'ਮੇਰੇ ਫਿਟਨੈੱਸ ਟ੍ਰੈਕਰ ਨੂੰ ਮੇਰੇ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੈਂ ਗਰਭਵਤੀ ਹਾਂ'

ਫਿਟਨੈੱਸ ਟ੍ਰੈਕਰ
ਤਸਵੀਰ ਕੈਪਸ਼ਨ, ਫਿਟਨੈੱਸ ਟ੍ਰੈਕਰ ਗਰਭ ਦੇ ਸੰਕੇਤ ਤਾਂ ਦੇ ਸਕਦੇ ਹਨ, ਪਰ ਮਾਹਿਰਾਂ ਮੁਤਾਬਕ ਇਨ੍ਹਾਂ 'ਤੇ ਪੂਰਾ ਭਰੋਸਾ ਕਰਨ ਦੀ ਬਜਾਏ ਡਾਕਟਰੀ ਸਲਾਹ ਜ਼ਰੂਰੀ ਹੈ
    • ਲੇਖਕ, ਅਸੀਤਾ ਨਾਗੇਸ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਰਵਿਕਾ ਛੁੱਟੀਆਂ ਦੌਰਾਨ ਆਪਣੇ ਪਤੀ ਨਾਲ ਆਪਣਾ ਜਨਮਦਿਨ ਮਨਾ ਰਹੀ ਸੀ, ਜਦੋਂ ਉਨ੍ਹਾਂ ਨੂੰ ਆਪਣੇ ਫਿਟਨੈੱਸ ਟ੍ਰੈਕਰ ਵੱਲੋਂ ਇੱਕ ਅਜੀਬ ਜਿਹਾ ਅਲਰਟ ਮਿਲਿਆ।

ਉਸ ਦੀ ਓਰਾ ਰਿੰਗ ਨੇ ਦੱਸਿਆ ਕਿ ਉਨ੍ਹਾਂ ਦਾ ਹੈਲਥ ਸਕੋਰ ਖ਼ਰਾਬ ਸੀ। ਉਨ੍ਹਾਂ ਦੀ ਦਿਲ ਦੀ ਧੜਕਣ ਵੱਧ ਗਈ ਸੀ, ਸਰੀਰ ਦਾ ਤਾਪਮਾਨ ਵਧਿਆ ਹੋਇਆ ਸੀ ਅਤੇ ਉਨ੍ਹਾਂ ਦੀ ਦਿਲ ਦੀ ਧੜਕਣ ਵਿੱਚ ਤਬਦੀਲੀ (ਐੱਚਆਰਵੀ) ਘੱਟ ਗਈ ਸੀ। ਫਿਰ ਵੀ ਰਵਿਕਾ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਠੀਕ ਮਹਿਸੂਸ ਹੋ ਰਿਹਾ ਸੀ।

ਜਦੋਂ ਇੱਕ ਹਫ਼ਤੇ ਬਾਅਦ ਵੀ ਇਹ ਅੰਕੜੇ ਸੁਧਰੇ ਨਹੀਂ, ਤਾਂ ਵੈਸਟ ਮਿਡਲੈਂਡਜ਼ ਦੀ ਰਹਿਣ ਵਾਲੀ 34 ਸਾਲਾ ਸੋਲਿਸਟਰ ਨੇ ਆਨਲਾਈਨ ਖੋਜ ਕੀਤੀ ਅਤੇ ਉਨ੍ਹਾਂ ਨੂੰ ਔਰਤਾਂ ਦਾ ਇੱਕ ਅਜਿਹਾ ਸਮੂਹ ਮਿਲਿਆ, ਜਿਨ੍ਹਾਂ ਸਭ ਨੇ ਕਿਹਾ ਕਿ ਉਨ੍ਹਾਂ ਦੇ ਫਿਟਨੈੱਸ ਟ੍ਰੈਕਰ ਵੱਲੋਂ ਇਕੱਠੇ ਕੀਤੇ ਗਏ ਡਾਟਾ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਸੰਕੇਤ ਮਿਲੇ ਸਨ ਕਿ ਉਹ ਗਰਭਵਤੀ ਸਨ।

ਇੱਕ ਹਫ਼ਤੇ ਬਾਅਦ ਉਨ੍ਹਾਂ ਦਾ ਗਰਭ ਅਵਸਥਾ ਟੈਸਟ ਪਾਜ਼ੀਟਿਵ ਆਇਆ।

ਪਰ ਕੁਝ ਪੇਟ ਵਿੱਚ ਦਰਦ (ਕ੍ਰੈਂਪਿੰਗ) ਹੋਣ ਅਤੇ ਉਨ੍ਹਾਂ ਦੇ ਫੋਨ 'ਤੇ ਇੱਕ ਨੋਟੀਫਿਕੇਸ਼ਨ ਆਉਣ ਤੋਂ ਬਾਅਦ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਸਰੀਰ ਕਾਫ਼ੀ ਤਣਾਅ ਹੇਠ ਦਿਖਾਈ ਦੇ ਰਿਹਾ ਹੈ, ਉਹ ਡਾਕਟਰ ਕੋਲ ਗਏ।

ਉਨ੍ਹਾਂ ਨੂੰ 10 ਦਿਨਾਂ ਬਾਅਦ ਵਾਪਸ ਆਉਣ ਲਈ ਕਿਹਾ ਗਿਆ ਤਾਂ ਜੋ ਟੈਸਟ ਕਰਕੇ ਪਤਾ ਲਗਾਇਆ ਜਾ ਸਕੇ ਕਿ ਗਰਭ ਅਵਸਥਾ ਸਿਹਤਮੰਦ ਹੈ ਜਾਂ ਨਹੀਂ।

ਇੰਤਜ਼ਾਰ ਬਹੁਤ ਹੀ ਤਕਲੀਫ਼ਦਾਇਕ ਸੀ ਅਤੇ ਇਸ ਕਾਰਨ ਉਹ ਬੇਚੈਨੀ ਨਾਲ ਆਪਣੇ ਫਿਟਨੈੱਸ ਟ੍ਰੈਕਰ ਦੇ ਅੰਕੜੇ ਚੈੱਕ ਕਰਨ ਲੱਗੇ।

ਉਹ ਹਰ ਰੋਜ਼ ਸਵੇਰੇ 4 ਵਜੇ ਉੱਠ ਜਾਂਦੇ ਸਨ, "ਸਿਰਫ਼ ਆਪਣੀ ਐਪ ਨੂੰ ਰਿਫ੍ਰੈਸ਼ ਕਰਨ ਲਈ ਕਿ ਕੀ ਮੇਰੇ ਅੰਕੜੇ ਅਜੇ ਵੀ ਘੱਟ ਹਨ, ਕੀ ਮੇਰਾ ਤਾਪਮਾਨ ਅਜੇ ਵੀ ਵਧਿਆ ਹੋਇਆ ਹੈ। ਮੈਂ ਇਸ ਉਮੀਦ ਨੂੰ ਫੜੀ ਬੈਠੀ ਸੀ ਕਿ ਇਹ ਇੱਕ ਸਿਹਤਮੰਦ ਗਰਭ ਅਵਸਥਾ ਹੈ।"

ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਇੱਕ "ਜਨੂੰਨ" ਬਣ ਗਏ ਸਨ ਪਰ "ਮੇਰੇ ਲਈ ਇਹ ਸੱਚਮੁੱਚ ਜ਼ਿੰਦਗੀ ਜਾਂ ਮੌਤ ਦੀ ਸਥਿਤੀ ਵਰਗਾ ਮਹਿਸੂਸ ਹੋ ਰਿਹਾ ਸੀ।"

ਕਈ ਔਰਤਾਂ ਲਈ, ਗਰਭਵਤੀ ਹੋਣ ਦਾ ਪਹਿਲਾ ਸੰਕੇਤ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਮਹਾਵਾਰੀ (ਪੀਰੀਅਡ) ਉਮੀਦ ਕੀਤੇ ਗਏ ਤੈਅ ਸਮੇਂ 'ਤੇ ਨਹੀਂ ਆਉਂਦੀ।

ਇਹ ਲਗਭਗ ਉਹੀ ਸਮਾਂ ਹੁੰਦਾ ਹੈ ਜਦੋਂ ਗਰਭ ਅਵਸਥਾ ਦਾ ਟੈਸਟ ਕੀਤਾ ਜਾ ਸਕਦਾ ਹੈ। ਕੁਝ ਅਜਿਹੇ ਟੈਸਟਾਂ ਨੂੰ ਛੱਡ ਕੇ ਜੋ ਜਲਦੀ ਗਰਭ ਦਾ ਪਤਾ ਲਗਾਉਣ ਦਾ ਦਾਅਵਾ ਕਰਦੇ ਹਨ, ਜ਼ਿਆਦਾਤਰ ਟੈਸਟ ਪਹਿਲੇ ਛੁੱਟੇ ਹੋਏ ਪੀਰੀਅਡ ਦੇ ਦਿਨ ਤੱਕ ਹਾਰਮੋਨਾਂ ਵਿੱਚ ਹੋਏ ਬਦਲਾਅ ਨੂੰ ਪਛਾਣ ਨਹੀਂ ਸਕਦੇ।

ਰਵਿਕਾ

ਤਸਵੀਰ ਸਰੋਤ, Ravika

ਤਸਵੀਰ ਕੈਪਸ਼ਨ, ਰਵਿਕਾ ਨੇ ਦੱਸਿਆ ਕਿ ਉਨ੍ਹਾਂ ਦੀ ਓਰਾ ਰਿੰਗ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦਾ ਹੈਲਥ ਸਕੋਰ ਖਰਾਬ ਸੀ ਪਰ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਠੀਕ ਮਹਿਸੂਸ ਕਰ ਰਹੀ ਸੀ

ਪਰ ਰਵਿਕਾ ਉਨ੍ਹਾਂ ਸੈਂਕੜਿਆਂ ਔਰਤਾਂ ਵਿੱਚੋਂ ਇੱਕ ਹਨ, ਜੋ ਆਨਲਾਈਨ ਦੱਸ ਰਹੀਆਂ ਹਨ ਕਿ ਉਹ ਆਪਣੇ ਫਿਟਨੈੱਸ ਟ੍ਰੈਕਰਾਂ ਵਿੱਚ ਇਕੱਠੇ ਕੀਤੇ ਡਾਟਾ ਰਾਹੀਂ ਇਸ ਤੋਂ ਪਹਿਲਾਂ ਹੀ ਸੰਕੇਤ ਦੇਖ ਰਹੀਆਂ ਹਨ।

ਫਿਟਨੈੱਸ ਟ੍ਰੈਕਰ, ਜਿਨ੍ਹਾਂ ਵਿੱਚ ਸਮਾਰਟ ਰਿੰਗ, ਸਮਾਰਟ ਵਾਚ ਅਤੇ ਛਾਤੀ 'ਤੇ ਲਗਾਏ ਜਾਣ ਵਾਲੇ ਟ੍ਰੈਕਰ ਸ਼ਾਮਲ ਹਨ, ਬ੍ਰਿਟੇਨ ਵਿੱਚ ਕਾਫ਼ੀ ਹਰਮਨਪਿਆਰੇ ਹੋ ਗਏ ਹਨ।

ਯੂਗੋਵ (YouGov) ਦੀ ਖੋਜ ਮੁਤਾਬਕ, ਜਨਵਰੀ 2026 ਵਿੱਚ 36 ਫੀਸਦੀ ਬ੍ਰਿਟਿਸ਼ ਬਾਲਗਾਂ ਕੋਲ ਫਿਟਨੈੱਸ ਟ੍ਰੈਕਰ ਸੀ ਅਤੇ ਉਹ ਇਸ ਦੀ ਵਰਤੋਂ ਕਰਦੇ ਸਨ। ਇਹ ਅੰਕੜਾ ਜੁਲਾਈ 2019 ਦੇ ਮੁਕਾਬਲੇ ਲਗਭਗ ਦੁੱਗਣਾ ਅਨੁਪਾਤ ਹੈ।

ਫਿਨਲੈਂਡ-ਅਮਰੀਕੀ ਕੰਪਨੀ ਓਰਾ ਦੀ ਸਮਾਰਟ ਰਿੰਗ ਬਾਜ਼ਾਰ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਹੈ। ਇਸ ਬਾਜ਼ਾਰ ਵਿੱਚ ਭਾਰਤ ਦੀ ਅਲਟ੍ਰਾਹਿਊਮਨ ਅਤੇ ਹਾਂਗਕਾਂਗ ਦੀ ਰਿੰਗਕਾਨ ਵੀ ਸ਼ਾਮਲ ਹਨ।

ਫਿਟਨੈੱਸ ਟ੍ਰੈਕਰ
ਤਸਵੀਰ ਕੈਪਸ਼ਨ, ਰਵਿਕਾ ਲਈ ਆਪਣੇ ਫਿਟਨੈੱਸ ਟ੍ਰੈਕਰ ਦੇ ਅੰਕੜਿਆਂ ਨੂੰ ਵਾਰ-ਵਾਰ ਚੈੱਕ ਕਰਨਾ ਇੱਕ "ਜਨੂੰਨ" ਬਣ ਗਿਆ ਸੀ

ਗਰਭ ਅਤੇ ਗਰਭਪਾਤ ਦੀ ਭਵਿੱਖਬਾਣੀ

ਗਰਭ ਅਵਸਥਾ ਦੇ ਮੁੱਖ ਸੰਕੇਤਾਂ ਵਿੱਚੋਂ ਇੱਕ ਸਰੀਰ ਦੇ ਤਾਪਮਾਨ ਵਿੱਚ ਬਦਲਾਅ ਹੁੰਦਾ ਹੈ, ਇਸੇ ਕਰਕੇ ਉਹ ਲੋਕ ਜੋ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ, ਸਰੀਰ ਦਾ ਤਾਪਮਾਨ ਮਾਪਣ ਵਾਲੇ ਟ੍ਰੈਕਰਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।

ਇੱਕ ਆਮ ਮਹਾਵਾਰੀ ਚੱਕਰ ਵਿੱਚ, ਔਰਤ ਦੇ ਸਰੀਰ ਦਾ ਤਾਪਮਾਨ ਪੀਰੀਅਡ ਆਉਣ ਤੋਂ ਥੋੜ੍ਹਾ ਪਹਿਲਾਂ ਤੱਕ ਵਧਿਆ ਰਹਿੰਦਾ ਹੈ ਅਤੇ ਫਿਰ ਤੇਜ਼ੀ ਨਾਲ ਘੱਟ ਜਾਂਦਾ ਹੈ।

ਸ਼ੁਰੂਆਤੀ ਗਰਭ ਅਵਸਥਾ ਵਿੱਚ ਸਰੀਰ ਦਾ ਤਾਪਮਾਨ ਆਮ ਤੌਰ 'ਤੇ ਉੱਚਾ ਹੀ ਰਹਿੰਦਾ ਹੈ। ਜੇਕਰ ਫਿਟਨੈੱਸ ਟ੍ਰੈਕਰ ਸਰੀਰ ਦਾ ਤਾਪਮਾਨ ਮਾਪ ਸਕਦਾ ਹੈ, ਤਾਂ ਉਹ ਇਸ ਸ਼ੁਰੂਆਤੀ ਲੱਛਣ ਨੂੰ ਪਛਾਣ ਸਕਦਾ ਹੈ।

ਆਪਣੇ ਅੰਕੜਿਆਂ ਤੋਂ ਇਲਾਵਾ, ਰਵਿਕਾ ਨੇ ਰੈਡਿਟ 'ਤੇ ਔਰਤਾਂ ਦੀਆਂ ਪੋਸਟਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਓਰਾ ਰਿੰਗ ਨੇ ਨਾ ਸਿਰਫ਼ ਉਨ੍ਹਾਂ ਦੀ ਗਰਭ ਅਵਸਥਾ ਬਾਰੇ, ਸਗੋਂ ਗਰਭਪਾਤ ਬਾਰੇ ਵੀ "ਮੁੱਖ ਸੰਕੇਤ" ਵੀ ਨੋਟੀਫਿਕੇਸ਼ਨ ਰਾਹੀਂ ਪਤਾ ਲਗਾ ਲਿਆ ਸੀ।

32 ਸਾਲਾ ਸੋਫੀਆ ਵੀ ਉਨ੍ਹਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਦੋ ਗਰਭ ਗੁਆਏ, ਜਿਨ੍ਹਾਂ ਦੋਵਾਂ ਦਾ ਪਤਾ ਉਨ੍ਹਾਂ ਨੂੰ ਆਪਣੀ ਓਰਾ ਰਿੰਗ ਦੇ ਡਾਟਾ ਤੋਂ ਲੱਗਿਆ। ਇਸ ਤੋਂ ਬਾਅਦ ਉਹ ਤੀਜੀ ਵਾਰ ਗਰਭਵਤੀ ਹੋਈ ਅਤੇ ਹੁਣ ਉਨ੍ਹਾਂ ਦਾ ਪੰਜ ਮਹੀਨੇ ਦਾ ਪੁੱਤਰ ਹੈ।

ਕੁਝ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਓਰਾ ਰਿੰਗ ਦੇ "ਮੇਜਰ ਸਾਈਨਜ਼" ਨੋਟੀਫਿਕੇਸ਼ਨ ਨੇ ਉਨ੍ਹਾਂ ਨੂੰ ਗਰਭਪਾਤ ਹੋਣ ਦੇ ਸੰਕੇਤ ਵੀ ਪਹਿਲਾਂ ਹੀ ਦੇ ਦਿੱਤੇ ਸਨ
ਤਸਵੀਰ ਕੈਪਸ਼ਨ, ਕੁਝ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਓਰਾ ਰਿੰਗ ਦੇ "ਮੇਜਰ ਸਾਈਨਜ਼" ਨੋਟੀਫਿਕੇਸ਼ਨ ਨੇ ਉਨ੍ਹਾਂ ਨੂੰ ਗਰਭਪਾਤ ਹੋਣ ਦੇ ਸੰਕੇਤ ਵੀ ਪਹਿਲਾਂ ਹੀ ਦੇ ਦਿੱਤੇ ਸਨ

ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਉਹ ਪਹਿਲੀ ਵਾਰ ਗਰਭਵਤੀ ਹੋਈ, ਤਾਂ ਉਹ ਹਰ ਸਵੇਰੇ ਆਪਣੀ ਐਪ ਚੈੱਕ ਕਰਦੀ ਸੀ।

ਉਨ੍ਹਾਂ ਨੇ ਕਿਹਾ, "ਮੈਂ ਉੱਠ ਕੇ ਤਾਪਮਾਨ ਵਾਲੀ ਲਾਈਨ ਨੂੰ ਅੱਗੇ ਵਧਦਾ ਦੇਖਦੀ ਸੀ ਅਤੇ ਫਿਰ ਇੱਕ ਸਵੇਰ ਮੈਂ ਐਪ ਵਿੱਚ ਦੇਖਿਆ ਕਿ ਮੇਰਾ ਤਾਪਮਾਨ ਘੱਟ ਗਿਆ ਸੀ ਤਾਂ ਮੈਨੂੰ ਪਤਾ ਲੱਗ ਗਿਆ ਕਿ ਕੁਝ ਗ਼ਲਤ ਹੈ।"

"ਜਦੋਂ ਮੇਰਾ ਗਰਭਪਾਤ ਹੋਇਆ, ਤਾਂ ਮੈਂ ਪਹਿਲਾਂ ਹੀ ਮਾਨਸਿਕ ਤੌਰ 'ਤੇ ਤਿਆਰ ਸੀ, ਕਿਉਂਕਿ ਮੈਂ ਡਾਟਾ ਵਿੱਚ ਇਹ ਦੇਖ ਲਿਆ ਸੀ।"

ਤਿੰਨ ਮਹੀਨੇ ਬਾਅਦ ਫਿਰ ਇਹੀ ਹੋਇਆ ਅਤੇ ਸੋਫੀਆ ਤੇ ਉਨ੍ਹਾਂ ਦੇ ਪਤੀ ਨੇ ਗਰਭ ਧਾਰਨ ਦੀ ਕੋਸ਼ਿਸ਼ ਤੋਂ ਕੁਝ ਸਮੇਂ ਲਈ ਰੁਕਣ ਦਾ ਫ਼ੈਸਲਾ ਕੀਤਾ।

ਪਰ ਇਸੇ ਦੌਰਾਨ ਉਨ੍ਹਾਂ ਨੂੰ ਆਪਣੀ ਰਿੰਗ ਵੱਲੋਂ "ਤਣਾਅ ਦੇ ਛੋਟੇ ਸੰਕੇਤ" ਦਾ ਨੋਟੀਫਿਕੇਸ਼ਨ ਮਿਲਿਆ ਅਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਤਾਪਮਾਨ ਫਿਰ ਵਧਿਆ ਹੋਇਆ ਸੀ। ਉਨ੍ਹਾਂ ਨੇ ਟੈਸਟ ਕੀਤਾ ਅਤੇ ਨਤੀਜਾ ਪਾਜ਼ੀਟਿਵ ਆਇਆ।

ਹਾਲਾਂਕਿ ਇਹ ਗਰਭ ਅਵਸਥਾ ਸਿਹਤਮੰਦ ਸੀ, ਪਰ ਸੋਫੀਆ ਨੇ ਸ਼ੁਰੂਆਤੀ ਹਫ਼ਤਿਆਂ ਦੌਰਾਨ ਬੇਚੈਨੀ ਮਹਿਸੂਸ ਕੀਤੀ ਅਤੇ ਉਹ ਵਾਰ-ਵਾਰ ਆਪਣਾ ਡਾਟਾ ਚੈੱਕ ਕਰਦੀ ਰਹੀ।

ਉਨ੍ਹਾਂ ਨੇ ਕਿਹਾ, "ਮੈਂ ਸੋਚਦੀ ਸੀ, 'ਰੱਬਾ, ਕੀ ਇਹ ਫਿਰ ਤੋਂ ਹੋਣ ਵਾਲਾ ਹੈ?' ਅਤੇ ਮੈਨੂੰ ਯਾਦ ਹੈ ਕਿ ਮੈਂ ਸਵੇਰੇ ਚਾਰ ਜਾਂ ਪੰਜ ਵਜੇ ਉੱਠ ਜਾਂਦੀ ਸੀ ਅਤੇ ਸਿਰਫ਼ ਇਹ ਦੇਖਣ ਲਈ ਆਪਣੀ ਐਪ ਚੈੱਕ ਕਰਦੀ ਸੀ ਕਿ ਕੀ ਮੇਰਾ ਤਾਪਮਾਨ ਘੱਟਿਆ ਹੈ।"

"ਮੈਂ ਉਸ ਡਾਟਾ ਨੂੰ ਲੈ ਕੇ ਇੰਨੀ ਚਿੰਤਤ ਹੋ ਗਈ ਸੀ ਕਿ ਜਦੋਂ ਮੈਂ ਗਰਭ ਦੇ ਸੱਤ ਜਾਂ ਅੱਠ ਹਫ਼ਤਿਆਂ 'ਤੇ ਪਹੁੰਚੀ, ਤਾਂ ਮੈਨੂੰ ਆਪਣੀ ਰਿੰਗ ਉਤਾਰਨੀ ਪਈ ਅਤੇ ਮੈਂ ਪਹਿਲੇ ਤਿੰਨ ਮਹੀਨਿਆਂ ਦੌਰਾਨ ਵੀ ਇਸ ਨੂੰ ਨਹੀਂ ਪਹਿਨਿਆ ਸੀ।"

ਵਧਦੀ ਚਿੰਤਾ

ਗਰਭਵਤੀ ਔਰਤ

ਲੰਡਨ ਦੇ ਯੂਨੀਵਰਸਿਟੀ ਕਾਲਜ ਹਸਪਤਾਲ ਵਿੱਚ ਰੀਪ੍ਰੋਡਕਟਿਵ ਮੈਡੀਸਿਨ ਦੇ ਸਲਾਹਕਾਰ ਡਾ. ਸਟੂਅਰਟ ਲੈਵੇਰੀ ਨੇ ਕਿਹਾ, "ਲੋਕ ਸਮਝਦਾਰੀ ਨਾਲ ਇਸ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ ਤਾਂ ਜੋ ਉਹ ਹੋਰ ਵਧੇਰੇ ਸਮਝ ਹਾਸਲ ਕਰ ਸਕਣ ਅਤੇ ਚੀਜ਼ਾਂ ਨੂੰ ਜਿੰਨਾ ਜਲਦੀ ਹੋ ਸਕੇ ਪਛਾਣ ਸਕਣ, ਕਿਉਂਕਿ ਜੇਕਰ ਤੁਸੀਂ ਗਰਭ ਧਾਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਦਾ ਤੁਹਾਡੀ ਜ਼ਿੰਦਗੀ 'ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ।"

ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ, "ਅਸੀਂ ਸ਼ਾਇਦ ਤੁਰਨ ਤੋਂ ਪਹਿਲਾਂ ਹੀ ਦੌੜਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਉਨ੍ਹਾਂ ਕਿਹਾ, "ਸਾਨੂੰ ਇਸ ਦੀ ਭਰੋਸੇਯੋਗਤਾ ਬਾਰੇ ਹੋਰ ਬਹੁਤ ਸਾਰਾ ਡਾਟਾ ਅਤੇ ਹੋਰ ਖੋਜ ਦੀ ਲੋੜ ਹੈ... ਨਹੀਂ ਤਾਂ ਤੁਹਾਡੀ ਚਿੰਤਾ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧ ਸਕਦਾ ਹੈ।"

"ਮੈਨੂੰ ਕੋਈ ਸ਼ੱਕ ਨਹੀਂ ਕਿ ਹੋਰ ਲੋਕ ਤਕਨਾਲੋਜੀ, ਐਪ ਜਾਂ ਪਹਿਨਣ ਵਾਲੇ ਉਪਕਰਣਾਂ ਰਾਹੀਂ ਇਨ੍ਹਾਂ ਚੀਜ਼ਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਪਰ ਮੇਰਾ ਮੰਨਣਾ ਹੈ ਕਿ ਇਸ ਦੇ ਨਾਲ ਇੱਕ ਵੱਡੀ ਸਿਹਤ ਚੇਤਾਵਨੀ ਹੋਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਦੀ ਸਹੀ ਜਾਣਕਾਰੀ ਲਈ ਕਿੰਨਾ ਭਰੋਸਾ ਕਰ ਸਕਦੇ ਹਾਂ।"

ਗਰਭਵਤੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਟਨੈੱਸ ਟ੍ਰੈਕਰ ਨੇ ਔਰਤਾਂ ਨੂੰ ਗਰਭਵਤੀ ਹੋਣ ਦੇ ਸੰਕੇਤ ਪਹਿਲਾਂ ਹੀ ਦੇ ਦਿੱਤੇ ਸਨ, ਜਿਨ੍ਹਾਂ ਦਾ ਪਤਾ ਆਮ ਤੌਰ 'ਤੇ ਬਾਅਦ ਵਿੱਚ ਲੱਗਦਾ ਹੈ

ਜਦੋਂ ਔਰਤਾਂ ਵੱਲੋਂ ਰਿੰਗ ਦੇ ਡਾਟਾ ਨੂੰ ਵਾਰ-ਵਾਰ ਦੇਖਣ ਕਾਰਨ ਗਰਭ ਦੇ ਸ਼ੁਰੂਆਤੀ ਦੌਰ ਵਿੱਚ ਮਹਿਸੂਸ ਕੀਤੀ ਗਈ ਚਿੰਤਾ ਬਾਰੇ ਪੁੱਛਿਆ ਗਿਆ, ਤਾਂ ਓਰਾ ਦੀ ਔਰਤਾਂ ਦੇ ਸਿਹਤ ਵਿਭਾਗ ਦੀ ਕਲੀਨਿਕਲ ਡਾਇਰੈਕਟਰ ਡਾ. ਕ੍ਰਿਸ ਕਰੀ ਨੇ ਬੀਬੀਸੀ ਨਿਊਜ਼ ਨੂੰ ਕਿਹਾ, "ਬਾਇਓਮੈਟ੍ਰਿਕ ਟ੍ਰੈਕਿੰਗ ਹੋਵੇ ਜਾਂ ਨਾ ਹੋਵੇ, ਗਰਭ ਅਵਸਥਾ ਇੱਕ ਅਜਿਹਾ ਸਮਾਂ ਹੋ ਸਕਦਾ ਹੈ ਜਦੋਂ ਕਈ ਔਰਤਾਂ, ਖ਼ਾਸ ਕਰਕੇ ਪਹਿਲੀ ਵਾਰ ਗਰਭਵਤੀ ਹੋਣ ਵਾਲੀਆਂ, ਇਹ ਨਹੀਂ ਜਾਣਦੀਆਂ ਕਿ ਆਮ ਕੀ ਹੈ।"

ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਦਬਾਅ ਹੇਠ ਮਹਿਸੂਸ ਕਰਦੀਆਂ ਹਨ, ਤਾਂ ਕੰਪਨੀ ਉਨ੍ਹਾਂ ਨੂੰ "ਐਪ ਦੀ ਵਰਤੋਂ ਤੋਂ ਕੁਝ ਸਮੇਂ ਲਈ ਵਿਰਾਮ ਲੈਣ ਲਈ ਉਤਸ਼ਾਹਿਤ ਕਰਦੀ ਹੈ, ਜਦੋਂ ਕਿ ਓਰਾ ਰਿੰਗ ਡਾਟਾ ਇਕੱਠਾ ਕਰਦੀ ਰਹਿੰਦੀ ਹੈ ਅਤੇ ਜਾਣਕਾਰੀਆਂ ਪ੍ਰਦਾਨ ਕਰਦੀ ਹੈ।"

ਉਨ੍ਹਾਂ ਅੱਗੇ ਕਿਹਾ, "ਰਿੰਗ ਇੱਕ ਸਹਾਇਤਾ ਦੇਣ ਵਾਲਾ ਸਾਧਨ ਹੈ, ਤੁਹਾਡੀ ਸਿਹਤ ਸੰਭਾਲ ਟੀਮ ਦਾ ਬਦਲ ਨਹੀਂ ਹੈ।"

ਅਫ਼ਸੋਸ ਦੀ ਗੱਲ ਹੈ ਕਿ ਰਵਿਕਾ ਦਾ ਗਰਭਪਾਤ ਹੋ ਗਿਆ। ਉਹ ਜਲਦੀ ਹੀ ਦੁਬਾਰਾ ਗਰਭ ਧਾਰਨ ਦੀ ਕੋਸ਼ਿਸ਼ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਨ ਅਤੇ ਜਦੋਂ ਉਹ ਅਜਿਹਾ ਕਰਨਗੇ, ਤਾਂ ਇਸ ਤਜਰਬੇ ਨੇ ਉਨ੍ਹਾਂ ਨੂੰ ਮੁੜ ਟ੍ਰੈਕਰ ਪਹਿਨਣ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਮੈਂ ਆਪਣੇ ਆਪ ਨੂੰ ਕਦੇ ਵੀ ਚਿੰਤਤ ਵਿਅਕਤੀ ਨਹੀਂ ਸਮਝਿਆ ਸੀ, ਪਰ... ਮੈਨੂੰ ਲੱਗਦਾ ਹੈ ਕਿ ਅੱਗੇ ਜੇਕਰ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਗਰਭਵਤੀ ਹਾਂ ਅਤੇ ਮੇਰੇ ਅੰਕੜੇ ਘੱਟ ਹਨ, ਤਾਂ ਜਿਵੇਂ ਹੀ ਗਰਭ ਟੈਸਟ ਪਾਜ਼ੀਟਿਵ ਆਵੇਗਾ, ਮੇਰੇ ਲਈ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਮੈਂ ਰਿੰਗ ਉਤਾਰ ਦਿਆਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)