You’re viewing a text-only version of this website that uses less data. View the main version of the website including all images and videos.
ਅਮਰੀਕਾ ਦੇ ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲੀਆਂ, ਘਟਨਾ ਵੇਲੇ ਰਾਸ਼ਟਰਪਤੀ ਟਰੰਪ ਅੰਦਰ ਹੀ ਸਨ ਮੌਜੂਦ, ਹੁਣ ਤੱਕ ਕੀ-ਕੀ ਪਤਾ
ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਦੇ ਨੇੜੇ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ। ਘਟਨਾ ਦੇ ਸਮੇਂ ਅਮਰੀਕਾ ਦੇ ਰਾਸ਼ਰਪਤੀ ਡੌਨਲਡ ਟਰੰਪ ਵੀ ਵ੍ਹਾਈਟ ਹਾਊਸ ਅੰਦਰ ਹੀ ਮੌਜੂਦ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਅਮਰੀਕੀ ਸੀਕ੍ਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਵ੍ਹਾਈਟ ਹਾਊਸ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਜਵਾਬੀ ਕਾਰਵਾਈ ਵਿੱਚ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਗੋਲੀਬਾਰੀ ਵਿੱਚ ਇੱਕ ਰਾਹਗੀਰ ਨੂੰ ਵੀ ਗੋਲੀ ਲੱਗੀ ਹੈ ਅਤੇ ਉਹ ਵੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਲਾਅ ਇੰਫੋਰਸਮੈਂਟ ਸਰੋਤਾਂ ਦੇ ਅਨੁਸਾਰ, ਇਸ ਘਟਨਾ ਦੌਰਾਨ 15 ਤੋਂ 30 ਰਾਊਂਡ ਗੋਲੀਆਂ ਚਲਾਈਆਂ ਗਈਆਂ।
ਇਸ ਘਟਨਾ ਬਾਰੇ ਅਜੇ ਤੱਕ ਰਾਸ਼ਟਰਪਤੀ ਟਰੰਪ ਵੱਲੋਂ ਕੋਈ ਟਿੱਪਣੀ ਨਹੀਂ ਆਈ ਹੈ।
ਐਫ਼ਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਸੀਕ੍ਰੇਟ ਸਰਵਿਸ ਇਸ ਘਟਨਾ 'ਤੇ ਕਾਰਵਾਈ ਕਰ ਰਹੀ ਹੈ।
ਗੌਰਤਲਬ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਵ੍ਹਾਈਟ ਹਾਊਸ ਕਰਸਪਾਂਡੈਂਟਸ ਡਿਨਰ ਵਿੱਚ ਵੀ ਗੋਲੀਬਾਰੀ ਹੋਈ ਸੀ। ਉਸ ਵੇਲੇ ਵੀ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਕਦੋਂ, ਕਿੱਥੇ ਅਤੇ ਕਿਵੇਂ ਵਾਪਰੀ ਘਟਨਾ
ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 18:00 ਵਜੇ ਵ੍ਹਾਈਟ ਹਾਊਸ ਵਿੱਚ ਮੌਜੂਦ ਕਈ ਪੱਤਰਕਾਰਾਂ ਨੇ ਗੋਲ਼ੀਆਂ ਦੀਆਂ ਅਵਾਜ਼ਾਂ ਸੁਣੀਆਂ।
ਸੀਕ੍ਰੇਟ ਸਰਵਿਸ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਇਮਾਰਤ ਦੇ ਅੰਦਰ ਪ੍ਰੈੱਸ ਬ੍ਰੀਫਿੰਗ ਰੂਮ ਵਿੱਚ ਸੁਰੱਖਿਅਤ ਪਹੁੰਚਾਇਆ ਅਤੇ ਵ੍ਹਾਈਟ ਹਾਊਸ ਵਿੱਚ ਲਾਕਡਾਊਨ ਦਾ ਪਾਲਣ ਕੀਤਾ ਗਿਆ।
ਸੀਕ੍ਰੇਟ ਸਰਵਿਸ ਦੇ ਬਿਆਨ ਮੁਤਾਬਕ, 17ਵੀਂ ਸਟ੍ਰੀਟ ਅਤੇ ਪੈਨਸਿਲਵੇਨੀਆ ਐਵੇਨਿਊ ਦੇ ਨੇੜੇ ਇੱਕ ਵਿਅਕਤੀ ਨੇ ਆਪਣੇ ਬੈਗ ਵਿਚੋਂ ਹਥਿਆਰ ਕੱਢਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਸੀਕ੍ਰੇਟ ਸਰਵਿਸ ਪੁਲਿਸ ਨੇ ਜਵਾਬੀ ਫਾਇਰ ਕੀਤਾ ਅਤੇ ਸ਼ੱਕੀ ਵਿਅਕਤੀ ਨੂੰ ਗੋਲ਼ੀ ਲੱਗੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਾਮਲਾ ਕਾਬੂ ਆਉਣ ਤੋਂ ਬਾਅਦ, ਸਥਾਨਕ ਸਮੇਂ ਅਨੁਸਾਰ 19:00 ਵਜੇ ਵ੍ਹਾਈਟ ਹਾਊਸ ਤੋਂ ਲਾਕਡਾਊਨ ਹਟਾ ਦਿੱਤਾ ਗਿਆ।
ਸ਼ੱਕੀ ਵਿਅਕਤੀ ਦੀ ਪਛਾਣ ਹੋਈ, ਪਹਿਲਾਂ ਵੀ ਸੀਕ੍ਰੇਟ ਸਰਵਿਸ ਨਾਲ ਹੋ ਚੁੱਕਿਆ 'ਸਾਹਮਣਾ' - ਸੀਬੀਐਸ
ਵ੍ਹਾਈਟ ਹਾਊਸ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਸ਼ੱਕੀ ਦੀ ਪਛਾਣ 21 ਸਾਲਾ ਨਾਸਿਰ ਬੇਸਟ ਵਜੋਂ ਹੋਈ ਹੈ। ਜਾਂਚ ਨਾਲ ਜੁੜੇ ਇੱਕ ਵਿਅਕਤੀ ਨੇ ਬੀਬੀਸੀ ਦੇ ਅਮਰੀਕੀ ਮੀਡੀਆ ਸਹਿਯੋਗੀ ਸੀਬੀਐਸ ਨੂੰ ਇਹ ਜਾਣਕਾਰੀ ਦਿੱਤੀ ਹੈ।
ਵਿਅਕਤੀ ਨੇ ਦੱਸਿਆ ਕਿ ਇਸ ਸ਼ੱਕੀ ਵਿਅਕਤੀ ਨੂੰ ਜੁਲਾਈ 2025 ਵਿੱਚ ਯੂਐਸ ਸੀਕ੍ਰੇਟ ਸਰਵਿਸ ਨੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਸ ਨੇ ਵ੍ਹਾਈਟ ਹਾਊਸ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ।
ਇਸ ਤੋਂ ਬਾਅਦ, ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਉਸ ਨੂੰ ਇੱਕ ਸਾਈਕਾਇਟ੍ਰਿਕ ਵਾਰਡ (ਮਾਨਸਿਕ ਰੋਗ ਵਿਭਾਗ) ਵਿੱਚ ਭੇਜ ਦਿੱਤਾ ਗਿਆ ਸੀ।
ਅਮਰੀਕੀ ਸੀਕ੍ਰੇਟ ਸਰਵਿਸ ਵੱਲੋਂ ਹੋਰ ਕੀ ਦੱਸਿਆ ਗਿਆ
ਅਮਰੀਕੀ ਸੀਕ੍ਰੇਟ ਸਰਵਿਸ ਮੁਤਾਬਕ, ਇਸ ਘਟਨਾ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕੋਈ ਸੱਟ ਨਹੀਂ ਲੱਗੀ। ਘਟਨਾ ਦੇ ਸਮੇਂ ਰਾਸ਼ਟਰਪਤੀ ਵ੍ਹਾਈਟ ਹਾਊਸ ਵਿੱਚ ਹੀ ਮੌਜੂਦ ਸਨ।
ਹਾਲਾਂਕਿ, ਰਾਸ਼ਟਰਪਤੀ ਜਾਂ ਹੋਰ ਸੁਰੱਖਿਅਤ ਵਿਅਕਤੀਆਂ ਦੀ ਸੁਰੱਖਿਆ ਜਾਂ ਵ੍ਹਾਈਟ ਹਾਊਸ ਦੇ ਕੰਮਕਾਜ 'ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਪਿਆ।
ਅਧਿਕਾਰੀਆਂ ਮੁਤਾਬਕ, ਇਸ ਘਟਨਾ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਜਿਵੇਂ-ਜਿਵੇਂ ਨਵੀਂ ਜਾਣਕਾਰੀ ਸਾਹਮਣੇ ਹੋਵੇਗੀ, ਉਸ ਨੂੰ ਜਨਤਕ ਕੀਤਾ ਜਾਵੇਗਾ।
ਮੌਕੇ 'ਤੇ ਮੌਜੂਦ ਪੱਤਰਕਾਰਾਂ ਨੇ ਕੀ ਦੱਸਿਆ
ਕਈ ਪੱਤਰਕਾਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦੱਸਿਆ ਹੈ ਕਿ ਉਹ ਕਿਸੇ ਹੋਰ ਕੰਮ ਸਬੰਧੀ ਵ੍ਹਾਈਟ ਹਾਊਸ ਦੇ ਨੇੜੇ ਮੌਜੂਦ ਸਨ, ਜਦੋਂ ਉਨ੍ਹਾਂ ਨੇ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ।
ਇੱਕ ਵੀਡੀਓ ਵਿੱਚ, ਏਬੀਸੀ ਨਿਊਜ਼ ਦੇ ਪੱਤਰਕਾਰ ਸੈਲੀਨਾ ਵਾਂਗ ਨੂੰ ਸੋਸ਼ਲ ਮੀਡੀਆ ਲਈ ਵੀਡੀਓ ਰਿਕਾਰਡ ਕਰਦੇ ਸਮੇਂ ਗੋਲੀਆਂ ਦੀ ਆਵਾਜ਼ ਸੁਣ ਕੇ ਲੁਕਦੇ ਹੋਏ ਦੇਖਿਆ ਜਾ ਸਕਦਾ ਹੈ।
ਵੀਡੀਓ ਵਿੱਚ ਉਹ ਕਹਿ ਰਹੇ ਸਨ, "ਅਜਿਹਾ ਲੱਗਿਆ ਜਿਵੇਂ ਦਰਜਨਾਂ ਗੋਲੀਆਂ ਚੱਲੀਆਂ ਹੋਣ। ਸਾਨੂੰ ਪ੍ਰੈੱਸ ਬ੍ਰੀਫਿੰਗ ਰੂਮ ਵੱਲ ਤੇਜ਼ੀ ਨਾਲ ਦੌੜਨ ਲਈ ਕਿਹਾ ਗਿਆ, ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ।"
ਵ੍ਹਾਈਟ ਹਾਊਸ ਵਿੱਚ ਮੌਜੂਦ ਕਈ ਪੱਤਰਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 20 ਗੋਲੀਆਂ ਦੀ ਅਵਾਜ਼ ਸੁਣੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਮਾਰਤ ਦੇ ਅੰਦਰ ਬਣੇ ਮਸ਼ਹੂਰ ਪ੍ਰੈੱਸ ਬ੍ਰੀਫਿੰਗ ਰੂਮ ਵਿੱਚ ਲਿਜਾਇਆ ਗਿਆ।
ਵ੍ਹਾਈਟ ਹਾਊਸ ਦੇ ਅੰਦਰੋਂ ਲਈਆਂ ਗਈਆਂ ਤਸਵੀਰਾਂ ਵਿੱਚ ਪੱਤਰਕਾਰਾਂ ਨੂੰ ਖਿੜਕੀਆਂ ਦੇ ਨੇੜੇ ਇਕੱਠੇ ਹੋਏ ਵੇਖਿਆ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ