ਏਅਰ ਇੰਡੀਆ ਦੇ ਪਾਇਲਟ ਦਾ ਕਥਿਤ 'ਮਾਰੂਆਨਾ ਟੈਸਟ': ਇਸ ਟੈਸਟ ਤੋਂ ਬਾਅਦ ਕਿਸੇ ਪਾਇਲਟ ਵੱਲੋਂ ਜਹਾਜ਼ ਉਠਾਉਣ ਦੀ ਸਮਰਥਾ ਬਾਰੇ ਕੀ ਪਤਾ ਲੱਗਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਅਜਿਹੀਆਂ ਖ਼ਬਰਾਂ ਹਨ ਕਿ ਇੱਕ ਏਅਰ ਇੰਡੀਆ ਪਾਇਲਟ ਦੀ ਫ਼ਲਾਈਟ ਤੋਂ ਬਾਅਦ ਕੈਨਬਿਸ (ਗਾਂਜੇ) ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਅਜਿਹੀ ਜਾਣਕਾਰੀ ਲੱਗਦੀ ਹੈ ਜਿਸ 'ਤੇ ਐਵੀਏਸ਼ਨ ਜਾਂਚਕਰਤਾਵਾਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਪਰ ਇਸ ਰਿਪੋਰਟ ਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਜੇ ਪੁਸ਼ਟੀ ਹੋ ਵੀ ਜਾਂਦੀ ਹੈ, ਤਾਂ ਵੀ ਇਹ ਜ਼ਰੂਰੀ ਨਹੀਂ ਕਿ ਇਹ ਉਹੀ ਪੱਕਾ ਸਬੂਤ ਹੋਵੇ, ਜਿਵੇਂ ਕਿ ਲੱਗ ਰਿਹਾ ਹੈ।
4 ਅਗਸਤ ਨੂੰ ਫੁਕੇਟ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਏਅਰਬੱਸ ਏ320 ਦੀ ਉਚਾਈ ਅਚਾਨਕ ਲਗਭਗ 91 ਮੀਟਰ (300 ਫੁੱਟ) ਘੱਟ ਹੋ ਗਈ। ਇਸ ਨਾਲ 13 ਯਾਤਰੀ ਅਤੇ ਚਾਰ ਕਰੂ ਮੈਂਬਰ ਜ਼ਖ਼ਮੀ ਹੋ ਗਏ। 137 ਯਾਤਰੀਆਂ ਅਤੇ ਅੱਠ ਕਰੂ ਮੈਂਬਰਾਂ ਵਾਲਾ ਇਹ ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਉਤਰ ਗਿਆ। ਇਸ ਘਟਨਾ ਦੀ ਜਾਂਚ ਚੱਲ ਰਹੀ ਹੈ।
ਭਾਰਤ ਦੇ ਐਵੀਏਸ਼ਨ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਪਾਇਲਟਾਂ ਦੀ ਫ਼ਲਾਈਟ ਤੋਂ ਬਾਅਦ ਸਾਈਕੋਐਕਟਿਵ ਪਦਾਰਥਾਂ (ਨਸ਼ੀਲੇ ਪਦਾਰਥਾਂ) ਲਈ ਰੂਟੀਨ ਜਾਂਚ ਕੀਤੀ ਗਈ।
ਮੰਤਰਾਲੇ ਨੇ ਕਿਹਾ ਕਿ ਕੈਪਟਨ ਦੀ ਸ਼ੁਰੂਆਤੀ ਜਾਂਚ ਦਾ ਨਤੀਜਾ ਅਜਿਹਾ ਸੀ ਜਿਸ ਲਈ 'ਪੁਸ਼ਟੀ ਕਰਨ ਵਾਲੀ ਜਾਂਚ' ਦੀ ਲੋੜ ਸੀ। ਜਾਂਚ ਪੂਰੀ ਹੋਣ ਤੱਕ ਦੋਵੇਂ ਪਾਇਲਟਾਂ ਨੂੰ ਫ਼ਲਾਈਟ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕਈ ਮੀਡੀਆ ਰਿਪੋਰਟਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਬਾਅਦ ਵਿੱਚ ਲੈਬ ਵਿੱਚ ਹੋਏ ਕਨਫ਼ਰਮੇਟਰੀ ਟੈਸਟ ਵਿੱਚ ਕੈਪਟਨ ਮਾਰੂਆਨਾ (ਗਾਂਜੇ) ਲਈ ਪਾਜ਼ੀਟਿਵ ਪਾਏ ਗਏ।
ਏਅਰ ਇੰਡੀਆ ਨੇ ਇਸ ਨਤੀਜੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਇਨ੍ਹਾਂ ਰਿਪੋਰਟਾਂ ਨੇ ਭਾਰਤ ਵਿੱਚ ਪਾਇਲਟਾਂ ਦੇ ਡਰੱਗ ਟੈਸਟ ਅਤੇ ਐਵੀਏਸ਼ਨ ਸੇਫ਼ਟੀ ਨੂੰ ਲੈ ਕੇ ਬਹਿਸ ਛੇੜ ਦਿੱਤੀ ਹੈ।
ਹੁਣ ਤੱਕ ਕੈਪਟਨ ਦੇ ਕਥਿਤ ਡਰੱਗ-ਟੈਸਟ ਦੇ ਨਤੀਜੇ ਅਤੇ ਜਹਾਜ਼ ਦੀ ਉਚਾਈ ਵਿੱਚ ਅਚਾਨਕ ਆਈ ਕਮੀ ਵਿਚਕਾਰ ਕੋਈ ਅਧਿਕਾਰਿਤ ਸਬੰਧ ਨਹੀਂ ਮਿਲਿਆ ਹੈ।
ਜਾਂਚਕਰਤਾ ਇਸ ਘਟਨਾ ਦੀ ਵਿਆਪਕ ਪੱਧਰ 'ਤੇ ਜਾਂਚ ਕਰ ਰਹੇ ਹਨ, ਜਿਸ ਵਿੱਚ ਤਕਨੀਕੀ, ਆਪ੍ਰੇਸ਼ਨਲ, ਮੈਡੀਕਲ ਅਤੇ ਮਨੁੱਖੀ ਪੱਖ ਸ਼ਾਮਿਲ ਹਨ। ਅਜੇ ਇਹ ਸਪਸ਼ਟ ਨਹੀਂ ਹੈ ਕਿ ਜਹਾਜ਼ ਦੇ ਅਚਾਨਕ ਹੇਠਾਂ ਆਉਣ ਦੀ ਵਜ੍ਹਾ ਕੀ ਸੀ।
ਸਪਸ਼ਟ ਸਵਾਲ ਇਹ ਹੈ ਕਿ ਕੀ ਇਸ ਵਿੱਚ ਕੈਨਬਿਸ (ਗਾਂਜੇ) ਦੀ ਕੋਈ ਭੂਮਿਕਾ ਸੀ?
ਘੱਟ ਸਪਸ਼ਟ ਪਰ ਜ਼ਿਆਦਾ ਮੁਸ਼ਕਿਲ ਸਵਾਲ ਇਹ ਹੈ - ਕੈਨਬਿਸ ਟੈਸਟ ਦਾ ਪਾਜ਼ੀਟਿਵ ਨਤੀਜਾ ਅਸਲ ਵਿੱਚ ਸਾਨੂੰ ਪਾਇਲਟ ਦੀ ਕੁਝ ਘੰਟੇ ਪਹਿਲਾਂ ਦੀ ਮਾਨਸਿਕ ਸਥਿਤੀ ਬਾਰੇ ਕੀ ਦੱਸਦਾ ਹੈ?
ਪਰਫ਼ਾਰਮੈਂਸ 'ਤੇ ਅਸਰ

ਤਸਵੀਰ ਸਰੋਤ, Bloomberg via Getty Images
ਕੈਨਬਿਸ ਜਟਿਲ ਕੰਮਾਂ ਨੂੰ ਕਰਨ ਦੀ ਸਮਰੱਥਾ 'ਤੇ ਕਿਵੇਂ ਅਸਰ ਪਾਉਂਦਾ ਹੈ, ਇਸ ਬਾਰੇ ਕਾਫ਼ੀ ਜਾਣਕਾਰੀ ਮੌਜੂਦ ਹੈ। ਪਰ ਪਾਜ਼ੀਟਿਵ ਟੈਸਟ ਦੇ ਆਧਾਰ 'ਤੇ ਇਹ ਕਿਵੇਂ ਤੈਅ ਕੀਤਾ ਜਾਵੇ ਕਿ ਪਾਇਲਟ ਕਿਸ ਸਮੇਂ ਕੰਮ ਕਰਨ ਦੀ ਸਹੀ ਹਾਲਤ ਵਿੱਚ ਨਹੀਂ ਸੀ, ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ।
ਸਭ ਤੋਂ ਸਿੱਧੇ ਤੌਰ 'ਤੇ ਸਬੰਧਿਤ ਕੁਝ ਸਬੂਤ ਇੱਕ ਕਾਫ਼ੀ ਵੱਖਰੇ ਸਰੋਤ ਤੋਂ ਮਿਲਦੇ ਹਨ - ਪਾਇਲਟਾਂ ਤੋਂ।
1976 ਦੇ ਇੱਕ ਐਕਸਪੇਰੀਮੈਂਟ ਵਿੱਚ 10 ਪਾਇਲਟਾਂ ਨੇ ਥੋੜ੍ਹੀ ਮਾਤਰਾ ਵਿੱਚ ਮਾਰੂਆਨਾ ਦਾ ਸੇਵਨ ਕੀਤਾ ਅਤੇ ਫਿਰ ਇੱਕ ਸਿਮੁਲੇਟਰ ਉਡਾਇਆ। ਉਨ੍ਹਾਂ ਦੀ ਪਰਫ਼ਾਰਮੈਂਸ ਖ਼ਰਾਬ ਹੋ ਗਈ। ਉਨ੍ਹਾਂ ਤੋਂ ਉਚਾਈ, ਦਿਸ਼ਾ ਅਤੇ ਰੇਡੀਓ ਨੇਵੀਗੇਸ਼ਨ ਵਿੱਚ ਗ਼ਲਤੀਆਂ ਹੋਈਆਂ।
ਅਧਿਐਨ ਵਿੱਚ ਪਾਇਆ ਗਿਆ ਕਿ ਇਸ ਦਾ ਅਸਰ ਘੱਟੋ-ਘੱਟ ਦੋ ਘੰਟਿਆਂ ਤੱਕ ਨਜ਼ਰ ਆਇਆ ਅਤੇ ਆਮ ਤੌਰ 'ਤੇ ਚਾਰ ਤੋਂ ਛੇ ਘੰਟਿਆਂ ਵਿੱਚ ਖ਼ਤਮ ਹੋ ਗਿਆ।
ਇੱਕ ਦਹਾਕੇ ਬਾਅਦ ਰਿਸਰਚਰਾਂ ਨੇ ਇਸ ਸਵਾਲ 'ਤੇ ਫਿਰ ਗੌਰ ਕੀਤਾ ਕਿ ਜਦੋਂ ਮਾਰੂਆਨਾ ਦਾ ਨਸ਼ਾ (ਯਾਨੀ 'ਹਾਈ' ਹੋਣ ਦਾ ਅਹਿਸਾਸ) ਉਤਰ ਜਾਂਦਾ ਹੈ, ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ।
ਕੈਨਬਿਸ (ਗਾਂਜਾ) ਪੀਣ ਦੇ 24 ਘੰਟਿਆਂ ਬਾਅਦ 10 ਤਜਰਬੇਕਾਰ ਨਿੱਜੀ ਪਾਇਲਟਾਂ ਦਾ ਫ਼ਲਾਈਟ ਸਿਮੁਲੇਟਰ 'ਤੇ ਟੈਸਟ ਕੀਤਾ ਗਿਆ। ਕਈ ਪੈਮਾਨਿਆਂ 'ਤੇ ਉਨ੍ਹਾਂ ਦੀ ਪਰਫ਼ਾਰਮੈਂਸ ਵਿੱਚ ਕਾਫ਼ੀ ਗਿਰਾਵਟ ਦੇਖੀ ਗਈ, ਜਿਵੇਂ ਕਿ ਐਲੀਵੇਟਰ ਅਤੇ ਐਲਿਰੌਨ ਕੰਟਰੋਲ, ਲੈਂਡਿੰਗ ਦੀ ਸਟੀਕਤਾ, ਅਤੇ ਅਪ੍ਰੋਚ ਦੌਰਾਨ ਵਰਟੀਕਲ ਅਤੇ ਲੇਟਰਲ ਡੇਵੀਏਸ਼ਨ (ਉਚਾਈ ਅਤੇ ਦਿਸ਼ਾ ਤੋਂ ਭਟਕਣਾ)। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਪਾਇਲਟਾਂ ਨੂੰ ਖ਼ੁਦ ਇਹ ਅਹਿਸਾਸ ਨਹੀਂ ਹੋਇਆ ਕਿ ਉਨ੍ਹਾਂ ਦੀ ਪਰਫ਼ਾਰਮੈਂਸ ਖ਼ਰਾਬ ਹੋ ਗਈ ਹੈ।
1991 ਵਿੱਚ ਹੋਈ ਇੱਕ ਹੋਰ ਅਧਿਐਨ ਵਿੱਚ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਦਿੱਤੀ ਗਈ।
9 ਐਕਟਿਵ ਪਾਇਲਟਾਂ ਨੇ 20ਐਮਜੀ ਟੀਐੱਚਸੀ (ਟੈਟ੍ਰਾਹਾਈਡ੍ਰੋਕੈਨਾਬਿਨੋਲ) ਵਾਲੀ ਸਿਗਰਟ ਪੀਣ ਤੋਂ ਬਾਅਦ ਸਿਮੁਲੇਟਰ ਉਡਾਇਆ। ਟੀਐੱਚਸੀ ਕੈਨਬਿਸ ਵਿੱਚ ਪਾਇਆ ਜਾਣ ਵਾਲਾ ਮੁੱਖ ਸਾਈਕੋਐਕਟਿਵ ਕੰਪਾਊਂਡ ਹੈ ਅਤੇ ਇਹੀ ਉਹ ਕੈਮੀਕਲ ਹੈ ਜੋ 'ਹਾਈ' ਹੋਣ ਦਾ ਅਹਿਸਾਸ ਕਰਾਉਂਦਾ ਹੈ ਅਤੇ ਦਿਮਾਗ ਤੇ ਮੋਟਰ ਸਕਿਲਜ਼ 'ਤੇ ਡਰੱਗ ਦੇ ਕਈ ਪ੍ਰਭਾਵਾਂ ਲਈ ਜ਼ਿੰਮੇਵਾਰ ਹੁੰਦਾ ਹੈ।
15 ਮਿੰਟ, ਚਾਰ ਘੰਟੇ, ਅੱਠ ਘੰਟੇ ਅਤੇ 24 ਘੰਟਿਆਂ ਬਾਅਦ ਜਾਂਚ ਕਰਨ 'ਤੇ ਪਰਫ਼ਾਰਮੈਂਸ ਵਿੱਚ ਕਮੀ ਦੇਖੀ ਗਈ। ਅਧਿਐਨ ਵਿੱਚ ਪਾਇਆ ਗਿਆ ਕਿ ਨੌਂ ਵਿੱਚੋਂ ਸੱਤ ਪਾਇਲਟਾਂ ਵਿੱਚ 24 ਘੰਟਿਆਂ ਬਾਅਦ ਕੁਝ ਕਮੀ ਦਿਖੀ, ਪਰ ਸਿਰਫ਼ ਇੱਕ ਨੂੰ ਹੀ ਇਸਦੇ ਦੇ ਅਸਰ ਬਾਰੇ ਪਤਾ ਸੀ।
ਇਹ ਅਧਿਐਨ ਛੋਟੇ ਅਤੇ ਪੁਰਾਣੇ ਹਨ। ਇਨ੍ਹਾਂ ਨੂੰ ਆਧੁਨਿਕ ਏਅਰਲਾਈਨਰ ਦੀ ਬਜਾਏ ਏਅਰਕ੍ਰਾਫ਼ਟ ਸਿਮੁਲੇਟਰ ਨਾਲ ਕੀਤਾ ਗਿਆ ਸੀ। ਇਨ੍ਹਾਂ ਤੋਂ ਸਾਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਏਅਰ ਇੰਡੀਆ ਦੇ ਕਾਕਪਿਟ ਵਿੱਚ ਕੀ ਹੋਇਆ ਸੀ।
ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਤੋਂ ਸ਼ਾਇਦ ਕੋਈ ਕੰਮ ਦੀ ਗੱਲ ਪਤਾ ਚੱਲਦੀ ਹੈ। ਕੈਨਬਿਸ ਉਸ ਤਰ੍ਹਾਂ ਦੇ ਬਾਰੀਕ ਮੋਟਰ ਕੰਟਰੋਲ, ਧਿਆਨ ਅਤੇ ਜਟਿਲ ਹਿਊਮਨ-ਮਸ਼ੀਨ ਇੰਟਰਐਕਸ਼ਨ ਵਿੱਚ ਰੁਕਾਵਟ ਪਾ ਸਕਦੀ ਹੈ, ਜਿਨ੍ਹਾਂ ਦੀ ਲੋੜ ਉਡਾਣ ਭਰਨ ਲਈ ਹੁੰਦੀ ਹੈ।
ਕਿੰਨੇ ਘੰਟੇ ਰਹਿੰਦਾ ਹੈ ਇਸਦਾ ਅਸਰ

ਤਸਵੀਰ ਸਰੋਤ, /LightRocket via Getty Images
ਆਸਟ੍ਰੇਲੀਆ ਦੇ ਟ੍ਰਾਂਸਪੋਰਟ ਸੇਫ਼ਟੀ ਬਿਊਰੋ ਲਈ ਐਵੀਏਸ਼ਨ-ਮੈਡੀਸਿਨ ਸਪੈਸ਼ਲਿਸਟ ਡੇਵਿਡ ਨਿਊਮੈਨ ਦੀ ਇੱਕ ਸਮੀਖਿਆ ਵੀ ਇਸੇ ਨਤੀਜੇ 'ਤੇ ਪਹੁੰਚੀ।
ਕੈਨਬਿਸ.. ਵਿਵਹਾਰ, ਸੋਚਣ-ਸਮਝਣ ਦੀ ਸਮਰੱਥਾ ਅਤੇ ਸਾਈਕੋਮੋਟਰ ਪਰਫ਼ਾਰਮੈਂਸ 'ਤੇ ਡੋਜ਼ ਦੇ ਹਿਸਾਬ ਨਾਲ ਅਸਰ ਪਾਉਂਦੀ ਹੈ। ਉਡਾਣ ਭਰਨ ਵਰਗੇ ਜਟਿਲ ਕੰਮ ਇਸ ਪ੍ਰਤੀ ਖ਼ਾਸ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ। ਪੜਤਾਲ ਵਿੱਚ 24 ਘੰਟਿਆਂ ਤੱਕ ਅਸਰ ਦੇ ਸਬੂਤ ਵੀ ਮਿਲੇ।
ਹਾਲਾਂਕਿ, ਮਾਮਲਾ ਹੁਣ ਹੋਰ ਵੀ ਗੁੰਝਲਦਾਰ ਹੋ ਗਿਆ ਹੈ ਕਿਉਂਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਕੈਨਬਿਸ ਦੀ ਵਰਤੋਂ ਵਧ ਗਈ ਹੈ ਅਤੇ ਕੈਨਬਿਸ ਤੋਂ ਬਣੇ ਉਤਪਾਦਾਂ ਦੀ ਤਾਕਤ ਵੀ ਵਧ ਗਈ ਹੈ।
ਕੈਲੀਫ਼ੋਰਨੀਆ ਯੂਨੀਵਰਸਿਟੀ, ਸੈਨ ਡਿਏਗੋ ਦੇ ਥੌਮਸ ਮਾਰਕੋਟ ਦੀ ਅਗਵਾਈ ਵਿੱਚ ਸਾਲ 2022 ਵਿੱਚ ਹੋਏ ਇੱਕ ਰੈਂਡਮਾਈਜ਼ਡ ਕਲੀਨਿਕਲ ਟ੍ਰਾਇਲ ਵਿੱਚ ਕੈਨਬਿਸ ਦੀ ਨਿਯਮਿਤ ਵਰਤੋਂ ਕਰਨ ਵਾਲੇ 191 ਲੋਕਾਂ 'ਤੇ ਟੈਸਟ ਕੀਤਾ ਗਿਆ।
ਜਿਨ੍ਹਾਂ ਲੋਕਾਂ ਨੇ ਟੀਐੱਚਸੀ ਦਾ ਸੇਵਨ ਕੀਤਾ ਸੀ, ਉਨ੍ਹਾਂ ਨੇ ਸਿਮੁਲੇਟਿਡ ਡਰਾਈਵਿੰਗ ਟਾਸਕ ਵਿੱਚ ਖ਼ਰਾਬ ਪਰਫ਼ਾਰਮੈਂਸ ਕੀਤੀ। ਪਰ ਖੋਜਕਾਰਾਂ ਨੇ ਪਾਇਆ ਕਿ ਕੈਨਬਿਸ ਵਿੱਚ ਟੀਐੱਚਸੀ ਦੀ ਮਾਤਰਾ, ਵਰਤੋਂ ਕਰਨ ਵਾਲਿਆਂ ਦੇ ਪਿਛਲੇ ਤਜਰਬੇ ਜਾਂ ਉਨ੍ਹਾਂ ਦੇ ਖ਼ੂਨ ਵਿੱਚ ਟੀਐੱਚਸੀ ਦੀ ਮਾਤਰਾ ਤੋਂ ਪਰਫ਼ਾਰਮੈਂਸ ਵਿੱਚ ਕਮੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੀ।
ਸ਼ੁਰੂਆਤ ਵਿੱਚ ਡਰੱਗ ਨੇ ਪਰਫ਼ਾਰਮੈਂਸ 'ਤੇ ਬੁਰਾ ਅਸਰ ਪਾਇਆ। ਪਰ ਲਗਭਗ ਸਾਢੇ ਚਾਰ ਘੰਟਿਆਂ ਬਾਅਦ, ਜਿਨ੍ਹਾਂ ਲੋਕਾਂ ਨੇ ਇਸ ਦਾ ਸੇਵਨ ਕੀਤਾ ਸੀ, ਉਹ ਵੀ ਉਨਾ ਹੀ ਚੰਗਾ ਪ੍ਰਦਰਸ਼ਨ ਕਰ ਰਹੇ ਸਨ ਜਿੰਨਾ ਕਿ ਉਹ ਲੋਕ ਜਿਨ੍ਹਾਂ ਨੇ ਐਕਟਿਵ ਡਰੱਗ ਨਹੀਂ ਲਈ ਸੀ।
ਇਹ ਨਤੀਜਾ ਐਵੀਏਸ਼ਨ ਟੈਸਟਿੰਗ ਲਈ ਬਹੁਤ ਅਹਿਮ ਹੈ।
ਪਾਜ਼ੀਟਿਵ ਟੈਸਟ ਤੋਂ ਇਹ ਤਾਂ ਪਤਾ ਲੱਗ ਸਕਦਾ ਹੈ ਕਿ ਟੀਐੱਚਸੀ ਮੌਜੂਦ ਹੈ, ਪਰ ਇਸ ਨਾਲ ਇਹ ਜ਼ਰੂਰੀ ਨਹੀਂ ਕਿ ਇਹ ਪਤਾ ਚੱਲ ਸਕੇ ਕਿ ਕੈਨਬਿਸ ਦਾ ਸੇਵਨ ਕਦੋਂ ਕੀਤਾ ਗਿਆ ਸੀ ਜਾਂ ਉਸ ਸਮੇਂ ਵਿਅਕਤੀ 'ਤੇ ਇਸ ਦਾ ਕਿੰਨਾ ਅਸਰ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਬੰਧ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਕਿੰਨੀ ਮਾਤਰਾ ਵਿੱਚ ਸੇਵਨ ਕੀਤਾ ਗਿਆ, ਕਿਵੇਂ ਸੇਵਨ ਕੀਤਾ ਗਿਆ, ਕਿੰਨੀ ਵਾਰ ਇਸਤੇਮਾਲ ਕੀਤਾ ਗਿਆ ਅਤੇ ਵਿਅਕਤੀ ਦਾ ਸਰੀਰ ਕਿਹੋ ਜਿਹਾ ਹੈ।
ਇਹੀ ਇੱਕ ਕਾਰਨ ਹੈ ਕਿ ਕੈਨਬਿਸ ਨੂੰ ਲੈਕੇ ਰੈਗੂਲੇਟਰਾਂ ਦੇ ਸਾਹਮਣੇ ਅਜਿਹੀ ਸਮੱਸਿਆ ਆਉਂਦੀ ਹੈ, ਜੋ ਸ਼ਰਾਬ ਦੇ ਮਾਮਲੇ ਵਿੱਚ ਨਹੀਂ ਹੁੰਦੀ।
ਮਾਰਕੋਟ ਨੇ ਬੀਬੀਸੀ ਨੂੰ ਦੱਸਿਆ, "ਸ਼ਰਾਬ ਦੇ ਮਾਮਲੇ ਵਿੱਚ ਖ਼ੂਨ ਵਿੱਚ ਸ਼ਰਾਬ ਦੀ ਮਾਤਰਾ ਅਤੇ ਇਸ ਨਾਲ ਹੋਣ ਵਾਲੀ ਅਸਮਰੱਥਤਾ ਵਿਚਕਾਰ ਇੱਕ ਮਜ਼ਬੂਤ ਸਬੰਧ ਹੁੰਦਾ ਹੈ। ਪਰ ਟੀਐੱਚਸੀ ਦੇ ਮਾਮਲੇ ਵਿੱਚ ਇਹ ਸਬੰਧ ਬਹੁਤ ਗੁੰਝਲਦਾਰ ਹੈ। ਸਮੋਕਿੰਗ ਤੋਂ ਬਾਅਦ ਟੀਐੱਚਸੀ ਤੇਜ਼ੀ ਨਾਲ ਖ਼ੂਨ ਵਿੱਚੋਂ ਨਿੱਕਲ ਜਾਂਦਾ ਹੈ। ਖ਼ੂਨ ਵਿੱਚ ਟੀਐੱਚਸੀ ਦੀ ਮਾਤਰਾ ਅਤੇ ਅਸਮਰੱਥਤਾ ਵਿਚਕਾਰ ਬਹੁਤ ਘੱਟ ਜਾਂ ਕੋਈ ਸਬੰਧ ਨਹੀਂ ਹੁੰਦਾ।"
"ਜੋ ਲੋਕ ਕਦੇ-ਕਦਾਈਂ ਵੀ ਇਸ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ ਵਿੱਚ ਆਖ਼ਰੀ ਵਾਰ ਇਸਤੇਮਾਲ ਕਰਨ ਦੇ ਕਈ ਦਿਨਾਂ ਅਤੇ ਕਦੇ-ਕਦੇ ਹਫ਼ਤਿਆਂ ਬਾਅਦ ਵੀ ਖ਼ੂਨ ਵਿੱਚ ਟੀਐੱਚਸੀ ਦਾ ਪਤਾ ਲੱਗ ਸਕਦਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਵਿੱਚ, ਜੋ ਜ਼ਿਆਦਾ ਵਾਰ ਇਸ ਦਾ ਇਸਤੇਮਾਲ ਕਰਦੇ ਹਨ। ਇਹ ਸਮਾਂ, ਉਸ ਸਮੇਂ ਤੋਂ ਬਾਅਦ ਦਾ ਹੁੰਦਾ ਹੈ ਜਦੋਂ ਇਸ ਦਾ ਤੁਰੰਤ ਹੋਣ ਵਾਲਾ ਅਸਰ ਖ਼ਤਮ ਹੋ ਚੁੱਕਾ ਹੁੰਦਾ ਹੈ।"
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੈਨਬਿਸ ਪੀਣ ਤੋਂ ਬਾਅਦ ਇਸ ਦਾ ਅਸਰ ਆਮ ਤੌਰ 'ਤੇ ਤਿੰਨ ਤੋਂ ਪੰਜ ਘੰਟਿਆਂ ਤੱਕ ਰਹਿੰਦਾ ਹੈ। ਜਦੋਂ ਕੈਨਬਿਸ ਨੂੰ ਕਿਸੇ ਖਾਣ ਵਾਲੀ ਚੀਜ਼ ਵਿੱਚ ਮਿਲਾ ਕੇ ਲਿਆ ਜਾਵੇ, ਤਾਂ ਇਸ ਦਾ ਅਸਰ ਜ਼ਿਆਦਾ ਦੇਰ ਤੱਕ ਰਹਿੰਦਾ ਹੈ। ਆਮ ਤੌਰ 'ਤੇ ਛੇ ਤੋਂ ਅੱਠ ਘੰਟੇ, ਅਤੇ ਕਦੇ-ਕਦੇ ਇਸ ਤੋਂ ਵੀ ਜ਼ਿਆਦਾ।
ਸੋਚਣ-ਸਮਝਣ ਦੀ ਸਮਰੱਥਾ 'ਤੇ ਅਸਰ

ਤਸਵੀਰ ਸਰੋਤ, Getty Images
ਮਾਰਕੋਟ ਦਾ ਕਹਿਣਾ ਹੈ ਕਿ ਖਾਣ ਵਾਲੀਆਂ ਚੀਜ਼ਾਂ ਦੇ ਜ਼ਰੀਏ ਕੈਨਬਿਸ ਲੈਣ 'ਤੇ, ਮੈਟਾਬੋਲਾਈਟ 11-ਓਐੱਚ-ਟੀਐੱਚਸੀ (11-ਹਾਈਡ੍ਰੋਕਸੀ-ਟੀਐੱਚਸੀ) ਦਾ ਸਬੰਧ ਸੋਚਣ-ਸਮਝਣ ਦੀ ਸਮਰੱਥਾ 'ਤੇ ਪੈਣ ਵਾਲੇ ਅਸਰ ਨਾਲੋਂ ਜ਼ਿਆਦਾ ਹੁੰਦਾ ਹੈ, ਜਦਕਿ ਟੀਐੱਚਸੀ ਦੀ ਮਾਤਰਾ ਘੱਟ ਹੋ ਸਕਦੀ ਹੈ।
ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੈਨਬਿਸ ਦਾ ਅਜਿਹਾ ਕੋਈ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਟੈਸਟ ਨਹੀਂ ਹੈ, ਜੋ ਇਹ ਦੱਸ ਸਕੇ ਕਿ ਇਹ ਵਿਅਕਤੀ ਇਸ ਵੇਲੇ ਇੰਨਾ ਪ੍ਰਭਾਵਿਤ ਹੈ ਕਿ ਜਹਾਜ਼ ਨਹੀਂ ਉਡਾ ਸਕਦਾ।
ਕੈਨੇਡਾ ਨੇ ਇਸ ਮਾਮਲੇ ਵਿੱਚ ਬਹੁਤ ਸਖ਼ਤ ਰੁਖ਼ ਅਪਣਾਇਆ ਹੈ। ਸਾਲ 2018 ਵਿੱਚ ਮਨੋਰੰਜਨ ਲਈ ਕੈਨਬਿਸ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇਣ ਤੋਂ ਬਾਅਦ, ਟਰਾਂਸਪੋਰਟ ਕੈਨੇਡਾ ਨੇ ਇੱਕ ਨਿਯਮ ਲਾਗੂ ਕੀਤਾ, ਜਿਸਦੇ ਤਹਿਤ ਫ਼ਲਾਈਟ ਕਰੂ ਅਤੇ ਫ਼ਲਾਈਟ ਕੰਟਰੋਲਰਾਂ ਲਈ ਡਿਊਟੀ ਤੋਂ ਘੱਟੋ-ਘੱਟ 28 ਦਿਨ ਪਹਿਲਾਂ ਤੱਕ ਕੈਨਬਿਸ ਦਾ ਸੇਵਨ ਕਰਨਾ ਮਨ੍ਹਾ ਹੈ।
ਰੈਗੂਲੇਟਰ ਦਾ ਕਹਿਣਾ ਹੈ ਕਿ ਇਸ ਨਿਯਮ ਦਾ ਮਕਸਦ ਕੈਨਬਿਸ ਦੇ ਅਸਰ ਅਤੇ ਇਸ ਦੀ ਪਛਾਣ ਨਾਲ ਜੁੜੀਆਂ ਅਨਿਸ਼ਚਿਤਤਾਵਾਂ ਨੂੰ ਦੂਰ ਕਰਨਾ ਸੀ। ਏਅਰਲਾਈਨਾਂ ਇਸ ਤੋਂ ਵੀ ਸਖ਼ਤ ਨਿਯਮ ਲਾਗੂ ਕਰ ਸਕਦੀਆਂ ਹਨ।
ਅਮਰੀਕੀ ਐਵੀਏਸ਼ਨ ਦਾ ਤਜਰਬਾ ਵੀ ਇਸ ਗੱਲ ਦੀ ਚੇਤਾਵਨੀ ਦਿੰਦਾ ਹੈ ਕਿ ਪਾਜ਼ੀਟਿਵ ਟੈਸਟ ਦੇ ਨਤੀਜਿਆਂ ਦਾ ਬਹੁਤ ਜ਼ਿਆਦਾ ਮਤਲਬ ਨਹੀਂ ਕੱਢਣਾ ਚਾਹੀਦਾ।
ਸਾਲ 2018 ਅਤੇ 2022 ਦੇ ਵਿਚਕਾਰ ਅਮਰੀਕਾ ਵਿੱਚ ਸਿਵਲ ਐਵੀਏਸ਼ਨ ਹਾਦਸਿਆਂ ਵਿੱਚ ਮਾਰੇ ਗਏ ਪਾਇਲਟਾਂ 'ਤੇ ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ (ਐਨਟੀਐਸਬੀ) ਦੀ 2026 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 52.8 ਫ਼ੀਸਦੀ ਪਾਇਲਟਾਂ ਵਿੱਚ ਘੱਟੋ-ਘੱਟ ਇੱਕ ਡਰੱਗ ਦਾ ਪਤਾ ਲੱਗਾ। ਜਦਕਿ 27.7 ਫ਼ੀਸਦੀ ਵਿੱਚ ਦੋ ਜਾਂ ਉਸ ਤੋਂ ਜ਼ਿਆਦਾ ਡਰੱਗਜ਼ ਪਾਈਆਂ ਗਈਆਂ।
ਗੈਰ-ਕਾਨੂੰਨੀ ਡਰੱਗਜ਼ ਮਿਲਣ ਵਿੱਚ ਵਾਧੇ ਦੀ ਮੁੱਖ ਵਜ੍ਹਾ ਟੀਐੱਚਸੀ ਸੀ। ਪਰ ਐਨਟੀਐਸਬੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਐਨ ਡਰੱਗਜ਼ ਦੀ ਮੌਜੂਦਗੀ ਬਾਰੇ ਸੀ, ਨਾ ਕਿ ਇਸ ਬਾਰੇ ਕਿ ਪਾਇਲਟ ਦੀ ਸਮਰੱਥਾ 'ਤੇ ਕੋਈ ਅਸਰ ਪਿਆ ਸੀ ਜਾਂ ਨਹੀਂ।
ਕੈਨਬਿਸ ਟੈਸਟ ਪਾਜ਼ੀਟਿਵ ਹੋਣ ਦਾ ਮਤਲਬ

ਤਸਵੀਰ ਸਰੋਤ, Getty Images
ਸਪਸ਼ਟ ਹੈ ਕਿ ਕਿਸੇ ਦੇ ਸਰੀਰ ਵਿੱਚ ਕੈਨਬਿਸ ਮਿਲਣ ਨਾਲ ਹੀ ਇਹ ਸਾਬਿਤ ਨਹੀਂ ਹੋ ਜਾਂਦਾ ਕਿ ਉਸੇ ਕਾਰਨ ਕੋਈ ਘਟਨਾ ਜਾਂ ਹਾਦਸਾ ਹੋਇਆ।
ਪਰ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਵਿੱਚ ਜਾਂਚਕਰਤਾਵਾਂ ਨੇ ਹੋਰ ਡੂੰਘਾਈ ਨਾਲ ਜਾਂਚ ਕੀਤੀ। ਸਾਲ 2011 ਵਿੱਚ ਕੈਨੇਡਾ ਵਿੱਚ ਹੋਏ ਇੱਕ ਕ੍ਰੈਸ਼ ਵਿੱਚ, ਸੈਸਨਾ 208ਬੀ ਦੇ ਪਾਇਲਟ ਦੇ ਖ਼ੂਨ ਵਿੱਚ 50.1 ਨੈਨੋਗ੍ਰਾਮ ਪ੍ਰਤੀ ਮਿਲੀਲੀਟਰ ਟੀਐੱਚਸੀ ਪਾਇਆ ਗਿਆ ਸੀ।
ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਨਤੀਜਾ ਕੱਢਿਆ ਕਿ ਸਾਈਕੋਐਕਟਿਵ ਕੈਨਬਿਨੋਇਡਜ਼ ਦੀ ਇਹ ਮਾਤਰਾ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨ ਲਈ ਕਾਫ਼ੀ ਸੀ। ਸੰਭਵ ਤੌਰ 'ਤੇ ਇਸ ਨੇ ਪਾਇਲਟ ਦੀ ਪਲਾਨਿੰਗ ਅਤੇ ਫ਼ਲਾਈਟ ਦੇ ਸੰਚਾਲਨ 'ਤੇ ਅਸਰ ਪਾਇਆ ਸੀ।
ਇਸ ਦੇ ਉਲਟ ਮਾਮਲੇ ਵੀ ਸਾਹਮਣੇ ਆਏ ਹਨ।
ਸਾਲ 2017 ਵਿੱਚ ਨਿਊਜ਼ੀਲੈਂਡ ਵਿੱਚ ਹੋਏ ਇੱਕ ਹੈਲੀਕਾਪਟਰ ਕ੍ਰੈਸ਼ ਵਿੱਚ, ਪਾਇਲਟ ਦੇ ਖ਼ੂਨ ਵਿੱਚ ਟੀਐੱਚਸੀ ਪਾਇਆ ਗਿਆ ਸੀ। ਉਨ੍ਹਾਂ ਨੇ ਦੋ ਦਿਨ ਪਹਿਲਾਂ ਕੈਨਬਿਸ ਦਾ ਇਸਤੇਮਾਲ ਕੀਤਾ ਸੀ।
ਇੱਕ ਫ਼ੋਰੈਂਸਿਕ ਟੌਕਸੀਕੋਲੋਜਿਸਟ ਨੇ ਨਤੀਜਾ ਕੱਢਿਆ ਕਿ ਹਾਦਸੇ ਦੇ ਸਮੇਂ ਉਸ ਦੇ ਨਸ਼ੇ ਵਿੱਚ ਹੋਣ ਦੀ ਸੰਭਾਵਨਾ ਘੱਟ ਸੀ। ਜਾਂਚਕਰਤਾਵਾਂ ਨੂੰ ਵੀ ਨਹੀਂ ਲੱਗਾ ਕਿ ਕੈਨਬਿਸ ਦੀ ਇਸ ਵਿੱਚ ਕੋਈ ਭੂਮਿਕਾ ਸੀ।
ਇਨ੍ਹਾਂ ਮਾਮਲਿਆਂ ਦਾ ਇਹ ਮਤਲਬ ਨਹੀਂ ਹੈ ਕਿ ਕੈਨਬਿਸ ਟੈਸਟ ਦਾ ਪਾਜ਼ੀਟਿਵ ਆਉਣਾ ਕੋਈ ਮਾਅਨੇ ਨਹੀਂ ਰੱਖਦਾ। ਬਲਕਿ, ਇਸ ਦਾ ਮਤਲਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੈਨਬਿਸ ਦੀ ਮਾਤਰਾ ਕਿੰਨੀ ਸੀ, ਇਸ ਦਾ ਇਸਤੇਮਾਲ ਕਦੋਂ ਕੀਤਾ ਗਿਆ ਸੀ, ਹਾਲਾਤ ਕੀ ਸਨ ਅਤੇ ਜਾਂਚਕਰਤਾਵਾਂ ਕੋਲ ਹੋਰ ਕੀ ਸਬੂਤ ਮੌਜੂਦ ਹਨ।
ਏਅਰ ਇੰਡੀਆ ਦੇ ਮਾਮਲੇ ਵਿੱਚ ਜਾਂਚਕਰਤਾਵਾਂ ਨੂੰ ਸਿਰਫ਼ ਇਸ ਗੱਲ ਤੋਂ ਅੱਗੇ ਵਧ ਕੇ ਹੋਰ ਵੀ ਬਹੁਤ ਕੁਝ ਸਾਬਿਤ ਕਰਨਾ ਪਵੇਗਾ ਕਿ ਕੈਪਟਨ ਦਾ ਕਨਫ਼ਰਮੇਟਰੀ ਟੈਸਟ ਪਾਜ਼ੀਟਿਵ ਆਇਆ ਸੀ।
ਉਨ੍ਹਾਂ ਨੂੰ ਇਹ ਜਾਣਨਾ ਪਵੇਗਾ ਕਿ ਕਿਸ ਸੈਂਪਲ ਦਾ ਟੈਸਟ ਕੀਤਾ ਗਿਆ ਸੀ, ਉਸ ਵਿੱਚ ਟੀਐੱਚਸੀ ਸੀ ਜਾਂ ਮੈਟਾਬੋਲਾਈਟ। ਉਸ ਦੀ ਮਾਤਰਾ ਕਿੰਨੀ ਸੀ ਅਤੇ ਇਸ ਨਾਲ ਇਸਤੇਮਾਲ ਦੇ ਸਮੇਂ ਬਾਰੇ ਕੀ ਪਤਾ ਲੱਗਦਾ ਹੈ।
ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਆਪਣੇ ਸਾਰੇ ਪਾਇਲਟਾਂ ਦਾ ਪਾਬੰਦੀਸ਼ੁਦਾ ਪਦਾਰਥਾਂ ਲਈ ਤੁਰੰਤ ਟੈਸਟ ਕਰਨ ਜਾ ਰਹੀ ਹੈ। ਇਹ ਮੌਜੂਦਾ ਨਿਯਮਾਂ ਦਾ ਵਿਸਥਾਰ ਹੈ, ਜਿਨ੍ਹਾਂ ਤਹਿਤ ਘੱਟੋ-ਘੱਟ 10 ਫ਼ੀਸਦੀ ਪਾਇਲਟਾਂ ਦੀ ਰੈਂਡਮ ਸਕ੍ਰੀਨਿੰਗ ਕੀਤੀ ਜਾਂਦੀ ਹੈ।
ਮਾਰਕੋਟ ਦੇ ਮੁਤਾਬਕ, ਯੂਰੀਨ, ਖ਼ੂਨ ਅਤੇ ਇੱਥੋਂ ਤੱਕ ਕਿ ਲਾਰ ਤੋਂ ਵੀ ਇਹ ਪਤਾ ਲੱਗ ਸਕਦਾ ਹੈ ਕਿ ਕਿਸੇ ਨੇ ਟੀਐੱਚਸੀ ਦਾ ਸੇਵਨ ਕੀਤਾ ਹੈ। ਪਰ ਇਨ੍ਹਾਂ ਤੋਂ ਇਹ ਪੱਕੇ ਤੌਰ 'ਤੇ ਨਹੀਂ ਦੱਸਿਆ ਜਾ ਸਕਦਾ ਕਿ ਇਸ ਦਾ ਇਸਤੇਮਾਲ ਕਦੋਂ ਕੀਤਾ ਗਿਆ ਸੀ ਜਾਂ ਕੀ ਉਸ ਵਿਅਕਤੀ ਦੀ ਹਾਲਤ ਕੁਝ ਘੰਟੇ ਪਹਿਲਾਂ ਠੀਕ ਨਹੀਂ ਸੀ।
ਜਾਣਕਾਰਾਂ ਦਾ ਮੰਨਣਾ ਹੈ ਕਿ ਸਵਾਲ ਸਿਰਫ਼ ਇਹ ਨਹੀਂ ਹੈ ਕਿ ਕੀ ਪਾਇਲਟ ਮਾਰੂਆਨਾ ਦਾ ਇਸਤੇਮਾਲ ਕਰ ਰਿਹਾ ਸੀ?
ਇਸ ਦੇ ਤਿੰਨ ਪਹਿਲੂ ਹਨ - ਕੀ ਕੈਨਬਿਸ ਦਾ ਸੇਵਨ ਕੀਤਾ ਗਿਆ ਸੀ? ਕੀ ਪਾਇਲਟ ਉਡਾਣ ਦੌਰਾਨ ਠੀਕ ਹਾਲਤ ਵਿੱਚ ਨਹੀਂ ਸੀ? ਅਤੇ ਕੀ ਉਸ ਹਾਲਤ ਦੀ ਜਹਾਜ਼ ਦੀ ਉਚਾਈ ਅਚਾਨਕ ਘੱਟ ਹੋਣ ਵਿੱਚ ਕੋਈ ਭੂਮਿਕਾ ਸੀ?
ਪਹਿਲੇ ਸਵਾਲ ਦਾ ਜਵਾਬ ਸ਼ਾਇਦ ਜਲਦ ਹੀ ਮਿਲ ਜਾਵੇ। ਬਾਕੀ ਦੋ ਸਵਾਲਾਂ ਦਾ ਜਵਾਬ ਦੇਣਾ ਕਾਫ਼ੀ ਮੁਸ਼ਕਿਲ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
























