'ਚਿਰਈਆ': ਮੈਰੀਟਲ ਰੇਪ ਦੇ ਮੁੱਦੇ 'ਤੇ ਬਣੀ ਇਸ ਸੀਰੀਜ਼ ਨੇ ਕੀ ਚਰਚਾ ਛੇੜੀ, ਕਿਉਂ ਇਸ 'ਤੇ ਕੁਝ ਲੋਕ 'ਪੁਰਸ਼-ਵਿਰੋਧੀ' ਹੋਣ ਦਾ ਇਲਜ਼ਾਮ ਲਾ ਰਹੇ

ਤਸਵੀਰ ਸਰੋਤ, JioHotstar
- ਲੇਖਕ, ਗੀਤਾ ਪਾਂਡੇ
- ਰੋਲ, ਮਹਿਲਾ ਅਤੇ ਸਮਾਜਿਕ ਮਾਮਲਿਆਂ ਦੇ ਸੰਪਾਦਕ, ਭਾਰਤ
- ਪੜ੍ਹਨ ਦਾ ਸਮਾਂ: 8 ਮਿੰਟ
ਭਾਰਤ ਵਿੱਚ ਵਿਆਹੁਤਾ ਬਲਾਤਕਾਰ (ਮੈਰੀਟਲ ਰੇਪ) ਦੇ ਮੁੱਦੇ ਨੂੰ ਉਠਾਉਂਦੀ ਇੱਕ ਨਵੀਂ ਵੈੱਬ ਸੀਰੀਜ਼ ਨੇ ਇਸ ਗੰਭੀਰ ਵਿਸ਼ੇ 'ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਹ ਇੱਕ ਅਜਿਹੇ ਦੇਸ਼ ਵਿੱਚ ਹੋਇਆ ਹੈ ਜਿਸ ਨੇ ਅਜੇ ਤੱਕ ਮੈਰੀਟਲ ਰੇਪ ਨੂੰ ਅਪਰਾਧ ਮੰਨਣ ਤੋਂ ਲਗਾਤਾਰ ਇਨਕਾਰ ਕੀਤਾ ਹੈ।
'ਚਿਰਈਆ' - ਜਿਸਦਾ ਹਿੰਦੀ ਵਿੱਚ ਅਰਥ ਹੁੰਦਾ ਹੈ ਛੋਟੀ ਚਿੜੀ - ਮਾਰਚ ਵਿੱਚ ਜੀਓ ਹੌਟਸਟਾਰ 'ਤੇ ਰਿਲੀਜ਼ ਹੋਈ ਹੈ। ਇਸ ਨੂੰ ਹੁਣ ਤੱਕ ਲੱਖਾਂ ਦਰਸ਼ਕਾਂ ਨੇ ਦੇਖ ਲਿਆ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਸੀਰੀਜ਼ ਇਸ ਨੈੱਟਵਰਕ ਦੇ ਸਭ ਤੋਂ ਵੱਧ ਪਸੰਦ ਕੀਤੇ ਗਏ ਹਿੰਦੀ ਸ਼ੋਜ਼ ਵਿੱਚੋਂ ਇੱਕ ਬਣ ਗਈ ਹੈ।
ਮੀਡੀਆ ਆਲੋਚਕਾਂ ਨੇ ਇਸ ਸ਼ੋਅ ਦੀ ਇਸ ਲਈ ਤਾਰੀਫ਼ ਕੀਤੀ ਹੈ ਕਿਉਂਕਿ ਇਸ ਨੇ ਇੱਕ ਅਜਿਹੇ ਵਿਸ਼ੇ ਨੂੰ ਉਠਾਇਆ ਹੈ, ਜਿਸਨੂੰ ਆਮ ਤੌਰ 'ਤੇ ਇੱਕ 'ਵਰਜਿਤ' ਵਿਸ਼ਾ ਮੰਨਿਆ ਜਾਂਦਾ ਹੈ।
ਇਸ ਸ਼ੋਅ ਨੇ ਸੋਸ਼ਲ ਮੀਡੀਆ 'ਤੇ ਸਹਿਮਤੀ ਅਤੇ ਮਹਿਲਾਵਾਂ ਪ੍ਰਤੀ ਘਿਰਣਾ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਕੁਝ ਟਿੱਪਣੀਕਾਰਾਂ ਨੇ ਇਸਨੂੰ "ਪੁਰਸ਼-ਵਿਰੋਧੀ" ਅਤੇ "ਵਿਆਹ ਦੀ ਪਵਿੱਤਰਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼" ਵੀ ਦੱਸਿਆ ਹੈ।

ਤਸਵੀਰ ਸਰੋਤ, JioHotstar
ਸ਼ੋਅ ਦੀ ਸਕ੍ਰਿਪਟ ਦੇ ਲੇਖਿਕਾ ਦਿਵਿਆ ਨਿਧਿ ਸ਼ਰਮਾ ਦੱਸਦੇ ਹਨ ਕਿ ਇਹ ਸੀਰੀਜ਼ ਦੋ ਮਹਿਲਾਵਾਂ ਕਮਲੇਸ਼ ਅਤੇ ਪੂਜਾ ਦੀ ਕਹਾਣੀ ਹੈ।
ਦਿਵਿਆ ਦੱਤਾ ਵੱਲੋਂ ਨਿਭਾਇਆ ਗਿਆ ਕਮਲੇਸ਼ ਦਾ ਕਿਰਦਾਰ ਇੱਕ ਮੱਧ ਉਮਰ ਦੀ ਘਰੇਲੂ ਮਹਿਲਾ ਦਾ ਹੈ, ਜੋ ਮੰਨਦੀ ਹੈ ਕਿ "ਮਹਿਲਾਵਾਂ ਨੂੰ ਰਸੋਈ ਅਤੇ ਘਰੇਲੂ ਕੰਮਾਂ ਵਿੱਚ ਹੀ ਦਿਲਚਸਪੀ ਲੈਣੀ ਚਾਹੀਦੀ ਹੈ।"
ਦੂਜੇ ਪਾਸੇ, ਪ੍ਰਸੰਨਾ ਬਿਸ਼ਟ ਵੱਲੋਂ ਨਿਭਾਇਆ ਗਿਆ ਪੂਜਾ ਦਾ ਕਿਰਦਾਰ ਇੱਕ ਪੜ੍ਹੀ-ਲਿਖੀ ਅਤੇ ਸਮਾਜਕ ਤੌਰ 'ਤੇ ਜਾਗਰੂਕ ਮਹਿਲਾ ਦਾ ਹੈ, ਜੋ ਲਿੰਗ ਸਮਾਨਤਾ ਅਤੇ ਸਨਮਾਨ ਦੀ ਗੱਲ ਕਰਦੀ ਹੈ।
ਇਨ੍ਹਾਂ ਦੋਵਾਂ ਦੀ ਦੁਨੀਆ ਉਸ ਵੇਲੇ ਆਪਸ ਵਿੱਚ ਟਕਰਾਉਂਦੀ ਹੈ, ਜਦੋਂ ਪੂਜਾ ਦਾ ਵਿਆਹ ਅਰੁਣ ਨਾਲ ਹੁੰਦਾ ਹੈ। ਕਹਾਣੀ ਵਿੱਚ ਅਰੁਣ, ਕਮਲੇਸ਼ ਦਾ ਦਿਓਰ ਹੈ ਜਿਸਨੂੰ ਕਮਲੇਸ਼ ਨੇ ਆਪਣੇ ਪੁੱਤ ਵਾਂਗ ਪਾਲਿਆ-ਪੋਸਿਆ ਹੈ। ਅਰੁਣ ਨੂੰ ਪੂਜਾ ਲਈ ਇੱਕ 'ਪਰਫੈਕਟ ਮੈਚ' ਮੰਨਿਆ ਜਾਂਦਾ ਹੈ, ਪਰ ਪੂਜਾ ਦੇ 'ਹਮੇਸ਼ਾ ਖੁਸ਼ ਰਹਿਣ' ਦੇ ਸਾਰੇ ਸੁਪਨੇ ਉਸ ਰਾਤ ਟੁੱਟ ਜਾਂਦੇ ਹਨ, ਜਦੋਂ ਵਿਆਹ ਦੀ ਪਹਿਲੀ ਰਾਤ ਹੀ ਅਰੁਣ ਉਸਦੇ ਨਾਲ ਜਬਰ ਜਿਨਾਹ ਕਰਦਾ ਹੈ।
ਜਦੋਂ ਪੂਜਾ ਇਸ ਬਾਰੇ ਅਰੁਣ ਨਾਲ ਗੱਲ ਕਰਦੀ ਹੈ ਤਾਂ ਅਰੁਣ ਉਸਨੂੰ ਕਹਿੰਦਾ ਹੈ ਕਿ ਉਸਨੇ "ਸਿਰਫ਼ ਉਹੀ ਲਿਆ ਹੈ ਜੋ ਉਸਦਾ ਆਪਣਾ ਹੈ।"
ਉਹ ਕਹਿੰਦਾ ਹੈ, "ਤੂੰ ਵਾਰ-ਵਾਰ ਇਹ ਕਿਉਂ ਕਹਿ ਰਹੀ ਹੈ ਕਿ ਮੈਂ ਤੇਰੇ ਨਾਲ ਬਲਾਤਕਾਰ ਕੀਤਾ ਹੈ?" ਉਹ ਅੱਗੇ ਕਹਿੰਦਾ ਹੈ ਕਿ ਭਾਰਤ ਵਿੱਚ ਵਿਆਹੁਤਾ ਬਲਾਤਕਾਰ ਕੋਈ ਅਪਰਾਧ ਨਹੀਂ ਹੈ ਅਤੇ ਇਸ ਦੇ ਖਿਲਾਫ ਕੋਈ ਕਾਨੂੰਨ ਵੀ ਮੌਜੂਦ ਨਹੀਂ ਹੈ।

ਦਿਵਿਆ ਦੱਤਾ ਦੱਸਦੇ ਹਨ ਕਿ ਇਹ ਸ਼ੋਅ 'ਸਹਿਮਤੀ' ਦੇ ਮੁੱਦੇ 'ਤੇ ਆਧਾਰਿਤ ਹੈ, "ਖਾਸ ਤੌਰ 'ਤੇ ਵਿਆਹ ਵਰਗੇ ਰਿਸ਼ਤੇ ਵਿੱਚ, ਜਿਸਨੂੰ ਇੱਕ ਬਹੁਤ ਹੀ ਪਵਿੱਤਰ ਅਤੇ ਖਾਸ ਬੰਧਨ ਮੰਨਿਆ ਜਾਂਦਾ ਹੈ।"
ਉਹ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, "ਮੈਰੀਟਲ ਰੇਪ ਵਰਗੇ ਵਿਸ਼ੇ 'ਤੇ ਗੱਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਜਿਸ ਵੀ ਮਹਿਲਾ ਨੂੰ ਇਸ ਤਜ਼ਰਬੇ ਤੋਂ ਗੁਜ਼ਰਨਾ ਪੈਂਦਾ ਹੈ, ਉਸਨੂੰ ਲੱਗਦਾ ਹੈ ਕਿ ਇਹ ਸਿਰਫ਼ ਉਸਦੀ ਆਪਣੀ ਕਹਾਣੀ ਹੈ। ਉਸਨੂੰ ਡਰ ਹੁੰਦਾ ਹੈ ਕਿ ਜੇਕਰ ਉਸਨੇ ਇਸ ਬਾਰੇ ਗੱਲ ਕੀਤੀ ਤਾਂ ਉਸਨੂੰ ਸਮਾਜ ਵਿੱਚ ਬਦਨਾਮੀ ਝੱਲਣੀ ਪਵੇਗੀ ਅਤੇ ਘਰ ਦੀ ਸ਼ਾਂਤੀ ਭੰਗ ਹੋ ਜਾਵੇਗੀ।"
ਸ਼ੋਅ ਵਿੱਚ ਜਦੋਂ ਜ਼ਖ਼ਮੀ ਅਤੇ ਦੁਖੀ ਪੂਜਾ ਇਸ ਬਾਰੇ ਗੱਲ ਕਰਦੀ ਹੈ ਕਿ ਅਰੁਣ ਉਸਦੇ ਨਾਲ ਕਿਵੇਂ ਵਿਵਹਾਰ ਕਰ ਰਿਹਾ ਹੈ, ਤਾਂ ਉਸਦੀ ਮਾਂ ਸਮੇਤ ਹਰ ਕੋਈ ਉਸਨੂੰ ਸਮਝੌਤਾ ਕਰਨ ਦੀ ਸਲਾਹ ਦਿੰਦਾ ਹੈ, ਕਿਉਂਕਿ ਇਸ ਬਾਰੇ ਗੱਲ ਕਰਨ ਨਾਲ ਉਨ੍ਹਾਂ ਨੂੰ ਸਿਰਫ਼ ਸ਼ਰਮਿੰਦਗੀ ਹੀ ਹੋਵੇਗੀ।
ਦਿਵਿਆ ਦੱਤਾ ਕਹਿੰਦੇ ਹਨ ਕਿ ਕਮਲੇਸ਼ ਸ਼ੁਰੂ ਵਿੱਚ ਇਹ ਮੰਨਦੀ ਹੈ ਕਿ ਵਿਆਹ ਵਿੱਚ ਸੈਕਸ ਲਈ ਸਹਿਮਤੀ ਆਪਣੇ ਆਪ ਹੀ ਮਿਲ ਜਾਂਦੀ ਹੈ।
ਪਰ ਜਿਵੇਂ-ਜਿਵੇਂ ਸੀਰੀਜ਼ ਅੱਗੇ ਵਧਦੀ ਹੈ, ਉਸਦੀ ਸੋਚ ਬਦਲਣ ਲੱਗਦੀ ਹੈ, ਉਸਨੂੰ ਆਪਣੇ "ਕੰਫਰਟ ਜ਼ੋਨ" ਜਾਂ "ਉਸ ਮਹਿਲਾ ਦਾ ਹੱਥ ਫੜਨ" ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸਨੂੰ ਉਹ ਅਸਲ ਵਿੱਚ ਪਸੰਦ ਨਹੀਂ ਕਰਦੀ।
ਦੱਤਾ ਕਹਿੰਦੇ ਹਨ, "ਉਹ ਸਹੀ ਰਾਹ ਚੁਣਦੀ ਹੈ," ਅਤੇ ਪੂਜਾ ਦੀ ਇੱਕ ਭਰੋਸੇਯੋਗ ਸਾਥੀ ਬਣ ਜਾਂਦੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ, 6.1% ਵਿਆਹੁਤਾ ਮਹਿਲਾਵਾਂ ਨੂੰ ਕਦੇ ਨਾ ਕਦੇ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਪਰ ਕਾਰਕੁਨਾਂ ਵੱਲੋਂ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਦੇ ਬਾਵਜੂਦ, ਭਾਰਤ ਉਨ੍ਹਾਂ ਤਿੰਨ ਦਰਜਨ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਮੈਰੀਟਲ ਰੇਪ ਨੂੰ ਗੈਰ-ਕਾਨੂੰਨੀ ਨਹੀਂ ਮੰਨਿਆ ਜਾਂਦਾ। ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸਾਊਦੀ ਅਰਬ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਕਾਰਕੁਨਾਂ ਨੇ ਹਾਲੀਆ ਸਾਲਾਂ ਵਿੱਚ ਸੁਪਰੀਮ ਕੋਰਟ ਵਿੱਚ ਕਈ ਅਰਜ਼ੀਆਂ ਦਾਇਰ ਕੀਤੀਆਂ ਹਨ, ਜਿਨ੍ਹਾਂ ਵਿੱਚ ਮੈਰੀਟਲ ਰੇਪ ਨੂੰ ਅਪਰਾਧ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਹੈ। ਪਰ ਸਰਕਾਰ, ਧਾਰਮਿਕ ਸਮੂਹ ਅਤੇ ਮਰਦਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਕਾਰਕੁਨ ਉਸ ਬਸਤੀਵਾਦੀ ਦੌਰ ਦੇ ਕਾਨੂੰਨ ਵਿੱਚ ਕਿਸੇ ਵੀ ਤਬਦੀਲੀ ਦਾ ਵਿਰੋਧ ਕਰਦੇ ਹਨ, ਜੋ ਕਿਸੇ ਮਰਦ ਨੂੰ ਆਪਣੀ ਪਤਨੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਛੋਟ ਦਿੰਦਾ ਹੈ, ਬਸ਼ਰਤੇ ਉਹ ਨਾਬਾਲਿਗ ਨਾ ਹੋਵੇ।
ਪਿਛਲੇ ਸਾਲ ਉਦੋਂ ਕਾਫ਼ੀ ਹੰਗਾਮਾ ਹੋਇਆ ਸੀ, ਜਦੋਂ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਫਿਰ ਅਪੀਲ 'ਤੇ ਰਿਹਾਅ ਕਰ ਦਿੱਤਾ ਗਿਆ ਸੀ, ਕਿਉਂਕਿ ਜਿਵੇਂ ਜੱਜ ਨੇ ਕਿਹਾ ਸੀ - ਭਾਰਤ ਮੈਰੀਟਲ ਰੇਪ ਨੂੰ ਅਪਰਾਧ ਨਹੀਂ ਮੰਨਦਾ। ਇਸ ਮਾਮਲੇ ਵਿੱਚ ਮਹਿਲਾ ਦੀ ਕਥਿਤ ਹਮਲੇ ਦੇ ਕੁਝ ਹੀ ਘੰਟਿਆਂ ਵਿੱਚ ਮੌਤ ਹੋ ਗਈ ਸੀ।

ਤਸਵੀਰ ਸਰੋਤ, JioHotstar
'ਚਿਰਈਆ' ਦੇ ਸਕ੍ਰਿਪਟ ਰਾਈਟਰ ਸ਼ਰਮਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਇਹ ਅਨਿਆਂ ਸਾਡੇ ਘਰਾਂ ਦੇ ਅੰਦਰ, ਸਾਡੇ ਆਲੇ-ਦੁਆਲੇ ਹੋ ਰਿਹਾ ਹੈ।"
"ਮੈਨੂੰ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਲੱਗਦੀ ਹੈ ਕਿ ਇਸ ਲਈ ਕੋਈ ਕਾਨੂੰਨੀ ਜਾਂ ਸਮਾਜਿਕ ਸਹਾਰਾ ਨਹੀਂ ਹੈ। ਇਸ ਲਈ, ਇੱਕ ਲੇਖਕ ਦੇ ਤੌਰ 'ਤੇ ਮੈਨੂੰ ਲੱਗਿਆ ਕਿ ਮੈਨੂੰ ਇਸ ਬਾਰੇ ਆਪਣੀ ਤਰਫੋਂ ਕੁਝ ਕਰਨਾ ਚਾਹੀਦਾ ਹੈ।"
'ਸੰਪੂਰਣਾ' ਨਾਮ ਦੇ ਇੱਕ ਬੰਗਾਲੀ ਸ਼ੋਅ ਤੋਂ ਪ੍ਰੇਰਿਤ, 'ਚਿਰਈਆ' ਨੂੰ ਉੱਤਰੀ ਭਾਰਤ ਲਈ ਨਵੇਂ ਤਰੀਕੇ ਨਾਲ ਬਣਾਇਆ ਗਿਆ ਹੈ, ਜੋ ਕਿ ਇੱਕ ਜ਼ਿਆਦਾ ਪੁਰਖ-ਪ੍ਰਧਾਨ ਖੇਤਰ ਹੈ।
ਸ਼ਰਮਾ ਕਹਿੰਦੇ ਹਨ, "'ਸੰਪੂਰਣਾ' ਦੀ ਮੁੱਖ ਕਿਰਦਾਰ ਇੱਕ ਨਾਰੀਵਾਦੀ ਹੈ। ਸਾਡੀ ਮੁੱਖ ਕਿਰਦਾਰ ਕਮਲੇਸ਼ ਇੱਕ ਅਜਿਹੀ ਮਹਿਲਾ ਹੈ, ਜਿਸਨੂੰ ਮਿਸੋਜਨੀ (ਮਹਿਲਾਵਾਂ ਪ੍ਰਤੀ ਘਿਰਣਾ) ਦੇ ਸਪੈਲਿੰਗ ਵੀ ਨਹੀਂ ਆਉਂਦੇ। ਉਹ ਪੁਰਸ਼ ਪ੍ਰਧਾਨ ਸੋਚ ਵਿੱਚ ਇੰਨੀ ਡੁੱਬੀ ਹੋਈ ਹੈ ਕਿ ਉਸਦਾ ਨੈਤਿਕ ਨਜ਼ਰੀਆ ਹੀ ਗੜਬੜਾ ਗਿਆ ਹੈ।"
"ਪਰ ਅਖ਼ੀਰ ਵਿੱਚ, ਉਹ ਗਲਤ ਚੀਜ਼ਾਂ ਦੇ ਖ਼ਿਲਾਫ਼ ਲੜਨ ਲਈ ਖੜੀ ਹੁੰਦੀ ਹੈ।"

ਸ਼ੋਅ ਦੇ ਨਿਰਦੇਸ਼ ਸ਼ਸ਼ਾਂਕ ਸ਼ਾਹ ਕਹਿੰਦੇ ਹਨ ਕਿ ਕਮਲੇਸ਼ ਦੇ ਜ਼ਰੀਏ, "ਅਸੀਂ ਇੱਕ ਅਜਿਹੀ ਮਹਿਲਾ ਨੂੰ ਦਿਖਾਉਣਾ ਚਾਹੁੰਦੇ ਸੀ, ਜਿਸ ਨਾਲ ਭਾਰਤ ਦੀਆਂ ਲੱਖਾਂ ਮਹਿਲਾਵਾਂ ਆਪਣੇ ਆਪ ਨੂੰ ਜੋੜ ਸਕਣ।"
"ਉਹ ਇੱਕ ਅਜਿਹੀ ਇਨਸਾਨ ਹੈ ਜਿਸਦਾ ਪਰਿਵਾਰਕ ਪ੍ਰਣਾਲੀ ਵਿੱਚ ਗਹਿਰਾ ਵਿਸ਼ਵਾਸ ਹੈ। ਪਰ ਹੌਲੀ-ਹੌਲੀ ਤੁਸੀਂ ਉਸ ਵਿੱਚ ਬਦਲਾਅ ਵੇਖਦੇ ਹੋ। ਜਿਵੇਂ-ਜਿਵੇਂ ਉਸਦੀ ਦੁਨੀਆ ਹੌਲੀ-ਹੌਲੀ ਢਹਿੰਦੀ ਹੈ, ਉਸਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਭ ਸਿਰਫ਼ ਇੱਕ ਢੋਂਗ ਹੈ, ਇੱਕ ਕਿਸਮ ਦਾ ਦਿਖਾਵਾ ਜਿੱਥੇ ਪਰਿਵਾਰ ਦੇ ਅੰਦਰ ਹੀ ਲੋਕ ਤਕਲੀਫ਼ ਝੱਲਦੇ ਹਨ।"
ਸ਼ਸ਼ਾਂਕ ਕਹਿੰਦੇ ਹਨ ਕਿ 'ਚਿਰਈਆ' ਬਣਾਉਣ ਦਾ ਮਕਸਦ "ਸਰਕਾਰ ਜਾਂ ਕਾਨੂੰਨਾਂ 'ਤੇ ਸਵਾਲ ਉਠਾਉਣਾ ਨਹੀਂ ਸੀ, ਅਸੀਂ ਸਮਾਜ ਦੇ ਸਾਹਮਣੇ ਇਹ ਸਵਾਲ ਚੁੱਕਣਾ ਚਾਹੁੰਦੇ ਸੀ - ਕਿ ਤੁਸੀਂ ਇਸਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਸੀ।"
ਉਹ ਕਹਿੰਦੇ ਹਨ ਕਿ ਪੂਜਾ ਦੀ ਕਹਾਣੀ "ਕਾਲਪਨਿਕ ਹੈ, ਪਰ ਲੱਖਾਂ ਮਹਿਲਾਵਾਂ ਲਈ ਇਹ ਹਕੀਕਤ ਹੈ" ਅਤੇ ਕਮਲੇਸ਼ ਦੇ ਕਿਰਦਾਰ ਦੇ ਜ਼ਰੀਏ "ਅਸੀਂ ਸਿਸਟਰਹੁਡ (ਮਹਿਲਾਵਾਂ ਦੇ ਆਪਸੀ ਰਿਸ਼ਤੇ) ਦੀ ਕਹਾਣੀ ਕਹਿਣਾ ਚਾਹੁੰਦੇ ਸੀ।"
ਹਾਲਾਂਕਿ ਇਹ ਵੈੱਬ ਸੀਰੀਜ਼ ਮਹਿਲਾਵਾਂ 'ਤੇ ਕੇਂਦ੍ਰਿਤ ਹੈ, ਸ਼ਾਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਿ 'ਚਿਰਈਆ' ਵਿੱਚ ਮਰਦਾਂ ਨੂੰ ਸਿਰਫ਼ ਗੁੱਸੇ ਨਾਲ ਭਰੇ ਹੋਏ, ਇੱਕ-ਤਰਫ਼ਾ ਖਲਨਾਇਕ ਵਜੋਂ ਨਾ ਦਿਖਾਇਆ ਜਾਵੇ।
ਉਹ ਕਹਿੰਦੇ ਹਨ, "ਉਹ ਕੋਈ ਰਾਕਸ਼ ਨਹੀਂ ਹਨ, ਉਹ ਤਾਂ ਸਿਰਫ਼ ਆਮ ਲੋਕ ਹਨ ਜਿਨ੍ਹਾਂ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਮੁਲਾਕਾਤ ਹੁੰਦੀ ਹੈ। ਪਿੱਤਰਸੱਤਾ ਦੀਆਂ ਜੜਾਂ ਇੰਨੀਆਂ ਡੂੰਘੀਆਂ ਹਨ ਕਿ ਜ਼ਿਆਦਾਤਰ ਲੋਕਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਮਹਿਲਾਵਾਂ ਪ੍ਰਤੀ ਵਿਤਕਰੇ ਵਾਲਾ ਰਵੱਈਆ ਅਪਣਾ ਰਹੇ ਹਨ।"

ਤਸਵੀਰ ਸਰੋਤ, JioHotstar
ਦਿਵਿਆ ਦੱਤਾ ਕਹਿੰਦੇ ਹਨ ਕਿ ਸ਼ੋਅ ਨੂੰ "ਬਹੁਤ ਜ਼ਬਰਦਸਤ" ਰਿਸਪਾਂਸ ਮਿਲ ਰਿਹਾ ਹੈ।
ਉਨ੍ਹਾਂ ਕਿਹਾ, "ਮੈਨੂੰ ਅੱਧੀ ਰਾਤ ਨੂੰ ਮੈਸੇਜ, ਕਾਲ ਅਤੇ ਇੰਸਟਾਗ੍ਰਾਮ ਅਤੇ ਐਕਸ 'ਤੇ ਨਿੱਜੀ ਨੋਟ ਮਿਲ ਰਹੇ ਹਨ। ਹਰ ਕੋਈ ਇਸਨੂੰ ਦੇਖ ਰਿਹਾ ਹੈ। ਪੁਰਾਣੇ ਕਲਾਕਾਰ ਮੈਨੂੰ ਫੋਨ ਕਰਕੇ ਇਸ ਸ਼ੋਅ ਨੂੰ ਕਰਨ ਲਈ ਧੰਨਵਾਦ ਦੇ ਰਹੇ ਹਨ। ਕਿਸੇ ਨੇ ਮੈਨੂੰ ਇੱਕ ਸਾੜ੍ਹੀ ਭੇਜੀ ਹੈ, ਜਿਸਦੇ ਨਾਲ ਇੱਕ ਦਿਲ ਨੂੰ ਛੂਹਣ ਵਾਲਾ ਨੋਟ ਸੀ, ਕਿਸੇ ਨੇ ਆਪਣੀ ਲਿਖੀ ਹੋਈ ਕਵਿਤਾ ਭੇਜੀ ਹੈ। ਮੈਨੂੰ ਲੱਗਦਾ ਹੈ ਕਿ ਇਸ ਨੇ ਸੱਚਮੁੱਚ ਹਰ ਕਿਸੇ ਦੇ ਅੰਦਰ ਕੁਝ ਜਗਾ ਦਿੱਤਾ ਹੈ।"
ਕੁਝ ਨੈਗੇਟਿਵ ਰਿਸਪਾਂਸ ਵੀ ਆਏ ਹਨ। ਸ਼ਰਮਾ ਕਹਿੰਦੇ ਹਨ ਕਿ ਕੁਝ ਲੋਕ ਇਸ ਨਾਲ "ਟ੍ਰਿਗਰ" (ਭੜਕ) ਹੋ ਰਹੇ ਹਨ ਅਤੇ ਮਰਦਾਂ ਦੇ ਇੱਕ ਤਬਕੇ ਵੱਲੋਂ "ਕਾਫ਼ੀ ਵਿਰੋਧ" ਵੀ ਹੋਇਆ ਹੈ, ਜੋ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਸ਼ੋਅ ਮਰਦਾਂ ਨੂੰ ਗਲਤ ਸੰਦਰਭ ਵਿੱਚ ਦਿਖਾਉਂਦੇ ਹਨ।
ਉਨ੍ਹਾਂ ਕਿਹਾ, "ਪਰ ਸਾਡਾ ਮਕਸਦ ਸਿਰਫ਼ ਇੱਕ ਚਰਚਾ ਸ਼ੁਰੂ ਕਰਨਾ ਸੀ। ਅਸੀਂ ਕਲਾਕਾਰ ਹਾਂ, ਅਸੀਂ ਕਾਨੂੰਨ ਨਹੀਂ ਬਣਾ ਸਕਦੇ, ਅਸੀਂ ਅਪਰਾਧਾਂ ਨੂੰ ਰੋਕ ਨਹੀਂ ਸਕਦੇ, ਅਸੀਂ ਸਮਾਜ ਨੂੰ ਤੇਜ਼ੀ ਨਾਲ ਨਹੀਂ ਬਦਲ ਸਕਦੇ, ਪਰ ਅਸੀਂ ਕਲਾ ਦਾ ਇਸਤੇਮਾਲ ਕਰਕੇ ਕਿਸੇ ਟੈਬੂ ਟਾਪਿਕ ਨੂੰ ਮੇਨਸਟ੍ਰੀਮ ਵਿੱਚ ਲਿਆ ਸਕਦੇ ਹਾਂ। (ਅਜਿਹਾ ਮੁੱਦਾ ਜਿਸ ਬਾਰੇ ਗੱਲ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ, ਉਸ ਬਾਰੇ ਚਰਚਾ ਸ਼ੁਰੂ ਕਰਵਾ ਸਕਦੇ ਹਾਂ।)
ਦੱਤਾ ਕਹਿੰਦੇ ਹਨ ਕਿ ਉਹ ਪੋਜ਼ਿਟਿਵ ਗੱਲਾਂ 'ਤੇ ਧਿਆਨ ਦੇ ਰਹੇ ਹਨ ਅਤੇ ਬਾਕੀ ਗੱਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਉਨ੍ਹਾਂ ਕਿਹਾ, "ਮੈਂ ਉਸ 1% [ਨਕਾਰਾਤਮਕ ਫੀਡਬੈਕ] ਨੂੰ ਪੜ੍ਹਣਾ ਪਸੰਦ ਨਹੀਂ ਕਰਾਂਗੀ, ਬਲਕਿ ਉਨ੍ਹਾਂ 99% ਲੋਕਾਂ ਦੇ ਪਿਆਰ ਅਤੇ ਧੰਨਵਾਦ 'ਤੇ ਧਿਆਨ ਦੇਵਾਂਗੀ। ਚਲੋ, ਉਨ੍ਹਾਂ ਧੰਨਵਾਦਾਂ 'ਤੇ ਹੀ ਧਿਆਨ ਦੇਈਏ।"
ਦਿਵਿਆ ਦੱਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ 'ਚਿਰਈਆ' ਵਰਗੀਆਂ ਅਸਰਦਾਰ ਕਹਾਣੀਆਂ ਵਿੱਚ ਦੁਨੀਆ ਨੂੰ ਬਦਲਣ ਦੀ ਤਾਕਤ ਹੁੰਦੀ ਹੈ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਕਈ ਤਰੀਕਿਆਂ ਨਾਲ ਬਦਲਾਅ ਲਿਆਵੇਗੀ, ਕਿਉਂਕਿ ਇਹ ਸਾਨੂੰ ਦੱਸ ਰਿਹਾ ਹੈ ਕਿ ਅਸੀਂ ਕਿੱਥੇ ਗਲਤ ਜਾ ਰਹੇ ਹਾਂ। ਅਤੇ ਸਿਰਫ਼ ਬਾਹਰ ਵਾਲਿਆਂ 'ਤੇ ਜ਼ਿੰਮੇਵਾਰੀ ਪਾਉਣ ਦੀ ਬਜਾਏ - ਕਿ ਕੋਈ ਹੋਰ ਸਾਡੇ ਲਈ ਕੁਝ ਕਰੇ - ਇਹ ਸ਼ੋਅ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਆਓ, ਸਭ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ।
"ਅਤੇ ਇਹ ਪਹਿਲਾ ਕਦਮ ਹੈ, ਪਰ ਇਹ ਇੱਕ ਬਹੁਤ ਹੀ ਮਜ਼ਬੂਤ ਕਦਮ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































