ਬੀਫ, ਕੱਚਾ ਸ਼ਹਿਦ ਅਤੇ ਦੁੱਧ, ਗੋਲ ਮਸ਼ੀਨ ਵਜੋਂ ਜਾਣੇ ਜਾਂਦੇ ਨੌਰਵੇ ਦੇ ਖਿਡਾਰੀ ਹਾਲੈਂਡ ਦੀ ਕੀ ਹੈ ਡਾਈਟ ਤੇ ਇਸ ਬਾਰੇ ਇੰਨੀ ਚਰਚਾ ਕਿਉਂ ਹੋ ਰਹੀ ਹੈ?

ਐਰਲਿੰਗ ਹਾਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੌਰਵੇ ਨੇ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਕਵਾਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ
    • ਲੇਖਕ, ਡਾਰੀਓ ਬਰੂਕਸ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਪਿਛਲੀ ਵਾਰ ਜਦੋਂ ਨੌਰਵੇ ਨੇ 1998 ਵਿੱਚ ਫੁੱਟਬਾਲ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ, ਉਸ ਵੇਲੇ ਐਰਲਿੰਗ ਹਾਲੈਂਡ ਦਾ ਜਨਮ ਵੀ ਨਹੀਂ ਹੋਇਆ ਸੀ।

ਪਰ 25 ਸਾਲਾ ਸਟ੍ਰਾਈਕਰ ਦੀ ਟੀਮ ਨੌਰਵੇ ਨੇ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਕਵਾਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਮੈਚ ਵਿੱਚ ਹਾਲੈਂਡ ਨੇ ਦੋ ਗੋਲ ਕੀਤੇ ਅਤੇ ਚਰਚਾ।

ਇੰਨਾ ਹੀ ਨਹੀਂ, 1.94 ਮੀਟਰ ਭਾਵ 6 ਫੁੱਟ ਤੋਂ ਵੀ ਲੰਬਾ ਇਹ ਸਟ੍ਰਾਈਕਰ, ਜਿਸ ਨੂੰ "ਐਂਡਰੌਇਡ" ਵੀ ਕਿਹਾ ਜਾਂਦਾ ਹੈ, ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਦੌੜ 'ਚ ਵੀ ਸ਼ਾਮਿਲ ਹੈ।

ਸੇਨੇਗਲ ਖ਼ਿਲਾਫ਼ ਦੋ ਗੋਲ ਕਰਨ ਤੋਂ ਬਾਅਦ ਹਾਲੈਂਡ ਨੇ ਹੱਸਦੇ ਹੋਏ ਕਿਹਾ ਸੀ, "ਮੈਨੂੰ ਨਹੀਂ ਪਤਾ...ਮੈਨੂੰ ਲੱਗਦਾ ਹੈ ਕਿ ਗੋਲ ਕਰਨਾ ਹੀ ਮੇਰੀ ਖ਼ਾਸੀਅਤ ਹੈ। ਬੱਸ ਇੰਝ ਹੀ ਹੈ।"

ਨੌਰਵੇ ਪਹਿਲੀ ਵਾਰ ਕਵਾਰਟਰ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਚੁੱਕਾ ਹੈ। ਅਜਿਹੇ ਵਿੱਚ ਇਸ ਖਿਡਾਰੀ ਦੇ ਖਾਣੇ, ਸ਼ਖ਼ਸੀਅਤ ਸਣੇ ਹੋਰ ਪਹਿਲੂਆਂ ਉੱਤੇ ਖੂਬ ਚਰਚਾ ਹੋ ਰਹੀ ਹੈ, ਆਓ ਜਾਣਦੇ ਹਾਂ ਕਿ ਚਰਚਾ ਦਾ ਵਿਸ਼ਾ ਬਣੇ ਐਰਲਿੰਗ ਹਾਲੈਂਡ ਕੌਣ ਹਨ।

1. ਇੰਗਲੈਂਡ ਵਿੱਚ ਜਨਮ ਹੋਇਆ ਪਰ ਨੌਰਵੇ ਵੱਲੋਂ ਖੇਡਦੇ ਹਨ

ਐਰਲਿੰਗ ਹਾਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲੈਂਡ ਨੇ ਕਿਸ਼ੋਰ ਉਮਰ ਵਿੱਚ ਹੀ ਨੌਰਵੇ ਦੇ ਕਲੱਬ ਬ੍ਰਾਈਨ ਐਫਕੇ ਲਈ ਆਪਣਾ ਪੇਸ਼ੇਵਰ ਡੈਬਿਊ ਕੀਤਾ ਸੀ

ਐਰਲਿੰਗ ਹਾਲੈਂਡ ਦਾ ਜਨਮ ਸਾਲ 2000 ਵਿੱਚ ਇੰਗਲੈਂਡ ਦੇ ਸ਼ਹਿਰ ਲੀਡਜ਼ ਵਿੱਚ ਹੋਇਆ ਸੀ। ਉਸ ਸਮੇਂ ਉਨ੍ਹਾਂ ਦੇ ਪਿਤਾ ਐਲਫ-ਇੰਗੇ ਹਾਲੈਂਡ, ਜੋ 1994 ਦੇ ਵਿਸ਼ਵ ਕੱਪ ਵਿੱਚ ਨੌਰਵੇ ਦੀ ਟੀਮ ਦਾ ਹਿੱਸਾ ਰਹੇ ਸਨ, ਲੀਡਜ਼ ਯੂਨਾਈਟਿਡ ਕਲੱਬ ਲਈ ਖੇਡਦੇ ਸਨ।

ਜਦੋਂ ਹਾਲੈਂਡ ਚਾਰ ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਦੱਖਣੀ ਨੌਰਵੇ ਦੇ ਆਪਣੇ ਜੱਦੀ ਸ਼ਹਿਰ ਬ੍ਰਾਈਨ ਵਾਪਸ ਆ ਗਿਆ। ਜਿੱਥੇ ਹਾਲੈਂਡ ਨੇ ਫੁੱਟਬਾਲ ਦੇ ਨਾਲ-ਨਾਲ ਲੰਬੀ ਛਾਲ ਅਤੇ ਸਾਈਕਲਿੰਗ ਵਰਗੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ।

ਉਨ੍ਹਾਂ ਦੇ ਪਹਿਲੇ ਕੋਚ ਐਲਫ ਇੰਗਵੇ ਬਰਨਟਸੇਨ ਨੇ ਗੋਲ ਨੂੰ ਦੱਸਿਆ, "ਮੈਂ ਐਰਲਿੰਗ ਨੂੰ ਪਹਿਲੀ ਵਾਰ ਪੰਜ ਸਾਲ ਦੀ ਉਮਰ ਵਿੱਚ ਦੇਖਿਆ ਸੀ ਜਦੋਂ ਉਹ ਆਪਣੇ ਨਾਲੋਂ ਇੱਕ ਸਾਲ ਵੱਡੇ ਬੱਚਿਆਂ ਦੇ ਗਰੁੱਪ ਨਾਲ ਇਨਡੋਰ ਟ੍ਰੇਨਿੰਗ ਵਿੱਚ ਸ਼ਾਮਿਲ ਹੋਇਆ ਸੀ।"

"ਉਸ ਨੇ ਆਪਣੇ ਪਹਿਲੇ ਹੀ ਦੋ ਟਚ ਗੋਲ ਵਿੱਚ ਬਦਲ ਦਿੱਤੇ ਸਨ। ਉਹ ਸ਼ੁਰੂ ਤੋਂ ਹੀ ਬਹੁਤ ਵਧੀਆ ਖਿਡਾਰੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਉਹ ਕਦੇ ਵੀ ਇਸ ਕਲੱਬ ਲਈ ਨਹੀਂ ਖੇਡਿਆ ਸੀ।"

ਉਨ੍ਹਾਂ ਨੇ ਕਿਹਾ, "ਉਹ ਆਪਣੇ ਵਿਰੋਧੀ ਖਿਡਾਰੀਆਂ ਨਾਲੋਂ ਕੁਝ ਛੋਟੇ ਕੱਦ ਦਾ ਸੀ, ਕਿਉਂਕਿ ਉਹ ਉਨ੍ਹਾਂ ਨਾਲੋਂ ਇੱਕ ਸਾਲ ਛੋਟਾ ਸੀ। ਭਾਵੇਂ ਸਾਹਮਣੇ ਵਾਲਾ ਖਿਡਾਰੀ ਉਸ ਨਾਲੋਂ ਕਾਫ਼ੀ ਲੰਬਾ ਹੁੰਦਾ ਸੀ, ਫਿਰ ਵੀ ਉਹ ਗੋਲ ਕਰ ਲੈਂਦਾ ਸੀ। ਜਦੋਂ ਉਹ 11 ਜਾਂ 12 ਸਾਲ ਦਾ ਸੀ, ਉਦੋਂ ਹੀ ਸਾਨੂੰ ਯਕੀਨ ਹੋ ਗਿਆ ਸੀ ਕਿ ਉਹ ਬਹੁਤ ਅੱਗੇ ਜਾਵੇਗਾ। ਉਸੇ ਸਮੇਂ ਸਾਨੂੰ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਨੌਜਵਾਨ ਵਿੱਚ ਕੌਮਾਂਤਰੀ ਖਿਡਾਰੀ ਬਣਨ ਲਈ ਤਮਾਮ ਗੁਣ ਉਸ ਵਿੱਚ ਮੌਜੂਦ ਹਨ।"

15 ਸਾਲ ਦੀ ਉਮਰ ਵਿੱਚ ਹੀ ਹਾਲੈਂਡ ਨੌਰਵੇ ਦੇ ਕਲੱਬ ਬ੍ਰਾਈਨ ਐਫਕੇ ਲਈ ਖੇਡ ਰਿਹਾ ਸੀ। ਇਹ ਕਲੱਬ ਆਪਣੇ ਇਤਿਹਾਸ ਵਿੱਚ ਨੌਰਵੇ ਦੀ ਪਹਿਲੀ ਅਤੇ ਦੂਜੀ ਡਿਵੀਜ਼ਨ 'ਤੇ ਹੀ ਰਿਹਾ ਹੈ।

ਹਾਲਾਂਕਿ, ਗੋਲ ਕਰਨ ਦੀ ਹਾਲੈਂਡ ਦੀ ਸ਼ਾਨਦਾਰ ਸਮਰੱਥਾ ਨੇ ਉਸ ਨੂੰ ਨੌਰਵੇ ਦੇ ਹੀ ਇੱਕ ਹੋਰ ਕਲੱਬ ਮੋਲਡੇ ਐਫਕੇ ਵਿੱਚ ਸ਼ਾਮਿਲ ਕਰਵਾਇਆ। ਇਹ ਕਲੱਬ ਸਟ੍ਰਾਈਕਰ ਓਲੇ ਗੁੰਨਾਰ ਸੋਲਸਕਜ਼ੇਅਰ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਹਾਲੈਂਡ ਦੇ ਮਾਰਗ ਦਰਸ਼ਕਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

ਇਹੀ ਉਹ ਸਮਾਂ ਸੀ ਜਦੋਂ ਆਸਟ੍ਰੀਅਨ ਕਲੱਬ ਰੈੱਡ ਬੁੱਲ ਸਾਲਜ਼ਬਰਗ ਨਾਲ ਖੇਡਦੇ ਹੋਏ ਹਾਲੈਂਡ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ। ਬਾਅਦ ਵਿੱਚ ਉਹ ਜਰਮਨੀ ਦੇ ਬੋਰੂਸੀਆ ਡੋਰਟਮੁੰਡ ਵਿੱਚ ਇੱਕ ਸਥਾਪਤ ਸਟ੍ਰਾਈਕਰ ਵਜੋਂ ਉਭਰਿਆ।

ਅੱਜ ਹਾਲੈਂਡ ਇੰਗਲੈਂਡ ਦੇ ਕਲੱਬ ਮੈਨਚੈਸਟਰ ਸਿਟੀ ਦਾ ਸਟਾਰ ਖਿਡਾਰੀ ਹੈ।

2. ਨੌਰਵੇ ਦੀ ਟੀਮ ਲਈ ਗੋਲ ਕਰਨ ਵਾਲੀ 'ਮਸ਼ੀਨ'

ਐਰਲਿੰਗ ਹਾਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲੈਂਡ ਨੇ ਆਪਣੀ ਰਾਸ਼ਟਰੀ ਟੀਮ ਲਈ ਖੇਡੇ ਪਿਛਲੇ ਲਗਾਤਾਰ 14 ਮੈਚਾਂ ਵਿੱਚ ਹਰ ਇੱਕ ਵਿੱਚ ਗੋਲ ਕੀਤਾ ਹੈ

ਇਸ ਵਿਸ਼ਵ ਕੱਪ ਵਿੱਚ, ਹਾਲੈਂਡ ਸਿਰਫ਼ ਆਪਣੇ ਦੇਸ਼ ਦੀਆਂ ਉਮੀਦਾਂ ਹੀ ਨਹੀਂ ਸਗੋਂ ਉਹ ਉਨ੍ਹਾਂ ਸਾਰੇ ਸਾਬਕਾ ਖਿਡਾਰੀਆਂ ਦੇ ਸੁਪਨਿਆਂ ਦਾ ਭਾਰ ਵੀ ਆਪਣੇ ਮੋਢਿਆਂ 'ਤੇ ਲੈ ਕੇ ਚੱਲ ਰਹੇ ਹਨ, ਜੋ ਵਿਸ਼ਵ ਕੱਪ ਵਿੱਚ ਖੇਡਣ ਦਾ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ।

1994 ਅਤੇ 1998 ਵਿੱਚ ਲਗਾਤਾਰ ਦੋ ਵਿਸ਼ਵ ਕੱਪਾਂ ਵਿੱਚ ਪਹੁੰਚਣ ਤੋਂ ਇਲਾਵਾ, ਨੌਰਵੇ ਨੇ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਤੋਂ ਲੰਬੇ ਸਮੇਂ ਤੱਕ ਦੂਰ ਰਹਿਣ ਦਾ ਦੌਰ ਵੀ ਦੇਖਿਆ ਹੈ। ਨੌਰਵੇ ਦੀ ਆਖਰੀ ਵੱਡੇ ਟੂਰਨਾਮੈਂਟ ਵਿੱਚ ਹਾਜ਼ਰੀ ਯੂਰੋ 2000 ਵਿੱਚ ਲੱਗੀ ਸੀ।

ਪਰ ਹੁਣ ਨੌਰਵੇ ਕੋਲ ਆਪਣਾ ਸਟਾਰ ਖਿਡਾਰੀ ਹੈ, ਜਿਸ ਦੀ ਲੋਕਪ੍ਰਿਯਤਾ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ।

ਮੈਨਚੈਸਟਰ ਸਿਟੀ ਦੇ ਇਸ ਸਟ੍ਰਾਈਕਰ ਨੇ ਆਪਣੀ ਰਾਸ਼ਟਰੀ ਟੀਮ ਨੌਰਵੇ ਲਈ ਖੇਡੇ ਪਿਛਲੇ ਲਗਾਤਾਰ 14 ਅਧਿਕਾਰਤ ਮੈਚਾਂ ਵਿੱਚ ਹਰੇਕ ਮੈਚ ਵਿੱਚ ਗੋਲ ਕੀਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਕੁੱਲ 27 ਗੋਲ ਕੀਤੇ ਗਏ ਹਨ।

ਕੁੱਲ ਮਿਲਾ ਕੇ, ਹਾਲੈਂਡ ਨੇ ਨੌਰਵੇ ਲਈ 54 ਅੰਤਰਰਾਸ਼ਟਰੀ ਮੈਚਾਂ ਵਿੱਚ 62 ਗੋਲ ਕੀਤੇ ਹਨ। ਉਨ੍ਹਾਂ ਦੀ ਗੋਲ ਕਰਨ ਦੀ ਔਸਤ ਇੰਨੀ ਸ਼ਾਨਦਾਰ ਹੈ ਕਿ ਉਹ ਲਗਭਗ ਹਰ 71 ਮਿੰਟ ਵਿੱਚ ਇੱਕ ਗੋਲ ਕਰਦੇ ਹਨ।

3. ਹਾਲੈਂਡ ਦੀ ਹੈਰਾਨ ਕਰਨ ਵਾਲੀ ਖੁਰਾਕ

ਐਰਲਿੰਗ ਹਾਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਹਾਲੈਂਡ ਆਪਣੀ ਖੁਰਾਕ ਵਿੱਚ ਸੋਚ-ਸਮਝ ਕੇ ਵੱਧ ਕੈਲੋਰੀ ਵਾਲੇ ਭੋਜਨ ਸ਼ਾਮਿਲ ਕਰਦੇ ਹਨ

ਮੈਦਾਨ ਤੋਂ ਬਾਹਰ ਵੀ ਹਾਲੈਂਡ ਆਪਣੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਦੇ ਰਹਿੰਦੇ ਹਨ, ਜਿਸ ਵਿੱਚ ਉਨ੍ਹਾਂ ਦੀ ਖ਼ਾਸ ਖੁਰਾਕ ਵੀ ਸ਼ਾਮਿਲ ਹੁੰਦੀ ਹੈ।

ਇਹ ਨੌਜਵਾਨ ਸਟ੍ਰਾਈਕਰ ਹਰ ਦਿਨ ਲਗਭਗ 6,000 ਕੈਲੋਰੀਜ਼ ਲੈਂਦਾ ਹੈ। ਉਨ੍ਹਾਂ ਦੀ ਖੁਰਾਕ ਵਿੱਚ ਕੁਝ ਅਜਿਹੇ ਪ੍ਰੋਟੀਨ ਸਰੋਤ ਵੀ ਸ਼ਾਮਲ ਹਨ ਜੋ ਆਮ ਨਹੀਂ ਮੰਨੇ ਜਾਂਦੇ, ਜਿਵੇਂ ਬੀਫ ਦਾ ਦਿਲ ਅਤੇ ਲਿਵਰ , ਇਸ ਤੋਂ ਇਲਾਵਾ ਕੱਚਾ ਸ਼ਹਿਦ ਅਤੇ ਦੁੱਧ।

ਹਾਲੈਂਡ ਨੇ ਆਪਣੀ ਇੱਕ ਵੀਡੀਓ ਵਿੱਚ ਕਿਹਾ ਸੀ, "ਮੈਂ ਖੁਦ ਨੂੰ ਬਿਹਤਰੀਨ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹਾਂ।"

ਉਨ੍ਹਾਂ ਦੀਆਂ ਰੋਜ਼ਾਨਾ ਆਦਤਾਂ ਵੀ ਬਹੁਤ ਅਨੁਸ਼ਾਸਿਤ ਹਨ। ਉਹ ਰਾਤ ਨੂੰ ਸਾਰੇ ਇਲੈਕਟ੍ਰਾਨਿਕ ਉਪਕਰਨ ਬੰਦ ਕਰ ਦਿੰਦੇ ਹਨ ਅਤੇ ਘੱਟੋ-ਘੱਟ 10 ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰਦੇ ਹਨ।

ਪਰ ਇਸ ਵਿੱਚ ਕੁਝ ਨਵਾਂ ਨਹੀਂ ਹੈ। ਦਰਅਸਲ, ਆਸਟਰੀਆ ਦੇ ਰੈੱਡ ਬੁੱਲ ਸਾਲਜ਼ਬਰਗ ਵਿੱਚ ਉਨ੍ਹਾਂ ਦੇ ਸਾਥੀ ਖਿਡਾਰੀ ਇੰਨੀ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਨਿੱਜੀ ਅਨੁਸ਼ਾਸਨ ਅਤੇ ਆਪਣੀ ਦੇਖਭਾਲ ਕਰਨ ਦੇ ਤਰੀਕਿਆਂ ਨੂੰ ਦੇਖ ਕੇ ਹੈਰਾਨ ਰਹਿੰਦੇ ਸਨ।

ਉਨ੍ਹਾਂ ਦੇ ਸਾਬਕਾ ਸਾਥੀ ਮੈਕਸਿਮਿਲੀਅਨ ਵੋਬਰ ਨੇ ਡੈਜ਼ਨ (DAZN, ਇੱਕ ਵਿਸ਼ਵ ਪੱਧਰੀ ਖੇਡਾਂ ਦੀ ਲਾਈਵ ਸਟ੍ਰੀਮਿੰਗ ਸਰਵਿਸ) ਨੂੰ ਦੱਸਿਆ, "ਉਹ ਇੱਕ ਉੱਚ ਪੱਧਰ ਦਾ ਪੇਸ਼ੇਵਰ ਖਿਡਾਰੀ ਹੈ। ਜਦੋਂ ਅਸੀਂ ਸਫ਼ਰ ਦੌਰਾਨ ਤਾਸ਼ ਖੇਡਦੇ ਹੁੰਦੇ ਹਾਂ, ਉਹ ਹਮੇਸ਼ਾ ਆਪਣੀ ਨੀਂਦ ਜਾਂ ਖੁਰਾਕ ਨੂੰ ਬਿਹਤਰ ਬਣਾਉਣ ਬਾਰੇ ਵਿਗਿਆਨਕ ਲੇਖ ਪੜ੍ਹ ਰਿਹਾ ਹੁੰਦਾ ਹੈ। ਉਹ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ਵਿੱਚ ਸੁਧਾਰ ਲੱਭਦਾ ਰਹਿੰਦਾ ਹੈ ਤਾਂ ਜੋ ਆਪਣੇ ਪ੍ਰਦਰਸ਼ਨ ਨੂੰ ਹੋਰ ਅੱਗੇ ਲੈ ਜਾ ਸਕੇ।"

4. 'ਬ੍ਰਾਊਟ' ਹੋਣ ਦਾ ਮਾਣ

ਐਰਲਿੰਗ ਹਾਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2026 ਦੇ ਵਿਸ਼ਵ ਕੱਪ ਲਈ ਹਾਲੈਂਡ ਨੇ ਆਪਣੀ ਜਰਸੀ 'ਤੇ "ਬ੍ਰਾਊਟ" ਉਪਨਾਮ ਲਿਖਵਾਇਆ ਹੈ

ਲੀਡਜ਼ (ਇੰਗਲੈਂਡ) ਵਿੱਚ ਜਨਮ ਲੈਣ ਕਾਰਨ ਹਾਲੈਂਡ ਕੋਲ ਇੰਗਲੈਂਡ ਦੀ ਨੁਮਾਇੰਦਗੀ ਕਰਨ ਦਾ ਬਦਲ ਸੀ ਅਤੇ ਉਹ ਯੂਰਪ ਅਤੇ ਦੁਨੀਆ ਦੇ ਸਭ ਤੋਂ ਉੱਚੇ ਪੱਧਰ ਦੇ ਫੁੱਟਬਾਲ ਤੱਕ ਪਹੁੰਚ ਸਕਦਾ ਸੀ ਪਰ ਉਨ੍ਹਾਂ ਨੇ ਇਹ ਬਦਲ ਨਹੀਂ ਚੁਣਿਆ।

ਨੌਰਵੇ ਦੇ ਖੇਡ ਪੱਤਰਕਾਰ ਐਂਡ੍ਰਿਆਸ ਕੋਰਸੁੰਡ ਨੇ ਬੀਬੀਸੀ ਸਪੋਰਟ ਨੂੰ ਦੱਸਿਆ, "ਦੁਨੀਆ ਭਰ ਵਿੱਚ ਸੁਪਰਸਟਾਰ ਬਣਨ ਦੇ ਬਾਵਜੂਦ ਹਾਲੈਂਡ ਅਜੇ ਵੀ ਬਿਲਕੁਲ ਉਹੀ ਇਨਸਾਨ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਕਿੱਥੋਂ ਆਏ ਹਨ ਅਤੇ ਅਕਸਰ ਰੋਗਾਲੈਂਡ ਸੂਬੇ ਵਿੱਚ ਆਪਣੇ ਛੋਟੇ ਜਿਹੇ ਜੱਦੀ ਸ਼ਹਿਰ ਦਾ ਦੌਰਾ ਕਰਦੇ ਹਨ। ਉਨ੍ਹਾਂ ਨੂੰ ਆਪਣੀਆਂ ਜੜ੍ਹਾਂ 'ਤੇ ਬਹੁਤ ਮਾਣ ਹੈ ਅਤੇ ਜਦੋਂ ਉਹ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ ਤਾਂ ਨੌਰਵੇ ਮੀਡੀਆ ਲਈ ਹਮੇਸ਼ਾ ਉਪਲੱਬਧ ਰਹਿੰਦੇ ਹਨ।"

ਹਾਲੈਂਡ ਦੇ ਪਹਿਲੇ ਕੋਚ ਐਲਫ ਇੰਗਵੇ ਬਰਨਟਸੇਨ ਦਾ ਬਿਆਨ

ਹਾਲੈਂਡ ਨੌਰਵੇ ਦੇ ਵਾਇਕਿੰਗ ਇਤਿਹਾਸ ਤੋਂ ਪ੍ਰੇਰਿਤ ਰਹੇ ਹਨ ਅਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ 'ਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।

ਆਪਣੀਆਂ ਜੜ੍ਹਾਂ ਨਾਲ ਇਸੇ ਜੁੜਾਅ ਕਾਰਨ ਉਨ੍ਹਾਂ ਨੇ ਆਪਣੀ ਰਾਸ਼ਟਰੀ ਟੀਮ ਦੀ ਜਰਸੀ 'ਤੇ ਆਪਣਾ ਪੂਰਾ ਉਪਨਾਮ "ਬ੍ਰਾਊਟ ਹਾਲੈਂਡ" ਲਿਖਵਾਉਣਾ ਚੁਣਿਆ ਹੈ।

ਬ੍ਰਾਊਟ ਉਨ੍ਹਾਂ ਦੀ ਮਾਂ ਦਾ ਪੇਕਿਆਂ ਵਾਲਾ ਉਪਨਾਮ ਹੈ। ਨੌਰਵੇ ਦੀ ਪਰੰਪਰਾ ਮੁਤਾਬਕ ਕਈ ਵਾਰ ਮਾਂ ਅਤੇ ਪਿਤਾ ਦੋਹਾਂ ਦੇ ਉਪਨਾਮ ਜੋੜ ਕੇ ਵਰਤੇ ਜਾਂਦੇ ਹਨ।

ਕੋਰਸੁੰਡ ਕਹਿੰਦੇ ਹਨ, "ਹਾਲੈਂਡ ਨੌਰਵੇ ਲਈ ਸਭ ਕੁਝ ਹਨ। ਉਹ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਖੇਡ ਵਿੱਚ ਇੱਕ ਬੇਮਿਸਾਲ ਸੁਪਰਸਟਾਰ ਬਣ ਗਏ ਹਨ। ਸਿਰਫ਼ 55 ਲੱਖ ਤੋਂ ਥੋੜ੍ਹੀ ਵੱਧ ਆਬਾਦੀ ਵਾਲੇ ਦੇਸ਼ ਵੱਲੋਂ ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲਰਾਂ ਵਿੱਚੋਂ ਇੱਕ ਪੈਦਾ ਕਰਨਾ ਸੱਚਮੁੱਚ ਹੈਰਾਨੀਜਨਕ ਹੈ।"

5. ਇੱਕ ਅਜਿਹੀ ਸ਼ਖ਼ਸੀਅਤ, ਜੋ ਰਵਾਇਤੀ ਨੌਰਵੇ ਸੁਭਾਅ ਤੋਂ ਬਿਲਕੁਲ ਵੱਖਰੀ ਹੈ

ਐਰਲਿੰਗ ਹਾਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲੈਂਡ ਆਪਣੇ ਮਿਲਣਸਾਰ ਅਤੇ ਖੁੱਲ੍ਹੇ ਸੁਭਾਅ ਲਈ ਜਾਣੇ ਜਾਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਸਾਂਝੀ ਕਰਦੇ ਰਹਿੰਦੇ ਹਨ

1.95 ਮੀਟਰ ਭਾਵ ਲਗਭਗ 6 ਫੁੱਟ 5 ਇੰਚ ਦੇ ਉੱਚੇ ਕੱਦ ਅਤੇ ਆਪਣੇ ਲੰਬੇ ਸੁਨਹਿਰੇ ਵਾਲਾਂ ਕਾਰਨ ਹਾਲੈਂਡ ਫੁੱਟਬਾਲ ਦੇ ਸਭ ਤੋਂ ਆਸਾਨੀ ਨਾਲ ਪਛਾਣੇ ਜਾਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਬਣ ਗਏ ਹਨ।

ਮੈਨਚੈਸਟਰ ਸਿਟੀ ਵਿੱਚ ਖੇਡਦੇ ਹੋਏ ਉਨ੍ਹਾਂ ਦੀ ਸ਼ਖ਼ਸੀਅਤ ਹੋਰ ਨਿਖਰ ਕੇ ਸਾਹਮਣੇ ਆਈ ਅਤੇ ਉਨ੍ਹਾਂ ਦਾ ਹਾਸੇ-ਮਜ਼ਾਕ ਦਾ ਅੰਦਾਜ਼, ਜੋ ਕਈ ਵਾਰ ਬਹੁਤ ਹੀ ਅੰਗਰੇਜ਼ੀ ਵਿੱਚ ਰੰਗਿਆ ਹੁੰਦਾ ਹੈ, ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ।

ਉਨ੍ਹਾਂ ਦੇ ਯੂਟਿਊਬ ਚੈਨਲ 'ਤੇ, ਜਿੱਥੇ ਉਹ "ਹਾਲੈਂਡ ਦੀ ਜ਼ਿੰਦਗੀ ਦਾ ਇੱਕ ਦਿਨ" ਵਰਗੀਆਂ ਵੀਡੀਓਜ਼ ਸਾਂਝੀਆਂ ਕਰਦੇ ਹਨ, ਉੱਥੇ ਉਨ੍ਹਾਂ ਦੇ 16 ਲੱਖ ਸਬਸਕ੍ਰਾਈਬਰ ਹਨ। ਉਹ ਐਨੀਮੇਟਡ ਫ਼ਿਲਮ "ਵੀਕੁਈਨਸ" ਵਿੱਚ ਵੀ ਆਪਣੀ ਆਵਾਜ਼ ਦੇਣਗੇ, ਜਿਸ ਵਿੱਚ ਉਹ ਇੱਕ ਵਾਈਕਿੰਗ ਕਿਰਦਾਰ ਨੂੰ ਆਵਾਜ਼ ਦੇ ਰਹੇ ਹਨ, ਜਿਸ ਦਾ ਨਾਮ ਵੀ ਹਾਲੈਂਡ ਹੀ ਹੈ।

ਨੌਰਵੇ ਦੇ ਪੱਤਰਕਾਰ ਲਾਰਸ ਸਿਵਰਟਸਨ ਨੇ ਕਿਹਾ, "ਮੇਰੇ ਖ਼ਿਆਲ ਵਿੱਚ ਅਰਲਿੰਗ ਕੁਝ ਮਾਮਲਿਆਂ ਵਿੱਚ ਇੱਕ ਆਮ ਨੌਰਵੇਜੀਅਨ ਵਰਗਾ ਨਹੀਂ ਹੈ। ਉਹ ਆਤਮ-ਵਿਸ਼ਵਾਸ ਨਾਲ ਭਰਪੂਰ ਹੈ ਅਤੇ ਕਈ ਵਾਰ ਥੋੜ੍ਹਾ ਸ਼ਰਾਰਤੀ ਵੀ ਲੱਗਦਾ ਹੈ। ਉਸ ਨੂੰ ਆਪਣੀ ਅਹਿਮੀਅਤ ਅਤੇ ਆਪਣੀ ਕਾਬਲੀਅਤ ਦਾ ਪੂਰਾ ਅਹਿਸਾਸ ਹੈ ਅਤੇ ਉਸ ਨੂੰ ਆਪਣੇ ਉੱਤੇ ਪੂਰਾ ਭਰੋਸਾ ਹੈ।"

ਉਨ੍ਹਾਂ ਕਿਹਾ, "ਸਕੈਂਡੀਨੇਵੀਆ ਦੀ ਸੰਸਕ੍ਰਿਤੀ ਵਿੱਚ ਨਿਮਰਤਾ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ, ਜਦਕਿ ਅਰਲਿੰਗ ਤਾਂ ਬੈਂਚ 'ਤੇ ਬਿਠਾਏ ਜਾਣ 'ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੰਦਾ ਹੈ। ਇਸ ਲਈ ਨੌਰਵੇ ਦੇ ਲੋਕਾਂ ਲਈ ਉਹ ਕੁਝ ਹੱਦ ਤੱਕ ਵੱਖਰਾ ਵਿਅਕਤੀ ਹੈ। ਇਹੀ ਗੱਲ ਉਸ ਨੂੰ ਸਾਡੇ ਲਈ ਇੱਕ ਦਿਲਚਸਪ ਹੀਰੋ ਬਣਾਉਂਦੀ ਹੈ।"

ਉਨ੍ਹਾਂ ਦੀ ਵੱਧਦੀ ਪ੍ਰਸਿੱਧੀ ਨਾਲ ਉਹ ਸਾਰੀਆਂ ਗੱਲਾਂ ਵੀ ਜੁੜ ਗਈਆਂ ਹਨ, ਜੋ ਕਿਸੇ ਸੁਪਰਸਟਾਰ ਨਾਲ ਜੁੜੀਆਂ ਹੁੰਦੀਆਂ ਹਨ, ਜਿਵੇਂ ਕਿ ਜਰਸੀਆਂ ਦੀ ਵਿਕਰੀ ਵਿੱਚ ਵਾਧਾ, ਵਿਸ਼ਵ ਕੱਪ ਪ੍ਰਤੀ ਲੋਕਾਂ ਦੀ ਦਿਲਚਸਪੀ ਵਧਣਾ ਅਤੇ ਨੌਜਵਾਨਾਂ ਲਈ ਪ੍ਰੇਰਣਾ ਬਣਨਾ।

ਸਿਵਰਟਸਨ ਨੇ ਕਿਹਾ, "ਹੁਣ ਉਹ ਉਸ ਪੱਧਰ ਦੇ ਸਟਾਰਡਮ ਦਾ ਹਿੱਸਾ ਬਣ ਗਿਆ ਹੈ, ਜਿਸ ਨੂੰ ਦੇਖਣ ਦੇ ਅਸੀਂ ਆਦੀ ਨਹੀਂ ਸੀ। ਪਰ ਜੇ ਤੁਸੀਂ ਪੂਰੇ ਦੇਸ਼ ਵੱਲ ਦੇਖੋ ਤਾਂ ਇਸ ਗੱਲ ਦਾ ਅਸਾਧਾਰਣ ਮਾਣ ਮਹਿਸੂਸ ਹੁੰਦਾ ਹੈ ਕਿ ਇੰਨਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਸਾਡੇ ਦੇਸ਼ ਨਾਲ ਸਬੰਧ ਰੱਖਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)