ਵਿਰੋਧੀ ਧਿਰਾਂ ਦੇ ਮਾਰਚ ਨੂੰ ਸੁਪਰੀਮ ਕੋਰਟ ਤੋਂ ਪਹਿਲਾਂ ਰੋਕਿਆ ਗਿਆ, ਭਾਰੀ ਸੁਰੱਖਿਆ ਬਲ ਤਾਇਨਾਤ

ਸੋਮਵਾਰ ਨੂੰ ਇੰਡੀਆ ਗੱਠਜੋੜ ਦੇ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਲੋਕ
ਤਸਵੀਰ ਕੈਪਸ਼ਨ, ਸੋਮਵਾਰ ਨੂੰ ਇੰਡੀਆ ਗੱਠਜੋੜ ਦੇ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਲੋਕ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 16 ਮਿੰਟ

ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵੱਲ ਜਾ ਰਹੇ ਵਿਰੋਧੀ ਧਿਰ ਦੇ ਆਗੂਆਂ ਨੂੰ ਪੁਲਿਸ ਨੇ ਮੰਡੀ ਹਾਊਸ ਨੇੜੇ ਰਸਤੇ ਵਿੱਚ ਹੀ ਰੋਕ ਲਿਆ ਹੈ।

ਇਸ ਮਾਰਚ ਵਿੱਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਆਇਸਾ ਦੀ ਵਿਦਿਆਰਥੀ ਆਗੂ ਨੇਹਾ ਬੋਰਾ ਸਮੇਤ ਵਿਰੋਧੀ ਧਿਰ ਦੇ ਕਈ ਆਗੂ ਸ਼ਾਮਲ ਹਨ।

ਬੀਬੀਸੀ ਪੱਤਰਕਾਰ ਦਿਗਾਵੱਲੀ ਪਵਨ ਨੇ ਦੱਸਿਆ ਕਿ ਜਿੱਥੇ ਮਾਰਚ ਨੂੰ ਰੋਕਿਆ ਗਿਆ ਹੈ, ਉੱਥੇ ਪੁਲਿਸ ਨੇ ਸੜਕ 'ਤੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਹੈ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹਨ।

ਮੰਡੀ ਹਾਊਸ ਨੇੜੇ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਰੋਕੇ ਜਾਣ ਤੋਂ ਬਾਅਦ ਤਣਾਅ ਵਧ ਗਿਆ ਹੈ ਅਤੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ।

ਭਗਵਾਨ ਦਾਸ ਰੋਡ 'ਤੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 163 ਲਾਗੂ ਹੋਣ ਦਾ ਐਲਾਨ ਕੀਤਾ ਹੈ।

ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਤੱਕ ਕੱਢੇ ਗਏ ਰੋਸ ਮਾਰਚ ਵਿੱਚ ਰਾਹੁਲ ਗਾਂਧੀ ਦੇ ਨਾਲ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ, ਅਖਿਲੇਸ਼ ਯਾਦਵ ਅਤੇ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੀ ਸ਼ਾਮਲ ਹਨ

ਬੀਬੀਸੀ ਦੀ ਪੱਤਰਕਾਰ ਸ਼ੁਭਾਂਗੀ ਮਿਸ਼ਰਾ ਮੁਤਾਬਕ, ਪ੍ਰਦਰਸ਼ਨਕਾਰੀਆਂ ਦੀ ਭੀੜ ਸੜਕ 'ਤੇ ਹੀ ਬੈਠ ਗਈ ਹੈ।

ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਮੁਤਾਬਕ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਆਗੂ ਇੱਕ ਬੱਸ ਵਿੱਚ ਸਵਾਰ ਹੋ ਕੇ ਬਾਰਾਖੰਬਾ ਮੈਟਰੋ ਸਟੇਸ਼ਨ ਦੇ ਬਾਹਰ ਪਹੁੰਚ ਗਏ ਹਨ।

ਰਾਹੁਲ ਗਾਂਧੀ ਅਤੇ ਹੋਰ ਲੀਡਰ
ਤਸਵੀਰ ਕੈਪਸ਼ਨ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸੁਪਰੀਮ ਕੋਰਟ ਵੱਲ ਕੱਢੇ ਜਾ ਰਹੇ ਮਾਰਚ ਦੀ ਤਸਵੀਰ

ਇੱਥੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਦੇ ਕਾਰਕੁਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਹਨ।

ਦਿਲਨਵਾਜ਼ ਪਾਸ਼ਾ ਮੁਤਾਬਕ, ਬਾਰਾਖੰਬਾ ਮੈਟਰੋ ਸਟੇਸ਼ਨ ਤੋਂ ਮੰਡੀ ਹਾਊਸ ਵੱਲ ਜਾਣ ਵਾਲੇ ਰਸਤੇ 'ਤੇ ਦੂਰ-ਦੂਰ ਤੱਕ ਲੋਕ ਹੀ ਲੋਕ ਨਜ਼ਰ ਆ ਰਹੇ ਹਨ। ਅੱਗੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਹਨ।

ਇਨ੍ਹਾਂ ਬੈਰੀਕੇਡਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ ਹੋਣ ਦੀ ਸੰਭਾਵਨਾ ਹੈ।

ਨੇਹਾ ਬੋਰਾ
ਤਸਵੀਰ ਕੈਪਸ਼ਨ, ਮਾਰਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਸਣੇ ਨੇਹਾ ਬੋਰਾ ਵੀ ਮੌਜੂਦ ਹਨ

ਰਾਹੁਲ ਗਾਂਧੀ ਦੇ ਨਾਲ ਕਾਂਗਰਸ ਅਤੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਵੀ ਮੌਜੂਦ ਹਨ।

ਰਾਇਟਰਜ਼ ਨੇ ਵਿਰੋਧ ਮਾਰਚ ਦਾ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੰਡੀ ਹਾਊਸ ਅਤੇ ਸੁਪਰੀਮ ਕੋਰਟ ਦੇ ਵਿਚਕਾਰ ਇਕੱਠੇ ਹੋਏ ਦਿਖਾਈ ਦੇ ਰਹੇ ਹਨ।

ਭੀੜ ਵਿੱਚ ਕਈ ਲੋਕਾਂ ਦੇ ਹੱਥਾਂ ਵਿੱਚ ਕਾਂਗਰਸ ਦੇ ਝੰਡੇ ਹਨ ਅਤੇ ਢੋਲ-ਨਗਾੜਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ।

ਪੈਦਲ ਮਾਰਚ ਕਰਦੇ ਹੋਏ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਇੱਕ ਖੁੱਲ੍ਹੀ ਗੱਡੀ ਵਿੱਚ ਦਿਖਾਈ ਦਿੱਤੇ, ਜਿਸ 'ਤੇ ਵਿਰੋਧੀ ਧਿਰ ਦੇ ਕਈ ਆਗੂ ਮੌਜੂਦ ਸਨ।

 ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਵੱਲ ਮਾਰਚ ਕਰਦੇ ਹੋਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ

ਮੌਕੇ 'ਤੇ ਮੌਜੂਦ ਬੀਬੀਸੀ ਦੇ ਪੱਤਰਕਾਰ ਜੁਗਲ ਪੁਰੋਹਿਤ ਮੁਤਾਬਕ, ਪ੍ਰਦਰਸ਼ਨਕਾਰੀ ਪਿਛਲੇ ਕਈ ਦਿਨਾਂ ਤੋਂ ਕਿਸੇ ਥਾਂ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸੋਮਵਾਰ ਨੂੰ ਕਨਾਟ ਪਲੇਸ ਦੇ ਨੇੜੇ ਬਾਰਾਖੰਭਾ ਕੋਲ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।

ਉਨ੍ਹਾਂ ਮੁਤਾਬਕ, ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਵਰਕਰਾਂ, ਪ੍ਰਦਰਸ਼ਨਕਾਰੀਆਂ, ਵਿਦਿਆਰਥੀਆਂ, ਵਕੀਲਾਂ ਅਤੇ ਵੱਖ-ਵੱਖ ਸੰਗਠਨਾਂ ਦੇ ਲੋਕ ਉੱਥੇ ਮੌਜੂਦ ਸਨ।

ਇੱਥੋਂ ਇੱਕ ਬੱਸ ਵਿੱਚ ਸਵਾਰ ਹੋ ਕੇ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਵੱਡੇ ਆਗੂਆਂ ਨੇ ਸੁਪਰੀਮ ਕੋਰਟ ਵੱਲ ਜਾਣਾ ਸ਼ੁਰੂ ਕੀਤਾ।

ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੁਪਰੀਮ ਕੋਰਟ ਵਿੱਚ ਇੱਕ ਮੰਗ ਪੱਤਰ ਸੌਂਪਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਚੋਣ ਪ੍ਰਕਿਰਿਆ ਵਿੱਚ ਸੁਧਾਰ ਨਾਲ ਸਬੰਧਤ ਨੁਕਤੇ ਸ਼ਾਮਲ ਹਨ।

ਤਸਵੀਰਾਂ ਰਾਹੀਂ ਦੇਖੋ ਕੀ ਮਾਹੌਲ

ਇੰਡੀਆ ਗਠਜੋੜ ਰੈਲੀ
ਤਸਵੀਰ ਕੈਪਸ਼ਨ, ਭੀੜ ਵਿੱਚ ਕਈ ਲੋਕ ਕਾਂਗਰਸ ਦੇ ਝੰਡੇ ਚੁੱਕੀ ਹੋਏ ਹਨ ਅਤੇ ਢੋਲ-ਨਗਾੜਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ
ਵਿਰੋਧੀ ਧਿਰ ਵੱਲੋਂ ਕੱਢੇ ਜਾ ਰਹੇ ਮਾਰਚ ਦੀ ਤਸਵੀਰ
ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਤੱਕ ਕੱਢੇ ਜਾ ਰਹੇ ਮਾਰਚ ਵਿੱਚ ਵਿਰੋਧੀ ਧਿਰ ਦੇ ਲੀਡਰਾਂ ਤੋਂ ਇਲਾਵਾ ਕਈ ਵਿਦਿਆਰਥੀ ਜਥੇਬੰਦੀਆਂ ਵੀ ਸ਼ਾਮਿਲ ਹਨ

ਸੀਜੇਆਈ ਨੇ ਖੜਗੇ ਅਤੇ ਰਾਹੁਲ ਨੂੰ ਲਿਖੀ ਚਿੱਠੀ ਵਿੱਚ ਕੀ ਕਿਹਾ ?

ਸੀਜੇਆਈ ਸੂਰਿਆਕਾਂਤ
ਤਸਵੀਰ ਕੈਪਸ਼ਨ, ਸੀਜੇਆਈ ਸੂਰਿਆਕਾਂਤ ਨੇ ਪੱਤਰ ਲਿਖ ਕੇ ਕਿਹਾ ਕਿ ਕਿਸੇ ਵੀ ਲੰਬਿਤ ਮਾਮਲੇ 'ਤੇ ਚਰਚਾ ਕਰਨ ਲਈ ਮੀਟਿੰਗ ਬੁਲਾਉਣਾ ਸੰਵਿਧਾਨ ਵਿੱਚ ਤੈਅ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੇ ਖ਼ਿਲਾਫ਼ ਹੋਵੇਗਾ

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੂਰਿਆਕਾਂਤ ਨੇ 11 ਅਕਤੂਬਰ ਨੂੰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸੇ ਲੰਬਿਤ ਮਾਮਲੇ 'ਤੇ ਚਰਚਾ ਕਰਨ ਲਈ ਮੀਟਿੰਗ ਬੁਲਾਉਣਾ ਸੰਵਿਧਾਨ ਵਿੱਚ ਤੈਅ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੇ ਖ਼ਿਲਾਫ਼ ਹੋਵੇਗਾ।

ਐਤਵਾਰ ਨੂੰ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਨਾਲ ਮੁਲਾਕਾਤ ਲਈ ਸਮਾਂ ਮੰਗਿਆ ਸੀ। ਹਾਲਾਂਕਿ, ਸੀਜੇਆਈ ਸੂਰਿਆਕਾਂਤ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

ਕਾਂਗਰਸ ਨੇ ਸੀਜੇਆਈ ਸੂਰਿਆਕਾਂਤ ਦੇ ਜਵਾਬ ਨੂੰ ਐਕਸ 'ਤੇ ਪੋਸਟ ਕੀਤਾ ਹੈ।

ਪੱਤਰ ਮੁਤਾਬਕ, ਸੀਜੇਆਈ ਨੇ ਕਿਹਾ ਕਿ ਸੁਪਰੀਮ ਕੋਰਟ ਲਈ ਅਜਿਹਾ ਕਦਮ ਨਿਆਂਇਕ ਮਰਿਆਦਾ ਅਤੇ ਸਥਾਪਿਤ ਰਵਾਇਤਾਂ ਦੇ ਅਨੁਕੂਲ ਨਹੀਂ ਹੈ।

ਸੀਜੇਆਈ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੰਵਿਧਾਨ ਤਹਿਤ ਸੁਪਰੀਮ ਕੋਰਟ ਨੂੰ ਉਨ੍ਹਾਂ ਮੁੱਦਿਆਂ 'ਤੇ ਪ੍ਰਸ਼ਾਸਨਿਕ ਪੱਧਰ 'ਤੇ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਹੈ, ਜਿਨ੍ਹਾਂ ਦਾ ਜ਼ਿਕਰ ਵਿਰੋਧੀ ਧਿਰ ਦੇ ਆਗੂਆਂ ਦੇ ਪੱਤਰ ਵਿੱਚ ਕੀਤਾ ਗਿਆ ਹੈ।

ਹਾਲਾਂਕਿ, ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਆਰਟੀਕਲ 32 ਅਤੇ ਨਿਆਂਇਕ ਸਮੀਖਿਆ ਵਰਗੀਆਂ ਸ਼ਕਤੀਆਂ ਤਹਿਤ ਸੁਪਰੀਮ ਕੋਰਟ ਨਾਗਰਿਕਾਂ ਦੇ ਅਧਿਕਾਰਾਂ ਨਾਲ ਜੁੜੇ ਮਾਮਲਿਆਂ 'ਤੇ ਸੁਣਵਾਈ ਕਰਨ ਅਤੇ ਫ਼ੈਸਲਾ ਦੇਣ ਲਈ ਪਾਬੰਦ ਹੈ।

ਸੂਰਿਆਕਾਂਤ ਨੇ ਪੱਤਰ ਵਿੱਚ ਕਿਹਾ ਕਿ ਸੁਪਰੀਮ ਕੋਰਟ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਾਗਰਿਕ ਕਾਨੂੰਨੀ ਪ੍ਰਕਿਰਿਆ ਤਹਿਤ ਆਪਣੇ ਅਧਿਕਾਰਾਂ ਦੀ ਸੁਰੱਖਿਆ ਲਈ ਕਿਸੇ ਵੀ ਸਮੇਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਨ।

ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਸ਼ਾਸਨਿਕ ਪੱਧਰ 'ਤੇ ਮੰਗ ਪੱਤਰ ਦੇਣ ਦੀ ਬਜਾਏ ਨਿਆਂਇਕ ਪ੍ਰਕਿਰਿਆ ਦਾ ਸਹਾਰਾ ਲੈਣ ਅਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ।

ਉਨ੍ਹਾਂ ਭਰੋਸਾ ਦਿਵਾਇਆ ਕਿ ਕਾਨੂੰਨ ਅਨੁਸਾਰ ਅਜਿਹੀ ਕਿਸੇ ਵੀ ਪਟੀਸ਼ਨ 'ਤੇ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇਗੀ।

ਇੰਡੀਆ ਗਠਜੋੜ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ ਕਿਹੋ ਜਿਹਾ ਹੈ ਮਾਹੌਲ: ਦੇਖੋ ਤਸਵੀਰਾਂ

ਦਿੱਲੀ
ਤਸਵੀਰ ਕੈਪਸ਼ਨ, ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜਾਰੀ ਪ੍ਰਦਰਸ਼ਨ ਦੌਰਾਨ ਸੰਸਦ ਮਾਰਗ ਪੁਲਿਸ ਸਟੇਸ਼ਨ ਦੇ ਨੇੜੇ ਤਾਇਨਾਤ ਸੁਰੱਖਿਆ ਕਰਮੀ

ਸੋਮਵਾਰ ਨੂੰ ਇੰਡੀਆ ਗਠਜੋੜ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਾਰਾਖੰਬਾ ਤੋਂ ਸੁਪਰੀਮ ਕੋਰਟ ਤੱਕ ਮਾਰਚ ਕੱਢਣ ਦਾ ਸੱਦਾ ਦਿੱਤਾ ਹੈ।

ਵਿਰੋਧੀ ਧਿਰ ਦੇ ਇਸ ਸੱਦੇ ਤੋਂ ਬਾਅਦ ਦਿੱਲੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਣ ਲੱਗੇ ਹਨ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਨਾਲ ਮੁਲਾਕਾਤ ਲਈ ਸਮਾਂ ਮੰਗਿਆ ਸੀ। ਹਾਲਾਂਕਿ, ਸੀਜੇਆਈ ਸੂਰਿਆਕਾਂਤ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

ਦਿੱਲੀ
ਦਿੱਲੀ
ਦਿੱਲੀ
ਦਿੱਲੀ
ਦਿੱਲੀ

ਦਿੱਲੀ ਪੁਲਿਸ ਨੇ ਕਿਹਾ- ਜੰਤਰ-ਮੰਤਰ 'ਤੇ ਨਹੀਂ ਕਰ ਸਕੋਗੇ ਪ੍ਰਦਰਸ਼ਨ, ਤਿੰਨ ਨਵੀਆਂ ਥਾਵਾਂ ਤੈਅ ਕੀਤੀਆਂ

ਦਿੱਲੀ
ਤਸਵੀਰ ਕੈਪਸ਼ਨ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਗਿਆ ਹੈ

ਵਿਰੋਧੀ ਪਾਰਟੀਆਂ ਅਤੇ ਸੀਜੇਪੀ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਗਾਤਾਰ ਜਾਰੀ ਹੈ, ਇਸ ਵਿਚਾਲੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਧਰਨਾ ਕਰਨ ਲਈ ਜੰਤਰ-ਮੰਤਰ ਨੂੰ ਤੈਅ ਥਾਵਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਗਿਆ ਹੈ।

ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਸੋਮਵਾਰ ਨੂੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਇਸ ਦੇ ਬਦਲ ਵਜੋਂ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਪੂਰਬੀ ਦਿੱਲੀ ਸਥਿਤ ਸੀਬੀਡੀ ਮੈਦਾਨ ਨੂੰ ਤੈਅ ਕੀਤਾ ਗਿਆ ਹੈ।

ਨੋਟਿਸ ਮੁਤਾਬਕ, "ਗ੍ਰਹਿ ਮੰਤਰਾਲੇ ਵੱਲੋਂ ਗਠਿਤ ਕਮੇਟੀ ਨੂੰ ਨਾਗਰਿਕਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਧਰਨਾ ਕਰਨ ਦੇ ਅਧਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਤੈਅ ਥਾਵਾਂ ਦੇ ਬਦਲਾਂ ਦੀ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।"

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਤਿੰਨਾਂ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਅਤੇ ਧਰਨਾ ਕਰਨ ਲਈ ਐੱਸਓਪੀ ਵੱਖਰੇ ਤੌਰ 'ਤੇ ਜਾਰੀ ਕੀਤੀ ਜਾਵੇਗੀ।

ਦਿੱਲੀ ਪ੍ਰਦਰਸ਼ਨ

ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਭ੍ਰਿਸ਼ਟਾਚਾਰ ਬਾਰੇ ਪਤਾ ਹੈ।

ਉਨ੍ਹਾਂ ਕਿਹਾ, ''ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਤੁਸੀਂ ਬਚੋਗੇ ਨਹੀਂ। ਸਾਨੂੰ ਤੁਹਾਡੇ ਅਤੀਤ ਅਤੇ ਤੁਹਾਡੇ ਭ੍ਰਿਸ਼ਟਾਚਾਰ ਬਾਰੇ ਪਤਾ ਹੈ। ਅਸੀਂ ਬਸ ਇੰਤਜ਼ਾਰ ਕਰ ਰਹੇ ਹਾਂ।"

ਇਸਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਸੁਪਰੀਮ ਕੋਰਟ ਵੱਲ ਵੀ ਮਾਰਚ ਕਰਨਗੇ।

ਇਸੇ ਸਿਲਸਿਲੇ ਵਿੱਚ ਦਿੱਲੀ ਮੈਟਰੋ ਨੇ ਅੱਜ ਵੀ 6 ਸਟੇਸ਼ਨਾਂ ਨੂੰ 10 ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ, ਕਾਕਰੋਚ ਜਨਤਾ ਪਾਰਟੀ ਨੇ ਵੀ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਅਤੇ ਇਸ ਦੌਰਾਨ ਪ੍ਰਦਰਸ਼ਨ ਲਈ ਆਗਿਆ ਦੇਣ ਦੀ ਮੰਗ ਕੀਤੀ ਹੈ।

ਰਾਜਧਾਨੀ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਚੱਲ ਰਹੇ ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਰਹੇ। ਇਸ ਦੌਰਾਨ ਕਈ ਪ੍ਰਦ੍ਰਸ਼ਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ।

'ਅਸੀਂ ਗਿਆਨੇਸ਼ ਕੁਮਾਰ ਨੂੰ ਛੱਡਾਂਗੇ ਨਹੀਂ, ਬਸ ਇੰਤਜ਼ਾਰ ਕਰ ਰਹੇ ਹਾਂ' - ਰਾਹੁਲ ਗਾਂਧੀ

ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ਵਿਰੁੱਧ ਕੀਤੀ ਜਾ ਰਹੀ ਪੁਲਿਸ ਕਾਰਵਾਈ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਬਹੁਤ ਵੱਡੀ ਗ਼ਲਤੀ ਕਰ ਰਹੀ ਹੈ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਭ੍ਰਿਸ਼ਟਾਚਾਰ ਬਾਰੇ ਪਤਾ ਹੈ।

ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ, "ਅਸੀਂ ਉਹੀ ਸਵਾਲ ਉਠਾ ਰਹੇ ਹਾਂ, ਜੋ ਦੋ ਚੋਣ ਕਮਿਸ਼ਨਰਾਂ ਨੇ ਪੁੱਛੇ ਸਨ। ਗਿਆਨੇਸ਼ ਕੁਮਾਰ ਅਸਤੀਫ਼ਾ ਕਿਉਂ ਨਹੀਂ ਦੇ ਰਹੇ? ਗਿਆਨੇਸ਼ ਕੁਮਾਰ ਜੀ, ਅਸੀਂ ਜਾਣਦੇ ਹਾਂ ਕਿ ਤੁਹਾਡੀ ਕੀ ਹਾਲਤ ਹੈ, ਤੁਹਾਨੂੰ ਨੀਂਦ ਨਹੀਂ ਆਉਂਦੀ। ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਤੁਸੀਂ ਬਚੋਗੇ ਨਹੀਂ। ਸਾਨੂੰ ਤੁਹਾਡੇ ਅਤੀਤ ਅਤੇ ਤੁਹਾਡੇ ਭ੍ਰਿਸ਼ਟਾਚਾਰ ਬਾਰੇ ਪਤਾ ਹੈ। ਅਸੀਂ ਬਸ ਇੰਤਜ਼ਾਰ ਕਰ ਰਹੇ ਹਾਂ।"

ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ਵਿਰੁੱਧ ਕੀਤੀ ਜਾ ਰਹੀ ਪੁਲਿਸ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਬਹੁਤ ਵੱਡੀ ਗ਼ਲਤੀ ਕਰ ਰਹੀ ਹੈ।

ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ, "ਦਿੱਲੀ ਵਿੱਚ ਕਈ ਦਿਨਾਂ ਤੋਂ ਵੋਟਾਂ ਦੀ ਚੋਰੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਸਵਾਲ ਇਹ ਹੈ ਕਿ ਦਿੱਲੀ ਨੂੰ ਜੇਲ੍ਹ ਵਿੱਚ ਕਿਉਂ ਬਦਲ ਦਿੱਤਾ ਗਿਆ ਹੈ? ਲੋਕਾਂ ਨੂੰ ਸ਼ਹਿਰ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਹੈ, ਰੇਲਗੱਡੀਆਂ ਅਤੇ ਬੱਸਾਂ ਵਿੱਚ ਰੋਕਿਆ ਜਾ ਰਿਹਾ ਹੈ।"

ਉਨ੍ਹਾਂ ਕਿਹਾ, "ਸਰਕਾਰ ਬਹੁਤ ਵੱਡੀ ਗ਼ਲਤੀ ਕਰ ਰਹੀ ਹੈ, ਕਿਉਂਕਿ ਅਸੀਂ ਦੇਸ਼ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਮੋਦੀ ਜੀ ਗਿਆਨੇਸ਼ ਕੁਮਾਰ ਨੂੰ ਬਚਾ ਰਹੇ ਹਨ। ਉਨ੍ਹਾਂ ਨੂੰ ਜਿੰਨੀ ਜ਼ਿਆਦਾ ਸੁਰੱਖਿਆ ਮਿਲੇਗੀ, ਅਸੀਂ ਆਖ਼ਰਕਾਰ ਉਨ੍ਹਾਂ ਦੇ ਕੰਟਰੋਲਰ ਤੱਕ ਓਨੀ ਹੀ ਆਸਾਨੀ ਨਾਲ ਪਹੁੰਚ ਸਕਾਂਗੇ। ਸਾਨੂੰ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਪੁਲਿਸ ਮੁਲਾਜ਼ਮ ਪਰੇਸ਼ਾਨ ਹਨ, ਕਿਉਂਕਿ ਉਨ੍ਹਾਂ ਨੂੰ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ, ਜਦਕਿ ਆਰਐੱਸਐੱਸ ਦੇ ਮੈਂਬਰਾਂ ਨੂੰ ਖੁੱਲ੍ਹੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।"

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਸੋਮਵਾਰ ਨੂੰ ਵਿਰੋਧੀ ਧਿਰ ਦੇ ਹੋਰ ਆਗੂਆਂ ਨਾਲ ਦੁਪਹਿਰ 1:30 ਵਜੇ ਕਨਾਟ ਪਲੇਸ ਦੇ ਬਾਰਾਖੰਬਾ ਜੰਕਸ਼ਨ ਤੋਂ ਸੁਪਰੀਮ ਕੋਰਟ ਤੱਕ ਮਾਰਚ ਕੱਢਣ ਵਾਲੇ ਹਨ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਨੂੰ ਮਿਲਣ ਲਈ ਸਮਾਂ ਮੰਗਿਆ ਸੀ। ਹਾਲਾਂਕਿ, ਸੀਜੇਆਈ ਸੂਰਿਆਕਾਂਤ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

ਬੰਗਲਾ ਸਾਹਿਬ ਗੁਰਦੁਆਰੇ ਸਬੰਧਿਤ ਮਾਮਲੇ 'ਚ ਐੱਫਆਈਆਰ

ਬੰਗਲਾ ਸਾਹਿਬ ਗੁਰਦੁਆਰੇ ਸਬੰਧਿਤ ਮਾਮਲੇ 'ਚ 'ਆਪ' ਆਗੂਆਂ ਖ਼ਿਲਾਫ਼ ਐੱਫਆਈਆਰ
ਤਸਵੀਰ ਕੈਪਸ਼ਨ, 10 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਨੇੜੇ ਇੱਕ ਵਿਅਕਤੀ ਨੂੰ ਹਿਰਾਸਤ 'ਚ ਲੈਂਦੇ ਸੁਰੱਖਿਆ ਕਰਮੀ

ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਪੁਲਿਸ ਦੇ ਦਾਖ਼ਲੇ ਅਤੇ ਮੁਜ਼ਾਹਰਕਾਰੀਆਂ ਬਾਰੇ ਸ਼ੁਰੂ ਹੋਏ ਵਿਵਾਦ ਦੇ ਵਿਚਾਲੇ ਦਿੱਲੀ ਪੁਲਿਸ ਵੱਲੋਂ ਡੀਐੱਸਜੀਐੱਮਸੀ ਦੀ ਸ਼ਿਕਾਇਤ ਉੱਤੇ ਐੱਫਆਈਆਰ ਦਰਜ ਕੀਤੀ ਗਈ ਹੈ।

ਐੱਫਆਈਆਰ ਮੁਤਾਬਕ ਡੀਐੱਸਜੀਐੱਮਸੀ ਨੇ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਅਤੇ ਹੋਰਾਂ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕਥਿਤ ਤੌਰ ਉੱਤੇ ਗੜਬੜ ਕਰਨ ਅਤੇ ਗੁੰਮਰਾਹਕੁੰਨ ਵੀਡੀਓਜ਼ ਫੈਲਾਉਣ ਦੇ ਮਾਮਲੇ ਵਿੱਚ ਸ਼ਿਕਾਇਤ ਕੀਤੀ ਹੈ।

ਐੱਫਆਈਆਰ ਵਿੱਚ ਕਿਹਾ ਕਿ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਕਾਰਕੁੰਨ ਗੁਰਦੁਆਰੇ ਵਿੱਚ ਦਾਖ਼ਲ ਹੋਏ ਅਤੇ ਗੁਰਦੁਆਰੇ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ।

ਇਸ ਮਾਮਲੇ ਵਿੱਚ ਫਿਲਹਾਲ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਹੇਠ ਅਣਪਛਾਤੇ ਸ਼ਖ਼ਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 'ਦਿੱਲੀ ਪੁਲਿਸ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਸਬੰਧੀ ਮੇਰੀ ਸ਼ਿਕਾਇਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ। ਇਸ ਘਟਨਾ ਦੌਰਾਨ ਸਿਆਸੀ ਨਾਅਰੇਬਾਜ਼ੀ ਕੀਤੀ ਗਈ ਸੀ ਅਤੇ ਜਾਣਬੁੱਝ ਕੇ ਵਿਘਨ ਪਾਇਆ ਗਿਆ ਸੀ।'

ਆਮ ਆਦਮੀ ਪਾਰਟੀ ਦੇ ਦਿੱਲੀ ਯੁਨਿਟ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਆਪਣੇ ਐਕਸ ਅਕਾਉਂਟ ਉੱਤੇ ਅਮਿਤ ਸ਼ਾਹ ਨੂੰ ਟੈਗ ਕਰਦਿਆਂ ਲਿਖਿਆ, "ਅਸੀਂ ਤੁਹਾਡੇ ਝੂਠੇ ਪਰਚਿਆਂ ਤੋਂ ਡਰਦੇ ਨਹੀਂ ਹਾਂ... ਤੁਹਾਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪੁਲਿਸ ਭੇਜਣ ਬਾਰੇ ਬਾਰੇ ਮੁਆਫ਼ੀ ਮੰਗਣੀ ਚਾਹੀਦੀ ਹੈ..."

ਬੰਗਲਾ ਸਾਹਿਬ ਗੁਰਦੁਆਰੇ

ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਹੋਰ ਅਹੁਦੇਦਾਰਾਂ ਵੱਲੋਂ 11 ਅਕਤੂਬਰ ਨੂੰ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ।

ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪੁਲਿਸ ਦੇ ਦਾਖਲ ਹੋਣ ਬਾਰੇ ਕਾਰਵਾਈ ਦੀ ਮੰਗ ਕੀਤੀ।

ਇਹ ਮਾਮਲਾ ਉਸ ਵੇਲੇ ਭਖ਼ਿਆ ਜਦੋਂ 10 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਮੁਜ਼ਾਹਰਾ ਕੀਤਾ। ਇਸ ਦੌਰਾਨ ਕਾਫੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਬੰਗਲਾ ਸਾਹਿਬ ਦੇ ਬਾਹਰੋਂ ਹਿਰਾਸਤ ਵਿੱਚ ਲਿਆ।

ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਪੁਲਿਸ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਈ ਅਤੇ ਇਸ ਨਾਲ ਮਰਿਆਦਾ ਦੀ ਉਲੰਘਣਾ ਹੋਈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪੁਲਿਸ ਵੱਲੋਂ ਇਨ੍ਹਾਂ ਇਲਜ਼ਾਮ ਨੂੰ ਨਕਾਰਿਆ ਗਿਆ ਹੈ।

ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਭਾਜਪਾ ਦਾ ਪੱਖ ਪੂਰਨ ਦੇ ਇਲਜ਼ਾਮ ਲਗਾਏ ਹਨ ਜਦਕਿ ਡੀਐੱਸਜੀਐੱਮਸੀ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ।

ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਆਮ ਆਦਮੀ ਪਾਰਟੀ ਉੱਤੇ ਗੁਰਦੁਆਰੇ ਵਿੱਚ ਸਿਆਸੀ ਸਟੰਟ ਕਰਨ ਦੀ ਇਲਜ਼ਾਮ ਲਗਾਏ ਗਏ ਸਨ।

ਦਿੱਲੀ ਪੁਲਿਸ ਦੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਇਸ ਦੀ ਨਿਖੇਧੀ ਕਰਦਿਆਂ ਪੋਸਟ ਪਾਈ ਗਈ ਸੀ ਜਿਸ ਨੂੰ ਕਿ ਕੁਝ ਸਮੇਂ ਬਾਅਦ ਉਨ੍ਹਾਂ ਵੱਲੋਂ ਹਟਾ ਲਿਆ ਗਿਆ। ਇਸ ਗੱਲ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ।

ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਨਹੀਂ ਮਿਲਣਗੇ ਸੀਜੇਆਈ ਸੂਰਿਆਕਾਂਤ, ਮੀਡੀਆ ਨੂੰ ਕੀ ਦੱਸਿਆ?

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੂਰਿਆਕਾਂਤ
ਤਸਵੀਰ ਕੈਪਸ਼ਨ, ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੂਰਿਆਕਾਂਤ (ਫਾਈਲ ਫੋਟੋ)

ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੂਰਿਆਕਾਂਤ ਨੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੀਜੇਆਈ ਨੇ ਮੁਲਾਕਾਤ ਨਾ ਕਰ ਸਕਣ ਦੇ ਪਿੱਛੇ ਕੁਝ ਕਾਰਨ ਵੀ ਦੱਸੇ ਹਨ, ਪਰ ਪੱਤਰ ਦੀ ਗੋਪਨੀਯਤਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਇਨ੍ਹਾਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ।

ਮੀਡੀਆ ਨਾਲ ਗੱਲਬਾਤ ਦੌਰਾਨ ਸੀਜੇਆਈ ਸੂਰਿਆਕਾਂਤ ਨੇ ਸੋਮਵਾਰ ਨੂੰ ਕਿਹਾ, "ਮੈਨੂੰ ਕੱਲ੍ਹ ਉਨ੍ਹਾਂ (ਵਿਰੋਧੀ ਧਿਰ) ਦਾ ਪੱਤਰ ਮਿਲਿਆ ਸੀ। ਮੈਂ ਬੀਤੀ ਰਾਤ ਹੀ ਇਸ ਦਾ ਜਵਾਬ ਦੇ ਦਿੱਤਾ ਸੀ। ਮੈਂ ਕੁਝ ਕਾਰਨ ਦੱਸੇ ਹਨ, ਜਿਨ੍ਹਾਂ ਦੇ ਆਧਾਰ 'ਤੇ ਮੈਂ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਹੈ ਕਿ ਮੈਂ ਮੁਲਾਕਾਤ ਨਹੀਂ ਕਰ ਸਕਾਂਗਾ।"

ਸੀਜੇਆਈ ਸੂਰਿਆਕਾਂਤ ਨੂੰ 'ਵਨ ਨੇਸ਼ਨ-ਵਨ ਇਲੈਕਸ਼ਨ' ਬਾਰੇ ਗਠਿਤ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਸੁਪਰੀਮ ਕੋਰਟ ਦੌਰੇ ਨੂੰ ਰੱਦ ਕੀਤੇ ਜਾਣ ਬਾਰੇ ਵੀ ਸਵਾਲ ਪੁੱਛਿਆ ਗਿਆ।

ਇਸ 'ਤੇ ਉਨ੍ਹਾਂ ਕਿਹਾ, "ਉਸ ਮਾਮਲੇ (ਵਨ ਨੇਸ਼ਨ-ਵਨ ਇਲੈਕਸ਼ਨ ਜੇਪੀਸੀ ਦੀ ਮੀਟਿੰਗ) ਵਿੱਚ ਅਦਾਲਤ ਵਿੱਚ ਹਿੱਤਾਂ ਦੇ ਟਕਰਾਅ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਸੀ। ਇਸੇ ਕਾਰਨ ਅਸੀਂ ਪ੍ਰਸ਼ਾਸਕੀ ਪੱਧਰ 'ਤੇ ਇਸ ਬਾਰੇ ਚਰਚਾ ਕੀਤੀ। ਮੇਰੇ ਸੀਨੀਅਰ ਨਿਆਂਇਕ ਸਾਥੀਆਂ ਅਤੇ ਮੇਰੀ ਇਸ ਬਾਰੇ ਇੱਕੋ ਰਾਇ ਸੀ ਕਿ ਸਾਨੂੰ ਹਿੱਤਾਂ ਦੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ।"

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੀਜੇਆਈ ਸੂਰਿਆਕਾਂਤ ਨਾਲ ਮੁਲਾਕਾਤ ਕਰਨ ਲਈ ਪੱਤਰ ਲਿਖ ਕੇ ਸਮਾਂ ਮੰਗਿਆ ਹੈ।

ਹਾਲਾਂਕਿ, ਸੀਜੇਆਈ ਨੇ ਹੁਣ ਵਿਰੋਧੀ ਸੰਸਦ ਮੈਂਬਰਾਂ ਨੂੰ ਮਿਲਣ ਵਿੱਚ ਅਸਮਰੱਥਾ ਜ਼ਾਹਿਰ ਕੀਤੀ ਹੈ।

ਸੀਜੇਪੀ ਨਾਲ ਜੁੜੇ ਹੋਣ ਤੇ ਸਿਆਸਤ 'ਚ ਸ਼ਾਮਿਲ ਹੋਣ ਬਾਰੇ ਕੀ ਬੋਲੇ ਧਰੁਵ ਰਾਠੀ

ਧਰੁਵ ਰਾਠੀ

ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਕਿਹਾ ਹੈ ਕਿ ਉਹ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨਾਲ ਜੁੜੇ ਹੋਏ ਨਹੀਂ ਹਨ, ਸਗੋਂ ਨਿੱਜੀ ਤੌਰ 'ਤੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਆਏ ਸਨ।

ਧਰੁਵ ਰਾਠੀ ਨੇ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਹੋਰ ਲੋਕ ਪ੍ਰਦਰਸ਼ਨ ਕਰਨ ਆਏ ਸਨ, ਉਸੇ ਤਰ੍ਹਾਂ ਉਹ ਵੀ ਇਸ ਵਿੱਚ ਸ਼ਾਮਿਲ ਹੋਣ ਆਏ ਸਨ।

ਧਰੁਵ ਰਾਠੀ ਨੇ ਕਿਹਾ, "ਵੋਟ ਚੋਰੀ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਮੈਂ ਇਸੇ ਦਾ ਵਿਰੋਧ ਜਤਾਉਣ ਲਈ ਇੱਥੇ ਆਇਆ ਸੀ। ਮੈਂ ਇੱਥੇ ਨਿੱਜੀ ਤੌਰ 'ਤੇ ਆਇਆ ਹਾਂ, ਮੈਂ ਸੀਜੇਪੀ ਨਾਲ ਜੁੜਿਆ ਹੋਇਆ ਨਹੀਂ ਹਾਂ।"

ਧਰੁਵ ਰਾਠੀ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਗੇ?

ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਂ ਮੁੱਦਿਆਂ ਦੇ ਨਾਲ ਹਾਂ, ਪਰ ਸਿਆਸਤ ਵਿੱਚ ਸ਼ਾਮਿਲ ਨਹੀਂ ਹੋਵਾਂਗਾ। ਪਰ ਜੇਕਰ ਕਿਸੇ ਪਾਰਟੀ ਨੇ ਕੋਈ ਮੁੱਦਾ ਚੁੱਕਿਆ ਹੈ, ਤਾਂ ਮੈਨੂੰ ਉਸ ਮੁੱਦੇ ਦਾ ਸਮਰਥਨ ਕਰਨ ਵਿੱਚ ਕੋਈ ਦਿੱਕਤ ਨਜ਼ਰ ਨਹੀਂ ਆਉਂਦੀ।"

ਜ਼ਿਕਰਯੋਗ ਹੈ ਕਿ ਧਰੁਵ ਰਾਠੀ ਨੂੰ ਸ਼ਨੀਵਾਰ ਨੂੰ ਗੁਰੂਗ੍ਰਾਮ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਨੂੰ 'ਅਗਵਾ' ਕਰਨਾ ਕਰਾਰ ਦਿੱਤਾ ਸੀ।

ਸੀਜੇਪੀ ਦਾ ਅਲਟੀਮੇਟਮ- 24 ਘੰਟਿਆਂ ਵਿੱਚ ਪ੍ਰਦਰਸ਼ਨ ਦੀ ਇਜਾਜ਼ਤ ਦਿਓ, ਨਹੀਂ ਤਾਂ...

ਸੀਜੇਪੀ ਦਾ ਅਲਟੀਮੇਟਮ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦੀ, ਤਾਂ ਉਹ ਇੱਕ ਹੋਰ ਪ੍ਰਦਰਸ਼ਨ ਦਾ ਸੱਦਾ ਦੇਣਗੇ।

ਸੀਜੇਪੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਦੱਸਿਆ ਗਿਆ ਹੈ ਕਿ ਅੱਜ ਯਾਨੀ ਸੋਮਵਾਰ ਨੂੰ ਪਾਰਟੀ ਦੇ ਸਹਿ-ਕਨਵੀਨਰ ਆਸ਼ੂਤੋਸ਼ ਰਾਂਕਾ, ਸੌਰਵ ਦਾਸ ਅਤੇ ਕਾਨੂੰਨੀ ਮਾਮਲਿਆਂ ਦੇ ਮੁਖੀ ਰਤਨਾ ਸਿੰਘ ਸਵੇਰੇ 10 ਵਜੇ ਪਾਰਲੀਮੈਂਟ ਸਟ੍ਰੀਟ ਥਾਣੇ ਜਾਣਗੇ।

ਸੀਜੇਪੀ ਨੇ ਦੱਸਿਆ, "ਅਸੀਂ ਜੰਤਰ-ਮੰਤਰ 'ਤੇ ਆਪਣੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਤਰੀਕ ਤੈਅ ਕਰਨ ਦੀ ਮੰਗ ਨੂੰ ਲੈਕੇ ਥਾਣੇ ਜਾਵਾਂਗੇ। ਦਿੱਲੀ ਪੁਲਿਸ ਸਾਨੂੰ 24 ਘੰਟਿਆਂ ਦੇ ਅੰਦਰ ਤਰੀਕ ਦੇ ਸਕਦੀ ਹੈ, ਨਹੀਂ ਤਾਂ ਅਸੀਂ ਖ਼ੁਦ ਆਪਣੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰਾਂਗੇ।"

ਇਸ ਤੋਂ ਇੱਕ ਦਿਨ ਪਹਿਲਾਂ ਯਾਨੀ ਐਤਵਾਰ ਨੂੰ ਹੀ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕੀਤਾ ਗਿਆ ਹੈ।

ਇਸ ਤੋਂ ਬਾਅਦ ਸੀਜੇਪੀ ਵੱਲੋਂ ਕਿਹਾ ਗਿਆ ਸੀ ਕਿ ਸਾਰੇ 'ਕਾਕਰੋਚ' ਪਿੱਛੇ ਹਟ ਜਾਣ, ਜਲਦ ਹੀ ਅਗਲਾ ਸੱਦਾ ਦਿੱਤਾ ਜਾਵੇਗਾ।

ਰਾਹੁਲ ਗਾਂਧੀ ਦਾ ਐਲਾਨ

ਰਾਹੁਲ ਗਾਂਧੀ ਨੇ ਲੋਕਾਂ ਨੂੰ ਪਾਰਟੀ, ਜਾਤੀ, ਧਰਮ, ਭਾਈਚਾਰੇ, ਸੂਬੇ ਅਤੇ ਲਿੰਗਕ ਪਛਾਣ ਤੋਂ ਉੱਪਰ ਉੱਠ ਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ
ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਲੋਕਾਂ ਨੂੰ ਪਾਰਟੀ, ਜਾਤੀ, ਧਰਮ, ਭਾਈਚਾਰੇ, ਸੂਬੇ ਅਤੇ ਲਿੰਗਕ ਪਛਾਣ ਤੋਂ ਉੱਪਰ ਉੱਠ ਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਸੁਪਰੀਮ ਕੋਰਟ ਤੱਕ ਮਾਰਚ ਦਾ ਐਲਾਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, "ਵਿਰੋਧੀ ਪਾਰਟੀਆਂ, ਸਿਵਲ ਸੁਸਾਇਟੀ ਦੇ ਸੰਗਠਨ ਅਤੇ ਆਮ ਨਾਗਰਿਕ 'ਵੋਟ ਚੋਰੀ' ਨੂੰ ਰੋਕਣ, ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਨੂੰ ਤੁਰੰਤ ਬੰਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਮਾਰਚ ਕਰਨਗੇ।"

ਮਾਰਚ ਦੌਰਾਨ ਭਾਰਤ ਦੇ ਮੁੱਖ ਜੱਜ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿੱਚ 'ਵੋਟ ਚੋਰੀ' ਨੂੰ ਰੋਕਣ, ਐੱਸਆਈਆਰ ਪ੍ਰਕਿਰਿਆ ਨੂੰ ਬੰਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੀਤੀ ਇੱਕ ਪੋਸਟ ਵਿੱਚ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਪਹੁੰਚੇ ਨੌਜਵਾਨਾਂ 'ਤੇ ਪੁਲਿਸ ਅਤੇ ਭਾਜਪਾ ਦੇ ਵਰਕਰਾਂ ਨੇ ਹਮਲਾ ਕੀਤਾ।

ਉਨ੍ਹਾਂ ਕਿਹਾ, "ਪ੍ਰਦਰਸ਼ਨਕਾਰੀ ਨਫ਼ਰਤ ਜਾਂ ਗੁੱਸੇ ਨਾਲ ਨਹੀਂ, ਸਗੋਂ ਪਿਆਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਭਾਵਨਾ ਨਾਲ ਆਏ ਸਨ।"

ਰਾਹੁਲ ਗਾਂਧੀ ਨੇ ਲੋਕਾਂ ਨੂੰ ਪਾਰਟੀ, ਜਾਤੀ, ਧਰਮ, ਭਾਈਚਾਰੇ, ਸੂਬੇ ਅਤੇ ਲਿੰਗਕ ਪਛਾਣ ਤੋਂ ਉੱਪਰ ਉੱਠ ਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਦਿੱਲੀ ਦੇ ਇਹ 6 ਮੈਟਰੋ ਸਟੇਸ਼ਨ ਰਹਿਣਗੇ ਬੰਦ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ
ਤਸਵੀਰ ਕੈਪਸ਼ਨ, ਡੀਐਮਆਰਸੀ ਨੇ ਕਿਹਾ ਹੈ ਕਿ ਇਨ੍ਹਾਂ ਸਟੇਸ਼ਨਾਂ 'ਤੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਯਾਤਰੀਆਂ ਦੇ ਦਾਖ਼ਲੇ ਅਤੇ ਬਾਹਰ ਜਾਣ 'ਤੇ ਪਾਬੰਦੀ ਰਹੇਗੀ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਕਰੀਬ 10 ਘੰਟਿਆਂ ਲਈ 6 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ।

ਡੀਐਮਆਰਸੀ ਨੇ ਕਿਹਾ ਹੈ ਕਿ ਇਨ੍ਹਾਂ ਸਟੇਸ਼ਨਾਂ 'ਤੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਯਾਤਰੀਆਂ ਦੇ ਦਾਖ਼ਲੇ ਅਤੇ ਬਾਹਰ ਜਾਣ 'ਤੇ ਪਾਬੰਦੀ ਰਹੇਗੀ।

ਡੀਐਮਆਰਸੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ, "ਸੁਰੱਖਿਆ ਕਾਰਨਾਂ ਕਰਕੇ 12 ਅਕਤੂਬਰ, 2026 ਨੂੰ ਸਵੇਰੇ 06:00 ਵਜੇ ਤੋਂ ਸ਼ਾਮ 04:00 ਵਜੇ ਤੱਕ ਇਨ੍ਹਾਂ ਮੈਟਰੋ ਸਟੇਸ਼ਨਾਂ 'ਤੇ ਦਾਖ਼ਲੇ ਅਤੇ ਬਾਹਰ ਜਾਣ ਦੇ ਰਸਤੇ ਬੰਦ ਰਹਿਣਗੇ।"

"ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਥਿਤੀ ਦੀ ਸਮੀਖਿਆ ਕਰਨਗੀਆਂ ਅਤੇ ਲੋੜ ਅਨੁਸਾਰ ਨਵੀਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹਾਲਾਂਕਿ, ਸਾਰੇ ਸਬੰਧਤ ਮੈਟਰੋ ਸਟੇਸ਼ਨਾਂ 'ਤੇ ਮੈਟਰੋ ਬਦਲਣ ਦੀ ਸਹੂਲਤ ਉਪਲੱਬਧ ਰਹੇਗੀ।"

ਇਹ ਛੇ ਮੈਟਰੋ ਸਟੇਸ਼ਨ ਰਹਿਣਗੇ ਬੰਦ - ਪਟੇਲ ਚੌਕ, ਜਨਪਥ, ਰਾਜੀਵ ਚੌਕ, ਮੰਡੀ ਹਾਊਸ, ਸੈਂਟਰਲ ਸੈਕ੍ਰੇਟੇਰੀਅਟ ਅਤੇ ਬਾਰਾਖੰਬਾ ਰੋਡ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਮਾਰਚ ਕੱਢਣ ਵਾਲੇ ਹਨ।

ਪੁਲਿਸ ਦਾ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਣਾ ਗਲਤ - ਪਰਮਜੀਤ ਸਿੰਘ ਸਰਨਾ

ਪਰਮਜੀਤ ਸਿੰਘ ਸਰਨਾ

ਪੁਲਿਸ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਅੰਦਰ ਦਾਖਲ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ਼੍ਰੋਮਣੀ ਪਰਮਜੀਤ ਸਿੰਘ ਸਰਨਾ ਨੇ ਨਰਾਜ਼ਗੀ ਜਤਾਈ ਹੈ।

ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਕੱਲ੍ਹ ਜਦੋਂ ਦਿੱਲੀ ਵਿੱਚ ਮਾਰਚ ਕੱਢਿਆ ਜਾ ਰਿਹਾ ਸੀ ਅਤੇ ਲੋਕ ਇਕੱਠੇ ਹੋ ਰਹੇ ਸਨ, ਤਾਂ ਪੁਲਿਸ ਉਨ੍ਹਾਂ ਨੂੰ ਖਦੇੜ ਰਹੀ ਸੀ। ਜੇਕਰ ਪ੍ਰਦਰਸ਼ਨਕਾਰੀ ਗੁਰਦੁਆਰੇ ਦੇ ਅੰਦਰ ਚਲੇ ਗਏ ਸਨ, ਤਾਂ ਪੁਲਿਸ ਦੋਵਾਂ ਗੇਟਾਂ ਦੇ ਬਾਹਰ ਖੜ੍ਹੀ ਹੋ ਸਕਦੀ ਸੀ ਅਤੇ ਉਨ੍ਹਾਂ ਨੂੰ ਦੱਸ ਸਕਦੀ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਦੇ ਅੰਦਰ ਲੁਕਣ ਦੀ ਇਜਾਜ਼ਤ ਨਹੀਂ ਹੈ, ਪਰ ਪੁਲਿਸ ਦਾ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਣਾ ਗਲਤ ਹੈ।"

ਗੁਰਦੁਆਰਾ ਬੰਗਲਾ ਸਾਹਿਬ ਅੰਦਰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵੜਨ ਦਾ ਮਾਮਲਾ, ਹੁਣ ਤੱਕ ਕੀ-ਕੀ ਹੋਇਆ

ਗੁਰਦੁਆਰਾ ਬੰਗਲਾ ਸਾਹਿਬ

ਦਿੱਲੀ ਵਿੱਚ ਚੱਲੇ ਰਹੇ ਪ੍ਰਦਰਸ਼ਨ ਦੌਰਾਨ ਸ਼ਨੀਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਾਖਲ ਹੋਣ ਅਤੇ ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਿਆਸਤ ਭਖ ਗਈ ਹੈ।

ਇਸ ਪੂਰੇ ਘਟਨਾਕ੍ਰਮ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਪ੍ਰਗਟਾਏ ਗਏ ਹਨ ਤੇ ਕਿਹਾ ਗਿਆ ਹੈ ਕਿ ਗੁਰੂ ਘਰ ਅੰਦਰ ਕਿਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਇਹ ਵੀ ਕਿਹਾ ਹੈ ਕਿ ਸੰਗਤ ਵਜੋਂ ਗੁਰੂ ਘਰ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਰੋਕਿਆ ਨਹੀਂ ਜਾਵੇਗਾ।

ਦੂਜੇ ਪਾਸੇ, ਵੱਖ-ਵੱਖ ਸਿਆਸਤਦਾਨ ਵੀ ਇਸ ਮੁੱਦੇ 'ਤੇ ਸਖਤ ਟਿੱਪਣੀਆਂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ।

ਦਿੱਲੀ ਪੁਲਿਸ ਦੇ ਗੁਰਦੁਆਰਾ ਪਰਿਸਰ 'ਚ ਦਾਖਲ ਹੋਣ ਦਾ ਵੀਡੀਓ ਸ਼ੇਅਰ ਕਰਦਿਆਂ ਕਈ ਸਿਆਸੀ ਆਗੂਆਂ ਨੇ ਪੁਲਿਸ ਦੀ ਕਾਰਵਾਈ ਨੂੰ ਗਲਤ ਦੱਸਿਆ। ਇਸ ਦੌਰਾਨ ਕਈਆਂ ਵੱਲੋਂ ਪੁਲਿਸ ਦੁਆਰਾ ਪਰਿਸਰ ਅੰਦਰ ਜੁੱਤੇ ਪਹਿਨ ਕੇ ਜਾਣ ਅਤੇ ਸਿਰ ਨਾ ਢਕਿਆ ਹੋਣ 'ਤੇ ਵੀ ਸਵਾਲ ਚੁੱਕੇ ਗਏ।

ਪੁਲਿਸ ਨੇ ਇਸ ਮਾਮਲੇ 'ਤੇ ਅਧਿਕਾਰਿਤ ਬਿਆਨ ਜਾਰੀ ਕਰ ਕੇ ਕਿਹਾ ਹੈ ਉਹ ਪੁਲਿਸ ਕਰਮਚਾਰੀ ਗੁਰੁਦਆਰਾ ਪਰਿਸਰ ਵਿੱਚ ਕੇਵਲ ਉਸੇ ਥਾਂ ਤੱਕ ਗਏ ਸਨ, ਜਿੱਥੋਂ ਤੱਕ ਆਮ ਸੰਗਤ ਜੋੜਾ ਘਰ ਲਈ ਜਾਂਦੀ ਹੈ।

ਗੁਰਦੁਆਰਾ ਅਥਾਰਿਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੁਲਿਸ ਆਈ ਸੀ ਅਤੇ ਉਸ ਨੇ ਗੁਰਦੁਆਰਾ ਸਾਹਿਬ ਦੀ ਕਿਸੇ ਮਰਿਆਦਾ ਨੂੰ ਭੰਗ ਨਹੀਂ ਕੀਤਾ ਹੈ।

ਪੂਰੀ ਖ਼ਬਰ ਪੜਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)