‘ਅੰਮ੍ਰਿਤਾ ਪ੍ਰੀਤਮ ਤੇ ਵਾਰਿਸ ਸ਼ਾਹ ਨੂੰ ਅਸਮਾਨੋਂ ਜਾਪਦਾ ਹੋਣਾ, ਜੋ ਖ਼ੂਨ ਦੀ ਲਕੀਰ '47 ’ਚ ਖਿੱਚੀ, ਉਹ ਕਾਲੀਆਂ ਰਾਤਾਂ ਨੂੰ ਅੱਜ ਵੀ ਲਿਸ਼ਕਦੀ ਏ’ - ਹਨੀਫ਼ ਦਾ ਵਲੌਗ

1947 ਦੀ ਵੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਲੱਖਾਂ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣਾ ਪੈ ਗਿਆ ਸੀ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਆਜ਼ਾਦੀ ਮੁਬਾਰਕ ਕਹਿ ਲਓ। ਜਿਨ੍ਹਾਂ ਨੂੰ ਪਾਰਟੀਸ਼ਨ ਦਾ ਅਜੇ ਤੱਕ ਦੁੱਖ ਹੈ, ਉਹ ਭਰਾ ਬੰਦੀ ਦੀਆਂ ਗੱਲਾਂ ਕਰ ਲਓ।

ਅਸੀਂ ਤਾਂ ਆਪਣੇ ਵੱਡਿਆਂ ਤੋਂ ਨਾ ਕਦੇ ਆਜ਼ਾਦੀ ਦਾ ਲਫ਼ਜ਼ ਸੁਣਿਆ, ਨਾ ਪਾਰਟੀਸ਼ਨ ਦਾ। ਉਹ ਹਮੇਸ਼ਾ ਇਹੀ ਕਹਿੰਦੇ ਸਨ ਕਿ ਸਾਲ ਉੱਨੀ ਸੌ ਸੰਤਾਲੀ ਦਾ, ਜਦੋਂ ਲੁੱਟ ਪਈ ਸੀ, ਜਦੋਂ ਉਜਾੜਾ ਪਿਆ ਸੀ।

ਜਿਹੜੇ ਬਾਬਿਆਂ ਤੇ ਮਾਈਆਂ ਨੇ ਪਾਰਟੀਸ਼ਨ ਆਪਣੀ ਅੱਖੀਂ ਵੇਖੀ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣਾ ਸਮਾਂ ਦੁਨੀਆ 'ਤੇ ਪੂਰਾ ਕਰਕੇ ਹੁਣ ਤੁਰ ਗਏ ਹਨ। ਜਦੋਂ ਜਿਉਂਦੇ ਸਨ ਤਾਂ ਬਚਪਨ ਦੀਆਂ ਗਲੀਆਂ ਅਤੇ ਵਿਛੜੇ ਸੰਗੀਆਂ-ਸਾਥੀਆਂ ਨੂੰ ਯਾਦ ਕਰਕੇ ਹੌਕੇ ਭਰਦੇ ਹੁੰਦੇ ਸਨ।

ਮੁਸਲਮਾਨ ਬਜ਼ੁਰਗ ਨੂੰ ਆਪਣੇ ਬਚਪਨ ਦਾ ਹਿੰਦੂ ਯਾਰ ਯਾਦ ਆਉਂਦਾ ਸੀ। ਕਿਸੇ ਨੂੰ ਆਪਣੇ ਮੁਹੱਲੇ ਦੀ ਉਹ ਸਿੱਖ ਕੁੜੀ ਯਾਦ ਆਉਂਦੀ ਸੀ, ਜਿਹੜੀ ਉਨ੍ਹਾਂ ਦੀ ਭੈਣ ਬਣੀ ਹੋਈ ਸੀ।

ਇਨ੍ਹਾਂ ਬਜ਼ੁਰਗਾਂ ਕੋਲੋਂ ਪੁੱਛੀਦਾ ਸੀ, "ਤੁਸੀਂ ਆਜ਼ਾਦੀ ਕਿਹਦੇ ਕੋਲੋਂ ਲਈ?" ਉਹ ਕਹਿੰਦੇ ਸਨ, "ਅੰਗਰੇਜ਼ਾਂ ਕੋਲੋਂ।" ਫਿਰ ਪੁੱਛੀਦਾ ਸੀ, "ਕਿੰਨੇ ਕੁ ਅੰਗਰੇਜ਼ ਮਾਰੇ?" ਉਹ ਕਹਿੰਦੇ ਸਨ, "ਨਹੀਂ, ਮਾਰੇ ਵੀ ਆਪਣੇ ਤੇ ਮਰਵਾਏ ਵੀ ਆਪਣੇ।"

ਇਹ ਸਾਰੇ ਬਜ਼ੁਰਗ ਇੱਕ ਗੱਲ ਜ਼ਰੂਰ ਕਰਦੇ ਸਨ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਇਹ ਭੈੜਾ ਜਿਹਾ ਵੇਲਾ ਆਇਆ ਹੈ, ਜਿਹੜਾ ਲੰਘ ਜਾਵੇਗਾ।

ਮੁਹੰਮਦ ਹਨੀਫ
ਤਸਵੀਰ ਕੈਪਸ਼ਨ, ਮੁਹੰਮਦ ਹਨੀਫ ਸੀਨੀਅਰ ਪੱਤਰਕਾਰ ਅਤੇ ਲੇਖਕ ਹਨ

ਕਈ ਲੋਕਾਂ ਨੇ ਆਪਣੇ ਘਰਾਂ ਦੀਆਂ ਕੁੰਜੀਆਂ, ਜ਼ੇਵਰ ਅਤੇ ਜ਼ਮੀਨ ਦੇ ਕਾਗਜ਼ਾਤ ਆਪਣੇ ਗੁਆਂਢੀਆਂ ਕੋਲ ਰਖਵਾ ਕੇ ਰਾਤੋ-ਰਾਤ ਆਪਣੇ ਪਿੰਡ ਤੇ ਸ਼ਹਿਰ ਛੱਡ ਦਿੱਤੇ। ਉਨ੍ਹਾਂ ਦਾ ਖ਼ਿਆਲ ਸੀ ਕਿ ਕੁਝ ਦਿਨਾਂ ਵਿੱਚ ਹਾਲਾਤ ਠੀਕ ਹੋ ਜਾਣਗੇ ਤੇ ਉਹ ਪਰਤ ਕੇ ਵਾਪਸ ਆ ਜਾਣਗੇ।

ਅੱਸੀ ਵਰ੍ਹੇ ਹੋ ਗਏ ਨੇ, ਹਾਲਾਤ ਨਾ ਠੀਕ ਹੋਣੇ ਸਨ, ਨਾ ਹੋਏ।

ਪਾਰਟੀਸ਼ਨ ਦੀ ਇੱਕ 'ਹੈਪੀ ਸਟੋਰੀ' ਹੁਸ਼ਿਆਰਪੁਰ ਦੇ ਇੱਕ ਬਜ਼ੁਰਗ ਕੋਲੋਂ ਸੁਣੀ ਸੀ। ਉਹ ਕਹਿੰਦੇ ਸਨ ਕਿ ਤੁਹਾਡੇ ਸਾਰੇ ਵਡੇਰੇ ਝੂਠ ਮਾਰਦੇ ਨੇ। ਇਨ੍ਹਾਂ ਨੇ ਆਪਣੇ ਹੱਥੀਂ ਆਪਣੇ ਗੁਆਂਢੀ ਖੋਹੇ ਨੇ, ਉਨ੍ਹਾਂ ਦੇ ਘਰ ਲੁੱਟੇ ਨੇ, ਅੱਗਾਂ ਲਾਈਆਂ ਹਨ। ਹੁਣ ਬੁੱਢੇ ਵਰ੍ਹੇ ਆ ਕੇ ਤੁਹਾਨੂੰ ਹਿੰਦੂ-ਮੁਸਲਮਾਨ ਪ੍ਰੇਮ ਕਹਾਣੀ ਦਾ ਝੂਠ ਸੁਣਾਉਂਦੇ ਪਏ ਨੇ।

ਇਹ ਬਜ਼ੁਰਗ ਫ਼ਖ਼ਰ ਨਾਲ ਇਹ ਵੀ ਦੱਸਦੇ ਸਨ ਕਿ ਜਦੋਂ ਉਜਾੜਾ ਪਿਆ ਤੇ ਉਨ੍ਹਾਂ ਨੂੰ ਪਤਾ ਸੀ ਕਿ ਵਾਪਸੀ ਹੁਣ ਕੋਈ ਨਹੀਂ ਹੋਣੀ, ਤਾਂ ਉਨ੍ਹਾਂ ਨੇ ਢੱਗੇ ਜੋੜੇ, ਗੱਡੇ 'ਤੇ ਆਪਣਾ ਸਾਰਾ ਘਰ ਦਾ ਸਮਾਨ ਰੱਖਿਆ, ਬੱਚੇ ਵੀ ਨਾਲ ਲੈ ਲਏ। ਉਹ ਗੱਲ ਬੜੇ ਫ਼ਖ਼ਰ ਨਾਲ ਕਹਿੰਦੇ ਸਨ ਕਿ ਉਨ੍ਹਾਂ ਨੇ ਘਰ ਦਾ ਤਵਾ ਤੇ ਫੂਕਣੀ ਵੀ ਪਿੱਛੇ ਨਹੀਂ ਛੱਡੀ।

ਨਸੀਬ ਵੀ ਚੰਗਾ ਹੋਏਗਾ। ਹਰ ਪਾਸੇ ਦੰਗੇ ਸਨ, ਪਰ ਇਹ ਬਜ਼ੁਰਗ ਤੇ ਉਨ੍ਹਾਂ ਦਾ ਟੱਬਰ ਬਿਲਕੁਲ ਖ਼ੈਰੀਅਤ ਨਾਲ ਨਵੇਂ ਮੁਲਕ ਪਹੁੰਚ ਗਿਆ। ਉੱਥੇ ਹੁਸ਼ਿਆਰਪੁਰ ਤੋਂ ਹੋਰ ਵੀ ਉਜੜ ਕੇ ਲੋਕ ਆਏ ਸਨ। ਉਨ੍ਹਾਂ ਨੇ ਸਾਂਭ ਲਿਆ।

1947 ਦੀ ਵੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1947 ਵੇਲੇ ਕਈ ਟਰੇਨ ਰਾਹੀਂ ਲੋਕ ਭਾਰਤ ਅਤੇ ਪਾਕਿਸਤਾਨ ਗਏ ਸਨ

ਪੰਜਾਬੀ ਦੇ ਬਜ਼ੁਰਗ ਦਾਨਿਸ਼ਵਰ ਡਾ. ਮਨਜ਼ੂਰ ਇਜਾਜ਼ ਮਜ਼ਲੂਮ ਵੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਬੋਟ ਇੱਕ ਦਫ਼ਾ ਆਲ੍ਹਣੇ ਤੋਂ ਡਿੱਗ ਜਾਵੇ, ਉਹ ਫਿਰ ਪਰਤ ਕੇ ਆਲ੍ਹਣੇ ਵਿੱਚ ਵਾਪਸ ਕੋਈ ਨਹੀਂ ਆਉਂਦਾ।

ਹੁਣ ਪਾਰਟੀਸ਼ਨ ਦੀਆਂ ਝੂਠੀਆਂ-ਸੱਚੀਆਂ ਕਹਾਣੀਆਂ ਸੁਣਾਉਣ ਵਾਲੇ ਬਜ਼ੁਰਗ ਜ਼ਿਆਦਾਤਰ ਤੁਰਦੇ ਜਾਂਦੇ ਹਨ। ਪਿੱਛੇ ਸਾਨੂੰ ਅੰਮ੍ਰਿਤਾ ਪ੍ਰੀਤਮ ਦਾ ਬਸ ਉਹ ਵਹਿਣ ਯਾਦ ਹੈ, ਜਿਹਦੇ ਵਿੱਚ ਉਨ੍ਹਾਂ ਨੇ ਵਾਰਿਸ ਸ਼ਾਹ ਨੂੰ ਆਖਿਆ ਸੀ, "ਉੱਠ ਤੱਕ ਆਪਣਾ ਪੰਜਾਬ, ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।"

ਹੁਣ ਚਨਾਬ ਵੈਸੇ ਹੀ ਸੁੱਕ ਗਈ ਹੈ। ਵੇਲਿਆਂ ਵਿੱਚ ਹਾਊਸਿੰਗ ਸੁਸਾਇਟੀਆਂ ਬਣ ਗਈਆਂ ਹਨ। ਪੰਜਾਬ ਦੇ ਬਾਰਡਰ 'ਤੇ ਬਿਜਲੀ ਵਾਲੀਆਂ ਤਾਰਾਂ ਨੇ ਤੇ ਨਾਰੰਗੀ ਰੰਗ ਦੀਆਂ ਫਲੱਡ ਲਾਈਟਾਂ ਲੱਗੀਆਂ ਹਨ।

ਰਾਤ ਨੂੰ ਇਹ ਬੱਤੀਆਂ ਸਪੇਸ ਤੋਂ ਵੀ ਨਜ਼ਰ ਆਉਂਦੀਆਂ ਨੇ। ਨਾਸਾ ਵਾਲਿਆਂ ਨੇ ਇੱਕ ਸੈਟੇਲਾਈਟ ਤੋਂ ਫ਼ੋਟੋ ਲੈ ਕੇ ਲਾਈ ਸੀ। ਇੰਝ ਜਾਪਦਾ ਸੀ ਜਿਵੇਂ ਪੰਜਾਬ ਦੇ ਵਿੱਚੋਂ-ਵਿੱਚ ਕਿਸੇ ਰੱਤੀ ਲਕੀਰ ਖਿੱਚ ਦਿੱਤੀ ਹੋਵੇ।

ਹੁਣ ਵਾਰਿਸ ਸ਼ਾਹ ਤੇ ਅੰਮ੍ਰਿਤਾ ਪ੍ਰੀਤਮ ਅਸਮਾਨਾਂ ਤੋਂ ਵੇਖਦੇ ਹੋਣਗੇ ਤੇ ਉਨ੍ਹਾਂ ਨੂੰ ਇਹੀ ਜਾਪਦਾ ਹੋਏਗਾ ਕਿ ਜਿਹੜੀ ਖ਼ੂਨ ਦੀ ਲਕੀਰ ਸੰਤਾਲੀ ਵਿੱਚ ਖਿੱਚੀ ਗਈ ਸੀ, ਉਹ ਕਾਲੀਆਂ ਰਾਤਾਂ ਨੂੰ ਅੱਜ ਵੀ ਲਿਸ਼ਕਦੀ ਏ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)