ਕੇਂਦਰੀ ਮੰਤਰੀ ਨੇ ਇੰਸਟਾਗ੍ਰਾਮ 'ਤੇ ਬਾਲ ਜਿਨਸੀ ਸ਼ੋਸ਼ਣ ਦੇ ਇਸ਼ਤਿਹਾਰਾਂ ਦੇ ਸਬੰਧ ਵਿੱਚ ਮੈਟਾ ਨੂੰ ਤਲਬ ਕੀਤਾ

ਤਸਵੀਰ ਸਰੋਤ, Reuters
ਚੇਤਾਵਨੀ: ਇਸ ਰਿਪੋਰਟ ਵਿਚਲੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਬੀਬੀਸੀ-ਆਈ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਇੰਸਟਾਗ੍ਰਾਮ ਭਾਰਤ ਵਿੱਚ ਪੈਸੇ ਲੈ ਕੇ ਮਸ਼ਹੂਰੀ ਚਲਾ ਰਿਹਾ ਹੈ ਜੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅਧਿਕਾਰੀਆਂ ਨੂੰ, ਮੈਟਾ ਨੂੰ ਤਲਬ ਕਰਨ ਅਤੇ ਉਸ ਤੋਂ ਸਪੱਸ਼ਟੀਕਰਨ ਮੰਗਣ ਦੇ ਨਿਰਦੇਸ਼ ਦਿੱਤੇ ਹਨ।
ਬੀਬੀਸੀ ਨੂੰ ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ।
ਖ਼ਬਰ ਏਜੰਸੀ ਏਐੱਨਆਈ ਨੇ ਵੀ ਕਿਹਾ ਹੈ ਕਿ ਇਲੈਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਮੈਟਾ ਤੋਂ ਸਪਸ਼ਟੀਕਰਨ ਮੰਗੇਗਾ।
ਇਸ ਦੇ ਨਾਲ ਹੀ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਥਿਤ ਬੱਚਿਆਂ ਦੇ ਸ਼ੋਸ਼ਣ ਦੀ ਸਮੱਗਰੀ ਜੋ ਇੰਸਟਾਗ੍ਰਾਮ ਉੱਤੇ ਸਰਕੁਲੇਟ ਹੋ ਰਹੀ ਹੈ ਉਸ ਦਾ ਨੋਟਿਸ ਲਿਆ ਹੈ। ਕਮਿਸ਼ਨ ਮਾਮਲੇ ਉੱਤੇ ਨਜ਼ਦੀਕ ਨਾਲ ਨਜ਼ਰ ਰੱਖਿਆ ਹੋਇਆ ਹੈ।
ਬੀਬੀਸੀ ਆਈ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਕਿ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਇਸ਼ਤਿਹਾਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਬੀਬੀਸੀ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਕਿ ਇਹਨਾਂ ਇਸ਼ਤਿਹਾਰਾਂ ਵਿੱਚ "ਰੇਪ ਵੀਡੀਓ" ਅਤੇ "ਚਾਈਲਡ ਦੀ ਵੀਡੀਓ" ਵਰਗੇ ਸ਼ਬਦ ਵਰਤੇ ਗਏ ਸਨ। ਉਪਭੋਗਤਾਵਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਚੈਨਲਾਂ ਦੇ ਲਿੰਕ ਦਿੱਤੇ ਗਏ ਸਨ ਜਿੱਥੇ ਉਹ ਇਹ ਸਮੱਗਰੀ ਸਿਰਫ਼ 99 ਰੁਪਏ ਵਿੱਚ ਖਰੀਦ ਸਕਦੇ ਸਨ।
ਇਹ ਹਾਲ ਹੀ ਦੇ ਦਿਨਾਂ ਵਿੱਚ ਆਈਟੀ ਮੰਤਰਾਲੇ ਵੱਲੋਂ ਮੇਟਾ ਵਿਰੁੱਧ ਕੀਤੀ ਗਈ ਤਾਜ਼ਾ ਕਾਰਵਾਈ ਹੈ। ਕੁਝ ਦਿਨ ਪਹਿਲਾਂ, ਸਰਕਾਰ ਨੇ ਮੈਟਾ ਦੀ ਮਲਕੀਅਤ ਵਾਲੇ ਵਟਸਐਪ ਨੂੰ ਆਪਣੇ ਨਵੇਂ ਯੂਜ਼ਰਨੇਮ ਫੀਚਰ ਬਾਰੇ ਇੱਕ ਨੋਟਿਸ ਜਾਰੀ ਕੀਤਾ ਸੀ।
ਬੀਬੀਸੀ ਦੇ ਸਵਾਲ ਦੇ ਜਵਾਬ ਵਿੱਚ ਮੈਟਾ ਨੇ ਕੀ ਕਿਹਾ?
ਜਦੋਂ ਬੀਬੀਸੀ ਨੇ ਇੰਸਟਾਗ੍ਰਾਮ ਨੂੰ ਅਜਿਹੇ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ, ਤਾਂ ਸੋਸ਼ਲ ਮੀਡੀਆ ਕੰਪਨੀ ਨੇ 24 ਘੰਟਿਆਂ ਬਾਅਦ ਜਵਾਬ ਦਿੱਤਾ ਕਿ ਪੋਸਟਾਂ ਉਸਦੇ ਕਮਿਊਨਿਟੀ ਗਾਈਡਲਾਈਂਜ਼ ਦੀਆਂ ਉਲੰਘਣਾ ਨਹੀਂ ਕਰਦੀਆਂ।
ਜਦੋਂ ਬੀਬੀਸੀ ਨੇ ਇੰਸਟਾਗ੍ਰਾਮ ਦੀ ਮੂਲ ਕੰਪਨੀ, ਮੈਟਾ ਤੋਂ ਜਵਾਬ ਮੰਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਬਹੁਤ ਸਾਰੇ ਇਸ਼ਤਿਹਾਰਾਂ ਨੂੰ ਅਯੋਗ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਪੋਸਟ ਕਰਨ ਵਾਲੇ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਕੰਪਨੀ ਨੇ ਕਿਹਾ ਕਿ ਬੀਬੀਸੀ ਦੀ ਜਾਂਚ ਤੋਂ ਬਾਅਦ, ਉਸਨੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਹੋਰ ਸਮੱਗਰੀ ਦੇ ਇਸ਼ਤਿਹਾਰ ਹਟਾ ਦਿੱਤੇ ਹਨ, ਖਾਤੇ ਬੰਦ ਕਰ ਦਿੱਤੇ ਹਨ ਅਤੇ URL ਨੂੰ ਬਲਾਕ ਕਰ ਦਿੱਤਾ ਹੈ।
ਇਸ ਦੇ ਨਾਲ ਹੀ, ਟੈਲੀਗ੍ਰਾਮ ਨੇ ਕਿਹਾ ਕਿ ਸਾਲ 2026 ਵਿੱਚ, ਉਨ੍ਹਾਂ ਨੇ ਬਾਲ ਜਿਨਸੀ ਸ਼ੋਸ਼ਣ ਅਤੇ ਹਿੰਸਕ ਸਮੱਗਰੀ ਨਾਲ ਸਬੰਧਤ 2 ਲੱਖ 74 ਹਜ਼ਾਰ ਸਮੂਹਾਂ ਅਤੇ ਚੈਨਲਾਂ ਨੂੰ ਹਟਾ ਦਿੱਤਾ ਹੈ।
ਮੈਟਾ ਨੇ ਬਾਅਦ ਵਿੱਚ ਬੀਬੀਸੀ ਨੂੰ ਦੱਸਿਆ ਕਿ "ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ ਅਤੇ ਸਾਡੀਆਂ ਸਮੀਖਿਆ ਪ੍ਰਕਿਰਿਆਵਾਂ ਸਾਰੀਆਂ ਨੀਤੀ ਦੀਆਂ ਉਲੰਘਣਾਵਾਂ ਨੂੰ ਨਹੀਂ ਫੜ ਸਕਦੀਆਂ।"
"ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਲਗਾਤਾਰ ਉਨ੍ਹਾਂ 'ਤੇ ਪ੍ਰੋਐਕਟਿਵ ਡਿਟੇਕਸ਼ਨ ਤਕਨਾਲੋਜੀ ਚਲਾਉਂਦੇ ਹਾਂ, ਅਤੇ ਕੋਈ ਵੀ ਜੋ ਵਿਸ਼ਵਾਸ ਕਰਦਾ ਹੈ ਕਿ ਕੋਈ ਇਸ਼ਤਿਹਾਰ ਸਾਡੇ ਨਿਯਮਾਂ ਨੂੰ ਤੋੜ ਰਿਹਾ ਹੈ, ਉਹ ਇਸਦੀ ਰਿਪੋਰਟ ਕਰ ਸਕਦਾ ਹੈ," ਮੇਟਾ ਨੇ ਕਿਹਾ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੂੰ ਬਾਲ ਸ਼ੋਸ਼ਣ ਬਾਰੇ ਪਤਾ ਲੱਗਦਾ ਹੈ, ਤਾਂ ਉਹ ਕਾਨੂੰਨ ਅਨੁਸਾਰ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟੇਡ ਚਿਲਡਰਨ (NCMEC) ਨੂੰ ਇਸਦੀ ਰਿਪੋਰਟ ਕਰਦੇ ਹਨ। NCMEC ਇੰਟਰਨੈੱਟ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੀ ਰਿਪੋਰਟ ਕਰਨ ਲਈ ਇੱਕ ਵਿਸ਼ਵਵਿਆਪੀ ਪ੍ਰਣਾਲੀ ਹੈ।
ਬੀਬੀਸੀ-ਆਈ ਦੀ ਪੂਰੀ ਜਾਂਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












