'ਮੇਰੇ ਆਪਣੇ ਘਰ ਵਿੱਚ ਮੇਰੀ ਹੀ ਗੁਪਤ ਤੌਰ 'ਤੇ ਵੀਡੀਓ ਬਣਾਈ ਜਾਣਾ ਤਸ਼ੱਦਦ ਵਰਗਾ ਸੀ, ਮੈਨੂੰ ਨੀਂਦ ਨਹੀਂ ਆਉਂਦੀ ਹੁਣ'

    • ਲੇਖਕ, ਜੌਨ ਫ਼ਰਨਾਂਡੇਜ਼
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਗੁਏਰਨਸੇ ਦੇ ਸਭ ਤੋਂ ਵੱਧ ਵਾਰ ਵੋਇਅਰਿਜ਼ਮ ਕਰਨ ਵਾਲੇ ਅਪਰਾਧੀਆਂ ਵਿੱਚੋਂ ਇੱਕ ਦੀ ਪੀੜਤਾ ਨੇ ਕਿਹਾ ਹੈ ਕਿ ਉਸ ਲਈ ਸਭ ਤੋਂ ਮੁਸ਼ਕਲ ਸਮਾਂ ਉਹ ਹੋਵੇਗਾ ਜਦੋਂ ਉਹ ਜੇਲ੍ਹ ਤੋਂ ਰਿਹਾਅ ਹੋਵੇਗਾ।

ਲੂਸੀ ਡੋਮੇਲ, ਗੁਏਰਨਸੇ ਵਿੱਚ ਰਹਿੰਦੇ ਹਨ, ਜੋ ਇੱਕ ਬ੍ਰਿਟਿਸ਼ ਟਾਪੂ ਹੈ ਅਤੇ ਉਹ ਕਿਰਕ ਜਿਓਫ਼ ਬਿਸ਼ਪ ਦੀਆਂ 14 ਪੀੜਤਾਂ ਵਿੱਚੋਂ ਇੱਕ ਸੀ। ਸ਼ੁੱਕਰਵਾਰ ਨੂੰ ਉਸਨੂੰ ਜਿਨਸੀ ਅਪਰਾਧ ਕਰਨ ਦੀ ਨੀਅਤ ਨਾਲ ਗ਼ੈਰ-ਕਾਨੂੰਨੀ ਦਾਖ਼ਲਾ, ਵੋਇਅਰਿਜ਼ਮ (ਤਾਕ-ਝਾਂਕ) ਅਤੇ ਹੋਰ ਅਪਰਾਧਾਂ ਨੂੰ ਕਬੂਲ ਕਰਨ ਤੋਂ ਬਾਅਦ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਗੁਏਰਨਸੇ ਦੀ ਲੂਸੀ ਡੋਮੇਲ ਨੇ, ਇੱਕ ਜਿਨਸੀ ਅਪਰਾਧ ਦੀ ਪੀੜਤਾ ਵਜੋਂ ਆਪਣੀ ਪਛਾਣ ਗੁਪਤ ਰੱਖਣ ਦਾ ਹੱਕ ਛੱਡ ਦਿੱਤਾ ਹੈ ਤਾਂ ਜੋ ਉਹ ਖੁੱਲ੍ਹ ਕੇ ਦੱਸ ਸਕੇ ਕਿ ਵੋਇਅਰਿਜ਼ਮ ਨੇ ਉਸ ਅਤੇ ਉਸਦੇ ਪਰਿਵਾਰ 'ਤੇ ਕੀ ਅਸਰ ਪਾਇਆ ਹੈ।

ਬਿਸ਼ਪ ਦੀ ਆਖ਼ਿਰਕਾਰ ਰਿਹਾਈ ਬਾਰੇ ਆਪਣੇ ਡਰ 'ਤੇ ਲੂਸੀ ਨੇ ਕਿਹਾ, "ਮੈਨੂੰ ਅਸਲ ਵਿੱਚ ਲੱਗਦਾ ਹੈ ਕਿ ਉਹ ਸਮਾਂ ਇਸ ਤੋਂ ਵੀ ਜ਼ਿਆਦਾ ਭਿਆਨਕ ਹੋਵੇਗਾ।"

ਜਦੋਂ ਬਿਸ਼ਪ ਰਿਹਾਅ ਹੋਵੇਗਾ ਤਾਂ ਉਹ ਗਰਨਜੀ ਦੀ ਰਾਇਲ ਅਤੇ ਮੈਜਿਸਟ੍ਰੇਟ ਕੋਰਟ ਦੇ ਜੱਜ ਰਸਲ ਫਿੰਚ ਵੱਲੋਂ ਲਗਾਈਆਂ ਕੁਝ ਸ਼ਰਤਾਂ ਦੇ ਅਧੀਨ ਰਹੇਗਾ।

ਉਸ 'ਤੇ ਇੱਕ ਨੋਟੀਫਿਕੇਸ਼ਨ ਆਰਡਰ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਉਸਨੂੰ ਨਿਯਮਿਤ ਤੌਰ 'ਤੇ ਨਿਗਰਾਨ ਅਧਿਕਾਰੀ ਨਾਲ ਸੰਪਰਕ ਵਿੱਚ ਰਹਿਣਾ ਪਵੇਗਾ, ਆਪਣਾ ਪਤਾ ਅਧਿਕਾਰੀਆਂ ਨੂੰ ਦੱਸਣਾ ਪਵੇਗਾ ਅਤੇ ਗਰਨਜੀ ਤੋਂ ਬਾਹਰ ਯਾਤਰਾ ਕਰਨ ਦੀ ਮਨਾਹੀ ਹੋਵੇਗੀ।

ਉਸਨੂੰ ਆਪਣੇ ਨਿਗਰਾਨ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਕੈਮਰਾ ਡਿਵਾਈਸ ਵਰਤਣ ਜਾਂ ਰੱਖਣ ਦੀ ਆਗਿਆ ਨਹੀਂ ਹੋਵੇਗੀ ਅਤੇ ਬਿਨਾਂ ਇਜਾਜ਼ਤ ਆਪਣੀ ਇੰਟਰਨੈੱਟ ਬ੍ਰਾਊਜ਼ਿੰਗ ਹਿਸਟਰੀ ਵੀ ਡਿਲੀਟ ਨਹੀਂ ਕਰ ਸਕੇਗਾ।

ਬਿਸ਼ਪ 'ਤੇ 10 ਸਾਲ ਲਈ ਸੈਕਸ ਅਪਰਾਧੀ ਨੋਟੀਫਿਕੇਸ਼ਨ ਆਰਡਰ ਵੀ ਲਗਾਇਆ ਗਿਆ ਹੈ, ਜਿਸ ਦੀ ਇੱਕ ਸ਼ਰਤ ਇਹ ਹੈ ਕਿ ਉਸਨੂੰ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਮਨਜ਼ੂਰਸ਼ੁਦਾ ਪਤੇ 'ਤੇ ਰਹਿਣਾ ਹੋਵੇਗਾ।

ਕਿਰਕ ਬਿਸ਼ਪ ਨੂੰ ਲੇ ਨਿਕੋਲਸ ਜੇਲ੍ਹ ਵਿੱਚ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

'ਮੇਰੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ'

ਇੱਕ ਮਹਿਲਾ ਜਿਸਨੂੰ ਉਸਦੇ ਆਪਣੇ ਹੀ ਘਰ ਵਿੱਚ ਲੁਕ ਕੇ ਫ਼ਿਲਮਾਇਆ ਗਿਆ ਸੀ, ਉਸਦਾ ਕਹਿਣਾ ਹੈ ਕਿ ਇਸ ਤਜਰਬੇ ਨੇ "ਉਸਦੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ" ਅਤੇ ਇਹ ਉਸਨੂੰ ਅਸੁਰੱਖਿਅਤ ਮਹਿਸੂਸ ਕਰਵਾ ਰਿਹਾ ਹੈ।

ਲੂਸੀ ਨੇ ਜਿਨਸੀ ਅਪਰਾਧ ਦੀ ਸ਼ਿਕਾਰ ਦੇ ਤੌਰ 'ਤੇ ਹੁਣ ਹੋਰ ਲੁਕ ਕੇ ਨਾ ਰਹਿਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਜਨਤਕ ਤੌਰ 'ਤੇ ਇਸ ਬਾਰੇ ਗੱਲ ਕਰ ਸਕਣ ਕਿ ਵੋਇਰੀਜ਼ਮ (ਚੋਰੀ-ਛਿੱਪੇ ਵੇਖਣਾ) ਦਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕੀ ਅਸਰ ਪਿਆ ਹੈ।

ਲੂਸੀ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਨੀਂਦ ਨਹੀਂ ਆਉਂਦੀ।"

ਉਨ੍ਹਾਂ ਅੱਗੇ ਕਿਹਾ, "ਹਰ ਆਵਾਜ਼ 'ਤੇ, ਜਦੋਂ ਵੀ ਦਰਵਾਜ਼ਾ ਖੁਲਦਾ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ ਕੋਈ 24 ਘੰਟੇ ਤੁਹਾਨੂੰ ਦੇਖ ਰਿਹਾ ਹੋਵੇ। ਇਸਨੇ ਮੇਰੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਸਨੇ ਮੇਰੇ ਦਿਮਾਗ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।"

ਦੋਸ਼ੀ ਨਿਕਲਿਆ 25 ਸਾਲ ਪੁਰਾਣਾ ਜਾਣਕਾਰ

ਪਿਛਲੇ ਸਾਲ ਅਕਤੂਬਰ ਵਿੱਚ, ਗੁਏਰਨਸੇ ਪੁਲਿਸ ਨੇ ਲੂਸੀ ਨੂੰ ਦੱਸਿਆ ਕਿ ਉਹ ਵੋਇਰੀਜ਼ਮ ਦੇ ਸ਼ਿਕਾਰ ਹੋਏ ਹਨ।

ਇੱਕ ਵਿਅਕਤੀ, ਜਿਸਨੂੰ ਉਹ 25 ਸਾਲਾਂ ਤੋਂ ਜਾਣਦੇ ਸਨ, ਉਸਨੇ ਚੋਰੀ-ਛਿਪੇ ਲੂਸੀ ਨੂੰ ਉਸ ਵੇਲੇ ਰਿਕਾਰਡ ਕੀਤਾ ਜਦੋਂ ਉਹ ਆਪਣੇ ਘਰ ਵਿੱਚ ਨਹਾ ਕੇ ਬਾਹਰ ਨਿਕਲ ਰਹੇ ਸੀ। ਉਸ ਵਿਅਕਤੀ ਨੇ ਖਿੜਕੀ ਦੇ ਬਾਹਰ ਲੁਕ ਕੇ ਅਤੇ ਪਰਦਿਆਂ ਵਿੱਚ ਬਣੇ ਇੱਕ ਛੇਦ ਰਾਹੀਂ ਇਹ ਸਭ ਕੀਤਾ ਸੀ।

ਉਸ ਤੋਂ ਬਾਅਦ, ਜਦੋਂ ਵੀ ਲੂਸੀ ਦੀ ਸੌਣ ਦੌਰਾਨ ਕਦੇ ਅੱਖ ਖੁੱਲ੍ਹਦੀ ਹੈ, ਤਾਂ ਇਹ ਘਟਨਾ ਹੀ ਉਨ੍ਹਾਂ ਦੇ ਹਰ ਖ਼ਿਆਲ 'ਤੇ ਹਾਵੀ ਰਹਿੰਦੀ ਹੈ।

ਉਨ੍ਹਾਂ ਦੱਸਿਆ, "ਮੈਂ ਹੁਣ ਪਹਿਲਾਂ ਵਰਗੀ ਇਨਸਾਨ ਨਹੀਂ ਰਹੀ। ਇਹ ਮੇਰੀ ਰੂਹ ਲਈ ਬਹੁਤ ਵੱਡਾ ਝਟਕਾ ਹੈ, ਇਹ ਇੱਕ ਤਰ੍ਹਾਂ ਦਾ ਟਾਰਚਰ ਹੈ।"

ਇਸ ਘਟਨਾ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਭਾਵਨਾ ਵੀ ਖੋਹ ਲਈ ਹੈ।

ਉਨ੍ਹਾਂ ਅੱਗੇ ਕਿਹਾ, "ਜਦੋਂ ਤੁਸੀਂ ਘਰ ਪਹੁੰਚਦੇ ਹੋ, ਤਾਂ ਉਹ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰੋ, ਪਰ ਮੈਂ ਉਹ ਭਾਵਨਾ ਪੂਰੀ ਤਰ੍ਹਾਂ ਗੁਆ ਦਿੱਤੀ ਹੈ।"

ਉਨ੍ਹਾਂ ਕਿਹਾ, "ਮੈਂ ਇਸੇ ਸੋਚ ਵਿੱਚ ਡੁੱਬੀ ਰਹਿੰਦੀ ਹਾਂ। ਮੈਨੂੰ ਨੀਂਦ ਨਹੀਂ ਆਉਂਦੀ... ਮੈਂ ਸਭ ਕੁਝ ਗੁਆ ਦਿੱਤਾ ਹੈ।"

"ਉਸਨੇ ਮੇਰੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ"

ਲੂਸੀ ਇੱਕ ਸੁਪਰਮਾਰਕਿਟ ਵਿੱਚ ਸਨ, ਤਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ 'ਤੇ ਦੋ ਪੁਲਿਸ ਅਧਿਕਾਰੀ ਆਏ ਹੋਏ ਹਨ ਅਤੇ ਲੂਸੀ ਬਾਰੇ ਪੁੱਛ ਰਹੇ ਹਨ।

ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਿਰਕ ਬਿਸ਼ਪ ਦੇ ਸ਼ਿਕਾਰ ਹੋਏ ਸੀ। ਸਥਾਨਕ ਪੁਲਿਸ ਨੇ ਇੱਕ ਵੈੱਬਸਾਈਟ 'ਤੇ ਉਨ੍ਹਾਂ ਦੀ ਨਿੱਜਤਾ ਦੇ ਉਲੰਘਣ ਨਾਲ ਜੁੜੇ ਮਾਮਲਿਆਂ ਦਾ ਪਤਾ ਲਗਾਇਆ ਸੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਜੋ ਭਾਵਨਾਤਮਕ ਝਟਕਾ ਪਹੁੰਚਿਆ ਹੈ, ਉਸਦਾ ਮਤਲਬ ਇਹ ਹੈ ਕਿ "ਮੈਂ ਹੁਣ ਪਹਿਲਾਂ ਵਰਗੀ ਇਨਸਾਨ ਨਹੀਂ ਰਹੀ; ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਮੁੜ ਪਹਿਲਾਂ ਵਰਗੀ ਬਣ ਸਕਾਂਗੀ।"

ਦੋ ਛੋਟੇ ਬੱਚਿਆਂ ਦੀ ਮਾਂ ਹੋਣ ਦੇ ਨਾਤੇ, ਉਨ੍ਹਾਂ ਕਿਹਾ ਕਿ ਇਸ ਸਥਿਤੀ ਨੇ ਘਰ ਵਿੱਚ ਉਨ੍ਹਾਂ ਦੇ ਬੱਚਿਆਂ ਨਾਲ ਉਨ੍ਹਾਂ ਦੇ ਵਿਵਹਾਰ ਨੂੰ ਵੀ ਬਦਲ ਦਿੱਤਾ ਹੈ।

"ਕਈ ਵਾਰ ਕੋਈ ਬੱਚਾ ਬਾਥਰੂਮ ਤੋਂ ਬਾਹਰ ਆਉਂਦਾ ਹੈ ਅਤੇ ਬਿਨਾਂ ਕੱਪੜਿਆਂ ਦੇ ਹੀ ਹਾਲ ਵਿੱਚੋਂ ਦੌੜ ਕੇ ਆਪਣੇ ਬੈੱਡਰੂਮ ਵਿੱਚ ਚਲਾ ਜਾਂਦਾ ਹੈ। ਹੁਣ ਮੈਂ ਇਹ ਨਹੀਂ ਚਾਹੁੰਦੀ। ਉਸਨੇ ਮੇਰੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ। ਮੈਂ ਹੁਣ ਇਹ ਯਕੀਨੀ ਬਣਾਉਂਦੀ ਹਾਂ ਕਿ ਉਨ੍ਹਾਂ ਨੇ ਕੁਝ ਕੱਪੜੇ ਪਹਿਨੇ ਹੋਣ।"

12 ਵੱਖ-ਵੱਖ ਪੀੜਤਾਂ ਨਾਲ ਸੰਬੰਧਿਤ ਕੁੱਲ 20 ਦੋਸ਼

40 ਸਾਲ ਦੇ ਬਿਸ਼ਪ ਨੇ 9 ਫ਼ਰਵਰੀ ਨੂੰ ਬ੍ਰਿਟਿਸ਼ ਨਿਆਂ ਪ੍ਰਣਾਲੀ ਅੱਗੇ 12 ਵੱਖ-ਵੱਖ ਪੀੜਤਾਂ ਨਾਲ ਸੰਬੰਧਿਤ ਕੁੱਲ 20 ਦੋਸ਼ ਸਵੀਕਾਰ ਕਰ ਲਏ ਹਨ।

ਇਨ੍ਹਾਂ ਦੋਸ਼ਾਂ ਵਿੱਚ ਜਿਨਸੀ ਅਪਰਾਧ ਕਰਨ ਦੇ ਇਰਾਦੇ ਨਾਲ ਚੋਰੀ, ਹਮਲਾ, ਤਾਕ-ਝਾਂਕ (ਵੋਇਰੀਜ਼ਮ), ਚੋਰੀ ਅਤੇ ਨਸ਼ੀਲੇ ਪਦਾਰਥ ਰੱਖਣਾ ਸ਼ਾਮਲ ਸੀ। ਇਹ ਸਭ 2022 ਤੋਂ 2025 ਦੇ ਵਿਚਕਾਰ ਹੋਇਆ।

ਕੁਝ ਮਾਮਲਿਆਂ ਵਿੱਚ ਉਹ ਖਿੜਕੀ ਆਦਿ ਤੋੜ ਕੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਅਤੇ ਉਨ੍ਹਾਂ ਨੂੰ ਸੈਕਸ ਕਰਦੇ ਹੋਏ ਰਿਕਾਰਡ ਕੀਤਾ।

ਹਾਲਾਂਕਿ, ਬਿਸ਼ਪ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ, ਲੂਸੀ ਨੇ ਕਿਹਾ ਕਿ ਪੁਲਿਸ ਅਤੇ ਨਿਆਂ ਪ੍ਰਣਾਲੀ ਨਾਲ ਆਪਣੇ ਤਜਰਬੇ ਕਾਰਨ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਅਪਰਾਧ ਦੀ ਰਿਪੋਰਟ ਕਰਨ ਦੀ ਸੰਭਾਵਨਾ 'ਤੇ ਖਦਸ਼ਾ ਹੈ।

ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਦਿੱਤੀ ਗਈ ਸਲਾਹ ਦਾ ਇੱਕ ਹਿੱਸਾ ਇਹ ਸੀ ਕਿ "ਇਹ ਯਕੀਨੀ ਬਣਾਇਆ ਜਾਵੇ ਕਿ ਪਰਦੇ ਠੀਕ ਤਰ੍ਹਾਂ ਨਾਲ ਬੰਦ ਹੋਣ।"

ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਬਿਸ਼ਪ ਦੇ ਕਿਸੇ ਡਿਵਾਈਸ 'ਤੇ ਮਿਲੀ ਲੂਸੀ ਦੀ ਇੱਕ ਤਸਵੀਰ ਦਰਅਸਲ ਇੱਕ ਵੀਡੀਓ ਦਾ ਇੱਕ ਫਰੇਮ ਸੀ, ਜਿਸਨੂੰ ਪਹਿਲਾਂ ਪੁਲਿਸ ਸਟੇਸ਼ਨ 'ਚ ਇਸ ਲਈ ਸਾਂਝਾ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜਤਾ ਦਾ ਇੱਕ ਵਾਰ ਫਿਰ ਉਲੰਘਣ ਹੋਇਆ ਹੈ।

ਲੂਸੀ ਨੇ ਅਖੀਰ ਵਿੱਚ ਕਿਹਾ ਕਿ ਇੱਕ ਟਾਪੂ 'ਤੇ ਰਹਿਣ ਦੀਆਂ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਸੀ - ਸੁਰੱਖਿਆ ਦਾ ਅਹਿਸਾਸ, ਜੋ ਉਨ੍ਹਾਂ ਮੁਤਾਬਕ ਹੁਣ ਉਹ ਪੂਰੀ ਤਰ੍ਹਾਂ ਗੁਆਚ ਚੁੱਕਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)