ਅਰਸ਼ਦੀਪ ਸਿੰਘ ਡਾਂਗ ਤੋਂ ਪਹਿਲਾਂ RAF ਦੇ ਸਿੱਖ ਪਾਇਲਟ: ਕਿਸੇ ਨੇ ਲੰਮੀਆਂ ਉਡਾਣਾਂ ਨਾਲ ਨਾਮ ਬਣਾਇਆ, ਕਿਸੇ ਦੀ ਪੱਗ ਬਣੀ ਪਛਾਣ

ਹਰਦਿੱਤ ਸਿੰਘ ਮਲਿਕ, ਬ੍ਰਿਟਿਸ਼ ਰੌਇਲ ਫੌਜ ਦੇ ਜਹਾਜ਼, ਮਹਿੰਦਰ ਸਿੰਘ ਪੁੱਜੀ
ਤਸਵੀਰ ਕੈਪਸ਼ਨ, ਹਰਦਿੱਤ ਸਿੰਘ ਮਲਿਕ, ਬ੍ਰਿਟਿਸ਼ ਰੌਇਲ ਫੌਜ ਦੇ ਜਹਾਜ਼, ਮਹਿੰਦਰ ਸਿੰਘ ਪੁੱਜੀ
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਚੰਡੀਗੜ੍ਹ ਵਿੱਚ ਜੰਮੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਵਿੱਚ ਕੁਝ ਦਿਨ ਪਹਿਲਾਂ ਇੱਕ ਇਤਿਹਾਸਕ ਮਾਰਕਾ ਮਾਰਿਆ।

ਅਰਸ਼ਦੀਪ ਸਿੰਘ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟੇਨ ਦੀ ਆਰ.ਏ.ਐੱਫ. ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਿਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣੇ।

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ, ਅਰਸ਼ਦੀਪ ਦਾ ਸਬੰਧ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਅਤੇ ਚੰਡੀਗੜ੍ਹ ਨਾਲ ਹੈ। ਅਰਸ਼ਦੀਪ ਦਾ ਪਰਿਵਾਰ ਪਹਿਲਾਂ ਲੁਧਿਆਣਾ ਰਹਿੰਦਾ ਸੀ ਅਤੇ ਮਗਰੋਂ ਚੰਡੀਗੜ੍ਹ ਵੱਸ ਗਿਆ ਸੀ ਅਤੇ ਇੱਥੇ ਹੀ ਅਰਸ਼ਦੀਪ ਦਾ ਜਨਮ ਹੋਇਆ ਸੀ।

ਲੁਧਿਆਣਾ ਵਿੱਚ ਹੁਣ ਸਿਰਫ਼ ਅਰਸ਼ ਦੇ ਚਚੇਰੇ ਭਰਾ ਗੌਰਵਦੀਪ ਰਹਿੰਦੇ ਹਨ।

ਖੁਸ਼ੀ ਜ਼ਾਹਿਰ ਕਰਦਿਆਂ ਗੌਰਵਦੀਪ ਕਹਿੰਦੇ ਹਨ, "ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਦਾ ਟੀਚਾ ਹਮੇਸ਼ਾ ਇੱਕ ਹੀ ਰਹਿੰਦਾ ਹੈ। ਅਰਸ਼ਦੀਪ ਵੀ ਉਨਾਂ ਲੋਕਾਂ ਵਿੱਚੋਂ ਇੱਕ ਹਨ। ਉਹ ਆਪਣੇ ਵਿਚਾਰਾਂ ਨੂੰ ਲੈ ਕੇ ਬਿਲਕੁਲ ਸਪਸ਼ਟ ਸਨ। ਉਹ ਸ਼ੁਰੂ ਤੋਂ ਹੀ ਹਵਾਬਾਜ਼ੀ ਅਤੇ ਫ਼ੌਜ ਵਿੱਚ ਜਾਣਾ ਚਾਹੁੰਦੇ ਸੀ।"

"ਇੱਥੇ ਪੁੱਜਣ ਵਾਸਤੇ ਉਨ੍ਹਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਸਾਡੇ ਪਰਿਵਾਰ ਨੂੰ ਇਸ ਉੱਤੇ ਮਾਣ ਹੈ। ਇਕੱਲੇ ਸਾਡੇ ਪਰਿਵਾਰ ਵਾਸਤੇ ਹੀ ਨਹੀਂ ਸਗੋਂ ਇਹ ਸਿੱਖ ਭਾਈਚਾਰੇ ਵਾਸਤੇ ਵੀ ਵੱਡੀ ਕਾਮਯਾਬੀ ਹੈ।"

ਅਰਸ਼ਦੀਪ ਸਿੰਘ ਡਾਂਗ 2026 ਵਿੱਚ ਫਲਾਈਂਗ ਅਫ਼ਸਰ ਬਣੇ ਹਨ ਪਰ ਬ੍ਰਿਟੇਨ ਦੀ ਹਵਾਈ ਫੌਜ ਵਿੱਚ ਸਿੱਖਾਂ ਦੀ ਹੋਂਦ ਉਸ ਵੇਲੇ ਤੋਂ ਹੈ, ਜਦੋਂ ਬ੍ਰਿਟੇਨ ਦੀ ਮੌਜੂਦਾ ਰੌਇਲ ਏਅਰ ਫੋਰਸ ਹੋਂਦ ਵਿੱਚ ਆਈ ਹੀ ਨਹੀਂ ਸੀ।

ਦੋਵੇਂ ਵਿਸ਼ਵ ਜੰਗਾਂ ਵਿੱਚ ਥੋੜ੍ਹੇ ਹੀ ਸਹੀ ਪਰ ਅਹਿਮ ਯੋਗਦਾਨ ਪਾਉਣ ਵਾਲੇ ਸਿੱਖ ਪਾਇਲਟ, ਬ੍ਰਿਟਿਸ਼ ਰੌਇਲ ਏਅਰ ਫੋਰਸ ਦਾ ਹਿੱਸਾ ਰਹੇ ਸੀ
ਤਸਵੀਰ ਕੈਪਸ਼ਨ, ਦੋਵੇਂ ਵਿਸ਼ਵ ਜੰਗਾਂ ਵਿੱਚ ਥੋੜ੍ਹੇ ਹੀ ਸਹੀ ਪਰ ਅਹਿਮ ਯੋਗਦਾਨ ਪਾਉਣ ਵਾਲੇ ਸਿੱਖ ਪਾਇਲਟ, ਬ੍ਰਿਟਿਸ਼ ਰੌਇਲ ਏਅਰ ਫੋਰਸ ਦਾ ਹਿੱਸਾ ਰਹੇ ਸੀ

ਬ੍ਰਿਟੇਨ ਦੀ ਰੌਇਲ ਏਅਰ ਫੋਰਸ ਦੀ ਸਥਾਪਨਾ ਬ੍ਰਿਟਿਸ਼ ਫੌਜ ਦੀ ਰੌਇਲ ਫਲਾਈਂਗ ਕੋਰਪਸ ਅਤੇ ਰੌਇਲ ਨੇਵਲ ਏਅਰ ਸਰਵਿਸ ਨੂੰ ਮਿਲਾ ਕੇ 1 ਅਪ੍ਰੈਲ 1918 ਵਿੱਚ ਹੋਈ ਸੀ।

ਮੌਜੂਦਾ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ 1894 'ਚ ਜੰਮੇ ਹਰਦਿੱਤ ਸਿੰਘ ਮਲਿਕ ਉਨ੍ਹਾਂ ਪੰਜ ਭਾਰਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ 1917 ਵਿੱਚ ਰੌਇਲ ਫਲਾਈਂਗ ਕੋਰ ਵਿੱਚ ਸੇਵਾ ਦਾ ਮੌਕਾ ਮਿਲਿਆ। ਉਸ ਵੇਲੇ ਪਹਿਲੀ ਵਿਸ਼ਵ ਜੰਗ ਚੱਲ ਰਹੀ ਸੀ।

ਦੂਜੀ ਵਿਸ਼ਵ ਜੰਗ ਵਿੱਚ ਵੀ ਸਿੱਖ ਫਾਈਟਰ ਪਾਇਲਟਸ ਰੌਇਲ ਏਅਰ ਫੋਰਸ ਦਾ ਹਿੱਸਾ ਬਣੇ। ਉਨ੍ਹਾਂ ਵਿੱਚ ਕੁਝ ਨੇ ਅਜ਼ਾਦੀ ਮਗਰੋਂ ਭਾਰਤੀ ਹਵਾਈ ਫੌਜ ਦੀ ਨੀਂਹ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਇੱਥੇ ਇੱਕ ਵਾਰ ਫਿਰ ਜ਼ਿਕਰ ਕਰਨਾ ਅਹਿਮ ਹੈ ਕਿ ਅਰਸ਼ਦੀਪ ਸਿੰਘ ਡਾਂਗ ਦੂਜੀ ਵਿਸ਼ਵ ਜੰਗ ਤੋਂ ਬਾਅਦ ਰੌਇਲ ਏਅਰ ਫੋਰਸ ਵਿੱਚ ਪਹਿਲੇ ਸਿੱਖ ਫਾਈਟਰ ਪਾਇਲਟ ਬਣੇ ਹਨ। ਦੋਵੇਂ ਵਿਸ਼ਵ ਜੰਗਾਂ ਵਿੱਚ ਥੋੜ੍ਹੇ ਹੀ ਸਹੀ ਪਰ ਅਹਿਮ ਯੋਗਦਾਨ ਪਾਉਣ ਵਾਲੇ ਸਿੱਖ ਪਾਇਲਟ, ਬ੍ਰਿਟਿਸ਼ ਰੌਇਲ ਏਅਰ ਫੋਰਸ ਦਾ ਹਿੱਸਾ ਰਹੇ ਸੀ।

ਇਸ ਰਿਪੋਰਟ ਵਿੱਚ ਅਸੀਂ ਕੁਝ ਬ੍ਰਿਟਿਸ਼ ਸਿੱਖ ਪਾਇਲਟਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਹਵਾ ਵਿੱਚ ਆਪਣੀ ਵਿਲੱਖਣ ਕਾਬਲੀਅਤ ਤੇ ਹਿੰਮਤ ਦਿਖਾਈ ਸੀ ਤੇ ਆਪਣੀ ਦਿੱਖ ਨਾਲ ਜੁੜੇ ਤਜਰਬੇ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ।

ਪਹਿਲੇ ਫਲਾਈਂਗ ਸਿੱਖ – ਹਰਦਿੱਤ ਸਿੰਘ ਮਲਿਕ

ਸਟੀਫਨ ਬਾਰਕਰ ਨੇ ਹਰਦਿੱਤ ਸਿੰਘ ਮਲਿਕ ਬਾਰੇ ‘ਲਾਇਨ ਆਫ਼ ਦਿ ਸਕਾਈਜ਼’ ਕਿਤਾਬ ਲਿਖੀ ਹੈ
ਤਸਵੀਰ ਕੈਪਸ਼ਨ, ਸਟੀਫਨ ਬਾਰਕਰ ਨੇ ਹਰਦਿੱਤ ਸਿੰਘ ਮਲਿਕ ਬਾਰੇ 'ਲਾਇਨ ਆਫ਼ ਦਿ ਸਕਾਈਜ਼' ਕਿਤਾਬ ਲਿਖੀ ਹੈ

ਅਣਵੰਡੇ ਪੰਜਾਬ ਦੇ ਜ਼ਿਲ੍ਹੇ ਰਾਵਲਪਿੰਡੀ 'ਚ ਜਨਮੇ ਹਰਦਿੱਤ ਸਿੰਘ ਮਲਿਕ ਨੂੰ ਪਹਿਲੇ 'ਫਲਾਇੰਗ ਸਿੱਖ' ਹੋਣ ਦਾ ਮਾਣ ਹਾਸਿਲ ਹੈ।

ਉਹ ਪਹਿਲੀ ਵਿਸ਼ਵ ਜੰਗ ਵਿੱਚ ਰੌਇਲ ਫਲਾਈਂਗ ਕੋਰ (ਬਾਅਦ ਵਿੱਚ ਰੌਇਲ ਏਅਰ ਫੋਰਸ ਬਣੀ) ਦਾ ਹਿੱਸਾ ਬਣਨ ਵਾਲੇ ਚੋਣਵੇਂ ਭਾਰਤੀਆਂ ਵਿੱਚੋਂ ਇੱਕ ਸਨ, ਉਹ ਪਹਿਲੇ ਦਸਤਾਰਧਾਰੀ (ਸਿੱਖ) ਪਾਇਲਟ ਸਨ।

ਬੀਬੀਸੀ ਪੱਤਰਕਾਰ ਗੁਰਜੋਤ ਸਿੰਘ ਦੀ ਹਰਦਿੱਤ ਸਿੰਘ ਮਲਿਕ ਬਾਰੇ 2023 ਵਿੱਚ ਛਪੀ ਇੱਕ ਰਿਪੋਰਟ ਮੁਤਾਬਕ, ਦਸਤਾਰਧਾਰੀ ਹੋਣ ਕਾਰਨ ਉਨ੍ਹਾਂ ਦਾ ਇਹ ਸਫ਼ਰ ਮੁਸ਼ਕਲਾਂ ਭਰਿਆ ਸੀ, ਪਰ ਉਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਿਆ ਅਤੇ 'ਫਲਾਇੰਗ ਹੋਬਗੋਬਲਿਨ' ਤੇ ਹੋਰ ਕਈ ਸਿਰਲੇਖਾਂ ਹੇਠ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ।

ਹਰਦਿੱਤ ਸਿੰਘ ਮਲਿਕ ਦਾ ਜਨਮ 23 ਨਵੰਬਰ 1894 ਵਿੱਚ ਪੰਜਾਬ (ਵੰਡ ਤੋਂ ਪਹਿਲਾਂ) ਦੇ ਰਾਵਲਪਿੰਡੀ ਵਿੱਚ ਹੋਇਆ ਸੀ।

ਇੱਥੇ ਉਨ੍ਹਾਂ ਦੇ ਪਿਤਾ ਸਰਦਾਰ ਮੋਹਨ ਸਿੰਘ ਇੰਜੀਨੀਅਰ ਵਜੋਂ ਤਾਇਨਾਤ ਸਨ, ਅਤੇ ਇਲਾਕੇ ਵਿੱਚ ਚੰਗਾ ਰਸੂਖ਼ ਰੱਖਦੇ ਸਨ।

ਇੱਕ ਰੱਜੇ-ਪੁੱਜੇ ਘਰ ਵਿੱਚ ਜੰਮੇ ਹੋਣ ਕਰਕੇ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਹੀ ਪਾਏਦਾਰ ਪੱਛਮੀ ਵਿੱਦਿਆ ਮਿਲੀ।

ਇੱਕ ਜਹਾਜ਼ ਦੇ ਪਾਇਲਟ ਬਣਨ ਮਗਰੋਂ ਉਹ ਜਿੱਥੇ ਪਟਿਆਲਾ ਰਿਆਸਤ ਦੇ 'ਪ੍ਰਧਾਨ ਮੰਤਰੀ' ਰਹੇ, ਉੱਥੇ ਹੀ ਭਾਰਤ ਦੀ ਅਜ਼ਾਦੀ ਤੋਂ ਬਾਅਦ ਕੈਨੇਡਾ ਦੇ ਪਹਿਲੇ ਹਾਈ ਕਮਿਸ਼ਨਰ ਵੀ ਬਣੇ।

ਦੂਜੀ ਵਿਸ਼ਵ ਜੰਗ ਦੌਰਾਨ ਭਾਰਤੀ ਪਾਇਲਟਾਂ ਦੇ ਇੱਕ ਬੈਚ ਨੂੰ ਟਰੇਨਿੰਗ ਲਈ ਲੰਡਨ ਭੇਜਿਆ ਸੀ
ਤਸਵੀਰ ਕੈਪਸ਼ਨ, ਦੂਜੀ ਵਿਸ਼ਵ ਜੰਗ ਦੌਰਾਨ ਭਾਰਤੀ ਪਾਇਲਟਾਂ ਦੇ ਇੱਕ ਬੈਚ ਨੂੰ ਟਰੇਨਿੰਗ ਲਈ ਲੰਡਨ ਭੇਜਿਆ ਸੀ

ਪਹਿਲੀ ਵਿਸ਼ਵ ਜੰਗ ਦੇ ਇਤਿਹਾਸਕਾਰ ਸਟੀਫਨ ਬਾਰਕਰ ਨੇ ਹਰਦਿੱਤ ਸਿੰਘ ਮਲਿਕ ਬਾਰੇ 'ਲਾਇਨ ਆਫ਼ ਦਿ ਸਕਾਈਜ਼' ਕਿਤਾਬ ਲਿਖੀ ਹੈ।

ਉਹ ਲਿਖਦੇ ਹਨ, ''ਹਾਲਾਂਕਿ ਹਰਦਿੱਤ ਸਿੰਘ ਮਲਿਕ ਮਹਿਜ਼ 14 ਸਾਲ ਦੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ, ਪਰ ਆਪਣੇ ਘਰ ਦੇ ਮਾਹੌਲ ਕਾਰਨ ਉਹ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ।''

ਈਸਟਬੌਰਨ ਕਾਲਜ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਦਿੱਤ ਸਿੰਘ ਨੇ ਆਕਸਫੋਰਡ ਦੇ ਬੈਲੀਓਲ ਕਾਲਜ ਵਿੱਚ ਆਪਣੀ ਪੜ੍ਹਾਈ ਕੀਤੀ। ਇੱਥੇ ਉਹ ਅਜਿਹੀਆਂ ਕਈ ਸ਼ਖ਼ਸੀਅਤਾਂ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਨੇ ਅੱਗੇ ਜਾ ਕੇ ਵੱਡੇ ਰੁਤਬੇ ਹਾਸਿਲ ਕੀਤੇ।

ਸਟੀਫਨ ਬਾਰਕਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਹਰਦਿੱਤ ਸਿੰਘ ਮਲਿਕ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਰੌਇਲ ਏਅਰ ਫੋਰਸ ਹੀ ਨਹੀਂ, ਸਗੋਂ ਕਿਸੇ ਵੀ ਰਸਮੀ ਹਵਾਈ ਫੌਜ ਵਿੱਚ ਪਾਇਲਟ ਵਜੋਂ ਉਡਾਣ ਭਰੀ ਸੀ।"

"ਦਿਲਚਸਪ ਗੱਲ ਇਹ ਹੈ ਕਿ ਸ਼ੁਰੂ ਵਿੱਚ ਮਲਿਕ ਦੀ ਹਵਾਬਾਜ਼ੀ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਪਹਿਲੀ ਵਿਸ਼ਵ ਜੰਗ ਦੌਰਾਨ ਫਰਾਂਸ ਵਿੱਚ ਅਫ਼ਸਰਾਂ ਦੀ ਮੈੱਸ ਵਿੱਚ ਰਹਿੰਦੇ ਹੋਏ ਉਨ੍ਹਾਂ ਦੀ ਮੁਲਾਕਾਤ ਹਵਾਈ ਜੰਗ ਦੀਆਂ ਕਹਾਣੀਆਂ ਨਾਲ ਹੋਈ ਅਤੇ 1916 ਦੇ ਮਸ਼ਹੂਰ ਫਰਾਂਸੀਸੀ ਲੜਾਕੂ ਪਾਇਲਟ ਜੌਰਜ ਗੁਇਨੇਮੇਰ ਤੋਂ ਉਹ ਖਾਸ ਤੌਰ 'ਤੇ ਪ੍ਰਭਾਵਿਤ ਹੋਏ।"

"ਇਸ ਤੋਂ ਬਾਅਦ 1917 ਦੀ ਬਸੰਤ ਰੁੱਤ ਵਿੱਚ ਉਹ ਰਾਇਲ ਫਲਾਇੰਗ ਕੋਰ ਵਿੱਚ ਸ਼ਾਮਲ ਹੋਏ। ਉਸ ਸਮੇਂ ਪਹਿਲੀ ਵਿਸ਼ਵ ਜੰਗ ਦੌਰਾਨ ਪਾਇਲਟਾਂ ਦੀ ਭਾਰੀ ਕਮੀ ਪੈਦਾ ਹੋ ਗਈ ਸੀ। ਸੋਮ ਦੀ ਲੜਾਈ ਤੋਂ ਬਾਅਦ ਬ੍ਰਿਟਿਸ਼ ਫੌਜ ਨੂੰ ਵੱਡੀ ਗਿਣਤੀ ਵਿੱਚ ਪਾਇਲਟਾਂ ਦੀ ਲੋੜ ਸੀ।"

ਬਾਰਕਰ ਦੱਸਦੇ ਹਨ ਕਿ ਮਲਿਕ ਉਨ੍ਹਾਂ ਪੰਜ ਭਾਰਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਇੱਕ ਤਰ੍ਹਾਂ ਦੇ ਪ੍ਰਯੋਗ ਵਜੋਂ ਬ੍ਰਿਟਿਸ਼ ਹਵਾਈ ਸੇਵਾ ਵਿੱਚ ਭਰਤੀ ਕੀਤਾ ਗਿਆ। ਇਹ ਭਰਤੀਆਂ ਉਸ ਸਮੇਂ ਦੇ ਫੌਜੀ ਕਾਨੂੰਨਾਂ ਦੇ ਉਲਟ ਸਨ, ਕਿਉਂਕਿ ਭਾਰਤੀਆਂ ਦੀ ਨਸਲੀ ਪਛਾਣ ਇਸ ਵਿੱਚ ਰੁਕਾਵਟ ਸੀ। ਪਰ ਹਵਾਬਾਜ਼ੀ ਮੰਤਰਾਲੇ ਅਤੇ ਇੰਡੀਆ ਆਫਿਸ ਨੇ ਕਾਨੂੰਨੀ ਰਾਹ ਵਿੱਚ ਮੌਜੂਦ ਕੁਝ ਖਾਮੀਆਂ ਦਾ ਸਹਾਰਾ ਲੈ ਕੇ ਉਨ੍ਹਾਂ ਦੀ ਸੇਵਾ ਦਾ ਰਸਤਾ ਕੱਢਿਆ।

ਹਰਦਿੱਤ ਸਿੰਘ ਮਲਿਕ ਨੇ ਬਾਅਦ ਵਿੱਚ 28, 141 ਅਤੇ 11 ਸਕੁਆਡਰਨਾਂ ਨਾਲ ਸੇਵਾ ਕੀਤੀ। ਬਾਰਕਰ ਮੁਤਾਬਕ, ਉਨ੍ਹਾਂ ਨੇ ਇੱਕ ਦੁਸ਼ਮਣ ਜਹਾਜ਼ ਡੇਗਿਆ ਸੀ।

ਸਟੀਫਨ ਬਾਰਕਰ ਹਰਦਿੱਤ ਸਿੰਘ ਮਲਿਕ ਬਾਰੇ ਆਪਣੀ ਕਿਤਾਬ 'ਲਾਇਨ ਆਫ਼ ਦਿ ਸਕਾਈਜ਼' ਵਿੱਚ

ਮਨ ਮੋਹਨ ਸਿੰਘ: ਇੰਗਲੈਂਡ ਤੋਂ ਭਾਰਤ ਤੱਕ ਪਹਿਲੀ ਉਡਾਣ ਦੀ ਕੋਸ਼ਿਸ਼ ਕਰਨ ਵਾਲੇ ਪਾਇਲਟ

ਪਹਿਲੀ ਵਿਸ਼ਵ ਜੰਗ ਤੋਂ ਬਾਅਦ ਇੱਕ ਹੋਰ ਸਿੱਖ ਪਾਇਲਟ ਨੇ ਦੁਨੀਆਂ ਵਿੱਚ ਆਪਣੀਆਂ ਲੰਬੀਆਂ ਉਡਾਣਾਂ ਭਰਨ ਦੀ ਕਾਬਲੀਅਤ ਨਾਲ ਸਤਿਕਾਰ ਤੇ ਨਾਮਣਾ ਖੱਟਿਆ। ਉਨ੍ਹਾਂ ਦਾ ਨਾਂ ਸੀ ਫਲਾਈਂਗ ਅਫ਼ਸਰ ਮਨ ਮੋਹਨ ਸਿੰਘ।

ਮੋਹਿੰਦਰ ਐੱਸ. ਚੌਧਰੀ ਆਪਣੀ ਕਿਤਾਬ 'ਦਿ ਡਿਫੈਂਸ ਆਫ ਯੂਰਪ ਬਾਇ ਸਿੱਖ ਸੌਲਜਰਸ ਇਨ ਦਿ ਟੂ ਵਰਲਡ ਵਾਰਸਜ਼' ਵਿੱਚ ਮਨ ਮੋਹਨ ਸਿੰਘ ਨੂੰ ਇੱਕ ਬੇਹੱਦ ਕਾਬਿਲ ਪਾਇਲਟ ਅਤੇ ਉੱਚੇ ਇਨਸਾਨ ਵਜੋਂ ਪੇਸ਼ ਕਰਦੇ ਹਨ।

ਮੋਹਿੰਦਰ ਸਿੰਘ ਮੁਤਾਬਕ, ਮਨ ਮੋਹਨ ਸਿੰਘ ਦਾ ਜਨਮ ਰਾਵਲਪਿੰਡੀ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਨ੍ਹਾਂ ਦੇ ਪਿਤਾ ਮੱਖਣ ਸਿੰਘ ਇੱਕ ਮਸ਼ਹੂਰ ਡਾਕਟਰ ਸਨ।

1923 ਵਿੱਚ, ਸਿਰਫ਼ 17 ਸਾਲ ਦੀ ਉਮਰ ਵਿੱਚ, ਮਨ ਮੋਹਨ ਸਿੰਘ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਬ੍ਰਿਸਟਲ ਯੂਨੀਵਰਸਿਟੀ ਪਹੁੰਚੇ। ਪਰ ਉਨ੍ਹਾਂ ਦੀ ਦਿਲਚਸਪੀ ਜਹਾਜ਼ਾਂ ਅਤੇ ਉਡਾਣ ਵਿੱਚ ਸੀ।

ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਬ੍ਰਿਟਿਸ਼ ਭਾਰਤ ਸਰਕਾਰ ਵੱਲੋਂ ਦੋ ਸਾਲ ਦੀ ਫਲਾਇੰਗ ਅਤੇ ਏਅਰੋਨਾਟਿਕਲ ਟ੍ਰੇਨਿੰਗ ਲਈ ਸਕਾਲਰਸ਼ਿਪ ਮਿਲੀ। ਇਸੇ ਨਾਲ ਉਨ੍ਹਾਂ ਨੇ ਪਾਇਲਟ ਲਾਇਸੈਂਸ ਹਾਸਿਲ ਕੀਤਾ।

ਫਿਰ ਆਇਆ 1930 ਦਾ ਉਹ ਮੁਕਾਬਲਾ, ਜਿਸ ਨੇ ਮਨ ਮੋਹਨ ਸਿੰਘ ਦਾ ਨਾਮ ਭਾਰਤੀ ਹਵਾਬਾਜ਼ੀ ਦੇ ਇਤਿਹਾਸ ਵਿੱਚ ਦਰਜ ਕਰ ਦਿੱਤਾ।

ਆਗਾ ਖ਼ਾਨ ਨੇ ਇਹ ਮੁਕਾਬਲਾ ਇਸ ਲਈ ਕਰਵਾਇਆ ਸੀ ਕਿ ਕੌਣ ਪਹਿਲਾ ਭਾਰਤੀ ਹੋਵੇਗਾ ਜੋ ਇੱਕ ਮਹੀਨੇ ਦੇ ਅੰਦਰ ਇੰਗਲੈਂਡ ਤੋਂ ਭਾਰਤ ਇਕੱਲਾ ਉੱਡ ਕੇ ਪਹੁੰਚੇ।

ਕੇ ਐੱਸ ਨਾਇਰ ਆਪਣੀ ਕਿਤਾਬ 'ਦਿ ਫੌਰਗੌਟਨ ਫਿਊ: ਦਿ ਇੰਡੀਅਨ ਏਅਰ ਫੋਰਸ ਇਨ ਵਰਲਡ ਵਾਰ ਟੂ' ਵਿੱਚ ਲਿਖਦੇ ਹਨ, ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਤਿੰਨ ਵਿਅਕਤੀ ਸਨ, ਮਨ ਮੋਹਨ ਸਿੰਘ, ਜੇ.ਆਰ.ਡੀ. ਟਾਟਾ ਅਤੇ ਐੱਸਪੀ ਇੰਜੀਨੀਅਰ।

ਉਸ ਦੌਰ ਦੀਆਂ ਲੰਬੀਆਂ ਹਵਾਈ ਯਾਤਰਾਵਾਂ ਅੱਜ ਦੇ ਸਮੇਂ ਵਰਗੀਆਂ ਨਹੀਂ ਸਨ। ਨਾ ਆਧੁਨਿਕ ਨੈਵੀਗੇਸ਼ਨ ਸਿਸਟਮ ਸਨ ਅਤੇ ਨਾ ਹੀ ਰਸਤੇ ਵਿੱਚ ਮਦਦ ਦੇ ਬਹੁਤ ਸਾਰੇ ਸਾਧਨ।

ਮਨ ਮੋਹਨ ਸਿੰਘ ਨੂੰ ਵੀ ਇਸ ਸਫ਼ਰ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੇ ਦੋ ਵਾਰ ਉਡਾਣ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਖ਼ਰਾਬ ਮੌਸਮ ਅਤੇ ਰਸਤਾ ਭੁੱਲ ਜਾਣ ਕਾਰਨ ਉਨ੍ਹਾਂ ਨੂੰ ਮੁੜ ਬੇਸ 'ਤੇ ਆਉਣਾ ਪਿਆ।

ਉਨ੍ਹਾਂ ਦੇ ਜਹਾਜ਼ ਦਾ ਨਾਮ ਸੀ—"ਮਿਸ ਇੰਡੀਆ"।

ਡਾਕਟਰ ਕਿਰਨ ਸਹੋਤਾ
ਦੱਖਣੀ ਏਸ਼ੀਆ ਦੀ ਫੌਜ ਸਬੰਧੀ ਇਤਿਹਾਸਕਾਰ

ਕੇ ਐੱਸ ਨਾਇਰ ਲਿਖਦੇ ਹਨ, "ਤਿੰਨਾਂ ਹੀ ਮੁਕਾਬਲੇਬਾਜ਼ਾਂ ਨੇ ਇਸ ਯਾਤਰਾ ਨੂੰ ਮੁਕੰਮਲ ਕਰ ਲਿਆ ਸੀ। ਭਾਰਤੀ ਹਵਾਬਾਜ਼ਾਂ ਲਈ ਇਹ ਆਪਣੇ ਆਪ ਵਿੱਚ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਇਸ ਤੋਂ ਕੁਝ ਸਾਲ ਪਹਿਲਾਂ ਹੋਈ 'ਡੇਲੀ ਮੇਲ ਰਾਊਂਡ ਬ੍ਰਿਟੇਨ' ਹਵਾਈ ਦੌੜ ਵਿੱਚ ਇਸ ਤੋਂ ਛੋਟੇ ਰੂਟ 'ਤੇ, ਜਿੱਥੇ ਸਹਾਇਤਾ ਸੇਵਾਵਾਂ ਵੀ ਬਹੁਤ ਨੇੜੇ ਅਤੇ ਆਸਾਨੀ ਨਾਲ ਉਪਲਬਧ ਸਨ, ਹਿੱਸਾ ਲੈਣ ਵਾਲੇ 30 ਮੁਕਾਬਲੇਬਾਜ਼ਾਂ ਵਿੱਚੋਂ ਸਿਰਫ਼ ਚਾਰ ਹੀ ਇਹ ਕੋਰਸ ਪੂਰਾ ਕਰ ਸਕੇ ਸਨ।''

''ਉਸ ਸਮੇਂ ਭਾਰਤੀ ਪਾਇਲਟਾਂ ਦੀ ਹਰ ਲੈਂਡਿੰਗ ਆਪਣੇ ਆਪ ਵਿੱਚ ਇੱਕ ਵੱਡੀ ਘਟਨਾ ਹੁੰਦੀ ਅਤੇ ਅਖ਼ਬਾਰਾਂ ਵਿੱਚ ਇਸ ਦੀ ਵਿਸਥਾਰ ਨਾਲ ਖ਼ਬਰ ਛਪਦੀ ਸੀ।"

ਐੱਸਪੀ ਇੰਜੀਨੀਅਰ ਨੂੰ ਆਗਾ ਖ਼ਾਨ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ, ਕਿਉਂਕਿ ਮੰਨਿਆ ਗਿਆ ਕਿ ਮਨ ਮੋਹਨ ਸਿੰਘ ਨੇ ਮੁਕਾਬਲੇ ਦੇ ਨਿਯਮਾਂ ਵਿੱਚ ਦਰਜ ਇੱਕ ਤਕਨੀਕੀ ਸ਼ਰਤ ਦੀ ਉਲੰਘਣਾ ਕੀਤੀ ਸੀ। ਤਿੰਨਾਂ ਹੀ ਹਿੱਸੇਦਾਰਾਂ ਨੂੰ ਭਾਰਤ ਵਿੱਚ ਸਨਮਾਨਿਤ ਕੀਤਾ ਗਿਆ। ਜੇ.ਆਰ.ਡੀ. ਟਾਟਾ ਅਤੇ ਮਨ ਮੋਹਨ ਸਿੰਘ ਨੂੰ ਉਨ੍ਹਾਂ ਦੀ ਖੇਡ-ਭਾਵਨਾ ਲਈ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਮਿਲਿਆ।

ਮੋਹਿੰਦਰ ਐੱਸ ਚੌਧਰੀ ਲਿਖਦੇ ਹਨ ਕਿ ਇਨਾਮ ਨਾ ਮਿਲਿਆ, ਪਰ ਮਨ ਮੋਹਨ ਸਿੰਘ ਦੀ ਕਾਬਲੀਅਤ ਨੇ ਮਹਾਰਾਜਾ ਪਟਿਆਲਾ ਦਾ ਧਿਆਨ ਜ਼ਰੂਰ ਖਿੱਚ ਲਿਆ। ਮਹਾਰਾਜਾ ਪਟਿਆਲਾ ਨੇ ਉਨ੍ਹਾਂ ਨੂੰ ਆਪਣਾ ਨਿੱਜੀ ਪਾਇਲਟ ਨਿਯੁਕਤ ਕਰ ਲਿਆ।

ਮੋਹਿੰਦਰ ਸਿੰਘ ਮੁਤਾਬਕ, ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਨਾਲ ਮਨ ਮੋਹਨ ਦੀ ਜ਼ਿੰਦਗੀ ਨੇ ਇੱਕ ਹੋਰ ਵੱਡਾ ਮੋੜ ਲਿਆ।

ਉਹ ਇੰਡੀਅਨ ਏਅਰ ਫੋਰਸ ਵਲੰਟੀਅਰ ਰਿਜ਼ਰਵ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੇ ਲੰਮੇ ਉਡਾਣ ਤਜਰਬੇ ਕਾਰਨ ਉਨ੍ਹਾਂ ਨੂੰ ਟ੍ਰੇਨਿੰਗ ਲਈ ਇੰਗਲੈਂਡ ਭੇਜ ਦਿੱਤਾ ਗਿਆ।

ਉਨ੍ਹਾਂ ਦੇ ਸਕੁਆਡਰਨ ਵਿੱਚ ਉਹ ਸਭ ਤੋਂ ਵੱਡੀ ਉਮਰ ਵਾਲੇ ਅਤੇ ਸਭ ਤੋਂ ਤਜਰਬੇਕਾਰ ਪਾਇਲਟਾਂ ਵਿੱਚੋਂ ਸਨ। ਇਸ ਕਰਕੇ ਸਾਥੀ ਪਾਇਲਟ ਉਨ੍ਹਾਂ ਨੂੰ ਪਿਆਰ ਨਾਲ 'ਚਾਚਾ' ਕਹਿੰਦੇ ਸਨ।

ਉਨ੍ਹਾਂ ਦੇ ਲੰਮੇ ਉਡਾਣ ਤਜਰਬੇ ਨੇ ਉਨ੍ਹਾਂ ਨੂੰ ਸਿੱਧਾ ਇੱਕ ਹੋਰ ਮਹੱਤਵਪੂਰਨ ਜ਼ਿੰਮੇਵਾਰੀ ਤੱਕ ਪਹੁੰਚਾ ਦਿੱਤਾ।

ਉਨ੍ਹਾਂ ਨੂੰ ਆਰਏਐੱਫ ਕੋਸਟਲ ਕਮਾਂਡ ਨਾਲ ਸੰਡਰਲੈਂਡ ਫਲਾਈਂਗ ਬੋਟ ਦੀ ਕਮਾਂਡ ਦਿੱਤੀ ਗਈ, ਜਿੱਥੇ ਉਨ੍ਹਾਂ ਦਾ ਕੰਮ ਐਟਲਾਂਟਿਕ ਦੀ ਲੜਾਈ ਦੌਰਾਨ ਜਰਮਨ ਪਣਡੁੱਬੀਆਂ ਦੀ ਭਾਲ ਕਰਨਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ RAF 205 ਸਕੁਆਡਰਨ ਵਿੱਚ ਭੇਜਿਆ ਗਿਆ। ਚੌਧਰੀ ਦੇ ਵਰਣਨ ਮੁਤਾਬਕ, ਉਹ ਜਪਾਨੀ ਹਮਲਿਆਂ ਦੌਰਾਨ 1942 ਵਿੱਚ ਬਰੂਮ ਦੀ ਬੰਦਰਗਾਹ ਉੱਤੇ ਹੋਏ ਹਮਲੇ ਵਿੱਚ ਮਾਰੇ ਗਏ। ਅੱਜ ਵੀ ਆਸਟ੍ਰੇਲੀਆ ਅਤੇ ਸਿੰਗਾਪੁਰ ਦੇ ਜੰਗੀ ਸਮਾਰਕਾਂ ਉੱਤੇ ਮਨ ਮੋਹਨ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ।

ਸਕੁਆਡਰਨ ਲੀਡਰ ਮਹਿੰਦਰ ਸਿੰਘ ਪੁੱਜੀ

ਸਕੁਆਡਰਨ ਲੀਡਰ ਮਹਿੰਦਰ ਸਿੰਘ ਪੁੱਜੀ
ਤਸਵੀਰ ਕੈਪਸ਼ਨ, ਮਹਿੰਦਰ ਸਿੰਘ ਪੁੱਜੀ ਨੂੰ ਪੱਗ ਅਤੇ ਉਸ ਉੱਤੇ ਲੱਗੇ ਆਰਏਐੱਫ ਦੇ ਬੈਜ ਨੇ ਲੰਡਨ ਵਿੱਚ ਬਹੁਤ ਮਸ਼ਹੂਰ ਕਰ ਦਿੱਤਾ ਸੀ (ਤਸਵੀਰ ਵਿੱਚ ਖੱਬੇ)

ਸਕੁਆਡਰਨ ਲੀਡਰ ਮਹਿੰਦਰ ਸਿੰਘ ਪੁੱਜੀ 1940 ਵਿੱਚ ਭਾਰਤੀ ਅਖ਼ਬਾਰਾਂ ਵਿੱਚ ਰੌਇਲ ਏਅਰ ਫੋਰਸ ਦੀ ਭਰਤੀ ਸਬੰਧੀ ਇਸ਼ਤਿਹਾਰ ਦੇਖਣ ਤੋਂ ਬਾਅਦ ਭਾਰਤ ਤੋਂ ਬ੍ਰਿਟੇਨ ਦੇ ਐਸੈਕਸ ਦੇ ਟਿਲਬਰੀ ਪਹੁੰਚੇ।

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਅਗਲੇ ਸਾਲ ਉਨ੍ਹਾਂ ਨੂੰ ਰੌਇਲ ਏਅਰ ਫੋਰਸ ਦੇ ਪਾਇਲਟ ਵਜੋਂ 'ਵਿੰਗਜ਼' ਮਿਲੇ ਅਤੇ ਉਨ੍ਹਾਂ ਨੇ ਇੰਗਲਿਸ਼ ਚੈਨਲ ਦੇ ਉੱਪਰ ਹਰੀਕੇਨ ਜਹਾਜ਼ਾਂ ਵਿੱਚ ਕਈ ਉਡਾਣਾਂ ਭਰੀਆਂ।

ਉਨ੍ਹਾਂ ਨੇ ਪੱਗ ਬੰਨ੍ਹ ਕੇ ਜਹਾਜ਼ ਉਡਾਉਣ ਦੀ ਇਜਾਜ਼ਤ ਮੰਗੀ। ਰੌਇਲ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨੇ ਇਹ ਬੇਨਤੀ ਮਨਜ਼ੂਰ ਕਰ ਲਈ ਅਤੇ ਉਨ੍ਹਾਂ ਦੀ ਪੱਗ ਉੱਪਰ ਪਹਿਨੀ ਜਾ ਸਕਣ ਵਾਲੀ ਇੱਕ ਵਿਸ਼ੇਸ਼ ਟੋਪੀ ਤਿਆਰ ਕਰਵਾਈ, ਤਾਂ ਜੋ ਉਹ ਹੈੱਡਫੋਨ ਅਤੇ ਆਕਸੀਜਨ ਮਾਸਕ ਦੀ ਵਰਤੋਂ ਵੀ ਕਰ ਸਕਣ।

ਉਨ੍ਹਾਂ ਦੀ ਸ਼ਾਨਦਾਰ ਅਗਵਾਈ ਅਤੇ ਬਹਾਦਰੀ ਲਈ ਉਨ੍ਹਾਂ ਨੂੰ 'ਡਿਸਟਿੰਗਵਿਸ਼ਡ ਫਲਾਇੰਗ ਕਰਾਸ' ਨਾਲ ਸਨਮਾਨਿਤ ਕੀਤਾ ਗਿਆ।

ਨਵੰਬਰ 2010 ਵਿੱਚ ਮਹਿੰਦਰ ਸਿੰਘ ਪੁੱਜੀ ਨੇ ਬੀਬੀਸੀ ਵਨ ਨੂੰ ਇੱਕ ਖ਼ਾਸ ਇੰਟਰਵਿਊ ਦਿੱਤਾ ਸੀ।

ਮੋਹਿੰਦਰ ਸਿੰਘ ਉਸ ਇੰਟਰਵਿਊ ਵਿੱਚ ਦੱਸਦੇ ਹਨ, "ਮੈਂ ਯੂਰਪ ਵਿੱਚ ਜਰਮਨ ਦੇ ਖਿਲਾਫ ਆਪ੍ਰੇਸ਼ਨ ਵਿੱਚ ਹਿੱਸਾ ਲਿਆ ਸੀ। ਲੰਡਨ ਉੱਤੇ ਦਿਨ-ਰਾਤ ਬੰਬਾਰੀ ਕੀਤੀ ਜਾ ਰਹੀ ਸੀ। ਹਰ ਪਾਸੇ ਅੱਗਜ਼ਨੀ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਸਹੀ ਮਕਸਦ ਲਈ ਲੜ ਰਿਹਾ ਹਾਂ।"

"1940 ਵਿੱਚ ਇੰਗਲੈਂਡ ਇਕੱਲਾ ਸੀ। ਸਾਡੇ ਕੋਲ ਸ਼ਾਇਦ ਹੀ ਕੋਈ ਡਿਫੈਂਸ ਸੀ। ਉਸ ਵੇਲੇ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਹੋਂਦ ਨੂੰ ਬਚਾਉਣ ਲਈ ਲੜਨਾ ਪੈਣਾ ਹੈ। ਇਹੀ ਇੱਕ ਕਾਰਨ ਸੀ ਕਿ ਮੈਂ ਅਗਲੇ 4-5 ਸਾਲ ਤੱਕ ਲਗਾਤਾਰ ਲੜਦਾ ਰਿਹਾ। ਜਦੋਂ ਵੀ ਮੈਂ ਐਕਸਬ੍ਰਿਜ ਤੋਂ ਲੰਡਨ ਸੈਂਟਰਲ ਵੱਲ ਅੰਡਰਗਰਾਊਂਡ ਰੇਲ ਤੋਂ ਸਫਰ ਕਰਦਾ ਸੀ ਤਾਂ ਮੈਨੂੰ ਪਲੇਟਫਾਰਮ ਲੋਕਾਂ ਨਾਲ ਭਰਿਆ ਨਜ਼ਰ ਆਉਂਦਾ ਸੀ। ਸਾਡੇ ਲਈ ਟਰੇਨ ਵਿੱਚ ਚੜ੍ਹਨ ਤੇ ਉਤਰਨ ਲਈ ਥਾਂ ਵੀ ਨਹੀਂ ਹੁੰਦੀ ਸੀ। ਸਾਨੂੰ ਸ਼ਾਂਤੀ ਨੂੰ ਹਾਸਿਲ ਕਰਨ ਲਈ ਲੜਨਾ ਪੈਣਾ ਸੀ।"

ਮਹਿੰਦਰ ਸਿੰਘ ਪੁੱਜੀ

ਮਹਿੰਦਰ ਸਿੰਘ ਪੁੱਜੀ ਨੂੰ ਪੱਗ ਅਤੇ ਉਸ ਉੱਤੇ ਲੱਗੇ ਆਰਏਐੱਫ ਦੇ ਬੈਜ ਨੇ ਲੰਡਨ ਵਿੱਚ ਬਹੁਤ ਮਸ਼ਹੂਰ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ ਸੀ, "ਇੱਥੇ ਲੋਕਾਂ ਨੇ ਏਅਰ ਫੌਰਸ ਅਫਸਰ ਨੂੰ ਪੱਗ ਨਾਲ ਨਹੀਂ ਵੇਖਿਆ ਸੀ। ਜਿੱਥੇ ਵੀ ਮੈਂ ਜਾਂਦਾ ਸੀ ਉਹ ਮੈਨੂੰ ਬਹੁਤ ਸਤਿਕਾਰ ਨਾਲ ਮਿਲਦੇ ਸੀ ਤੇ ਕਹਿੰਦੇ ਸੀ ਕਿ ਤੁਸੀਂ ਸਾਡੇ ਲਈ ਲੜ ਰਹੇ ਹੋ।"

"ਇੱਕ ਵਾਰ ਮੈਂ ਫਿਲਮ ਦੇਖਣ ਲਈ ਗਿਆ ਤੇ ਉੱਥੇ ਟਿਕਟ ਦੀ ਲਾਈਨ ਬਹੁਤ ਲੰਮੀ ਸੀ। ਮੇਰੇ ਅੱਗੇ ਖੜ੍ਹਾ ਵਿਅਕਤੀ ਕਹਿੰਦਾ, 'ਸਰ ਤੁਹਾਨੂੰ ਲਾਈਨ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ'। ਜਦੋਂ ਮੈਂ ਕਾਊਂਟਰ ਉੱਤੇ ਪਹੁੰਚਿਆ ਤਾਂ ਉੱਥੇ ਮੌਜੂਦ ਕੁੜੀ ਕਹਿੰਦੀ 'ਸਰ ਤੁਹਾਨੂੰ ਟਿਕਟ ਲੈਣ ਦੀ ਲੋੜ ਨਹੀਂ ਹੈ'। ਮੈਂ ਆਪਣੇ ਪਿਤਾ ਨੂੰ ਲਿਖਿਆ ਕਿ ਇਸ ਥਾਂ ਤੋਂ ਚੰਗੀ ਹੋਰ ਥਾਂ ਮਰਨ ਲਈ ਨਹੀਂ ਹੋ ਸਕਦੀ, ਜਿੱਥੇ ਲੋਕ ਮੇਰਾ ਇੰਨਾ ਸਤਿਕਾਰ ਕਰਦੇ ਹਨ।"

ਮਹਿੰਦਰ ਸਿੰਘ ਨੇ ਇਸ ਸਤਿਕਾਰ ਦਾ ਪੂਰਾ ਕਰਜ਼ ਉਤਾਰਿਆ ਤੇ ਅਗਲੇ 4-5 ਸਾਲ ਤੱਕ ਕਈ ਮੁਸ਼ਕਲ ਆਪ੍ਰੇਸ਼ਨਾਂ ਵਿੱਚ ਹਿੱਸਾ ਲਿਆ ਤੇ ਕਈ ਵਾਰ ਮੌਤ ਨੂੰ ਚਕਮਾ ਦਿੱਤਾ।

2010 ਵਿੱਚ 92 ਸਾਲ ਦੀ ਉਮਰ ਵਿੱਚ ਗ੍ਰੇਵਜ਼ੈਂਡ, ਕੈਂਟ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

‘ਸਿੱਖ ਪਾਇਲਟਾਂ ਦੇ ਯੋਗਦਾਨ ਬਾਰੇ ਜਾਣਨਾ ਜ਼ਰੂਰੀ’

ਦੱਖਣੀ ਏਸ਼ੀਆ ਦੀ ਫੌਜ ਦੇ ਇਤਿਹਾਸਕਾਰ ਡਾਕਟਰ ਕਿਰਨ ਸਹੋਤਾ
ਤਸਵੀਰ ਕੈਪਸ਼ਨ, ਦੱਖਣੀ ਏਸ਼ੀਆ ਦੀ ਫੌਜ ਦੇ ਇਤਿਹਾਸਕਾਰ ਡਾਕਟਰ ਕਿਰਨ ਸਹੋਤਾ

ਦੱਖਣੀ ਏਸ਼ੀਆ ਦੀ ਫੌਜ ਦੇ ਇਤਿਹਾਸਕਾਰ ਡਾਕਟਰ ਕਿਰਨ ਸਹੋਤਾ ਨੇ ਰੌਇਲ ਏਅਰ ਫੋਰਸ ਵਿੱਚ ਸਿੱਖ ਪਾਇਲਟਾਂ ਦੇ ਯੋਗਦਾਨ ਨੂੰ ਕਾਫੀ ਅਹਿਮ ਦੱਸਿਆ।

ਉਹ ਕਹਿੰਦੇ ਹਨ, "ਇਨ੍ਹਾਂ ਵਿਅਕਤੀਆਂ ਨੇ ਸਿੱਖ ਪਾਇਲਟ ਹੋਣ ਦੇ ਨਾਤੇ ਇਤਿਹਾਸ ਰਚਿਆ, ਕਿਉਂਕਿ ਇਹ ਵਿਸ਼ਵ ਜੰਗਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਵਿਸ਼ਵ ਯੁੱਧਾਂ ਦੌਰਾਨ ਲੱਖਾਂ ਭਾਰਤੀਆਂ ਨੇ ਸਵੈ-ਇੱਛਾ ਨਾਲ ਸੇਵਾ ਕੀਤੀ ਅਤੇ ਇਨ੍ਹਾਂ ਵਿਅਕਤੀਆਂ ਨੇ ਜਿੱਤ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।"

ਉਹ ਅੱਗੇ ਕਹਿੰਦੇ ਹਨ, "ਮਹਿੰਦਰ ਪੁੱਜੀ ਅਤੇ ਮਲਿਕ ਦੀਆਂ ਕਹਾਣੀਆਂ ਬਹੁਤ ਮਹੱਤਵਪੂਰਨ ਹਨ, ਕਿਉਂਕਿ ਉਨ੍ਹਾਂ ਨੇ ਇੱਕ ਵਿਸ਼ਵ ਯੁੱਧ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀਆਂ ਕਹਾਣੀਆਂ ਨੂੰ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਉਨ੍ਹਾਂ ਲੋਕਾਂ ਦੀ ਕਹਾਣੀ ਦੱਸਦੀਆਂ ਹਨ, ਜਿਨ੍ਹਾਂ ਨੇ ਯੁੱਧ ਦੇ ਯਤਨਾਂ ਵਿੱਚ ਯੋਗਦਾਨ ਪਾਇਆ। ਇੱਕ ਫੌਜੀ ਇਤਿਹਾਸਕਾਰ ਵਜੋਂ, ਜਿਸ ਨੇ ਇਨ੍ਹਾਂ ਵਿਅਕਤੀਆਂ ਦੀਆਂ ਕਹਾਣੀਆਂ 'ਤੇ ਖੋਜ ਕੀਤੀ ਹੈ, ਮੇਰਾ ਮੰਨਣਾ ਹੈ ਕਿ ਸਾਨੂੰ ਸਿੱਖਾਂ ਦੇ ਯੋਗਦਾਨ ਬਾਰੇ ਹੋਰ ਜਾਣਨ ਦੀ ਲੋੜ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)