ਹੌਜ਼ਰੀ ਇੰਡਸਟਰੀ: ਬਰਨਾਲੇ ਦੀਆਂ ਬੀਬੀਆਂ ਨੇ ਹੌਜ਼ਰੀ ਨੂੰ ਬਣਾਇਆ ਕਿੱਤਾ ਤੇ ਪਿੰਡਾਂ ਵਿਚ ਹੋਰਾਂ ਨੂੰ ਦੇ ਰਹੀਆਂ ਰੁਜ਼ਗਾਰ

ਵੀਡੀਓ ਕੈਪਸ਼ਨ, ਹੌਜ਼ਰੀ ਦੇ ਕਿੱਤੇ ਨੇ ਕਿਵੇਂ ਪੁੱਤ ਦੀ ਮੌਤ ਦੇ ਸਦਮੇ ਤੋਂ ਬਾਹਰ ਕੱਢਿਆ
    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ਮੌੜ ਦੀਆਂ ਔਰਤਾਂ ਹੌਜਰੀ ਦੇ ਬਿਜ਼ਨਸ ਦੀ ਆਊਟ ਸੋਰਸਿੰਗ ਨਾਲ ਆਤਮ ਨਿਰਭਰ ਹੋ ਰਹੀਆਂ ਹਨ।

ਘਰ ਵਿੱਚ ਹੀ ਰਹਿ ਕੇ ਬੱਚਿਆਂ ਦੇ ਉੱਨ ਦੇ ਕੱਪੜੇ ਬੁਣਨ ਦਾ ਕੰਮ ਕਰਦੀਆਂ ਇਹ ਔਰਤਾਂ ਨਾ ਸਿਰਫ ਖ਼ੁਦ ਸਵੈ-ਨਿਰਭਰ ਹੋਈਆਂ ਹਨ ਸਗੋਂ ਇਨ੍ਹਾਂ ਔਰਤਾਂ ਨੇ ਪਿੰਡ ਦੀਆਂ ਕਈ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਹੈ।

ਪਿੰਡ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਵਾਲੀ ਸਰਬਜੀਤ ਕੌਰ (35) ਸੀ ਜਿਸ ਨੇ ਕਰੀਬ ਪੰਦਰਾਂ ਸਾਲ ਪਹਿਲਾਂ ਇਸ ਕੰਮ ਨੂੰ ਅਪਣਾਇਆ ਸੀ।

ਸਰਬਜੀਤ ਦੀ ਕਾਮਯਾਬੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੀਆਂ ਹੋਰ ਔਰਤਾਂ ਵੀ ਅੱਗੇ ਆਈਆਂ ਜਿਨ੍ਹਾਂ ਨੇ ਬਾਅਦ ਵਿੱਚ ਚੰਗਾ ਮੁਨਾਫਾ ਕਮਾਇਆ।

ਸਰਬਜੀਤ ਮੁਤਾਬਕ ਉਨ੍ਹਾਂ ਨੇ ਆਪਣੇ ਪੇਕੇ ਪਰਿਵਾਰ ਤੋਂ ਇਹ ਕੰਮ ਸਿੱਖਿਆ ਸੀ ਅਤੇ ਜਿਨ੍ਹਾਂ ਨੇ ਸਰਬਜੀਤ ਨੂੰ ਉੱਨ ਦੀ ਬੁਣਾਈ ਵਾਲੀ ਮਸ਼ੀਨ ਲੈ ਕੇ ਦਿੱਤੀ ਸੀ ਅਤੇ ਉਸ ਤੋਂ ਬਾਅਦ ਪਿੰਡ ਦੀਆਂ ਸੱਤ-ਅੱਠ ਹੋਰ ਔਰਤਾਂ ਨੇ ਆਪਣੀਆਂ ਮਸ਼ੀਨਾਂ ਲਿਆ ਕੇ ਕੰਮ ਸ਼ੂਰੂ ਕਰ ਦਿੱਤਾ ।

ਸਰਬਜੀਤ ਦਾ ਕਹਿਣਾ ਹੈ ਕਿ ਇਸ ਧੰਦੇ ਵਿੱਚ ਬੁਣਾਈ ਤੋਂ ਬਾਅਦ ਕੱਪੜਿਆਂ ਦੀ ਸਿਲਾਈ ਅਤੇ ਕਢਾਈ ਲਈ ਇੱਕ ਮਸ਼ੀਨ ਮਗਰ ਦੋ ਜਾਂ ਤਿੰਨ ਹੋਰ ਔਰਤਾਂ ਦੀ ਲੋੜ ਪੈਂਦੀ ਹੈ।

ਇਸ ਨਾਲ ਪਿੰਡ ਵਿੱਚ ਦੋ ਦਰਜਨ ਦੇ ਕਰੀਬ ਔਰਤਾਂ ਨੂੰ ਘਰ ਬੈਠ ਕੇ ਹੀ ਕਮਾਉਣ ਦਾ ਮੌਕਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ:

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਬੁਣਾਈ ਕਰਨ ਵਾਲੀਆਂ ਔਰਤਾਂ ਨੂੰ ਪ੍ਰਤੀ ਪੀਸ ਮਿਹਨਤਾਨਾ ਮਿਲਦਾ ਹੈ

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਔਰਤਾਂ ਪਹਿਲਾਂ ਪਸ਼ੂ ਸੰਭਾਲਣ ਜਾਂ ਦਿਹਾੜੀ ਆਦਿ ਕਰਨ ਦਾ ਕੰਮ ਕਰਦੀਆਂ ਸਨ ਪਰ ਹੁਣ ਘਰ ਵਿੱਚ ਬੈਠ ਕੇ ਹੀ ਕਮਾ ਰਹੀਆਂ ਹਨ ਅਤੇ ਆਪਣਾ ਪਰਿਵਾਰ ਪਾਲਣ ਵਿੱਚ ਮਦਦ ਕਰ ਰਹੀਆਂ ਹਨ।

ਸਰਬਜੀਤ ਨੇ ਦੱਸਿਆ ਕਿ ਬੁਣਾਈ ਵਾਲੀ ਮਸ਼ੀਨ 20-25 ਹਜ਼ਾਰ ਤੱਕ ਆ ਜਾਂਦੀ ਹੈ। ਬੁਣਾਈ ਦਾ ਕੰਮ ਲੁਧਿਆਣਾ ਸ਼ਹਿਰ ਦੇ ਵਪਾਰੀਆਂ ਤੋਂ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਨਗ (ਪਰ ਪੀਸ) ਰੇਟ ਮਿਲਦਾ ਹੈ।

ਇਸ ਕੰਮ ਤੋਂ ਉਹ ਅਸਾਨੀ ਨਾਲ 10-12 ਹਜ਼ਾਰ ਪ੍ਰਤੀ ਮਹੀਨਾ ਕਮਾ ਲੈਂਦੀਆਂ ਹਨ।

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਪਿੰਡ ਦੀਆਂ ਔਰਤਾਂ ਲੁਧਿਆਣਾ ਦੀਆਂ ਹੌਜ਼ਰੀ ਫੈਕਟਰੀਆਂ ਲਈ ਕੰਮ ਕਰਦੀਆਂ ਹਨ

ਜਾਣਕਾਰੀ ਮੁਤਾਬਕ ਵਧੇਰੇ ਔਰਤਾਂ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਬੁਣਾਈ ਦਾ ਇਹ ਕੰਮ ਇੱਕ ਸਨਮਾਨਯੋਗ ਕਿੱਤਾ ਲੱਗਦਾ ਹੈ ਅਤੇ ਉਹ ਇਸ ਨੂੰ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਘਰ ਵਿੱਚ ਹੀ ਬੈਠ ਕੇ ਚਲਾ ਸਕਦੀਆਂ ਹਨ।

ਹਾਲਾਂਕਿ ਆਰਥਿਕ ਤੌਰ 'ਤੇ ਕਮਜ਼ੋਰ ਕੁਝ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਔਰਤਾਂ ਨੇ ਵੀ ਇੱਕ ਧੰਦੇ ਨੂੰ ਅਪਣਾਇਆ ਹੈ।

ਜਾਣਕਾਰੀ ਮੁਤਬਾਕ ਇਨ੍ਹਾਂ ਕਾਮਿਆਂ ਨੂੰ ਔਸਤਨ ਕਰੀਬ 30 ਰੁਪਏ ਇੱਕ ਪੀਸ ਦੇ ਹਿਸਾਬ ਨਾਲ ਕਮਾਈ ਹੁੰਦੀ ਹੈ।

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਜ਼ਿਆਦਾਤਰ ਦਲਿਤ ਔਰਤਾਂ ਬੁਣਾਈ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ ਜਿਨ੍ਹਾਂ ਮੁਤਾਬਕ ਇਹ ਕੰਮ ਉਨ੍ਹਾਂ ਨੂੰ ਇੱਕ ਇੱਜ਼ਤਦਾਰ ਕਮਾਈ ਤੇ ਜ਼ਿੰਦਗੀ ਦਿੰਦਾ ਹੈ

ਇਨ੍ਹਾਂ ਔਰਤਾ ਦਾ ਕਹਿਣਾ ਹੈ ਕਿ ਇਹ ਕੰਮ ਸਾਰਾ ਸਾਲ ਚਲਦਾ ਰਹਿੰਦਾ ਹੈ ਅਤੇ ਉਹ ਆਪਣੇ ਘਰ ਦੇ ਕੰਮਕਾਰ ਨਿਬੇੜ ਕੇ ਬੁਣਾਈ 'ਤੇ ਬੈਠ ਜਾਂਦੀਆਂ ਹਨ ਅਤੇ ਪੂਰਾ ਦਿਨ ਕੰਮ ਕਰਦੀਆਂ ਹਨ।

ਇਸ ਕੰਮ ਵਿੱਚ ਇੱਕ ਇਹ ਸਹੂਲਤ ਹੈ ਕਿ ਉਨ੍ਹਾਂ ਨੂੰ ਕਿਸੇ ਦੇ ਘਰ ਜਾਂ ਦੁਕਾਨ 'ਤੇ ਕੰਮ ਕਰਨ ਨਹੀਂ ਜਾਣਾ ਪੈਂਦਾ ਅਤੇ ਦੂਜਾ ਉਹ ਆਪਣੇ ਰੁਝੇਵੇਂ ਮੁਤਾਬਕ ਕਿਸੇ ਵੇਲੇ ਵੀ ਕੰਮ ਕਰ ਸਕਦੀਆਂ ਹਨ।

ਇਸੇ ਪਿੰਡ ਵਿੱਚ ਹਰਜਿੰਦਰ ਕੌਰ (45) ਕੋਲ ਵੀ ਆਪਣੀ ਬੁਣਾਈ ਦੀ ਮਸ਼ੀਨ ਹੈ।

ਇਹ ਵੀ ਪੜ੍ਹੋ:

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਹਰਜਿੰਦਰ ਕੌਰ

ਹਰਜਿੰਦਰ ਕੌਰ ਦਾ ਪਰਿਵਾਰ ਖੇਤੀ ਕਰਦਾ ਹੈ ਪਰ ਉਸ ਆਮਦਨ ਨਾਲ ਗੁਜ਼ਾਰਾ ਮੁਸ਼ਕਿਲ ਹੁੰਦਾ ਸੀ।

ਪਰਿਵਾਰ ਨੂੰ ਸਹਾਰਾ ਦੇਣ ਲਈ ਉਹ ਪਿੰਡ ਵਿੱਚ ਹੀ ਕੱਪੜੇ ਸਿਉਣ ਦਾ ਕੰਮ ਕਰਦੇ ਸਨ। ਇਸ ਦੌਰਾਨ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ।

ਉਸ ਤੋਂ ਬਾਅਦ ਉਹ ਸਦਮੇ ਵਿੱਚ ਰਹਿੰਦੇ ਸੀ ਅਤੇ ਘਰ ਵਿੱਚ ਵਿਹਲੇ ਬੈਠੇ ਸੋਚਦੇ ਰਹਿੰਦੇ ਸੀ ਫਿਰ ਆਪਣੀਆਂ ਸਹੇਲੀਆਂ ਦੀ ਸਲਾਹ ਨਾਲ ਉਹ ਇਹ ਉੱਨ ਦੇ ਕੱਪੜੇ ਤਿਆਰ ਕਰਨ ਦਾ ਕੰਮ ਕਰਨ ਲੱਗ ਪਏ ।

ਹਰਿਜੰਦਰ ਕੌਰ ਪਿਛਲੇ 5-6 ਸਾਲਾਂ ਤੋਂ ਘਰ ਵਿੱਚ ਹੀ ਬੁਣਾਈ ਦਾ ਕੰਮ ਕਰ ਰਹੇ ਹਨ।

ਹਰਜਿੰਦਰ ਕੌਰ ਦੀ ਸੱਸ ਵੀ ਉਸ ਨਾਲ ਇਸ ਕੰਮ ਵਿੱਚ ਮਦਦ ਕਰਵਾਉਂਦੇ ਹਨ ਅਤੇ ਪਿੰਡ ਦੀਆਂ ਦੋ ਹੋਰ ਔਰਤਾਂ ਨੂੰ ਉਨ੍ਹਾਂ ਨੇ ਕੰਮ ਲਈ ਰੱਖਿਆ ਹੋਇਆ ਹੈ ਅਤੇ ਕੰਮ ਦੇ ਹਿਸਾਬ ਨਾਲ ਉਹ ਹੋਰ ਔਰਤਾਂ ਨੂੰ ਵੀ ਸਿਲਾਈ ਬੁਣਾਈ ਦੇ ਕੰਮ ਲਈ ਬੁਲਾ ਲੈਂਦੇ ਹਨ।

ਇਸ ਨਾਲ ਪਰਿਵਾਰ ਦੀਆਂ ਲੋੜਾਂ ਵੀ ਵਧੀਆ ਪੂਰੀਆਂ ਹੋਣ ਲੱਗ ਪਈਆਂ ਹਨ ਅਤੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮਿਲ ਗਿਆ ਹੈ।

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਇੱਕ ਮਸ਼ੀਨ ਮਗਰ ਤਿੰਨ ਤੋਂ ਚਾਰ ਕਾਰੀਗਰਾਂ ਦੀ ਲੋੜ ਪੈਦੀ ਹੈ

ਹਰਜਿੰਦਰ ਦਾ ਕਹਿਣਾ ਹੈ ਕਿ ਉਹ ਇੱਕ ਮਹੀਨੇ ਦਾ ਕਰੀਬ ਪੰਜ ਹਜ਼ਾਰ ਰੁਪਏ ਕਮਾ ਲੈਂਦੇ ਹਨ। ਕਈ ਵਾਰ ਕੰਮ ਦੀ ਮੰਗ ਦੇ ਹਿਸਾਬ ਨਾਲ ਆਮਦਨ ਵੱਧ ਵੀ ਜਾਂਦੀ ਹੈ।

ਇਸੇ ਪਿੰਡ ਦੀ ਗੁਰਮੀਤ ਕੌਰ (55 ਸਾਲ) ਬੁਣਕਰ ਔਰਤਾਂ ਦੇ ਬੁਣੇ ਹੋਏ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹਨ।

ਗੁਰਮੀਤ ਕੌਰ ਨੇ ਇਸ ਕੰਮ ਵਿੱਚ ਆਉਣ ਅਤੇ ਇਸ ਤੋਂ ਹੋਣ ਵਾਲੀ ਕਮਾਈ ਬਾਰੇ ਗੱਲਬਾਤ ਕਰਦਿਆਂ ਦੱਸਿਆ, "ਮੇਰੇ ਤਿੰਨ ਬੱਚੇ ਹਨ। ਤਿੰਨੇ ਆਪੋ-ਆਪਣੇ ਕੰਮਾਂ 'ਤੇ ਜਾਂਦੇ ਹਨ।''

''ਮੈਂ ਤੇ ਮੇਰਾ ਘਰਵਾਲਾ ਪਹਿਲਾਂ ਦਿਹਾੜੀ ਆਦਿ ਜੋ ਵੀ ਪਿੰਡ ਵਿੱਚ ਕੰਮ ਮਿਲਦਾ ਸੀ ਕਰ ਲੈਂਦੇ ਸੀ ਪਰ ਮੇਰੇ ਘਰਵਾਲੇ ਤੋਂ ਵੀ ਵਧਦੀ ਉਮਰ ਕਰਕੇ ਕੰਮ ਨਹੀਂ ਹੁੰਦਾ, ਮੇਰੇ ਵੀ ਗੋਡੇ ਦੁਖਦੇ ਹਨ। ਮੇਰੇ ਪੇਟ ਦੇ ਤਿੰਨ ਆਪਰੇਸ਼ਨ ਹੋ ਚੁੱਕੇ ਹਨ।''

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਗੁਰਮੀਤ ਕੌਰ ਮੁਤਾਬਕ ਆਮਦਨੀ ਤਾਂ ਭਾਵੇਂ ਕੋਈ ਜ਼ਿਆਦਾ ਨਹੀਂ ਹੁੰਦੀ ਪਰ ਗੁਜ਼ਾਰੇ ਵਿੱਚ ਸਹਾਰਾ ਤਾਂ ਲੱਗ ਹੀ ਜਾਂਦਾ ਹੈ

''ਮੈਂ ਸਿਰਫ ਬੈਠ ਕੇ ਹੀ ਕੰਮ ਕਰ ਸਕਦੀ ਹਾਂ। ਇਹ ਮੇਰੇ ਵਰਗੀਆਂ ਔਰਤਾਂ ਲਈ ਵਧੀਆ ਕੰਮ ਹੈ। ਬੁਣੇ ਹੋਏ ਕੱਪੜਿਆਂ ਦੀ ਸਿਲਾਈ ਕਢਾਈ ਕਰਕੇ ਮੈਂ ਦੋ ਤਿੰਨ ਹਜ਼ਾਰ ਮਹੀਨੇ ਦੇ ਕਮਾ ਲੈਂਦੀ ਹਾਂ।''

''ਇਹ ਕੋਈ ਬਹੁਤ ਜ਼ਿਆਦਾ ਆਮਦਨ ਤਾਂ ਨਹੀਂ ਹੈ ਪਰ ਗਰੀਬ ਬੰਦੇ ਨੂੰ ਰੋਜ਼ੀ-ਰੋਟੀ ਚਲਾਉਣ ਲਈ ਇਸ ਆਮਦਨ ਦਾ ਵੀ ਬਹੁਤ ਸਹਾਰਾ ਹੋ ਜਾਂਦਾ ਹੈ।"

ਇਸ ਪਿੰਡ ਵਿੱਚ ਹਰਜਿੰਦਰ ਅਤੇ ਸਰਬਜੀਤ ਕੌਰ ਵਰਗੀਆਂ 7-8 ਔਰਤਾਂ ਹਨ ਜਿਨ੍ਹਾਂ ਕੋਲ ਆਪਣੀ ਬੁਣਾਈ ਵਾਲੀ ਮਸ਼ੀਨ ਹੈ। ਇੱਕ ਮਸ਼ੀਨ 'ਤੇ ਕੰਮ ਕਰਨ ਲਈ ਦੋ ਤੋਂ ਤਿੰਨ ਔਰਤਾਂ ਦੀ ਜ਼ਰੂਰਤ ਪੈਂਦੀ ਹੈ।

ਲੁਧਿਆਣਾ ਦੀ ਅਰੋੜਾ ਨਿਟ ਫੈਬ ਨਾਂ ਦੀ ਕੰਪਨੀ ਵਿੱਚ ਸੀਨੀਅਰ ਫੈਸ਼ਨ ਡਿਜ਼ਾਈਨਰ ਅਤੇ ਮਰਚੈਂਡਾਈਸਰ ਵੰਦਨਾਂ ਸ਼ਰਮਾਂ ਪਿਛਲੇ ਪੰਦਰਾਂ ਸਾਲਾਂ ਤੋਂ ਕਪੱੜਾ ਉਦਯੋਗ ਵਿੱਚ ਲੁਧਿਆਣਾ ਵਿੱਚ ਕੰਮ ਕਰ ਰਹੇ ਹਨ।

ਬੁਣਕਰ ਔਰਤਾਂ
ਤਸਵੀਰ ਕੈਪਸ਼ਨ, ਹਰਜਿੰਦਰ ਕੌਰ ਮੁਤਾਬਕ ਇਸ ਕੰਮ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੇ ਦੁੱਖ ਵਿੱਚੋਂ ਨਿਕਲਣ ਵਿੱਚ ਮਦਦ ਕੀਤੀ

ਉਨ੍ਹਾਂ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਪੰਜਾਬ ਵਿੱਚ ਹੌਜਰੀ ਦੀ ਹੱਬ ਹੈ ਅਤੇ ਇੱਥੇ ਸਥਿਤ ਹੌਜਰੀ ਦੇ ਲਘੂ ਉਦਯੋਗ ਚਲਾਉਣ ਵਾਲੇ ਵਪਾਰੀ ਇਸੇ ਤਰ੍ਹਾਂ ਆਉਟਸੋਰਸਿੰਗ ਰਾਹੀਂ ਕੱਪੜੇ ਤਿਆਰ ਕਰਵਾਉਂਦੇ ਹਨ।

ਜਿਸ ਵਿੱਚ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆ ਦੇ ਗਰਮ ਕੱਪੜੇ ਇਸ ਤਰ੍ਹਾਂ ਬਾਹਰੋਂ ਤਿਆਰ ਕਰਵਾਏ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਵਪਾਰੀ ਅਤੇ ਬੁਣਕਰ ਦੋਹਾਂ ਲਈ ਲਾਹੇਵੰਦ ਹੈ ਅਤੇ ਇਹ ਆਊਟਸੋਰਸਿੰਗ ਘਰੇਲੂ ਔਰਤਾਂ ਨੂੰ ਆਤਮ ਨਿਰਭਰ ਕਰਨ ਵਿੱਚ ਯੋਗਦਾਨ ਪਾ ਰਹੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)