾ ਹੈ, ਜਦਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਤੋਂ ਨਿਵੇਸ਼ ਨਿਕਲਣ ਕਾਰਨ ਨਿਵੇਸ਼ਕ ਅਮਰੀਕੀ ਬਾਂਡਾਂ ਵੱਲ ਰੁਖ਼ ਕਰ ਰਹੇ ਹਨ। ਇਸ ਦੇ ਨਤੀਜੇ ਵਜੋਂ ਅਮਰੀਕੀ ਟ੍ਰੇਜ਼ਰੀ ਬਾਂਡਾਂ 'ਤੇ ਰਿਟਰਨ ਵਧਿਆ ਹੈ, ਜਿਸ ਨਾਲ ਸੋਨੇ 'ਤੇ ਦਬਾਅ ਪਿਆ ਹੈ। ਆਮ ਤੌਰ 'ਤੇ ਬਾਂਡਾਂ ਵਿੱਚ ਰਿਟਰਨ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਕਮਜ਼ੋਰੀ ਆਉਂਦੀ ਹੈ।''
ਬਾਜ਼ਾਰ ਦੇ ਇੱਕ ਹਿੱਸੇ ਵਿੱਚ ਸੋਨੇ ਦੀ ਕਮਜ਼ੋਰੀ ਦਾ ਅਸਰ ਦਿਖਾਈ ਨਹੀਂ ਦਿੱਤਾ ਹੈ। ਉਹ ਹੈ ਐਕਸਚੇਂਜ ਟ੍ਰੇਡਡ ਫੰਡ ਯਾਨੀ ਈਟੀਐਫ਼ ਵਿੱਚ ਸੋਨੇ ਦੀ ਹੋਲਡਿੰਗ।
ਬਲੂਮਬਰਗ ਜਿਨ੍ਹਾਂ ਗੋਲਡ ਈਟੀਐਫ਼ 'ਤੇ ਨਜ਼ਰ ਰੱਖਦਾ ਹੈ, ਉਨ੍ਹਾਂ ਵਿੱਚ ਲਗਾਤਾਰ ਪਿਛਲੇ 14 ਹਫ਼ਤਿਆਂ ਤੋਂ ਸੋਨਾ ਆ ਰਿਹਾ ਹੈ। ਇਹ ਰੁਝਾਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਬਿਲਕੁਲ ਉਲਟ ਹੈ।
ਸੈਕਸੋ ਬੈਂਕ ਏ/ਐਸ ਵਿੱਚ ਕਮੋਡਿਟੀ ਰਣਨੀਤੀ ਦੇ ਮੁਖੀ ਓਲੇ ਹੈਨਸਨ ਨੇ ਇੱਕ ਨੋਟ ਵਿੱਚ ਲਿਖਿਆ, "ਲੰਬੇ ਸਮੇਂ ਦੇ ਨਿਵੇਸ਼ਕ ਭੂ-ਰਾਜਨੀਤਿਕ ਜੋਖ਼ਮਾਂ ਅਤੇ ਕਰੰਸੀ ਦੀ ਖਰੀਦ ਸ਼ਕਤੀ ਘਟਣ ਤੋਂ ਬਚਾਅ ਲਈ ਈਟੀਐਫ ਦੇ ਜ਼ਰੀਏ ਸੋਨਾ ਇਕੱਠਾ ਕਰਨਾ ਜਾਰੀ ਰੱਖੇ ਹੋਏ ਹਨ।"
ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ 7.5 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਸੀ। ਅਗਸਤ ਵਿੱਚ 2,48,800 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਤੋਂ ਚਾਂਦੀ ਦੀ ਕੀਮਤ 56,000 ਰੁਪਏ ਡਿੱਗ ਚੁੱਕੀ ਹੈ।
ਆਪਣੇ 4,20,048 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਸਭ ਤੋਂ ਉੱਚੇ ਪੱਧਰ ਤੋਂ ਚਾਂਦੀ ਦੀ ਕੀਮਤ ਅੱਧੇ ਤੋਂ ਵੀ ਜ਼ਿਆਦਾ ਡਿੱਗ ਚੁੱਕੀ ਹੈ।
ਇਹ ਤੇਜ਼ ਗਿਰਾਵਟ 2025 ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ 170 ਫ਼ੀਸਦੀ ਦੇ ਉਛਾਲ ਤੋਂ ਬਾਅਦ ਆਈ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ ਵਿੱਚ 1,64,773 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਤੋਂ ਸੋਨਾ 23,000 ਰੁਪਏ ਸਸਤਾ ਹੋ ਚੁੱਕਾ ਹੈ।
ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਦੀਆਂ ਚਿੰਤਾਵਾਂ ਬਣੀਆਂ ਹੋਈਆਂ ਹਨ ਅਤੇ ਵਿਆਜ ਦਰਾਂ ਵਿੱਚ ਵਾਧੇ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਹਨ।
ਜ਼ਾਏ ਕੈਪਿਟਲ ਮਾਰਕਿਟਸ ਦੇ ਮੁੱਖ ਨਿਵੇਸ਼ ਅਧਿਕਾਰੀ ਨਈਮ ਅਸਲਮ ਨੇ ਇੱਕ ਨੋਟ ਵਿੱਚ ਕਿਹਾ, "ਸਾਡਾ ਮੰਨਣਾ ਹੈ ਕਿ ਹਾਲੀਆ ਕਮਜ਼ੋਰੀ ਦੇ ਪਿੱਛੇ ਅਮਰੀਕੀ ਟ੍ਰੇਜ਼ਰੀ ਬਾਂਡਾਂ 'ਤੇ ਵਧਦਾ ਮੁਨਾਫ਼ਾ, ਡਾਲਰ ਦੀ ਮਜ਼ਬੂਤੀ ਅਤੇ ਬ੍ਰੈਂਟ ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾਣ ਕਾਰਨ ਮਹਿੰਗਾਈ ਨੂੰ ਲੈ ਕੇ ਮੁੜ ਵਧਦੀਆਂ ਚਿੰਤਾਵਾਂ ਹਨ।"
ਬਾਂਡਾਂ ਵਿੱਚ ਉੱਚੇ ਰਿਟਰਨ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਨਾਲ ਸੋਨੇ ਦੀਆਂ ਕੀਮਤਾਂ 'ਤੇ ਵੀ ਦਬਾਅ ਬਣਿਆ ਹੋਇਆ ਹੈ।
ਇਸ ਨਾਲ ਸੋਨੇ ਵਰਗੀਆਂ ਕੀਮਤੀ ਧਾਤਾਂ ਨੂੰ ਆਪਣੇ ਕੋਲ ਰੱਖਣ ਦਾ ਆਕਰਸ਼ਣ ਘੱਟ ਹੋ ਜਾਂਦਾ ਹੈ, ਕਿਉਂਕਿ ਇਨ੍ਹਾਂ ਤੋਂ ਨਿਯਮਤ ਵਿਆਜ ਆਮਦਨ ਨਹੀਂ ਹੁੰਦੀ।
ਪਿਛਲੇ ਸਾਲ ਦੇ ਮੁਕਾਬਲੇ ਸੋਨਾ ਫਿਰ ਵੀ ਮਹਿੰਗਾ

ਤਸਵੀਰ ਸਰੋਤ, Getty Images
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਸਕੱਤਰ ਕੁਮਾਰ ਜੈਨ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਲੋਕਾਂ ਨੂੰ ਸੋਨੇ ਵਿੱਚ ਚੰਗਾ ਰਿਟਰਨ ਮਿਲਿਆ ਹੈ। ਇਸ ਨਾਲ ਨਿਵੇਸ਼ਕਾਂ ਵਿੱਚ ਉਮੀਦ ਬਣੀ ਹੋਈ ਹੈ।
ਸਮਾਚਾਰ ਏਜੰਸੀ ਏਐਨਆਈ ਨਾਲ ਗੱਨਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਧਨਤੇਰਸ ਅਤੇ ਦੀਵਾਲੀ ਨੇੜੇ ਹਨ, ਇਸ ਲਈ ਲੋਕ ਜ਼ੋਰਦਾਰ ਖਰੀਦਦਾਰੀ ਕਰ ਰਹੇ ਹਨ। ਸੋਨੇ ਨੂੰ ਰੀਸਾਈਕਲ ਕਰਨ ਦਾ ਰੁਝਾਨ ਵੀ ਕਾਫ਼ੀ ਵਧਿਆ ਹੈ।"
ਉਨ੍ਹਾਂ ਦੇ ਅਨੁਸਾਰ, ਪਿਛਲੇ ਸਾਲ ਦਸ਼ਹਿਰੇ 'ਤੇ ਸੋਨੇ ਦੀ ਕੀਮਤ 1,16,000 ਰੁਪਏ ਪ੍ਰਤੀ 10 ਗ੍ਰਾਮ ਸੀ, ਜਦਕਿ ਇਸ ਸਾਲ ਦਸ਼ਹਿਰੇ ਦੇ ਮੌਕੇ 'ਤੇ ਇਸ ਦੀ ਕੀਮਤ 1,49,000 ਰੁਪਏ ਪ੍ਰਤੀ 10 ਗ੍ਰਾਮ ਸੀ।
ਕੁਮਾਰ ਜੈਨ ਦਾ ਕਹਿਣਾ ਹੈ, ''ਕੀਮਤਾਂ ਵਿੱਚ ਇਸ ਵਾਧੇ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।"
ਉਨ੍ਹਾਂ ਨੇ ਕਿਹਾ ਕਿ "ਵਿਆਹਾਂ ਦਾ ਸੀਜ਼ਨ ਵੀ ਆਉਣ ਵਾਲਾ ਹੈ ਅਤੇ ਲੋਕ ਗਹਿਣੇ ਬਣਵਾਉਣ ਲਈ ਸੋਨਾ ਖਰੀਦ ਰਹੇ ਹਨ। ਇਹ ਮੰਗ ਵਧਣ ਦੀ ਇੱਕ ਵੱਡੀ ਵਜ੍ਹਾ ਹੈ।"
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਚਾਂਦੀ ਨੂੰ ਲੈ ਕੇ ਲੋਕਾਂ ਦੇ ਤਜਰਬੇ ਕਾਫ਼ੀ ਖ਼ਰਾਬ ਰਹੇ ਹਨ।
ਭਵਿੱਖ ਵਿੱਚ ਕੀ ਹੋਵੇਗਾ

ਤਸਵੀਰ ਸਰੋਤ, Getty Images
ਹਾਲਾਂਕਿ, ਕੇਂਦਰੀ ਬੈਂਕਾਂ ਦੀ ਖਰੀਦਾਰੀ ਅਤੇ ਗੋਲਡ ਐਕਸਚੇਂਜ ਟ੍ਰੇਡਡ ਫੰਡ (ਈਟੀਐਫ਼) ਵਿੱਚ ਮਜ਼ਬੂਤ ਮੰਗ ਨੇ ਸੋਨੇ ਦੀ ਗਿਰਾਵਟ ਨੂੰ ਸੀਮਤ ਰੱਖਿਆ ਹੈ।
XS.com ਦੀ ਬਾਜ਼ਾਰ ਵਿਸ਼ਲੇਸ਼ਕ ਲਿਨ ਟਰਾਨ ਨੇ ਇੱਕ ਨੋਟ ਵਿੱਚ ਕਿਹਾ, "ਬਾਜ਼ਾਰ ਸੋਨੇ ਦੀ ਖਰੀਦਾਰੀ ਦੀ ਮੰਗ ਅਤੇ ਉੱਚੀਆਂ ਵਿਆਜ ਦਰਾਂ ਦੇ ਦਬਾਅ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਕਰੀ ਦਾ ਦਬਾਅ ਕੁਝ ਘੱਟ ਹੋਇਆ ਹੈ, ਪਰ ਮੌਜੂਦਾ ਖਰੀਦਾਰੀ ਦੀ ਮੰਗ ਇੰਨੀ ਮਜ਼ਬੂਤ ਨਹੀਂ ਹੈ ਕਿ ਕੀਮਤਾਂ ਨੂੰ ਨਵੀਂ ਦਿਸ਼ਾ ਦੇ ਸਕੇ।"
ਅਸਲਮ ਨੇ ਕਿਹਾ ਕਿ ਉਦਯੋਗਿਕ ਵਰਤੋਂ ਵਿੱਚ ਚਾਂਦੀ ਦੀ ਮਹੱਤਵਪੂਰਨ ਭੂਮਿਕਾ ਹੋਣ ਕਾਰਨ ਮੈਨਿਊਫੈਕਚਰਿੰਗ ਗਤੀਵਿਧੀਆਂ ਵਿੱਚ ਕਮਜ਼ੋਰੀ ਦਾ ਅਸਰ ਵੀ ਇਸ ਦੀਆਂ ਕੀਮਤਾਂ 'ਤੇ ਪੈਂਦਾ ਹੈ, ਜਿਸ ਨਾਲ ਇਸ 'ਤੇ ਵਾਧੂ ਦਬਾਅ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਜ਼ਾਏ ਕੈਪਿਟਲ ਨੂੰ ਉਮੀਦ ਹੈ ਕਿ ਚਾਂਦੀ ਦੀਆਂ ਕੀਮਤਾਂ ਦੀ ਦਿਸ਼ਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਉਦਯੋਗਿਕ ਮੰਗ ਵਿੱਚ ਸੁਧਾਰ ਅਤੇ ਭੌਤਿਕ ਚਾਂਦੀ ਦੀ ਸਪਲਾਈ ਵਿੱਚ ਬਣੀਆਂ ਸੀਮਾਵਾਂ ਅਮਰੀਕੀ ਮੁਦਰਾ ਨੀਤੀ ਦੇ ਸਖ਼ਤ ਰੁਖ਼ ਤੋਂ ਪੈਦਾ ਹੋਣ ਵਾਲੇ ਦਬਾਅ ਨੂੰ ਪਿੱਛੇ ਛੱਡ ਸਕਦੀਆਂ ਹਨ ਜਾਂ ਨਹੀਂ।
ਫ਼ਾਰੇਕਸ ਡਾਟ ਕਾਮ ਦੇ ਬਾਜ਼ਾਰ ਵਿਸ਼ਲੇਸ਼ਕ ਫ਼ਵਾਦ ਰਜ਼ਾਕਜ਼ਾਦਾ ਨੇ ਇੱਕ ਨੋਟ ਵਿੱਚ ਕਿਹਾ ਕਿ ਮਹਿੰਗਾਈ ਦਾ ਸੋਨੇ 'ਤੇ ਦੋਹਰਾ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਨੇ ਕਿਹਾ, "ਸਿਧਾਂਤਕ ਤੌਰ 'ਤੇ, ਕੀਮਤਾਂ ਵਿੱਚ ਲਗਾਤਾਰ ਬਣੀ ਰਹਿਣ ਵਾਲੀ ਤੇਜ਼ੀ ਨਾਲ ਮੁੱਲ ਦੇ ਸੁਰੱਖਿਅਤ ਭੰਡਾਰ ਵਜੋਂ ਸੋਨੇ ਦੀ ਮੰਗ ਵਧਣੀ ਚਾਹੀਦੀ ਹੈ।"
"ਪਰ ਜੇ ਮਹਿੰਗਾਈ ਇੰਨੇ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਕਿ ਕੇਂਦਰੀ ਬੈਂਕ ਸਖ਼ਤ ਮੁਦਰਾ ਨੀਤੀ ਦਾ ਰੁਖ਼ ਬਣਾਈ ਰੱਖਣ ਤਾਂ ਇਸ ਦੇ ਨਤੀਜੇ ਵਜੋਂ ਅਸਲ ਅਤੇ ਨਾਮਾਤਰ ਵਿਆਜ ਦਰਾਂ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਸੋਨੇ ਦੀ ਖਿੱਚ ਕੁਝ ਹੱਦ ਤੱਕ ਘੱਟ ਹੋ ਜਾਂਦੀ ਹੈ।"
ਤੇਲ ਦੀਆਂ ਕੀਮਤਾਂ ਦਾ ਅਸਰ

ਤਸਵੀਰ ਸਰੋਤ, AFP via Getty Images
ਤੇਲ ਦੀਆਂ ਕੀਮਤਾਂ ਸੋਨੇ ਅਤੇ ਚਾਂਦੀ ਨੂੰ ਮੁੱਖ ਤੌਰ 'ਤੇ ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਇਸ ਦਾ ਅਸਰ ਮਹਿੰਗਾਈ, ਵਿਆਜ ਦਰਾਂ ਅਤੇ ਆਰਥਿਕ ਵਿਕਾਸ ਰਾਹੀਂ ਦੇਖਣ ਨੂੰ ਮਿਲਦਾ ਹੈ।
ਹਾਲਾਂਕਿ, ਅਜਿਹਾ ਕੋਈ ਪੱਕਾ ਨਿਯਮ ਨਹੀਂ ਹੈ ਕਿ ਤੇਲ ਮਹਿੰਗਾ ਹੋਵੇਗਾ ਤਾਂ ਕੀਮਤੀ ਧਾਤਾਂ ਦੇ ਭਾਅ ਡਿੱਗਣਗੇ।
ਤੇਲ ਮਹਿੰਗਾ ਹੁੰਦਾ ਹੈ ਤਾਂ ਇਸ ਨਾਲ ਈਂਧਨ, ਆਵਾਜਾਈ ਅਤੇ ਉਤਪਾਦਨ ਦੀ ਲਾਗਤ ਵਧ ਜਾਂਦੀ ਹੈ। ਬਾਜ਼ਾਰ ਨੂੰ ਚਿੰਤਾ ਹੋਣ ਲੱਗਦੀ ਹੈ ਕਿ ਮਹਿੰਗਾਈ ਲੰਬੇ ਸਮੇਂ ਤੱਕ ਉੱਚੇ ਪੱਧਰ 'ਤੇ ਬਣੀ ਰਹਿ ਸਕਦੀ ਹੈ।
ਨਿਵੇਸ਼ਕਾਂ ਨੂੰ ਲੱਗਦਾ ਹੈ ਕਿ ਕੇਂਦਰੀ ਬੈਂਕ ਵਿਆਜ ਦਰਾਂ ਵਿੱਚ ਘੱਟ ਕਟੌਤੀ ਕਰਨਗੇ ਜਾਂ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਉੱਚਾ ਬਣਾਈ ਰੱਖਣਗੇ। ਅਜਿਹੇ ਵਿੱਚ ਬਾਂਡਾਂ 'ਤੇ ਮਿਲਣ ਵਾਲਾ ਰਿਟਰਨ ਵਧਦਾ ਹੈ। ਇਸ ਨਾਲ ਸੋਨੇ ਦੀ ਖਿੱਚ ਘੱਟ ਹੋ ਸਕਦੀ ਹੈ, ਕਿਉਂਕਿ ਸੋਨੇ ਤੋਂ ਵਿਆਜ ਨਹੀਂ ਮਿਲਦਾ।
ਇੱਕ ਦੂਜੀ ਸਥਿਤੀ ਵੀ ਹੈ। ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਨਾਲ ਮਹਿੰਗਾਈ ਅਤੇ ਭੂ-ਰਾਜਨੀਤਿਕ ਤਣਾਅ ਨੂੰ ਲੈ ਕੇ ਚਿੰਤਾਵਾਂ ਵਧਣ 'ਤੇ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਵਿਕਲਪ ਵਜੋਂ ਸੋਨੇ ਵੱਲ ਰੁਖ਼ ਕਰ ਸਕਦੇ ਹਨ।
ਅਜਿਹੇ ਵਿੱਚ ਜੇ ਵਿਆਜ ਦਰਾਂ ਵਿੱਚ ਵਾਧੇ ਦਾ ਦਬਾਅ ਸੀਮਤ ਰਹਿੰਦਾ ਹੈ, ਤਾਂ ਸੋਨੇ ਦੀਆਂ ਕੀਮਤਾਂ ਨੂੰ ਮਜ਼ਬੂਤੀ ਮਿਲ ਸਕਦੀ ਹੈ।
ਚਾਂਦੀ ਇੱਕ ਕੀਮਤੀ ਧਾਤ ਹੋਣ ਦੇ ਨਾਲ-ਨਾਲ ਉਦਯੋਗਿਕ ਕੱਚਾ ਮਾਲ ਵੀ ਹੈ। ਇਸ ਦਾ ਇਸਤੇਮਾਲ ਇਲੈਕਟ੍ਰਾਨਿਕਸ, ਸੌਰ ਪੈਨਲਾਂ ਅਤੇ ਹੋਰ ਮੈਨਿਊਫੈਕਚਰਿੰਗ ਖੇਤਰਾਂ ਵਿੱਚ ਹੁੰਦਾ ਹੈ। ਸਾਲ 2024 ਵਿੱਚ ਵਿਸ਼ਵ ਪੱਧਰ 'ਤੇ ਚਾਂਦੀ ਦੀ ਕੁੱਲ ਮੰਗ ਵਿੱਚ ਉਦਯੋਗਿਕ ਇਸਤੇਮਾਲ ਦੀ ਹਿੱਸੇਦਾਰੀ ਲਗਭਗ 56 ਫ਼ੀਸਦੀ ਸੀ।
ਇਸ ਲਈ, ਜੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਨਾਲ ਉਤਪਾਦਨ ਲਾਗਤ ਵਧਦੀ ਹੈ ਅਤੇ ਮੈਨਿਊਫੈਕਚਰਿੰਗ ਗਤੀਵਿਧੀਆਂ ਕਮਜ਼ੋਰ ਪੈਂਦੀਆਂ ਹਨ, ਤਾਂ ਚਾਂਦੀ ਲਈ ਇੱਕ ਵਾਧੂ ਚਿੰਤਾ ਪੈਦਾ ਹੋ ਸਕਦੀ ਹੈ, ਯਾਨੀ ਉਦਯੋਗਿਕ ਮੰਗ ਵਿੱਚ ਗਿਰਾਵਟ ਆ ਸਕਦੀ ਹੈ।
ਜਦੋਂ ਬਾਜ਼ਾਰ ਨੂੰ ਸਖ਼ਤ ਮੁਦਰਾ ਨੀਤੀ ਅਤੇ ਹੌਲੀ ਆਰਥਿਕ ਵਿਕਾਸ, ਦੋਵਾਂ ਦੀ ਆਸ਼ੰਕਾ ਹੁੰਦੀ ਹੈ ਤਾਂ ਇਸ ਕਾਰਨ ਚਾਂਦੀ ਦੀਆਂ ਕੀਮਤਾਂ ਸੋਨੇ ਦੇ ਮੁਕਾਬਲੇ ਵਧੇਰੇ ਦਬਾਅ ਵਿੱਚ ਆ ਸਕਦੀਆਂ ਹਨ।
ਹਾਲਾਂਕਿ, ਇਹ ਮੰਗ ਨਾਲ ਜੁੜਿਆ ਇੱਕ ਸੰਭਾਵਿਤ ਜੋਖ਼ਮ ਹੈ।
ਤੇਲ ਦੀਆਂ ਕੀਮਤਾਂ ਕੀਮਤੀ ਧਾਤਾਂ ਦੇ ਭਾਅ ਨੂੰ ਸਿੱਧੇ ਤੌਰ 'ਤੇ ਨਿਯੰਤਰਿਤ ਨਹੀਂ ਕਰਦੀਆਂ।
ਅਸਲ ਵਿੱਚ ਇਹ ਦੇਖਣਾ ਮਹੱਤਵਪੂਰਨ ਹੈ ਕਿ ਤੇਲ ਦੀ ਤੇਜ਼ੀ ਨਾਲ ਵਿਆਜ ਦਰਾਂ ਦੀਆਂ ਉਮੀਦਾਂ, ਮਹਿੰਗਾਈ ਨੂੰ ਮੈਨੇਜ ਕਰਨ ਤੋਂ ਬਾਅਦ ਮਿਲਣ ਵਾਲੇ ਬਾਂਡ ਰਿਟਰਨ ਅਤੇ ਚਾਂਦੀ ਦੇ ਮਾਮਲੇ ਵਿੱਚ ਉਦਯੋਗਿਕ ਗਤੀਵਿਧੀਆਂ 'ਤੇ ਕੀ ਅਸਰ ਪੈਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























