ਕਿਹੜੀ ਚੀਜ਼ ਖਾਣ ਕਰਕੇ ਮਹਿਲਾ ਦੇ ਦਿਮਾਗ ਵਿੱਚ 38 ਪਰਜੀਵੀ ਕੀੜੇ ਪੈਦਾ ਹੋ ਗਏ, ਡਾਕਟਰ ਨੇ ਭਾਰਤ ਨਾਲ ਬਿਮਾਰੀ ਦਾ ਕੀ ਸਬੰਧ ਜੋੜਿਆ

ਲੋਰੀ ਡੈਨਮੈਨ
ਤਸਵੀਰ ਕੈਪਸ਼ਨ, ਸਾਲ 2010 ਵਿੱਚ ਲੋਰੀ ਨੂੰ ਟੇਪਵਰਮ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਇੱਕ ਰੈਸਟੋਰੈਂਟ ਦੇ ਟਾਇਲਟ ਵਿੱਚ ਸਨ ਅਤੇ ਉਨ੍ਹਾਂ ਨੇ ਉਸ ਨੂੰ ਫਲਸ਼ ਕਰ ਦਿੱਤਾ
    • ਲੇਖਕ, ਨਿਕੋਲਾ ਬ੍ਰਾਇਨ
    • ਰੋਲ, ਬੀਬੀਸੀ ਵੇਲਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਲੋਰੀ ਡੈਨਮੈਨ ਨੂੰ ਪਹਿਲੀ ਵਾਰ ਉਦੋਂ ਪਤਾ ਲੱਗਿਆ ਕਿ ਕੁਝ ਗੜਬੜ ਹੈ, ਜਦੋਂ ਟਾਇਲਟ ਜਾਣ ਤੋਂ ਬਾਅਦ ਉਨ੍ਹਾਂ ਨੂੰ ਲਗਭਗ ਇੱਕ ਮੀਟਰ ਲੰਬਾ ਟੇਪਵਰਮ (ਇੱਕ ਪ੍ਰਕਾਰ ਦਾ ਪਰਜੀਵੀ ਕੀੜਾ) ਦਿਖਾਈ ਦਿੱਤਾ।

ਵੇਲਜ਼ ਦੇ ਰਹਿਣ ਵਾਲੇ 42 ਸਾਲਾ ਲੋਰੀ ਨੇ ਕਿਹਾ, "ਇਹ ਬਹੁਤ ਹੀ ਘਿਣਾਉਣਾ ਲੱਗ ਰਿਹਾ ਸੀ, ਜਿਵੇਂ ਸੈਲੋਟੇਪ ਹੋਵੇ ਜਿਸ 'ਤੇ ਛੋਟੀਆਂ-ਛੋਟੀਆਂ ਧਾਰੀਆਂ ਬਣੀਆਂ ਹੋਣ।"

ਇਹ ਨਿਊਰੋਸਿਸਟੀਸਰਕੋਸਿਸ ਦਾ ਪਹਿਲਾ ਲੱਛਣ ਸੀ, ਜਿਸ ਕਾਰਨ ਲੋਰੀ ਦੇ ਦਿਮਾਗ ਵਿੱਚ 38 ਪਰਜੀਵੀ ਪੈਦਾ ਹੋ ਗਏ ਅਤੇ ਉਨ੍ਹਾਂ ਨੂੰ ਬਹੁਤ ਤੇਜ਼ ਸਿਰਦਰਦ, ਦੌਰੇ ਪੈਣ ਅਤੇ ਸਾਇਕੋਸਿਸ (ਮਾਨਸਿਕ ਬਿਮਾਰੀ) ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਉਹ ਯੂਕੇ ਦੇ ਉਨ੍ਹਾਂ ਗਿਣੇ-ਚੁਣੇ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਵਿੱਚ ਹਰ ਸਾਲ ਇਸ ਦਿਮਾਗੀ ਇਨਫੈਕਸ਼ਨ ਦੀ ਪਛਾਣ ਹੁੰਦੀ ਹੈ। ਇਹ ਇਨਫੈਕਸ਼ਨ ਪੋਰਕ ਟੇਪਵਰਮ (ਸੂਰ ਦੇ ਮਾਸ ਵਿੱਚ ਪਾਇਆ ਜਾਣ ਵਾਲਾ ਕੀੜਾ) ਦੇ ਲਾਰਵਾ ਕਾਰਨ ਹੁੰਦਾ ਹੈ।

ਉਨ੍ਹਾਂ ਨੂੰ ਠੀਕ ਹੋਣ ਵਿੱਚ ਕਈ ਸਾਲ ਲੱਗੇ ਤੇ ਹੁਣ ਲੋਰੀ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾ ਕੇ ਆਪਣੇ ਮਾੜੇ ਤਜਰਬੇ ਨੂੰ ਕੁਝ ਸਕਾਰਾਤਮਕ ਬਣਾਉਣਾ ਚਾਹੁੰਦੇ ਹਨ।

ਲੋਰੀ ਡੈਨਮੈਨ

ਤਸਵੀਰ ਸਰੋਤ, Lowri Denman

ਤਸਵੀਰ ਕੈਪਸ਼ਨ, ਨਿਊਰੋਸਿਸਟੀਸਰਕੋਸਿਸ ਦਾ ਇਹ ਪਹਿਲਾ ਲੱਛਣ ਸੀ, ਜਿਸ ਕਾਰਨ ਲੋਰੀ ਦੇ ਦਿਮਾਗ ਵਿੱਚ 38 ਪਰਜੀਵੀ ਪੈਦਾ ਹੋ ਗਏ

ਲੋਰੀ 2007 ਵਿੱਚ ਭਾਰਤ ਦੀ ਤਿੰਨ ਮਹੀਨੇ ਦੀ ਯਾਤਰਾ 'ਤੇ ਗਏ ਸਨ। ਉਨ੍ਹਾਂ ਦੇ ਡਾਕਟਰ, ਛੂਤ ਦੀਆਂ ਬਿਮਾਰੀਆਂ ਅਤੇ ਮਾਈਕ੍ਰੋਬਾਇਓਲੋਜੀ ਦੇ ਕੰਸਲਟੈਂਟ ਡਾਕਟਰ ਬ੍ਰੈਂਡਨ ਹੀਲੀ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਇਨਫੈਕਸ਼ਨ ਇੱਥੋਂ ਹੀ ਹੋਇਆ ਸੀ।

ਲੋਰੀ ਨੇ ਯਾਤਰਾ ਦੌਰਾਨ ਫੂਡ ਪੌਇਜ਼ਨਿੰਗ ਤੋਂ ਬਚਣ ਲਈ ਮਾਸ ਨਾ ਖਾਣ ਦਾ ਫੈਸਲਾ ਕੀਤਾ ਸੀ, ਪਰ ਡਾਕਟਰ ਹੀਲੀ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅਣਜਾਣੇ ਵਿੱਚ ਸੂਰ ਦਾ ਅਜਿਹਾ8 ਮਾਸ ਖਾ ਲਿਆ ਸੀ, ਜਿਸ ਵਿੱਚ ਟੇਪਵਰਮ ਦੇ ਬਹੁਤ ਹੀ ਛੋਟੇ ਅੰਡੇ ਮੌਜੂਦ ਸਨ।

ਤਿੰਨ ਸਾਲ ਬਾਅਦ, ਸਾਲ 2010 ਵਿੱਚ ਲੋਰੀ ਨੂੰ ਟੇਪਵਰਮ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਇੱਕ ਰੈਸਟੋਰੈਂਟ ਦੇ ਟਾਇਲਟ ਵਿੱਚ ਸਨ ਅਤੇ ਉਨ੍ਹਾਂ ਨੇ ਉਸ ਨੂੰ ਫਲਸ਼ ਕਰ ਦਿੱਤਾ।

ਉਹ ਡਾਕਟਰ ਕੋਲ ਗਏ, ਪਰ ਸਟੂਲ ਟੈਸਟ (ਮਲ ਦੀ ਜਾਂਚ) ਦੀ ਰਿਪੋਰਟ ਠੀਕ ਆਈ ਅਤੇ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੇ ਸਨ, ਇਸ ਲਈ ਜ਼ਿੰਦਗੀ ਅਹਿਜ ਢੰਗ ਨਾਲ ਚੱਲਦੀ ਰਹੀ।

ਲੋਰੀ ਡੈਨਮੈਨ

ਤਸਵੀਰ ਸਰੋਤ, Lowri Denman

ਤਸਵੀਰ ਕੈਪਸ਼ਨ, ਇਹ ਇਨਫੈਕਸ਼ਨ ਪੋਰਕ ਟੇਪਵਰਮ (ਸੂਰ ਦੇ ਮਾਸ ਵਿੱਚ ਪਾਇਆ ਜਾਣ ਵਾਲਾ ਕੀੜਾ) ਦੇ ਲਾਰਵਾ ਕਾਰਨ ਹੁੰਦਾ ਹੈ (ਹਸਪਤਾਲ ਵਿੱਚ ਆਪਣੀ ਭੈਣ ਦੇ ਨਾਲ ਲੋਰੀ)

ਫਿਰ ਇੱਕ ਸਾਲ ਦੇ ਅੰਦਰ ਉਨ੍ਹਾਂ ਨੂੰ ਬਹੁਤ ਤੇਜ਼ ਸਿਰਦਰਦ ਹੋਣ ਲੱਗਾ। ਸਾਲ 2011 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਦੌਰਾ ਪਿਆ।

ਉਨ੍ਹਾਂ ਕਿਹਾ, "ਮੈਨੂੰ ਸ਼ਬਦ ਬੋਲਣ ਵਿੱਚ ਬਹੁਤ ਮੁਸ਼ਕਿਲ ਹੋਣ ਲੱਗੀ ਸੀ।"

"ਅਗਲੀ ਗੱਲ ਜੋ ਮੈਨੂੰ ਯਾਦ ਹੈ, ਉਹ ਇਹ ਕਿ ਮੈਂ ਐਂਬੂਲੈਂਸ ਵਿੱਚ ਸੀ ਅਤੇ ਸੋਚ ਰਹੀ ਸੀ - 'ਇਹ ਕਿਵੇਂ ਹੋਇਆ? ਕਿਉਂ ਹੋਇਆ?'"

ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਸੀਏਟੀ ਸਕੈਨ ਅਤੇ ਐਮਆਰਆਈ ਸਕੈਨ ਕੀਤੇ ਗਏ ਅਤੇ ਲੋਰੀ ਨੂੰ ਨਤੀਜੇ ਦੱਸਣ ਲਈ ਬੁਲਾਇਆ ਗਿਆ।

ਲੋਰੀ ਡੈਨਮੈਨ

ਤਸਵੀਰ ਸਰੋਤ, Lowri Denman

ਤਸਵੀਰ ਕੈਪਸ਼ਨ, ਗਰਮੀਆਂ ਵਿੱਚ ਇੱਕ ਨਿਊਰੋਸਾਈਕਿਆਟ੍ਰਿਕ ਹਸਪਤਾਲ ਵਿੱਚ ਛੇ ਹਫ਼ਤੇ ਬਿਤਾਉਣ ਤੋਂ ਪਹਿਲਾਂ ਲੋਰੀ, ਸਾਲ 2015 ਵਿੱਚ ਵੇਲਜ਼ ਵਿੱਚ ਇੱਕ ਸਮਾਗਮ 'ਚ ਸ਼ਾਮਲ ਹੁੰਦੇ ਹੋਏ

ਲੋਰੀ ਨੇ ਦੱਸਿਆ, "ਡਾਕਟਰ ਨੇ ਮੈਨੂੰ ਬਿਠਾਇਆ ਅਤੇ ਕਿਹਾ, 'ਠੀਕ ਹੈ, ਅਸੀਂ ਤੁਹਾਡੇ ਸਕੈਨ ਦੇਖੇ ਹਨ ਅਤੇ ਸਾਨੂੰ ਤੁਹਾਡੇ ਦਿਮਾਗ ਵਿੱਚ 38 ਪਰਜੀਵੀ ਮਿਲੇ ਹਨ।'"

"ਮੈਂ ਅਤੇ ਮੇਰੀ ਮਾਂ ਦੋਵੇਂ ਹੈਰਾਨ ਰਹਿ ਗਏ ਕਿ 'ਹੇ ਰੱਬਾ, ਇਹ ਕੀ ਹੋਇਆ?'"

ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਇਹ ਟੌਕਸੋਪਲਾਜ਼ਮੋਸਿਸ ਹੈ, ਜੋ ਸੰਕਰਮਿਤ ਬਿੱਲੀ ਦੇ ਮਲ ਦੇ ਸੰਪਰਕ ਵਿੱਚ ਆਉਣ ਨਾਲ ਫੈਲਣ ਵਾਲਾ ਇੱਕ ਇਨਫੈਕਸ਼ਨ ਹੈ।

ਪਰ ਫਿਰ ਲੋਰੀ ਦੇ ਮਾਂ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਪਿਆ ਦੌਰਾ ਉਸ ਟੇਪਵਰਮ ਨਾਲ ਸਬੰਧਿਤ ਹੋ ਸਕਦਾ ਹੈ, ਜੋ ਉਸ ਨੂੰ ਇੱਕ ਸਾਲ ਪਹਿਲਾਂ ਨਜ਼ਰ ਆਇਆ ਸੀ।

ਅੱਗੇ ਦੀ ਜਾਂਚ ਤੋਂ ਬਾਅਦ ਆਖ਼ਿਰਕਾਰ ਪਤਾ ਲੱਗਿਆ ਕਿ ਉਨ੍ਹਾਂ ਨੂੰ ਨਿਊਰੋਸਿਸਟੀਸਰਕੋਸਿਸ ਹੈ।

ਲੋਰੀ ਨੇ ਕਿਹਾ, "ਉਸ ਸਮੇਂ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਹਾਡੀ ਸਿਹਤ ਨਾਲ ਅੱਗੇ ਕੀ ਹੋਣ ਵਾਲਾ ਹੈ।"

ਲੋਰੀ ਡੈਨਮੈਨ

ਤਸਵੀਰ ਸਰੋਤ, Lowri Denman

ਤਸਵੀਰ ਕੈਪਸ਼ਨ, ਲੋਰੀ ਅਜੇ ਵੀ ਆਪਣੀ 2007 ਦੀ ਭਾਰਤ ਯਾਤਰਾ ਨੂੰ ਪਿਆਰ ਨਾਲ ਯਾਦ ਕਰਦੇ ਹਨ

ਟੇਨੀਆ ਸੋਲੀਅਮ ਨਾਮ ਦਾ ਇਹ ਟੇਪਵਰਮ ਦੁਨੀਆ ਭਰ ਵਿੱਚ ਪਾਇਆ ਜਾਂਦਾ ਹੈ। ਪਰ ਇਸ ਦਾ ਇਨਫੈਕਸ਼ਨ ਲਾਤੀਨੀ ਅਮਰੀਕਾ, ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਉਪ-ਸਹਾਰਾ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਵਧੇਰੇ ਆਮ ਹੈ।

ਅਮਰੀਕਾ ਦੇ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਮੁਤਾਬਕ, ਚੰਗੀ ਸਾਫ਼-ਸਫ਼ਾਈ ਨਾ ਰੱਖਣ ਕਾਰਨ ਇਹ ਪਰਜੀਵੀ ਫੈਲਦਾ ਹੈ ਅਤੇ ਇਹ ਉਨ੍ਹਾਂ ਇਲਾਕਿਆਂ ਵਿੱਚ ਵੱਧ ਆਮ ਹੈ, ਜਿੱਥੇ ਲੋਕ ਸੂਰਾਂ ਦੇ ਬਹੁਤ ਨੇੜੇ ਰਹਿੰਦੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਅੰਦਾਜ਼ਾ ਹੈ ਕਿ ਦੁਨੀਆ ਭਰ ਵਿੱਚ 83 ਲੱਖ (8.3 ਮਿਲੀਅਨ) ਲੋਕਾਂ ਨੂੰ ਨਿਊਰੋਸਿਸਟੀਸਰਕੋਸਿਸ ਹੈ, ਭਾਵੇਂ ਉਨ੍ਹਾਂ ਵਿੱਚ ਲੱਛਣ ਦਿਖਾਈ ਦੇਣ ਜਾਂ ਨਾ ਦਿਖਾਈ ਦੇਣ। ਜਿਨ੍ਹਾਂ ਇਲਾਕਿਆਂ ਵਿੱਚ ਇਹ ਬਿਮਾਰੀ ਆਮ ਹੈ, ਉੱਥੇ ਮਿਰਗੀ ਦਾ ਇੱਕ ਮੁੱਖ ਕਾਰਨ ਨਿਊਰੋਸਿਸਟੀਸਰਕੋਸਿਸ ਹੈ, ਜਿਸਨੂੰ ਰੋਕਿਆ ਜਾ ਸਕਦਾ ਹੈ।

ਲੋਰੀ ਡੈਨਮੈਨ

ਤਸਵੀਰ ਸਰੋਤ, Lowri Denman

ਤਸਵੀਰ ਕੈਪਸ਼ਨ, ਲੋਰੀ ਕਹਿੰਦੇ ਹਨ ਕਿ ਜੋ ਵੀ ਹੋਇਆ, ਉਸਦੇ ਬਾਵਜੂਦ, ਭਾਰਤ ਵਿੱਚ ਉਨ੍ਹਾਂ ਨੇ ਜੋ ਸੱਭਿਆਚਾਰ, ਭੋਜਨ, ਨਜ਼ਾਰੇ ਅਤੇ ਲੋਕ ਨਾਲ ਜੋ ਤਜਰਬਾ ਰਿਹਾ, ਉਹ ਹਮੇਸ਼ਾ ਨਾਲ ਰਹੇਗਾ

ਕੱਚਾ ਜਾਂ ਠੀਕ ਤਰ੍ਹਾਂ ਨਾ ਪੱਕਿਆ ਸੂਰ ਦਾ ਮਾਸ ਖਾਣ ਨਾਲ ਲੋਕਾਂ ਵਿੱਚ ਟੇਪਵਰਮ ਹੋ ਸਕਦੇ ਹਨ। ਪਰ ਇਸ ਨਾਲ ਸਿੱਧੇ ਤੌਰ 'ਤੇ ਨਿਊਰੋਸਿਸਟੀਸਰਕੋਸਿਸ ਨਹੀਂ ਹੁੰਦਾ।

ਜਿਸ ਵਿਅਕਤੀ ਦੇ ਸਰੀਰ ਵਿੱਚ ਇਹ ਪਰਜੀਵੀ ਹੁੰਦਾ ਹੈ, ਉਹ ਆਪਣੇ ਮਲ ਰਾਹੀਂ ਇਸ ਦੇ ਬਹੁਤ ਹੀ ਛੋਟੇ ਅੰਡੇ ਬਾਹਰ ਕੱਢ ਸਕਦਾ ਹੈ। ਜੇ ਉਹ ਟਾਇਲਟ ਵਰਤਣ ਤੋਂ ਬਾਅਦ ਆਪਣੇ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ, ਤਾਂ ਇਹ ਅੰਡੇ ਉਨ੍ਹਾਂ ਵੱਲੋਂ ਛੂਹੇ ਗਏ ਖਾਣੇ ਜਾਂ ਪਾਣੀ ਨੂੰ ਦੂਸ਼ਿਤ ਕਰ ਸਕਦੇ ਹਨ ਅਤੇ ਕੋਈ ਹੋਰ ਵਿਅਕਤੀ ਉਨ੍ਹਾਂ ਨੂੰ ਨਿਗਲ ਸਕਦਾ ਹੈ।

ਸਰੀਰ ਦੇ ਅੰਦਰ, ਇਨ੍ਹਾਂ ਅੰਡਿਆਂ ਵਿੱਚੋਂ ਲਾਰਵਾ ਨਿਕਲਦੇ ਹਨ, ਜੋ ਮਾਸਪੇਸ਼ੀਆਂ, ਦਿਲ ਅਤੇ ਅੱਖਾਂ ਸਮੇਤ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਸਿਸਟ (ਗੰਢਾਂ) ਬਣਾ ਸਕਦੇ ਹਨ। ਇਸ ਨੂੰ ਸਿਸਟੀਸਰਕੋਸਿਸ ਕਿਹਾ ਜਾਂਦਾ ਹੈ।

ਜਦੋਂ ਇਹ ਸਿਸਟ ਦਿਮਾਗ ਜਾਂ ਰੀੜ੍ਹ ਦੀ ਹੱਡੀ ਵਿੱਚ ਬਣਦੇ ਹਨ, ਤਾਂ ਇਸ ਨੂੰ ਨਿਊਰੋਸਿਸਟੀਸਰਕੋਸਿਸ ਕਿਹਾ ਜਾਂਦਾ ਹੈ, ਜੋ ਇਸ ਬਿਮਾਰੀ ਦਾ ਸਭ ਤੋਂ ਗੰਭੀਰ ਰੂਪ ਹੈ।

ਲੋਰੀ ਡੈਨਮੈਨ

ਤਸਵੀਰ ਸਰੋਤ, Nicola Brown

ਤਸਵੀਰ ਕੈਪਸ਼ਨ, ਲੋਰੀ ਦੀ ਦੋਸਤ ਨਿਕੋਲਾ ਜਦੋਂ ਉਨ੍ਹਾਂ ਨੂੰ ਹਸਪਤਾਲ ਮਿਲਣ ਪਹੁੰਚੇ ਸਨ ਤਾਂ ਹੈਰਾਨ ਰਹਿ ਗਏ ਸਨ

ਲੋਰੀ ਦੋ ਹਫ਼ਤੇ ਤੱਕ ਹਸਪਤਾਲ ਵਿੱਚ ਰਹੇ ਅਤੇ ਉਨ੍ਹਾਂ ਨੂੰ ਐਂਟੀ-ਪੈਰਾਸਾਈਟ ਦਵਾਈਆਂ ਅਤੇ ਸਟੇਰੌਇਡ ਦਿੱਤੇ ਗਏ। ਕੁਝ ਸਮੇਂ ਲਈ ਅਜਿਹਾ ਲੱਗਿਆ ਕਿ ਇਲਾਜ ਕਾਰਗਰ ਰਿਹਾ ਹੈ।

ਕਈ ਸਾਲਾਂ ਤੱਕ ਉਨ੍ਹਾਂ ਦੀ ਸਿਹਤ ਠੀਕ ਰਹੀ - ਪਰ ਫਿਰ ਕੰਮ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਪਏ।

ਸਕੈਨ ਵਿੱਚ ਪਤਾ ਲੱਗਿਆ ਕਿ ਲੋਰੀ ਦੇ ਦਿਮਾਗ ਵਿੱਚ ਪਰਜੀਵੀਆਂ ਦੇ ਆਲੇ-ਦੁਆਲੇ ਬਹੁਤ ਜ਼ਿਆਦਾ ਸੋਜ ਸੀ।

ਬੇਹੋਸ਼ ਹੋ ਕੇ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਸਮੱਸਿਆਵਾਂ ਆਉਣ ਲੱਗੀਆਂ, ਜਿਵੇਂ ਉਹ ਉਲਝਣ ਵਿੱਚ ਜਾਂ ਬੌਂਦਲੇ ਜਿਹੇ ਰਹਿਣ ਲੱਗੇ ਅਤੇ ਉਨ੍ਹਾਂ ਨੂੰ ਆਪਣੇ ਸਰੀਰ ਦਾ ਸੁੰਨ ਪੈਣਾ ਅਤੇ ਝੁਣਝੁਣੀ ਮਹਿਸੂਸ ਹੋਣ ਲੱਗੀ।

ਆਖ਼ਿਰਕਾਰ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਪਿਤਾ ਨਾਲ ਰਹਿਣ ਲੱਗ ਪਏ। ਉਨ੍ਹਾਂ ਨੂੰ ਸਟੇਰੌਇਡ ਦਿੱਤੇ ਗਏ, ਜਿਸ ਨਾਲ ਉਨ੍ਹਾਂ ਦੀ ਦਿੱਖ ਬਦਲ ਗਈ ਅਤੇ ਜਿਵੇਂ-ਜਿਵੇਂ ਉਨ੍ਹਾਂ ਦੀ ਜ਼ਿੰਦਗੀ ਅੱਗੇ ਵੱਧਦੀ ਗਈ, ਉਹ ਉਦਾਸ ਰਹਿਣ ਲੱਗੇ, ਇੱਥੋਂ ਤੱਕ ਕਿ ਉਨ੍ਹਾਂ ਦੀ ਮਾਨਸਿਕ ਹਾਲਤ ਵੀ ਵਿਗੜ ਗਈ।

ਲੋਰੀ ਡੈਨਮੈਨ
ਤਸਵੀਰ ਕੈਪਸ਼ਨ, ਲੋਰੀ ਅਤੇ ਨਿਕੋਲਾ ਹੁਣ ਇਸ ਬਿਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ

ਨਿਊਰੋਸਾਈਕਿਆਟ੍ਰਿਕ ਹਸਪਤਾਲ ਵਿੱਚ ਛੇ ਹਫ਼ਤੇ ਬਿਤਾਉਣ ਵਾਲੇ ਲੋਰੀ ਨੇ ਦੱਸਿਆ, "ਮੈਨੂੰ ਸ਼ੱਕ ਕਰਨ ਦੀ ਬਿਮਾਰੀ ਅਤੇ ਸਾਇਕੋਸਿਸ (ਮਾਨਸਿਕ ਵਿਗਾੜ) ਹੋਣ ਲੱਗ ਪਿਆ। ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੁੰਦੀ ਸੀ ਅਤੇ ਪੈਨਿਕ ਅਟੈਕ ਆਉਂਦੇ ਸਨ।"

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਮੇਰੀ ਹਾਲਤ ਬਹੁਤ ਤੇਜ਼ੀ ਨਾਲ ਵਿਗੜਣ ਲੱਗ ਪਈ ਸੀ। ਹਾਲਾਤ ਜਿਸ ਤਰ੍ਹਾਂ ਵਿਗੜ ਰਹੇ ਸਨ, ਉਸ ਨਾਲ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਹੋ ਗਿਆ ਸੀ।"

ਉਸ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਦਾ ਉਨ੍ਹਾਂ ਦਾ ਸਫ਼ਰ ਲੰਬਾ ਰਿਹਾ ਅਤੇ ਆਖ਼ਿਰਕਾਰ ਸਾਲ 2022 ਵਿੱਚ ਉਹ ਮੁੜ ਕੰਮ 'ਤੇ ਵਾਪਸ ਆ ਗਏ।

ਲੋਰੀ ਡੈਨਮੈਨ
ਤਸਵੀਰ ਕੈਪਸ਼ਨ, ਸਾਲ 2017 ਤੋਂ ਬਾਅਦ ਉਨ੍ਹਾਂ ਨੂੰ ਕੋਈ ਦੌਰਾ ਨਹੀਂ ਪਿਆ, ਪਰ ਉਨ੍ਹਾਂ ਨੂੰ ਸਾਰੀ ਉਮਰ ਮਿਰਗੀ ਦੀ ਦਵਾਈ ਲੈਣੀ ਪਵੇਗੀ।

ਡਾਕਟਰ ਹੀਲੀ ਨੇ ਕਿਹਾ ਕਿ ਲੋਰੀ ਉਨ੍ਹਾਂ ਦੇ ਕਰੀਅਰ ਦੌਰਾਨ ਮਿਲੇ ਸਭ ਤੋਂ ਅਨੋਖੇ ਮਰੀਜ਼ਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੇ ਮਾਮਲੇ 'ਤੇ ਯੂਕੇ ਅਤੇ ਅਮਰੀਕਾ ਦੇ ਕਈ ਵੱਡੇ ਮਾਹਿਰਾਂ ਨੇ ਚਰਚਾ ਕੀਤੀ ਸੀ।

ਉਨ੍ਹਾਂ ਕਿਹਾ, "ਦੇਸ਼ ਭਰ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਕਈ ਮਾਹਿਰ ਹੋਣਗੇ, ਜਿਨ੍ਹਾਂ ਨੇ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ ਹੋਵੇਗਾ। ਇਹ ਮਾਮਲਾ ਇੰਨਾ ਦੁਰਲੱਭ ਹੈ।"

ਸਾਲਾਂ ਤੱਕ ਸਿਹਤ ਨਾਲ ਜੁੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਹੁਣ ਲੋਰੀ ਦੇ ਦਿਮਾਗ ਵਿੱਚ ਮੌਜੂਦ ਪਰਜੀਵੀ ਕੈਲਸੀਫਾਈ ਹੋ ਗਏ ਹਨ। (ਕੈਲਸੀਫਾਈ ਦਾ ਮਤਲਬ ਹੈ ਕਿ ਪਰਜੀਵੀਆਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੁਆਲੇ ਕੈਲਸ਼ੀਅਮ ਜੰਮ ਗਿਆ ਹੈ, ਭਾਵ ਉਹ ਸਖ਼ਤ ਹੋ ਗਏ ਹਨ।)

ਲੋਰੀ ਨੇ ਕਿਹਾ, "ਉਨ੍ਹਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢਣ ਲਈ ਮੈਂ ਕੋਈ ਸਰਜਰੀ ਨਹੀਂ ਕਰਵਾਈ।"

ਲੋਰੀ ਡੈਨਮੈਨ

ਤਸਵੀਰ ਸਰੋਤ, Lowri Denman

ਤਸਵੀਰ ਕੈਪਸ਼ਨ, ਲੋਰੀ ਹੁਣ ਤੰਦਰੁਸਤ ਹਨ ਅਤੇ ਜ਼ਿੰਦਗੀ ਨੂੰ ਜੀਅ ਭਰ ਕੇ ਜਿਓਣਾ ਚਾਹੁੰਦੇ ਹਨ

ਡਾਕਟਰ ਹੀਲੀ ਨੇ ਦੱਸਿਆ ਕਿ ਲੋਰੀ ਦਾ ਇਲਾਜ ਕਰਕੇ "ਸਾਰੇ ਅੰਡਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਹੁਣ ਉਹ ਇਸ ਮੁਸ਼ਕਿਲ ਦੌਰ ਵਿੱਚੋਂ ਬਾਹਰ ਨਿੱਕਲ ਚੁੱਕੇ ਹਨ।"

ਸਾਲ 2017 ਤੋਂ ਬਾਅਦ ਉਨ੍ਹਾਂ ਨੂੰ ਕੋਈ ਦੌਰਾ ਨਹੀਂ ਪਿਆ, ਪਰ ਉਨ੍ਹਾਂ ਨੂੰ ਸਾਰੀ ਉਮਰ ਮਿਰਗੀ ਦੀ ਦਵਾਈ ਲੈਣੀ ਪਵੇਗੀ।

ਲੋਰੀ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਜਿਸ ਮੁਸ਼ਕਿਲ ਸਥਿਤੀ ਵਿੱਚੋਂ ਉਹ ਨਿੱਕਲੇ ਹਨ, ਉਸ ਦਾ ਕੁਝ ਚੰਗਾ ਨਤੀਜਾ ਨਿੱਕਲੇ।

ਉਨ੍ਹਾਂ ਕਿਹਾ, "ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੀ ਹਾਂ ਅਤੇ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹਾਂ।"

"ਮੈਂ ਜ਼ਿੰਦਾ ਹਾਂ, ਤੰਦਰੁਸਤ ਹਾਂ ਅਤੇ ਮੁੜ ਫ਼ਿਟ ਹੋ ਕੇ ਖੁਸ਼ ਹਾਂ ਅਤੇ ਮੈਂ ਕਦੇ ਨਹੀਂ ਮੰਨਦੀ ਕਿ ਇਹ ਕੋਈ ਛੋਟੀ ਗੱਲ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)