You’re viewing a text-only version of this website that uses less data. View the main version of the website including all images and videos.
'ਕਾਸ਼ ਮੈਂ ਇਹ ਸਰਜਰੀ ਪਹਿਲਾਂ ਕਰਵਾਈ ਹੁੰਦੀ', ਬ੍ਰੈਸਟ ਰਿਡਕਸ਼ਨ ਸਰਜਰੀ ਇਹ ਔਰਤਾਂ ਕਿਉਂ ਕਰਵਾ ਰਹੀਆਂ ਹਨ, ਇਸ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲੀ
- ਲੇਖਕ, ਰੇਚਲ ਫਲਿਨ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਰਨਵਿਆ ਅੱਜ ਵੀ ਉਸ ਘਟਨਾ ਨੂੰ ਯਾਦ ਕਰ ਕੇ ਪਰੇਸ਼ਾਨ ਹੋ ਜਾਂਦੇ ਹਨ, ਜਦੋਂ ਉਹ ਮਹਿਜ਼ 11 ਸਾਲ ਦੇ ਸਨ ਅਤੇ ਇੱਕ ਆਈਸਕ੍ਰੀਮ ਵੇਚਣ ਵਾਲੇ ਨੇ ਉਨ੍ਹਾਂ ਨੂੰ ਵੇਖ ਕੇ ਭੱਦੀ ਸੀਟੀ ਵਜਾਈ ਸੀ।
ਉਨ੍ਹਾਂ ਦਾ ਸਰੀਰ ਉਮਰ ਤੋਂ ਪਹਿਲਾਂ ਹੀ ਅਸਧਾਰਨ ਤੌਰ 'ਤੇ ਵਿਕਸਿਤ ਹੋਣ ਲੱਗਾ ਸੀ।
ਉਸੇ ਸਮੇਂ ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਨ੍ਹਾਂ ਦੇ ਬ੍ਰੈਸਟ ਦਾ ਆਕਾਰ ਵੇਖ ਕੇ ਲੋਕ ਉਨ੍ਹਾਂ ਨੂੰ ਵੱਖਰੀ ਨਜ਼ਰ ਨਾਲ ਦੇਖ ਰਹੇ ਹਨ। ਇਸ ਵਜ੍ਹਾ ਨਾਲ ਉਹ ਖੁਦ ਨੂੰ ਵੀ ਵੱਖਰੇ ਤੌਰ 'ਤੇ ਦੇਖਣ ਲੱਗੇ ਸਨ।
ਸਕੂਲ 'ਚ ਵੀ ਇਸ ਨੂੰ ਲੈਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਰਨਵਿਆ ਕਹਿੰਦੇ ਹਨ, "ਮੈਂ ਅਜੇ ਵੀ ਇੱਕ ਬੱਚੀ ਸੀ ਪਰ ਅਚਾਨਕ ਮੇਰੇ ਸਰੀਰ ਦਾ ਇਹ ਹਿੱਸਾ ਅਜਿਹਾ ਬਣ ਗਿਆ ਸੀ ਜਿਸ ਕਰਕੇ ਲੋਕ ਮੇਰੇ ਵੱਲ ਧਿਆਨ ਦੇਣ ਲੱਗੇ ਸਨ ਪਰ ਮੈਂ ਭਾਵਨਾਤਮਕ ਤੌਰ 'ਤੇ ਇਸ ਲਈ ਤਿਆਰ ਨਹੀਂ ਸੀ।"
ਇੰਗਲੈਂਡ ਦੇ ਲੀਸੇਸਟਰ 'ਚ ਇੱਕ ਦੱਖਣ ਏਸ਼ੀਆਈ ਪਰਿਵਾਰ 'ਚ ਪਲੀ-ਵਧੀ ਰਨਵਿਆ ਨੂੰ ਯਾਦ ਹੈ ਕਿ ਉਨ੍ਹਾਂ ਨੂੰ ਕਿੰਨੀ 'ਸ਼ਰਮਿੰਦਗੀ' ਮਹਿਸੂਸ ਹੁੰਦੀ ਸੀ। ਕਿਉਂਕਿ ਉਹ ਆਪਣੇ ਸਕੂਲ ਦੀਆਂ ਬਾਕੀ ਕੁੜੀਆਂ ਵਾਂਗ ਕੱਪੜੇ ਨਹੀਂ ਪਹਿਨ ਸਕਦੀ ਸੀ।
ਉਹ ਕਹਿੰਦੇ ਹਨ, "ਮੈਂ ਕੁਝ ਖਾਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨ ਸਕਦੀ ਸੀ ਕਿਉਂਕਿ ਮੇਰੇ ਬ੍ਰੈਸਟ ਉਭਰ ਕੇ ਦਿਖਦੇ ਸਨ। ਮੇਰੀ ਮਾਂ ਘਬਰਾ ਜਾਂਦੀ ਸੀ ਅਤੇ ਕਹਿੰਦੀ ਸੀ, "ਤੁਸੀਂ ਇਹ ਨਹੀਂ ਪਹਿਨ ਸਕਦੇ।"
ਇਸ ਦਾ ਅਸਰ ਸਿਰਫ਼ ਮਾਨਸਿਕ ਨਹੀਂ, ਸਰੀਰਕ ਵੀ ਸੀ।
ਰਨਵਿਆ ਨੂੰ ਪਿੱਠ 'ਚ ਦਰਦ ਰਹਿੰਦਾ ਸੀ।
ਏਡੀਐਚਡੀ (ਅਟੈਂਸ਼ਨ ਡੇਫਿਸਿਟ ਹਾਈਪਐਕਟਿਵਿਟੀ ਡਿਸਆਰਡਰ) ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਰ ਸਮੇਂ ਆਪਣੇ ਸਰੀਰ ਦਾ ਅਹਿਸਾਸ ਅਤੇ ਉਸ ਨਾਲ ਜੁੜੀ ਭਾਵਨਾਤਮਕ ਬੇਚੈਨੀ ਹੋਰ ਜ਼ਿਆਦਾ ਪਰੇਸ਼ਾਨ ਕਰਦੀ ਸੀ।
ਇਹ ਇੱਕ ਅਜਿਹੀ ਸਥਿਤੀ ਹੈ ਜਿਸ 'ਚ ਵਿਅਕਤੀ ਨੂੰ ਧਿਆਨ ਲਗਾਉਣ, ਸ਼ਾਂਤ ਬੈਠਣ ਅਤੇ ਆਪਣੇ ਵਿਵਹਾਰ ਜਾਂ ਭਾਵਨਾਵਾਂ ਨੂੰ ਕਾਬੂ ਕਰਨ 'ਚ ਮੁਸ਼ਕਿਲ ਹੁੰਦੀ ਹੈ।
25 ਸਾਲ ਦੀ ਉਮਰ ਤੱਕ ਉਨ੍ਹਾਂ ਦਾ ਵਜ਼ਨ 50 ਕਿਲੋ ਸੀ ਪਰ ਬ੍ਰਾ ਦਾ ਸਾਈਜ਼ 32ਜੇਜੇ ਤੱਕ ਪਹੁੰਚ ਗਿਆ ਸੀ। ਇਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ।
ਉਹ ਕਹਿੰਦੇ ਹਨ, "ਮੈਨੂੰ ਫੇਸਬੁੱਕ 'ਤੇ ਬ੍ਰੈਸਟ ਰਿਡਕਸ਼ਨ ਯਾਨੀ ਬ੍ਰੈਸਟ ਦਾ ਸਾਈਜ਼ ਘਟਾਉਣ ਵਾਲੀ ਸਰਜਰੀ ਨਾਲ ਜੁੜਿਆ ਇੱਕ ਗਰੁੱਪ ਮਿਲਿਆ। ਇਸ 'ਚ ਕਰੀਬ 6000 ਮੈਂਬਰ ਸਨ।"
ਬ੍ਰੈਸਟ ਇੰਪਲਾਂਟ ਕਰਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਘਟੀ
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਜ਼ਰੀਏ ਸਰਜਰੀ ਦੇ ਬਾਰੇ 'ਚ ਜਵਾਬ ਆਉਣ ਦਾ ਇੰਤਜ਼ਾਰ ਕਰਦੇ ਹੋਏ ਉਨ੍ਹਾਂ ਨੇ ਇਸੇ ਗਰੁੱਪ ਤੋਂ ਜ਼ਿਆਦਾਤਰ ਜਾਣਕਾਰੀ ਇਕੱਠੀ ਕੀਤੀ।
ਰਨਵਿਆ ਕਹਿੰਦੇ ਹਨ,"ਇਸ ਗਰੁੱਪ 'ਚ ਮਹਿਲਾਵਾਂ ਵਾਰ-ਵਾਰ ਕਹਿ ਰਹੀਆਂ ਸਨ ਕਿ 'ਕਾਸ਼ ਮੈਂ ਇਹ ਸਰਜਰੀ ਪਹਿਲਾਂ ਕਰਵਾ ਲਈ ਹੁੰਦੀ।'"
ਡਾਕਟਰ ਨਾਲ ਮਿਲਣ ਦੇ ਛੇ ਮਹੀਨੇ ਬਾਅਦ ਵੀ ਐਨਐਚਐਸ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲ 'ਚ ਸਰਜਰੀ ਕਰਵਾਉਣ ਦਾ ਫੈਸਲਾ ਲਿਆ।
ਸਰਜਰੀ ਦੇ ਕੁਝ ਮਹੀਨੇ ਬਾਅਦ ਐਨਐਚਐਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪ੍ਰੇਸ਼ਨ ਕਰਵਾ ਸਕਦੇ ਹਨ।
ਬ੍ਰੈਸਟ ਸਰਜਨ ਲਿੰਡਸੇ ਹਾਈਟਨ ਮੁਤਾਬਕ ਅਜਿਹਾ ਸਿਰਫ਼ "ਬੇਹੱਦ ਖਾਸ ਹਾਲਾਤਾਂ" 'ਚ ਹੀ ਹੁੰਦਾ ਹੈ।
ਰਨਵਿਆ ਦਾ ਬਾਡੀ ਮਾਸ ਇੰਡੈਕਸ ਕਾਫੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਮਨਜ਼ੂਰੀ ਮਿਲੀ।
ਰਨਵਿਆ ਉਨ੍ਹਾਂ ਹਜ਼ਾਰਾਂ ਮਹਿਲਾਵਾਂ 'ਚ ਸ਼ਾਮਿਲ ਹਨ, ਜਿਨ੍ਹਾਂ ਨੇ ਬ੍ਰਿਟੇਨ 'ਚ ਨਿੱਜੀ ਹਸਪਤਾਲਾਂ 'ਚ ਬ੍ਰੈਸਟ ਰਿਡਕਸ਼ਨ ਸਰਜਰੀ ਕਰਵਾਈ ਹੈ।
ਬ੍ਰਿਟਿਸ਼ ਐਸੋਸੀਏਸ਼ਨ ਆਫ ਐਸਥੈਟਿਕ ਪਲਾਸਟਿਕ ਸਰਜਨਸ (ਬੀਏਏਪੀਐਸ) ਮੁਤਾਬਕ ਇਹ ਪ੍ਰਕਿਰਿਆ ਤੇਜ਼ੀ ਨਾਲ ਪ੍ਰਚਲਿਤ ਹੋ ਰਹੀ ਹੈ।
ਰਨਵਿਆ ਕਹਿੰਦੇ ਹਨ, "ਜਦੋਂ ਮੈਂ ਸਰਜਰੀ ਤੋਂ ਬਾਅਦ ਉੱਠੀ ਅਤੇ ਆਪਣੇ ਸਰੀਰ ਵੱਲ ਹੇਠਾਂ ਵੇਖਿਆ ਤਾਂ ਮੈਨੂੰ ਪਹਿਲੀ ਵਾਰ ਆਪਣਾ ਢਿੱਡ ਨਜ਼ਰ ਆਇਆ। ਮੈਂ ਰੋ ਪਈ। ਇੰਨੇ ਸਾਲਾਂ ਤੋਂ ਮੈਂ ਇੱਕ ਸਰੀਰਕ ਅਤੇ ਮਾਨਸਿਕ ਬੋਝ ਢੋਅ ਰਹੀ ਸੀ ਅਤੇ ਅਚਾਨਕ ਮੈਨੂੰ ਲੱਗਾ ਕਿ ਮੈਂ ਖੁਦ ਨੂੰ ਦੇਖ ਪਾ ਰਹੀ ਹਾਂ।"
ਬੀਏਏਪੀਐਸ ਦੇ ਅਪ੍ਰੈਲ ਦੇ ਅੰਕੜਿਆਂ ਮੁਤਾਬਕ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਬ੍ਰੈਸਟ ਰਿਡਕਸ਼ਨ ਅਤੇ ਇੰਪਲਾਂਟ ਹਟਾਉਣ ਵਾਲੀਆਂ ਮਹਿਲਾਵਾਂ ਦੀ ਕੁੱਲ ਗਿਣਤੀ, ਬ੍ਰੈਸਟ ਦਾ ਆਕਾਰ ਵਧਾਉਣ ਵਾਲੀਆਂ ਮਹਿਲਾਵਾਂ ਤੋਂ ਵੱਧ ਹੋ ਗਈ ਹੈ।
2025 'ਚ ਬ੍ਰਿਟੇਨ 'ਚ ਬ੍ਰੈਸਟ ਇੰਪਲਾਂਟ ਸਰਜਰੀ ਦੇ ਮਾਮਲਿਆਂ 'ਚ ਅੱਠ ਫੀਸਦ ਦੀ ਗਿਰਾਵਟ ਆਈ ਹੈ।
ਬੀਏਏਪੀਐਸ ਦੀ ਪ੍ਰਧਾਨ ਨੋਰਾ ਨਿਊਜੇਂਟ ਦਾ ਮੰਨਣਾ ਹੈ ਕਿ ਇਹ ਬਦਲਾਅ "ਬਹੁਤ ਜ਼ਿਆਦਾ ਉਭਰੇ ਹੋਏ ਸਰੀਰ" ਤੋਂ ਹਟ ਕੇ ਵਧ ਸੁਭਾਵਿਕ ਸਰੀਰ ਵੱਲ ਵੱਧਦੀ ਸੋਚ ਨੂੰ ਦਰਸਾਉਂਦਾ ਹੈ।
ਪੌਡਕਾਸਟ 'ਦਿ ਬਿਊਟੀ ਕ੍ਰਾਨਿਕਲਸ' ਦੀ ਪ੍ਰਜ਼ੈਂਟਰ ਮਿਰਡਿਥ ਜੋਨਸ ਕਹਿੰਦੇ ਹਨ, "ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦੇ ਵਧਦੇ ਇਸਤੇਮਾਲ ਨੇ ਵੀ "ਬਹੁਤ ਪਤਲੇ ਸਰੀਰ" ਵੱਲ ਲੋਕਾਂ ਦਾ ਰੁਝਾਨ ਵਧਾਇਆ ਹੈ।"
ਮੈਨਚੈਸਟਰ 'ਚ ਐਨਐਚਐਸ ਦੀ ਬ੍ਰੈਸਟ ਕੰਸਲਟੈਂਟ ਅਤੇ ਨਿੱਜੀ ਸਰਜਨ ਲਿੰਡਸੇ ਹਾਈਟਨ ਕਹਿੰਦੇ ਹਨ, "ਇਹ ਬਦਲਾਅ ਥੋੜ੍ਹਾ ਬਹੁਤ ਟ੍ਰੈਂਡ ਨਾਲ ਜੁੜਿਆ ਜ਼ਰੂਰ ਹੈ ਪਰ ਜ਼ਿਆਦਾਤਰ ਮਹਿਲਾਵਾਂ ਦੀ ਪਹਿਲ ਹੁਣ ਸਰੀਰ ਦੀ ਕਾਰਜ ਸਮਰੱਥਾ ਹੈ ਯਾਨੀ ਉਹ ਆਰਾਮ ਨਾਲ ਤੁਰ-ਫਿਰ ਸਕਣ ਅਤੇ ਆਤਮ ਵਿਸ਼ਵਾਸ ਮਹਿਸੂਸ ਕਰਨ।"
"ਸੁੰਦਰ ਦਿਸਣ ਤੋਂ ਵੱਧ ਜ਼ਿੰਦਗੀ ਬਿਹਤਰ ਬਣਾਉਣਾ ਜ਼ਰੂਰੀ"
ਸਰਜਰੀ ਤੋਂ ਤੁਰੰਤ ਬਾਅਦ ਰਨਵਿਆ ਦੀ ਤਸਵੀਰ। ਉਨ੍ਹਾਂ ਮੁਤਾਬਕ ਸਰਜਰੀ ਦੌਰਾਨ ਉਨ੍ਹਾਂ ਦੇ ਦੋਵੇਂ ਬ੍ਰੈਸਟ ਦਾ ਵਜ਼ਨ ਇੱਕ-ਇੱਕ ਕਿਲੋ ਘੱਟ ਕੀਤਾ ਗਿਆ ਹੈ।
ਗ੍ਰੇਟਰ ਮੈਨਚੈਸਟਰ ਦੀ 54 ਸਾਲਾ ਸੂ ਨੇ ਕਈ ਸਾਲ ਤੱਕ ਬ੍ਰੈਸਟਫੀਡਿੰਗ ਕਰਵਾਉਣ ਤੋਂ ਬਾਅਦ ਇੰਪਲਾਂਟ ਲਗਾਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਲੱਗਣ ਲੱਗਾ ਕਿ ਉਹ ਉਸ ਸੋਚ ਤੋਂ ਅੱਗੇ ਨਿਕਲ ਚੁੱਕੇ ਹਨ।
ਸੂ ਕਹਿੰਦੇ ਹਨ, "ਉਹ ਬਹੁਤ ਭਾਰੀ ਮਹਿਸੂਸ ਹੁੰਦੇ ਹਨ। ਮੈਂ ਫਿਰ ਤੋਂ ਫਿਟ ਹੋਣਾ ਚਾਹੁੰਦੀ ਸੀ ਪਰ ਲੱਗਦਾ ਸੀ ਕਿ ਜਿਵੇਂ ਸਰੀਰ 'ਤੇ ਕੋਈ ਵਾਧੂ ਬੋਝ ਹੈ।"
ਹਾਲਾਂਕਿ ਪ੍ਰਾਈਵੇਟ ਬ੍ਰੈਸਟ ਸਰਜਰੀ ਸਸਤੀ ਨਹੀਂ ਹੁੰਦੀ। ਇਸ ਦੀ ਕੀਮਤ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਹੈ।
ਮੈਨਚੈਸਟਰ 'ਚ ਸੂ ਨੇ 2025 'ਚ ਆਪਣੇ ਇੰਪਲਾਂਟ ਹਟਵਾਉਣ ਲਈ ਕਰੀਬ 9500 ਪਾਊਂਡ ਖਰਚ ਕੀਤੇ।
ਉਧਰ ਰਨਵਿਆ ਦੀ ਸਰਜਰੀ 'ਤੇ ਕਰੀਬ 8000 ਪਾਊਂਡ ਖਰਚ ਹੋਏ, ਜਿਸ ਨੂੰ ਉਨ੍ਹਾਂ ਤਿੰਨ ਸਾਲ ਤੱਕ ਈਐਮਆਈ 'ਤੇ ਚੁਕਾਇਆ।
ਐਨਐਚਐਸ ਮੁਤਾਬਕ ਬ੍ਰਿਟੇਨ 'ਚ ਪ੍ਰਾਈਵੇਟ ਕਲੀਨਿਕ 'ਚ ਬ੍ਰੈਸਟ ਰਿਡਕਸ਼ਨ ਸਰਜਰੀ ਦੀ ਕੀਮਤ ਕਰੀਬ 6500 ਪਾਊਂਡ ਹੁੰਦੀ ਹੈ। ਇਸ 'ਚ ਕੰਸਲਟੈਂਸੀ ਅਤੇ ਬਾਅਦ ਦੀ ਦੇਖਭਾਲ ਸ਼ਾਮਿਲ ਨਹੀਂ ਹੁੰਦੀ।
ਹਾਈਟਨ ਮੰਨਦੇ ਹਨ ਕਿ ਜੇਕਰ ਕਿਸੇ ਮਹਿਲਾ ਨੂੰ ਵੱਡੇ ਬ੍ਰੈਸਟ ਕਾਰਨ ਸਰੀਰਕ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਬ੍ਰੈਸਟ ਰਿਡਕਸ਼ਨ ਨੂੰ ਫੰਕਸ਼ਨਲ ਸਰਜਰੀ ਮੰਨਿਆ ਜਾਣਾ ਚਾਹੀਦਾ ਨਾ ਕਿ ਸਿਰਫ਼ ਕਾਸਮੈਟਿਕ ਪ੍ਰਕਿਰਿਆ।
ਬੀਬੀਸੀ ਨੇ ਇਸ ਮਾਮਲੇ 'ਚ ਐਨਐਚਐਸ ਇੰਗਲੈਂਡ ਨਾਲ ਸੰਪਰਕ ਕੀਤਾ ਪਰ ਉਸਨੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਨੇ ਅਜਿਹੀਆਂ ਕਈ ਮਹਿਲਾਵਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਹਾਲ ਦੇ ਸਾਲਾਂ 'ਚ ਨਿੱਜੀ ਹਸਪਤਾਲਾਂ 'ਚ ਬ੍ਰੈਸਟ ਰਿਡਕਸ਼ਨ ਸਰਜਰੀ ਕਰਵਾਈ।
ਸਟਾਕਪੋਰਟ ਦੇ ਕੇਟੀ ਕਹਿੰਦੇ ਹਨ ਕਿ ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਉਨ੍ਹਾਂ ਦੇ ਬ੍ਰੈਸਟ ਦੇ ਆਕਾਰ ਦੇ ਇਰਦ-ਗਿਰਦ ਘੁੰਮਦੀ ਸੀ।
ਐਨਐਚਐਸ ਵੱਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਪ੍ਰਾਈਵੇਟ ਸਰਜਰੀ ਕਰਵਾਈ। ਇਸ 'ਚ ਤਿੰਨ ਕਿਲੋ ਵਜ਼ਨ ਘੱਟ ਹੋਇਆ। ਇਹ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਦੇ ਸਮੇਂ ਦੇ ਵਜ਼ਨ ਬਰਾਬਰ ਸੀ।
ਨੋਰਵਿਚ ਦੇ ਸਿੰਡੀ ਕਹਿੰਦੇ ਹਨ ਕਿ 16 ਸਾਲ ਦੀ ਉਮਰ 'ਚ ਇੱਕ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਸੀ, "ਸਰਜਰੀ ਲਈ ਪੈਸੇ ਬਚਾਉਣਾ ਸ਼ੁਰੂ ਕਰ ਦਿਓ ਕਿਉਂਕਿ ਐਨਐਚਐਸ ਮਦਦ ਨਹੀਂ ਕਰੇਗੀ।"
ਹੁਣ ਉਹ ਨਿਯਮਿਤ ਜਿਮ ਜਾਂਦੇ ਹਨ ਅਤੇ ਕਹਿੰਦੇ ਹਨ,"ਹੁਣ ਮੇਰੇ ਬ੍ਰੈਸਟ ਮੇਰੀ ਰੋਜ਼ਮਰਾ ਦੀ ਜ਼ਿੰਦਗੀ ਦੇ ਫੈਸਲੇ ਤੈਅ ਨਹੀਂ ਕਰਦੇ।"
36 ਸਾਲਾ ਰਿਆਨ ਨੇ 21 ਸਾਲ ਦੀ ਉਮਰ ਤੋਂ ਹਰ ਹਫ਼ਤੇ 10 ਪਾਊਂਡ ਬਚਾਉਣੇ ਸ਼ੁਰੂ ਕੀਤੇ ਸਨ ਤਾਂ ਜੋ 2025 'ਚ ਸਰਜਰੀ ਕਰਵਾ ਸਕਣ। ਹੁਣ ਉਹ ਹਫ਼ਤੇ 'ਚ ਚਾਰ ਵਾਰ ਵੇਟ ਟ੍ਰੇਨਿੰਗ ਅਤੇ ਦੌੜ ਲਗਾ ਪਾਉਂਦੇ ਹਨ।
ਕਾਊਂਟੀ ਡਰਹਮ ਦੇ ਸਾਰਾ ਆਟਿਸਟਿਕ ਹਨ ਅਤੇ ਖੁਦ ਨੂੰ ਨਾਨ-ਬਾਈਨਰੀ ਮੰਨਦੇ ਹਨ।
ਨਾਨ-ਬਾਇਨਰੀ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਖੁਦ ਨੂੰ ਸਿਰਫ਼ ਪੁਰਸ਼ ਜਾਂ ਸਿਰਫ਼ ਮਹਿਲਾ ਦੀ ਰਵਾਇਤੀ ਪਛਾਣ ਦੇ ਤੌਰ 'ਤੇ ਨਹੀਂ ਦੇਖਦੇ।
ਵੱਡੇ ਬ੍ਰੈਸਟ ਕਾਰਨ ਉਨ੍ਹਾਂ ਨੂੰ ਭਾਵਨਾਤਮਕ ਪਰੇਸ਼ਾਨੀ ਹੁੰਦੀ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਜਿਵੇਂ ਉਨ੍ਹਾਂ ਦਾ ਸਰੀਰ "ਜਨਤਕ ਸੰਪਤੀ" ਬਣ ਗਿਆ ਹੋਵੇ।
ਉਰਮਸਟਨ ਦੇ ਮਿਸ਼ੇਲ ਨੂੰ ਯਾਦ ਹੈ ਕਿ ਉਨ੍ਹਾਂ ਦੇ 28ਵੇਂ ਜਨਮਦਿਨ 'ਤੇ ਕਿਸੇ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ ਸੀ।
ਉਹ ਕਹਿੰਦੇ ਹਨ,"ਉਸ ਘਟਨਾ ਤੋਂ ਬਾਅਦ ਮੈਂ ਕਾਫੀ ਸਮੇਂ ਤੱਕ ਬਾਹਰ ਨਹੀਂ ਨਿਕਲੀ। ਬ੍ਰੈਸਟ ਰਿਡਕਸ਼ਨ ਕਦੇ ਵੀ ਸੁੰਦਰ ਦਿਸਣ ਲਈ ਨਹੀਂ ਸੀ। ਇਹ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸੀ।"
ਹਾਈਟਨ ਕਹਿੰਦੇ ਹਨ ਕਿ ਨੈਸ਼ਨਲ ਹੈਲਥ ਸਰਵਿਸ 'ਚ ਸਰਜਰੀ ਹਾਸਲ ਕਰਨਾ ਮੁਸ਼ਕਿਲ ਹੋਣ ਅਤੇ ਨਿੱਜੀ ਇਲਾਜ ਮਹਿੰਗਾ ਹੋਣ ਦੀ ਵਜ੍ਹਾ ਕਰਕੇ ਹੁਣ ਕਈ ਔਰਤਾਂ ਸਸਤੀ ਸਰਜਰੀ ਲਈ ਵਿਦੇਸ਼ ਜਾ ਰਹੀਆਂ ਹਨ।
"ਇਹ ਆਪਣੇ ਸਰੀਰ 'ਤੇ ਮੁੜ ਅਧਿਕਾਰ ਹਾਸਲ ਕਰਨਾ ਵਰਗਾ"
ਅਲੈਕਸ (ਅਸਲੀ ਨਾਂਅ ਨਹੀਂ) ਨੇ ਪਿਛਲੇ ਸਾਲ ਲੰਡਨ 'ਚ ਆਪਣੀ ਸਰਜਰੀ 'ਤੇ 16,500 ਪਾਊਂਡ ਖਰਚ ਕੀਤੇ। ਇਸ ਆਪ੍ਰੇਸ਼ਨ 'ਚ ਉਨ੍ਹਾਂ ਦੇ ਬ੍ਰੈਸਟ ਤੋਂ 4.2 ਕਿਲੋ ਵਜ਼ਨ ਹਟਾਇਆ ਗਿਆ।
ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਰਜਰੀ ਇਸ ਲਈ ਇੰਨੀ ਮਹਿੰਗੀ ਸੀ ਕਿਉਂਕਿ ਉਨ੍ਹਾਂ ਦੇ ਬ੍ਰੈਸਟ ਦਾ ਆਕਾਰ "ਕੇ ਕੱਪ" ਸੀ। ਉਨ੍ਹਾਂ ਦੇ ਸਰਜਨ ਨੂੰ 'ਬ੍ਰੈਸਟ ਦਾ ਮਾਈਕਲਐਂਜਲੋ' ਕਿਹਾ ਜਾਂਦਾ ਹੈ।
ਅਲੈਕਸ ਫੇਸਬੁੱਕ ਦੇ ਇੱਕ ਅਜਿਹੇ ਗਰੁੱਪ 'ਚ ਸਰਗਰਮ ਸਨ ਜਿਸ 'ਚ ਹਜ਼ਾਰਾਂ ਔਰਤਾਂ ਯੂਰੋਪ ਜਾ ਕੇ ਸਰਜਰੀ ਕਰਵਾਉਣ 'ਤੇ ਚਰਚਾ ਕਰਦੀਆਂ ਸਨ। ਉਨ੍ਹਾਂ ਨੇ ਖੁਦ ਵੀ ਵਿਦੇਸ਼ ਜਾਣ ਬਾਰੇ ਸੋਚਿਆ ਸੀ।
ਉਨ੍ਹਾਂ ਨੂੰ ਲਿਥੂਆਨੀਆ 'ਚ ਕਰੀਬ 4000 ਪਾਊਂਡ 'ਚ ਸਰਜਰੀ ਕਰਵਾਉਣ ਦਾ ਪ੍ਰਸਤਾਵ ਮਿਲਿਆ ਸੀ ਪਰ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਵਾਪਸੀ ਦੀ ਫਲਾਈਟ 'ਚ ਕੋਈ ਮੈਡੀਕਲ ਸਮੱਸਿਆ ਹੋ ਗਈ ਤਾਂ ਕੀ ਹੋਵੇਗਾ।
ਅਲੈਕਸ ਕਹਿੰਦੇ ਹਨ ਕਿ ਉਹ ਅਜਿਹੀਆਂ ਕਈ ਮਹਿਲਾਵਾਂ ਨੂੰ ਜਾਣਦੇ ਹਨ ਜੋ ਇਹ ਸਰਜਰੀ ਕਰਵਾਉਣਾ ਚਾਹੁੰਦੀਆਂ ਹਨ ਪਰ ਨਿੱਜੀ ਹਸਪਤਾਲ 'ਚ ਖਰਚਾ ਨਹੀਂ ਚੁੱਕ ਸਕਦੀਆਂ।
ਉਹ ਕਹਿੰਦੇ ਹਨ,"ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਬ੍ਰੈਸਟ ਰਿਡਕਸ਼ਨ ਜ਼ਰੂਰੀ ਕਿਉਂ ਹੈ। ਇਹ ਸਿਰਫ਼ ਸੁੰਦਰ ਦਿਸਣ ਦੀ ਗੱਲ ਨਹੀਂ। ਜੇਕਰ ਤੁਹਾਡੇ ਗਿੱਟ ਜਾਂ ਹੱਥ 'ਚ ਬਹੁਤ ਦਰਦ ਹੋਵੇ ਅਤੇ ਉਸ ਨਾਲ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੋਵੇ ਤਾਂ ਇਸ ਦਾ ਇਲਾਜ ਜ਼ਰੂਰੀ ਹੁੰਦਾ ਹੈ।"
ਰਨਵਿਆ ਕਹਿੰਦੇ ਹਨ,"ਇਹ ਸਿਰਫ਼ ਕਾਸਮੈਟਿਕ ਟ੍ਰੈਂਡ ਜਾਂ ਪਹਿਲਾਂ ਅਤੇ ਬਾਅਦ ਵਾਲੀਆਂ ਤਸਵੀਰਾਂ ਵਾਲੀ ਕਹਾਣੀ ਨਹੀਂ ਹੈ।"
"ਕਈ ਔਰਤਾਂ ਲਈ ਬ੍ਰੈਸਟ ਰਿਡਕਸ਼ਨ ਦਾ ਮਤਲਬ ਹੈ ਆਰਾਮ, ਸੁਰੱਖਿਆ, ਆਤਮ ਵਿਸ਼ਵਾਸ ਅਤੇ ਆਪਣੇ ਸਰੀਰ 'ਤੇ ਦੁਬਾਰਾ ਅਧਿਕਾਰ ਹਾਸਲ ਕਰਨਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ