ਸਿਹਤਮੰਦ ਸਰੀਰਕ ਸਬੰਧ ਬਣਾਉਣ ਬਾਰੇ ਸਿੱਖਿਆ ਦੇਣ ਵਾਲੀ ਕੁੜੀ ਨੇ ਆਪਣੀ ਗਰਭ ਨਿਰੋਧਕ ਚੋਣ 'ਤੇ ਸ਼ੱਕ ਕਰਨਾ ਕਿਉਂ ਸ਼ੁਰੂ ਕੀਤਾ

ਤਸਵੀਰ ਸਰੋਤ, Milly Evans
- ਲੇਖਕ, ਗ੍ਰੇਸ ਡੀਨ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 8 ਮਿੰਟ
ਇੱਕ ਸੈਕਸ ਐਜੂਕੇਟਰ ਵਜੋਂ, ਮਿਲੀ ਇਵਨਜ਼ ਨੂੰ ਗਰਭ ਨਿਰੋਧਕ ਬਾਰੇ ਜ਼ਿਆਦਾਤਰ ਲੋਕਾਂ ਨਾਲੋਂ ਵੱਧ ਜਾਣਕਾਰੀ ਹੈ।
ਪਰ ਹਾਰਮੋਨਲ ਕੌਇਲ (ਆਈਯੂਐੱਸ) ਲਗਵਾਉਣ ਤੋਂ ਪਹਿਲਾਂ, ਉਸ ਦੇ ਮਨ ਵਿੱਚ ਇਹ ਅਜੀਬ ਸ਼ੱਕ ਪੈਦਾ ਹੋ ਗਿਆ ਕਿ ਕੀ ਇਹ ਉਸ ਦੇ ਸਰੀਰ ਲਈ ਠੀਕ ਹੈ ਜਾਂ ਨਹੀਂ।
ਉਸਦੇ ਸੋਸ਼ਲ ਮੀਡੀਆ 'ਤੇ ਹਾਰਮੋਨਲ ਗਰਭ ਨਿਰੋਧਕ ਨਾ ਲੈਣ ਵਾਲੀਆਂ ਪੋਸਟਾਂ ਬਹੁਤ ਜ਼ਿਆਦਾ ਸਨ। ਉਸ ਨੇ ਸੋਚਣਾ ਸ਼ੁਰੂ ਕੀਤਾ ਕਿ, ਕੀ ਮਾੜੇ ਤਜਰਬੇ ਦਾ ਖ਼ਤਰਾ ਲੈਣਾ ਠੀਕ ਹੈ?
ਛੇ ਮਹੀਨੇ ਤੱਕ 26 ਸਾਲ ਦੀ ਇਵਨਜ਼ ਆਪਣੀ ਅਪਾਇੰਟਮੈਂਟ ਬੁੱਕ ਕਰਨ ਤੋਂ ਟਾਲਦੀ ਰਹੀ।
ਉਹ ਕਹਿੰਦੀ ਹੈ, "ਮੈਂ ਕੁਝ ਅਜਿਹੇ ਦਾਅਵੇ ਵੇਖੇ ਜੋ ਇੰਨੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੇ ਮੈਨੂੰ ਅਜਿਹੇ ਸਵਾਲ ਕਰਨ ਲਈ ਮਜਬੂਰ ਕਰ ਦਿੱਤਾ ਜੋ ਮੈਂ ਪਹਿਲਾਂ ਤੋਂ ਸੱਚ ਮੰਨਦੀ ਸੀ।"
ਇਹ ਕੋਈ ਅਜੀਬ ਗੱਲ ਨਹੀਂ ਹੈ। ਜੇ ਤੁਸੀਂ ਆਪਣੇ 20ਵੇਂ ਦਹਾਕੇ ਵਿੱਚ ਇੱਕ ਅਜਿਹੀ ਔਰਤ ਹੋ ਜੋ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾਉਂਦੀ ਹੈ, ਤਾਂ ਤੁਸੀਂ ਗਰਭ ਨਿਰੋਧਕ ਜਿਵੇਂ ਕਿ ਗੋਲੀ, ਕੌਇਲ ਅਤੇ ਇੰਪਲਾਂਟ ਬਾਰੇ ਕਾਫ਼ੀ ਚਰਚਾ ਵੇਖੀ ਹੋਵੇਗੀ।
ਇਹ ਚਰਚਾ ਆਮ ਤੌਰ 'ਤੇ ਦੋ ਹਿੱਸਿਆਂ ਵਿੱਚ ਹੁੰਦੀ ਹੈ- ਇੱਕ, ਜਿੱਥੇ ਔਰਤਾਂ ਆਪਣੇ ਨਿੱਜੀ ਤਜਰਬਿਆਂ ਦੇ ਸਾਈਡ ਇਫੈਕਟ ਸਾਂਝੇ ਕਰਦੀਆਂ ਹਨ ਅਤੇ ਦੂਜਾ, ਜਿੱਥੇ ਲੋਕ ਜਾਣਬੁੱਝ ਕੇ ਗ਼ਲਤ ਜਾਣਕਾਰੀ ਫੈਲਾਉਂਦੇ ਹਨ, ਅਕਸਰ ਹਾਰਮੋਨ ਨੂੰ ਕਿਸੇ ਵਿਚਾਰਧਾਰਾ ਨਾਲ ਜੋੜਦੇ ਹਨ।
ਉਸ ਨੂੰ ਸਭ ਤੋਂ ਵੱਧ ਚਿੰਤਾ ਦੂਜੇ ਕਿਸਮ ਦੀ ਸਮੱਗਰੀ ਨੂੰ ਲੈ ਕੇ ਹੈ।
ਛੇ ਸਾਲਾਂ ਤੋਂ ਮਾਨਤਾ ਪ੍ਰਾਪਤ ਇਵਨਜ਼ ਦਾ ਕਹਿਣਾ ਹੈ ਕਿ ਇਹ ਸਮੱਗਰੀ "ਸੱਜੇ ਪੱਖੀ, ਧਾਰਮਿਕ ਅਤੇ ਵੱਡੇ ਪੱਧਰ 'ਤੇ ਅਮਰੀਕੀ ਪ੍ਰਭਾਵ ਵਾਲੀ" ਹੁੰਦੀ ਹੈ ਅਤੇ ਇਸਨੂੰ ਅਕਸਰ "ਸਾਫ਼-ਸੁਥਰੀ ਜ਼ਿੰਦਗੀ" ਅਤੇ " ਬ੍ਰਹਮ ਨਾਰੀਤਵ" ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਲਾਭ ਅਤੇ ਦੁਵਿਧਾ
ਇਸ ਤਰ੍ਹਾਂ ਦੀਆਂ ਪੋਸਟਾਂ ਲੌਰੇਨ ਦੇ ਇੰਸਟਾਗ੍ਰਾਮ ਫੀਡ 'ਤੇ ਵੀ ਆਉਂਦੀਆਂ ਰਹਿੰਦੀਆਂ ਹਨ। ਮੈਨਚੈਸਟਰ ਵਿੱਚ ਰਹਿਣ ਵਾਲੀ 25 ਸਾਲ ਦੀ ਲੌਰੇਨ, ਕਾਫ਼ੀ ਫਿਟਨੈੱਸ ਅਤੇ ਵੈਲਨੈੱਸ ਇਨਫਲੂਐਂਸਰਾਂ ਨੂੰ ਫੌਲੋ ਕਰਦੀ ਹੈ।
ਉਹ ਕਹਿੰਦੀ ਹੈ ਕਿ ਕੁਝ ਲੋਕ ਹਾਰਮੋਨਲ ਗਰਭ ਨਿਰੋਧਕ ਨੂੰ "ਖ਼ਰਾਬ" ਦਿਖਾਉਂਦੇ ਹਨ ਅਤੇ ਇਸਨੂੰ "ਗ਼ੈਰ-ਕੁਦਰਤੀ" ਕਹਿੰਦੇ ਹਨ, ਜੋ ਉਸਨੂੰ ਪਰੇਸ਼ਾਨ ਕਰਦਾ ਹੈ।
ਲੌਰੇਨ ਪਿਛਲੇ ਚਾਰ ਸਾਲਾਂ ਤੋਂ ਕਾਂਬਾਈਨਡ ਗੋਲੀ ਲੈ ਰਹੀ ਹੈ। ਉਹ ਕਹਿੰਦੀ ਹੈ ਕਿ ਇਸ ਨਾਲ ਉਸਦੇ ਪ੍ਰੀਮੇਨਸਟਰੂਅਲ ਡਿਸਫੋਰਿਕ ਡਿਸਆਰਡਰ (ਪੀਐੱਮਡੀਡੀ) ਦੇ ਲੱਛਣ ਘਟੇ ਹਨ। ਇਹ ਪੀਐੱਮਐੱਸ ਦੀ ਗੰਭੀਰ ਕਿਸਮ ਹੈ, ਜਿਸ ਕਾਰਨ ਉਸ ਨੂੰ ਪੀਰੀਅਡ ਤੋਂ ਪਹਿਲਾਂ ਤੇਜ਼ ਦਰਦ ਅਤੇ ਵਿਹਾਰ ਵਿੱਚ ਅਸਥਿਰਤਾ ਆਉਂਦੀ ਸੀ।
ਉਹ ਕਹਿੰਦੀ ਹੈ ਕਿ ਇਸ ਗੋਲੀ ਨੇ "ਸੱਚਮੁੱਚ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ," ਪਰ ਇਹ ਵੀ ਦੱਸਦੀ ਹੈ ਕਿ ਅਜਿਹੀਆਂ ਪੋਸਟਾਂ ਉਸਦੇ ਚੰਗੇ ਤਜਰਬੇ ਨੂੰ ਗ਼ਲਤ ਦਿਖਾਉਂਦੀਆਂ ਹਨ ਅਤੇ ਉਸਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਉਹ ਸਹੀ ਫ਼ੈਸਲਾ ਕਰ ਰਹੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਹਾਰਮੋਨਲ ਗਰਭ ਨਿਰੋਧਕ ਦੇ ਖ਼ਿਲਾਫ਼ ਸਮੱਗਰੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲੀ ਹੈ।
ਇੱਕ ਸਧਾਰਨ ਖੋਜ ਵਿੱਚ ਇੱਕ ਨਵੀਂ ਮਾਂ ਦੀ ਪੋਸਟ ਮਿਲਦੀ ਹੈ ਅਤੇ ਉਸ ਵਿੱਚ ਉਸ ਨੇ ਇੱਕ ਬੱਚੇ ਨੂੰ ਫੜ੍ਹਿਆ ਹੋਇਆ ਜੋ ਬਿਨਾਂ ਯੋਜਨਾ ਦੇ ਸੀ।
ਇੱਕ ਹੋਰ 17 ਸਾਲ ਦੀ ਕੁੜੀ ਇੰਸਟਾਗ੍ਰਾਮ 'ਤੇ ਗਰਭ ਨਿਰੋਧਕ ਬਾਰੇ ਸਲਾਹ ਮੰਗ ਰਹੀ ਹੈ। ਇੱਕ ਟਿੱਪਣੀ, ਜਿਸਨੂੰ 800 ਤੋਂ ਵੱਧ ਲਾਈਕ ਮਿਲੇ ਹਨ, ਵਿੱਚ ਲਿਖਿਆ ਹੈ ਕਿ ਬਰਥ ਕੰਟ੍ਰੋਲ "ਤੁਹਾਡੇ ਲਈ ਬਹੁਤ ਖ਼ਰਾਬ ਹੈ।"
ਇੱਕ ਹੋਰ ਨੇ ਕਿਹਾ ਕਿ ਗਰਭ ਨਿਰੋਧਕ "ਬਹੁਤ ਮਾੜਾ ਹੈ", ਜਦਕਿ ਕਿਸੇ ਹੋਰ ਯੂਜ਼ਰ ਨੇ ਗੋਲੀ ਨਾਲ ਆਪਣੀ ਨਫ਼ਰਤ ਦੱਸਦੇ ਹੋਏ ਕਿਹਾ ਕਿ ਇਸ ਨਾਲ ਉਹ ਡਿਪ੍ਰੈਸ਼ਨ ਵਿੱਚ ਚਲੇ ਗਏ।
ਸਾਈਕੋਸੈਕਸ਼ੂਅਲ ਅਤੇ ਰਿਸ਼ਤਿਆਂ ਦੀ ਥੈਰਾਪਿਸਟ ਈਵੀ ਪਲੰਬ ਦੇ ਮੁਤਾਬਕ, ਕੁਝ ਲੋਕ ਜੋ ਆਪਣੇ ਆਪ ਨੂੰ ਮੈਡੀਕਲ ਤੌਰ 'ਤੇ ਯੋਗ ਦੱਸਦੇ ਹਨ, ਉਹ ਵੀ ਆਨਲਾਈਨ ਅਤੇ ਪੌਡਕਾਸਟਾਂ ਵਿੱਚ ਗਲਤ ਜਾਣਕਾਰੀ ਫੈਲਾ ਰਹੇ ਹਨ।
ਔਰਤ ਸਿਹਤ ਪਲੇਟਫਾਰਮ ਲੋਡਾਊਨ ਦੀ ਮੈਡੀਕਲ ਡਾਇਰੈਕਟਰ ਡਾ. ਫ੍ਰੈਨ ਯਾਰਲੈੱਟ ਕਹਿੰਦੀ ਹੈ ਕਿ ਕੁਝ ਦਾਅਵੇ ਪੂਰੀ ਤਰ੍ਹਾਂ ਗਲਤ ਹਨ, ਜਦਕਿ ਕੁਝ ਛੋਟੇ ਪੱਧਰ ਦੇ ਅਧਿਐਨਾਂ 'ਤੇ ਆਧਾਰਿਤ ਹਨ, ਜਿਨ੍ਹਾਂ ਦੀ ਵਿਧੀ ਸ਼ੱਕੀ ਹੁੰਦੀ ਹੈ ਅਤੇ ਜਾਣਕਾਰੀ ਨੂੰ ਸੰਦਰਭ ਤੋਂ ਬਾਹਰ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਦਾਅਵਾ ਕਿ ਗੋਲੀ "ਕਲਿਟੋਰਿਸ ਨੂੰ ਛੋਟਾ ਕਰ ਸਕਦੀ ਹੈ।"
'ਲੋਕ ਡਰੇ ਹੋਏ ਹਨ'
ਪਰ ਇਹ ਸੋਚ ਸਿਰਫ਼ ਆਨਲਾਈਨ ਜਾਂ ਅਮਰੀਕਾ ਤੱਕ ਸੀਮਤ ਨਹੀਂ ਹੈ। ਬ੍ਰਿਟੇਨ ਦੇ ਸੈਕਸ਼ੁਅਲ ਹੈਲਥ ਮਾਹਰ ਕਹਿੰਦੇ ਹਨ ਕਿ ਅਜਿਹੀ ਚਰਚਾ ਕਲੀਨਿਕਾਂ ਵਿੱਚ ਰੋਜ਼ਾਨਾ ਵਧ ਰਹੀ ਹੈ।
ਲੰਡਨ ਦੀ ਜੀਪੀ ਜੈਨੀ ਢੀਂਗਰਾ ਕਹਿੰਦੀ ਹੈ, "ਪਿਛਲੇ ਕੁਝ ਸਾਲਾਂ ਵਿੱਚ ਮਰੀਜ਼ਾਂ ਵਿੱਚ ਹਾਰਮੋਨਲ ਗਰਭ ਨਿਰੋਧਕ ਪ੍ਰਤੀ ਹਿਚਕਚਾਹਟ ਵਧੀ ਹੈ। ਕੁਝ ਲੋਕ ਸਾਈਡ ਇਫੈਕਟਸ ਬਾਰੇ ਚਿੰਤਾ ਜ਼ਾਹਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਸੋਸ਼ਲ ਮੀਡੀਆ ਦੇ ਕਾਰਨ ਡਰ ਗਏ ਹਨ।"
ਐੱਨਐੱਚਐੱਸ ਮੁਤਾਬਕ, ਹਾਰਮੋਨਲ ਗਰਭ ਨਿਰੋਧਕ ਦੇ ਆਮ ਸਾਈਡ ਇਫੈਕਟ ਵਿੱਚ ਸਿਰਦਰਦ, ਜੀਅ ਘਬਰਾਉਣਾ, ਮੂਡ ਵਿੱਚ ਬਦਲਾਅ, ਵਜ਼ਨ ਵਧਣਾ, ਛਾਤੀ ਵਿੱਚ ਦਰਦ ਅਤੇ ਫਿੰਸੀਆਂ ਸ਼ਾਮਲ ਹਨ, ਪਰ ਇਹ ਆਮ ਤੌਰ 'ਤੇ ਸਮੇਂ ਨਾਲ ਠੀਕ ਹੋ ਜਾਂਦੇ ਹਨ।
ਇਹ ਵੀ ਕਿਹਾ ਗਿਆ ਹੈ ਕਿ ਹਾਰਮੋਨਲ ਗਰਭ ਨਿਰੋਧਕ ਨਾਲ ਖੂਨ ਦੇ ਥੱਕੇ ਬਣਨ ਅਤੇ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ, ਪਰ ਇਹ ਖਤਰਾ "ਬਹੁਤ ਘੱਟ" ਹੁੰਦਾ ਹੈ।
ਇਹ ਸਹੀ ਤਰੀਕੇ ਨਾਲ ਕਹਿਣਾ ਮੁਸ਼ਕਲ ਹੈ ਕਿ ਇਹ ਆਨਲਾਈਨ ਚਰਚਾਵਾਂ ਯੂਕੇ ਵਿੱਚ ਗਰਭ ਨਿਰੋਧਕ ਦੀ ਵਰਤੋਂ 'ਤੇ ਕਿੰਨਾ ਅਸਰ ਪਾ ਰਹੀਆਂ ਹਨ।
ਯੂਸੀਐੱਲ ਵਿਖੇ ਪ੍ਰਜਨਨ ਸਿਹਤ ਦੀ ਪ੍ਰੋਫੈਸਰ ਜੈਨੀ ਹਾਲ ਕਹਿੰਦੀ ਹੈ ਕਿ ਐੱਨਐੱਚਐੱਸ ਡਾਟਾ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਫਾਰਮੇਸੀਆਂ ਤੋਂ ਗੋਲੀ ਲੈਂਦੇ ਹਨ, ਜਾਂ ਇਹ ਸਵੀਕਾਰ ਕਰਦੇ ਹਨ ਕਿ ਕੁਝ ਡਿਵਾਈਸਾਂ ਹੁਣ ਬਿਨਾਂ ਬਦਲਣ ਦੀ ਜ਼ਰੂਰਤ ਦੇ ਲੰਬੇ ਸਮੇਂ ਲਈ ਤਜਵੀਜ਼ ਕੀਤੀਆਂ ਜਾਂਦੀਆਂ ਹਨ।
ਉਹ ਕਹਿੰਦੀ ਹੈ ਕਿ ਕੁੱਲ ਮਿਲਾ ਕੇ ਡਾਟਾ ਇਹ ਇਸ਼ਾਰਾ ਕਰਦਾ ਹੈ ਕਿ ਲੋਕ ਹਾਰਮੋਨਲ ਗਰਭ ਨਿਰੋਧਕ ਤੋਂ ਦੂਰ ਜਾ ਰਹੇ ਹਨ।
ਇਸ ਵਿੱਚ ਪਿਛਲੇ ਸਾਲ ਪ੍ਰਕਾਸ਼ਿਤ ਇੱਕ ਅਧਿਐਨ ਵੀ ਸ਼ਾਮਲ ਹੈ, ਜਿਸ ਮੁਤਾਬਕ 2018 ਤੋਂ 2023 ਵਿਚਾਲੇ ਗਰਭਧਾਰਣ ਤੋਂ ਬਚਣ ਲਈ ਹਾਰਮੋਨਲ ਗਰਭ ਨਿਰੋਧਕ ਵਰਤਣ ਵਾਲੀਆਂ ਔਰਤਾਂ ਦਾ ਅਨੁਪਾਤ ਘਟਿਆ ਹੈ। ਇਹ ਜਾਣਕਾਰੀ ਇੰਗਲੈਂਡ ਅਤੇ ਵੇਲਜ਼ ਵਿੱਚ ਗਰਭਪਾਤ ਲਈ ਆਈਆਂ ਹਜ਼ਾਰਾਂ ਔਰਤਾਂ ਦੇ ਡਾਟਾ 'ਤੇ ਆਧਾਰਿਤ ਸੀ।
ਇਸ ਤੋਂ ਇਲਾਵਾ, ਪਿਛਲੇ ਸਾਲ ਕਈ ਅਧਿਐਨਾਂ ਦੀ ਸਮੀਖਿਆ ਵਿੱਚ ਪਤਾ ਲੱਗਿਆ ਕਿ ਸੋਸ਼ਲ ਮੀਡੀਆ 'ਤੇ ਗਰਭ ਨਿਰੋਧਕ ਦੇ ਫਾਇਦਿਆਂ ਨਾਲੋਂ ਇਸਦੇ ਨਕਾਰਾਤਮਕ ਸਾਈਡ ਇਫੈਕਟਸ ਬਾਰੇ ਕਾਫ਼ੀ ਵੱਧ ਗੱਲ ਕੀਤੀ ਜਾਂਦੀ ਹੈ।

'ਡਰਾਉਣੀਆਂ ਕਹਾਣੀਆਂ ਜ਼ਿਆਦਾ ਧਿਆਨ ਖਿੱਚਦੀਆਂ ਹਨ'
ਇਵਨਜ਼ ਕਹਿੰਦੀ ਹੈ ਕਿ ਅਸਲ ਵਿੱਚ ਡਰਾਉਣੀਆਂ ਕਹਾਣੀਆਂ ਜ਼ਿਆਦਾ ਧਿਆਨ ਖਿੱਚਦੀਆਂ ਹਨ ਅਤੇ ਵਾਇਰਲ ਹੋ ਜਾਂਦੀਆਂ ਹਨ, ਜਦਕਿ ਜੋ ਕੋਈ ਕੌਇਲ ਨੂੰ "ਪੂਰੇ ਦਿਲ ਨਾਲ ਪਸੰਦ ਕਰਦੇ ਹਨ", ਉਸਨੂੰ ਇੰਨੇ ਵਿਊਜ਼ ਨਹੀਂ ਮਿਲਦੇ।
ਉਹ ਕਹਿੰਦੀ ਹੈ ਕਿ ਲੋਕ "ਬਹੁਤ ਹੀ ਨਕਾਰਾਤਮਕ ਕਹਾਣੀਆਂ ਵੱਲ ਖਿੱਚੇ ਜਾਂਦੇ ਹਨ… ਜਿੱਥੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ਤਜਰਬਾ ਬਹੁਤ ਮਾੜਾ ਸੀ ਜਾਂ ਕਿਸੇ ਨੂੰ ਖੂਨ ਦਾ ਥੱਕਾ ਬਣ ਗਿਆ।"
ਸੈਕਸ ਐਜੂਕੇਟਰ ਕੇਰੀ ਵੋਲਸਟਨਹੋਲਮ ਵੀ ਸਹਿਮਤ ਹੈ ਕਿ ਉਹ ਨੌਜਵਾਨਾਂ ਤੋਂ ਇਹਨਾਂ "ਡਰਾਉਣੀਆਂ ਕਹਾਣੀਆਂ" ਬਾਰੇ ਸੁਣਦੀ ਹੈ ਅਤੇ ਜਿਸ ਤੋਂ ਬਾਅਦ ਉਹ ਫਿਰ ਫ਼ੈਸਲਾ ਕਰ ਲੈਂਦੇ ਹਨ ਕਿ ਗਰਭ ਨਿਰੋਧਕ "ਉਨ੍ਹਾਂ ਲਈ ਨਹੀਂ ਹੈ।"
ਤਾਂ ਜੇ ਲੋਕ ਹਾਰਮੋਨਲ ਗਰਭ ਨਿਰੋਧਕ ਤੋਂ ਦੂਰ ਹੋ ਰਹੇ ਹਨ, ਤਾਂ ਉਹ ਕੀ ਵਰਤ ਰਹੇ ਹਨ?
ਸੈਕਸ਼ੁਅਲ ਹੈਲਥ ਮਾਹਿਰ ਕਹਿੰਦੇ ਹਨ ਕਿ ਫਰਟੀਲਿਟੀ ਟ੍ਰੈਕ ਕਰਨ ਵਾਲੀਆਂ ਐਪ ਹੌਲੀ-ਹੌਲੀ ਵੱਧ ਰਹੀਆਂ ਹਨ। ਗੋਲੀ, ਕੌਇਲ ਅਤੇ ਇੰਪਲਾਂਟ ਤੋਂ ਵੱਖ, ਇਹਨਾਂ ਦਾ ਯੂਕੇ ਵਿੱਚ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਕੀਤਾ ਜਾ ਸਕਦਾ ਹੈ ਕਿਉਂਕਿ ਇਹਨਾਂ ਲਈ ਡਾਕਟਰ ਦੀ ਪਰਚੀ ਦੀ ਲੋੜ ਨਹੀਂ ਹੁੰਦੀ।
ਕੁਝ ਔਰਤਾਂ ਇਹਨਾਂ ਨੂੰ "ਕੁਦਰਤੀ" ਬਦਲ ਵਜੋਂ ਪ੍ਰਮੋਟ ਕਰਦੀਆਂ ਹਨ। ਇਹ ਐਪਸ ਤੁਹਾਡੇ ਪਿਛਲੇ ਪੀਰੀਅਡ ਅਤੇ ਸਰੀਰ ਦੇ ਤਾਪਮਾਨ ਦੇ ਆਧਾਰ 'ਤੇ ਉਹ ਸਮਾਂ ਦੱਸਦੀਆਂ ਹਨ ਜਦੋਂ ਗਰਭ ਰਹਿਣ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਉਸ ਸਮੇਂ ਸੈਕਸ ਤੋਂ ਬਚਣਾ ਜਾਂ ਸੁਰੱਖਿਆ ਵਰਤਣੀ ਚਾਹੀਦੀ ਹੈ।
ਪਰ ਬਹੁਤ ਸਾਰੀਆਂ ਐਪਸ ਅਸਲ ਵਿੱਚ ਪੀਰੀਅਡ ਟ੍ਰੈਕ ਕਰਨ ਜਾਂ ਬੱਚਾ ਚਾਹੁਣ ਵਾਲੇ ਜੋੜਿਆਂ ਦੀ ਮਦਦ ਲਈ ਬਣੀਆਂ ਹੁੰਦੀਆਂ ਹਨ, ਇਸ ਲਈ ਗਰਭ ਤੋਂ ਬਚਣ ਲਈ ਇਹਨਾਂ 'ਤੇ ਪੂਰਾ ਭਰੋਸਾ ਨਹੀਂ ਕਰਨਾ ਚਾਹੀਦਾ।
ਮਾਹਰ ਸਾਫ਼ ਕਹਿੰਦੇ ਹਨ ਕਿ ਹਾਰਮੋਨਲ ਗਰਭ ਨਿਰੋਧਕ ਦੇ ਸਾਈਡ ਇਫੈਕਟ ਕੁਝ ਲੋਕਾਂ ਨੂੰ "ਹੋ ਸਕਦੇ ਹਨ ਅਤੇ ਹੋਣਗੇ ਵੀ", ਇਹ ਦਵਾਈਆਂ ਦਾ ਆਮ ਤਰੀਕਾ ਹੈ। ਪਰ ਉਹ ਕਹਿੰਦੇ ਹਨ ਕਿ ਲੋਕ ਇਸਦੇ ਫਾਇਦਿਆਂ ਬਾਰੇ ਵੀ ਨਹੀਂ ਸੁਣ ਰਹੇ।

ਤਸਵੀਰ ਸਰੋਤ, Fran Yarlett
ਐੱਮਐੱਸਆਈ ਰੀਪ੍ਰੋਡਕਟਿਵ ਚੋਇਸਿਜ਼ ਵਿੱਚ ਗਰਭ ਨਿਰੋਧਕ ਵਿਭਾਗ ਦੀ ਮੁਖੀ ਕੈਲਾ ਹੀਲੀ ਕਹਿੰਦੀ ਹੈ ਕਿ ਹਾਰਮੋਨਲ ਗਰਭ ਨਿਰੋਧਕ ਭਾਰੀ ਪੀਰੀਅਡ ਨੂੰ ਕਾਬੂ ਕਰਨ ਜਾਂ ਪੀਐੱਮਐੱਸ ਦੇ ਲੱਛਣ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
ਇਹ ਵੀ ਆਮ ਗੱਲ ਹੈ ਕਿ ਹਾਰਮੋਨਲ ਤਰੀਕੇ ਉਨ੍ਹਾਂ ਬਿਮਾਰੀਆਂ ਦੇ ਲੱਛਣ ਘਟਾਉਣ ਲਈ ਵੀ ਦਿੱਤੇ ਜਾਂਦੇ ਹਨ, ਜਿਵੇਂ ਐਡਨੋਮਾਇਓਸਿਸ ਅਤੇ ਐਂਡੋਮੀਟ੍ਰਿਓਸਿਸ, ਜੋ ਦਰਦਨਾਕ ਪੀਰੀਅਡ ਦਾ ਕਾਰਨ ਬਣਦੀਆਂ ਹਨ।
ਸੋਸ਼ਲ ਮੀਡੀਆ ਦੇ ਸ਼ੋਰ-ਸ਼ਰਾਬੇ ਵਿੱਚ, ਸੈਕਸ ਐਜੂਕੇਟਰ ਇਵਨਜ਼ ਕਹਿੰਦੀ ਹੈ ਕਿ ਇੱਥੇ "ਕਾਫ਼ੀ ਨਿਰਾਸ਼ ਔਰਤਾਂ" ਵੀ ਹਨ ਜੋ ਆਪਣੇ ਅਸਲੀ ਅਤੇ ਨਕਾਰਾਤਮਕ ਤਜਰਬੇ ਸਾਂਝੇ ਕਰਨਾ ਚਾਹੁੰਦੀਆਂ ਹਨ।
ਸਮੱਸਿਆ ਇਹ ਹੈ ਕਿ ਮਾਹਿਰ ਕਹਿੰਦੇ ਹਨ ਭਾਵੇਂ ਇਹ ਕਹਾਣੀਆਂ ਸਹੀ ਹੁੰਦੀਆਂ ਹਨ, ਪਰ ਲੋਕ ਇਹ ਨਹੀਂ ਦੱਸਦੇ ਕਿ ਇਹ ਸਾਈਡ ਇਫੈਕਟ ਕਿੰਨੇ ਆਮ ਹਨ।
ਹਾਲ ਕਹਿੰਦੀ ਹੈ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਸਾਈਡ ਇਫੈਕਟਸ ਬਾਰੇ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਅਤੇ ਉਹ "ਕਾਂਟ੍ਰਾਸੈਪਟਿਵ ਬਰਡਨ " ਝੱਲਣ ਤੋਂ ਵੀ ਤੰਗ ਆ ਗਏ ਹਨ। ਇਸ ਵੇਲੇ ਮਰਦਾਂ ਲਈ ਕੋਈ ਹਾਰਮੋਨਲ ਗਰਭ ਨਿਰੋਧਕ ਨਹੀਂ ਹੈ, ਹਾਲਾਂਕਿ ਕੁਝ ਜੈਲ ਅਤੇ ਗੋਲੀਆਂ ਦੀ ਜਾਂਚ ਹੋ ਰਹੀ ਹੈ।
ਇਵਨਜ਼ ਨੂੰ ਚਿੰਤਾ ਹੈ ਕਿ ਇਹ "ਅਸਲੀ ਨਿਰਾਸ਼ਾਵਾਂ" ਵੀ ਆਨਲਾਈਨ ਫੈਲ ਰਹੀਆਂ ਉਹਨਾਂ ਗੱਲਾਂ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ, ਜੋ ਗਰਭ ਨਿਰੋਧਕ ਦੇ ਖ਼ਿਲਾਫ਼ ਲੋਕ ਫੈਲਾ ਰਹੇ ਹਨ। ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਔਰਤ ਦਾ ਮੁੱਖ ਕੰਮ ਜ਼ਿਆਦਾ ਬੱਚੇ ਪੈਦਾ ਕਰਨਾ ਹੈ।
ਅਖੀਰ ਵਿੱਚ, ਇਵਨਜ਼ ਨੇ ਸੋਸ਼ਲ ਮੀਡੀਆ ਦੀਆਂ ਗੱਲਾਂ ਨੂੰ ਆਪਣੇ ਫ਼ੈਸਲੇ 'ਤੇ ਅਸਰ ਨਹੀਂ ਪੈਣ ਦਿੱਤਾ ਅਤੇ ਇਸ ਹਫ਼ਤੇ ਉਸ ਨੇ ਹਾਰਮੋਨਲ ਕੌਇਲ ਲਗਵਾ ਲਈ।
ਉਹ ਕਹਿੰਦੀ ਹੈ ਕਿ ਸਿਹਤ ਮਾਹਰ ਨਾਲ ਗੱਲ ਕਰਨ ਤੋਂ ਬਾਅਦ ਉਹ ਆਪਣੇ ਫ਼ੈਸਲੇ 'ਤੇ "ਪੂਰੀ ਤਰ੍ਹਾਂ ਯਕੀਨੀ" ਮਹਿਸੂਸ ਕਰਦੀ ਸੀ।
ਜਦੋਂ ਉਸ ਨੇ ਆਪਣਾ ਤਜਰਬਾ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ, ਤਾਂ ਕਈ ਲੋਕਾਂ ਨੇ ਉਸਨੂੰ ਸੁਨੇਹੇ ਭੇਜੇ ਅਤੇ ਕਿਹਾ ਕਿ ਉਹ ਉਸਦੀ ਪੋਸਟ ਦੇਖ ਕੇ ਰਾਹਤ ਮਹਿਸੂਸ ਕਰ ਰਹੇ ਹਨ "ਕਿਉਂਕਿ ਉਹ ਪਹਿਲਾਂ ਹੋਰ ਸਮੱਗਰੀ ਦੇ ਕਾਰਨ ਹਿੰਮਤ ਹਾਰ ਗਏ ਸਨ।"


































